ਧਨਾਸਰੀ ਮਹਲਾ ੫ ॥
ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ॥
ਹਾਥ ਦੇਇ ਰਾਖੈ ਅਪਨੇ ਕਉ, ਸਾਸਿ ਸਾਸਿ ਪ੍ਰਤਿਪਾਲੇ ॥੧॥
ਪ੍ਰਭ ਸਿਉ ਲਾਗਿ ਰਹਿਓ, ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ, ਧੰਨੁ ਹਮਾਰਾ ਮੀਤੁ ॥ ਰਹਾਉ ॥
ਮਨਿ ਬਿਲਾਸ, ਭਏ ਸਾਹਿਬ ਕੇ; ਅਚਰਜ ਦੇਖਿ ਬਡਾਈ ॥
ਹਰਿ ਸਿਮਰਿ ਸਿਮਰਿ, ਆਨਦ ਕਰਿ ਨਾਨਕ! ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
(ਧਨਾਸਰੀ/ਮਹਲਾ ੫/ਅੰਗ ੬੮੨)
ਗੁਰੂ ਅਰਜਨ ਸਾਹਿਬ ਜੀ ਦੁਆਰਾ ਸਿੱਖ-ਭਗਤਾਂ ਦਾ (ਦੁੱਖ-ਤਕਲੀਫ਼ ਦੌਰਾਨ ਰੱਬ ’ਤੇ) ਭਰੋਸਾ ਨਾ ਟੁੱਟਣ ਦੇਣ ਵਜੋਂ ਉਚਾਰੇ ਗਏ ਉਕਤ ਸ਼ਬਦ ਦੀ ਵਿਚਾਰ ਕਰਨ ਲੱਗਿਆਂ ਦੋ ਬੰਦਾਂ ਵਾਲੇ ਸ਼ਬਦ ਦੇ ਵਿਚਕਾਰ ਦਰਜ ‘ਰਹਾਉ’ ਬੰਦ ਨੂੰ ਸਾਹਮਣੇ (ਸ਼ੁਰੂਆਤੀ ਵਜੋਂ) ਰੱਖ ਕੇ ਵਿਚਾਰਨਾ ਲਾਭਕਾਰੀ ਹੈ ਕਿਉਂਕਿ ਬਾਕੀ ਦੋ ਬੰਦ ਇਸੇ (ਰਹਾਉ) ਵਿਸ਼ੇ ਦਾ ਵਿਸਥਾਰ ਹੀ ਹਨ ਭਾਵ ਸਮੁੱਚੇ ਸ਼ਬਦ-ਵਿਸ਼ੇ ਦਾ ‘ਰਹਾਉ’ ਬੰਦ ਹੀ ਤੱਤ-ਸਾਰ ਹੈ, ਇਸ ਲਈ ‘ਰਹਾਉ’ ਬੰਦ ਨੂੰ ਪਹਿਲਾਂ ਲੈ ਕੇ ਵਿਚਾਰ ਸ਼ੁਰੂ ਕੀਤੀ ਜਾ ਰਹੀ ਹੈ, ਜੋ ਇਸ ਪ੍ਰਕਾਰ ਹੈ:
ਪ੍ਰਭ ਸਿਉ ਲਾਗਿ ਰਹਿਓ; ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ; ਧੰਨੁ ਹਮਾਰਾ ਮੀਤੁ ॥ ਰਹਾਉ ॥
ਭਾਵ – ਰੱਬ ਨਾਲ ਮੇਰਾ ਮਨ ਹਰ ਸਮੇਂ ਜੁੜਿਆ ਰਹਿੰਦਾ ਹੈ। (ਜ਼ਿੰਦਗੀ ਦੇ) ਸ਼ੁਰੂ ਤੋਂ ਅੰਤ ਤੱਕ (ਉਹ, ਮੇਰਾ) ਹਰ ਥਾਂ ਮਦਦਗਾਰ ਹੈ, ਇਸ ਲਈ ਧੰਨਤਾਯੋਗ ਹੈ ਮੇਰਾ ਸਖਾ-ਮਿੱਤਰ ॥ ਰਹਾਉ॥
ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ; ਸਾਸਿ ਸਾਸਿ ਪ੍ਰਤਿਪਾਲੇ ॥੧॥
ਭਾਵ – (ਰੱਬ, ਆਪਣੇ ਪਿਆਰੇ ਨੂੰ) ਮੁਸ਼ਕਲ ਸਮਾਂ ਵੇਖਣ ਨਹੀਂ ਦਿੰਦਾ (ਕਿਉਂਕਿ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ) ਆਪਣਾ ਸੁਭਾਅ ਚੇਤੇ ਰੱਖਦਾ ਹੈ। ਆਪਣੇ ਪਿਆਰ ਸੇਵਕ ਨੂੰ ਹੌਂਸਲਾ ਦੇ ਕੇ ਰੱਖਦਾ ਹੈ (ਭਾਵ ਸੇਵਕ ਦੀ ਮਦਦ ਕਰ-ਕਰ ਕੇ ਆਪਣੇ ’ਤੇ ਪੂਰਨ ਵਿਸ਼ਵਾਸ ਬਣਾਈ ਰੱਖਦਾ ਹੈ, ਆਪਣੇ ’ਤੇ ਬਣਿਆ ਭਰੋਸਾ ਟੁੱਟਣ ਨਹੀਂ ਦਿੰਦਾ) ਸੁਆਸ ਸੁਆਸ ’ਚ ਰੱਖਿਆ ਕਰਦਾ ਹੈ।੧।
ਮਨਿ ਬਿਲਾਸ, ਭਏ ਸਾਹਿਬ ਕੇ; ਅਚਰਜ ਦੇਖਿ ਬਡਾਈ ॥
ਹਰਿ ਸਿਮਰਿ ਸਿਮਰਿ ਆਨਦ ਕਰਿ, ਨਾਨਕ! ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ (ਧਨਾਸਰੀ/ਮ: ੫/ਅੰਗ ੬੮੨)
ਭਾਵ – (ਰੱਬੀ ਮਿਹਰ ਦਾ ਅਹਿਸਾਸ ਹੁੰਦਾ ਵੇਖ ਜਾਂ) ਹੈਰਾਨ ਕਰਨ ਵਾਲੇ ਕੌਤਕ, (ਰੱਬੀ) ਗੁਣ ਵੇਖ ਕੇ (ਜੋ ਮਨੁੱਖ; ਸਦਾ ਲਈ) ਮਾਲਕ ਦੇ ਹੋ ਗਏ (ਉਨ੍ਹਾਂ ਦੇ) ਮਨ ’ਚ (ਦੁੱਖ-ਤਕਲੀਫ਼ਾਂ ਦੀ ਥਾਂ ਸਦਾ) ਅਨੰਦ-ਖੇੜੇ ਬਣ ਗਏ (ਭਾਵ ਉਹ ਮੁਸ਼ੀਬਤਾਂ ’ਚ ਵੀ ਡੋਲਦੇ ਨਹੀਂ, ਰੱਬ ਨਾਲ ਜੁੜੇ ਰਹਿੰਦੇ ਹਨ) ਤਾਂ ਤੇ ਹੇ ਨਾਨਕ! (ਹਰ ਬਿਪਤਾ ’ਚੋਂ ਉੱਪਰ ਉੱਠ) ਹਰੀ ਨੂੰ ਯਾਦ ਕਰ-ਕਰ ਆਨੰਦ ਮਾਣਦਾ ਰਹਿ ਕਿਉਂਕਿ ਰੱਬ ਨੇ (ਭਗਤਾਂ ਦੀ ਤੁਛ ਮਾਤਰ ਨਹੀਂ ਸਗੋਂ) ਮੁਕੰਮਲ ਇੱਜ਼ਤ ਰੱਖਣੀ ਹੈ।
ਗਿਆਨੀ ਅਵਤਾਰ ਸਿੰਘ