ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ

0
1077

ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ

ਕਿਰਪਾਲ ਸਿੰਘ ਬਠਿੰਡਾ 88378-13661

ਬਾਬਾ ਬੁੱਢਾ ਜੀ ਸਿੱਖ ਇਤਿਹਾਸ ਦੀ ਇੱਕ ਐਸੀ ਮਹਾਨ ਤੇ ਵਿਲੱਖਣ ਸ਼ਖ਼ਸੀਅਤ ਹਨ, ਜੋ 12 ਕੁ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਆਏ ਅਤੇ 113 ਸਾਲ ਤੱਕ ਗੁਰੂ ਘਰ ਦੀ ਅਥੱਕ ਸੇਵਾ ਕੀਤੀ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਗੋਬੰਦ ਸਾਹਿਬ ਜੀ ਤੱਕ; ਛੇ ਗੁਰੂ ਸਾਹਿਬਾਨ ਦੇ ਬਹੁਤ ਨੇੜੇ ਰਹਿ ਕੇ ਹੱਥੀਂ ਸੇਵਾ ਕੀਤੀ। ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤੋਂ ਛੇਵੇਂ ਪਾਤਸ਼ਾਹ; ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਭਾਵ ਪੰਜ ਗੁਰੂ ਸਾਹਿਬਾਨ ਨੂੰ ਆਪਣੇ ਹੱਥੀਂ ਗੁਰਿਆਈ ਦੀ ਜ਼ਿੰਮੇਵਾਰੀ ਸੌਂਪਣ ਸਮੇਂ ਅਹਿਮ ਸੇਵਾ ਨਿਭਾਉਣ ਦਾ ਮਾਣ ਪ੍ਰਾਪਤ ਹੈ। ਇਸ ਤੋਂ ਇਲਾਵਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨਾਈਆਂ। (ਗੁਰੂ) ਹਰਿਰਾਇ ਜੀ ਅਤੇ (ਗੁਰੂ) ਤੇਗ਼ ਬਹਾਦਰ ਜੀ ਨੂੰ ਬਚਪਨ ਵਿੱਚ ਗੋਦੀ ਚੁੱਕ ਕੇ ਖਿਡਾਇਆ ਹੈ, ਜੋ ਬਾਅਦ ’ਚ ਸਤਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਵਜੋਂ ਸਥਾਪਤ ਹੋਏ। ਬਾਬਾ ਜੀ ਨੂੰ (ਗੁਰੂ) ਗ੍ਰੰਥ (ਪੋਥੀ) ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ ਅਤੇ ਅੰਤਮ ਸੁਆਸ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥਾਂ ਵਿੱਚ ਲਿਆ।

ਆਪ ਨੂੰ ਇੱਕੋ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰੱਈਏ (ਮੋਢੀ), ਪ੍ਰਚਾਰਕ ਆਦਿ ਵਿਸ਼ੇਸ਼ਣਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਨੂੰ  ਤੈਥੋਂ ਓਹਲੇ ਨਹ ਹੋਸਾਂ ਅਤੇ ਗੁਰੂ ਅੰਗਦ ਸਾਹਿਬ ਨੇ ‘‘ਤਿਨ ਕਉ ਕਿਆ ਉਪਦੇਸੀਐ  ? ਜਿਨ ਗੁਰੁ ਨਾਨਕ ਦੇਉ ’’ (ਮਹਲਾ /੧੫੦) ਕਹਿ ਕੇ ਵਡਿਆਈ ਬਖ਼ਸ਼ੀ। ਗੁਰੂ ਅਮਰਦਾਸ ਜੀ ਨੇ ਇਨ੍ਹਾਂ ਨੂੰ ਸਿੱਖੀ ਦੀ ਸੀਮਾ (ਹੱਦ) ਕਿਹਾ। ਗੁਰੂ ਰਾਮਦਾਸ ਜੀ ਨੇ ਗੁਰਿਆਈ ਲੈਣ ਸਮੇਂ ਇਨ੍ਹਾਂ ਪਾਸੋਂ ਮਰਯਾਦਾ ਵਿਸਥਾਰ ਨਾਲ ਸਮਝੀ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਬਾ ਬੁੱਢਾ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂ ਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹੇ ’ਚ ਭਾਈ ਸੁੱਘਾ ਜੀ ਰੰਧਾਵਾ ਅਤੇ ਮਾਤਾ ਗੌਰਾਂ ਜੀ ਦੇ ਗ੍ਰਹਿ ੭ ਕੱਤਕ ੧੫੬੩ ਬਿਕ੍ਰਮੀ/6 ਅਕਤੂਬਰ 1506 ਜੂਲੀਅਨ ਨੂੰ ਹੋਇਆ ਅਤੇ ਦੇਹਾਂਤ ਰਮਦਾਸ ਵਿਖੇ ੧੪ ਮੱਘਰ ਬਿਕ੍ਰਮੀ ੧੬੮੮/13 ਨਵੰਬਰ 1631 ਜੂਲੀਅਨ ਨੂੰ ਹੋਇਆ। (ਨੋਟ: ਬਿਕ੍ਰਮੀ ਸੰਮਤ ਦੀਆਂ ਤਾਰੀਖ਼ਾਂ ਮਹਾਨਕੋਸ਼ ਵਿੱਚ ਦਰਜ ਹਨ ਅਤੇ ਜੂਲੀਅਨ ਤਾਰੀਖ਼ਾਂ ਇਸ ਲੇਖਕ ਵੱਲੋਂ ਤਬਦੀਲ ਕਰਕੇ ਲਿਖੀਆਂ ਹਨ) ਭਾਵ ਉਨ੍ਹਾਂ ਨੇ 125 ਸਾਲ ਇੱਕ ਮਹੀਨਾ ਸੱਤ ਦਿਨ ਦੀ ਲੰਬੀ ਸਰੀਰਕ ਉਮਰ ਭੋਗੀ। ਬਾਬਾ ਬੁੱਢਾ ਜੀ ਦੇ ਪਿਤਾ ਜੀ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ; ਬਹੁਤ ਹੀ ਭਜਨ ਬੰਦਗੀ ਕਰਨ ਵਾਲੀ ਰੂਹ ਸੀ, ਜਿਨ੍ਹਾਂ ਦਾ ਪ੍ਰਭਾਵ ਬਾਬਾ ਜੀ ਦੀ ਜ਼ਿੰਦਗੀ ’ਤੇ ਵੀ ਪਿਆ।  ਮਾਪਿਆਂ ਨੇ ਆਪ ਦਾ ਨਾਂ ਬੂੜਾ ਰੱਖਿਆ। ਆਪ ਦਾ ਬਚਪਨ ਕਥੂ ਨੰਗਲ ਵਿੱਚ ਬੀਤਿਆ ਤੇ ਬਾਅਦ ’ਚ ਸਾਰਾ ਪਰਿਵਾਰ ਰਮਦਾਸ ਪਿੰਡ ਵਿੱਚ ਆ ਗਿਆ।

ਇਕ ਦਿਨ ਬੂੜਾ ਜੀ ਮੱਝਾਂ ਚਾਰਦੇ-ਚਾਰਦੇ ਖੇਤਾਂ ਵੱਲ ਗਏ ਤਾਂ ਇਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ। ਉਸ ਵੇਲੇ ਇਨ੍ਹਾਂ ਦੀ ਉਮਰ ਕੇਵਲ 12 ਕੁ ਸਾਲ ਦੀ ਸੀ। ਪ੍ਰੇਮ ਭਾਵ ਵਜੋਂ ਗੁਰੂ ਜੀ ਨੂੰ ਮੱਝ ਦਾ ਦੁੱਧ ਚੋਅ ਕੇ ਭੇਟ ਕੀਤਾ ਤੇ ਪੁੱਛਿਆ ਬਾਬਾ ਜੀ ! ਮੈਨੂੰ ਮੌਤ ਤੋਂ ਬਹੁਤ ਡਰ ਲਗਦਾ ਹੈ। ਕੋਈ ਇਹੋ ਜਿਹਾ ਰਸਤਾ ਦੱਸੋ, ਜਿਸ ਨਾਲ ਮੌਤ ਦਾ ਡਰ ਦੂਰ ਹੋਵੇ ਤੇ ਮਨ ਨੂੰ ਸ਼ਾਂਤੀ ਮਿਲੇ। ਇਹ ਸ਼ਬਦ ਸੁਣ ਕੇ ਗੁਰੂ ਜੀ ਨੇ ਕਿਹਾ ਕਾਕਾ ! ਹਾਲੀ ਤੂੰ ਬੱਚਾ ਹੈਂ। ਤੈਨੂੰ ਮੌਤ ਤੋਂ ਇੰਨੀ ਜਲਦੀ ਡਰ ਕਿਉਂ ਲੱਗ ਪਿਆ  ? ਤਾਂ ਜਵਾਬ ਵਿੱਚ ਇਨ੍ਹਾਂ ਕਿਹਾ ਕਿ ਮੇਰੀ ਮਾਤਾ ਜੀ ਜਦ ਚੁੱਲ੍ਹੇ ਵਿੱਚ ਅੱਗ ਬਾਲਦੀ ਹੈ ਤਾਂ ਮੋਟੀਆਂ ਲਕੜਾਂ ਦੇ ਨਾਲ ਕੁਝ ਬਰੀਕ-ਬਰੀਕ ਲਕੜੀਆਂ ਦੇ ਤੀਲੇ ਵੀ ਪਾਉਂਦੀ ਹੈ। ਮੈਂ ਵੇਖਦਾ ਹਾਂ ਕਿ ਛੋਟੀਆਂ ਤੇ ਬਰੀਕ ਲੱਕੜਾਂ ਨੂੰ ਅੱਗ ਪਹਿਲੋਂ ਲਗਦੀ ਹੈ ਅਤੇ ਮੋਟੀਆਂ ਨੂੰ ਬਾਅਦ ਵਿੱਚ ਉਸ ਨੂੰ ਵੇਖ ਕੇ ਮੈਨੂੰ ਡਰ ਲਗਦਾ ਹੈ ਕਿ ਕਦੀ ਬੁੱਢਿਆਂ ਨਾਲੋਂ ਪਹਿਲਾਂ ਮੇਰੀ ਮੌਤ ਹੀ ਨਾ ਆ ਜਾਵੇ।

ਇੰਨੀ ਛੋਟੀ ਉਮਰ ਦੇ ਬੱਚੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਜੀ ਨੇ ਪੁੱਛਿਆ ਭਾਈ ! ਤੇਰਾ ਨਾਂ ਕੀ ਏ ? ਉਨ੍ਹਾਂ ਜਵਾਬ ਦਿੱਤਾ ਕਿ ਮੇਰਾ ਨਾਂ ਬੂੜਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਤੇਰੀ ਉਮਰ ਤਾਂ ਬਹੁਤ ਛੋਟੀ ਹੈ ਪਰ ਤੇਰੀ ਗੱਲ ਬਾਤ ਬੁੱਢਿਆਂ ਵਰਗੀ ਹੈ, ‘ਤੂੰ ਬੂੜਾ ਨਹੀਂ, ਬੁੱਢਾ ਹੈਂ ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ, ਜੋ ਸਿੱਖ ਕੌਮ ਵਿੱਚ ਸਤਿਕਾਰ ਨਾਲ ਬਾਬਾ ਬੁੱਢਾ ਜੀ ਕਿਹਾ ਜਾਣ ਲੱਗਾ।  ਗੁਰੂ ਨਾਨਕ ਸਾਹਿਬ ਜੀ ਨੇ ਬਾਲ ਬੂੜਾ ਜੀ ਨੂੰ ਮੌਤ ਦਾ ਡਰ ਦੂਰ ਕਰਨ ਅਤੇ ਮਨ ਦੀ ਸ਼ਾਂਤੀ ਲਈ ਜੋ ਸਿੱਖਿਆ ਦਿੱਤੀ ਉਸੇ ਸਿੱਖਿਆ ਦੇ ਪ੍ਰਚਾਰ ਹਿੱਤ ਗ੍ਰਹਿਸਤੀ ਜੀਵਨ ਹੋਣ ਦੇ ਬਾਵਜੂਦ ਉਨ੍ਹਾਂ ਪੂਰੇ ਏਸ਼ੀਆ ਵਿੱਚ ਲੰਬੇ ਪ੍ਰਚਾਰਕ ਦੌਰੇ ਕੀਤੇ ਸਨ। ਉਹ ਸਿੱਖਿਆ ‘‘ਸਾਝੀ ਸਗਲ ਜਹਾਨੈ’’ ਹੈ, ਜਿਸ ਨੂੰ ਬਾਬਾ ਬੁੱਢਾ ਜੀ ਨੇ ਐਸਾ ਧਾਰਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਬਣ ਗਏ ਅਤੇ ਆਪਣੀ ਉਮਰ ਦੇ ਬਾਕੀ 113 ਸਾਲ ਗੁਰੂ ਘਰ ਨੂੰ ਹੀ ਸਮਰਪਿਤ ਕਰ ਦਿੱਤੇ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ‘ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ’ ਦੇ ਉਪਦੇਸ਼ ਨੂੰ ਬੜੀ ਸ਼ਰਧਾ ਨਾਲ ਕਮਾਇਆ। ਮੌਤ ਦਾ ਡਰ ਦੂਰ ਕਰਨ ਅਤੇ ਮਨ ਦੀ ਸ਼ਾਂਤੀ ਲਈ ਜਿਹੜੀ ਸਿੱਖਿਆ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਉਸ ਦੀ ਕਮਾਈ ਨਾਲ ਬਣੇ ਆਦਰਸ਼ ਜੀਵਨ ਦੇ ਪ੍ਰਤੱਖ ਦਰਸ਼ਨ ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਸਮੇਤ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਭਾਈ ਮੋਤੀ ਰਾਮ ਮਹਿਰਾ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ/ਭਾਈ ਸ਼ਹਿਬਾਜ਼ ਸਿੰਘ ਜੀ ਸਮੇਤ ਅਨੇਕਾਂ ਹੋਰ ਸਿੰਘ ਸਿੰਘਣੀਆਂ ਦੀਆਂ ਸ਼ਹੀਦੀਆਂ ਦੇ ਦਿਲ ਕੰਬਾਊ ਦ੍ਰਿਸ਼ਾਂ ਵਿੱਚ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਆਪਣੇ ’ਤੇ ਵਾਪਰ ਰਹੇ ਭਿਆਨਕ ਤਸੀਹਿਆਂ ਵਾਲੀ ਮੌਤ ਦਾ ਵੀ ਕੋਈ ਡਰ; ਡਰਾ ਨਾ ਸਕਿਆ ਅਤੇ ਸ਼ਾਂਤ-ਚਿੱਤ ਹੋ ਕੇ ‘‘ਤੇਰਾ ਕੀਆ ਮੀਠਾ ਲਾਗੈ ॥  ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ ॥’’ (ਮਹਲਾ ੫/੩੯੪) ਪੜ੍ਹਦੇ ਰਹੇ।

ਬਾਬਾ ਬੁੱਢਾ ਜੀ ਦਾ ਵਿਆਹ 1590 ਨੂੰ ਅਚੱਲ ਪਿੰਡ ਦੇ ਜ਼ਿਮੀਂਦਾਰ ਦੀ ਲੜਕੀ ਮਿਰੋਆ ਨਾਲ ਹੋਇਆ। ਆਪ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਹਨ ‘ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਅਤੇ ਭਾਈ ਭਾਨਾ ਜੀ’। ਕੁਝ ਸਮੇਂ ਬਾਅਦ ਆਪ ਜੀ ਦੇ ਪਿਤਾ; ਅਚਾਨਕ ਚਲਾਣਾ ਕਰ ਗਏ। ਉਨ੍ਹਾਂ ਤੋਂ ਕੁਝ ਸਮੇਂ ਬਾਅਦ ਹੀ ਮਾਤਾ ਗੌਰਾਂ ਜੀ ਵੀ ਚੜ੍ਹਾਈ ਕਰ ਗਏ। ਬਾਬਾ ਬੁੱਢਾ ਜੀ ਗੁਰੂ-ਘਰ ਵਿੱਚ ਆ ਗਏ। ਬਾਬਾ ਬੁੱਢਾ ਜੀ ਨੇ ਆਪਣੇ ਗ੍ਰਹਿਸਤੀ ਜੀਵਨ ਅਤੇ ਗੁਰੂ ਘਰ ਦੀ ਸੇਵਾ ਦਾ ਕੰਮ ਪੂਰੀ ਸ਼ਰਧਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ। ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਬਾਅਦ ਕਰਤਾਰ ਪੁਰ ਆ ਟਿਕੇ ਤਾਂ ਬਾਬਾ ਬੁੱਢਾ ਜੀ ਵੀ ਆਪਣੇ ਪਰਿਵਾਰ ਸਮੇਤ ਕਰਤਾਰ ਪੁਰ ਵਿਖੇ ਗੁਰੂ-ਘਰ ਦੀ ਸੇਵਾ ਲਈ ਪੁੱਜ ਗਏ।

ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ (6 ਕੁ ਮਹੀਨੇ) ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਆਪ ਨੂੰ ਇਕਾਂਤ ’ਚ ਰੱਖਿਆ । ਸੰਗਤਾਂ; ਗੁਰੂ ਦੀ ਤਲਾਸ਼ ਕਰਦੀਆਂ ਬਾਬਾ ਬੁੱਢਾ ਜੀ ਕੋਲ ਪਹੁੰਚੀਆਂ। ਗੁਰੂ ਨਾਨਕ ਸਾਹਿਬ ਜੀ ਦਾ ਵੀ ਆਪ ਨੂੰ ਆਸ਼ੀਰਵਾਦ ਸੀ ਕਿ ਤੇਥੋਂ ਉਹਲੇ ਨਾ ਹੋਸਾਂ  ਬਾਬਾ ਬੁੱਢਾ ਜੀ ਖਡੂਰ ਸਾਹਿਬ ਜਾ ਕੇ ਮਾਈ ਵਿਰਾਈ ਜੀ, ਜੋ ਗੁਰੂ ਸਾਹਿਬ ਜੀ ਦੀ ਭੂਆ ਲਗਦੇ ਸਨ, ਦੇ ਘਰ ਪੁੱਜੇ। ਗੁਰੂ ਸਾਹਿਬ ਭਗਤੀ ਵਿੱਚ ਲੀਨ ਸਨ; ਦਰਵਾਜ਼ੇ ’ਤੇ ਲਿਖਿਆ ਸੀ ਕਿ ਬੂਹਾ ਨਾ ਖੋਲ੍ਹਣਾ। ਬਾਬਾ ਬੁੱਢਾ ਜੀ; ਦਰਵਾਜ਼ਾ ਖੋਲ੍ਹੇ ਬਿਨਾਂ, ਪਿਛਲੇ ਪਾਸਿਓਂ ਅੰਦਰ ਚਲੇ ਗਏ ਤੇ ਸਤਿਗੁਰੂ ਜੀ ਸਾਮ੍ਹਣੇ ਸੰਗਤਾਂ ਦੀ ਭਾਵਨਾ ਪ੍ਰਗਟ ਕੀਤੀ ਤੇ ਗੁਰੂ ਜੀ ਬਾਹਰ ਆ ਗਏ । ਇਸ ਤੋ ਬਾਅਦ ਗੁਰੂ ਸਾਹਿਬਾਨ ਨੇ ਆਪਣਾ ਕੇਂਦਰ ਖਡੂਰ ਸਾਹਿਬ ਵਿੱਚ ਹੀ ਸਥਾਪਤ ਕੀਤਾ। ਬਾਬਾ ਬੁੱਢਾ ਜੀ ਵੀ ਖਡੂਰ ਸਾਹਿਬ ਆ ਗਏ; ਇੱਥੇ ਗੁਰੂ ਜੀ ਦੇ ਹੁਕਮ ਅਨੁਸਾਰ ਆਪ ਨੇ ਗੁਰਮੁਖੀ ਲਿਪੀ ਪੜ੍ਹਾਉਣੀ ਅਤੇ ਲੰਗਰ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ।

ਜਦੋਂ ਗੁਰੂ ਅਮਰਦਾਸ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਇਕ ਦਿਨ ਦਰਬਾਰ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ 15 ਕੁ ਸਾਲਾਂ ਦੇ ਪੁੱਤਰ ਬਾਬਾ ਦਾਤੂ ਜੀ ਨੇ ਗੁਰੂ ਸਾਹਿਬ ਜੀ ਨੂੰ ਲੱਤ ਮਾਰਦਿਆਂ ਕਿਹਾ ਕਿ ਤੂੰ ਤਾਂ ਸਾਡਾ ਨੌਕਰ ਹੈਂ, ਹੁਣ ਤੇਰੀ ਸਾਨੂੰ ਲੋੜ ਨਹੀਂ। ਨਿਮਰਤਾ ਦੇ ਪੁੰਜ ਸਤਿਗੁਰੂ ਜੀ ਨੇ ਬੁਰਾ ਮਨਾਉਣ ਦੀ ਬਜਾਇ ਕਿਹਾ ਮੇਰੀਆਂ ਬੁੱਢੀਆਂ ਹੱਡੀਆਂ ਹਨ, ਕਿਤੇ ਤੁਹਾਨੂੰ ਚੁਭੀਆਂ ਤਾਂ ਨਹੀਂ। ਦੂਜੇ ਦਿਨ ਗੁਰੂ ਸਾਹਿਬ ਓਥੋਂ ਪਿੰਡ ਬਾਸਰਕੇ ਆ ਗਏ। ਸੰਗਤਾਂ; ਗੁਰੂ ਪਾਤਸ਼ਾਹ ਦੇ ਦਰਸ਼ਨ ਤੋਂ ਬਿਨਾਂ ਵਿਆਕੁਲ ਹੋ ਗਈਆਂ। ਉਹ, ਬਾਬਾ ਬੁੱਢਾ ਜੀ ਕੋਲ ਆਈਆਂ।  ਬਾਬਾ ਬੁੱਢਾ ਜੀ ਦੀ ਵਿਉਂਤ ਅਨੁਸਾਰ ਗੁਰੂ ਅਮਰਦਾਸ ਜੀ ਦੀ ਘੋੜੀ ਲਈ ਤੇ ਉਸ ਦੇ ਪਿੱਛੇ ਪਿੱਛੇ ਆਪ ਤੁਰ ਪਏ। ਘੋੜੀ ਬਾਸਰਕੇ ਇੱਕ ਮਕਾਨ ਅੱਗੇ ਜਾ ਰੁਕੀ। ਜਿੱਥੇ ਦਰਵਾਜ਼ੇ ’ਤੇ ਲਿਖਿਆ ਸੀ ਕਿ ਬੂਹਾ ਨਾ ਖੋਲ੍ਹਣਾ। ਬਾਬਾ ਬੁੱਢਾ ਜੀ; ਪਿਛਲੇ ਪਾਸਿਓਂ ਮੋਘਰਾ ਕਰ ਅੰਦਰ ਗਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ’ਤੇ ਢਹਿ ਪਏ। ਗੁਰੂ ਸਾਹਿਬਾਨ ਨੇ ਘੁੱਟ ਕੇ ਜੱਫੀ ਪਾਉਂਦਿਆਂ ਸੰਗਤ ਦਾ ਖੇਵਟ, ਸਿੱਖੀ ਦੀ ਹੱਦ ਕਹਿ ਕੇ ਨਿਵਾਜਿਆ। ਜਦ ਗੁਰੂ ਸਾਹਿਬ ਨੇ ਗੋਇੰਦਵਾਲ ਸ਼ਹਿਰ ਵਸਾਇਆ ਤਾਂ ਸੁੱਚ-ਭਿੱਟ ਨੂੰ ਖ਼ਤਮ ਕਰਨ ਲਈ 1552 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ 84 ਪਉੜੀਆਂ ਵਾਲੀ ਬਾਉਲੀ ਦਾ ਨਿਰਮਾਣ ਕੀਤਾ ਜਿਸ ਦਾ ਟੱਕ ਬਾਬਾ ਬੁੱਢਾ ਜੀ ਨੇ ਲਗਾਇਆ। ਆਮ ਜਨਤਾ ਨਾਲ ਸਾਂਝੇ ਲੰਗਰ ਅਤੇ ਸਾਂਝੇ ਇਸ਼ਨਾਨ ਘਰ ਵਜੋਂ ਬਾਉਲੀਆਂ ਬਣਾਣ ਦੇ ਵਿਰੋਧੀ (ਪੰਡਿਤ) ਭੜਕ ਗਏ। ਉਨ੍ਹਾਂ ਨੇ ਅਕਬਰ ਕੋਲ ਜਾ ਸ਼ਿਕਾਇਤ ਕੀਤੀ ਕਿ ਸਾਡਾ ਧਰਮ ਭਰਿਸ਼ਟ ਕਰ ਦਿੱਤਾ ਹੈ। ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਜੇਠਾ ਜੀ ਨੂੰ ਅਕਬਰ ਦੇ ਸ਼ੰਕਿਆਂ ਦਾ ਨਿਵਾਰਨ ਕਰਨ ਲਈ ਆਗਰੇ ਭੇਜਿਆ। ਇਨ੍ਹਾਂ ਦੋਵਾਂ ਪਾਸੋਂ ਸਮਝੇ ਗਏ ਗੁਰੂ ਸਿਧਾਂਤ ਤੋਂ ਪ੍ਰਭਾਵਤ ਹੋ ਕੇ ਅਕਬਰ ਬਾਦਸ਼ਾਹ ਖ਼ੁਦ ਗੁਰੂ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਆਏ ਅਤੇ ਪੰਗਤ ’ਚ ਬਹਿ ਕੇ ਲੰਗਰ ਛਕਿਆ। ਅਕਬਰ ਨੇ ਲੰਗਰ ਵਾਸਤੇ ਜਾਗੀਰ ਦੇਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਲੰਗਰ ਨੂੰ ਸੰਗਤ ਦਾ ਉਪਰਾਲਾ ਕਹਿ ਕੇ ਮਨ੍ਹਾ ਕਰ ਦਿੱਤਾ। ਬਾਬਾ ਬੁੱਢਾ ਜੀ ਨੇ ਮਾਤਾ ਖੀਵੀ ਜੀ ਨਾਲ ਮਿਲ ਕੇ ਖਡੂਰ ਸਾਹਿਬ ਵਿਖੇ ਲੰਗਰਾਂ ’ਚ ਲੰਬੇ ਸਮੇਂ ਤੱਕ ਇਕੱਠਿਆਂ ਸੇਵਾ ਕੀਤੀ।

ਗੁਰੂ ਅਮਰਦਾਸ ਜੀ ਨੇ ਜਦੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਯਮਬੱਧ ਤਰੀਕੇ ਨਾਲ 22 ਮੰਜੀਆਂ ਦੀ ਸਥਾਪਨਾ ਕੀਤੀ ਤਾਂ ਇਨ੍ਹਾਂ ਦੇ ਪ੍ਰਮੁੱਖ ਪ੍ਰਬੰਧ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫ਼ਤਹਿ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਵਜੋਂ ਦਿੱਤੇ ਗਏ ਸਨ। ਬਾਬਾ ਬੁੱਢਾ ਜੀ ਨੂੰ ਇਸ ਜਾਗੀਰ ਦਾ ਕਾਰ ਮੁਖ਼ਤਾਰ ਬਣਾ ਕੇ ਉੱਥੇ ਸੇਵਾ ਨਿਭਾਉਣ ਦਾ ਹੁਕਮ ਦਿੱਤਾ ਗਿਆ ਸੀ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਵਿੱਚ ਇੱਕ ਵੀਰਾਨ ਜਿਹੇ ਅਸਥਾਨ ’ਤੇ ਡੇਰਾ ਜਾ ਲਾਇਆ। ਬਾਬਾ ਜੀ; ਗੁਰੂ ਘਰ ਦਾ ਮਾਲ ਡੰਗਰ ਚਾਰਿਆ ਕਰਦੇ ਸਨ।  ਇਸ ਨੂੰ ਬੀੜ ਵਜੋਂ ਜਾਣਿਆ ਜਾਂਦਾ ਰਿਹਾ ਹੈ।  ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਇਸ ਬੀੜ ਵਿੱਚ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰਿਆ।  ਉਹ ਘਾਹ ਖੋਤ ਕੇ ਗੁਰੂ ਘਰ ਦੇ ਘੋੜਿਆਂ, ਗਊਆਂ, ਮੱਝਾਂ ਆਦਿ ਨੂੰ ਪਾਇਆ ਕਰਦੇ ਸਨ।  ਉਹ ਆਪਣੇ ਆਪ ਨੂੰ ਗੁਰੂ ਘਰ ਦਾ ਘਾਹੀ (ਘਾਹ ਖੋਤਣ ਵਾਲਾ) ਕਿਹਾ ਕਰਦੇ ਸਨ।  ਇਸ ਬੀੜ ਦਾ ਨਾਂ ਬਾਬਾ ਬੁੱਢਾ ਜੀ ਦੀ ਬੀੜ ਜਾਂ ਬੀੜ ਬਾਬਾ ਬੁੱਢਾ ਸਾਹਿਬ ਪੈ ਗਿਆ। ਇਸ ਨਾਂ ਦਾ ਏਥੇ ਇਤਿਹਾਸਕ ਗੁਰਦੁਆਰਾ ਵੀ ਬਣਵਾਇਆ ਗਿਆ ਹੈ। ਜਦ ਗੁਰੂ ਅਮਰਦਾਸ ਜੀ ਦੀ ਨਿਸ਼ਾਨਦੇਹੀ ’ਤੇ ਅੰਮ੍ਰਿਤਸਰ ਵਿਖੇ ਪ੍ਰਚਾਰ ਦਾ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣੀ ਤਾਂ ਸ਼ਹਿਰ ਵਸਾਉਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਹੀ ਮੋੜ੍ਹੀ ਗੱਡੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਸਾਹਿਬਾਨ ਦੀਆਂ ਆਖ਼ਰੀ ਰਸਮਾਂ ਬਾਬਾ ਬੁਢਾ ਜੀ ਨੇ ਹੀ ਆਪਣੇ ਹੱਥੀਂ ਨਿਭਾਈਆਂ ।

ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤ ਸਰੋਵਰ ਦੀ ਖੁਦਵਾਈ ਬਾਬਾ ਬੁੱਢਾ ਜੀ ਦੇ ਹੱਥੋਂ ਆਰੰਭ ਕਰਵਾਈ ਗਈ ਅਤੇ ਬਾਅਦ ’ਚ ਸਾਰੀ ਕਾਰ ਸੇਵਾ ਇਨ੍ਹਾਂ ਦੀ ਦੇਖ-ਰੇਖ ’ਚ ਚਲਦੀ ਰਹੀ। ਗੁਰੂ ਰਾਮਦਾਸ ਜੀ; ਆਪਣੇ ਤਿੰਨਾਂ ਪੁੱਤਰਾਂ ਦੇ ਸੁਭਾਅ ਅਤੇ ਕਰਮ ਸਮਝ ਚੁੱਕੇ ਸਨ। ਭਾਵੇਂ ਕਿ ਗੁਰੂ ਰਾਮਦਾਸ ਜੀ ਦੀ ਪਾਰਖੂ ਦ੍ਰਿਸ਼ਟੀ ਤੋਂ ਕੁਝ ਛੁਪਿਆ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ 75 ਸਾਲ ਦੇ ਬਜ਼ੁਰਗ ਹੋ ਚੁੱਕੇ ਬਾਬਾ ਜੀ ਪਾਸੋਂ ਉੱਤਰਾਧਿਕਾਰੀ ਚੁਣਨ ਬਾਰੇ ਰਾਇ ਜਾਣੀ ਤਾਂ ਬਾਬਾ ਬੁੱਢਾ ਜੀ ਨੇ ਨਿਮਰਤਾ ਸਹਿਤ ਕਿਹਾ, ‘ਪ੍ਰਿਥੀ ਚੰਦ ਛਲ ਤੇ ਬਲ ਕਰਕੇ ਗੱਦੀ ਲੋਚਦਾ ਹੈ, ਉਸ ਦੀਆਂ ਹੱਡੀਆਂ ਵਿਚ ਸੇਵਾ ਨਹੀਂ ਸਾਰੇ ਗੁਣ ਅਰਜਨ ਦੇਵ ਵਿਚ ਹਨ, ਉਨ੍ਹਾ ਦੇ ਟਾਕਰੇ ਹੋਰ ਕੋਈ ਨਹੀਂ ਗੁਰੂ ਜੀ ਤਾਂ ਪਹਿਲਾਂ ਹੀ ਗੁਰਿਆਈ; ਗੁਰੂ ਅਰਜਨ ਸਾਹਿਬ ਜੀ ਨੂੰ ਦੇਣ ਦਾ ਫ਼ੈਸਲਾ ਲਈ ਬੈਠੇ ਸਨ ਹੁਣ ਉਨ੍ਹਾਂ ਦੇ ਨਾਮ ਉੱਤੇ ਪੱਕੀ ਮੋਹਰ ਲੱਗ ਗਈ।

ਗੁਰੂ ਰਾਮਦਾਸ ਜੀ ਸਤੰਬਰ 1581 ਵਿੱਚ ਜੋਤੀ ਜੋਤ ਸਮਾ ਗਏ। ਦੋ ਪੱਗਾਂ ਦੇਣ ਦਾ ਫ਼ੈਸਲਾ ਹੋਇਆ। ਵੱਡਾ ਪੁੱਤਰ ਜਾਣ ਕੇ ਇੱਕ ਪੱਗ ਸਤਿਕਾਰ ਵਜੋਂ 23 ਸਾਲ ਦੇ ਪ੍ਰਿਥੀ ਚੰਦ ਲਈ ਅਤੇ ਦੂਸਰੀ ਗੁਰਗੱਦੀ ਵਜੋਂ 18 ਸਾਲ ਦੇ ਗੁਰੂ ਅਰਜਨ ਸਾਹਿਬ ਲਈ। ਜਦ ਦੂਸਰੀ ਪੱਗ ਗੁਰੂ ਅਰਜਨ ਦੇਵ ਜੀ ਦੇ ਸੀਸ ’ਤੇ ਰੱਖਣ ਲੱਗੇ ਤਾਂ ਪ੍ਰਿਥੀਚੰਦ ਨੇ ਆਪਣੇ ਆਪ ਨੂੰ ਵੱਡਾ ਅਤੇ ਸਿਆਣਾ ਸਮਝਦਿਆਂ ਉਹ ਪੱਗ ਵੀ ਖੋਹ ਲਈ। ਗੁਰੂ ਅਰਜਨ ਦੇਵ ਜੀ ਤਾਂ ਸ਼ਾਂਤ ਰਹੇ ਪਰ ਸੰਗਤਾਂ ’ਤੇ ਇਸ ਦਾ ਬਹੁਤ ਬੁਰਾ ਅਸਰ ਪਿਆ। ਬਾਬਾ ਬੁੱਢਾ ਜੀ ਨੇ ਸਖ਼ਤ ਅੰਦਾਜ਼ ਨਾਲ ਉਸ ਨੂੰ ਸਮਝਾਇਆ ਕਿ ਗੁਰਿਆਈ; ਵਿਰਾਸਤ ਨਹੀਂ ਹੁੰਦੀ। ਇਹ ਜ਼ਿੰਮੇਵਾਰੀ ਕਰਤਾਰ ਦੇ ਹੁਕਮ ’ਚ ਧੁਰੋਂ ਲਿਖੀ ਹੁੰਦੀ ਹੈ। ਸੋ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਗਈ।

ਕੁਝ ਦਿਨ ਚੁੱਪ ਰਹਿ ਕੇ ਪ੍ਰਿਥੀ ਚੰਦ ਨੇ ਆਪਣੇ ਭੈੜੇ ਮਨਸੂਬੇ ਫਿਰ ਜਾਰੀ ਕਰ ਦਿੱਤੇ। ਅੰਮ੍ਰਿਤਸਰ ਦੀ ਇੱਕ ਕਿਸਮ ਨਾਲ ਨਾਕਾਬੰਦੀ ਕਰ ਦਿੱਤੀ ਗਈ। ਮਸੰਦਾਂ ਨੂੰ ਗੁਰੂ ਦਰਬਾਰ ਦੇ ਰਾਹ ਵਿੱਚ ਬਿਠਾ ਦਿੱਤਾ ਤਾਂ ਜੋ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਸੰਗਤਾਂ ਤੋਂ ਭੇਟਾ ਲੈ ਕੇ ਬਾਅਦ ’ਚ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਭੇਜ ਦਿੱਤਾ ਜਾਵੇ। ਗੁਰੂ ਘਰ ’ਚ ਮਾਇਆ ਦੀ ਘਾਟ ਕਾਰਨ ਲੰਗਰ ਛੋਲਿਆਂ ਤੱਕ ਸੀਮਤ ਰਹਿ ਗਿਆ ਪਰ ਗੁਰੂ ਸਾਹਿਬਾਨ ਫਿਰ ਵੀ ਅਡੋਲ ਤੇ ਸ਼ਾਂਤ ਰਹੇ। ਆਗਰੇ ਤੋਂ ਵਾਪਸ ਆਉਣ ’ਤੇ ਜਦ ਬਾਬਾ ਬੁੱਢਾ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਈ ਗੁਰਦਾਸ ਜੀ ਸਮੇਤ ਦੋਵੇਂ ਤਰਫ਼ ਲਗਾਏ ਜਾਂਦੇ ਦਰਬਾਰਾਂ ਦੀ ਹੱਦ ’ਤੇ ਆਸਣ ਲਗਾ ਲਏ। ਦੂਰੋਂ ਆ ਰਹੀਆਂ ਸੰਗਤਾਂ ਨੂੰ ਹਕੀਕਤ ਤੋਂ ਜਾਣੂ ਕਰਵਾਉਂਦੇ ਗਏ। ਇਉਂ ਪ੍ਰਿਥੀ ਚੰਦ ਦੇ ਮਨਸੂਬੇ ਕਾਮਯਾਬ ਨਾ ਹੋਣ ਦਿੱਤੇ ਗਏ।

ਅੰਮ੍ਰਿਤਸਰ ਸਰੋਵਰ ਅਤੇ ਹਰਿਮੰਦਰ ਸਾਹਿਬ ਦੀ ਸੇਵਾ ’ਚ ਬਾਬਾ ਜੀ ਦੇ ਪੁੱਤ-ਪੋਤਰਿਆਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ।  ਸਰੋਵਰ ਦੀ ਖੁਦਾਈ ਸਮੇਂ ਬਾਬਾ ਜੀ ਪਰਕਰਮਾ ਵਿੱਚ ਬੇਰੀ ਹੇਠ ਬੈਠ ਸਾਰੀ ਨਿਗਰਾਨੀ ਰੱਖਦੇ। ਇਸ ਬੇਰੀ ਨੂੰ ਅੱਜ ਬੇਰ ਬਾਬਾ ਬੁੱਢਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿੱਥੇ ਬੈਠ ਕਾਮਿਆਂ ਨੂੰ ਤਨਖ਼ਾਹਾਂ ਦੇਣੀਆਂ, ਲੇਖਾ-ਜੋਖਾ ਕਰਨਾ ਅਤੇ ਕਾਰ ਸੇਵਾ ’ਚ ਆਪ ਵੀ ਹੱਥ ਵਟਾਉਂਦੇ ਰਹਿੰਦੇ।

ਜਦ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰ ਕੇ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤਾਂ ਆਪ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਆਦਿ ਗ੍ਰੰਥ ਸਾਹਿਬ ਦਾ ਪਹਿਲਾ ਆਇਆ ਵਾਕ ‘‘ਸੰਤਾ ਕੇ ਕਾਰਜਿ ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ’’ (ਮਹਲਾ /੭੮੩ਗੁਰੂ ਸਾਹਿਬਾਨ ਦੇ ਸਨਮੁਖ;  ਸੰਗਤਾਂ ’ਚ ਬਾਬਾ ਬੁੱਢਾ ਜੀ ਦੁਆਰਾ ਪੜ੍ਹਿਆ ਗਿਆ।

ਆਪ ਜੀ ਦਾ ਗੁਰੂ ਘਰ ਵਿੱਚ ਇੰਨਾ ਮਾਣ ਸਤਿਕਾਰ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ, ਬਾਲਕ ਹਰਿਗੋਬਿੰਦ ਸਾਹਿਬ ਜੀ ਦੀ ਸ਼ਸਤਰ ਕਲਾ ਅਤੇ ਪੜ੍ਹਾਈ ਦਾ ਜ਼ਿੰਮਾ ਆਪ ਜੀ ਦੇ ਸਪੁਰਦ ਕੀਤਾ।  ਆਪ ਨੇ ਬਾਲਕ ਹਰਿਗੋਬਿੰਦ ਜੀ ਨੂੰ ਗੁਰਮੁਖੀ, ਗੁਰਬਾਣੀ ਅਤੇ ਗੁਰ-ਇਤਿਹਾਸ ਦੀ ਪੜ੍ਹਾਈ ਦੇ ਨਾਲ-ਨਾਲ ਘੋੜ ਸਵਾਰੀ, ਸ਼ਸਤਰਾਂ ਦੀ ਵਰਤੋਂ, ਕੁਸ਼ਤੀ (ਘੋਲ਼) ਆਦਿਕ ’ਚ ਨਿਪੁੰਨ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸਿਖਲਾਈ ਅਤੇ ਪੜ੍ਹਾਈ ਵੀ ਬਾਬਾ ਜੀ ਨੂੰ ਸੌਂਪੀ ਗਈ ਸੀ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਮਿਲਣ ਤੋਂ ਲੈ ਕੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਸਮੇਂ ਤੱਕ ਬਾਬਾ ਬੁੱਢਾ ਜੀ ਨੇ ਅੱਗੇ ਹੋ ਕੇ ਬਣਦਾ ਫ਼ਰਜ਼ ਅਦਾ ਕੀਤਾ।  1608 ਈਸਵੀ ਵਿੱਚ ਅਕਾਲ ਬੁੰਗਾ (ਅਕਾਲ ਤਖ਼ਤ ਸਾਹਿਬ) ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਪਾਸੋਂ ਰਖਵਾਇਆ। ਇਸ ਦੀ ਮੁਕੰਮਲ ਉਸਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕਰਵਾਈ। ਗੁਰੂ ਘਰ ਦਾ ਵਧਦਾ ਸਤਿਕਾਰ ਵੇਖ ਜਹਾਂਗੀਰ ਨੇ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਕਰਨ ਦਾ ਫ਼ੈਸਲਾ ਲਿਆ ਤਾਂ ਬਾਅਦ ’ਚ ਸਿੱਖ-ਸੰਗਤ ਦੀ ਅਗਵਾਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਬਾਖ਼ੂਬੀ ਨਿਭਾਈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹਰ ਇਲਾਕੇ ’ਚ ਜਾ ਕੇ ਸਿੱਖਾਂ ਦੇ ਮਨੋਬਲ ਨੂੰ ਕਾਇਮ ਰੱਖਿਆ।  ਕੁਝ ਸਮੇਂ ਬਾਅਦ ਗੁਰੂ ਜੀ ਦੀ ਖ਼ਬਰ ਸੁਰਤ ਲਿਆਉਣ ਵਾਸਤੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗਵਾਲੀਅਰ ਭੇਜਿਆ।  ਉਹ ਜਾ ਕੇ ਗੁਰੂ ਜੀ ਨੂੰ ਮਿਲੇ ਅਤੇ ਸੰਗਤਾਂ ਲਈ ਸੁਨੇਹਾ ਲੈ ਕੇ ਵਾਪਸ ਆਏ। ਇਸ ਤੋਂ ਬਾਅਦ ਬਾਬਾ ਬੁੱਢਾ ਜੀ ਦੀ ਅਗਵਾਈ ’ਚ ਸੰਗਤਾਂ ਨਿਰੰਤਰ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦੀਆਂ ਕਰਦੀਆਂ ਗਵਾਲੀਅਰ ਦੇ ਕਿਲ੍ਹੇ ਦੀਆਂ ਪਰਕਰਮਾ ਕਰਦੀਆਂ ਅਤੇ ਵਾਪਸ ਅੰਮ੍ਰਿਤਸਰ ਪਰਤ ਆਉਂਦੀਆਂ। ਇਸ ਤਰ੍ਹਾਂ ਗੁਰੂ-ਜਸ ਦੂਰ ਦੂਰ ਤੱਕ ਫੈਲ ਗਿਆ। ਤਦ ਤੋਂ ਇਹ ਰੀਤ ਦਰਬਾਰ ਸਾਹਿਬ ਵਿਖੇ ਸੁੱਖ-ਆਸਨ ਵੇਲੇ ਕੀਰਤਨ ਚੌਂਕੀਆਂ ਦੇ ਰਿਵਾਜ਼ ਵਜੋਂ ਬਾਬਾ ਜੀ ਨੇ ਆਰੰਭ ਕੀਤੀ ਜੋ ਹੁਣ ਤੱਕ ਚਲਦੀ ਆ ਰਹੀ ਹੈ। ਸ਼ਾਮ ਵੇਲੇ ਸੰਗਤਾਂ;  ਜਥਾ ਬਣਾ ਕੇ ਸ਼ਬਦ ਪੜ੍ਹਦੀਆਂ-ਪੜ੍ਹਦੀਆਂ ਦਰਬਾਰ ਸਾਹਿਬ ਦੀਆਂ ਪਰਕਰਮਾ ਕਰਦੀਆਂ ਅਤੇ ਮਗਰੋਂ ਅਰਦਾਸਾ ਕਰ ਵਿਦਾ ਹੁੰਦੀਆਂ।

1618 ’ਚ ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖ਼ਾਨ ਦੀ ਮੌਤ ਹੋ ਗਈ। ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਨ ਦੇ ਇਤਬਾਰੀ ਅਹਿਲਕਾਰ ਅਤੇ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਵਜ਼ੀਰਖ਼ਾਨ ਦੇ ਉਨ੍ਹਾਂ ਨਾਲ ਚੰਗੇ ਸੰਬੰਧ ਬਣ ਗਏ। ਦੂਜੇ ਪਾਸੇ ਜਹਾਂਗੀਰ ਕੱਟੜ ਮੌਲਾਨਿਆਂ ਤੋਂ ਦੂਰ ਹੋ ਰਿਹਾ ਸੀ ਅਤੇ ਸ਼ੇਖ਼ ਅਹਿਮਦ ਸਰਹਿੰਦੀ ਦਾ ਅਸਰ ਵੀ ਘਟ ਰਿਹਾ ਸੀ। ਆਖ਼ਿਰਕਾਰ ਗੁਰੂ ਸਾਹਿਬਾਨ ਦੀ ਵਧ ਰਹੀ ਸ਼ੋਭਾ ਅਤੇ ਕੁਝ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਜਿਵੇਂ ਕਿ ਜਹਾਂਗੀਰ ਦੀ ਪਤਨੀ ਨੂਰਜਹਾਂ, ਅਹਿਲਕਾਰ ਵਜ਼ੀਰਖ਼ਾਨ, ਸਾਈਂ ਮੀਆਂਮੀਰ ਜੀ ਆਦਿਕ ਦੇ ਦਬਾਅ ਕਾਰਨ 1619 ਦੇ ਅਖੀਰ ਵਿੱਚ ਸਤਿਗੁਰੂ ਜੀ ਨੂੰ ਰਿਹਾ ਕਰਨਾ ਪਿਆ। ਸੰਨ 1620 ਈਸਵੀ ਦੇ ਸ਼ੁਰੂ ਵਿੱਚ ਕਲਾਨੌਰ ਵਿਖੇ ਗੁਰੂ ਜੀ ਦੀ ਬਾਦਸ਼ਾਹ ਜਹਾਂਗੀਰ ਨਾਲ ਹੋਈ ਮੁਲਾਕਾਤ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਬਾਲੂ ਰਾਇ ਜੀ ਨੇ ਅਹਿਮ ਭੂਮਿਕਾ ਨਿਭਾਈ ਸੀ।

ਜਦ ਗੁਰੂ ਹਰਿਗੋਬਿੰਦ ਸਾਹਿਬ ਦੀ ਬਿਆਸ ਦੇ ਕੰਢੇ ’ਤੇ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਨਗਰ ਗੋਬਿੰਦਪੁਰ (ਜਿਸ ਨੂੰ ਹੁਣ ਹਰਿਗੋਬਿੰਦਪੁਰ ਕਿਹਾ ਜਾਂਦਾ ਹੈ) ਵਿਖੇ ਗਏ ਕਿਉਂਕਿ ਇੱਥੇ ਭਗਵਾਨ ਦਾਸ ਘੇਰੜ (ਚੰਦੂ ਦੇ ਕੁੜਮ) ਨੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਇੱਥੇ 3 ਅਕਤੂਬਰ 1621 ਨੂੰ ਜੰਗ ਹੋਈ ਜਿਸ ਵਿੱਚ ਭਗਵਾਨ ਦਾਸ, ਉਸ ਦਾ ਪੁੱਤਰ ਰਤਨ ਚੰਦ ਅਤੇ ਚੰਦੂ ਦਾ ਪੁੱਤਰ ਕਰਮ ਚੰਦ ਮਾਰੇ ਗਏ। ਇਸ ਜਗ੍ਹਾ ਦਾ ਮੁੜ ਕਬਜ਼ਾ ਗੁਰੂ ਘਰ ਕੋਲ਼ ਆ ਗਿਆ । ਤਦੋਂ ਹੀ 115 ਸਾਲ ਦੀ ਉਮਰ ਭੋਗ ਚੁੱਕੇ ਬਾਬਾ ਬੁੱਢਾ ਜੀ ਇੱਥੇ ਆਪ ਜੀ ਦੇ ਦਰਸ਼ਨਾ ਲਈ ਆਏ।  ਉਨ੍ਹਾਂ ਨੇ ਬੇਨਤੀ ਕੀਤੀ ਕਿ ‘ਹੁਣ ਮੈਂ ਬਹੁਤ ਬਿਰਧ ਹੋ ਗਿਆ ਹਾਂ, ਬੀੜ ਦੀ ਸੇਵਾ ਤੋਂ ਛੁੱਟੀ ਬਖ਼ਸ਼ੋ ਅਤੇ ਆਗਿਆ ਕਰੋ ਕਿ ਮੈਂ ਆਪਣੇ ਪਿੰਡ ਰਮਦਾਸ ਵਿਖੇ ਜਾ ਕੇ ਭਜਨ ਬੰਦਗੀ ਕਰਦਾ ਹੋਇਆ ਉਮਰ ਦੇ ਆਖ਼ਰੀ ਦਿਨ ਬਿਤਾਵਾਂ।  ਨਾਲ ਹੀ ਬਚਨ ਦਿਓ ਕਿ ਜਦੋਂ ਮੈਂ ਦਰਸ਼ਨਾਂ ਲਈ ਅਰਦਾਸ ਕਰਾਂ, ਆਪ ਨੇ ਜ਼ਰੂਰ ਬਹੁੜਨਾ।’

ਗੁਰੂ ਜੀ ਤੋਂ ਆਗਿਆ ਲੈ ਕੇ ਬਾਬਾ ਜੀ ਰਮਦਾਸ ਜਾ ਬੰਦਗੀ ਕਰਨ ਲੱਗੇ। ਬਾਬਾ ਜੀ ਨੇ ਇੱਥੇ  10 ਸਾਲ ਹੋਰ ਭਜਨ-ਬੰਦਗੀ ਕੀਤੀ। ਬਚਨਾਂ ਦੇ ਸੂਰਮੇ ਸਤਿਗੁਰੂ; ਬਾਬਾ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਯਾਦ ਕਰਦਿਆਂ ਹੀ ਪਿੰਡ ਰਮਦਾਸ ਵਿਖੇ ਆ ਪਹੁੰਚੇ। ਗੁਰੂ ਜੀ ਦਾ ਦਰਸ਼ਨ ਕਰਦਿਆਂ, ਅਸੀਸਾਂ ਲੈਂਦਿਆਂ ਆਪ 14 ਮੱਘਰ ਸੰਮਤ 1688 (16 ਨਵੰਬਰ 1631 ਈ. ਜੂਲੀਅਨ) ਨੂੰ ਸਦੀਵੀ ਸਚਖੰਡ ’ਚ ਬਿਰਾਜਮਾਨ ਹੋ ਗਏ।  ਉਨ੍ਹਾਂ ਦੀ ਉਮਰ ਉਸ ਵੇਲੇ 125 ਸਾਲ ਇੱਕ ਮਹੀਨਾ ਸੱਤ ਦਿਨ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਬਾਬਾ ਜੀ ਦਾ ਸਸਕਾਰ ਕੀਤਾ। ਹੁਣ ਇਸ ਜਗ੍ਹਾ (ਰਮਦਾਸ) ਇੱਕ ਕਾਫ਼ੀ ਵੱਡਾ ਸਰੋਵਰ ਹੈ।

ਬਾਬਾ ਬੁੱਢਾ ਜੀ ਨੇ ਕਈ ਬਿਖੜੇ ਸਮਿਆਂ ਵਿੱਚ ਆਪਣੀ ਦੂਰਦ੍ਰਿਸ਼ਟੀ ਅਤੇ ਤੀਖਣ ਬੁੱਧੀ ਨਾਲ ਸੰਗਤਾਂ ਨੂੰ ਸੇਧ ਦੇ ਕੇ ਇੱਕ ਝੰਡੇ ਹੇਠ ਇਕੱਠਾ ਰੱਖਿਆ। ਬਾਬਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਘਰ ਤੋਂ ਵਰੋਸਾਏ ਹੋਏ ਬਾਬਾ ਬੁੱਢਾ ਜੀ ਦਾ ਨਾਂ ਹਮੇਸ਼ਾਂ ਸਿੱਖ ਇਤਿਹਾਸ ਵਿੱਚ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ। ਉਨ੍ਹਾਂ ਦੇ ਵੰਸ਼ ਵਿੱਚੋਂ ਹੀ ਭਾਈ ਰਾਮ ਕੰਵਰ, ‘ਖੰਡੇ ਦੀ ਪਾਹੁਲ’ ਲੈ ਕੇ ਗੁਰਬਖ਼ਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ। ਬਾਬਾ ਜੀ ਦਾ ਵੰਸ਼ ਅੱਜ-ਕੱਲ੍ਹ ਵੀ ਕੱਥੂ ਨੰਗਲ ਦੇ ਆਸ-ਪਾਸ ਵਸਦਾ ਹੈ।