ਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?

0
275

ਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ  ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਕਿ 50 ਸਾਲ ਤੋਂ ਘੱਟ ਉਮਰ ਦੇ ਪੁਰਸ਼ ਅਧਿਆਪਕ ਲੜਕੀਆਂ ਦੇ ਸਕੂਲ ਵਿੱਚ ਤਾਇਨਾਤ ਨਹੀਂ ਕੀਤੇ ਜਾਣਗੇ।

ਸਰਕਾਰ ਦੀ ਮਨਸ਼ਾ ਸਪਸ਼ਟ ਹੈ ਕਿ ਉਹ ਬਾਲੜੀਆਂ ਨੂੰ ਸ਼ੋਸ਼ਣ ਤੋਂ ਬਚਾਉਣਾ ਚਾਹੁੰਦੇ ਹਨ। ਇਸ ਦਾ ਦੂਜਾ ਅਰਥ ਇਹ ਵੀ ਨਿਕਲਦਾ ਹੈ ਕਿ 50 ਸਾਲ ਤੋਂ ਘੱਟ ਉਮਰ ਦਾ ਹਰ ਪੁਰਸ਼ ਅਧਿਆਪਕ ਜਾਂ ਤਾਂ ਬਲਾਤਕਾਰੀ ਹੈ ਜਾਂ ਉਸ ਦੀ ਮਾਨਸਿਕ ਦਸ਼ਾ ਕਾਮੁਕ ਪ੍ਰਵਿਰਤੀ ਵਾਲੀ ਹੁੰਦੀ ਹੈ।

ਸਰਕਾਰ ਦਾ ਇਹ ਫ਼ੈਸਲਾ ਸਹੀ ਹੈ ਜਾਂ ਨਹੀਂ, ਇਸ ਬਾਰੇ ਤਾਂ ਆਮ ਜਨਤਾ ਹੀ ਆਪਣਾ ਫ਼ਤਵਾ ਦੇਵੇ ਤਾਂ ਬਿਹਤਰ ਹੈ। ਮੈਂ ਕੁੱਝ ਖੋਜਾਂ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ। ਇੰਡੀਅਨ ਜਰਨਲ ਆਫ ਸਾਈਕੈਟਰੀ ਵਿੱਚ ਭਾਰਤੀ ਮਰਦਾਂ ਉੱਤੇ ਕੀਤੀ ਖੋਜ ਦੇ ਨਤੀਜਿਆਂ ਬਾਰੇ ਖੋਜ ਪੱਤਰ ਛਪਿਆ ਹੈ, ਜੋ ਅੱਖਾਂ ਖੋਲ੍ਹਣ ਵਾਲਾ ਹੈ।

ਮੁੰਬਈ ਦੇ ਮੈਡੀਕਲ ਕਾਲਜ ਵਿੱਚ ਸੰਨ 2011 ਵਿੱਚ ਹੋਈ ਇਸ ਖੋਜ ਦਾ ਮੰਤਵ ਸੀ ਕਿ 50 ਸਾਲਾਂ ਦੇ ਨੇੜੇ-ਤੇੜੇ ਜਾਂ ਇਸ ਉਮਰ ਤੋਂ ਉਤਾਂਹ ਟੱਪ ਚੁੱਕੇ ਭਾਰਤੀ ਪੁਰਸ਼ਾਂ ਦੀਆਂ ਜਿਸਮਾਨੀ ਤਾਂਘਾਂ ਬਾਰੇ ਘੋਖਿਆ ਜਾਵੇ। ਹਸਪਤਾਲ ਦੇ ਆਊਟਡੋਰ ਵਿੱਚ ਪਹੁੰਚੇ ਮਰੀਜ਼ਾਂ ਤੋਂ ਫ਼ਾਰਮ ਭਰਵਾਏ ਗਏ ਤੇ ਉਨ੍ਹਾਂ ਤੋਂ ਸਰੀਰਕ ਸੰਬੰਧਾਂ ਅਤੇ ਜਿਸਮਾਨੀ ਤਾਂਘਾਂ ਬਾਰੇ ਪੁੱਛਿਆ ਗਿਆ।

ਨਤੀਜਿਆਂ ਵਿੱਚ ਪਤਾ ਲੱਗਿਆ ਕਿ 50 ਤੋਂ 60 ਸਾਲਾਂ ਦੇ 72 ਫੀਸਦੀ ਪੁਰਸ਼ ਲੋੜੋਂ ਵੱਧ ਜਿਸਮਾਨੀ ਤਾਂਘਾਂ ਪਾਲ਼ੀ ਬੈਠੇ ਸਨ ਤੇ ਜਿਸਮਾਨੀ ਸੰਬੰਧਾਂ ਪ੍ਰਤੀ ਖਿੱਚ ਰੱਖਦੇ ਸਨ। ਸੱਠ ਸਾਲਾਂ ਤੋਂ ਵੱਧ ਉਮਰ ਦੇ 57 ਫੀਸਦੀ ਜਿਸਮਾਨੀ ਸੰਬੰਧ ਰੱਖ ਰਹੇ ਸਨ। ਇਨ੍ਹਾਂ ਵਿੱਚੋਂ ਬਹੁਤੇ ਸ਼ੋਖ਼ (ਸ਼ਰਾਰਤੀ) ਅਤੇ ਚੰਚਲ ਮੁਟਿਆਰਾਂ ਵੱਲ ਜ਼ਿਆਦਾ ਆਕਰਸ਼ਿਤ ਹੋਣਾ ਮੰਨੇ।

ਖੋਜ ਵਿੱਚ ਸਪਸ਼ਟ ਕੀਤਾ ਗਿਆ ਕਿ ਇਨਸਾਨੀ ਮਨ ਜਿਸਮਾਨੀ ਸੰਬੰਧਾਂ ਪ੍ਰਤੀ ਖਿੱਚ ਰੱਖਦਾ ਹੈ, ਜੋ ਨਾਰਮਲ ਪ੍ਰਵਿਰਤੀ ਹੁੰਦੀ ਹੈ ਪਰ ਭਾਰਤੀ ਸੰਸਕਾਰਾਂ ਵਿੱਚ 40 ਸਾਲਾਂ ਦੀ ਔਰਤ ਨੂੰ ਸਿਰਫ਼ ਮੰਦਰਾਂ, ਗੁਰਦੁਆਰਿਆਂ ਦੇ ਚੱਕਰ ਲਾਉਣ ਜਾਂ ਬਾਬਿਆਂ, ਪੀਰਾਂ ਅੱਗੇ ਮੱਥਾ ਟੇਕਣ ਵੱਲ ਤੋਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਜ਼ਬਰੀ ਆਪਣੀ ਕਾਮ ਦੀ ਅੱਗ ਨੂੰ ਸ਼ਾਂਤ ਕਰਨ ਉੱਤੇ ਮਜਬੂਰ ਕੀਤਾ ਜਾਂਦਾ ਹੈ। ਨਤੀਜੇ ਵਜੋਂ ਵੱਡੀ ਗਿਣਤੀ ਔਰਤਾਂ ਦੇ ਪਤੀ, ਜੋ 50 ਸਾਲਾਂ ਦੇ ਨੇੜੇ ਢੁੱਕੇ ਹੁੰਦੇ ਹਨ, ਆਪਣੀ ਕਾਮ ਵਾਸ਼ਨਾ ਘਰੋਂ ਬਾਹਰ ਪੂਰੀ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਬਦੇਸ਼ਾਂ ਵਿੱਚ ਅਜਿਹੀ ਰੋਕ ਟੋਕ ਔਰਤਾਂ ਉੱਤੇ ਨਹੀਂ ਲੱਗੀ ਹੋਈ ਤੇ ਨਾ ਹੀ ਉੱਥੇ ਪਤੀ-ਪਤਨੀ ਦੇ ਜਿਸਮਾਨੀ ਰਿਸ਼ਤਿਆਂ ਨੂੰ ਕਿਸੇ ਉਮਰ ਵਿੱਚ ਮਾੜਾ ਸਮਝਿਆ ਜਾਂਦਾ ਹੈ ਕਿਉਂਕਿ ਇਹ ਕੁਦਰਤੀ ਪੱਖੋਂ ਉੱਕਾ ਹੀ ਨਾਰਮਲ ਮੰਨਿਆ ਗਿਆ ਹੈ।

ਭਾਰਤੀ ਪੁਰਸ਼ ਸਰੀਰਕ ਭੁੱਖ ਨੂੰ ਤ੍ਰਿਪਤ ਕਰਨ ਲਈ ਘਰਾਂ ਵਿੱਚ ਆਪਣੇ ਜਵਾਨ ਬੱਚਿਆਂ ਦੇ ਹੁੰਦਿਆਂ ਆਪਣੀ 40 ਵਰ੍ਹਿਆਂ ਦੀ ਉਮਰ ਟੱਪ ਚੁੱਕੀ ਪਤਨੀ ਨਾਲ ਸੰਬੰਧ ਰੱਖਣ ਨੂੰ ਸ਼ਰਮਿੰਦਗੀ ਵਾਲੀ ਗੱਲ ਮੰਨ ਚੁੱਕੇ ਹਨ ਤੇ ਮਜ਼ਾਕ ਦਾ ਪਾਤਰ ਬਣਨ ਤੋਂ ਡਰਦੇ ਹਨ।

ਸਵਾਲਾਂ ਦੇ ਜਵਾਬ ਵਿੱਚ ਇਹ ਪੱਖ ਸਾਹਮਣੇ ਆਇਆ ਕਿ ਸਰੀਰਕ ਤਾਕਤ ਬਰਕਰਾਰ ਰੱਖਣ ਲਈ ਮਜਬੂਰੀ ਤਹਿਤ ਬਹੁਤ ਸਾਰੇ ਪੁਰਸ਼ ਘਰੋਂ ਬਾਹਰ ਜਿਸਮਾਨੀ ਸੰਬੰਧ ਰੱਖਣ ਉੱਤੇ ਮਜਬੂਰ ਹੋ ਚੁੱਕੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਕਿਤੇ ਕਾਮ ਵਾਸ਼ਨਾ ਦੱਬ ਲਈ ਗਈ ਤਾਂ ਉਨ੍ਹਾਂ ਨੂੰ ਸਰੀਰਕ ਕਮਜ਼ੋਰੀ ਹੋ ਜਾਏਗੀ ਤੇ ਕਿਤੇ ਉਹ ਖੜਸੁੱਕ ਨਾ ਹੋ ਜਾਣ। ਘਬਰਾਹਟ ਘਟਾਉਣ, ਆਤਮ ਵਿਸ਼ਵਾਸ ਵਧਾਉਣ, ਪੱਠਿਆਂ ਦੀ ਤਾਕਤ ਵਧਾਉਣ ਤੇ ਮਰਦਾਨਗੀ ਬਰਕਾਰ ਰੱਖਣ ਲਈ ਉਨ੍ਹਾਂ ਦੀ ਸੋਚ ਅਨੁਸਾਰ ਅਜਿਹੇ ਸੰਬੰਧ ਰੱਖਣੇ ਲਾਜ਼ਮੀ ਸਨ।

ਕੁੱਝ ਅਜਿਹੇ ਪੁਰਸ਼, ਜਿਨ੍ਹਾਂ ਦੀਆਂ ਪਤਨੀਆਂ ਦੀ ਮੌਤ ਹੋ ਚੁੱਕੀ ਸੀ ਤੇ ਇਕੱਲੇਪਨ ਦਾ ਸ਼ਿਕਾਰ ਹੋ ਚੁੱਕੇ ਸਨ, ਢਹਿੰਦੀ ਕਲਾ ਵੱਲ ਗਏ ਲੱਭੇ। ਉਨ੍ਹਾਂ ਨੂੰ ਕਿਸੇ ਸਾਥ ਦੀ ਲੋੜ ਮਹਿਸੂਸ ਹੋ ਰਹੀ ਸੀ।

ਇਸ ਖੋਜ ਵਿੱਚ ਇਹ ਜ਼ੋਰ ਪਾਇਆ ਗਿਆ ਕਿ ਜਿਵੇਂ-ਜਿਵੇਂ ਉਮਰ ਲੰਮੀ ਹੋ ਰਹੀ ਹੈ ਤੇ ਵੱਧ ਤੋਂ ਵੱਧ ਲੋਕ 70 ਜਾਂ 80 ਵਰ੍ਹਿਆਂ ਦੀ ਉਮਰ ਤੱਕ ਪੁੱਜ ਰਹੇ ਹਨ, ਜਿਸਮਾਨੀ ਸੰਬੰਧਾਂ ਨੂੰ ਉੱਕਾ ਹੀ ਪਿਛਾਂਹ ਧੱਕ ਦਿੱਤਾ ਗਿਆ ਹੈ, ਜਿਸ ਸਦਕਾ ਨਾਰਮਲ ਕਾਮੁਕ ਪ੍ਰਵਿਰਤੀ ਵਿੱਚ ਵਿਗਾੜ ਪੈਣ ਲੱਗ ਪਿਆ ਹੈ।

ਖੋਜ ਵਿੱਚ ਇੱਕ ਹੋਰ ਤੱਥ ਉਘੜ ਕੇ ਸਾਹਮਣੇ ਆਇਆ ਜਿਸ ਵਿੱਚ ਇੱਕ ਪਾਸੇ ਕੰਮਕਾਜੀ ਤੇ ਦੂਜੇ ਪਾਸੇ ਕੰਮ ਛੱਡ ਚੁੱਕੇ ਲੋਕਾਂ ਦੇ ਜਵਾਬ ਰਿਕਾਰਡ ਕੀਤੇ ਗਏ।

75 ਫੀਸਦੀ ਕੋਈ ਵੀ ਕੰਮ ਨਾ ਕਰ ਰਹੇ 50 ਸਾਲਾਂ ਤੋਂ ਵੱਧ ਉਮਰ ਦੇ ਬੰਦੇ ਮੰਨੇ ਕਿ ਉਨ੍ਹਾਂ ਨੇ ਆਪਣੀਆਂ ਕਾਮੁਕ ਸਧਰਾਂ ਕਿਸੇ ਨਾ ਕਿਸੇ ਤਰੀਕੇ ਦੱਬ ਲਈਆਂ ਹਨ ਤੇ ਬਹੁਤ ਘੱਟ ਮੌਕੇ ਮਿਲਦੇ ਹਨ ਜਦੋਂ ਉਹ ਉਨ੍ਹਾਂ ਨੂੰ ਪੂਰਾ ਕਰਨ ਦਾ ਜਤਨ ਕਰਦੇ ਹਨ। ਇਸ ਉਮਰ ਵਿੱਚ ਹਾਲੇ ਤੱਕ ਰੈਗੂਲਰ ਕੰਮ ਕਰ ਰਹੇ 37.5 ਫੀਸਦੀ ਪੁਰਸ਼ ਮੰਨੇ ਕਿ ਉਹ ਸਰੀਰਕ ਸੰਬੰਧ ਵਧੀਆ ਰੱਖ ਰਹੇ ਹਨ ਅਤੇ ਆਪਣੀਆਂ ਸਧਰਾਂ ਦੱਬ ਨਹੀਂ ਰਹੇ। ਇਨ੍ਹਾਂ ਸੰਬੰਧਾਂ ਸਦਕਾ ਹੀ ਉਹ ਆਪਣੇ ਆਪ ਨੂੰ ਚੁਸਤ, ਦਰੁਸਤ ਤੇ ਤਾਕਤਵਰ ਮਹਿਸੂਸ ਕਰ ਰਹੇ ਸਨ। ਇਨ੍ਹਾਂ ਵਿੱਚੋਂ ਕਾਫ਼ੀ ਜਣੇ ਆਪਣੀਆਂ ਪਤਨੀਆਂ ਨਾਲ ਸੰਬੰਧ ਨਹੀਂ ਬਣਾ ਰਹੇ ਸਨ।

ਖੋਜ ਵਿਚਲੇ ਹੋਰ ਪਹਿਲੂ ਸਨ :-

  1. 52 ਫੀਸਦੀ ਰੋਜ਼ ਜਾਂ ਹਫ਼ਤੇ ਵਿੱਚ ਦੋ ਵਾਰ ਜਿਸਮਾਨੀ ਸੰਬੰਧ ਰੱਖ ਰਹੇ ਸਨ। ਇਨ੍ਹਾਂ ਵਿੱਚੋਂ ਕਈ ਘਰਾਂ ਵਿਚਲੀਆਂ ਹੋਰ ਔਰਤਾਂ ਜਾਂ ਘਰੋਂ ਬਾਹਰ ਇਹ ਸ਼ੌਕ ਪੂਰਾ ਕਰ ਰਹੇ ਸਨ।
  2. 25.7 ਫੀਸਦੀ 60 ਤੋਂ 70 ਸਾਲਾਂ ਦੀ ਉਮਰ ਵਿੱਚ ਵੀ ਹਫ਼ਤੇ ਵਿੱਚ ਇਕ ਜਾਂ ਦੋ ਵਾਰ ਜਿਸਮਾਨੀ ਸੰਬੰਧ ਰੱਖ ਰਹੇ ਸਨ।
  3. 70 ਸਾਲਾਂ ਤੋਂ ਵੱਧ ਉਮਰ ਦੇ 14.3 ਫੀਸਦੀ ਮਰਦ ਹਫ਼ਤੇ ਵਿੱਚ ਇਕ ਵਾਰ ਆਪਣੀ ਕਾਮ ਦੀ ਅੱਗ ਸ਼ਾਂਤ ਕਰ ਰਹੇ ਸਨ।

ਇਹ ਸਾਰੇ ਉਹ ਸਨ, ਜਿਨ੍ਹਾਂ ਨੂੰ ਕਿਸੇ ਬੀਮਾਰੀ ਸਦਕਾ ਜਿਸਮਾਨੀ ਸੰਬੰਧ ਬਣਾਉਣ ਵਿੱਚ ਦਿੱਕਤ ਨਹੀਂ ਹੋ ਰਹੀ ਸੀ। ਬਾਕੀਆਂ ਵਿੱਚ ਸਰੀਰਕ ਬੀਮਾਰੀਆਂ ਸਦਕਾ ਇਹ ਸੰਭਵ ਨਹੀਂ ਹੋ ਰਿਹਾ ਸੀ।

  1. ਇਸ ਪੂਰੀ ਖੋਜ ਰਾਹੀਂ ਪ੍ਰਤੱਖ ਹੋ ਗਿਆ ਕਿ 83.4 ਫੀਸਦੀ ਪੰਜਾਹ ਸਾਲਾਂ ਦੀ ਉਮਰ ਟੱਪ ਚੁੱਕੇ ਪੁਰਸ਼, ਕਾਮ ਦੀ ਭੁੱਖ ਰੱਖਦੇ ਸਨ ਤੇ ਸ਼ਾਂਤ ਕਰਨ ਦੇ ਇਛੁੱਕ ਵੀ ਸਨ। ਬਾਕੀ ਜਣੇ ਸਰੀਰਕ ਬੀਮਾਰੀਆਂ ਦੇ ਸ਼ਿਕਾਰ ਹੋਣ ਸਦਕਾ ਕੁੱਝ ਕਰ ਸਕਣ ਵਿੱਚ ਅਸਮਰੱਥ ਹੋ ਚੁੱਕੇ ਸਨ।
  2. ਇਨ੍ਹਾਂ ਅਸਮਰੱਥ ਹੋ ਚੁੱਕਿਆਂ ਵਿੱਚੋਂ ਵੀ ਕਾਮ ਭੜਕਾਊ ਫਿਲਮਾਂ ਤੇ ਚੰਚਲ ਸ਼ੋਖ਼ ਕਮ ਉਮਰ ਬੱਚੀਆਂ ਅਤੇ ਬੱਚਿਆਂ ਵੱਲ ਕੁੱਝ ਜਣਿਆਂ ਦਾ ਝੁਕਾਓ ਲੱਭਿਆ ਸੀ।

ਇਸ ਖੋਜ ਰਾਹੀਂ ਇਹ ਗੱਲ ਪੱਕੀ ਤੌਰ ਉੱਤੇ ਸਿੱਧ ਹੋ ਗਈ ਕਿ ਸਦੀਆਂ ਪੁਰਾਣੀ ਉਹ ਸੋਚ ਜਿੱਥੇ ਸਮਾਜ ਵੱਲੋਂ 50 ਸਾਲਾਂ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਸਿਰਫ਼ ਧਰਮ ਕਰਮ ਵੱਲ ਧੱਕ ਦਿੱਤਾ ਜਾਂਦਾ ਹੈ, ਉੱਕਾ ਹੀ ਗ਼ਲਤ ਹੈ। ਇਸ ਉਮਰ ਤੱਕ ਪਹੁੰਚਦਿਆਂ ਕੋਲ ਜ਼ਿਆਦਾਤਰ ਨੌਕਰੀਆਂ ਜਾਂ ਆਪਣੇ ਕੰਮ ਕਾਰਾਂ ਰਾਹੀਂ ਉੱਚੇ ਰੁਤਬੇ ਹਾਸਲ ਹੋ ਚੁੱਕੇ ਹੁੰਦੇ ਹਨ, ਲੋੜ ਮੁਤਾਬਕ ਪੈਸਾ ਵੀ ਖੁੱਲ੍ਹਾ ਹੁੰਦਾ ਹੈ, ਬਹੁਤਿਆਂ ਦੀਆਂ ਬੱਚਿਆਂ ਪ੍ਰਤੀ ਜਿੰਮੇਵਾਰੀਆਂ ਵੀ ਪੂਰੀਆਂ ਹੋ ਚੁੱਕੀਆਂ ਹੁੰਦੀਆਂ ਹਨ, ਸੋ ਉਹ ਆਪਣੀਆਂ ਜਿਸਮਾਨੀ ਤਾਂਘਾਂ ਖੁੱਲ੍ਹ ਕੇ ਪੂਰੀਆਂ ਕਰਨ ਲਈ ਵਿਹਲ ਲੱਭ ਲੈਂਦੇ ਹਨ।

ਦੂਜੇ ਪਾਸੇ ਪੰਜਾਹ ਸਾਲ ਤੋਂ ਘੱਟ ਉਮਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਿਆਂ ਤੇ ਆਪਣੀਆਂ ਪ੍ਰੋਮੋਸ਼ਨਾਂ ਨਾਲ ਜੂਝਦਿਆਂ, ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ ਕਰਦਿਆਂ ਕਾਫ਼ੀ ਨੌਜਵਾਨ ਦਿਨ-ਰਾਤ ਪੈਸੇ ਕਮਾਉਣ ਦੇ ਚੱਕਰ ਵਿੱਚ ਜਿਸਮਾਨੀ ਸੰਬੰਧਾਂ ਨੂੰ ਘੱਟ ਮਹੱਤਤਾ ਦੇਣ ਲੱਗ ਪੈਂਦੇ ਹਨ, ਪਰ ਚੇਤੇ ਰਹੇ ਕਿ ਕਾਮੁਕ ਪ੍ਰਵਿਰਤੀ ਖ਼ਤਮ ਨਹੀਂ ਹੁੰਦੀ। ਇਸੇ ਲਈ ਸੌਖਾ ਸ਼ਿਕਾਰ ਮਿਲ ਜਾਣ ਉੱਤੇ ਜਾਂ ਨਸ਼ੇ ਜਾਂ ਸ਼ਰਾਬ ਦੇ ਅਸਰ ਹੇਠ ਬਲਾਤਕਾਰ ਵਰਗੇ ਜੁਰਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਇਸੇ ਖੋਜ ਵਿਚਲੇ 60 ਤੋਂ 80 ਸਾਲਾਂ ਦੇ ਕਈ ਬਜ਼ੁਰਗ ਮੰਨੇ ਕਿ ਜਦੋਂ ਹੋਰ ਕੋਈ ਰਾਹ ਨਾ ਲੱਭੇ ਤਾਂ 15 ਦਿਨੀਂ ਜਾਂ ਮਹੀਨੇ ਵਿੱਚ ਇਕ ਵਾਰ ਉਨ੍ਹਾਂ ਨੂੰ ਹਸਤ ਮੈਥੁਨ ਕਰਨ ਦੀ ਲੋੜ ਪੈਂਦੀ ਹੈ।

ਜ਼ਿਆਦਾ ਪੜ੍ਹੇ ਲਿਖੇ ਬਜ਼ੁਰਗਾਂ ਵਿੱਚ ਪਤੀ-ਪਤਨੀ ਵਿਚਲੇ ਰਿਸ਼ਤੇ ਕਾਫ਼ੀ ਨਜ਼ਦੀਕੀ ਲੱਭੇ ਤੇ ਉਨ੍ਹਾਂ ਦੇ ਸਰੀਰਕ ਸੰਬੰਧ ਵੀ ਸੁਖਦ ਸਨ। ਬਹੁਤੇ ਪਤੀ-ਪਤਨੀ ਇਕੱਲੇ ਰਹਿ ਰਹੇ ਸਨ ਕਿਉਂਕਿ ਉਨ੍ਹਾਂ ਦੇ ਬੱਚੇ ਘਰੋਂ ਬਾਹਰ ਹੋਰ ਸ਼ਹਿਰਾਂ ਜਾਂ ਬਾਹਰਲੇ ਮੁਲਕਾਂ ਵਿੱਚ ਜਾ ਚੁੱਕੇ ਸਨ।

ਇਸ ਖੋਜ ਦੇ ਅੰਤ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਦਰਸਾਇਆ ਗਿਆ ਕਿ ਭਾਰਤ ਵਿੱਚ 50 ਸਾਲ ਤੋਂ ਵੱਧ ਉਮਰ ਦੇ ਔਰਤਾਂ ਤੇ ਮਰਦਾਂ ਦੇ ਮਨਾਂ ਵਿਚਲੀ ਕਾਮੁਕਤਾ ਨੂੰ ਦੱਬਣ ਦੀ ਬਜਾਏ ਜੇ ਉਸ ਨੂੰ ਨਾਰਮਲ ਮੰਨ ਲਿਆ ਜਾਵੇ ਤਾਂ ਜਿੱਥੇ ਪਤੀ-ਪਤਨੀ ਵਿਚਲੇ ਰਿਸ਼ਤੇ ਸੁਖਦ ਤੇ ਨਿੱਘੇ ਹੋ ਜਾਣਗੇ, ਉੱਥੇ ਵਿਆਹੁਤਾ ਰਿਸ਼ਤਿਆਂ ਤੋਂ ਬਾਹਰ ਸਰੀਰਕ ਭੁੱਖ ਮਿਟਾਉਣ ਦੀ ਸੋਚ ਨੂੰ ਵੀ ਠੱਲ ਪੈ ਜਾਵੇਗੀ।

ਇਸ ਖੋਜ ਪੱਤਰ ਦੀ ਮਹੱਤਤਾ ਸਮਝਦੇ ਹੋਏ ਰਾਸ਼ਟਰੀ ਪੱਧਰ ਉੱਤੇ ਸਿਲਵਰ ਜੁਬਲੀ ਸਮਾਰੋਹ ਵਿੱਚ ਕਲਕੱਤੇ ਵਿਖੇ ਇਨ੍ਹਾਂ ਖੋਜਾਰਥੀਆਂ ਨੂੰ ਨੈਸ਼ਨਲ ਐਵਾਰਡ ਦਿੱਤਾ ਗਿਆ।

ਜੇ ਇਸ ਖੋਜ ਦੇ ਹਰ ਪਹਿਲੂ ਉੱਤੇ ਪੈਣੀ ਨਜ਼ਰ ਪਾਈ ਜਾਏ ਤਾਂ ਸਰਕਾਰ ਦਾ ਫ਼ੈਸਲਾ ਬਿਲਕੁਲ ਬੇਤੁਕਾ ਜਾਪਦਾ ਹੈ।

ਕੁੱਝ ਸਵਾਲ ਹਨ :-

  1. ਸਕੂਲੀ ਬੱਚਿਆਂ ਵਿੱਚ ਵੱਧ ਰਹੇ ਅਪਰਾਧ ਤੇ ਕਾਮੁਕਤਾ ਦੀਆਂ ਬਥੇਰੀਆਂ ਮਿਸਾਲਾਂ ਸਾਹਮਣੇ ਆ ਚੁੱਕੀਆਂ ਹਨ। ਕੀ ਸਰਕਾਰ ਕੁੜੀਆਂ ਮੁੰਡਿਆਂ ਦੇ ਵੱਖ ਸਕੂਲ ਬਣਾਉਣਾ ਸ਼ਰੂ ਕਰੇਗੀ ?
  2. ਕੀ ਇਹ ਮੰਨ ਲਿਆ ਗਿਆ ਹੈ ਕਿ ਹਰ ਨੌਜਵਾਨ ਅਧਿਆਪਕ ਆਪਣੀਆਂ ਵਿਦਿਆਰਥਣਾਂ ਨੂੰ ਸਿਰਫ਼ ਜਿਸਮ ਸਮਝ ਰਿਹਾ ਹੈ ?
  3. ਕੀ 50 ਸਾਲ ਦੀ ਉਮਰ ਟੱਪ ਚੁੱਕਿਆ ਹਰ ਅਧਿਆਪਕ ਖੜਸੁੱਕ ਜਾਂ ਨਾਮਰਦ ਮੰਨ ਕੇ ਅਜਿਹਾ ਫ਼ੈਸਲਾ ਲਿਆ ਗਿਆ ਹੈ ?
  4. ਕੀ ਕੱਲ ਨੂੰ ਬਾਲੜੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਉੱਤੇ ਵੀ ਅਜਿਹੀਆਂ ਬੰਦਸ਼ਾਂ ਲਾਈਆਂ ਜਾਣਗੀਆਂ ਜਾਂ ਸਿਰਫ਼ ਅਧਿਆਪਕ ਹੀ ਬਲਾਤਕਾਰੀ ਪ੍ਰਵਿਰਤੀ ਵਾਲੇ ਮੰਨੇ ਗਏ ਹਨ ?
  5. ਘਰਾਂ ਵਿੱਚ ਆਪਣੇ ਪਿਓਆਂ, ਚਾਚਿਆਂ, ਤਾਇਆਂ ਹੱਥੋਂ ਜ਼ਲੀਲ ਹੋ ਰਹੀਆਂ ਬੱਚੀਆਂ ਬਾਰੇ ਕੀ ਫ਼ੈਸਲਾ ਕੀਤਾ ਜਾਏਗਾ ?
  6. ਡਾਕਟਰੀ ਪੇਸ਼ੇ ਵਿੱਚ 50 ਸਾਲ ਟੱਪ ਚੁੱਕੇ ਡਾਕਟਰਾਂ ਉੱਤੇ ਸਰਕਾਰ ਨੇ ਅਧਿਆਪਨ ਕਿੱਤੇ ਵੱਲ ਜਾਣ ਉੱਤੇ ਰੋਕ ਲਾ ਦਿੱਤੀ ਹੋਈ ਹੈ ਕਿ ਉਹ ਉਮਰ ਪੜ੍ਹਾਉਣ ਯੋਗ ਨਹੀਂ ਰਹਿੰਦੀ। ਇਹ ਦੋਗਲੀ ਨੀਤੀ ਕਿਉਂ ?

ਲੋੜ ਹੈ ਸਰਕਾਰ ਨੂੰ ਆਪਣੇ ਇਸ ਫ਼ੈਸਲੇ ਪ੍ਰਤੀ ਦੁਬਾਰਾ ਧਿਆਨ ਕਰਨ ਦੀ ਅਤੇ ਵਾਪਸ ਲੈਣ ਦੀ ਤਾਂ ਜੋ ਅਧਿਆਪਨ ਦਾ ਕਿੱਤਾ ਦਾਗ਼ੀ ਨਾ ਬਣਾ ਦਿੱਤਾ ਜਾਏ। ਜੇ ਬੱਚੀਆਂ ਦੀ ਏਨੀ ਹੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਜੂਡੋ, ਕਰਾਟੇ, ਗਤਕਾ ਸਿਖਾ ਕੇ ਆਤਮ ਨਿਰਭਰ ਕੀਤਾ ਜਾ ਸਕਦਾ ਹੈ।

ਮੈਂ ਸਪਸ਼ਟ ਕਰ ਦਿਆਂ ਕਿ ਮੈਂ 50 ਸਾਲਾਂ ਤੋਂ ਵੱਧ ਉਮਰ ਦੇ ਪੁਰਸ਼ਾਂ ਦੇ ਵਿਰੁੱਧ ਨਹੀਂ ਹਾਂ। ਉਹ ਤਜਰਬਿਆਂ ਦੀ ਖਾਣ ਹੁੰਦੇ ਹਨ, ਉਸਤਾਦਾਂ ਦੇ ਉਸਤਾਦ ਵੀ ਤੇ ਸਮਾਜ ਨੂੰ ਸੇਧ ਦੇ ਸਕਣ ਯੋਗ ਵੀ। ਇਸ ਖੋਜ ਰਾਹੀਂ ਸਿਰਫ਼ ਇਹ ਤੱਥ ਸਾਹਮਣੇ ਲਿਆਉਣਾ ਚਾਹਿਆ ਹੈ ਕਿ ਕਾਮ ਦੀ ਅੱਗ ਕਿਸੇ ਵੀ ਉਮਰ ਦੀ ਔਰਤ ਜਾਂ ਮਰਦ ਨੂੰ ਆਪਣੇ ਕਲਾਵੇ ਵਿੱਚ ਲੈ ਸਕਦੀ ਹੈ।

50 ਸਾਲਾਂ ਦੀ ਉਮਰ ਟੱਪ ਚੁੱਕਿਆਂ ਵਿੱਚ ਸਰੀਰਕ ਤਾਂਘ ਬਿਲਕੁਲ ਨਾਰਮਲ ਗਿਣਨੀ ਚਾਹੀਦੀ ਹੈ। ਹੁਣ ਸਮਾਜਿਕ ਸੋਚ ਤਬਦੀਲ ਕਰਨ ਦੀ ਲੋੜ ਹੈ ਤਾਂ ਜੋ ਪਤੀ-ਪਤਨੀ ਦੇ ਰਿਸ਼ਤੇ ਉਸ ਉਮਰ ਵਿੱਚ ਵੀ ਸੁਖਾਵੇਂ ਬਣੇ ਰਹਿਣ, ਪਰ ਕਿਸੇ ਵੀ ਹਾਲ ਵਿੱਚ, ਨੌਕਰੀਆਂ ਦੀ ਭਾਲ ਵਿੱਚ ਜੁਟੇ ਨੌਜਵਾਨਾਂ ਨੂੰ ਮਾੜੀ ਨੀਅਤ ਵਾਲੇ ਮੰਨ ਕੇ, ਉਨ੍ਹਾਂ ਦੇ ਹੱਕ ਖੋਹਣ ਦੀ ਲੋੜ ਨਹੀਂ ਹੈ। ਨੌਜਵਾਨ ਸਾਡੇ ਦੇਸ ਦਾ ਭਵਿੱਖ ਹਨ। ਉਨ੍ਹਾਂ ਤੋਂ ਉਨ੍ਹਾਂ ਦਾ ਬਣਦਾ ਹੱਕ ਖੋਹਣ ਵਾਲਾ ਕਸੂਰਵਾਰ ਮੰਨਿਆ ਜਾਣਾ ਚਾਹੀਦਾ ਹੈ !  ਕੁੱਝ ਗੰਦੀਆਂ ਮੱਛੀਆਂ ਦੀ ਸਜ਼ਾ ਪੂਰੇ ਤਲਾਬ ਵਿਚਲੀਆਂ ਮੱਛੀਆਂ ਨੂੰ ਦੇਣਾ ਵਾਜਬ ਨਹੀਂ ਹੈ।