ਬਾਬਾ ਜੈ ਸਿੰਘ ਖਾਲਕਟ

0
111

ਬਾਬਾ ਜੈ ਸਿੰਘ ਖਾਲਕਟ

ਰਣਜੀਤ ਸਿੰਘ,B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),

105, ਮਾਇਆ ਨਗਰ, ਸਿਵਲ ਲਾਈਨਜ਼, (ਲੁਧਿਆਣਾ)- 99155-15436

ਸਤਿ  ਗੁਰ ਪ੍ਰਸਾਦਿ

ਗੁਰੂ ਨਾਨਕ ਦੇਵ ਜੀ ਨੇ ਜਿਸ ਧਰਮ ਦੀ ਨੀਂਹ ਰੱਖੀ ਅਤੇ ਆਪਣੇ ਅਨੁਯਾਈ ਪੈਦਾ ਕੀਤੇ ਉਹਨਾਂ ਵਿੱਚੋਂ ਕਿਸੇ ਇੱਕ ਨੇ ਭੀ ਕਿਸੇ ਲੋਭ ਲਾਲਚ ਕਾਰਨ ਗੁਰੂ ਨਾਨਕ ਦੇ ਧਰਮ ਨੂੰ ਨਹੀਂ ਅਪਣਾਇਆ। ਸਗੋਂ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਸੱਦਾ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ; ਗਲੀ ਮੇਰੀ ਆਉ   ਇਤੁ ਮਾਰਗਿ (ਤੇ); ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ ’’ (ਮਹਲਾ /੧੪੧੨) ਬਚਨਾਂ ਨੂੰ ਕਬੂਲ ਕਰਦੇ ਹੋਏ ਉਹਨਾਂ ਦੇ ਸਿੱਖ ਬਣਨ ਲਈ ਤਿਆਰ ਹੋਏ। ਇਸ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਬਾਬਾ ਜੈ ਸਿੰਘ ਜੀ ਖਾਲਕਟ ਨੇ ਹੋਰ ਮਹਾਨ ਸ਼ਹੀਦਾਂ ਦੀ ਤਰ੍ਹਾਂ ਆਪਣਾ ਜੀਵਨ ਧਰਮ ਦੇ ਲੇਖੇ ਲਾ ਦਿੱਤਾ।

ਭਾਈ ਜੈ ਸਿੰਘ ਪਟਿਆਲੇ ਜ਼ਿਲ੍ਹੇ ਦੇ ਪਿੰਡ ਮੁਗਲ ਮਾਜਰੀ ਦੇ ਰਹਿਣ ਵਾਲੇ ਸਨ। ਆਪ ਦੇ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤਪਾਨ ਕੀਤਾ ਸੀ। ਇਸ ਲਈ ਜੈ ਸਿੰਘ ਜੀ ਆਪਣੇ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਅਕਸਰ ਜਾਂਦੇ ਰਹਿੰਦੇ ਸਨ। ਬਾਬਾ ਜੈ ਸਿੰਘ ਦੀ ਪਤਨੀ ਦਾ ਨਾਂ ਧੰਨ ਕੌਰ ਸੀ ਤੇ ਉਹਨਾ ਦੇ ਦੋ ਪੁੱਤਰ ਕੜਾਕਾ ਸਿੰਘ ਤੇ ਖੜਕ ਸਿੰਘ ਸਨ। ਕੁੱਝ ਇਤਿਹਾਸਕਾਰਾਂ ਨੇ ਵੱਡੇ ਪੁੱਤਰ ਦਾ ਨਾਂ ਕੜਕ ਸਿੰਘ ਲਿਖਿਆ ਹੈ।

ਜਦੋਂ ਅਹਿਮਦਸ਼ਾਹ ਅਬਦਾਲੀ ਨੇ ਸੰਨ 1753 ਵਿੱਚ ਹਿੰਦੋਸਤਾਨ ’ਤੇ ਹਮਲਾ ਕੀਤਾ ਤਾਂ ਲਹੌਰ ’ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਬਦਾਲੀ ਨੇ ਅਬਦੁਲ ਸੱਯਦ ਖ਼ਾਨ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕਰ ਦਿੱਤਾ। ਇਹ ਅੱਤ ਦਾ ਜ਼ਾਲਮ ਫੌਜਦਾਰ ਸੀ। ਹਰ ਇੱਕ ਵਿਅਕਤੀ ਇਸ ਦੇ ਬੇਰਹਿਮ ਅਤੇ ਵਹਿਸ਼ੀ ਵਿਵਹਾਰ ਤੋਂ ਦੁਖੀ ਸੀ। ਸੰਨ 1757 ਵਿੱਚ ਮਾਰਚ ਦੇ ਮਹੀਨੇ ਇੱਕ ਦਿਨ ਉਹ ਪਟਿਆਲੇ ਤੋਂ ਚੱਲ ਕੇ ਪਿੰਡ ਮੁਗਲ ਮਾਜਰੀ ਵਿੱਚੋਂ ਲੰਘਿਆ ਤਾਂ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਪਿੰਡ ਵਿੱਚ ਕਿਸੇ ਬੰਦੇ ਨੂੰ ਲੈ ਕੇ ਆਓ ਤਾਂ ਜੋ ਸਾਡੇ ਸਮਾਨ ਵਾਲੀ ਇਹ ਗਠੜੀ ਚੁੱਕ ਕੇ ਅਗਲੇ ਪੜਾਅ ’ਤੇ ਪਹੁੰਚਾਵੇ। ਇਹ ਉਸ ਸਮੇਂ ਦੀ ਪ੍ਰੰਪਰਾ ਹੀ ਸੀ ਕਿ ਜਦੋਂ ਕੋਈ ਵੀ ਨਵਾਬ ਕਿਸੇ ਇਲਾਕੇ ਵਿੱਚੋਂ ਲੰਘਦਾ ਸੀ ਉਥੋਂ ਦੇ ਵਸਨੀਕ ਉਸ ਨੂੰ ਝੁਕ ਕੇ ਸਲਾਮ ਕਰਦੇ ਸਨ ਅਤੇ ਉਸ ਦਾ ਸਮਾਨ ਅਗਲੇ ਪਿੰਡ ਤੱਕ ਪਹੁੰਚਾਉਂਦੇ ਸਨ। ਸਿਪਾਹੀ ਪਿੰਡ ਵਿੱਚੋਂ ਬਾਬਾ ਜੈ ਸਿੰਘ ਨੂੰ ਫੜ ਕੇ ਲੈ ਆਏ। ਜੈ ਸਿੰਘ ਨੇ ਨਵਾਬ ਨੂੰ ਗੁਰ ਫ਼ਤਹਿ ਬੁਲਾਈ, ਪਰ ਅੱਗੋਂ ਕਾਜ਼ੀ ਕੜਕ ਕੇ ਬੋਲਿਆ ਕਿ ਤੈਨੂੰ ਪਤਾ ਨਹੀਂ ਤੂੰ ਕਿਸ ਦੇ ਅੱਗੇ ਖੜ੍ਹਾ ਹੈਂ। ਇਹਨਾਂ ਨੂੰ ਝੁਕ ਕੇ ਸਲਾਮ ਕਰ। ਬਾਬਾ ਜੈ ਸਿੰਘ ਨੇ ਜੁਆਬ ਦਿੱਤਾ ਕਿ ਜਿਵੇਂ ਤੁਹਾਡੇ ਮੁਰਸ਼ਦ ਦਾ ਹੁਕਮ ਸਲਾਮ ਕਰਨਾ ਹੈ ਇਸੇ ਤਰ੍ਹਾਂ ਮੇਰੇ ਗੁਰੂ ਦਾ ਹੁਕਮ ਫ਼ਤਹਿ ਬਲਾਉਣ ਦਾ ਹੈ। ਗੁੱਸੇ ਵਿੱਚ ਆ ਕੇ ਨਵਾਬ ਅਬਦੁੱਲ ਸਯੱਦ ਖਾਨ ਨੇ ਗਠੜੀ ਚੁੱਕਣ ਲਈ ਕਿਹਾ ਕਿ ਇਸ ਨੂੰ ਲੈ ਕੇ ਪਟਿਆਲੇ ਤੱਕ ਸਾਡੇ ਨਾਲ ਚੱਲ। ਭਾਈ ਜੈ ਸਿੰਘ ਕਹਿਣ ਲੱਗਾ ਪਹਿਲਾਂ ਇਹ ਦੱਸੋ ਇਸ ਗਠੜੀ ਵਿੱਚ ਕੀ ਹੈ ? ਸਿਪਾਹੀ ਕਹਿਣ ਲੱਗਾ ਕਿ ਇਸ ਵਿੱਚ ਨਵਾਬ ਦਾ ਹੁੱਕਾ ਤੇ ਤਮਾਕੂ ਹੈ। ਇਹ ਸੁਣ ਕੇ ਭਾਈ ਜੈ ਸਿੰਘ ਨੇ ਕਿਹਾ ਕਿ ਮੈਂ ਇਸ ਗਠੜੀ ਨੂੰ ਹੱਥ ਤੱਕ ਨਹੀਂ ਲਾਵਾਂਗਾ ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ :

ਕੁੱਠਾ ਹੁੱਕਾ ਚਰਸ ਤਮਾਕੂ।

ਗਾਂਜਾ ਟੋਪੀ ਤਾੜੀ ਖਾਕੂ।

ਇਨਕੀ ਓਰ ਨਾ ਕਬਹੂੰ ਦੇਖੈ।

ਰਹਿਤਵੰਤ ਜੋ ਸਿੰਘ ਵਿਸੇਖੈ।

ਇਹ ਸੁਣ ਕੇ ਕਾਜ਼ੀ ਗੁੱਸੇ ਵਿੱਚ ਬੋਲਿਆ ਕਿ ਤੂੰ ਜਾਣਦਾ ਨਹੀਂ ਕਿ ਕਿਸ ਨਾਲ ਗੱਲ ਕਰ ਰਿਹਾ ਹੈਂ। ਇਸ ਲਈ ਚੁੱਪ ਕਰਕੇ ਇਹ ਗਠੜੀ ਚੁੱਕ ਤੇ ਸਾਡੇ ਨਾਲ ਚੱਲ। ਭਾਈ ਜੈ ਸਿੰਘ ਨੇ ਫਿਰ ਦਲੀਲ ਦਿੱਤੀ ਕਿ ਕਾਜ਼ੀ ਜੀ  ! ਜਿਵੇਂ ਤੁਹਾਡੇ ਧਰਮ ਵਿੱਚ ਸੂਰ ਖਾਣਾ ਹਰਾਮ ਹੈ, ਇਸ ਤਰ੍ਹਾਂ ਸਾਡੇ ਧਰਮ ਵਿੱਚ ਹਰ ਤਰ੍ਹਾਂ ਦਾ ਨਸ਼ਾ ਵਰਤਣ ਦੀ ਮਨਾਹੀ ਹੈ। ਸਾਡੇ ਗੁਰੂ ਦਾ ਹੁਕਮ ਹੈ ‘‘ਪਾਨ ਸੁਪਾਰੀ ਖਾਤੀਆ; ਮੁਖਿ ਬੀੜੀਆ ਲਾਈਆ   ਹਰਿ ਹਰਿ ਕਦੇ ਚੇਤਿਓ; ਜਮਿ ਪਕੜਿ ਚਲਾਈਆ ’’ (ਮਹਲਾ /੭੨੬)

ਕੋਤਵਾਲ ਗੁੱਸੇ ਵਿੱਚ ਆ ਗਿਆ ਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਬੈਂਤ ਦੀ ਸੋਟੀ ਨਾਲ ਕੁੱਟ ਕੇ ਚਮੜੀ ਉਧੇੜ ਦਿੱਤੀ ਜਾਵੇ ਅਤੇ ਇਸ ਦੇ ਪਰਿਵਾਰ ਦੇ ਸਾਰੇ ਜੀਆਂ ਨੂੰ ਫੜ ਕੇ ਲਿਆਂਦਾ ਜਾਵੇ। ਖਾਨ ਨੇ ਇਹ ਸੁਝਾਅ ਦਿੱਤਾ ਕਿ ਜੇ ਇਸ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਗਠੜੀ ਚੁੱਕ ਲਵੇ ਤਾਂ ਉਸ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇ। ਬਾਬਾ ਜੈ ਸਿੰਘ ਨੇ ਜੁਆਬ ਦਿੱਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ ਅਸੀਂ ਗੁਰੂ ਦੇ ਦੱਸੇ ਰਾਹ ਤੋਂ ਉਲਟ ਨਹੀਂ ਜਾ ਸਕਦੇ ਅਤੇ ਅਸੀਂ ਮੌਤ ਤੋਂ ਨਹੀਂ ਡਰਦੇ। ਬਾਬਾ ਜੀ ਦੇ ਪਰਿਵਾਰ ਦੇ ਸਾਰੇ ਮੈਂਬਰਾਂ (ਪਤਨੀ ਦੋਵੇਂ ਪੁੱਤਰ ਤੇ ਇੱਕ ਨੂੰਹ) ਆਪਣੀ ਧਾਰਮਿਕ ਦ੍ਰਿੜ੍ਹਤਾ ਉੱਤੇ ਅੜੇ ਰਹੇ ਅਤੇ ਸਮਾਨ ਚੁੱਕਣ ਤੋਂ ਇਨਕਾਰ ਕਰ ਦਿੱਤਾ।

ਆਪਣੀ ਹੱਤਕ ਹੁੰਦੀ ਵੇਖ ਕੇ ਨਵਾਬ ਨੇ ਦੋ ਕਸਾਈ ਬੁਲਾਏ ਤੇ ਬਾਬਾ ਜੀ ਨੂੰ ਖੂਹ ਦੇ ਬੋਹੜ ਦੇ ਨੇੜਲੇ ਦਰਖ਼ਤ ਨਾਲ ਪੁੱਠਾ ਲਟਕਾ ਕੇ ਚਮੜੀ ਉਧੇੜਨ ਦਾ ਹੁਕਮ ਦਿੱਤਾ। ਦੋਹਾਂ ਕਸਾਈਆਂ ਨੇ ਕਛਿਹਰੇ ਤੋਂ ਛੁੱਟ ਬਾਬਾ ਜੈ ਸਿੰਘ ਦੇ ਸਾਰੇ ਕੱਪੜੇ ਲਾਹ ਸੁੱਟੇ ਤੇ ਉਹਨਾਂ ਨੂੰ ਬੋਹੜ ਦੇ ਦਰਖ਼ਤ ਨਾਲ ਪੁੱਠਾ ਲਟਕਾ ਦਿੱਤਾ। ਕਸਾਈਆਂ ਨੇ ਰੰਬੀਆਂ ਨਾਲ ਬਾਬਾ ਜੀ ਦੇ ਸਾਰੇ ਸਰੀਰ ਦਾ ਮਾਸ ਉਤਾਰਨਾ ਸ਼ੁਰੂ ਕਰ ਦਿੱਤਾ। ਪੈਰ ਦੇ ਅੰਗੂਠੇ ਤੋਂ ਸ਼ੁਰੂ ਕਰਕੇ ਬਾਬਾ ਜੀ ਦੀ ਸਾਰੀ ਚਮੜੀ ਉਧਾੜ ਕੇ ਸ਼ਹੀਦ ਕਰ ਦਿੱਤਾ। ਬਾਬਾ ਜੀ ਲਗਾਤਾਰ ਅਕਾਲ ਪੁਰਖ ਨਾਲ ਜੁੜ ਕੇ ਜਪੁ ਜੀ ਸਾਹਿਬ ਦਾ ਪਾਠ ਕਰਦੇ ਹੋਏ ਸ਼ਹੀਦੀ ਪਾ ਗਏ। ਉਸ ਤੋਂ ਬਾਅਦ ਉਹਨਾ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਪਤਨੀ ਧੰਨ ਕੌਰ, ਵੱਡਾ ਪੁੱਤਰ ਕੜਾਕਾ ਸਿੰਘ, ਉਸ ਦੀ ਪਤਨੀ ਅਮਰ ਕੌਰ ਤੇ ਛੋਟੇ ਪੁੱਤਰ ਖੜਕ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਖੜਕ ਸਿੰਘ ਦੀ ਪਤਨੀ ਗਰਭਵਤੀ ਸੀ ਤੇ ਉਹ ਰਿਸ਼ਤੇਦਾਰਾਂ ਕੋਲ ਅੰਬਾਲੇ ਗਈ ਹੋਣ ਕਰਕੇ ਬਚ ਗਈ। ਬਾਅਦ ਵਿੱਚ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿੱਥੋਂ ਅੱਜ ਤੱਕ ਉਹਨਾਂ ਦੀ ਵੰਸ ਚੱਲ ਰਹੀ ਹੈ, ਜੋ ਅੰਬਾਲੇ ਤੇ ਮੋਹਾਲੀ ਵਿਖੇ ਰਹਿ ਰਹੀ ਹੈ।

ਅਬਦੁਲ ਸਯੱਦ ਖ਼ਾਨ ਦੇ ਪਿੰਡ ਛੱਡਣ ਤੋਂ ਬਾਅਦ ਪਿੰਡ ਵਾਸੀਆਂ ਨੇ ਸਾਰੀਆਂ ਲਾਸ਼ਾਂ ਦਾ ਇਕੱਠੇ ਸਸਕਾਰ ਕਰ ਦਿੱਤਾ ਤੇ ਉਹਨਾਂ ਦੀ ਯਾਦ ਵਿੱਚ ਇੱਕ ਮਟੀ ਵੀ ਬਣਾ ਦਿੱਤੀ। ਇੰਜਨੀਅਰ ਹਰਦੀਪ ਸਿੰਘ ਚੁੰਬਰ ਦੇ ਮੁਤਾਬਕ ਜਦੋਂ ਇਲਾਕੇ ਦੇ ਮੁਖੀ ਸਿੱਖਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾ ਨੇ ਮੁਗਲ ਮਾਜਰਾ ਦੇ ਸਾਰੇ ਪਿੰਡ ਨੂੰ ਢਹਿ ਢੇਰੀ ਕਰ ਦਿੱਤਾ। ਬਾਅਦ ਵਿੱਚ ਪਿੰਡ ਦੇ ਖੰਡਰਾਤ ’ਤੇ ਉਹਨਾ ਸ਼ਹੀਦਾਂ ਦੀ ਸਮਾਧੀ ਨੇੜੇ ਇੱਕ ਪਿੰਡ ਦੀ ਸਥਾਪਨਾ ਕੀਤੀ, ਜਿਸ ਦਾ ਨਾਂ ਬਾਰਨ ਰੱਖਿਆ। ਇੱਕ ਵਿਚਾਰ ਇਹ ਵੀ ਪ੍ਰਚਲਿਤ ਹੈ ਕਿ ਬਾਰਨ ਨਾਮ ਬਾਬਾ ਜੀ ਦੇ ਸਿਰ ‘ਵਾਰਨ’ ਕਰਕੇ ਹੀ ਰੱਖਿਆ ਗਿਆ ਹੈ। ਉਹਨਾਂ ਦੇ ਨਾਂ ਨਾਲ ‘ਖਾਲਕਟ’ ਲਫ਼ਜ਼ ਉਹਨਾਂ ਦੀ ਖਲ ਕੱਟਨ ਕਰਕੇ ਹੀ ਪ੍ਰਸਿੱਧ ਹੋਇਆ ਹੈ। ਅੱਜ ਕੱਲ੍ਹ ਇਸ ਅਸਥਾਨ ’ਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਹੈ, ਜਿੱਥੇ ਹਰ ਸਾਲ ਫੱਗਣ ਦੇ ਮਹੀਨੇ ਵਿੱਚ ਜੋੜ ਮੇਲਾ ਲੱਗਦਾ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਬਾਬਾ ਜੀ ਦਾ ਗੁਰਸਿੱਖੀ ਵਾਲਾ ਉੱਚਾ ਤੇ ਸੁੱਚਾ ਜੀਵਨ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ।