ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ

0
325

ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ

ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ (ਪਟਿਆਲਾ)-98143-48697

ਇਤਿਹਾਸਕਾਰਾਂ ਵਿੱਚ ਬੜੇ ਚਿਰ ਤੋਂ ਇੱਕ ਬਹਿਸ ਚੱਲ ਰਹੀ ਹੈ ਕਿ ਕੀ ਆਰੀਆ ਲੋਕ ਭਾਰਤੀ ਉਪ ਮਹਾਂਦੀਪ ਵਿੱਚ ਬਾਹਰੋਂ ਆਏ ਸਨ ਜਾਂ ਕਿ ਮੁੱਢੋਂ ਸੁੱਢੋਂ ਇਥੋਂ ਦੇ ਹੀ ਮੂਲ ਵਾਸੀ ਹਨ ? ਕੁਝ ਇਤਿਹਾਸਕਾਰ, ਜੋ ਆਪਣੇ ਆਪ ਨੂੰ ‘ਮੂਲ-ਵਾਸੀ ਸਿਧਾਂਤ’ ਦੇ ਹਿਮਾਇਤੀ ਦੱਸਦੇ ਹਨ, ਉਹ ਕਈ ਦਹਾਕਿਆਂ ਤੋਂ ਇਹ ਪ੍ਰਚਾਰ ਕਰਨ ਲੱਗੇ ਹੋਏ ਹਨ ਕਿ ਕੋਈ ਬਾਹਰੋਂ ਨਹੀਂ ਅਇਆ, ਸਿੰਧੂ ਘਾਟੀ ਦੇ ਵਸਨੀਕ (ਹੜੱਪਨ) ਹੀ ਆਰੀਆ ਸਨ। ਦੂਜੇ ਪਾਸੇ ‘ਮੁੱਖ ਧਾਰਾ’ ਦੇ ਇਤਿਹਾਸਕਾਰ ਆਪਣੇ ਢੰਗ ਨਾਲ ਪ੍ਰਮਾਣ ਦੇ ਕੇ ਸਿੱਧ ਕਰਦੇ ਹਨ ਕਿ ਕਿਵੇਂ ਆਰੀਆਂ ਦੇ ਗ੍ਰੋਹ, ਈਸਾ ਪੂਰਵ 15-ਕੁ ਸੌ ਸਾਲ ਪਹਿਲਾਂ (ਤੇ ਕਈ ਗਰੁੱਪ ਉਸ ਤੋਂ ਵੀ ਪਹਿਲਾਂ) ਕੇਂਦਰੀ ਏਸ਼ੀਆ ’ਚੋਂ ਨਿਕਲ ਕੇ ਉੱਤਰ ਪੱਛਮੀ ਭਾਰਤ ਵਿੱਚ ਦਾਖਲ ਹੋਏ ਸਨ।

ਸਾਨੂੰ ਕੋਈ ਡੇਢ ਦਹਾਕੇ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਖੋਜ ਕਰਦਿਆਂ ਕੁਝ ਇਹ ਲੱਭਤਾਂ ਮਿਲੀਆਂ ਹਨ; ਪੱਥਰ-ਸੰਦ ਮਿਲੇ ਹਨ ਤੇ ਪੂਰਵ ਇਤਿਹਾਸਕ ਠੀਕਰਾਂ ਮਿਲੀਆਂ ਹਨ, ਜੋ ਇਸ ਬਹਿਸ ਵਿੱਚ ਫੈਸਲਾਕੁਨ ਰੋਲ ਅਦਾ ਕਰ ਸਕਦੀਆਂ ਹਨ, ਪਰ ਉਸ ਦਾ ਜ਼ਿਕਰ ਮੈਂ ਬਾਅਦ ਵਿੱਚ ਕਰਾਂਗਾ। ਪਹਿਲਾਂ ਇਹ ਵੇਖਾਂਗੇ ਕਿ ਦੋਵੇਂ ਪੱਖ ਆਪੋ ਆਪਣੀ ਚਰਚਾ ਵਿੱਚ ਕੀ ਸਬੂਤ ਪੇਸ਼ ਕਰ ਰਹੇ ਹਨ ਅਤੇ ਉਹ ਕਿਵੇਂ ਠੀਕ ਜਾਂ ਗ਼ਲਤ ਕਹੇ ਜਾ ਸਕਦੇ ਹਨ।

ਸੰਨ 1847 ਵਿੱਚ ਇੱਕ ਇਤਿਹਾਸਕਾਰ ਮੈਕਸ ਮੁੱਲਰ ਨੇ ਸੁਝਾ ਦਿੱਤਾ ਸੀ ਕਿ ਆਰੀਆ 1500 ਸਾਲ ਈਸਾ ਪੂਰਵ ਕੇਂਦਰੀ ਏਸ਼ੀਆ ’ਚੋਂ ਆਏ ਸਨ। ਉਨ੍ਹਾਂ ਨੇ ਹੜੱਪਨ ’ਤੇ ਹਮਲਾ ਕੀਤਾ ਤੇ ਹੜੱਪਨ ਤਬਾਹ ਹੋ ਗਏ। ਇਸ ਗੱਲ ਨੂੰ ਬੜਾ ਚਿਰ ਇਤਿਹਾਸ ਦੀਆਂ ਪੁਸਤਕਾਂ ਵਿੱਚ ਹੜੱਪਨਾਂ ਦੇ ਅੰਤ ਦਾ ਇੱਕ ਕਾਰਨ ਦੱਸਿਆ ਜਾਂਦਾ ਰਿਹਾ ਹੈ, ਪਰ ਵੀਹਵੀਂ ਸਦੀ ਵਿੱਚ ਮੁੱਖ-ਧਾਰਾ ਇਤਿਹਾਸਕਾਰਾਂ ਨੇ ਵਿਗਿਆਨਕ ਖੋਜ ਕਰਕੇ ਇਹ ਜਾਂਚਿਆ ਕਿ ਇਹ ਕੋਈ ਤੁਰੰਤ ਹਮਲਾ ਨਹੀਂ ਸੀ ਕਿਉਂਕਿ ਇਸ ਦੇ ਕੋਈ ਸਬੂਤ ਨਹੀਂ ਮਿਲਦੇ। ਆਰੀਆ ਲਗਾਤਾਰ ਗਰੁਪਾਂ ਵਿੱਚ ਹੀ ਏਧਰ ਆਏ ਤੇ ਹੜੱਪਨਾਂ ’ਤੇ ਕਾਬਜ਼ ਹੋ ਗਏ, ਪਰ ਆਏ ਬਾਹਰੋਂ ਹੀ ਸਨ। ਮੂਲ-ਵਾਸੀ ਪੱਖੀ ਕੇਵਲ ਇਸ ਗੱਲ ਨੂੰ ਵਿਰੋਧ ਕਰਨ ਦਾ ਆਧਾਰ ਬਣਾ ਰਹੇ ਹਨ ਕਿ ਹਮਲਾ ਵਗੈਰਾ ਤਾਂ ਹੋਇਆ ਨਹੀਂ, ਇਸ ਲਈ ਮੁੱਖ ਧਾਰਾ ਦੇ ਇਤਿਹਾਸਕਾਰ ਗਲਤ ਹਨ।

ਮੂਲਵਾਸੀ ਪੱਖੀ ਕਹਿੰਦੇ ਕੀ ਹਨ : ਸ਼ੁਰੂ ਸ਼ੁਰੂ ਵਿੱਚ ਲਿਖੇ ਰਿਗ ਵੇਦ ਵਿੱਚ ਸਰਸਵਤੀ ਨਦੀ ਦਾ ਜ਼ਿਕਰ ਹੈ। ਉਹ ਕਹਿੰਦੇ ਹਨ ਕਿ ਸਰਸਵਤੀ ਨਦੀ ਤਾਂ 1700-1300 ਸਾਲ ਈਸਾ ਪੂਰਵ ਹੌਲੀ ਹੌਲੀ ਸੁੱਕ ਗਈ ਸੀ (ਕਲਿਆਨਾਰਮਨ-ਜੋ ਕਿ ਮੂਲ-ਵਾਸੀ ਪੱਖੀ ‘ਸਰਸਵਤੀ ਸ਼ੋਧ ਪਰਾਕਲਪ’ ਦਾ ਡਾਇਰੈਕਟਰ ਹੈ, ਉਸ ਦੀ ‘ਪੁਸਤਕ ਰਿਗ ਵੇਦਾ ਐਂਡ ਸਰਸਵਤੀ-ਸਿੰਧੂ ਸਿਵਿਲਾਈਜ਼ੇਸ਼ਨ’, 1999 ਵਿੱਚ ਇਹੀ ਲਿਖਿਆ ਹੈ), ਤਾਂ ਫਿਰ ਇਹ ਵੇਦ ਉਸ ਸਮੇਂ ਤੋਂ ਬਹੁਤ ਪਹਿਲਾਂ ਰਚਿਆ ਗਿਆ ਹੋਊ। ਉਹ ਕਲੇਮ ਕਰਦੇ ਹਨ ਕਿ ਸਰਸਵਤੀ ਨਦੀ ਦੇ ਕਿਨਾਰੇ ਜੋ ਹੜੱਪਨ ਸੱਭਿਅਤਾ ਦਾ ਵਿਕਾਸ ਹੋਇਆ, ਉਹੀ ਆਰੀਆ ਸਨ ਤੇ ਵੈਦਿਕ ਸੱਭਿਅਤਾ 7-8 ਹਜਾਰ ਸਾਲ ਤੋਂ ਵੀ ਪੁਰਾਣੀ ਹੈ। ਇੰਟਰਨੈੱਟ ’ਤੇ ਉਨ੍ਹਾਂ ਦੀਆ ਦਲੀਲਾਂ ਦੀ ਭਰਮਾਰ ਹੈ। ਉਨ੍ਹਾਂ ਅਨੁਸਾਰ ਹੜੱਪਨ ਸੱਭਿਅਤਾ, ਜਿਸ ਨੂੰ ਉਹ ‘ਸਰਸਵਤੀ-ਸਿੰਧੂ ਸੱਭਿਅਤਾ’ ਕਹਿੰਦੇ ਹਨ (ਕਿਉਂਕਿ ਸੁੱਕ ਚੁੱਕੇ ਘੱਗਰ-ਹਕਰਾ ਦੇ ਕਿਨਾਰੇ ਬਹੁਤ ਸਾਰੀਆਂ ਹੜੱਪਨ ਸਾਈਟਾਂ ਮਿਲੀਆਂ ਹਨ) ਤੇ ਉਹ ਬੜੀ ਪ੍ਰਫੁਲਿਤ ਹੋ ਗਈ ਸੀ, ਉਹ ਵੈਦਿਕ ਸੱਭਿਅਤਾ ਹੀ ਸੀ ਤੇ ਜਦੋਂ ਕਰੀਬ 1900 ਤੋਂ 1700 ਸਾਲ ਈਸਾ ਪੂਰਵ ਉਨ੍ਹਾਂ ਤੇ ਔਕੁੜ ਆਈ (ਜਿਸ ਦੇ ਉਹ ਆਪਣੇ ਹੀ ਕਾਰਨ ਦੱਸਦੇ ਹਨ, ਪਰ ਕਹਿੰਦੇ ਹਨ ਕਿ ਅਜੇ ਵੀ ਉਹ ਨਦੀ ਧਰਤੀ ਹੇਠਾਂ ਕਾਇਮ ਹੈ) ਤਾਂ ਉਹ ਸਰਸਵਤੀ ਦਾ ਇਲਾਕਾ ਛੱਡ ਗਏ। ਉਹ ਹੜੱਪਨ ਸੱਭਿਅਤਾ ਦਾ ਖਤਮ ਹੋਣਾ ਨਹੀਂ ਮੰਨਦੇ, ਬਲਕਿ ਕਹਿੰਦੇ ਹਨ ਕਿ ਉਹ ਵਿਕਸਿਤ ਲੋਗ ਹੀ ਪੂਰਬ ਵੱਲ, ਜਮਨਾ-ਗੰਗਾ ਦੇ ਕਿਨਾਰਿਆਂ ’ਤੇ ਜਾ ਵਸੇ ਅਤੇ ਵੈਦਿਕ ਸੱਭਿਅਤਾ ਨੂੰ ਅੱਗੋਂ ਚਲਾਉਣ ਲੱਗੇ। ਉਨ੍ਹਾਂ ਵੱਲੋਂ ਕੁਝ ਮਿਥਿਹਾਸਕ ਰਚਨਾਵਾਂ ਨੂੰ ਉਸ ਸਮੇਂ ਵਿੱਚ ਵਾਪਰਦੀਆਂ ਘਟਨਾਵਾਂ ਦਰਸਾਇਆ ਜਾਂਦਾ ਹੈ (ਜਦੋਂ ਕਿ ਉਨ੍ਹਾਂ ਵਿੱਚ ਵਰਤੀਆਂ ਗਈਆਂ ਧਾਤਾਂ ਜਾਂ ਉਪਕਰਣ ਆਦਿ, ਧਰਤੀ ਤੇ ਓਦੋਂ ਅਜੇ ਉਪਲਭਦ ਹੀ ਨਹੀਂ ਹੋਏ ਸਨ)। ਮੂਲ-ਵਾਸੀ ਪੱਖੀਆਂ ਦਾ ਇੱਕ ਅਨੁਮਾਨ ਇਹ ਹੈ ਕਿ ਮਹਾਂਭਾਰਤ ਜੰਗ 3137 ਸਾਲ ਈਸਾ ਪੂਰਵ ਲੜੀ ਗਈ, ਪਰ ਪੁਰਾਤੱਤਵ ਦੀ ਖੋਜ ਅਨੁਸਾਰ ਉਹ ਤਾਂ ਅਜੇ ਮੁੱਢਲੇ ਹੜੱਪਾ ਕਾਲ ਦਾ ਸਮਾਂ ਸੀ।

 ਪੁਰਾਤੱਤਵ ਵਿਭਾਗ ਵੱਲੋਂ ਮਹਾਂਭਾਰਤ ਕਾਲ ਦਾ ਸਮਾਂ ਜਾਣਨ ਵਾਸਤੇ ਹਸਤਨਾਪੁਰ ਦੀ ਢੰਗ ਨਾਲ ਖੁਦਾਈ ਕੀਤੀ ਗਈ। ਉਸ ਖੁਦਾਈ ਵਿੱਚ ਸਭ ਤੋਂ ਪੁਰਣੇ ਯੁੱਗ (2000 ਤੋਂ 1500 ਬੀ ਸੀ) ਦੇ ਸਬੂਤ ਮਿਲੇ। ਉਸ ਵਿੱਚ ਗੇਰੂਏ ਰੰਗ ਦੀਆਂ ਠੀਕਰਾਂ, ਤਾਂਬੇ ਦੀਆਂ ਛੁਰੀਆਂ ਆਦਿਕ ਮਿਲੀਆਂ ਸਨ। ਇਹੀ ਵਸਤਾਂ ਜਾਂ ਨਿਸ਼ਾਨੀਆਂ ਉੱਤਰ-ਹੜੱਪਾ ਕਲਚਰ ਜਾਂ ਲੇਟ-ਹੜੱਪਾ ਕਾਲ ਦੇ ਬਾੜਾ ਕਲਚਰ (ਰੋਪੜ ਕੋਲ) ਵਿੱਚ ਵੀ ਮੌਜੂਦ ਹਨ। ਫਿਰ 4-ਕੁ ਸੌ ਸਾਲ ਦਾ ਹਨ੍ਹੇਰਾ ਕਾਲ ਆਉਂਦਾ ਹੈ (ਭਾਵ ਉਸ ਵਿੱਚ ਕੁਝ ਨਹੀਂ ਮਿਲਦਾ)। ਦੂਜੇ ਕਾਲ (1100-900 ਬੀ ਸੀ) ਦੀਆਂ ਪਰਤਾਂ ’ਚੋਂ ਇੱਕ ਖਾਸ ਕਿਸਮ ਦੀ ਪੌਟਰੀ ਮਿਲਦੀ ਹੈ, ਜਿਸ ਨੂੰ ਪੇਂਟਡ-ਗਰੇ-ਵੇਅਰ ਕਿਹਾ ਜਾਂਦਾ ਹੈ। ਇਹ ਹਲਕੇ ਜਾਂ ਗੂਹੜੇ ਸਲੇਟੀ ਰੰਗ ਦੀ ਹੁੰਦੀ ਹੈ ਅਤੇ ਇਸ ’ਤੇ ਕਾਲੇ ਰੰਗ ਦੀ ਮੀਨਾਕਾਰੀ ਕੀਤੀ ਹੁੰਦੀ ਹੈ। ਇਸ ਦੇ ਨਾਲ ਹੀ ਲੋਹੇ ਦਾ ਯੁੱਗ ਆਰੰਭ ਹੋ ਜਾਂਦਾ ਹੈ ਕਿਉਂਕਿ ਜੰਗਾਲੇ ਲੋਹੇ ਦੇ ਕੁਝ ਔਜਾਰ ਵੀ ਨਾਲ ਹੀ ਮਿਲੇ ਸਨ। ਘੋੜੇ ਤੇ ਹੋਰ ਪਸ਼ੂਆਂ ਦੀਆਂ ਹੱਡੀਆਂ ਦੇ ਅੰਸ਼ ਵੀ ਮਿਲੇ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਦੁਧਾਰੂ ਪਸ਼ੂਆਂ ਦੇ ਨਕਾਰਾ ਹੋਣ ਤੇ ਉਨ੍ਹਾਂ ਨੂੰ ਮਾਰ ਕੇ ਖਾ ਲੈਂਦੇ ਹੋਣਗੇ। ਗੰਗਾ ਵਿੱਚ ਆਏ ਹੜ੍ਹਾਂ ਕਾਰਨ ਇਹ ਵੱਸੋਂ ਤਬਾਹ ਹੋ ਗਈ।

ਫਿਰ ਤੀਜਾ ਕਾਲ ਛੇਵੀਂ ਸਦੀ ਈਸਾ ਪੂਰਵ ਦਾ ਕਾਲ ਹੈ। ਇਸ ਕਾਲ ਦੇ ਲੋਗ ਉੱਨਤ ਕਿਸਮ ਦੀ ਪੌਟਰੀ ਬਣਾਉਣ ਲੱਗ ਪਏ ਸਨ। ਇਹ ਕਾਲ ਬੁੱਧ ਧਰਮ, ਮਹਾਂਵੀਰ ਧਰਮ ਅਤੇ ਮਹਾਜਨਪਦਾਂ ਦਾ ਸਮਾਂ ਵੀ ਸੀ। ਖੁਦਾਈ ’ਚੋਂ ਸਭ ਕੁਝ ਮਿਲਦਾ ਹੈ। ਚੌਥੇ ਕਾਲ (ਦੂਜੀ ਸਦੀ ਪੂਰਵ ਈਸਾ ਤੋਂ ਤੀਜੀ ਸਦੀ ਈਸਾ ਬਾਅਦ) ਦੀਆਂ ਪਰਤਾਂ ’ਚੋਂ ਕਿਸਾਨਾਂ ਦੇ ਆਸਾਰ ਮਿਲਦੇ ਹਨ। ਸਭ ਖੁਦਾਈਆਂ ’ਚੋਂ ਸਮੇਂ ਅਨੁਸਾਰ ਲਗਭਗ ਇਹੋ ਜਿਹਾ ਕਲਚਰ ਹੀ ਮਿਲਦਾ ਹੈ। ਮਹਾਂਭਾਰਤ ਕਾਲ ਦੇ ਸਿੱਧੇ ਆਸਾਰ ਕਿਧਰੇ ਨਹੀਂ ਮਿਲੇ। ਪੁਰਾਤੱਤਵ ਸ਼ਾਸਤਰੀ ਬੀ ਬੀ ਲਾਲ ਨੇ ਸੰਨ 2012 ਵਿੱਚ ਦਰੁਪਦੀ ਟਰੱਸਟ ਦੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਕਿਹਾ ਸੀ ਕਿ ਮਹਾਂਭਾਰਤ ਦਾ ਕਾਲ 900 ਬੀ ਸੀ ਦੇ ਨੇੜੇ ਦਾ ਹੋ ਸਕਦਾ ਹੈ, ਜਦੋਂ ਕਿ ਪੇਂਟਡ ਗਰੇ ਵੇਅਰ ਦਾ ਸਮਾਂ ਵੀ ਸੀ। ਮੂਲ-ਵਾਸੀ ਪੱਖੀਆਂ ਦੇ ਕਈ ਕਥਨਾਂ ਵਿੱਚ ਵਿਰੋਧਾਭਾਸ ਹੈ, ਪਰ ਉਹ ਕੇਵਲ ਭਾਵਾਤਮਿਕ ਸੰਵੇਦਨਾ ਹੇਠ ਆਪਣੀ ਗੱਲ ਨੂੰ ਮਨਾਉਣਾ ਚਾਹੁੰਦੇ ਹਨ।

ਉਹ ਇਹ ਪੁੱਛਦੇ ਹਨ ਕਿ ਜੇ ਵੇਦ 1500 ਬੀ ਸੀ ਤੋਂ ਬਾਅਦ ਰਚਿਆ ਗਿਆ ਹੈ ਤਾਂ ਰਿਗ ਵੇਦ ਵਿੱਚ, ਜੋ ਵਾਰ ਵਾਰ ਸਰਸਵਤੀ ਦਾ ਜ਼ਿਕਰ ਆਉਂਦਾ ਹੈ, ਉਹ ਤਾਂ ਪਹਿਲਾਂ ਹੀ ਖਤਮ ਹੋ ਗਈ ਸੀ, ਉਸ ਦਾ ਕੀ ਜਵਾਬ ਹੈ ? ਵੈਸੇ ਜਿਵੇਂ ਕਿ ਕੈਂਬ੍ਰਿਜ ਯੂਨੀਵਰਸਿਟੀ ਦੇ ਭਾਰਤੀ ਪੂਰਵ ਇਤਿਹਾਸ ਦੇ ਮਾਹਰ ਇੱਕ ਪ੍ਰਸਿੱਧ ਪੁਰਾਤੱਤਵ ਵਿਗਿਆਨੀ ‘ਰੇਮਾਂਡ ਆਲਚਿਨ’ ਨੇ ਆਪਣੀ ਪੁਸਤਕ (ਦੀ ਰਾਈਜ਼ ਆਫ਼ ਸਿਵਿਲਾਈਜ਼ੇਸ਼ਨ ਇਨ ਇੰਡੀਆ ਐਂਡ ਪਾਕਿਸਤਾਨ) ਵਿੱਚ ਸਬੂਤਾਂ ਸਹਿਤ ਸਿੱਧ ਕੀਤਾ ਹੈ ਕਿ ਇੰਡੋ-ਏਰੀਅਨ ਭਾਸ਼ਾ ਬੋਲਣ ਵਾਲੇ ਆਰੀਆਂ ਦੇ ਪਹਿਲੇ ਗਰੁੱਪ 2000 ਬੀ ਸੀ ਤੋਂ ਪਹਿਲਾਂ ਹੀ ਉੱਤਰ-ਪੱਛਮੀ ਭਾਰਤ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਸਨ, ਵਿਸ਼ਾਲ ਰੂਪ ਵਿੱਚ ਵਗਦੀ ਸਰਸਵਤੀ (ਘੱਗਰ-ਹਕਰਾ) ਉਨ੍ਹਾਂ ਦੀ ਯਾਦ ਵਿੱਚ ਜ਼ਰੂਰ ਹੋਵੇਗੀ, ਇਸ ਲਈ ਰਿਗ ਵੇਦ ਵਿੱਚ ਉਸ ਦਾ ਜ਼ਿਕਰ ਹੋਣਾ ਮੁਮਕਿਨ ਹੀ ਹੈ !

ਹੜੱਪਨ ਸੱਭਿਅਤਾ ਦਾ ਭਾਰਤੀ ਉਪਮਹਾਂਦੀਪ ਵਿੱਚ ਪ੍ਰਫੁਲਿਤ ਹੋ ਕੇ ਖਤਮ ਹੋਣਾ : ਸਾਰੀ ਧਰਤੀ ਤੇ ਆਖਰੀ ਬਰਫਾਨੀ ਯੁੱਗ ਕੋਈ ਦਸ-ਕੁ ਹਜ਼ਾਰ ਸਾਲ ਪਹਿਲਾਂ ਖਤਮ ਹੋਇਆ ਸੀ। ਹਿਮਾਲਾ ਵਿੱਚ ਨੀਵੇਂ ਇਲਾਕਿਆਂ ਤੱਕ ਪੁੱਜ ਚੁੱਕੇ ਬਰਫਾਨੀ ਤੋਦੇ ਵੀ ਹੌਲੀ ਹੌਲੀ ਖਤਮ ਹੋ ਗਏ, ਜਿਨ੍ਹਾਂ ਨੇ ਵੱਡੇ ਵੱਡੇ ਹੜ੍ਹ ਵੀ ਲਿਆਂਦੇ ਅਤੇ ਧਰਤੀ ਤੇ ਲੰਬਾ ਸਮਾਂ ਪਾਣੀ ਵੀ ਵਗਦੇ ਰਹੇ, ਪਰ ਸਰਦੀ ਘੱਟਣ ਕਰਕੇ ਮਨੁੱਖ ਦਾ ਇਸ ਖੇਤਰ ਵਿੱਚ ਆਉਣ ਦਾ ਰਸਤਾ ਖੁੱਲ੍ਹ ਗਿਆ। ਓਦੋਂ ਨਿਓਲਿਥਿਕ ਕਾਲ ਸੀ, ਜਦੋਂ ਕਿ ਘਸੇ ਹੋਏ ਪੱਥਰ ਸੰਦ ਵਰਤਨੇ ਸ਼ੁਰੂ ਹੋ ਗਏ ਸਨ। ਉਹ ਨਿਓਲਿਥਿਕ ਲੋਗ ਸਾਰੇ ਭਾਰਤੀ ਉਪ-ਮਹਾਂਦੀਪ ਵਿੱਚ ਫੈਲ ਗਏ। ਬਲੋਚਿਸਥਾਨ, ਅਫਗਾਨਿਸਤਾਨ ਅਤੇ ਹੋਰ ਸਥਾਨਾਂ ਤੋਂ ਵੀ ਸ਼ੁਰੂ ਸ਼ੁਰੂ ਦੇ ਸਥਾਪਿਤ ਹੋਏ ਵਸਨੀਕਾਂ ਦੇ ਸਬੂਤ ਮਿਲੇ ਹਨ। ਇਹ ਸਾਰਾ ਕਾਲ ਅੱਜ ਤੋਂ 7-8 ਹਜ਼ਾਰ ਸਾਲ ਪਹਿਲਾਂ ਦਾ ਹੈ। ਸਿੰਧੂ ਘਾਟੀ ਦੀ ਪੱਛਮੀ ਸਰਹੱਦ ਦੇ ਨਾਲ ਨਾਲ ਪਹਾੜੀ ਇਲਾਕੇ ਵਿੱਚ ਵੱਸਦੇ ਇਨ੍ਹਾਂ ਖੇਤੀਕਾਰ ਕਬੀਲਿਆਂ ’ਚੋਂ ਮੁਢਲੀ ਹੜੱਪਨ ਸੱਭਿਅਤਾ ਉੱਭਰੀ ਤੇ ਲਗਭਗ 5200 ਸਾਲ ਤੋਂ 4500 ਸਾਲ ਪੂਰਵ ਤੱਕ ਕਈ ਪਾਸੇ ਫੈਲ ਗਈ। ਇਸ ਕਾਲ ਦੌਰਾਨ ਮਿੱਟੀ ਦੇ ਪਕਾਏ ਭਾਂਡਿਆਂ ਦੀ ਵਿਸ਼ੇਸ਼ਤਾ ਅਡਰੀ ਹੀ ਸੀ। ਉਹ ਤਾਂਬਾ ਵੀ ਵਰਤਣ ਲੱਗ ਪਏ ਸਨ। ਪੱਥਰ ਦੇ ਤਿੱਖੇ ਬਲੇਡ ਛੁਰੀਆਂ ਆਦਿ ਨਾਲੋ ਨਾਲ ਵਰਤੋਂ ਵਿੱਚ ਲਿਆਉਂਦੇ ਸਨ। ਓਦੋਂ ਕੱਚੇ ਘਰ ਬਣਨੇ ਸ਼ੁਰੂ ਹੋ ਗਏ ਸਨ। ਇਹ ਸੱਭਿਅਤਾ ਫਿਰ ਵਿਕਸਿਤ ਫੇਜ਼ ਵੱਲ ਵਧਣ ਲੱਗੀ, ਜੋ ਕਿ ਕਰੀਬ 4500 ਤੋਂ 3900 ਸਾਲ ਈਸਾ ਪੂਰਵ ਤੱਕ ਪੂਰੇ ਜੋਬਨ ਵਿੱਚ ਕਾਇਮ ਰਹੀ। ਬਹੁਤ ਸੋਹਣੀ ਬੁੱਤ ਕਲਾ, ਇਮਾਰਤੀ ਰਚਨਾ ਤੇ ਸਾਰਾ ਵਸਤੂ ਕਲਚਰ ਬਹੁਤ ਉੱਨਤ ਹੋ ਗਿਆ। ਇਹ ਸੱਭਿਅਤਾ ਸਿੰਧੂ ਘਾਟੀ ਅਤੇ ਘੱਗਰ-ਹਕਰਾ (ਹਕਰਾ ਘੱਗਰ ਦਾ ਹੀ ਪਾਕਿਸਤਾਨੀ ਨਾਮ ਹੈ) ਜਾਂ ਕਹਿ ਲਵੋ ਸਰਸਵਤੀ (ਜੋ ਕਿ ਘੱਗਰ-ਹਕਰਾ ਹੀ ਸਨ) ਤੇ ਦ੍ਰਿਸ਼ਟਾਵਦੀ (ਦੋਨੋ ਹੁਣ ਸੁੱਕ ਚੁੱਕੀਆਂ ਹਨ) ਦੇ ਕਿਨਾਰੇ ਹੀ ਵਿਕਸਿਤ ਹੋਈ, ਜਦੋਂ ਕਿ ਵੀਰਾਨੇ ਦਾ ਕਾਲ ਵੀ ਵਧ ਰਿਹਾ ਸੀ। ਫਿਰ ਕਰੀਬ 3900 ਸਾਲ ਪੂਰਵ ਘੋਰ ਕਾਲ ਪੈ ਗਏ ਤੇ ਨਦੀਆਂ ਸੁੱਕਣ ਲੱਗੀਆਂ। ਇਹ ਸਮਾਂ ਏਨੀ ਵਿਕਸਿਤ ਸੱਭਿਅਤਾ ਵਾਸਤੇ ਨਾਕਾਰਤਮਕ ਸਿੱਧ ਹੋਇਆ। ਇਹ ਲੋਗ ਉੱਜੜ ਗਏ ਤੇ ਆਪਣੇ ਇਲਾਕੇ ਛੱਡ ਕੇ ਪੂਰਬ/ਉੱਤਰ ਵੱਲ ਨਿਕਲ ਗਏ। ਉੱਨਤ ਕਲਚਰ ਖਤਮ ਹੋ ਗਿਆ। ਲੋਕਾਂ ਨੂੰ ਲਿਖਤ-ਲਿੱਪੀ ਵੀ ਭੁੱਲ ਗਈ, ਜੋ ਕਿ ਉੱਨਤ ਕਾਲ ਸਮੇਂ ਵਿਕਸਿਤ ਹੋਈ ਸੀ। ਵਿਸ਼ੇਸ਼ ਗੱਲ ਇਹ ਹੋਈ ਕਿ ਦੂਰ ਦਰਾਜ਼ ਦਾ ਵਪਾਰ ਬਿਲਕੁਲ ਖਤਮ ਹੋ ਗਿਆ ਤੇ ਲੇਟ ਹੜੱਪਨ ਆਪਣੇ ਪੁਰਾਣੇ ਸਥਾਨ ਛੱਡ ਕੇ ਓਧਰ ਚਲੇ ਗਏ, ਜਿੱਥੇ ਕਿ ਅਜੇ ਵੀ ਮੀਂਹ ਵਰ੍ਹਦੇ ਸਨ। ਇਸੇ ਕਾਰਨ ਸ਼ਿਵਾਲਿਕ ਪਹਾੜੀਆਂ ਜਾਂ ਉਨ੍ਹਾਂ ਦੇ ਦਾਮਨ ਵਿੱਚ ਪੁਰਾਤਨ ਨਦੀਆਂ (ਜੋ ਹੁਣ ਰਾਹ ਬਦਲ ਗਈਆਂ ਹਨ) ਕਿਨਾਰੇ ਲੇਟ-ਹੜੱਪਨ ਵਸੇਬਿਆਂ ਦੀਆਂ ਬਹੁਤ ਸਾਰੀਆਂ ਪੂਰਵ ਇਤਿਹਾਸਕ ਸਾਈਟਾਂ ਮਿਲਦੀਆਂ ਹਨ।

ਸਰਸਵਤੀ ਨਦੀ ਦਾ ਭੇਦ : ਕੀ ਸਰਸਵਤੀ ਹਿਮਾਲੀਆ ਦੇ ਗਲੇਸ਼ੀਅਰਾਂ ’ਚੋਂ ਨਿਕਲਦੀ ਸੀ ? ਮਿਥਹਾਸਕ ਰਚਨਾਵਾਂ ’ਚੋਂ ਇੱਕ ਵਿੱਚ ਇਸ ਨੂੰ ਬ੍ਰਹਮਾ ਦੇ ਸਰੀਰ ’ਚੋਂ ਨਿਕਲੀ ਉਸ ਦੀ ਧੀ ਦੱਸਿਆ ਜਾਂਦਾ ਹੈ। ਬ੍ਰਹਮਾ ਉਸ ਦੇ ਪਿੱਛੇ ਪੈ ਗਿਆ। ਉਹ ਬ੍ਰਹਮਾ ਤੋਂ ਡਰ ਕੇ ਜ਼ਮੀਨ ਦੋਜ਼ ਹੋ ਗਈ ਤੇ ਫਿਰ ਕਿਧਰੇ ਕਿਧਰੇ ਪਰਗਟ ਵੀ ਹੁੰਦੀ ਰਹੀ ਹੈ। ਇੱਕ ਦੰਦ ਕਥਾ ਅਨੁਸਾਰ ਬਦਰੀਨਾਥ ਤੋਂ ਕੁਝ ਕਿਲੋਮੀਟਰ ਦੂਰ ਮੰਨਾ ਪਿੰਡ ਕੋਲ ਸਰਸਵਤੀ ਉਪਜ ਕੇ ਜ਼ਮੀਨਦੋਜ਼ ਹੋ ਜਾਂਦੀ ਹੈ ਅਤੇ ਅਲਾਹਾਬਾਦ ਦੇ ਪਰਿਆਗ ਕੋਲ ਪਰਗਟ ਹੁੰਦੀ ਹੈ। ਕੁਝ ਲੋਕਾਂ ਦਾ ਕਲੇਮ ਹੈ ਕਿ ਸਰਸਵਤੀ ਰੁਪਿਨ-ਸੁਪਿਨ ਗਲੇਸ਼ੀਅਰ (ਸਤਲੁਜ ਤੇ ਜਮਨਾ ਦੇ ਸ੍ਰੋਤਾਂ ਵਿਚਾਲੇ) ’ਚੋਂ ਨਿਕਲਦੀ ਹੈ ਤੇ ਹੇਠਲੀਆਂ ਰੇਂਜਾਂ ’ਚੋਂ (ਸ਼ਾਇਦ ਜ਼ਮੀਨ ਹੇਠਾਂ ਹੀ) ਗੁਜ਼ਰ ਕੇ ਯਮੁਨਾਨਗਰ ਦੀ ਸ਼ਿਵਾਲਿਕ ਰੇਂਜ ਵਿੱਚ ਸਥਿਤ ਅਦੀ ਬਾਦਰੀ ਕੋਲ ਜਾ ਕੇ ਨਿਕਲਦੀ ਹੈ। ਜਮਨਾ ਪਹਿਲਾਂ ਸਰਸਵਤੀ ਦੀ ਸਹਾਇਕ ਨਦੀ ਸੀ ਤੇ ਫਿਰ ਟੈਕਟਾਨੀ ਕਿਰਿਆ ਕਰਕੇ ਗੰਗਾ ਵੱਲ ਮੂੰਹ ਮੋੜ ਗਈ ਤੇ ਸਤਲੁਜ ਨੇ ਵੀ ਇੰਜ ਹੀ ਕੀਤਾ। ਮੂਲ-ਵਾਸੀ ਪੱਖੀ ਕੁਝ ਜਿਆਲੋਜਿਸਟਾਂ ਦਾ ਇਹ ਵੀ ਕਲੇਮ ਹੈ ਤੇ ਉਨ੍ਹਾਂ ਨੇ ਸੈਟੇਲਾਈਟ ਇਮੇਜ ਪ੍ਰਾਪਤ ਕੀਤੇ ਹੋਏ ਹਨ, ਜੋ ਉਨ੍ਹਾਂ ਅਨੁਸਾਰ ਸਪਸ਼ਟ ਕਰਦੇ ਹਨ ਕਿ ਸਰਸਵਤੀ ਧਰਤੀ ਹੇਠਾਂ ਅਜੇ ਵੀ ਮੌਜੂਦ ਹੈ। ਸਰਸਵਤੀ ਬਾਰੇ ਇਹ ਵੀ ਤਾਂ ਮੰਨਿਆ ਜਾਂਦਾ ਹੈ ਕਿ ਘੱਗਰ-ਹਕਰਾ ਹੀ ਕਦੀ ਸਰਸਵਤੀ ਸਨ। ਸੈਟੇਲਾਈਟ ਇਮੇਜ ਤੋਂ ਉਨ੍ਹਾਂ ਨੇ ਜ਼ਮੀਨ ਦੋਜ਼ ਪਾਣੀ ਕਿਤੇ ਕਿਤੇ ਦੇਖਿਆ ਹੈ, ਘੱਗਰ-ਹਕਰਾ ਖਤਮ ਹੋ ਗਏ ਸਨ, ਫਿਰ ਇਮੇਜਜ਼ ਵਿੱਚ ਉਨ੍ਹਾਂ ਹੇਠ ਬਚਿਆ ਪਾਣੀ ਹੀ ਹੋਵੇਗਾ। ਵੈਸੇ ਅਜਿਹੇ ਜ਼ਮੀਨ ਦੋਜ਼ ਪਾਣੀ ਅਨੇਕਾਂ ਰਾਹ ਬਦਲ ਚੁੱਕੀਆਂ ਨਦੀਆਂ ਦੇ ਇਲਾਕਿਆਂ ਵਿੱਚ ਦੇਖੇ ਜਾ ਸਕਦੇ ਹਨ। ਜਿੱਥੋਂ ਵੀ ਧਰਤੀ ਪੁੱਟੋ, ਕਿਸੇ ਨਾ ਕਿਸੇ ਡੂੰਘਾਈ ਤੇ ਪਾਣੀ ਮਿਲ ਜਾਂਦਾ ਹੈ, ਪਰ ਸੈਟੇਲਾਈਟ ਤੋਂ ਉਸ ਦੀ ਉਮਰ ਨਹੀਂ ਕੱਢੀ ਜਾ ਸਕਦੀ।

ਮੂਲ-ਵਾਸੀ ਪੱਖੀ ਵਿਚਾਰਧਾਰਾ ਅਨੁਸਾਰ ਰਿਸ਼ੀ ਮਨੂੰ ਨੇ ਭਾਰਤ ਦੀ ਸਭ ਤੋਂ ਵਿਸ਼ਾਲ ਸਰਸਵਤੀ ਅਤੇ ਦ੍ਰਿਸ਼ਦਵਟੀ ਨਦੀ ਵਿਚਾਲੇ ਹੀ ਵੈਦਿਕ ਸੱਭਿਅਤਾ ਆਰੰਭ ਕੀਤੀ ਸੀ।

ਕੇਂਦਰ ਸਰਕਾਰ ਨੇ 2002 ਵਿੱਚ ਤੇ ਬਾਅਦ ਵਿੱਚ ਹਰਿਆਣਾ ਸਰਕਾਰ ਨੇ ਵੀ ਕਰੋੜਾਂ ਰੁਪਏ ਸਰਸਵਤੀ ਨੂੰ ਨਵੇਂ ਸਿਰਿਓਂ ਖੋਦਣ ਲਈ ਸੈਂਕਸ਼ਨ ਕੀਤੇ ਹਨ। ਅਦੀ ਬਾਦਰੀ ਨੇੜੇ ਸਥਿਤ ਮੁਗਲਾਂਵਾਲੀ ਕੋਲ (ਇੱਕ ਛੋਟੀ ਜਿਹੀ ਪਹਾੜੀ ਦੇ ਦਾਮਨ ਵਿੱਚ) ਇੱਕ ਸਥਾਨ ਤੋਂ 7 ਤੋਂ 10 ਫੁੱਟ ਤੱਕ ਡੂੰਘੇ ਟੋਏ ਪੁੱਟ ਕੇ ਜ਼ਮੀਨ ਦੋਜ਼ ਪਾਣੀ ਲੱਭਾ ਹੈ ਤੇ ਕਲੇਮ ਕੀਤਾ ਜਾ ਰਿਹਾ ਹੈ ਕਿ ਇਹ ਮਿੱਠਾ ਪਾਣੀ ਹਜ਼ਾਰਾਂ ਸਾਲ ਪੁਰਾਣਾ ਹੈ। ਅਖਬਾਰਾਂ ਵਿੱਚ ਛਾ ਗਿਆ ਸੀ ਕਿ ਸਰਸਵਤੀ ਲੱਭ ਗਈ (ਵੈਸੇ ਤਦ ਬੜੇ ਮੀਂਹ ਪਏ ਸਨ ਤੇ ਇਹ ਪਾਣੀ ਉੱਪਰੋਂ ਸਿੰਮ ਕੇ ਵੀ ਹੇਠਾਂ ਆਇਆ ਹੋ ਸਕਦਾ ਹੈ ਤੇ ਨਾਲ ਹੀ ਇਹ 3-ਕੁ ਕਿਲੋਮੀਟਰ ਦੂਰ ਵਗਦੀ ਬਰਸਾਤੀ ਨਦੀ ‘ਸੋਮ’ ਦੀ ਪੁਰਾਣੀ ਚੈਨਲ ਦਾ ਸਥਾਨ ਵੀ ਹੈ)। ਉੱਥੇ ਹੁਣ ਬਣਾਉਟੀ ਸਰਸਵਤੀ ਨਦੀ ਪੁੱਟੀ ਜਾ ਰਹੀ ਹੈ, ਜਿਸ ਵੱਲ ਬਰਸਾਤਾਂ ਦੌਰਾਨ ਨਾਲ ਵਗਦੀ ਸੋਮ ਨਦੀ ਦੇ ਪਾਣੀ ਮੋੜਿਆ ਜਾਵੇਗਾ ਅਤੇ ਸੈਂਕੜੇ ਕਿਲੋਮੀਟਰ ਲੰਬੇ ਰਾਹ ਵਿੱਚ ਲੱਖਾਂ ਟਿਊਬਵੈਲ ਲਾ ਕੇ ਸਰਸਵਤੀ ਨੂੰ ਮੁੜ-ਸੁਰਜੀਤ ਕੀਤਾ ਜਾਵੇਗਾ (ਹਰਿਆਣੇ ਵਿੱਚ ਧਰਤੀ ਹੇਠਲੇ ਪਾਣੀ ਦੀ ਪਹਿਲਾਂ ਹੀ ਘਾਟ ਹੈ)। ਮੂਲ-ਵਾਸੀ ਪੱਖੀਆਂ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਪ੍ਰਾਜੈਕਟ ਬਣਾਏ ਜਾ ਰਹੇ ਹਨ, ਜੋ (ਉਨ੍ਹਾਂ ਦੇ ਕਹਿਣ ਅਨੁਸਾਰ) 7-8 ਹਜ਼ਾਰ ਸਾਲ ਪੁਰਾਣੀ ਭਾਰਤ ਦੀ ਵੈਦਿਕ ਸੱਭਿਅਤਾ ਨੂੰ ਸਰਸਵਤੀ ਦੇ ਨਾਲ ਹੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਏਗਾ ਤੇ ਮੁੱਖ ਧਾਰਾ ਦੇ ਇਤਿਹਾਸਕਾਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਲਤ ਸਿੱਧ ਕੀਤਾ ਜਾਏਗਾ।

ਦੁਨੀਆ ਦੇ ਪ੍ਰਸਿੱਧ 15 ਵਿਗਿਆਨੀਆਂ ਨੇ (ਜਿਨ੍ਹਾਂ ਵਿੱਚ ਭੂ-ਵਿਗਿਆਨੀ, ਪੁਰਾਤੱਤਵ ਵਿਗਿਆਨੀ ਵੀ ਸ਼ਾਮਲ ਸਨ) ਸਰਸਵਤੀ ਨਾਲ ਸੰਬੰਧਿਤ ਇੱਕ ਤਾਜ਼ਾ ਖੋਜ ਕੀਤੀ ਹੈ, ਜੋ ਕਿ ਸੁਪ੍ਰਸਿੱਧ ਅੰਤਰਰਾਸ਼ਟਰੀ ਖੋਜ ਪੱਤ੍ਰਿਕਾ ‘ਪ੍ਰੋਸੀਡਿੰਗਜ਼ ਆਫ ਨੈਸ਼ਨਲ ਅਕੈਡਮੀ ਆਫ ਸਾਂਇਸਿਜ਼‘ ਵਿੱਚ ਸੰਨ 2012 ਵਿੱਚ ਛਪੀ ਸੀ। ਉਨ੍ਹਾਂ ਵਿਗਿਆਨੀਆਂ ਨੇ ਉੱਚ ਕੋਟੀ ਦੀਆਂ ਵਿਗਿਆਨਕ ਤਕਨੀਕਾਂ ਵਰਤ ਕੇ ਇਹ ਸਿੱਧ ਕੀਤਾ ਕਿ ਸਰਸਵਤੀ ਜਾਂ ਘੱਗਰ-ਹਕਰਾ ਵਾਕਈ ਇੱਕ ਬਹੁਤ ਵਿਸ਼ਾਲ ਨਦੀ ਸੀ, ਪਰ ਇਹ ਉੱਚ ਹਿਮਾਲਾ ਦੇ ਗਲੇਸ਼ੀਅਰਾਂ ’ਚੋਂ ਨਹੀਂ ਸੀ ਨਿਕਲਦੀ, ਬਲਕਿ ਲੰਬੇ ਸਮੇਂ ਲਈ ਵਗੀ ਇੱਕ ਬਰਸਾਤੀ ਨਦੀ ਸੀ, ਜੋ ਕਿ ਸ਼ਿਵਾਲਿਕ ਪਹਾੜੀਆਂ ’ਚੋਂ ਹੀ ਨਿਕਲਦੀ ਸੀ। ਜੇਕਰ ਉਹ (ਮੂਲ-ਵਾਸੀ ਪੱਖੀਆਂ ਦੇ ਕਹਿਣ ਅਨੁਸਾਰ) ਹਜ਼ਾਰਾਂ ਸਾਲਾਂ ਤੋਂ ਸਤਲੁਜ ਅਤੇ ਯਮੁਨਾ ਦੇ ਵਿਚਕਾਰ ਪੈਂਦੇ ਥਲਾਂ ਵਿੱਚ ਵਗੀ ਹੁੰਦੀ ਤਾਂ ਕਿਧਰੇ ਡੂੰਘੀਆਂ ਖੁਣੀਆਂ ਘਾਟੀਆਂ ਦੇ ਆਸਾਰ ਵੀ ਹੁੰਦੇ ! ਪ੍ਰਸਿੱਧ ਜਿਓ-ਆਰਕਿਆਲੋਜਿਸਟਾਂ, ਸੂਰਜ ਭਾਨ ਅਤੇ ਆਰ ਸੀ ਠਾਕੁਰਨ ਅਨੁਸਾਰ ਜੇਕਰ ਕੋਈ ਵੱਡਾ ਦਰਿਆ ਹਜ਼ਾਰਾਂ ਸਾਲ ਲਗਾਤਾਰ ਵਗਦਾ ਰਿਹਾ ਹੋਵੇ ਤਾਂ ਉਸ ਦੇ ਹੜ੍ਹ-ਸਥਲ ਹੇਠ ਕਈ ਫੁਟਾਂ ਤੱਕ ਰੇਤਾ ਮਿਲੇਗੀ, ਜੋ ਉਸ ਦਰਿਆ ਦੀ ਪ੍ਰਾਚੀਨ ਸਮੇਂ ਤੋਂ ਵਿਸ਼ਾਲਤਾ ਨੂੰ ਦਰਸਾਏਗੀ। ਚੌੜੀ ਘੱਗਰ ਵਾਦੀ ਵਿੱਚ ਅਜਿਹਾ ਕੁਝ ਵੀ ਨਹੀਂ। ਜੋ ਕੁਝ ਹੈ, ਉਹ ਲੰਬਾ ਸਮਾ ਵਗੀ ਵਿਸ਼ਾਲ ਨਦੀ ਕਰਕੇ ਹੀ ਹੈ। ਫਿਰ ਦਿੱਲੀ ਦੇ ਭੂ-ਵਿਗਿਆਨੀ ਜੇ ਕੇ ਤ੍ਰਿਪਾਠੀ ਤੇ ਸਾਥੀਆਂ ਨੇ ਕਰੰਟ ਸਾਇੰਸ ਦੇ ਸੰਨ 2004 ਦੇ ਅਕਤੂਬਰ ਅੰਕ ਵਿੱਚ ਛਪੇ ਖੋਜ ਪੱਤਰ ਅਨੁਸਾਰ ਘੱਗਰ-ਹਕਰਾ (ਸਰਸਵਤੀ) ਦੇ ਸੁੱਕ ਚੁੱਕੇ ਚੈਨਲਾਂ ਦੀ ਰੇਤਾ/ਮਿੱਟੀ ਦਾ ਵਿਗਿਆਨਕ ਵਿਸ਼ਲੇਸ਼ਨ ਕਰਕੇ ਦੇਖਿਆ ਹੈ ਉਨ੍ਹਾਂ ਵਿਚਲੇ ਕਣ ਸ਼ਿਵਾਲਿਕ ਪਹਾੜੀਆਂ ’ਚੋਂ ਹੀ ਆਏ ਹਨ, ਉੱਚੇ ਹਿਮਾਲਾ ਤੋਂ ਨਹੀਂ। ਮੂਲ-ਵਾਸੀ ਪੱਖੀ ਕੁਝ ਅਰਧ-ਜਿਆਲੋਜਿਸਟ ਕਹਿੰਦੇ ਸੀ ਕਿ ਉਨ੍ਹਾਂ ਨੇ ਅਦੀ ਬਾਦਰੀ ਨੇੜੇ ਹਿਮਾਲਾ ਦੀਆਂ ਚੱਟਾਨਾਂ ਦੇ ਬਾਰੀਕ ਟੁਕੜੇ ਦੇਖੇ ਹਨ, ਪਰ ਇਹ ਟੁਕੜੇ/ਗੀਟੇ ਸਾਰੇ ਹੀ ਗੰਗਾ-ਸਿੰਧ ਮੈਦਾਨ ਵਿੱਚ ਬਚੀਆਂ ਸੁੱਕ ਚੁੱਕੀਆਂ ਨਦੀਆਂ ਵਿੱਚ ਮੌਜੂਦ ਹਨ। ਲੱਖਾਂ ਕਰੋੜਾਂ ਸਾਲ ਪਹਿਲਾਂ ਜਦੋਂ ਸ਼ਿਵਾਲਿਕ ਤੋਂ ਪਹਿਲਾਂ ਹਿਮਾਲਾ ਉੱਪਰ ਉੱਠ ਰਿਹਾ ਸੀ ਤਾਂ ਬਰਫਾਨੀ ਤੋਦਿਆਂ ਨਾਲ ਉੱਪਰਲੀਆਂ ਚੱਟਾਨਾਂ ਦਾ ਖੋਰ ਨਾਲ ਰੁੜ੍ਹਿਆ ਤੇ ਮੈਦਾਨਾਂ ਵਿੱਚ ਆ ਗਿਆ ਸੀ। ਨਾਲ ਹੀ ਕਿਸੇ ਨਦੀ ਦਾ ਪਾਣੀ ਲੰਬੀ ਦੂਰੀ ਤੱਕ ਜ਼ਮੀਨ ਦੋਜ਼ ਨਹੀਂ ਵਗ ਸਕਦਾ, ਜਦ ਤੱਕ ਕਿ ਸਾਰੀਆਂ ਚਟਾਨਾਂ ਵਿੱਚ ਜਲਦੀ ਖੁਰਨ ਵਾਲੇ ਪਦਾਰਥ ਨਾ ਹੋਣ ਜਾਂ ਪਾਣੀ ਵਗਣ ਦਾ ਰਸਤਾ ਨਾ ਹੋਵੇ, ਪਰ ਸ਼ਿਵਾਲਿਕ ਤੋਂ ਲੈ ਕੇ (ਕਹਿ ਲਵੋ ਅਦੀ ਬਾਦਰੀ ਤੋਂ) ਬਰਫਾਨੀ ਪਰਬਤਾਂ ਤੱਕ ਸਾਰੇ ਪਹਾੜ ਹੀ ਕੱਚੀਆਂ ਪੱਕੀਆਂ ਰੇਤਲੀਆ ਤਲਛੱਟੀ ਜਾਂ ਰੂਪਾਂਤਰਿਤ ਕ੍ਰਿਸਟਲੀ ਚਟਾਨਾਂ ਦੇ ਬਣੇ ਹੋਏ ਹਨ। ਉਨ੍ਹਾਂ ਨੂੰ ਖੋਰ ਕੇ ਕੋਈ ਨਦੀ ਹੇਠਾਂ ਨਹੀਂ ਆ ਸਕਦੀ। ਜੇ 4-5 ਹਜ਼ਾਰ ਸਾਲ ਪਹਿਲਾਂ ਸਰਸਵਤੀ ਪਹਾੜਾਂ ’ਚੋਂ ਰਾਹ ਬਣਾ ਕੇ ਵਗੀ ਹੁੰਦੀ, ਤਾਂ ਏਨੇ ਲੰਬੇ ਘੁੰਮ ਘੁੰਮਾ ਕੇ ਬਣਦੇ ਰਸਤੇ ਵਿੱਚ ਉਸ ਦੀ ਪੁਰਾਣੀ ਚੈਨਲ ਦੇ ਬਹੁਤ ਸਾਰੇ ਅੰਸ਼ ਮਿਲਣੇ ਚਾਹੀਦੇ ਸਨ, ਪਰ ਅਜਿਹਾ ਕੁਝ ਵੀ ਨਹੀਂ ਮਿਲਦਾ। ਰਾਹ ਵਿੱਚ ਤਾਂ ਲੱਖਾਂ ਕਰੋੜਾਂ ਸਾਲ ਪੁਰਾਣੀਆਂ ਉੱਚੀਆਂ ਚਟਾਨਾਂ ਦੀਆਂ ਪਾਲਾਂ ਹੀ ਹਨ।

ਭਾਸ਼ਾਵਾਂ ਦੇ ਸ੍ਰੋਤ ਤੋਂ ਵੀ ਆਰੀਆਂ ਦੇ ਬਾਹਰੋਂ ਆਏ ਹੋਣ ਦੇ ਕਾਰਨਾਂ ਨੂੰ ਬਲ ਮਿਲਦਾ ਹੈ। ਉੱਤਰੀ ਭਾਰਤ ਦੀਆਂ ਭਾਸ਼ਾਵਾਂ ਪੁਰਾਤਨ ਸੰਸਕ੍ਰਿਤ ’ਚੋਂ ਉਪਜੀਆਂ ਹਨ ਜਦ ਕਿ ਦੱਖਣ ਦੀਆਂ ਭਾਸ਼ਾਵਾਂ ਦਾ ਸ੍ਰੋਤ ਅਰਧ-ਦਰਾਵੜੀ ਭਾਸ਼ਾ ਹੈ। ਸੰਸਕ੍ਰਿਤ ਖੁਦ ਇੰਡੋ-ਯੂਰਪੀ ਭਾਸ਼ਾ ਦੀ ਸੰਤਾਨ ਹੈ। ਰਿਗ ਵੇਦ ਵਿੱਚ ਵੀ ਘੋੜਿਆਂ ਤੇ ਰੱਥਾਂ ਦਾ ਵਰਣਨ 1500 ਬੀ ਸੀ ਤੋਂ ਬਾਅਦ ਦਾ ਹੀ ਹੈ। ਹੜੱਪਨ ਸੀਲਾਂ ਤੇ ਛਾਪ ਭਾਵੇਂ ਅਜੇ ਪੜ੍ਹੀ ਨਹੀਂ ਗਈ, ਪਰ ਉਹ ਵੀ ਕਿਸੇ ਵੀ ਇੰਡੋ-ਯੂਰਪੀ ਲਿੱਪੀ ਨਾਲ ਨਹੀਂ ਮਿਲਦੀ। ਹੜੱਪਣ ਖੁਦਾਈਆਂ ’ਚੋਂ ਜੋ ਕੁਝ ਵੀ ਮਿਲਿਆ ਹੈ, ਸੀਲਾਂ ਵਗੈਰਾ, ਰਿਗ ਵੇਦ ਵਿੱਚ ਉਨ੍ਹਾਂ ’ਚੋਂ ਕਿਸੇ ਦਾ ਵੀ ਜ਼ਿਕਰ ਨਹੀਂ ਹੈ। ਜੇਕਰ ਰਿਗ ਵੇਦ ਹੜੱਪਨਾਂ ਦਾ ਸਮਕਾਲੀ ਹੁੰਦਾ ਤਾਂ ਉਨ੍ਹਾਂ ਬਾਰੇ ਉਸ ਵਿੱਚ ਕੋਈ ਵਰਣਨ ਤਾਂ ਹੁੰਦਾ।

ਮੈਂ ਉੱਪਰ ਵੀ ਦੱਸਿਆ ਹੈ ਕਿ ਕਈ ਆਰੀਆ ਲੋਕਾਂ ਦੇ ਕਈ ਗਰੁੱਪ ਸਰਸਵਤੀ (ਘੱਗਰ) ਦੇ ਸੁੱਕਣ ਤੋਂ ਪਹਿਲਾਂ ਹੀ ਏਧਰ ਆਉਣ ਲੱਗ ਪਏ ਸਨ, ਉਨ੍ਹਾਂ ਦੀ ਯਾਦਦਾਸ਼ਤ ’ਚੋਂ ਹੀ ਵਿਸ਼ਾਲ ਵਗਦੀ ਸਰਸਵਤੀ ਦੀ ਮਹਾਨਤਾ ਰਿਗ ਵੇਦ ਵਿੱਚ ਸ਼ਾਮਲ ਹੋ ਗਈ ਹੋਵੇਗੀ, ਪਰ ਨਵੀਂ ਖੋਜ ਅਨੁਸਾਰ ਆਰੀਆਂ ਦੇ ਬਾਹਰੋਂ ਆਏ ਹੋਣ ਦਾ ਵੱਡਾ ਸਬੂਤ ਮੈਂ ਅੱਗੇ ਦੱਸ ਰਿਹਾ ਹਾਂ।

ਉੱਜੜ ਚੁੱਕੇ ਲੇਟਹੜੱਪਣ ਪੱਥਰ ਯੁੱਗ ਗਏ ਸਨ : ਸਭ ਪੁਸਤਕਾਂ, ਖੋਜ ਲੇਖਾਂ ਤੇ ਖੁਦਾਈ ਕੀਤੇ ਸਥਾਨਾਂ ਤੋਂ ਇਹ ਪ੍ਰਮਾਣ ਮਿਲਦੇ ਹਨ ਕਿ ਲੰਬੇ ਕਾਲ ਪੈਣ ’ਤੇ ਮੈਚਿਉਰ (ਉੱਨਤ) ਹੜੱਪਨ ਉੱਜੜ ਗਏ ਤੇ ਉੱਤਰ-ਪੂਰਬ ਵੱਲ ਚਲੇ ਗਏ। ਉਨ੍ਹਾਂ ਦੀ ਸਾਰੀ ਵਸਤੂ/ਪਦਾਰਥਕ ਸੱਭਿਅਤਾ ਖਤਮ ਹੋ ਗਈ। ਦੁਨੀਆ ਨਾਲ ਵਪਾਰਕ ਸੰਬੰਧ ਵੀ ਬਿਲਕੁਲ ਟੁੱਟ ਗਏ। ਫਿਰ ਉਹ ਨਿੱਤਾ ਪ੍ਰਤੀ ਦੀ ਵਰਤੋਂ ਵਿੱਚ ਕਿਹੜੇ ਔਜ਼ਾਰ ਵਰਤਦੇ ਹੋਣਗੇ ? ਇਹ ਕਦੀ ਕਿਸੇ ਨੇ ਸੋਚਿਆ ਹੀ ਨਹੀਂ। ਉਹ ਨਿੱਘਰ ਚੁੱਕੀ ਵੱਸੋਂ ਕਈ ਥਾਂਵਾਂ ’ਤੇ ਖਿੱਲਰ ਗਈ ਸੀ ਤੇ ਨਵੇਂ ਥਾਂਵਾਂ ’ਤੇ 800-900 ਸਾਲ ਤੱਕ ਚੱਲਦੀ ਵੀ ਰਹੀ। ਹਜ਼ਾਰਾਂ ਖੋਜੀ ਕਿੰਨੇ ਹੀ ਲੇਟ ਹੜੱਪਨ ਥਾਂਵਾਂ ਦੀ ਖੁਦਾਈ ਅਤੇ ਸਤ੍ਹਾ ਤੋਂ ਖੋਜ ਕਰ ਚੁੱਕੇ ਹਨ, ਕਿਸੇ ਨੇ ਵੀ ਇਹ ਨਹੀਂ ਜਾਂਚਿਆ ਕਿ ਉਹ ਸੰਦਾਂ ਤੋਂ ਬਿਨਾਂ ਕਿਵੇਂ ਜਿਊਂਦੇ ਹੋਣਗੇ। ਅਸੀਂ ਪਿਛਲੇ ਦਹਾਕੇ ਦੌਰਾਨ ਲੇਟ ਹੜੱਪਨ ਥਾਂਵਾਂ ਦੀ ਭਰਪੂਰ ਖੋਜ ਕੀਤੀ ਤੇ ਦੇਖਿਆ ਕਿ ਕਈ ਥਾਂਵਾਂ ਤੋਂ ਹੜੱਪਨ ਠੀਕਰਾਂ ਦੇ ਨਾਲ-ਨਾਲ ਪੱਥਰ ਦੇ ਸੰਦ ਵੀ ਮਿਲ ਰਹੇ ਹਨ। ਅਸੀਂ ਸੰਨ 2003-2004 ਵਿੱਚ ਹਿਮਾਚਲ ਦੇ ਪਿੰਡ ਜੰਡੋਰੀ ਕੋਲ ਇੱਕ ਖੁਦਾਈ ਕੀਤੀ। ਖੁਦਾਈ ਵਿੱਚੋਂ ਹਜ਼ਾਰਾਂ ਪੱਥਰ-ਸੰਦ ਮਿਲੇ ਤੇ ਹੈਰਾਨੀ ਵਾਲੀ ਗੱਲ ਇਹ ਕਿ ਵਿੱਚੋਂ ਬਹੁਤ ਸਾਰੀਆਂ ਲੇਟ-ਹੜੱਪਨ ਠੀਕਰਾਂ ਵੀ ਮਿਲ ਗਈਆਂ (ਵੇਖੋ ਚਿੱਤਰ)। ਉਨ੍ਹਾਂ ਦੀ ਆਯੂ ਨਿਰਧਾਰਣ ਕੀਤੀ ਤਾਂ ਉਹ 4000 ਸਾਲ ਪੂਰਵ ਦੇ ਨੇੜੇ ਤੇੜੇ ਹੀ ਨਿਕਲੀ। ਫਿਰ ਬਾੜਾ (ਰੋਪੜ) ਦੇ ਥੇਹ ਉੱਪਰੋਂ ਸੰਨ 2006 ਵਿੱਚ ਪੱਥਰ ਦੇ ਕਈ ਸੰਦ ਚੁੱਕੇ ਅਤੇ ਉਸ ਦੀ ਖੁਦਾਈ (ਜੋ ਕਿ ਪੁਰਾਤੱਤਵ ਵਿਭਾਗ ਦੇ ਆਰਿਆਲੋਜਿਸਟ ਨੇ 2007 ਵਿੱਚ ਕੀਤੀ) ਵਿੱਚੋਂ ਵੀ ਬਹੁਤ ਸਾਰੇ ਉਹੋ ਜਿਹੇ ਪੱਥਰ ਸੰਦ ਮਿਲ ਗਏ। ਲੇਟ ਹੜੱਪਨ ਸਾਈਟ ਢੇਰ-ਮਾਜਰਾ (ਰੋਪੜ) ਦੇ ਢਹਿ ਚੁੱਕੇ ਥੇਹ ਵਿੱਚੋਂ ਵੀ ਬਾੜਾ-ਟਾਈਪ ਠੀਕਰਾਂ ਦੇ ਨਾਲ-ਨਾਲ ਬਹੁਤ ਸਾਰੇ ਪੱਥਰ ਸੰਦ ਵੀ ਮਿਲੇ, ਜਿਨ੍ਹਾਂ ਨੂੰ ਹੁਣ ਤੱਕ ਲੱਖ ਤੋਂ ਵੱਧ ਸਾਲ ਪੁਰਾਣੇ ਸੋਆਨੀਅਨ ਟੂਲ ਹੀ ਸਮਝਿਆ ਜਾ ਰਿਹਾ ਸੀ ਕਿਉਂਕਿ ਆਯੂ-ਨਿਰਧਾਰਣ ਦਾ ਨਵਾਂ/ਸਹੀ ਢੰਗ ਕਿਸੇ ਨੇ ਨਹੀਂ ਸੀ ਵਰਤਿਆ। ਨੰਗਲ ਕੋਲ ਦਰਿਆ ਸਤਲੁਜ ਦੀਆਂ ਟੈਰੇਸਾਂ ਤੋਂ ਹੜੱਪਨ ਠੀਕਰਾਂ ਨਾਲ ਸਮਕਾਲੀ ਪੱਥਰ ਦੇ ਸੰਦ ਲੱਭ ਲਏ ਤੇ ਜਦੋਂ ਉਸ ਟੈਰੇਸ ਦਾ ਆਯੂ ਨਿਰਧਾਰਣ ਕਰਵਾਇਆ ਗਿਆ ਤਾਂ ਉਹ ਵੀ 4000 ਸਾਲ ਪੂਰਵ ਦੇ ਕਰੀਬ ਹੀ ਨਿਕਲਿਆ। ਉਹ ਸਮਾਂ ਲੇਟ ਹੜੱਪਨਾਂ ਦਾ ਹੀ ਸੀ। ਪੱਥਰ-ਸੰਦ ਏਨੇ ਨੇੜੇ ਦੇ ਕਾਲ ਵਿੱਚੋਂ ਮਿਲ ਗਏ ? ਸਾਨੂੰ (ਮੈਨੂੰ ਤੇ ਡਾ: ਅਨੁਜੋਤ ਸਿੰਘ ਨੂੰ) ਕਈ ਹੋਰ (ਕਰੀਬ 32) ਥਾਂਵਾਂ ਤੋਂ ਵੀ ਹੜੱਪਨ ਠੀਕਰਾਂ ਦੇ ਨਾਲ ਪੱਥਰ-ਸੰਦ ਮਿਲ ਚੁੱਕੇ ਹਨ। ਇਹ ਸਭ ਕੀ ਸਿੱਧ ਕਰਦਾ ਹੈ ? ਇਹ ਕਿ ਗਰਕ ਹੋ ਚੁੱਕੇ ਹੜੱਪਨ ਫਿਰ ਉੱਨਤੀ ਕਰਕੇ ਛੇਤੀ ਹੀ ਰੱਥਾਂ-ਘੋੜਿਆਂ ਵਾਲੇ ਬਲਵਾਨ ਆਰੀਆ ਨਹੀਂ ਬਣ ਸਕਦੇ ਸਨ।

ਮੂਲ-ਵਾਸੀ ਪੱਖੀ ਇਤਿਹਾਸਕਾਰ ਜੋ ਕਹਿੰਦੇ ਹਨ ਕਿ ਉੱਨਤ ਹੜੱਪਨ ਕਾਲ ਪੈਣ ’ਤੇ ਉਂਜ ਦੇ ਉਂਜ ਗੰਗਾ ਘਾਟੀ ਵੱਲ ਧਾ ਗਏ ਸਨ, ਉਹ ਇਸ ਖੋਜ ਉਪਰੰਤ ਬਿਲਕੁਲ ਪੱਕਾ ਗਲਤ ਸਿੱਧ ਹੋ ਜਾਂਦਾ ਹੈ। ਉਨ੍ਹਾਂ ’ਚ ਤਾਂ ਰਿਹਾ ਹੀ ਕੁਝ ਨਹੀਂ ਸੀ। ਤਾਂਬਾ ਮਿਲਨਾ ਬੰਦ ਹੋ ਗਿਆ (ਵਪਾਰ ਖਤਮ ਹੋ ਗਿਆ ਸੀ)। ਸਿਰਫ ਖਾਣ ਪੀਣ ਜੋਗਾ ਪ੍ਰਬੰਧ ਸ਼ਿਵਾਲਿਕ ਦੀਆਂ ਅਜੇ ਜੀਵਤ ਨਦੀਆਂ ਕਿਨਾਰੇ ਮਿਲਦਾ ਰਿਹਾ। ਉਹ ਫਿਰ ਹੰਟਰ-ਗੈਦਰਰ ਬਣ ਗਏ ਤੇ ਬੱਸ ਪੱਥਰ ਦੇ ਸੰਦ ਵਰਤਣ ਜੋਗੇ ਰਹਿ ਗਏ। ਗੰਗਾ ਜਮਨਾ ਕੰਢੇ ਉਨ੍ਹਾਂ ਨੂੰ ਧਾਤਾਂ ਤੇ ਹੋਰ ਸਮੱਗਰੀ ਕਿੱਥੋਂ ਮਿਲ ਜਾਣੀ ਸੀ ? ਓਦੋਂ ਹੀ ਬਾਹਰੋਂ ਆਏ ਆਰੀਆ ਲੋਕਾਂ ਨੇ ਉਨ੍ਹਾਂ ਦੇ ਬਚੇ ਖੁਚੇ ਸਥਾਨਾਂ ’ਤੇ ਕਬਜ਼ਾ ਕਰਕੇ ਆਪਣੇ ਅਧੀਨ ਕਰ ਲਿਆ। ਹਮਲਾ ਕੋਈ ਨਹੀਂ ਹੋਇਆ। ਸ਼ਾਇਦ ਕੋਈ ਖਾਸ ਲੜਾਈਆਂ ਵੀ ਨਾਂ ਹੋਈਆਂ ਹੋਣ। ਕਮਜੋਰ ਹੋ ਚੁੱਕੇ ਹੜੱਪਨਾਂ ਉੱਤੇ ਕਿਸੇ ਨੇ ਕੀ ਹਮਲਾ ਕਰਨਾ ਸੀ ? ਦੋਵਾਂ ਸਵੈ-ਵਿਰੋਧੀ ਬਹਿਸ ਕਰਨ ਵਾਲਿਆਂ ਨੂੰ ਸਾਡੀ ਨਵੀਂ ਖੋਜ ਦਾ ਤਾਂ ਪਤਾ ਹੀ ਨਹੀਂ, ਕਿ ਖੋਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੁਦਾਈ ’ਚੋਂ ਲੇਟ-ਹੜੱਪਨ ਠੀਕਰਾਂ ਦੇ ਨਾਲ ਪੱਕੇ ਪੱਥਰ-ਸੰਦ ਵੀ ਮਿਲ ਗਏ ਹਨ ! ਇਹ ਤੱਥ ਪੂਰਣ ਰੂਪ ਵਿੱਚ ਸਿੱਧ ਕਰਦਾ ਹੈ ਕਿ ਆਰੀਆ ਹੜੱਪਨਾਂ ’ਚੋਂ ਨਹੀਂ ਉਪਜੇ, ਨਾ ਹੀ ਉੱਨਤ ਹੜੱਪਨ ਆਰੀਆ ਸਨ ਕਿਉਂਕਿ ਹੜੱਪਨਾਂ ਦੀ ਤਾਕਤ ਤਾਂ ਲਗਭਗ ਖਤਮ ਹੀ ਹੋ ਗਈ ਸੀ। ਆਰੀਆ ਬਾਹਰੋਂ ਹੀ ਆਏ ਸਨ। ਮੈਨੂੰ ਜਾਪਦਾ ਹੈ ਕਿ ਸਾਰੇ ਲੇਟ ਹੜੱਪਨਾਂ ਨੂੰ ਆਉਣ ਵਾਲੀ ਵੈਦਿਕ ਸੱਭਿਅਤਾ ਨੇ ਪਛੜੇ ਕਮਜ਼ੋਰ ਵਰਗ ਬਣਾ ਦਿੱਤਾ ਹੋਊ। ਮਨੂੰ ਦੀ ਵਰਗ-ਵੰਡ ਸ਼ਾਇਦ ਏਦਾਂ ਹੀ ਕੀਤੀ ਗਈ ਹੋਵੇ !

ਮੈਂ ਵੇਦਾਂ ਦੀ ਮਹੱਤਤਾ ਤੇ ਮਹਾਨਤਾ ਦੀ ਬਹੁਤ ਕਦਰ ਕਰਦਾ ਹਾਂ ਕਿਉਂਕਿ ਉਹ ਗਿਆਨ ਭਰਪੂਰ ਗ੍ਰੰਥ ਹਨ, ਪਰ ਸਮੇਂ ਵਿੱਚ ਆਪਣੀ ਸੱਭਿਅਤਾ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਪੁਰਾਣੀ ਦੱਸ ਕੇ ਅਸੀਂ ਕੋਈ ਬਹੁਤੇ ਵੱਡੇ ਨਹੀਂ ਹੋ ਜਾਵਾਂਗੇ ਤੇ ਜੇ ਅਸੀਂ ਆਪਣੇ ਆਪ ਨੂੰ ਹਜ਼ਾਰਾਂ ਸਾਲ ਪਹਿਲਾਂ ਬਾਹਰੋਂ ਆਉਣ ਵਾਲੀ ਵਾਸਤਵਿਕਤਾ ਨੂੰ ਵੀ ਮੰਨ ਲਈਏ ਤਾਂ ਕੋਈ ਛੋਟੇ ਨਹੀਂ ਹੋ ਜਾਵਾਂਗੇ। ਆਖ਼ਿਰ ਸਾਰੀ ਮਨੁੱਖਤਾ ਲੱਖਾਂ ਸਾਲ ਪਹਿਲਾਂ ਅਫਰੀਕਾ ’ਚੋਂ ਹੀ ਨਿਕਲੀ ਸੀ। ਅਸੀਂ ਓਦੋਂ ਵੀ ਤਾਂ ਬਾਹਰੋਂ ਹੀ ਆਏ ਸਾਂ ! ਅਫਰੀਕਾ ਦੇ ਹੋਮੋਇਰੈਕਟਸ ਦੀ ਇੱਕ ਸ਼ਾਖਾ ’ਚੋਂ ਆਧੁਨਿਕ ਮਨੁੱਖ ਉਤਪੰਨ ਹੋਇਆ ਸੀ। ਓਥੋਂ ਹੀ ਸਾਰੇ ਵਿਸ਼ਵ ਵਿੱਚ ਫੈਲ ਗਿਆ ਸੀ। ਜੇ ਅਸੀਂ ਦਾਅਵਾ ਕਰਨ ਲੱਗੀਏ ਕਿ ਸਾਰੀ ਮਾਨਵਤਾ ਦਾ ਉਦਗਮ ਸਥਾਨ ਹੀ ਭਾਰਤ ਹੈ, ਤਾਂ ਕਿੱਡੀ ਹਾਸੋਹੀਣੀ ਗੱਲ ਹੋਵੇਗੀ, ਪਰ ਕੁਝ ਲੋਗ ਇਹ ਵੀ ਕਹਿ ਦਿੰਦੇ ਹਨ।