ਬਾਬਾ ! ਜੈ ਘਰਿ, ਕਰਤੇ ਕੀਰਤਿ ਹੋਇ ॥

0
88

ਬਾਬਾ ! ਜੈ ਘਰਿ, ਕਰਤੇ ਕੀਰਤਿ ਹੋਇ

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਰਾਗੁ ਆਸਾ ਮਹਲਾ

ਛਿਅ ਘਰ, ਛਿਅ ਗੁਰ, ਛਿਅ ਉਪਦੇਸ ਗੁਰੁ ਗੁਰੁ ਏਕੋ, ਵੇਸ ਅਨੇਕ

ਬਾਬਾ  ! ਜੈ ਘਰਿ, ਕਰਤੇ ਕੀਰਤਿ ਹੋਇ ਸੋ ਘਰੁ ਰਾਖੁ, ਵਡਾਈ ਤੋਇ ਰਹਾਉ

ਵਿਸੁਏ ਚਸਿਆ ਘੜੀਆ ਪਹਰਾ; ਥਿਤੀ ਵਾਰੀ ਮਾਹੁ ਹੋਆ

ਸੂਰਜੁ ਏਕੋ ਰੁਤਿ ਅਨੇਕ ਨਾਨਕ ! ਕਰਤੇ ਕੇ ਕੇਤੇ ਵੇਸ

ਉਚਾਰਨ ਸੇਧਾਂ : ਛਿਅ- ਛੇ। ਉਪਦੇਸ਼। ਚਸਿਆਂ। ਘੜੀਆਂ। ਪਹਰਾਂ। ਥਿਤੀਂ।

ਪਦ ਅਰਥ : ਛਿਅ ਘਰ- 6 ਸ਼ਾਸਤਰ (ਛੇ ਸ਼ਾਸਤਰਾਂ ਦੇ ਨਾਂ ਹਨ ‘ਸਾਂਖ, ਨਿਆਇ, ਵੈਸ਼ੇਸ਼ਿਕ, ਯੋਗ, ਮੀਮਾਂਸਾ ਤੇ ਵੇਦਾਂਤ’)। ਛਿਅ ਗੁਰ- (6 ਸ਼ਾਸਤਰਾਂ ਦੇ) 6 ਕਰਤਾ, ਲਿਖਾਰੀ, ਰਿਸ਼ੀ (ਜਿਨ੍ਹਾਂ ਦੇ ਨਾਂ ਹਨ ‘ਸਾਂਖ’ ਦਾ ਕਰਤਾ ਹੈ: ‘ਕਪਲ’, ‘ਨਿਆਇ’ ਦਾ ਕਰਤਾ ਹੈ: ‘ਗੋਤਮ’, ‘ਵੈਸ਼ੇਸ਼ਿਕ’ ਦਾ ਕਰਤਾ ਹੈ: ‘ਕਣਾਦ’, ‘ਯੋਗ’ ਦਾ ਕਰਤਾ ਹੈ: ‘ਪਤੰਜਲੀ’, ‘ਮੀਮਾਂਸਾ’ ਦਾ ਕਰਤਾ ਹੈ: ‘ਜੈਮਨੀ’ ਅਤੇ ‘ਵੇਦਾਂਤ’ ਦਾ ਕਰਤਾ ਹੈ: ‘ਵਿਆਸ’)। ਛਿਅ ਉਪਦੇਸ- 6 ਤਰ੍ਹਾਂ ਦੇ ਵਿਚਾਰ ਭਾਵ ਭਿੰਨ ਭਿੰਨ ਸਿਧਾਂਤ। ਬਾਬਾ- ਹੇ ਭਾਈ ! ਜੈ ਘਰਿ- ਜਿਸ ਘਰ ਵਿੱਚ। ਕਰਤੇ ਕੀਰਤਿ- ਕਰਤਾਰ ਦੀ ਕੀਰਤੀ, ਪ੍ਰਭੂ ਦੀ ਸਿਫ਼ਤ। ਸੋ ਘਰੁ- ਉਹ ਸ਼ਾਸਤਰ ਭਾਵ ਗੁਰੂ ਗ੍ਰੰਥ ਸਾਹਿਬ। ਤੋਇ- ਤੇਰੀ। ਇਸ ਸ਼ਬਦ ਵਿੱਚ ‘ਵਿਸੁਏ, ਚਸੇ’ ਆਦਿ ਸਮੇਂ ਨੂੰ ਮਾਪਣ ਲਈ ਵਰਤੇ ਗਏ ਹਨ। ਜਿਨ੍ਹਾਂ ਦਾ ਸਮਾਂ ਇਸ ਤਰ੍ਹਾਂ ਹੈ : 15 ਵਾਰ ਅੱਖਾਂ ਫਰਕਾਉਣ ਜਿੰਨੇ ਸਮੇਂ ਨੂੰ ‘ਇੱਕ ਵਿਸਾ’ ਕਿਹਾ ਜਾਂਦਾ ਹੈ। 15 ਵਿਸਿਆਂ ਦਾ ਇੱਕ ਚਸਾ ਹੁੰਦਾ ਹੈ। 30 ਚਸਿਆਂ ਦਾ ਇੱਕ ਪਲ ਹੁੰਦਾ ਹੈ। 60 ਪਲਾਂ ਦੀ ਇੱਕ ਘੜੀ ਹੁੰਦੀ ਹੈ। 7 ਘੜੀਆਂ ਦਾ ਇੱਕ ਪਹਿਰ ਅਤੇ 8 ਪਹਿਰਾਂ ਦਾ ਇੱਕ ਦਿਨ-ਰਾਤ ਹੁੰਦਾ ਹੈ। 15 ਥਿੱਤਾਂ ਦਾ ਇੱਕ ਚਾਨਣ ਭਾਵ ਚੰਦ੍ਰਮਾ ਨਾਲ਼ ਸੰਬੰਧਿਤ ਇੱਕ ਹਨ੍ਹੇਰ ਪੱਖ। 7 ਵਾਰਾਂ ਦਾ ਇੱਕ ਹਫ਼ਤਾ। 12 ਮਹੀਨਿਆਂ ਜਾਂ 6 ਰੁੱਤਾਂ ਦਾ ਇੱਕ ਸਾਲ ਹੁੰਦਾ ਹੈ। ਕਰਤੇ ਕੇ ਕੇਤੇ ਵੇਸ- ਕਰਤਾਰ ਦੇ ਕਿਤਨੇ ਹੀ (ਸਿਧਾਂਤਿਕ) ਰੂਪ।

ਇਹ ਦੋ ਪਦਿਆਂ ਵਾਲਾ ਸ਼ਬਦ; ਗੁਰੂ ਨਾਨਕ ਸਾਹਿਬ ਜੀ ਦਾ ਨਿਤਨੇਮ ਵਜੋਂ ਰਾਤ ਨੂੰ ਪੜ੍ਹੀ ਜਾਣ ਵਾਲੀ ਸੋਹਿਲਾ ਸਾਹਿਬ ਬਾਣੀ ’ਚ ਦੂਸਰਾ ਸ਼ਬਦ ਹੈ। ਗੁਰਬਾਣੀ ਦੀ ਲਿਖਤ ਮੁਤਾਬਕ ਹਰ ਸ਼ਬਦ ਦੇ ‘ਰਹਾਉ’ ਪਦੇ (ਬੰਦ) ਵਿੱਚ ਸਮੁੱਚੇ ਸ਼ਬਦ ਦਾ ਤਤਸਾਰ ਹੁੰਦਾ ਹੈ ਅਤੇ ਸ਼ਬਦ ਦੇ ਬਾਕੀ ਬੰਦਾਂ (ਪਦਿਆਂ) ’ਚ ਉਸ ‘ਰਹਾਉ’ ਵਿਸ਼ੇ ਦਾ ਵਿਸਥਾਰ ਹੁੰਦਾ ਹੈ। ਇਸ ਵਿਸਥਾਰ ’ਚ ਭਾਵੇਂ ਗ਼ੈਰ ਧਰਮ (ਅਨਮਤ) ਦੀ ਮਿਸਾਲ ਦਿੱਤੀ ਗਈ ਹੋਵੇ ਪਰ ਸ਼ਬਦ ਦਾ ਤਤਸਾਰ (ਰਹਾਉ) ਪਦਾ ਹੈ, ਜੋ ਨਿਰੋਲ ਗੁਰਮਤਿ ਹੁੰਦੀ ਹੈ। ਇਸ ਲਈ ਗੁਰਬਾਣੀ ਦੀ ਵਿਚਾਰ ਕਰਦਿਆਂ ‘ਰਹਾਉ’ ਪਦ ਨੂੰ ਅਰੰਭ ’ਚ ਵਿਚਾਰਨ ਨਾਲ ਬਾਕੀ ਪਦਿਆਂ ਦੇ ਅਰਥ ਅਸਾਨੀ ਨਾਲ਼ ਸਰਲ ਅਤੇ ਸਪਸ਼ਟ ਹੋ ਜਾਂਦੇ ਹਨ।

‘ਰਹਾਉ’ ਪਦੇ ’ਚ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ (ਮੱਤ) ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਹੈ। ਗੁਰੂ ਜੀ ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ ਹੇ ਭਾਈ ! ਜਿਸ ਸ਼ਾਸਤਰ/ਧਾਰਮਿਕ ਗ੍ਰੰਥ (ਘਰਿ) ਵਿੱਚ ਇੱਕ ਕਰਤੇ (ਕਰਤਾਰ) ਦੀ ਕੀਰਤੀ ਹੋਵੇ, ਵਡਿਆਈ ਦਰਜ ਹੋਵੇ, ਉਸ ਦੇ ਉਪਦੇਸ਼ ਨੂੰ ਆਪਣੇ ਹਿਰਦੇ ’ਚ ਵਸਾ ਲੈ। ਇਸ ਤਰ੍ਹਾਂ ਅਮਲੀ ਜੀਵਨ ਜਿਊਣ ਨਾਲ ਇੱਥੇ (ਇਸ ਲੋਕ ’ਚ) ਅਤੇ ਓਥੇ (ਪਰਲੋਕ) ਵਿੱਚ ਤੈਨੂੰ ਇੱਜ਼ਤ ਮਿਲੇਗੀ, ਤੇਰੀ ਰੱਖਿਆ ਹੋਵੇਗੀ, ਤੇਰੀ ਭਲਾਈ ਹੈ, ਤੇਰਾ ਕਲਿਆਣ ਹੈ ‘‘ਬਾਬਾ  ! ਜੈ ਘਰਿ, ਕਰਤੇ ਕੀਰਤਿ ਹੋਇ ਸੋ ਘਰੁ ਰਾਖੁ, ਵਡਾਈ ਤੋਇ ਰਹਾਉ ’’

ਸਵਾਲ : ਕਲਿਆਣ ਕਰਨ ਦਾ ਤਰੀਕਾ ਕੀ ਹੈ ਬਾਬਾ ਜੀ ! ਦੱਸੋ ਸਾਨੂੰ।

ਜਵਾਬ : ਬਾਬਾ ਨਾਨਕ ਜੀ ਕਹਿੰਦੇ ਹਨ, ਜਿਸ ਧਾਰਮਿਕ ਗ੍ਰੰਥ ਵਿੱਚ ਇੱਕ ਅਕਾਲ ਪੁਰਖ ਦੀ ਕੀਰਤੀ ਦਾ ਵਖਿਆਨ ਦਰਜ ਹੈ, ਉਸ ਦੇ ਉਪਦੇਸ਼ ਨੂੰ ਧਾਰਨ ਕਰਨਾ ਹੈ। ਉਹ ਧਾਰਮਿਕ ਗ੍ਰੰਥ (ਭਾਵ ਘਰ) ਹੈ ‘ਗੁਰੂ ਗ੍ਰੰਥ ਸਾਹਿਬ’, ਜਿਨ੍ਹਾਂ ਵਿੱਚ ਨਿਰੋਲ ਅਕਾਲ ਪੁਰਖ ਦੀ ਵਡਿਆਈ ਹੈ। ਉਸ ਦੇ ਬੇਅੰਤ ਗੁਣਾਂ ਦਾ ਵਖਿਆਨ ਹੈ, ਉਸ ਨਾਲ਼ ਜੁੜਨਾ ਹੈ।

ਇਸ ਸ਼ਬਦ ਦੇ ਪਹਿਲੇ ਪਦੇ ’ਚ ਗੁਰੂ ਜੀ ਫ਼ੁਰਮਾ ਰਹੇ ਹਨ ਕਿ ਹਿੰਦੂ ਮਤ ਵਿੱਚ ਛੇ ਸ਼ਾਸਤਰ ਹਨ; ਇੱਥੇ ‘ਘਰ’ ਸ਼ਬਦ ਦੀ ਵਰਤੋਂ ਸ਼ਾਸਤਰ ਲਈ ਕੀਤੀ ਗਈ ਹੈ। ਇਨ੍ਹਾਂ ਦੀ ਗਿਣਤੀ ਹਿੰਦੂ ਮੱਤ ਵਿੱਚ 6 ਹੈ। ਛੇ ਸ਼ਾਸਤਰਾਂ ਨੂੰ ਲਿਖਣਵਾਲੇ ਛੇ ਹੀ ਕਰਤਾ (ਗੁਰ, ਲਿਖਾਰੀ, ਰਿਸ਼ੀ) ਹਨ; ਛੇ ਹੀ ਉਨ੍ਹਾਂ ਦੇ ਉਪਦੇਸ਼ ਹਨ ‘‘ਛਿਅ ਘਰ, ਛਿਅ ਗੁਰ, ਛਿਅ ਉਪਦੇਸ ’’, ਪਰ ਸਚਾਈ ਇਹ ਹੈ ਕਿ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਰਚਣਵਾਲਾ ਅਕਾਲ ਪੁਰਖ ਇੱਕ ਹੈ; ਉਸ ਅਕਾਲ ਪੁਰਖ ਦੇ ਸੰਦੇਸ਼ ਨਾਲ, ਉਸ ਅਕਾਲ ਪੁਰਖ ਦੀ ਬਾਣੀ ਦੇ ਨਾਲ ਅਸੀਂ ਜੁੜਨਾ ਹੈ। ਭਾਵੇਂ ਜਗਤ ਵਿੱਚ ਅਨੇਕਾਂ ਸਿਧਾਂਤਿਕ ਵਿਚਾਰ ਪ੍ਰਚਲਿਤ ਹਨ, ਪਰ ਉਨ੍ਹਾਂ ਸਾਰਿਆਂ ਦੇ ਪਿੱਛੇ ਇੱਕੋ ਅਕਾਲ ਪੁਰਖ ਹੀ ਪ੍ਰੇਰਨਾ ਸਰੋਤ ਹੈ, ‘‘ਗੁਰੁ ਗੁਰੁ ਏਕੋ, ਵੇਸ ਅਨੇਕ ’’

ਛੇ ਉਪਦੇਸ਼ ਤੋਂ ਭਾਵ ਹੈ ਕਿ ਇਨ੍ਹਾਂ ਸਾਰਿਆਂ ਦੀ ਵਿਚਾਰਧਾਰਾ ਵੀ ਇੱਕ ਸਮਾਨ ਨਹੀਂ, ਛੇ ਤਰ੍ਹਾਂ ਦੀ ਹੈ। ਇੱਕ ਦੇ ਵਿਚਾਰ ਦੂਜੇ ਨਾਲ ਅਤੇ ਦੂਜੇ ਦੇ ਵਿਚਾਰ ਤੀਜੇ ਨਾਲ ਕਈ ਪੱਖੋਂ ਮੇਲ਼ ਨਹੀਂ ਖਾਂਦੇ।

ਸ਼ਾਮ ਨੂੰ ਰਹਰਾਸਿ ’ਚ ਇੱਕ ਸਵੈਯਾ ਪੜ੍ਹਿਆ ਜਾਂਦਾ ਹੈ ‘‘ਪਾਂਇ ਗਹੇ ਜਬ ਤੇ ਤੁਮਰੇ; ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈਂ ਮਤ; ਏਕ ਮਾਨਯੋ ਸਿੰਮ੍ਰਿਤਿ ਸਾਸਤ੍ਰ ਬੇਦ ਸਭੈ; ਬਹੁ ਭੇਦ ਕਹੈ, ਹਮ ਏਕ ਜਾਨਯੋ ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ; ਮੈ ਕਹਯੋ, ਸਭ ਤੋਹਿ ਬਖਾਨਯੋ ’’ ਭਾਵ ਹੇ ਪਾਤਿਸ਼ਾਹ ! ਜਦੋਂ ਤੋਂ ਤੇਰੇ ਚਰਨਾਂ ਨਾਲ ਮੇਰਾ ਪਿਆਰ ਪੈ ਗਿਆ, ਤਦ ਤੋਂ ਮੈਂ ਕਿਸੇ ਹੋਰ ਸਿਧਾਂਤ ਨੂੰ ਨਹੀਂ ਮੰਨਦਾ।

ਗੁਰੂ ਗ੍ਰੰਥ ਸਾਹਿਬ ’ਚ ਸਭ ਤੋਂ ਲੰਬੀ ਰਚਨਾ ਸੁਖਮਨੀ ਸਾਹਿਬ ਹੈ, ਜਿਸ ਦਾ ਕੁਝ ਸਿੱਖ ਸੰਗਤਾਂ ਨਿਤਾਪ੍ਰਤੀ ਪਾਠ ਕਰਦੀਆਂ ਹਨ। ਉਸ ਦੀ ਤੀਸਰੀ ਅਸਟਪਦੀ ਨਾਲ ਦਰਜ ਸਲੋਕ ਹੈ ‘‘ਬਹੁ ਸਾਸਤ੍ਰ ਬਹੁ ਸਿਮ੍ਰਿਤੀ; ਪੇਖੇ ਸਰਬ ਢਢੋਲਿ ’’, ਢਢੋਲਿ ਦੇ ‘ਲ’ ਨੂੰ ਸਿਹਾਰੀ ਹੈ ਭਾਵ ਸਭ ਨੂੰ ‘ਢਢੋਲ ਕੇ, ਖੋਜ ਕੇ’ ਵੇਖ ਲਿਆ। 6 ਸ਼ਾਸਤਰ ਤੇ 27 ਸਿੰਮ੍ਰਿਤੀਆਂ ਨੂੰ ਖੋਜ ਕੇ ਦੇਖ ਲਿਆ ਹੈ। ਪੰਜਵੇਂ ਪਾਤਿਸ਼ਾਹ ਜੀ ਕਹਿੰਦੇ ਹਨ ‘‘ਪੂਜਸਿ ਨਾਹੀ ਹਰਿ ਹਰੇ; ਨਾਨਕ  ! ਨਾਮ ਅਮੋਲ (ਸੁਖਮਨੀ/ਮਹਲਾ /੨੬੫) ਭਾਵ ਇਹ ਪੁਸਤਕਾਂ ਉਸ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ। ਹੇ ਨਾਨਕ ! ਆਖ ਕਿ ਉਸ ਅਕਾਲ ਪੁਰਖ ਦਾ ਨਾਮ ਬੜਾ ਅਮੋਲਕ ਹੈ, ਜੋ ਮਾਇਆਵੀ ਪਦਾਰਥਾਂ ਬਦਲੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜਦ ਕਿ ਇਹ ਪੁਸਤਕਾਂ ਮਾਯਾ ਨੂੰ ਹੀ ਪਾਪ-ਪੁੰਨ ਰੂਪਾਂ ’ਚ ਵਿਚਾਰਦੀਆਂ ਹਨ; ਜਿਵੇਂ ਪਾਪ ਕੀ ਹੈ, ਪੁੰਨ ਕੀ ਹੈ ? ਗੁਰੂ ਅਮਰਦਾਸ ਜੀ ਅਨੰਦ ਸਾਹਿਬ ਦੀ ਬਾਣੀ ਦੀ 27ਵੀਂ ਪਉੜੀ ਰਾਹੀਂ ਫ਼ੁਰਮਾਉਂਦੇ ਹਨ ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ ਜਾਣੀ ਤਤੈ ਸਾਰ ਜਾਣੀ ਗੁਰੂ ਬਾਝਹੁ; ਤਤੈ ਸਾਰ ਜਾਣੀ ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ; ਸੁਤਿਆ ਰੈਣਿ ਵਿਹਾਣੀ ’’ ਪਾਪ ਅਤੇ ਪੁੰਨ ਦੀ ਵਿਚਾਰ ਤੋਂ ਅਗਾਂਹ ਅਸਲ ਨਾਮ ਤੱਤ ਦੀ ਵਿਚਾਰ ਸੱਚੇ ਗੁਰੂ ਦੀ ਕਿਰਪਾ ਨਾਲ ਸੰਭਵ ਹੈ। ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰ ਨਾਮ ਤੱਤ ਦੀ ਵਿਚਾਰ ਕੀਤੀ ਉਨ੍ਹਾਂ ਦੀ ਜੀਵਨ ਯਾਤਰਾ (ਭਾਵ ਉਮਰ) ਜਾਗਦਿਆਂ ਬਤੀਤ ਹੁੰਦੀ ਹੈ ਅਤੇ ਬਾਕੀਆਂ ਦੀ ਜੀਵਨ ਰਾਤ ਮਾਇਆ ਦੇ ਤਿੰਨੇ ਗੁਣਾਂ (ਰਜੋ, ਤਮੋ, ਸਤੋ) ’ਚ ਸੁਤਿਆਂ-ਸੁਤਿਆਂ ਹੀ ਬੀਤਦੀ ਹੈ।

ਸਾਰੀ ਸ੍ਰਿਸ਼ਟੀ ਮਾਇਆ ਦੇ ਤਿੰਨੇ ਗੁਣਾਂ ਦੇ ਭ੍ਰਮ ਵਿੱਚ ਸੁੱਤੀ ਰਹਿੰਦੀ ਹੈ। ਇਉਂ ਸੁਤਿਆਂ-ਸੁਤਿਆਂ ਹੀ ਸਭ ਦੀ ਜੀਵਨ ਰਾਤ ਬੀਤ ਜਾਂਦੀ ਹੈ। ਉਹੀ ਜਨ; ਮੋਹ ਦੀ ਨੀਂਦ ਵਿੱਚੋਂ ਜਾਗਦੇ ਹਨ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਗੁਰੂ ਦੀ ਕਿਰਪਾ ਨਾਲ ਹਰੀ ਦਾ ਨਾਮ ਵਸਦਾ ਹੈ। ਉਹ ਅੰਮ੍ਰਿਤ ਨਾਮ ਰੂਪ ਬਾਣੀ ਪੜ੍ਹਦੇ ਹਨ, ‘‘ਗੁਰ ਕਿਰਪਾ ਤੇ ਸੇ ਜਨ ਜਾਗੇ; ਜਿਨਾ ਹਰਿ ਮਨਿ ਵਸਿਆ; ਬੋਲਹਿ ਅੰਮ੍ਰਿਤ ਬਾਣੀ ’’

ਗੁਰੂ ਅਰਜਨ ਸਾਹਿਬ ਜੀ ਇੱਕ ਜਗ੍ਹਾ ਵਚਨ ਕਰਦੇ ਹਨ ਕਿ ਜਦ ਗੁਰੂ ਦੇ ਸ਼ਬਦ ਨੂੰ ਪੜ੍ਹ ਕੇ, ਸੁਣ ਕੇ, ਵੀਚਾਰ ਕੇ ਮਨ; ਅੰਮ੍ਰਿਤ ਬਾਣੀ ਨੂੰ ਗ੍ਰਹਿਣ ਕਰਦਾ ਹੈ। ਉਹ ਅੰਮ੍ਰਿਤਮਈ ਨਾਮ ਦੀ ਧਾਰ ਨਿਰੰਤਰ ਵਰਖਾ ਕਰਦੀ ਹੈ ਭਾਵ ਆਪਣਾ ਪ੍ਰਭਾਵ ਪਾਈ ਰੱਖਦੀ ਹੈ ਤੇ ਬੰਦਗੀ ਕਰਨ ਵਾਲਾ ਮਨੁੱਖ; ਰੱਬ ਵਿੱਚ ਇਉਂ ਲੀਨ ਹੋਇਆ ਰਹਿੰਦਾ ਹੈ; ਜਿਵੇਂ ਪਾਣੀ; ਪਾਣੀ ’ਚ ਮਿਲ ਕੇ ਇੱਕ-ਮਿੱਕ ਹੋ ਜਾਂਦਾ ਹੈ, ‘‘ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਮਨੁ ਪੀਵੈ ਸੁਨਿ ਸਬਦੁ ਬੀਚਾਰਾ ਜਲ ਤਰੰਗੁ; ਜਿਉ ਜਲਹਿ ਸਮਾਇਆ ਤਿਉ ਜੋਤੀ ਸੰਗਿ ਜੋਤਿ ਮਿਲਾਇਆ ’’ (ਮਹਲਾ /੧੦੨) ਉਹ ਮਨੁੱਖ ਅਸਲ ਨਾਮ-ਅੰਮ੍ਰਿਤ ਤੱਤ ਨੂੰ ਪਾ ਲੈਂਦੇ ਹਨ, ਜਿਸ ਨੂੰ ਸਿਮ੍ਰਿਤੀਆਂ-ਸ਼ਾਸਤਰ ਆਦਿਕ ਗ੍ਰੰਥ ਨਹੀਂ ਸਮਝ ਸਕੇ। ਫਿਰ ਉਨ੍ਹਾਂ ਦੀ ਜੀਵਨ ਰਾਤ ਜਾਗਦਿਆਂ ਬੀਤਦੀ ਹੈ, ‘‘ਕਹੈ ਨਾਨਕੁ ਸੋ ਤਤੁ ਪਾਏ; ਜਿਸ ਨੋ ਅਨਦਿਨੁ ਹਰਿ ਲਿਵ ਲਾਗੈ, ਜਾਗਤ ਰੈਣਿ ਵਿਹਾਣੀ ੨੭’’ (ਅਨੰਦ/ਮਹਲਾ /੯੨੦) ਇੱਥੇ ‘ਨਾਨਕੁ’ ਦੇ ਤੱਤੇ ਨੂੰ ਔਂਕੜ ਹੈ ਭਾਵ ਪੰਚਮ ਨਾਨਕ ਆਖਦਾ ਹੈ। ‘ਸੋ ਤਤੁ’ ਭਾਵ ਉਹ ਤੱਤ; ‘ਸੋ’ ਇੱਕ ਵਚਨ ਹੈ। ‘ਸੇ’ ਬਹੁ ਵਚਨ ਹੁੰਦਾ ਹੈ; ਜਿਵੇਂ ਸੇ ਜਨ ਜਾਗੇ ਭਾਵ ਉਹ ਭਗਤ-ਜਨ ਜਾਗ ਜਾਂਦੇ ਹਨ। ‘ਤਤੁ’ ਭਾਵ ਅੰਮ੍ਰਿਤ ਨਾਮ, ਜੋ ਇੱਕ ਵਚਨ ਪੁਲਿੰਗ ਹੈ।

ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ; ਸਿਮ੍ਰਤੀਆਂ ਅਤੇ ਸ਼ਾਸਤਰਾਂ ਵਾਙ ਵੇਦ ਗ੍ਰੰਥਾਂ ਨੂੰ ਇਨ੍ਹਾਂ ਹੇਠਲੀਆਂ ਪੰਕਤੀਆਂ ’ਚ ਕੇਵਲ ਪਾਪ-ਪੁੰਨ ਦੀ ਵਿਚਾਰ ਕਰਦੇ ਬਿਆਨ ਕਰ ਰਹੇ ਹਨ :

(1). ਬੇਦੁ ਪੁਕਾਰੇ ਪੁੰਨੁ ਪਾਪੁ; ਸੁਰਗ ਨਰਕ ਕਾ ਬੀਉ (ਮਹਲਾ /੧੨੪੪) ਇੱਥੇ ‘ਕਾ’ ਸੰਬੰਧਕੀ ਨੇ ‘ਸੁਰਗ, ਨਰਕ’ ਨੂੰ ਅੰਤ ਮੁਕਤ ਕਰ ਦਿੱਤਾ ਹੈ, ਨਹੀਂ ਤਾਂ ‘ਸੁਰਗੁ, ਨਰਕੁ’ ਹੋਣਾ ਸੀ।

ਅਰਥ : ਗੁਰੂ ਨਾਨਕ ਸਾਹਿਬ ਫ਼ੁਰਮਾ ਰਹੇ ਹਨ ਕਿ ਵੇਦ ਦੀ ਸਿੱਖਿਆ ਮੁਤਾਬਕ ਪੁੰਨ ਕਰਮ; ਸੁਰਗ ’ਚ ਜਾਣ ਦਾ ਸਬੱਬ ਬਣਦਾ ਹੈ ਅਤੇ ਪਾਪ ਕਰਮ; ਨਰਕ ਵਿੱਚ ਲੈ ਜਾਣ ਵਾਲਾ ਬੀਜ ਹੈ।

(2). ਕਥਾ ਕਹਾਣੀ ਬੇਦਂੀ ਆਣੀ; ਪਾਪੁ ਪੁੰਨੁ ਬੀਚਾਰੁ (ਮਹਲਾ /੧੨੪੩) ਇੱਥੇ ‘ਬੇਦਂੀ’ ਦਾ ਅਰਥ ਹੈ ‘ਵੇਦਾਂ ਨੇ’; ਬਹੁ ਵਚਨ ਹੋਣ ਕਾਰਨ ਬਿੰਦੀ ਲੱਗੀ ਹੋਈ ਹੈ।

ਅਰਥ : ਗੁਰੂ ਅੰਗਦ ਸਾਹਿਬ ਫ਼ੁਰਮਾ ਰਹੇ ਹਨ ਕਿ ਵੇਦਾਂ ਨੇ ਜੋ ਕਥਾ – ਕਹਾਣੀਆਂ ਲਿਆਂਦੀਆਂ, ਬਣਾਈਆਂ ਹਨ; ਉਹ ਸਭ ਪੁੰਨ ਅਤੇ ਪਾਪ ਬਾਰੇ ਹੀ ਵਿਚਾਰ ਦਿੰਦੀਆਂ ਹਨ।

(3). ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ; ਗੁਰਮੁਖਿ ਅੰਮ੍ਰਿਤੁ ਪੀਜੈ ਹੇ (ਮਹਲਾ /੧੦੫੦) ਇੱਥੇ ‘ਬੇਦਿ’ ਇੱਕ ਵਚਨ ਪੁਲਿੰਗ ਨਾਉਂ ਹੈ ਅਤੇ ਇਸ ਦੀ ਸਿਹਾਰੀ ‘ਨੇ’ ਅਰਥ ਦਿੰਦੀ ਹੈ।

ਅਰਥ : ਗੁਰੂ ਅਮਰਦਾਸ ਜੀ ਫ਼ੁਰਮਾ ਰਹੇ ਹਨ ਕਿ ਵੇਦ ਨੇ ਹਰ ਪਾਪ ਪੁੰਨ ਬਾਰੇ ਦ੍ਰਿੜ੍ਹ ਕਰਵਾਇਆ, ਪਰ ਗੁਰਮੁਖ ਇਨ੍ਹਾਂ ਤੋਂ ਉਪਰ ਉੱਠ ਕੇ ਅੰਮ੍ਰਿਤ ਨਾਮ-ਤੱਤ ਪੀਂਦਾ ਹੈ ਤਾਹੀਓਂ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਹਨ, ਜੋ ਅਸੀਂ ਰੋਜ਼ਾਨਾ ਸ਼ਾਮ ਨੂੰ ਪੜ੍ਹਦੇ ਵੀ ਹਾਂ, ‘‘ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ! ਕਰਿ ਕਿਰਿਆ ਖਟੁ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ! ਜੋ ਭਾਵਹਿ ਮੇਰੇ ਹਰਿ ਭਗਵੰਤਾ ’’ (ਸੋ ਪੁਰਖੁ/ਮਹਲਾ /੧੧) ‘ਖਟੁ ਕਰਮ’ ਤੋਂ ਭਾਵ ਹੈ ‘ਛੇ ਕਿਸਮ ਦੇ ਕੰਮ’ (ਪੰਡਿਤਾਂ ਨੇ ਵਿਦਿਆ ਆਪ ਪੜ੍ਹਨੀ ਤੇ ਜਜਮਾਨਾਂ ਨੂੰ ਪੜ੍ਹਾਉਣੀ, ਜਜਮਾਨਾਂ ਨੇ ਦਾਨ ਦੇਣਾ ਤੇ ਆਪ ਲੈਣਾ, ਆਪ ਜਗ ਕਰਨਾ ਤੇ ਜਜਮਾਨਾਂ ਤੋਂ ਕਰਾਉਣਾ)।

ਸੋਹਿਲਾ ਸਾਹਿਬ ਰੂਪ ਇਸ ਬਾਣੀ ਵਿੱਚ ਹਿੰਦੂ ਮੱਤ ਦੇ ਵੇਦ, ਸਿਮ੍ਰਿਤੀਆਂ ਅਤੇ ਸ਼ਾਸਤਰਾਂ ਦੁਆਰਾ ਕੀਤੀ ਜਾਂਦੀ ਪਾਪ-ਪੁੰਨ ਦੀ ਵਿਚਾਰ ਦੇ ਮੁਕਾਬਲੇ ਉਸ ਘਰ (ਸ਼ਾਸਤਰ, ਗੁਰਬਾਣੀ) ਨਾਲ ਸਿੱਖਾਂ ਨੂੰ ਜੋੜਿਆ ਗਿਆ ਹੈ, ਜਿਸ ਵਿੱਚ ਅਸਲ ਨਾਮ-ਤੱਤ ਦੀ ਵਿਚਾਰ ਹੈ; ਜਿਵੇਂ ‘ਗੁਰੂ ਗ੍ਰੰਥ ਸਾਹਿਬ ਜੀ’ ਹਨ, ਇਸ ਲਈ ਗੁਰੂ ਪਾਤਿਸ਼ਾਹ ਜੀ ਨੇ ‘ਰਹਾਉ’ ਪਦੇ ਵਿੱਚ ਪ੍ਰਮਾਤਮਾ ਦੇ ਨਾਮ ਜਪਣ ਨੂੰ ਸਿਰਮੌਰ ਕਰਮ ਕਿਹਾ ਹੈ ‘‘ਬਾਬਾ  ! ਜੈ ਘਰਿ ਕਰਤੇ ਕੀਰਤਿ ਹੋਇ ਸੋ ਘਰੁ ਰਾਖੁ; ਵਡਾਈ ਤੋਇ ਰਹਾਉ ’’

ਜੇਕਰ ਅਸੀਂ ਇਤਿਹਾਸਕ ਪੱਖੋਂ ਵੇਖੀਏ ਤਾਂ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਜਦੋਂ ਕਿਤੇ ਵੀ ਲੁਕਾਈ ਦਾ ਉਧਾਰ ਕਰਨ ਲਈ ਜਾਂਦੇ ਸਨ ਤਾਂ ਇੱਕ ਕਿਤਾਬ ਆਪਣੇ ਕੋਲ਼ ਜ਼ਰੂਰ ਰੱਖਦੇ ਸਨ। ਜਦੋਂ ਵੀ ਧੁਰ ਕੀ ਬਾਣੀ ਆਉਂਦੀ ਤਾਂ ਭਾਈ ਮਰਦਾਨੇ ਜੀ ਨੂੰ ਕਹਿੰਦੇ ਕਿ ਮਰਦਾਨਿਆ ! ਰਬਾਬ ਛੇੜ ਧੁਰ ਕੀ ਬਾਣੀ ਆਈ ਹੈ, ਤਾਂ ਫਿਰ ਆਪ ਜੀ ਰਾਗ ਦੇ ਵਿੱਚ ਸ਼ਬਦ ਨੂੰ ਉਚਾਰਦੇ। ਸ਼ਬਦ ਗਾਇਨ ਤੋਂ ਬਾਅਦ ਉਸ ਸ਼ਬਦ ਨੂੰ ਕਿਤਾਬ ਵਿੱਚ ਲਿਖ ਲੈਂਦੇ ਸਨ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 32ਵੀਂ ਪਉੜੀ ਵਿੱਚ ਬਹੁਤ ਪਿਆਰਾ ਲਿਖਿਆ ਹੈ ਕਿ ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ ਆਸਾ ਹਥਿ, ਕਿਤਾਬ ਕਛਿ; ਕੂਜਾ ਬਾਂਗ ਮੁਸਲਾਧਾਰੀ’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੨) ਉਸ ਸਮੇਂ ਇਸ ਕਿਤਾਬ ਨੂੰ ਪੋਥੀ ਕਿਹਾ ਜਾਂਦਾ ਸੀ ਅਤੇ ਗੁਰਗੱਦੀ ਸੌਂਪਣ ਦੇ ਸਮੇਂ ਇਨ੍ਹਾਂ ਪੋਥੀਆਂ ਦੀ ਸਾਂਭ ਸੰਭਾਲ਼ ਦੀ ਜ਼ਿੰਮੇਵਾਰੀ ਆਪਣੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੂੰ ਸੌਂਪ ਦਿੰਦੇ ਸਨ। ਇਨ੍ਹਾਂ ਪੋਥੀਆਂ ਦੀ ਬਾਣੀ ਦਾ ਸੰਪਾਦਨ ਕਰਕੇ ਹੀ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਬੀੜ ਤਿਆਰ ਕਰਵਾਈ ਸੀ, ਜਿਸ ਬਾਰੇ ਬਾਅਦ ’ਚ ਉਪਦੇਸ਼ ਕੀਤਾ ਗਿਆ ਕਿ ਸਭ ਸਿਖਨ ਕੋ ਹੁਕਮ ਹੈ; ਗੁਰੂ ਮਾਨਿਓ ਗ੍ਰੰਥ

ਅਗਰ ਹੁਣ ਵੀ ਅਸੀਂ ਦੁਚਿੱਤੀ ਵਿੱਚ ਰਹੀਏ ਕਿ ਉਹ ਕਿਹੜਾ ਸ਼ਾਸਤਰ (ਘਰੁ) ਹੈ, ਜਿਸ ਵਿੱਚ ‘‘ਜੈ ਘਰਿ, ਕਰਤੇ ਕੀਰਤਿ ਹੋਇ ’’ ਕਰਤੇ ਕੀ ਕੀਰਤੀ, ਕਰਤਾਰ ਦੀ ਵਡਿਆਈ ਦਰਜ ਹੈ ਤਾਂ ਇਹ ਸਾਡੀ ਨਾਸਮਝੀ ਹੀ ਹੋਵੇਗੀ। ‘ਕਰਤੇ ਕੀ ਕੀਰਤਿ’ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਦਰਜ ਹੈ।

ਹਥਲੇ ਸ਼ਬਦ ਦਾ ਦੂਸਰਾ ਪਦਾ ਕੁਦਰਤ ਦੀ ਅਨੇਕਤਾ ਵਿੱਚ ਰੱਬ ਦੀ ਹਸਤੀ ਨੂੰ ਹੀ ਸਿਰਮੌਰ ਮੰਨਦਾ ਹੈ; ਜਿਵੇਂ ‘‘ਵਿਸੁਏ, ਚਸਿਆ, ਘੜੀਆ, ਪਹਰਾ, ਥਿਤੀ, ਵਾਰੀ’ ਆਦਿ ਸ਼ਬਦ ਬਹੁ ਵਚਨ ਹਨ, ਇਨ੍ਹਾਂ ਵਿੱਚ ਕੇਵਲ ‘ਮਾਹੁ’ ਭਾਵ ਮਹੀਨਾ ਹੀ ਇੱਕ ਵਚਨ ਹੈ। ਮਾਹੁ ਦੇ ‘ਹੁ’ ਨੂੰ ਔਂਕੜ ਇੱਕ ਵਚਨ ਪੁਲਿੰਗ ਨਾਉਂ ਹੋਣ ਦਾ ਸੰਕੇਤ ਹੈ, ਪਰ ‘ਹੁ’ ਨੂੰ ਲੱਗਾ ਔਂਕੜ ਉਚਾਰਨ ਦਾ ਭਾਗ ਨਹੀਂ ਭਾਵ ਇਸ ਨੂੰ ‘ਮਾਹੋ’ ਨਹੀਂ ਪੜ੍ਹਨਾ। ਇਸੇ ਤਰ੍ਹਾਂ ਕੁਦਰਤ ਦੀਆਂ ਅਨੇਕਾਂ ਰੁਤਾਂ ਵਿੱਚੋਂ ਇੱਕ ਸੂਰਜ ਨੂੰ ਸਿਰਮੌਰ ਮੰਨਿਆ ਹੈ ਭਾਵ ਜਿਵੇਂ ਅਨੇਕਾਂ ਰੁੱਤਾਂ ’ਚ ਸੂਰਜ ਇੱਕ ਹੈ ਅਤੇ ‘ਵਿਸੁਏ ਚਸਿਆ ਘੜੀਆ ਪਹਰਾ; ਥਿਤੀ ਵਾਰੀ’ ਵਿੱਚ ‘ਮਾਹੁ’ ਇੱਕੋ ਹੈ, ਉਸੇ ਤਰ੍ਹਾਂ ਪ੍ਰਮਾਤਮਾ ਇੱਕ ਹੈ। ਉਸ ਨੂੰ ਗੁਰੂ ਨਾਨਕ ਪਾਤਿਸ਼ਾਹ ਨੇ ਮੂਲ ਮੰਤਰ ਵਿੱਚ ਕਰਤਾ ਪੁਰਖ ਕਿਹਾ ਹੈ। ਜਿਸ ਦਾ ਭਾਵ ਹੈ ਕਿ ਉਹ ਕਰਤਾ ਹੈ, ਜੋ ਆਪਣੀ ਸਾਰੀ ਕਿਰਤ ਵਿੱਚ ਸਮਾਇਆ ਹੋਇਆ ਹੈ। ਉਸ ਦੇ ਹੀ ਕੁਦਰਤ ਵਿੱਚ ਅਨੇਕਾਂ ਰੰਗ-ਰੂਪ ਹਨ ਭਾਵ ਅਨੇਕਾਂ ਸਿਧਾਂਤਿਕ ਵਿਚਾਰ ਹਨ ਕਿਉਂਕਿ ਰੱਬ ਹੀ ਸਰਬ ਵਿਆਪਕ ਹੋ ਕੇ ਜੀਵਾਂ ਤੋਂ ਚੰਗਾ ਮੰਦਾ ਕੰਮ ਕਰਾਉਂਦਾ ਹੈ, ਚੰਗਾ-ਮੰਦਾ ਸਿਧਾਂਤ ਬਣਾਉਂਦਾ ਹੈ। ਸੋ ਕੇਵਲ ਇਕੋ ‘ਕਰਤੇ ਕੀ ਕੀਰਤੀ’ ਕਰਨੀ ਹੈ, ਨਾ ਕਿ ਅਨੇਕਤਾ ਨੂੰ ਪੂਜਣਾ ਹੈ, ਅਨੇਕਾਂ ਪਰਸਪਰ ਵਿਰੋਧੀ ਮੱਤਾਂ ਨੂੰ ਮੰਨਣਾ ਹੈ।

ਗੁਰੂ ਮਹਾਰਾਜ ਜੀ ਫ਼ੁਰਮਾ ਰਹੇ ਹਨ ਕਿ ਇਨ੍ਹਾਂ ‘ਵਿਸੇ, ਚਸੇ, ਘੜੀਆਂ, ਪਹਿਰਾਂ, ਥਿਤਾਂ, ਵਾਰ, ਮਹੀਨੇ ਅਤੇ ਰੁੱਤਾਂ’ ਦਾ ਮੂਲ (ਸ੍ਰੋਤ); ਇੱਕ ਸੂਰਜ ਹੈ। ਸੂਰਜ ਦੇ ਕਾਰਨ ਹੀ ਕੁਦਰਤ ’ਚ ਸਾਰੇ ਬਦਲਾਅ ਆ ਰਹੇ ਹਨ। ਇੱਕ ਸੂਰਜ ਕਰਕੇ ਹੀ ਅਨੇਕਾਂ ਰੁੱਤਾਂ ਨੂੰ ਮਾਣਦੇ ਹਾਂ। ਇਸ ਸ਼ਬਦ ’ਚ ਭਾਵੇਂ ਪ੍ਰਸੰਗ ਮੁਤਾਬਕ ਸੂਰਜ ਨੂੰ ਇੱਕ ਮੰਨਿਆ ਗਿਆ ਹੈ, ਪਰ ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਅਤੇ ‘ਆਸਾ ਕੀ ਵਾਰ’ ਵਿੱਚ ਅਨੇਕਾਂ ਸੂਰਜਾਂ ਨੂੰ ਪ੍ਰਮਾਤਮਾ ਦੇ ਡਰ-ਅਦਬ ’ਚ ਘੁੰਮਦੇ ਬਿਆਨ ਕਰ ਰਹੇ ਹਨ ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ਕੋਹ ਕਰੋੜੀ ਚਲਤ; ਅੰਤੁ (ਆਸਾ ਕੀ ਵਾਰ/ਮਹਲਾ /੪੬੪), ਕੇਤੇ ਇੰਦ ਚੰਦ, ਸੂਰ ਕੇਤੇ; ਕੇਤੇ ਮੰਡਲ ਦੇਸ ’’ (ਜਪੁ), ਇਸ ਲਈ ਸੂਰਜ ਪੂਜਣਯੋਗ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੀ ‘ਜਾਪ’ ਬਾਣੀ ਅੰਦਰ ‘‘ਨਮੋ ਸੂਰਜ ਸੂਰਜੇ, ਨਮੋ ਚੰਦ੍ਰ ਚੰਦ੍ਰੇ ’’ ਕਿਹਾ ਹੈ ਭਾਵ ਸੂਰਜਾਂ ਨੂੰ ਰੌਸ਼ਨੀ ਦੇਣ ਵਾਲ਼ੇ ਮਹਾਂ ਸੂਰਜ (ਪ੍ਰਭੂ) ਨੂੰ ਨਮਸਕਾਰ ਕੀਤੀ ਹੈ। ਸੋ ਹਥਲੇ ਵਿਸ਼ੇ ’ਚ ਇੱਕ ਧਰਤੀ ’ਤੇ ਅਨੇਕਤਾ ਵਿੱਚ ਏਕਤਾ ਵਜੋਂ ਇੱਕ ਸੂਰਜ ਦੀ ਮਿਸਾਲ ਲਈ ਹੈ; ਇਉਂ ਹੀ ਆਕਾਰ/ਕੁਦਰਤਿ ਦੀ ਅਨੇਕਤਾ ’ਚ ਕਰਤਾਰ/ਜਗਤ ਰਚੇਤਾ ਇੱਕ ਹੈ, ਉਸੇ ‘ਕਰਤੇ ਕੀ ਕੀਰਤੀ’ ਕਰਨੀ ਹੈ, ਜੋ ਗਿਆਨ ਇੰਦ੍ਰਿਆਂ ਤੋਂ ਅਪਹੁੰਚ ਹੈ। ਅਪਰ-ਅਪਾਰ ਸ਼ਕਤੀ ਦਾ ਮਾਲਕ ਹੋਣ ਕਾਰਨ ਸਭ ਕੁੱਝ ਕਰਨ ਅਤੇ ਕਰਾਉਣਯੋਗ ਹੈ।