ਆਵਾਗਮਣ ਬਾਰੇ ਉਪਜਦੇ ਸਵਾਲਾਂ ਦੇ ਜਵਾਬ

0
1004

ਆਵਾਗਮਣ ਬਾਰੇ ਉਪਜਦੇ ਸਵਾਲਾਂ ਦੇ ਜਵਾਬ

ਗਿਆਨੀ ਅਵਤਾਰ ਸਿੰਘ

ਗੁਰਮਤਿ; ਸਤਿਗੁਰੂ ਦੇ ਅਨੁਭਵ ’ਚੋਂ ਪ੍ਰਗਟ ਹੋਈ ਅਸਲ ਸਚਾਈ ਹੈ ਕਿਉਂਕਿ (ੳ). ਇਹ, ਹੋਰਾਂ ਪਾਸੋਂ ਪ੍ਰਾਪਤ ਕੀਤਾ ਗਿਆਨ ਨਹੀਂ ਹੁੰਦਾ। (ਅ). ਗਿਆਨ ਇੰਦ੍ਰਿਆਂ ਰਾਹੀਂ ਸਬੂਤਾਂ ਸਹਿਤ ਪ੍ਰਾਪਤ ਹੋਏ ਗਿਆਨ ਵਾਙ ਅਨੁਭਵੀ ਗਿਆਨ ਭੀ ਕੁਤਾਹੀ ਰਹਿਤ/ਅਭੁੱਲ ਮਾਣਿਆ ਹੁੰਦੈ। ਸਿੱਖ ਵਾਸਤੇ ਇਹ, ਸੂਖਮ ਤੇ ਅਲੌਕਿਕ ਵਿਸ਼ਿਆਂ ਦਾ ਸੰਗ੍ਰਹਿ ਹੈ। ਇਸ ਉੱਤੇ ਅਨੁਭਵ ਅੱਖ ਭਰੋਸਾ ਕਰਦੀ ਹੈ, ਨਾ ਕਿ ਕੋਈ ਤਰਕ, ਪਰ ਇਹ ਅੱਖ ਗੁਰੂ ਦੀ ਕਿਰਪਾ ਨਾਲ਼ ਖੁਲ੍ਹਦੀ ਹੈ ਜਦ ਸਿੱਖ; ਆਪਣੀ ਮੱਤ; ਸਤਿਗੁਰੂ ਅੱਗੇ ਅਰਪਣ ਕਰਦਾ ਹੈ।

ਰੂਹਾਨੀਅਤ ਦੀ ਵਿਸ਼ਾਲਤਾ ਸਾਮ੍ਹਣੇ ਤਰਕ; ਤੰਗਦਿਲ ਹੁੰਦੈ। ਜਦ ਇਹ, ਗੁਰਮਤਿ ਬਾਰੇ ਦਲੀਲ ਦਿੰਦੈ ਤਾਂ ‘ਨੀਮ ਹਕੀਮ ਖ਼ਤਰਾਇ ਜਾਨ’ ਵਾਲ਼ੀ ਸਚਾਈ ਉੱਘੜ ਆਉਂਦੀ ਹੈ। ਆਪਸੀ ਵਿਵਾਦ ਜਨਮ ਲੈਂਦੇ ਹਨ। ਕਬੀਰ ਜੀ ਨੇ ਅਧੂਰੇ ਗਿਆਨ ਨੂੰ ਸਿਰ ’ਤੇ ਰੱਖੇ ਊਣੇ ਘੜੇ ਵਾਙ ਵੱਧ ਉੱਛਲਦਾ ਵੇਖਿਐ ‘‘ਕਹੁ ਕਬੀਰ ਛੂਛਾ ਘਟੁ ਬੋਲੈ ਭਰਿਆ ਹੋਇ; ਸੁ ਕਬਹੁ ਡੋਲੈ ’’ (ਭਗਤ ਕਬੀਰ/੮੭੦)

ਗੁਰਬਾਣੀ ਦੇ ਹੁਣ ਤੱਕ ਕੀਤੇ ਸਾਰੇ ਟੀਕਿਆਂ ਅਤੇ ਸ਼ਬਦ ਕੋਸ਼ਾਂ ਦੇ ਸ਼ਾਬਦਿਕ ਅਰਥਾਂ ’ਚ ਭਾਵੇਂ ਥੋੜ੍ਹਾ-ਬਹੁਤ ਅੰਤਰ ਹੈ, ਪਰ ਭਾਵਾਰਥ (ਜੋ ਕਿ ਅਸਲ ਗੁਰਮਤਿ ਹੈ) ਪੱਖੋਂ ਕੋਈ ਮਤਭੇਦ ਨਹੀਂ ਵੇਖਿਆ ਗਿਆ ਕਿਉਂਕਿ ਉਨ੍ਹਾਂ ਵਿਦਵਾਨਾਂ ਨੇ ਸਮੁੱਚੀ ਗੁਰਬਾਣੀ ਨੂੰ ਗਹੁ ਨਾਲ਼ ਵਾਚਿਆ ਹੁੰਦੈ, ਪਰ ਅੱਜ ਕੱਲ੍ਹ ਕਈ ਸਿੱਖ ਪ੍ਰਚਾਰਕ; ਗੁਰਮਤਿ ਨੂੰ ਘੜੇ ’ਚ ਬੰਦ ਕਰਦੇ-ਕਰਦੇ ਜਿੱਥੇ ਆਪ ਦੁਬਿਧਾ ’ਚੋਂ ਬਾਹਰ ਨਹੀਂ ਨਿਕਲਦੇ ਓਥੇ ਸੰਗਤਾਂ ਨੂੰ ਹੋਰ ਦੁਬਿਧਾ ’ਚ ਪਾ ਦਿੰਦੇ ਹਨ ਜਦਕਿ ਗੁਰਬਾਣੀ; ਦੁਬਿਧਾ ਨੂੰ ਖ਼ਤਮ ਕਰਦੀ ਹੈ। ਅਜਿਹੇ ਪ੍ਰਚਾਰਕ ਬਹੁਤ ਘੱਟ ਹਨ, ਜੋ ਆਪਾ ਵਿਰੋਧੀ ਜਾਪਣ ਵਾਲ਼ੇ ਵਿਸ਼ਿਆਂ ਨੂੰ ਇੱਕ ਸਾਥ ਵਿਚਾਰ ਕੇ ਇਹ ਸਾਬਤ ਕਰ ਦੇਣ ਕਿ ਇਨ੍ਹਾਂ ’ਚ ਵਿਰੋਧਾਭਾਸ ਨਹੀਂ, ਸਮਾਨਤਾ ਹੀ ਹੈ।

ਅਜਿਹੇ ਵਿਸ਼ਿਆਂ ’ਚੋਂ ਇੱਕ ਵਿਸ਼ਾ ਹੈ ‘ਆਵਾਗਮਣ’ ਯਾਨੀ ਇੱਕ ਸਰੀਰਕ ਮੌਤ ਤੋਂ ਬਾਅਦ ‘ਆਤਮੁ’ (ਜਿੰਦੁ, ਰੂਹ ਆਦਿਕ ਸੂਖਮ ਸਰੀਰ) ਦਾ ਦੂਜੇ ਸਥੂਲ ਸਰੀਰ ’ਚ ਪ੍ਰਵੇਸ਼ ਕਰਨਾ। ਉਕਤ ਬੁਲਾਰੇ ‘ਗੁਰਮਤਿ ਅਨੁਸਾਰੀ ਆਵਾਗਮਣ’ ਨੂੰ ‘ਬ੍ਰਾਹਮਣੀ ਮਿਥਿਹਾਸ’ ਕਹਿ ਕੇ ਆਪਣੇ ਆਪ ਨੂੰ ਜਾਗਰੂਕ ਹੋਣ ਦਾ ਭਰਮ ਪਾਲ਼ੀ ਬੈਠੇ ਹਨ। ਅਜਿਹੇ ਪ੍ਰਚਾਰਕਾਂ ਦੀਆਂ ਦੋ ਜਮਾਤਾਂ ਹਨ। ਪਹਿਲੀ ਜਮਾਤ ਗੁਰਬਾਣੀ ’ਚ ਦਰਜ ‘ਆਤਮੁ, ਰੂਹੁ, ਜਿੰਦੁ’ ਸ਼ਬਦਾਂ ਦਾ ਅਰਥ ‘ਦਿਮਾਗ਼’ ਮੰਨਦੀ ਹੈ। ਇਨ੍ਹਾਂ ਮੁਤਾਬਕ ਮਰਨ ਉਪਰੰਤ ਸਰੀਰ ’ਚੋਂ ਕੋਈ ਸੂਖਮ ਸ਼ਕਤੀ ਨਹੀਂ ਨਿਕਲਦੀ ਜਦਕਿ ਬਾਬਾ ਫ਼ਰੀਦ ਜੀ ਅਤੇ ਭਗਤ ਕਬੀਰ ਜੀ; ਇਸ ਸੂਖਮ ਸ਼ਕਤੀ ਨੂੰ ‘ਹੰਸੁ’ ਦਾ ਨਾਂ ਦਿੰਦੇ ਫ਼ੁਰਮਾਉਂਦੇ ਹਨ ‘‘ਹੰਸੁ ਚਲਸੀ ਡੁੰਮਣਾ (ਦੁਚਿਤੀ ਫਸਿਆ); ਅਹਿ ਤਨੁ ਢੇਰੀ ਥੀਸੀ (ਬਾਬਾ ਫ਼ਰੀਦ ਜੀ/੭੯੪), ਲਟ ਛਿਟਕਾਏ ਤਿਰੀਆ (ਔਰਤ) ਰੋਵੈ; ਹੰਸੁ ਇਕੇਲਾ ਜਾਈ (ਭਗਤ ਕਬੀਰ/੪੭੮), ਮਰਘਟ ਲਉ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ’’ (ਭਗਤ ਕਬੀਰ/੬੫੪) ਗੁਰੂ ਨਾਨਕ ਸਾਹਿਬ ਜੀ; ਹੰਸੁ-ਆਤਮਾ ਅਤੇ ਸਰੀਰ-ਕਾਂਇਆ ਦੀ ਆਪਸੀ ਵਾਰਤਾਲਾਪ ਇਉਂ ਕਰਵਾਉਂਦੇ ਹਨ ‘‘ਤੂੰ ਕਾਇਆ  ! ਮੈ ਰੁਲਦੀ ਦੇਖੀ; ਜਿਉ ਧਰ (ਧਰਤੀ) ਉਪਰਿ ਛਾਰੋ (ਰਾਖ) ….ਹਉ ਤੁਧੁ ਆਖਾ ਮੇਰੀ ਕਾਇਆ ! ਤੂੰ ਸੁਣਿ ਸਿਖ (ਸਿਖਿਆ) ਹਮਾਰੀ   ਨਿੰਦਾ ਚਿੰਦਾ ਕਰਹਿ ਪਰਾਈ; ਝੂਠੀ ਲਾਇਤਬਾਰੀ   ਵੇਲਿ ਪਰਾਈ ਜੋਹਹਿ ਜੀਅੜੇ ! ਕਰਹਿ ਚੋਰੀ ਬੁਰਿਆਰੀ   ਹੰਸੁ ਚਲਿਆ, ਤੂੰ ਪਿਛੈ ਰਹੀਏਹਿ; ਛੁਟੜਿ ਹੋਈਅਹਿ ਨਾਰੀ ’’ (ਮਹਲਾ /੧੫੫) ਯਾਨੀ ਸਥੂਲ ਸਰੀਰ ’ਚ ਇੱਕ ਸੂਖਮ ਸਰੀਰ ਜ਼ਰੂਰ ਹੁੰਦੈ ਭਾਵੇਂ ਇਹ ਨਾਸਤਿਕ ਜਮਾਤ ਉਸ ਨੂੰ ਨਾ ਮੰਨੇ।

ਦੂਜੀ ਜਮਾਤ; ਇੱਕ ਸਰੀਰਕ ਮੌਤ ਤੋਂ ਬਾਅਦ ਸਥੂਲ ਸਰੀਰ ’ਚੋਂ ‘ਹੰਸੁ’ ਨਿਕਲਦਾ ਤਾਂ ਮੰਨਦੀ ਹੈ, ਪਰ ਇਨ੍ਹਾਂ ਅਨੁਸਾਰ ਰੱਬ ਦਿਆਲੂ ਹੈ, ਜੋ ਗੁਰਮੁਖ ਤੇ ਮਨਮੁਖ; ਦੋਵਾਂ ਦੇ ਸੂਖਮ ਸਰੀਰ ਨੂੰ ਸਰੀਰਕ ਮੌਤ ਤੋਂ ਬਾਅਦ ਆਪਣੇ ਅੰਦਰ ਸਮਾਂ ਲੈਂਦਾ ਹੈ, ਨਾ ਕਿ ਕਿਸੇ ਨੂੰ ਆਵਾਗਮਣ ’ਚ ਭੇਜਦਾ ਹੈ।

ਸੋ ਭਾਵੇਂ ਉਕਤ ਦੋਵੇਂ ਜਮਾਤਾਂ ਦੇ ਵਿਚਾਰ ਇਕ ਸਮਾਨ ਨਹੀਂ, ਪਰ ਦੋਵੇਂ ਆਵਾਗਮਣ ਨੂੰ ਰੱਦ ਕਰਨ ਲਈ ਇੱਕ ਮੱਤ ਹਨ; ਜਿਸ ਬਾਰੇ ਗੁਰਬਾਣੀ ਦੇ ਵਚਨ ਹਨ ਕਿ ਜਿਵੇਂ ਚੰਦ੍ਰਮਾ ਦੀਆਂ ਤਿੱਥਾਂ, ਸੂਰਜ ਦੇ ਵਾਰ (ਸੋਮਵਾਰ, ਮੰਗਲਵਾਰ ਆਦਿ), ਸਾਲ ਦੇ ਮਹੀਨੇ, ਛੇ ਰੁੱਤਾਂ, ਦਿਨ ਤੇ ਰਾਤ ਸਥਿਰ ਨਹੀਂ ਯਾਨੀ ਕਿ ਸਦਾ ਬਦਲਦੇ ਰਹਿੰਦੇ ਹਨ; ਇਉਂ ਹੀ ਜਗਤ ਰਚੇਤਾ (ਕਰਤਾਰ) ਨੇ (ਜੀਵਾਂ ਲਈ) ਆਵਾਗਮਣ (ਸਥੂਲ ਸਰੀਰ ਦਾ ਬਦਲਣਾ) ਬਣਾਇਆ ਹੈ। ਸਥੂਲ ਸਰੀਰ ਨੂੰ ਨਵਾਂ ਸਰੀਰ ਧਾਰਨਾ ਹੀ ਪੈਣਾ ਹੈ। ਇਸ ਦੇ ਨਾਲ਼ ਤਾੜਨਾ ਭੀ ਕੀਤੀ ਕਿ ਗੁਰੂ ਸ਼ਬਦ ਨੂੰ ਵਿਚਾਰ ਕੇ ਇਹ ਰਾਜ਼ ਕੇਵਲ ਗੁਰਮੁਖ ਹੀ ਸਮਝਦੈ ਕਿ ਕੇਵਲ ਕਰਤਾਰ ਤੋਂ ਬਿਨਾਂ ਸਭ ਨੇ ਬਦਲਣਾ ਹੁੰਦੈ ‘‘ਪੰਦ੍ਰਹ ਥਿਤਂੀ ਤੈ (ਅਤੇ) ਸਤ ਵਾਰ   ਮਾਹਾ ਰੁਤੀ ਆਵਹਿ ਵਾਰ ਵਾਰ   ਦਿਨਸੁ ਰੈਣਿ ਤਿਵੈ ਸੰਸਾਰੁ   ਆਵਾਗਉਣੁ ਕੀਆ; ਕਰਤਾਰਿ (ਨੇ)   ਨਿਹਚਲੁ ਸਾਚੁ; ਰਹਿਆ ਕਲ ਧਾਰਿ (ਕੇ)   ਨਾਨਕ  ! ਗੁਰਮੁਖਿ ਬੂਝੈ; ਕੋ ਸਬਦੁ ਵੀਚਾਰਿ (ਕੇ) ’’ (ਮਹਲਾ /੮੪੨ਆਵਾਗਮਣ ’ਚ ਕਰਮਾਂ ਦਾ ਫਲ਼ ਲੈ ਕੇ ਜਾਣ ਵਾਲ਼ਾ ਆਤਮਾ (ਰੂਹੁ, ਜਿੰਦੁ) ਭੀ; ਰੱਬੀ ਜੋਤ-ਸ਼ਕਤੀ ਦਾ ਅਨਿੱਖੜਵਾਂ ਅੰਗ (ਰਾਮ ਕੀ ਅੰਸੁ) ਹੋਣ ਕਾਰਨ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਰਾਹੀਂ ਬਣੇ ਸਥੂਲ ਸਰੀਰ ਵਾਙ ਨਸ਼ਟ ਨਹੀਂ ਹੁੰਦਾ ‘‘ਇਸੁ ਮਰਤੇ ਕਉ, ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ   ਗੁਰ ਪ੍ਰਸਾਦਿ; ਮੈ ਡਗਰੋ ਪਾਇਆ   ਜੀਵਨ ਮਰਨੁ ਦੋਊ ਮਿਟਵਾਇਆ   ਕਹੁ ਕਬੀਰ  ! ਇਹੁ ਰਾਮ ਕੀ ਅੰਸੁ   ਜਸ ਕਾਗਦ ਪਰ ਮਿਟੈ ਮੰਸੁ ’’ (ਭਗਤ ਕਬੀਰ/੮੭੧) ਯਾਨੀ ਜਿਵੇਂ ਕਾਗਜ਼ ਤੋਂ ਸਿਆਹੀ (ਭਾਵ ਲਿਖਤ) ਨਹੀਂ ਮਿਟਦੀ, ਕਾਗਜ਼ ਨਾਸ ਹੋ ਜਾਂਦੇ; ਓਵੇਂ ਹੀ ‘ਰਾਮ ਕੀ ਅੰਸੁ’ ਅਮਰ ਹੈ, ਨਾਸ ਨਹੀਂ ਹੁੰਦੀ; ਬਾਹਰਲਾ ਸਥੂਲ ਸਰੀਰ ਨਾਸ ਹੋ ਜਾਂਦੈ। ਮਨੁੱਖਾ ਜੀਵਨ ’ਚ ਕੀਤੇ ਮਾੜੇ ਕਰਮਾਂ ਦੀ ਸਜ਼ਾ; ‘ਰਾਮ ਕੀ ਅੰਸੁ’ (ਆਤਮਾ) ਨੂੰ ਨਹੀਂ ਮਿਲਦੀ ਬਲਕਿ ਇਸ ’ਤੇ ਚੜ੍ਹੀ ਜਨਮ-ਜਨਮ ਕੀ ਮੈਲ਼ (ਅੰਤਹਿਕਰਣ) ਨੂੰ ਨਵਾਂ ਸਰੀਰ (ਜੂਨ) ਧਾਰਨ ਉਪਰੰਤ (ਦੁੱਖ-ਸੁੱਖ ਵਜੋਂ) ਮਿਲਦੀ ਹੈ। ਇਸ ਮੈਲ਼ ਨੂੰ ਹਉਮੈ ਭੀ ਕਿਹਾ ਹੈ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ) ਨਾਲੇ ਹਉਮੈ ਪਾਈ   ਜਨਮ ਮਰਣੁ ਉਸ ਹੀ ਕਉ ਹੈ ਰੇ  ! ਓਹਾ ਆਵੈ ਜਾਈ ’’ (ਮਹਲਾ /੯੯੯)  ਜੋਗੀਆਂ ਵੱਲੋਂ ਗੁਰੂ ਨਾਨਕ ਜੀ ਨੂੰ ਸਵਾਲ ਪੁੱਛਿਆ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ! ਕਿਤੁ ਕਿਤੁ ਦੁਖਿ ਬਿਨਸਿ ਜਾਈ  ?’’ (ਗੋਸਟਿ/ਮਹਲਾ /੯੪੬) ਗੁਰੂ ਨਾਨਕ ਜੀ ਵੱਲੋਂ ਜਵਾਬ ਦਿੱਤਾ ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ ! ਨਾਮਿ+ਵਿਸਰਿਐ (ਨਾਲ਼) ਦੁਖੁ ਪਾਈ ’’ (ਗੋਸਟਿ/ਮਹਲਾ /੯੪੬)

ਆਤਮਾ ਨੂੰ ਹੀ ‘ਹੇ ਮਨ !’ ਕਹਿ ਕੇ ਅਹਿਸਾਸ ਕਰਾਇਆ ਕਿ ਤੇਰਾ ਮੂਲ/ਸਰੋਤ; ਜੋਤਿ-ਸਰੂਪ (ਰੱਬ) ਹੈ (ਮਨ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ਮਹਲਾ /੪੪੧) ਤਾਂ ਜੋ ਇਸ ’ਤੇ ਚੜ੍ਹੀ ਜਨਮ-ਜਨਮ ਦੀ ਕਾਲ਼ਖ਼/ਅੰਤਹਿਕਰਣ (ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਮਹਲਾ /੬੫੧) ਸਾਫ਼ ਹੋਵੇ। ਇਹੀ ਅੰਦਰੂਨੀ ਇਸ਼ਨਾਨ ਹੈ ‘‘ਅੰਤਰਗਤਿ ਤੀਰਥਿ (’ਤੇ) ਮਲਿ ਨ੍ਾਉ ’’ (ਜਪੁ)

(1). ਆਵਾਗਮਣ ਤੋਂ ਇਨਕਾਰੀ ਸਿੱਖ; ਪੂਰਵਲੇ ਲੇਖ (ਨਸੀਬ/ਭਾਗ) ਨੂੰ ਨਹੀਂ ਮੰਨਦੇ। ਉਨ੍ਹਾਂ ਮੁਤਾਬਕ ਇਸੇ ਜਨਮ ’ਚ ਬੀਤਿਆ ਸਮਾਂ ਹੀ ਪੂਰਵਲਾ ਜਨਮ ਹੈ, ਪੂਰਵਲਾ ਲੇਖ ਹੈ ਯਾਨੀ ਬਜ਼ੁਰਗ ਲਈ ਜਵਾਨੀ; ਪੂਰਵਲਾ ਜਨਮ ਹੈ ਤੇ ਜਵਾਨ ਲਈ ਬਚਪਨ; ਪੂਰਵਲਾ ਲੇਖ ਹੈ।

ਇਨ੍ਹਾਂ ਮੁਤਾਬਕ ਇਹ ਵਾਕ ‘‘ਕਈ ਜਨਮ ਭਏ ਕੀਟ ਪਤੰਗਾ   ਕਈ ਜਨਮ ਗਜ ਮੀਨ ਕੁਰੰਗਾ   ਕਈ ਜਨਮ ਪੰਖੀ ਸਰਪ ਹੋਇਓ ’’ (ਮਹਲਾ /੧੭੬)  ਇਸੇ ਜਨਮ ’ਚ ਪਿਛਲਾ ਸੁਭਾਅ ਹੈ, ਜੋ ਗੁਰੂ ਦੀ ਸ਼ਰਨ ਪੈਣ ਤੋਂ ਬਾਅਦ ਛੱਡ ਚੁੱਕੇ ਯਾਨੀ ਗੁਰਮੁਖ ਦਾ ਪਿਛਲਾ ਸੁਭਾਅ ਕੀੜਿਆਂ, ਪਤੰਗਿਆਂ, ਹਾਥੀਆਂ, ਮੱਛੀਆਂ, ਹਿਰਨਾਂ, ਪੰਛੀਆਂ, ਸੱਪਾਂ, ਘੋੜਿਆਂ, ਬਲ਼ਦਾਂ ਵਰਗਾ ਸੀ। ਇਨ੍ਹਾਂ ਮੁਤਾਬਕ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਦਾ ਗੁਰੂ ਸ਼ਰਨ ’ਚ ਆਉਣ ਤੋਂ ਪਹਿਲਾ ਸੁਭਾਅ ‘‘ਕਈ ਜਨਮ ਭਏ ਕੀਟ ਪਤੰਗਾ   ਕਈ ਜਨਮ ਗਜ ਮੀਨ ਕੁਰੰਗਾ ’’  ਵਾਲ਼ਾ ਸੀ।

ਵਿਚਾਰ : ਜੇਕਰ ਉਕਤ ਵਿਚਾਰ ਨੂੰ ਸਹੀ ਮੰਨੀਏ ਤਾਂ ਇਹ ਭੀ ਮੰਨਣਾ ਪੈਣੈ ਕਿ ਬੱਚੇ ਦਾ ਪੂਰਵਲਾ ਜਨਮ; ਮਾਤਾ ਦੇ ਗਰਭ ’ਚ ਬੀਤੇ 9 ਮਹੀਨੇ ਹਨ ਯਾਨੀ ਤਦ ਬੱਚੇ ਦਾ ਸੁਭਾਅ ‘‘ਕਈ ਜਨਮ ਭਏ ਕੀਟ ਪਤੰਗਾ   ਕਈ ਜਨਮ ਗਜ ਮੀਨ ਕੁਰੰਗਾ ’’  ਵਾਲ਼ਾ ਹੈ ਕਿਉਂਕਿ ਬੰਦਾ; ਗੁਰਮੁਖ ਤਾਂ ਜਨਮ ਲੈਣ ਉਪਰੰਤ ਹੀ ਬਣੇਗਾ, ਪਰ ਗੁਰਬਾਣੀ ਮਾਤਾ ਦੇ ਗਰਭ ’ਚ ਬੱਚੇ ਦੇ ਸੁਭਾਅ ਨੂੰ ‘‘ਕਈ ਜਨਮ ਭਏ ਕੀਟ ਪਤੰਗਾ ’’  ਵਾਲ਼ਾ ਨਹੀਂ ਮੰਨਦੀ ਸਗੋਂ ਰੱਬ ਨਾਲ਼ ਲਿਵ-ਲੀਨ ਹੋਇਆ, ਦੱਸਦੀ ਹੈ; ਜਿਵੇਂ ‘‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾਹੁਕਮਿ (ਰਾਹੀਂ) ਪਇਆ ਗਰਭਾਸਿ (ਗਰਭ)  ਉਰਧ (ਪੁੱਠਾ ਪਿਆ) ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ  ! ਖਸਮ ਸੇਤੀ ਅਰਦਾਸਿ   ਖਸਮ ਸੇਤੀ ਅਰਦਾਸਿ ਵਖਾਣੈ; ਉਰਧ ਧਿਆਨਿ ਲਿਵ ਲਾਗਾ ’’ (ਮਹਲਾ /੭੪) ਭਗਤ ਬੇਣੀ ਜੀ ਭੀ ਐਸਾ ਹੀ ਫ਼ੁਰਮਾ ਰਹੇ ਹਨ ‘‘ਰੇ ਨਰ  ! ਗਰਭ ਕੁੰਡਲ ਜਬ ਆਛਤ (ਭਾਵ ਹੁੰਦਾ ਹੈ); ਉਰਧ ਧਿਆਨ ਲਿਵ ਲਾਗਾ ਗਰਭ ਛੋਡਿ (ਕੇ) ਮ੍ਰਿਤ ਮੰਡਲ ਆਇਆ; ਤਉ ਨਰਹਰਿ (ਰੱਬ ਨੂੰ) ਮਨਹੁ ਬਿਸਾਰਿਆ (ਭਗਤ ਬੇਣੀ/੯੩) ਗੁਰੂ ਅਮਰਦਾਸ ਜੀ ਭੀ ਐਸਾ ਹੀ ਕਹਿ ਰਹੇ ਹਨ ‘‘ਲਿਵ ਛੁੜਕੀ, ਲਗੀ ਤ੍ਰਿਸਨਾ; ਮਾਇਆ ਅਮਰੁ ਵਰਤਾਇਆ ’’ (ਅਨੰਦ/ਮਹਲਾ /੯੨੧) ਯਾਨੀ ਕਿ ਮਾਤਾ ਦੇ ਗਰਭ ’ਚ ਬੱਚੇ ਨੇ ਰੱਬ ਨਾਲ਼ ਲਿਵ ਲਾ ਰੱਖੀ ਸੀ, ਜੋ ਜਨਮ ਲੈਣ ਉਪਰੰਤ ਮਾਇਆ ਦੇ ਪ੍ਰਭਾਵ ਕਾਰਨ ਟੁੱਟ ਗਈ।

ਪਿਛਲੇ ਲੇਖ ‘ਗੁਰਮਤਿ ਅਨੁਸਾਰ ਆਵਾਗਮਣ’ ’ਚ ਇਹ ਵਿਚਾਰ ਕੀਤੀ ਗਈ ਸੀ ਕਿ ਗੁਰਬਾਣੀ ਅੰਦਰ ਮਨੁੱਖ ਨੂੰ ਕਿਸੇ ਪਸ਼ੂ ਜਾਂ ਜਾਨਵਰ ਸਮਾਨ ਨਹੀਂ ਮੰਨਿਆ ਬਲਕਿ ਉਨ੍ਹਾਂ ਤੋਂ ਹੇਠਲੇ ਪੱਧਰ ਦਾ ਦਰਸਾਇਆ ਹੈ ਤਾਂ ਜੋ ਉਨ੍ਹਾਂ ਦਾ ਅਪਮਾਨ ਨਾ ਹੋਵੇ; ਜਿਵੇਂ (ੳ). ਪਸ਼ੂ, ਪੰਛੀਆਂ ’ਚ ਇੱਕ-ਇੱਕ ਕਾਮਾਦਿਕ ਰੋਗ ਹੁੰਦੈ, ਪਰ ਮਨੁੱਖ ਅੰਦਰ ਪੰਜੇ ਵਿਕਾਰ ਹਨ। (ਅ). ਸੂਰ; ਪਿੰਡ ਨੂੰ ਸਾਫ਼ ਰੱਖਦੈ, ਪਰ ਸਾਕਤ ਮਨੁੱਖ ਗੰਦਾ ਕਰਦੈ ‘‘ਕਬੀਰ  ! ਸਾਕਤ ਤੇ ਸੂਕਰ ਭਲਾ; ਰਾਖੈ ਆਛਾ ਗਾਉ ’’ (ਭਗਤ ਕਬੀਰ/੧੩੭੨) (ੲ). ਮਿਰਤਕ ਪਸ਼ੂ ਦੇ ਅੰਗ ਕੰਮ ਆਉਂਦੇ ਹਨ, ਪਰ ਮਨੁੱਖ ਦੇ ਨਹੀਂ ਆਦਿ, ਪਰ ਮਨੁੱਖ ਅਤੇ ਪਸ਼ੂ ਦੀ ਸਮਾਨਤਾ; ਕੇਵਲ ਟੀਚਾ ਰਹਿਤ ਜੀਵਨ ਬਤੀਤ ਕਰਨ ਕਾਰਨ ਜ਼ਰੂਰ ਹੈ; ਜਿਵੇਂ ‘‘ਕਰਤੂਤਿ ਪਸੂ ਕੀ ਮਾਨਸ ਜਾਤਿ ’’ (ਸੁਖਮਨੀ/ਮਹਲਾ /੨੬੭)  ਹੋਰ ਜਾਣਨ ਲਈ ਉਕਤ ਲੇਖ ਪੜ੍ਹਿਆ ਜਾ ਸਕਦੈ।

ਸੋ ਇਹ ਕਹਿਣਾ ਕਿ ਬੱਚੇ ਦੇ ਪੂਰਵਲੇ ਜਨਮ (ਯਾਨੀ ਮਾਤਾ ਦੇ ਗਰਭ) ਸਮੇਂ ਉਸ ਦਾ ਸੁਭਾਅ‘‘ਕਈ ਜਨਮ ਭਏ ਕੀਟ ਪਤੰਗਾ ’’ ਵਾਲ਼ਾ ਸੀ; ਗੁਰਮਤਿ ਨਹੀਂ, ਮਨਮਤ ਹੈ ਤਾਂ ਤੇ ਬਜ਼ੁਰਗ ਦਾ ਜਵਾਨੀ ’ਚ ਤੇ ਜਵਾਨ ਦਾ ਬਚਪਨ ’ਚ ਭੀ ਸੁਭਾਅ ‘‘ਕਈ ਜਨਮ ਭਏ ਕੀਟ ਪਤੰਗਾ ’’  ਵਾਲ਼ਾ ਨਹੀਂ ਸੀ; ਜਿਵੇਂ ਕਿ ਇਸ ਜਮਾਤ ਦਾ ਮੰਨਣਾ ਹੈ। ਇਨ੍ਹਾਂ ਨੇ ਗੁਰਬਾਣੀ ਦੇ ਇਸ ਵਾਕ ਨੂੰ ਮਨਮਤ ਅਨੁਸਾਰ ਉਲਥਾ ਲਿਆ ਜਦਕਿ ਗੁਰੂ ਸਾਹਿਬਾਨ ਦਾ ਅਜਿਹਾ ਮੰਨਣਾ ਬਿਲਕੁਲ ਨਹੀਂ ਸੀ।

(2). ਆਵਾਗਮਣ ਤੋਂ ਇਨਕਾਰੀ ਸਿੱਖ ਇਹ ਭੀ ਦਲੀਲ ਦਿੰਦੇ ਹਨ ਕਿ ਜੇਕਰ ਪਿਛਲੇ ਜਨਮ ’ਚ ਰੱਬ ਦੀ ਭਗਤੀ ਕੀਤੀ ਹੁੰਦੀ; ਜਿਵੇਂ ਕਿ ਇਹ ਵਾਕ ਹਨ ‘‘ਪੂਰਬ ਜਨਮ ਹਮ ਤੁਮ੍ਹਰੇ ਸੇਵਕ.. ’’ (ਭਗਤ ਕਬੀਰ/੯੭੦) ਤਾਂ ਫਿਰ ਮਨੁੱਖਾ ਜਨਮ ਕਿਉਂ ਮਿਲਿਆ ਯਾਨੀ ਕਿ ਰੱਬ ’ਚ ਲੀਨ ਕਿਉਂ ਨਾ ਹੋਏ ਕਿਉਂਕਿ ਕੀਤੀ ਭਗਤੀ ਤਾਂ ਬੰਦੇ ਨੂੰ ਆਵਾਗਮਣ ’ਚੋਂ ਮੁਕਤ ਕਰਦੀ ਹੈ ?

ਵਿਚਾਰ : ਗੁਰਮਤਿ ਅਨੁਸਾਰ ਰੱਬ ਦੀ ਕੀਤੀ ਭਗਤੀ ਆਵਾਗਮਣ ਤੋਂ ਜ਼ਰੂਰ ਮੁਕਤ ਕਰਦੀ ਹੈ, ਪਰ ਇਹ ਵੇਖਣੈ ਕਿ ਕੀ ਭਗਤੀ ਕੀਤਿਆਂ ਉਹ ਮੁਕਾਮ ਹਾਸਲ ਕਰ ਲਿਆ ਸੀ, ਜਿਸ ਤੋਂ ਬਾਅਦ ਰੱਬ ’ਚ ਹੀ ਲੀਨ ਹੋਈਦੈ ? ਜਿਵੇਂ ਕਿ ਬਾਬਾ ਸੁੰਦਰ ਜੀ; ਗੁਰੂ ਅਮਰਦਾਸ ਜੀ ਦੇ ਹਵਾਲੇ ਨਾਲ਼ ਸਮਝਾਉਂਦੇ ਹਨ ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ’’ (ਸਦ/ਬਾਬਾ ਸੁੰਦਰ ਜੀ/੯੨੩) ਜਵਾਬ ਹੈ : ਨਹੀਂ, ਤਾਂ ਤੇ ‘‘ਪੂਰਬ ਜਨਮ ਹਮ ਤੁਮ੍ਹਰੇ ਸੇਵਕ.. ’’ ਮੁਕੰਮਲ ਭਗਤੀ ਨਹੀਂ ਸੀ। ਉਸ ਨੇ ਮੁੜ ਮਨੁੱਖਾ ਜਨਮ ਦਵਾਇਆ; ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਵਚਨ ਹਨ ‘‘ਪੂਰਬਿ ਜਨਮਿ (’) ਪਰਚੂਨ ਕਮਾਏ; ਹਰਿ ਹਰਿ, ਹਰਿ ਨਾਮਿ ਪਿਆਰੇ ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ; ਰਸੁ ਗਾਵੈ ਰਸੁ ਵੀਚਾਰੇ ’’ (ਮਹਲਾ /੯੮੨)  ਅਰਥ : ਪਿਛਲੇ ਜਨਮ ’ਚ ਥੋੜ੍ਹੇ-ਬਹੁਤ ਸ਼ੁਭ ਕਰਮ ਕੀਤੇ ਸਨ ਤਾਹੀਓਂ ਇਸ ਜਨਮ ’ਚ ਗੁਰੂ ਦੀ ਕਿਰਪਾ ਨਾਲ਼ ਹਰੀ ਦੇ ਨਾਮ ’ਚ ਪਿਆਰ ਪਿਆ, ਨਾਮ-ਅੰਮ੍ਰਿਤ ਰਸ ਲੱਭ ਹੋਇਆ। ਨਾਮ ਰਸ ਵਿਚਾਰ-ਵਿਚਾਰ ਕੇ ਮਾਣਿਆ ਹੈ, ਗਾਉਂਦਾ ਹੈ।

ਗੁਰੂ ਰਾਮਦਾਸ ਜੀ ਇਹ ਭੀ ਸਮਝਾਉਂਦੇ ਹਨ ਕਿ ਪੂਰਵਲੇ ਜਨਮ ’ਚ ਕੀਤੀ ਭਗਤੀ ਯਾਨੀ ਕਿ ਬੀਜੇ ਸ਼ੁਭ ਗੁਣਾਂ ਕਾਰਨ ਹੀ ਇਸ ਜਨਮ ’ਚ ਸਤਿਗੁਰੂ ਨੇ ਹਿਰਦੇ ’ਚ ਭਗਤੀ ਦਾ ਬੀਜ ਪ੍ਰਗਟ ਕੀਤਾ ‘‘ਪੂਰਬ ਜਨਮਿ (’) ਭਗਤਿ ਕਰਿ ਆਏ; ਗੁਰਿ (ਨੇ) ਹਰਿ ਹਰਿ, ਹਰਿ ਹਰਿ ਭਗਤਿ ਜਮਈਆ ’’ (ਮਹਲਾ /੮੩੭) ਯਾਨੀ ਪੂਰਵਲੇ ਚੰਗੇ ਨਸੀਬ ਕਾਰਨ ਇਸ ਜਨਮ ’ਚ ਅੰਤਹਿਕਰਣ ਨੂੰ ਸਾਫ਼ ਕਰ ਸਰਬ ਵਿਆਪਕ ਰੱਬੀ ਜੋਤਿ ਦੇ ਹੂ-ਬਹੂ ਦਰਸ਼ਨ ਹੋਏ। ਗੁਰਬਾਣੀ ’ਚ ਇਸ (ਸੂਰਜ ਵਰਗੇ ਪ੍ਰਕਾਸ਼) ਨੂੰ ਨਸੀਬਾਂ ਦਾ ਉਦੈ (ਪ੍ਰਗਟ) ਹੋਣਾ; ਕਿਹਾ ਹੈ ‘‘ਕਹਿ ਕਬੀਰ ਮਨਿ (’) ਭਇਆ ਪ੍ਰਗਾਸਾ; ਉਦੈ ਭਾਨੁ (ਸੂਰਜ) ਜਬ ਚੀਨਾ (ਵੇਖਿਆ)’’ (ਭਗਤ ਕਬੀਰ ਜੀ/੩੩੨)  ਭੱਟ ਮਥੁਰਾ ਜੀ; ਇਸ ਭਾਗ-ਉਦੈ ਤੋਂ ਬਿਨਾਂ ਮਨੁੱਖ ਨੂੰ ਭਰਮ ’ਚ ਭਟਕਦਾ ਬਿਆਨਦੇ ਹਨ ‘‘ਜਬ ਲਉ (ਤੱਕ) ਨਹੀ ਭਾਗ ਲਿਲਾਰ ਉਦੈ; ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ’’ (ਭਟ ਮਥੁਰਾ/੧੪੦੯) ਇਹ (ਭਾਗਾਂ ਦਾ ਉਦੈ) ਹੀ ਸਾਧ ਸੰਗਤ ਰਾਹੀਂ ਨਵਾਂ ਜੀਵਨ ਪਾਉਣਾ; ਅਖਵਾਉਂਦਾ ਹੈ।

ਸੋ ਇਹ ਕਹਿਣਾ ਕਿ ਪਿਛਲੇ ਜਨਮ ’ਚ ਕੀਤੀ ਭਗਤੀ ਨੇ ਆਵਾਗਮਣ ਤੋਂ ਮੁਕਤ ਕਿਉਂ ਨਾ ਕੀਤਾ ? ਗੁਰਮਤਿ ਬਾਰੇ ਨਾਸਮਝੀ ਦਾ ਪ੍ਰਤੀਕ ਹੈ। ਇੱਥੇ ਇਹ ਭੀ ਧਿਆਨ ਰੱਖਣੈ ਕਿ ਪਿਛਲੇ ਜਨਮ ’ਚ ਕੀਤੇ ਸ਼ੁਭ ਕਰਮ ਦਾ ਮਤਲਬ ਕੇਵਲ ਨਿਰਾਕਾਰ ਦੀ ਭਗਤੀ ਕਰਨਾ ਨਹੀਂ, ਨਹੀਂ ਤਾਂ ਇਹ ਭੀ ਸਵਾਲ ਉੱਠੇਗਾ ਕਿ ਤਦ ਗੁਰੂ ਨਾਨਕ ਸਾਹਿਬ ਜੀ ਵਰਗਾ ਮਹਾਤਮਾ; ਨਿਰਾਕਾਰ ਦਾ ਵਿਆਖਿਆਕਾਰ ਕਿੱਥੋਂ ਆਇਆ ?

(3). ਆਵਾਗਮਣ ਤੋਂ ਇਨਕਾਰੀ ਸਿੱਖਾਂ ਦਾ ਮੰਨਣੈ ਕਿ ਜੇਕਰ ਆਵਾਗਮਣ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਕੀਤੀ ਪੂਰਵਲੇ ਜਨਮ ’ਚ ਭਗਤੀ ਭੀ ਮੰਨਣੀ ਪੈਣੀ ਹੈ; ਜਿਵੇਂ ਕਿ ਬਚਿਤ੍ਰ ਨਾਟਕ (ਦਸਮ ਗ੍ਰੰਥ) ’ਚ ਦਰਜ ਹੈ ‘‘ਤਿਨ ਜੋ ਕਰੀ ਅਲਖ ਕੀ ਸੇਵਾ ਤਾ ਤੇ ਭਏ ਪ੍ਰਸੰਨਿ ਗੁਰਦੇਵਾ ਤਿਨ ਪ੍ਰਭ ਜਬ ਆਇਸੁ (ਹੁਕਮ) ਮੁਹਿ ਦੀਆ ਤਬ ਹਮ, ਜਨਮ ਕਲੂ ਮਹਿ ਲੀਆ ਚਿਤ ਭਯੋ ਹਮਰੋ ਆਵਨ ਕਹਿ ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ਇਮ ਕਹਿ ਕੈ ਇਹ ਲੋਕਿ (’) ਪਠਾਯੋ (ਭੇਜਿਆ)’’ (ਬਚਿਤ੍ਰ ਨਾਟਕ)

ਵਿਚਾਰ : ਉਕਤ ਸਵਾਲ ਨਾਲ਼ ਸੰਬੰਧਿਤ ਗੁਰਬਾਣੀ ’ਚ ਦੋ ਤੱਥ ਹਨ (ੳ). ਸਤਿਗੁਰੂ ਜੀ ਜਨਮ ਮਰਨ ਯਾਨੀ ਆਵਾਗਮਣ ’ਚ ਨਹੀਂ ਹੁੰਦੇ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ   ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ’’ (ਮਹਲਾ /੭੪੯) ਚੇਤੇ ਰਹੇ ਕਿ (1). ਇਹ ਵਾਕ ‘‘ਹਰਿ ਸਿਉ ਲੈਨਿ ਮਿਲਾਏ’’ ਹੈ, ਨਾ ਕਿ ‘‘ਹਰਿ ਸਿਉ ਦੇਨਿ ਮਿਲਾਏ’’ ਕਿਉਂਕਿ ਲੈਨਿ ਮਿਲਾਏ ਵਾਲ਼ੇ ਆਪ ਹਰੀ ’ਚ ਲੀਨ ਹੁੰਦੇ ਹਨ, ਜੁੜੇ ਹੁੰਦੇ ਹਨ ਯਾਨੀ ਆਵਾਗਮਣ ’ਚ ਨਹੀਂ ਹੁੰਦੇ, ਪਰ ‘ਦੇਨਿ ਮਿਲਾਏ’ ਵਾਲ਼ੇ ਆਪ ਹਰੀ ਨਾਲ਼ ਇੱਕ-ਮਿੱਕ ਨਹੀਂ ਹੁੰਦੇ ਯਾਨੀ ਆਵਾਗਮਣ ’ਚ ਹੁੰਦੇ ਹਨ। (2). ਆਤਮਾ ਦੀ ਖ਼ੁਰਾਕ (ਜੀਅ ਦਾਨੁ) ਨੂੰ ਲੈਨਿ ਮਿਲਾਏ ਵਾਲ਼ਾ ਸਤਿਗੁਰੂ ਦਿੰਦੈ ਅਤੇ ਸਰੀਰਕ ਦਾਤਾਂ (ਅੱਖ, ਕੰਨ, ਜੀਭ, ਸਰੀਰ ਆਦਿ) ਰੱਬ ਦਿੰਦੈ, ਨਾ ਕਿ ਸਤਿਗੁਰੂ।

(ਅ). ਦੂਜਾ ਤੱਥ ਹੈ ਕਿ ਸਰੀਰਕ ਮੌਤ ਉਪਰੰਤ ਜਿਸ ਦਾ ਆਤਮਾ; ਆਵਾਗਮਣ ਵੱਲ ਗਿਆ ਯਾਨੀ ਰੱਬ ’ਚ ਲੀਨ ਨਾ ਹੋਇਆ ਉਹ ਕਿੱਥੇ ਜਾਂਦੈ, ਇਸ ਬਾਰੇ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ; ਜਿਵੇਂ ਕਿ ਮਰਨ ਉਪਰੰਤ ਬੰਦੇ ਨੂੰ ‘‘ਇਕ ਦਝਹਿ (ਕਈ ਅੱਗ ਸਾੜੇ) ਇਕ ਦਬੀਅਹਿ; ਇਕਨਾ ਕੁਤੇ ਖਾਹਿ   ਇਕਿ ਪਾਣੀ ਵਿਚਿ ਉਸਟੀਅਹਿ; ਇਕਿ ਭੀ ਫਿਰਿ ਹਸਣਿ ਪਾਹਿ   ਨਾਨਕ  ! ਏਵ ਜਾਪਈ; (ਆਤਮਾ) ਕਿਥੈ ਜਾਇ ਸਮਾਹਿ ’’ (ਮਹਲਾ /੬੪੮) ਆਵਾਗਮਣ ਤੋਂ ਇਨਕਾਰੀ ਸਿੱਖ; ਇਸ ਤੁਕ ਨੂੰ ਆਪਣੇ ਹੱਕ ’ਚ ਭੁਗਤਾਉਂਦੇ ਹਨ ਜਦਕਿ ਇਸ ਦਾ ਮਤਲਬ ਹੈ ਕਿ ਆਤਮਾ ਦੇ ਮਾਰਗ ਨੂੰ ਜਾਣਨਾ; ਰੱਬ ਦੇ ਹੁਕਮ ਦਾ ਅੰਤ ਪਾਉਣੈ, ਨਾ ਕਿ ਆਤਮਾ ਹੁੰਦਾ ਹੀ ਨਹੀਂ, ਕਿਹਾ ਹੈ। ਗੁਰਬਾਣੀ ਦਾ ਵਾਕ ਹੈ ਕਿ ਜੇਕਰ ਸੱਤ ਸਮੁੰਦਰ ਸਿਆਹੀ ਹੋਣ, ਧਰਤੀ ਕਾਗਜ਼ ਹੋਵੇ ਤੇ ਸਾਰੀ ਬਨਸਪਤੀ ਕਲਮ, ਤਾਂ ਭੀ ਹਰੀ ਜਸ; ਪੂਰਾ ਨਹੀਂ ਲਿਖਿਆ ਜਾ ਸਕਦਾ ‘‘ਕਬੀਰ  ! ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥  ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥’’ (ਭਗਤ ਕਬੀਰ ਜੀ/੧੩੬੮) ਇਸ ਦਾ ਇਹ ਮਤਲਬ ਨਹੀਂ ਕਿ ਰੱਬ ਹੁੰਦਾ ਹੀ ਨਹੀਂ; ਇਉਂ ਹੀ ‘‘ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ ’’ (ਮਹਲਾ /੬੪੮) ਦਾ ਮਤਲਬ ਹੈ ਕਿ ਆਤਮਾ ਦਾ ਮਾਰਗ ਕੋਈ ਨਹੀਂ ਜਾਣ ਸਕਦਾ।

ਸੋ ਇਹ ਕਹਿਣਾ ਕਿ ਆਵਾਗਮਣ ਨੂੰ ਮੰਨਣ ਨਾਲ਼ ਬਚਿਤਰ ਨਾਟਕ ਦੀ ਸਾਖੀ ਸਹੀ ਸਾਬਤ ਹੁੰਦੀ ਹੈ, ਦੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਇਹ ਪੱਖ ਵਧੇਰੇ ਵਜ਼ਨ ਰੱਖਦੈ ਕਿ ਪੂਰਵਲੇ ਜਨਮ ’ਚ ਕਿਸ ਨੇ ਕਿੱਥੇ, ਕਦੋਂ ਤੇ ਕਿੰਨੀ ਭਗਤੀ ਕੀਤੀ ਹੈ; ਬਾਰੇ ਕਿਆਸ ਨਹੀਂ ਲਾਇਆ ਜਾ ਸਕਦਾ।

(4). ਆਵਾਗਮਣ ਤੋਂ ਇਨਕਾਰੀ ਇੱਕ ਸਿੱਖ ਨੇ ਸਵਾਲ ਕੀਤਾ ਕਿ ਜੇਕਰ ਆਵਾਗਮਣ ਹੈ ਤਾਂ ਇਹ ਕਿਉਂ ਕਿਹਾ ਗਿਆ ‘‘ਆਪੇ ਬੀਜਿ ਆਪੇ ਹੀ ਖਾਹੁ ’’ (ਜਪੁ/ਮਹਲਾ /) ਜਾਂ ‘‘ਅਹਿ ਕਰੁ (ਹੱਥ) ਕਰੇ, ਸੁ ਅਹਿ ਕਰੁ ਪਾਏ; ਕੋਈ ਪਕੜੀਐ ਕਿਸੈ ਥਾਇ ’’ (ਮਹਲਾ /੪੦੬) ਯਾਨੀ ਜਿਹੜਾ ਹੱਥ ਮਾੜੇ ਕੰਮ ਕਰਦਾ ਹੈ ਓਹੀ ਹੱਥ ਸਜ਼ਾ ਭੁਗਤਦਾ ਹੈ। ਅਜਿਹੇ ਅਣਭੋਲ਼ ਸਿੱਖਾਂ ਮੁਤਾਬਕ ਮਰਨ ਤੋਂ ਬਾਅਦ ਸਰੀਰਕ ਹੱਥ ਬਦਲ ਜਾਂਦਾ ਹੈ, ਉਸ ਨੂੰ ਸਜ਼ਾ ਕਿਉਂ ?

ਜਵਾਬ : ਵੈਸੇ ਮੈ ਇਸ ਸਵਾਲ ਦਾ ਜਵਾਬ ਦੇਣਾ; ਹਥਲੇ ਵਿਸ਼ੇ ਦੀ ਮਹਾਨਤਾ ਨੂੰ ਘਟਾਉਣਾ ਸਮਝਦਾ ਹਾਂ, ਪਰ ਬਹੁਤੇ ਸਿੱਖਾਂ ਦਾ ਮਾਨਸਿਕ ਪੱਧਰ ਹੀ ਇੱਥੋਂ ਤੱਕ ਹੁੰਦੈ, ਇਸ ਲਈ ਜਵਾਬ ਦੇ ਰਿਹਾ ਹਾਂ।

ਗੁਰਬਾਣੀ ਅਸੂਲਾਂ ਮੁਤਾਬਕ ਮਨੁੱਖ ਨੂੰ ਔਰਤ-ਮਰਦ, ਰੰਗ-ਨਸਲ, ਜਾਤ-ਪਾਤ ਆਦਿ ’ਚ ਵੰਡ ਕੇ ਨਹੀਂ ਵੇਖਿਆ। ਸਭ ਨੂੰ ਜੀਵ ਇਸਤ੍ਰੀ ਵਜੋਂ ‘ਕੁਲਖਣੀ, ਸੁਲਖਣੀ, ਸਾਧਨ, ਸੁਹਾਗਨਿ, ਦੁਹਾਗਨਿ’ ਆਦਿ ਕਿਹਾ ਹੈ। ਪੁਲਿੰਗ ਰੂਪ ’ਚ ਕੇਵਲ ਰੱਬ ਹੈ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧) ਇਸ ਲੇਖ ਦੇ ਅਰੰਭ ’ਚ ਵਿਚਾਰਿਆ ਗਿਐ ਕਿ ਗੁਰਮਤਿ; ਗੁਰੂ ਦਾ ਅਨੁਭਵ ਹੈ ਤਾਹੀਓਂ ਸਤਿਗੁਰੂ ਪਾਸੋਂ ‘ਜੀਅ ਦਾਨੁ’ ਮੰਗੀਦੈ। ਰੂਹਾਨੀਅਤ ਉੱਨਤੀ ਦੇ ਬਾਹਰੀ ਚਿੰਨ੍ਹ ਸਰੀਰਕ ਇੰਦ੍ਰਿਆਂ ’ਚੋਂ ਵਿਖਾਈ ਦਿੰਦੇ ਹਨ ਤਾਂ ਤੇ ਮਾੜੇ ਕਰਮ ਦਾ ਗੁਨਾਹਗਾਰ ਹੱਥ ਨਹੀਂ, ਬੰਦੇ ਦੀ ਜ਼ਮੀਰ ਹੈ। ਜ਼ਮੀਰ ਨੂੰ ਸਜ਼ਾ ਆਤਮਿਕ ਮੌਤ ਮਾਰ ਕੇ ਦਿੱਤੀ ਜਾਂਦੀ ਹੈ, ਨਾ ਕਿ ਕਿਸੇ ਦਾ ਹੱਥ ਤੋੜ ਕੇ।

‘‘ਆਪੇ ਬੀਜਿ ਆਪੇ ਹੀ ਖਾਹੁ ’’  ਦਾ ਇਹ ਮਤਲਬ ਨਹੀਂ ਕਿ ਜਿਸ ਜਨਮ ’ਚ ਬੀਜਿਐ ਉਸੇ ਜਨਮ ’ਚ ਭੋਗਣੈ। ਕੀਤੇ ਕਰਮਾਂ ਦਾ ਲੇਖਾ-ਜੋਖਾ ਹਰ ਸੁਆਸ ਅੰਤਹਿਕਰਣ (ਕੂੜੈ ਪਾਲਿ) ’ਤੇ ਪੈਂਦਾ ਹੈ, ਜਿਸ ਨਾਲ਼ ਇਹ ਮੈਲ਼ ਘਟਦੀ/ਵਧਦੀ ਹੈ। ਅੰਤਹਿਕਰਣ ਦੀ ਪੂਰਨ ਸ਼ੁੱਧਤਾ ਹੀ ਮੁਕਤੀ ਹੈ, ਜੋਤਿ ਸਰੂਪ ਦੇ ਹੂ-ਬਹੂ ਦਰਸ਼ਨ ਹਨ ਤੇ ਸਰੀਰਕ ਮੌਤ ਉਪਰੰਤ ਅਕਾਲ ਪੁਰਖ ’ਚ ਲੀਨਤਾ ਹੈ।

ਗੁਰਮਤਿ ਅਨੁਸਾਰ ਬੰਦੇ ਨੇ ਇੱਕ ਜਨਮ ’ਚ ਕੀ-ਕੀ ਭੋਗਣੈ ਉਹ ਸਾਰਾ ਇੱਕੋ ਵਾਰ (ਜਨਮ ਲੈਂਦਿਆਂ) ਨਸੀਬ ’ਚ ਪਾਇਆ ਹੁੰਦੈ; ਜਿਵੇਂ ‘‘ਆਸਣੁ ਲੋਇ ਲੋਇ ਭੰਡਾਰ ਜੋ ਕਿਛੁ ਪਾਇਆ; ਸੁ ਏਕਾ ਵਾਰ ’’ (ਜਪੁ) ਇਸ ਨਸੀਬ ਨੂੰ ਹੀ ‘ਜਪੁ’ ਦੀ ਪਹਿਲੀ ਪਾਉੜੀ ’ਚ ‘ਲਿਖਿਆ ਨਾਲਿ’ ਕਿਹਾ ਹੈ। ਇਸ ਨਸੀਬ ਮੁਤਾਬਕ ਹਰ ਇੱਕ ਨੂੰ ਮਿਲਦੈ ਜਾਂ ਨਹੀਂ; ਇਹ ਸਿਰਜਣਹਾਰ ਆਪ ਵੇਖਦੈ ਅਤੇ ਰੁਕਾਵਟ ਰਹਿਤ ਵਾਪਰਦਾ ਵੇਖ ਪ੍ਰਸੰਨ ਹੁੰਦੈ ‘‘ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ   ਵੇਖੈ ਵਿਗਸੈ; ਕਰਿ (ਕੇ) ਵੀਚਾਰੁ   ਨਾਨਕ  ! ਕਥਨਾ ਕਰੜਾ ਸਾਰੁ ੩੭’’ (ਜਪੁ)

 (5). ਆਵਾਗਮਣ ਤੋਂ ਇਨਕਾਰੀ ਉਕਤ ਦੂਜੀ ਜਮਾਤ ਮੁਤਾਬਕ ਸਰੀਰਕ ਮੌਤ ਉਪਰੰਤ ਸਾਰੀ ਹੀ ਮਨੁੱਖ ਜਾਤੀ ਰੱਬ ’ਚ ਲੀਨ ਹੋ ਜਾਵੇਗੀ ਕਿਉਂਕਿ ਰੱਬ; ਕਿਸੇ ਨਾਲ਼ ਵੈਰ ਵਿਰੋਧ ਨਹੀਂ ਰੱਖਦਾ, ਉਹ ਦਿਆਲੂ ਹੈ।

ਜਵਾਬ :  ਹੇਠਲੇ 12 ਵਾਕਾਂ ’ਚ ਦਿਆਲੂ ਤੇ ਨਿਰਵੈਰ ਚਾਰ ਗੁਰੂ ਸਾਹਿਬਾਨ (ਸਤਿਗੁਰੁ ਅੰਦਰਹੁ ਨਿਰਵੈਰੁ ਹੈ/ਸਤਿਗੁਰੁ ਸਭਨਾ ਦਾ ਭਲਾ ਮਨਾਇਦਾ.. ॥ ਮਹਲਾ ੪/੩੦੨) ਨੇ ਗੁਰਮੁਖ ਅਤੇ ਮਨਮੁਖ ਨੂੰ ਇਉਂ ਅਲੱਗ-ਅਲੱਗ ਰੱਖਿਆ ਹੈ :

ਮਨਮੁਖਿ ਸੋਝੀ ਨਾ ਪਵੈ; ਗੁਰਮੁਖਿ ਸਦਾ ਹਜੂਰਿ ॥ (ਮਹਲਾ ੧/੬੦)

ਅਰਥ : ਗੁਰਮੁਖ ਨੂੰ ਰੱਬ ਅੰਗ-ਸੰਗ ਵਿਖਾਈ ਦਿੰਦੈ, ਪਰ ਮਨਮੁਖ ਨੂੰ ਉਸ ਦੀ ਸਮਝ ਨਹੀਂ ਹੁੰਦੀ।

ਗੁਰਮੁਖਿ ਹੋਇ ਤ ਛੂਟੀਐ; ਮਨਮੁਖਿ ਪਤਿ ਖੋਈ ॥੧॥ ਰਹਾਉ ॥ (ਮਹਲਾ ੧/੪੨੦)

ਅਰਥ : ਗੁਰਮੁਖ; ਮਾਇਆ ਤੋਂ ਮੁਕਤ ਹੋ ਜਾਂਦੈ, ਪਰ ਮਨਮੁਖ ਮਾਇਆ ਕਾਰਨ ਇੱਜ਼ਤ ਗਵਾ ਲੈਂਦੈ।

ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ; ਮਨਮੁਖਿ ਰੈਣਿ ਅੰਧਾਰਿ ॥ (ਮਹਲਾ ੧/੪੮੯) ਯਾਨੀ ਗੁਰਮੁਖ ਦਿਨ ਵਰਗਾ ਸਾਫ਼ ਤੇ ਮਨਮੁਖ ਹਨ੍ਹੇਰੀ ਰਾਤ ਵਾਂਙ ਕਾਲ਼ੇ ਦਿਲ ਵਾਲ਼ਾ।

ਮਨਮੁਖਿ ਮਰੀਐ ਗੁਰਮੁਖਿ ਤਰੀਐ; ਨਾਨਕ  ! ਨਦਰੀ ਨਦਰਿ ਕਰੇ ॥ (ਮਹਲਾ ੧/੧੨੩੮)

ਨਾਨਕ  ! ਗੁਰਮੁਖਿ ਸਚੁ ਕਮਾਵੈ; ਮਨਮੁਖਿ ਆਵੈ ਜਾਇ ॥ (ਮਹਲਾ ੩/੮੭)

ਅਰਥ : ਗੁਰਮੁਖ; ਰੱਬ ਨੂੰ ਧਿਆ ਕੇ ਉਸ ’ਚ ਲੀਨ ਹੋ ਜਾਂਦੈ, ਪਰ ਮਨਮੁਖ ਆਵਾਗਮਣ ’ਚ ਭਟਕਦਾ ਹੈ।

ਨਾਨਕ  ! ਮਨਮੁਖਿ ਬੰਧੁ ਹੈ; ਗੁਰਮੁਖਿ ਮੁਕਤਿ ਕਰਾਏ ॥ (ਮਹਲਾ ੩/੫੫੯)

ਮਨਮੁਖਿ ਭੂਲੇ; ਗੁਰਮੁਖਿ ਬੁਝਾਇਆ ॥ (ਮਹਲਾ ੩/੧੧੫੪)

ਅਰਥ : (ਗੁਰੂ ਨੇ) ਗੁਰਮੁਖ ਨੂੰ ਰੱਬ ਦੀ ਸੋਝੀ ਕਰਾ ਦਿੱਤੀ, ਪਰ ਮਨਮੁਖ ਕੁਰਹੇ ਪਿਆ ਰਹਿੰਦੈ।

ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ (ਸੋ ਪੁਰਖੁ/ਮਹਲਾ ੪/੧੧)

ਅਰਥ : ਗੁਰਮੁਖ ਨੇ ਰੱਬ ਨੂੰ ਪਾ ਲਿਆ, ਪਰ ਮਨਮੁਖ ਨੇ ਗਵਾ ਦਿੱਤਾ।

ਗੁਰਮੁਖਿ ਜਿਤਾ; ਮਨਮੁਖਿ ਹਾਰਿਆ ॥ (ਮਹਲਾ ੪/੩੧੦)

ਗੁਰਮੁਖਿ ਬੋਲਹਿ ਸੋ ਥਾਇ ਪਾਏ; ਮਨਮੁਖਿ ਕਿਛੁ ਥਾਇ ਨ ਪਾਈ ॥ (ਮਹਲਾ ੪/੭੫੮)

ਗੁਰਮੁਖਿ ਸਨਮੁਖੁ; ਮਨਮੁਖਿ ਵੇਮੁਖੀਆ ॥ (ਮਹਲਾ ੫/੧੩੧)

ਜਿਤਨੇ ਨਰਕ ਸੇ ਮਨਮੁਖਿ ਭੋਗੈ; ਗੁਰਮੁਖਿ ਲੇਪੁ ਨ ਮਾਸਾ ਹੇ ॥ (ਮਹਲਾ ੫/੧੦੭੩)

ਸੋ ‘‘ਆਪੇ ਬੀਜਿ ਆਪੇ ਹੀ ਖਾਹੁ ’’  ਵਾਕ ਤੋਂ ਇਹ ਭੀ ਸਪਸ਼ਟ ਹੁੰਦੈ ਕਿ ਮਨਮੁਖ ਦੇ ਕਰਮਾਂ ਦਾ ਹਿਸਾਬ ਅਵੱਸ਼ ਹੋਣੈ। ਉਹ ਸਰੀਰਕ ਮੌਤ ਉਪਰੰਤ ਗੁਰਮੁਖ ਵਾਙ ਰੱਬ ’ਚ ਲੀਨ ਨਹੀਂ ਹੋਵੇਗਾ ਭਾਵੇਂ ਰੱਬ ਦਿਆਲੂ ਹੀ ਹੈ। ਰੱਬ ਦੇ ਦਿਆਲੂ ਹੋਣ ਤੋਂ ਭਾਵ ਇਹ ਹੈ ਕਿ ਉਸ ਨੂੰ ਕੋਈ ਯਾਦ ਕਰੇ ਜਾਂ ਨਾ ਕਰੇ; ਸਭ ਨੂੰ ਸਰੀਰਕ ਦਾਤਾਂ ਮਿਲਦੀਆਂ ਰਹਿਣੀਆਂ ਹਨ, ਨਾ ਕਿ ਆਪਣੇ ’ਚ ਲੀਨ ਭੀ ਕਰੇਗਾ। ਇਸੇ ਭੁਲੇਖੇ ’ਚ ਮਨਹੱਠ ਕਾਰਨ ਆਵਾਗਮਣ ਨੂੰ ਰੱਦ ਕਰਨ ਵਾਲ਼ੇ ਅਸ਼ਰਧਕ ਸਿੱਖ; ਆਪਣਾ ਕੀਮਤੀ ਮਨੁੱਖਾ ਜਨਮ ਅਜਾਈਂ ਗਵਾ ਰਹੇ ਹਨ। ਗੁਰਮੁਖ ਵਾਙ ਮਨਮੁਖ ਬੰਦਾ ਆਪਣੀ ਤਕਦੀਰ (ਸਿਰ) ਦੇ ਲੇਖ ਨਹੀਂ ਮਿਟਾ ਸਕਿਆ ਹੁੰਦਾ, ਜਿਨ੍ਹਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਇਉਂ ਕੀਤੈ ‘‘ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ (ਜਪੁ), ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ’’ (ਮਹਲਾ /੫੯੮) ਗੁਰੂ ਨਾਨਕ ਸਾਹਿਬ ਜੀ ਦਾ ਮਨਮੁਖ ਬਾਰੇ ਇਉਂ ਨਜ਼ਰੀਆ ਹੈ ‘‘ਪੂਰਬ ਜਨਮ ਕੋ ਲੇਖੁ ਮਿਟਈ; ਜਨਮਿ ਮਰੈ, ਕਾ ਕਉ ਦੋਸੁ ਧਰੇ  ?’’ (ਮਹਲਾ /੧੦੧੪) ਅਰਥ : (ਜਨਮ ਜਨਮ ਦੀ ਮੈਲ਼ ਰੂਪ) ਪੂਰਵਲਾ ਲੇਖ ਗੁਰੂ ਦੀ ਸ਼ਰਨ ਤੋਂ ਬਿਨਾਂ ਨਹੀਂ ਮਿਟ ਸਕਦਾ। (ਮਨਮੁਖ; ਆਪਣੇ ਬੁਰੇ ਨਸੀਬ ਦਾ) ਕਿਸ ਨੂੰ ਦੋਸ਼ ਦੇ ਸਕਦਾ ਹੈ ਭਾਵ ਦੂਸਰੇ ਨੂੰ ਦੋਸ਼ ਨਹੀਂ ਦੇ ਸਕਦਾ ?

‘‘ਕਈ ਜਨਮ ਭਏ ਕੀਟ ਪਤੰਗਾ’’  ਵਾਲ਼ਾ ਪੂਰਾ ਸ਼ਬਦ ਵਿਚਾਰਨ ਦੀ ਜ਼ਰੂਰਤ ਹੈ ਤਾਂ ਜੋ ਪਾਏ ਜਾ ਰਹੇ ਭੁਲੇਖੇ ਦੂਰ ਹੋ ਜਾਣ। ਇਸ ਸ਼ਬਦ ਦੇ ਪਹਿਲੇ ਤਿੰਨ ਬੰਦਾਂ ’ਚ ਭੂਤਕਾਲ ਕਿਰਿਆਵਾਂ ਹਨ, ਜਿਨ੍ਹਾਂ ਤੋਂ ਜਾਪਦੈ ਕਿ ਇਹ ਮਿਸਾਲ ਮਾਤਰ ਸੰਕੇਤ ਹੈ; ਜਿਵੇਂ ਕਿ

ਕਈ ਜਨਮ ਭਏ ਕੀਟ ਪਤੰਗਾ ॥  ਕਈ ਜਨਮ ਗਜ ਮੀਨ ਕੁਰੰਗਾ ॥

ਕਈ ਜਨਮ ਪੰਖੀ ਸਰਪ ਹੋਇਓ ॥  ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥..

ਕਈ ਜਨਮ ਸੈਲ ਗਿਰਿ ਕਰਿਆ ॥  ਕਈ ਜਨਮ ਗਰਭ ਹਿਰਿ ਖਰਿਆ ॥ 

ਕਈ ਜਨਮ ਸਾਖ ਕਰਿ ਉਪਾਇਆ ॥  ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥

ਸਾਧਸੰਗਿ ਭਇਓ ਜਨਮੁ ਪਰਾਪਤਿ ॥  ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥

ਤਿਆਗਿ ਮਾਨੁ ਝੂਠੁ ਅਭਿਮਾਨੁ ॥  ਜੀਵਤ ਮਰਹਿ; ਦਰਗਹ ਪਰਵਾਨੁ ॥੩॥

ਪਦ ਅਰਥ: ਭਏ-ਹੋਏ। ਹੈਵਰ-ਚੰਗੇ ਘੋੜੇ। ਬ੍ਰਿਖ-ਬਲ਼ਦ। ਜੋਇਓ-ਜੋਤਿਆ ਗਿਆ। ਸੈਲ-ਪੱਥਰ। ਗਿਰਿ-ਪਹਾੜ। ਹਿਰਿ ਖਰਿਆ-ਡਿੱਗ ਗਿਆ। ਸਾਖ-ਸ਼ਾਖਾ (ਬਨਸਪਤੀ)।

ਵਿਚਾਰ : ਉਕਤ ਸ਼ਬਦ ਜੇਕਰ ਬੰਦੇ ਦੇ ਇਸੇ ਜਨਮ ’ਚ ਬੀਤ ਚੁੱਕੇ ਸਮੇਂ ਨਾਲ਼ ਸੰਬੰਧਿਤ ਹੁੰਦਾ ਤਾਂ ਇੱਕ ਬੰਦੇ ਦਾ ਸੁਭਾਅ (ੳ). ‘ਪਸ਼ੂ, ਪੰਛੀ, ਪੱਥਰ, ਪਹਾੜ, ਬਨਸਪਤੀ’ ਆਦਿ ਸਭ ਵਰਗਾ ਕਿਵੇਂ ਹੋ ਸਕਦਾ ਹੈ ? (ਅ). ਮਾਤਾ ਦੇ ਗਰਭ ’ਚੋਂ ਹੀ ਬੱਚੇ ਦੇ ਡਿੱਗਣ ਦਾ ਜ਼ਿਕਰ ਹੈ ‘‘ਕਈ ਜਨਮ ਗਰਭ ਹਿਰਿ ਖਰਿਆ’’ ਇਹ ਕਾਹਦਾ ਸੁਭਾਅ ਹੋਇਆ ਤਾਂ ਜੋ ਜੀਵਤ ਬੰਦਾ ਅਪਣਾ ਲਏ ? ਦਰਅਸਲ ਇਹ ਵਾਕ ਬੰਦੇ ਦੁਆਰਾ ਭੋਗੀਆਂ ਪਿਛਲੀਆਂ ਜੂਨਾਂ ਨਾਲ਼ ਸੰਬੰਧਿਤ ਹੈ। ਇਨ੍ਹਾਂ ਹਵਾਲਿਆਂ ਤੋਂ ਬਾਅਦ ਗੁਰੂ ਜੀ; ‘ਰਹਾਉ’ ’ਚ ਭਵਿੱਖ ਸੂਚਕ ਕਿਰਿਆ ਤੇ ਚੌਥੇ ਬੰਦ ’ਚ ਵਰਤਮਾਨ ਕਿਰਿਆਵਾਂ ਦਰਜ ਕਰ ਬੰਦੇ ਨੂੰ ਹੁਣ ਤੁਰੰਤ ਗੁਰੂ ਲੜ ਲੱਗ ਕੇ ਜੀਵਨ ਸਫਲਾ ਕਰਨ ਦੀ ਹਦਾਇਤ ਦਿੰਦੇ ਹਨ; ਜਿਵੇਂ ਕਿ

ਮਿਲੁ ਜਗਦੀਸ ਮਿਲਨ ਕੀ ਬਰੀਆ ॥  ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਮਿਲੁ– ਤੂੰ ਮਿਲ (ਭਵਿੱਖ ਸੂਚਕ ਕਿਰਿਆ)

ਅਰਥ : (ਹੇ ਭਾਈ !) ਜਗਤ ਦੇ ਮਾਲਕ ਨੂੰ ਮਿਲ, ਇਹੀ ਮਿਲਣ ਦੀ ਵਾਰੀ ਹੈ ਕਿਉਂਕਿ ਮੁੱਦਤਾਂ ਬਾਅਦ (ਤੈਨੂੰ) ਇਹ ਦੇਹ ਮਿਲੀ ਹੈ। ਅਜਿਹਾ ਸੁਨੇਹਾ ਗੁਰੂ ਅਰਜੁਨ ਸਾਹਿਬ ਜੀ ਰਹਰਾਸਿ ’ਚ ਦਿੰਦੇ ਹਨ ‘‘ਭਈ ਪਰਾਪਤਿ ਮਾਨੁਖ ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ   ਅਵਰਿ ਕਾਜ; ਤੇਰੈ+ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ’’ (ਸੋ ਪੁਰਖੁ/ਮਹਲਾ /੧੨)

ਜੋ ਕਿਛੁ ਹੋਆ; ਸੁ ਤੁਝ ਤੇ ਹੋਗੁ ॥  ਅਵਰੁ ਨ ਦੂਜਾ; ਕਰਣੈ ਜੋਗੁ ॥

ਤਾ ਮਿਲੀਐ; ਜਾ ਲੈਹਿ ਮਿਲਾਇ ॥  ਕਹੁ ਨਾਨਕ  ! ਹਰਿ ਹਰਿ ਗੁਣ ਗਾਇ ॥੪॥ (ਮਹਲਾ ੫/੧੭੬)

ਅਰਥ : ਹੇ ਨਾਨਕ ! (ਆਖ ਕਿ ਮਨੁੱਖ ਦੇ ਹੱਥ ’ਚ ਭੀ ਕੀ ਹੈ ? ਇਹ ਸਾਰੀ ਖੇਡ ਤਾਂ ਕਰਤਾਰ ਦੀ ਹੈ, ਇਸ ਲਈ ਅਰਦਾਸ ਕਰਨੀ ਬਣਦੀ ਹੈ ਕਿ ਹੇ ਜਗਤ ਦੇ ਮਾਲਕ !) ਜੇ ਤੂੰ ਕਿਰਪਾ ਕਰਕੇ ਆਪਣੇ ਨਾਲ਼ ਮਿਲਾਉਣਾ ਚਾਹੇਂ ਤਾਂ ਹੀ ਤੇਰੇ ਗੁਣ ਗਾ-ਗਾ ਕੇ ਤੈਨੂੰ ਮਿਲਿਆ ਜਾ ਸਕਦਾ ਹੈ।

ਉਕਤ ਵਿਚਾਰ ਤੋਂ ਅਜਿਹਾ ਨਹੀਂ ਜਾਪਦਾ ਕਿ ਜਿਸ ਬੰਦੇ ਦਾ ਸੁਭਾਅ ਕੀਟ-ਪਤੰਗੇ, ਘੋੜੇ, ਬਲ਼ਦ ਵਰਗਾ ਹੋਵੇ ਉਹ ਸਿਰਜਣਹਾਰ ਦੀ ਸੂਝ ਪਾ ਕੇ ਉਸ ਅੱਗੇ ਅਰਦਾਸ ਭੀ ਕਰ ਸਕਦਾ ਹੈ। ਧਿਆਨ ਰਹੇ ਕਿ ਇਸ ਸ਼ਬਦ ’ਚ ਇੱਕ ਵਾਰ ਭੀ ਗੁਰੂ ਜਾਂ ਸਤ ਸੰਗਤਿ ਦਾ ਜ਼ਿਕਰ ਨਹੀਂ ਤਾਂ ਜੋ ਉਨ੍ਹਾਂ ਤੋਂ ਰੱਬ ਦੀ ਸੂਝ ਮਿਲਦੀ ਅਤੇ ਪਿਛਲਾ ਸੁਭਾਅ ਛੱਡਿਆ ਜਾਂਦਾ।

ਆਵਾਗਮਣ ਨੂੰ ਰੱਦ ਕਰਨ ਵਾਲੀਆਂ ਜਮਾਤਾਂ ਗੁਰਬਾਣੀ ’ਚੋਂ ਭੂਤਕਾਲ ਨਾਲ਼ ਸੰਬੰਧਿਤ ਸ਼ਬਦਾਂ ਦੀ ਟੇਕ ਲੈ ਕੇ ਆਪਣੀ ਸੋਚ ਨੂੰ ਸਹੀ ਯਾਨੀ ਗੁਰਮਤਿ ਅਨੁਸਾਰੀ ਠਹਿਰਾਉਂਦੀਆਂ ਹਨ ਕਿਉਂਕਿ ਭੂਤਕਾਲ ’ਚੋਂ ਬੰਦਾ ਨਿਕਲ ਕੇ ਆਇਆ ਹੁੰਦੈ, ਇਸ ਲਈ ਪੁਰਾਣਾ ਸੁਭਾਅ ਪਸ਼ੂ, ਪੰਛੀ, ਪੱਥਰ ਵਰਗਾ ਸਾਬਤ ਕਰਨਾ ਸੁਖਾਲਾ ਹੈ ਜਦਕਿ ਗੁਰਬਾਣੀ ’ਚ ਅਨੇਕਾਂ ਸ਼ਬਦ ਭਵਿੱਖ ਸੂਚਕ ਹਨ, ਉਨ੍ਹਾਂ ਦੀ ਟੇਕ ਨਹੀਂ ਲੈਂਦੇ ਕਿਉਂਕਿ ਆਉਣ ਵਾਲ਼ੇ ਸਮੇਂ ’ਚ ਬਲ਼ਦ, ਘੋੜੇ ਵਰਗਾ ਸੁਭਾਅ ਉਸੇ ਦਾ ਹੋਵੇਗਾ, ਜੋ ਵਰਤਮਾਨ ’ਚ ਭੀ ਗੁਰੂ ਦੀ ਸ਼ਰਨ ਨਹੀਂ ਆਇਆ ਜਦਕਿ ਇਹ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਆ ਚੁੱਕੇ ਸਮਝਦੇ ਹਨ; ਜਿਵੇਂ ਭਵਿੱਖ ਸੂਚਕ ਕਿਰਿਆਵਾਂ ਵਾਲ਼ਾ ਸ਼ਬਦ ਹੈ ‘‘ਚਾਰਿ ਪਾਵ ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ   ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ   ਹਰਿ ਬਿਨੁ; ਬੈਲ ਬਿਰਾਨੇ ਹੁਈਹੈ   ਫਾਟੇ ਨਾਕਨ; ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ਰਹਾਉ   ਸਾਰੋ ਦਿਨੁ ਡੋਲਤ ਬਨ ਮਹੀਆ; ਅਜਹੁ ਪੇਟ ਅਘਈਹੈ   ਜਨ ਭਗਤਨ ਕੋ ਕਹੋ ਮਾਨੋ; ਕੀਓ ਅਪਨੋ ਪਈਹੈ   ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ; ਅਨਿਕ ਜੋਨਿ ਭਰਮਈਹੈ   ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ; ਇਹੁ ਅਉਸਰੁ ਕਤ ਪਈਹੈ   ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ; ਗਤਿ ਬਿਨੁ, ਰੈਨਿ ਬਿਹਈਹੈ   ਕਹਤ ਕਬੀਰ ਰਾਮ ਨਾਮ ਬਿਨੁ; ਮੂੰਡ ਧੁਨੇ ਪਛੁਤਈਹੈ ’’ (ਭਗਤ ਕਬੀਰ/੫੨੪)

ਅਰਥ : ਹੇ ਭਾਈ ! (ਇਸ ਜਨਮ ’ਚ) ਹਰੀ ਨੂੰ ਯਾਦ ਕਰਨ ਤੋਂ ਬਿਨਾਂ (ਅਗਲੇ ਜਨਮ ’ਚ) ਕਿਸੇ ਹੋਰ ਦਾ ਬਲ਼ਦ ਬਣਨਾ ਪਵੇਗਾ। ਨੱਥ ਨਾਲ਼ ਨੱਕ ਫਟਿਆ ਹੋਏਗਾ। ਪੰਜਾਲੀ ਨਾਲ਼ ਕੰਧੇ ’ਤੇ ਨਿਸ਼ਾਨ (ਲਾਗੇ ਲੱਗੇ) ਹੋਣਗੇ। ਕੋਧਰੇ ਦਾ ਫੂਸ ਖਾਣਾ ਪਵੇਗਾ॥ ਰਹਾਉ॥

ਚਾਰ ਪੈਰ ਤੇ ਦੋ ਸਿੰਗ ਹੋਣਗੇ। ਮੂੰਹ ਤੋਂ ਬੇਜ਼ਬਾਨ ਹੋਏਂਗਾ ਤਾਂ ਫਿਰ (ਹਰੀ ਦੇ) ਗੁਣ ਕਿਵੇਂ ਗਾ ਸਕੇਂਗਾ ? ਉਠਦਿਆਂ-ਬਹਿੰਦਿਆਂ ਸੋਟੀ ਬੱਜੇਗੀ ਫਿਰ ਕਿਵੇਂ ਆਪਣਾ ਮੂੰਹ (ਸੋਟੀ ਦੀ ਮਾਰ ਤੋਂ) ਛੁਪਾਏਂਗਾ ?॥੧॥

ਸਾਰਾ ਦਿਨ ਜੰਗਲ਼ (ਖੇਤਾਂ) ’ਚ ਭਟਕ ਕੇ ਭੀ ਪੇਟ ਨਹੀਂ ਭਰੇਗਾ। ਹੁਣ ਸੰਤ-ਜਨਾਂ ਦਾ ਕਿਹਾ ਨਹੀਂ ਮੰਨਦਾ ਫਿਰ ਆਪਣੇ ਕੀਤੇ ਦਾ ਫਲ਼ ਪਾਵੇਂਗਾ॥੨॥

ਹੁਣ ਦੁੱਖ-ਦੁੱਖ, ਸੁੱਖ-ਸੁੱਖ ਵਿਲਕਦਿਆਂ ਵੱਡੇ ਭਰਮ ’ਚ ਡੁੱਬਿਆ ਪਿਐਂ, ਫਿਰ ਅਨੇਕਾਂ ਜੂਨਾਂ ’ਚ ਭਟਕੇਂਗਾ। ਰੱਬ ਨੂੰ ਭੁਲਾ ਕੇ ਕੀਮਤੀ ਮਨੁੱਖਾ ਜਨਮ ਅਜਾਈਂ ਗਵਾ ਰਿਹਾ ਹੈਂ, ਫਿਰ ਇਹ ਮੌਕਾ ਤੈਨੂੰ ਕਦੋਂ ਮਿਲੇਗਾ ?॥੩॥

ਹੁਣ ਤੇਲੀ ਦੇ ਬਲ਼ਦ ਵਾਙ ਭਟਕਦਾ ਫਿਰਦਾ ਹੈਂ। (ਆਵਾਗਮਣ ’ਚੋਂ) ਮੁਕਤੀ ਪਾਉਣ ਤੋਂ ਬਿਨਾਂ ਜੀਵਨ-ਰਾਤ ਬੀਤਦੀ ਜਾ ਰਹੀ ਹੈ। ਕਬੀਰ ਜੀ ਆਖਦੇ ਹਨ ਕਿ (ਹੁਣ) ਰਾਮ ਦੇ ਨਾਮ ਨੂੰ ਜਪਣ ਤੋਂ ਬਿਨਾਂ (ਬਾਅਦ ’ਚ) ਸਿਰ ਪਟਕ-ਪਟਕ ਕੇ ਪਛੁਤਾਏਂਗਾ॥੪॥

ਉਕਤ ਸ਼ਬਦ ਦੀ ਪਹਿਲੀ ਤੁਕ ‘‘ਚਾਰਿ ਪਾਵ ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ ॥’’ ਦੇ ਅਰਥ; ਆਵਾਗਮਣ ਨੂੰ ਰੱਦ ਕਰਨ ਵਾਲ਼ੇ ਡਾਕਟਰ ਚਮਕੌਰ ਸਿੰਘ ਬਰਾੜ ਨੇ ਇਉਂ ਕੀਤੇ ਹਨ ‘ਹੇ ਭਾਈ ! (ਭਾਵੇਂ ਬਲਦ) ਦੀਆਂ ਚਾਰ ਲੱਤਾਂ ਦੋ ਸਿੰਗ ਹਨ। ਜਦੋਂ ਉਹ ਮੂੰਹ ਦਾ ਗੂੰਗਾ ਹੈ ਤਾਂ ਉਹ ਪ੍ਰਭੂ ਦੇ ਦਿੱਤੇ ਹੋਏ ਦੀਆਂ ਸਿਫ਼ਤਾਂ ਨਹੀਂ ਕੀਤੀਆਂ (ਕਿਉਂਕਿ ਮੂੰਹ ਦਾ ਗੂੰਗਾ ਹੈ)। (ਏਸੇ ਤਰ੍ਹਾਂ ਪ੍ਰਭੂ ਦੇ ਗੁਣਾਂ ਦੇ ਭੰਡਾਰ ਨਾਮ ਤੋਂ ਵਿਛੜਿਆ ਮਨੁੱਖ ਇਕ ਬਲਦ ਦੀ ਜੂਨ ਰਹਿੰਦਾ ਹੋਇਆ ਪ੍ਰਭੂ ਦੇ ਦਿੱਤੇ ਹੋਏ ਦੀਆਂ ਸਿਫ਼ਤਾਂ ਨਹੀਂ ਕਰ ਸਕਦਾ ਕਿਉਂ ਉਹ ਤਾਂ ਬਲਦ ਵਾਂਗ ਗੂੰਗਾ ਹੈ।)’

ਉਕਤ ਸ਼ਾਬਦਿਕ ਅਰਥ ਵਾਕ ਨੂੰ ਸਪਸ਼ਟ ਨਹੀਂ ਕਰ ਸਕੇ ਅਤੇ ਇਹ ਅਰਥ ਗੁਰਬਾਣੀ ਵਿਆਕਰਨ ਅਨੁਸਾਰ ਸਹੀ ਭੀ ਨਹੀਂ ਕਿਉਂਕਿ ‘ਤਬ’ ਸ਼ਬਦ; ਭਵਿੱਖ ਕਾਲ ਨਾਲ਼ ਸੰਬੰਧਿਤ ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ ‘ਓਦੋਂ’; ਜਿਵੇਂ ਕਿਹਾ ਜਾਂਦੈ ਕਿ ‘ਜਬ ਉਹ ਆਏਗਾ ਤਬ ਜਾਏਗਾ’ ਯਾਨੀ ਓਦੋਂ ਜਾਏਗਾ, ਪਰ ਡਾਕਟਰ ਸਾਹਿਬ ਨੇ ਸਾਰੇ ਅਰਥ ਵਰਤਮਾਨ ’ਚ ਕਰ ਦਿੱਤੇ ਕਿਉਂਕਿ ਉਸ ਨੇ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਆ ਚੁੱਕਿਆ, ਸਿੱਧ ਕਰਨਾ ਹੈ। ਭਵਿੱਖ ਸੂਚਕ ਅਰਥਾਂ ’ਚ ਬਲ਼ਦ ਵਰਗਾ ਸੁਭਾਅ ਉਸ ਦਾ ਹੋਵੇਗਾ ਜੋ ਅਜੇ ਭੀ ਗੁਰੂ ਦੀ ਸ਼ਰਨ ਨਹੀਂ ਆਇਆ।

ਸੋ ਅੱਜ ਹਰ ਧਾਰਮਿਕ ਜਗਿਆਸੂ ਬੰਦੇ ਨੂੰ ਚਾਹੀਦਾ ਹੈ ਕਿ ਜੇਕਰ ਉਹ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੈ ਤਾਂ ਆਪ ਗੁਰਬਾਣੀ ਨੂੰ ਪੜ੍ਹੇ, ਵਿਚਾਰੇ ਅਤੇ ਸਮਝੇ ਤਾਂ ਜੋ ਨਾਸਤਿਕ ਬੰਦੇ ਦੇ ਕੁਤਰਕ; ਗੁਰਮਤਿ ਨਾਲ਼ੋਂ ਤੋੜ ਨਾ ਸਕਣ। ਆਵਾਗਮਣ ਵਿਸ਼ਾ; ਰੱਬ ਦੇ ਸਰਬ ਵਿਆਪਕ ਜੋਤਿ ਸਰੂਪ ਵਿਸ਼ੇ ਨਾਲ਼ ਰਲ਼ਾ ਕੇ ਵਿਚਾਰਨਾ ਚਾਹੀਦਾ ਹੈ, ਨਾ ਕਿ ਹਿੰਦੂ ਮੱਤ ਦੇ ਮਿਥਿਹਾਸ (ਸੁਰਗ-ਨਰਕ) ਨਾਲ਼ ਕਿਉਂਕਿ ਇਨ੍ਹਾਂ ਨੂੰ ਰੱਦ ਕਰ ਵਿਦਵਤਾ ਵਿਖਾਉਣੀ ਸੁਖਾਲੀ ਹੁੰਦੀ ਹੈ, ਇਸ ਲਈ ਬਹੁਤਾਤ ਸਿੱਖ-ਪ੍ਰਚਾਰਕ ਅਜਿਹੇ ਹੱਥਕੰਡੇ ਅਪਣਾਉਂਦੇ ਹੀ ਹਨ। ਜਿਨ੍ਹਾਂ ਦੀ ਸੋਚ ਦਾ ਆਧਾਰ ‘ਇਹ ਜਗ ਮਿੱਠਾ ਤੇ ਅਗਲਾ ਕਿਸ ਨੇ ਡਿੱਠਾ।’ ਹੁੰਦਾ ਹੈ ਜਦਕਿ ਗੁਰਬਾਣੀ ਇਸ ਜਗਤ ਨੂੰ ਵਿਕਾਰਾਂ ਦਾ ਸਮੁੰਦਰ ਮੰਨਦੀ ਹੈ, ਨਾ ਕਿ ਮਿੱਠਾ ‘‘ਇਹੁ ਸੰਸਾਰੁ ਬਿਕਾਰੁ ਸੰਸੇ ਮਹਿ; ਤਰਿਓ ਬ੍ਰਹਮ ਗਿਆਨੀ ’’ (ਸੋਹਿਲਾ/ਮਹਲਾ /੧੩)  ਸੰਸਾਰ ਮਿੱਠਾ ਤਾਂ ਮਨਮੁਖ ਲਈ ਹੋ ਸਕਦੈ। ਜਿਸ ਨੇ ਇਹ ਮੰਨ ਲਿਆ ਕਿ ਮਰਨ ਉਪਰੰਤ ਗੁਰਮੁਖ ਅਤੇ ਮਨਮੁਖ ਨੇ ਰੱਬ ’ਚ ਹੀ ਲੀਨ ਹੋਣੈ ਉਹ ਆਪਣੀ ਮਿਹਨਤ ਦੀ ਕਮਾਈ ਦੂਜੇ ਲਈ ਕਿਉਂ ਦਾਨ ਦੇਵੇਗਾ ? ਦੂਸਰਿਆਂ ’ਤੇ ਹੁੰਦੇ ਤਸੱਦਦ ਨੂੰ ਰੋਕਣ ਲਈ ਆਪਣਾ ਬਲਿਦਾਨ ਕਿਉਂ ਦੋਵੇਗਾ ? ਜੇਕਰ ਧਰਮ ਦਾ ਸੰਬੰਧ ਕੇਵਲ ਇਸੇ ਜਨਮ ਤੱਕ ਹੈ ਤਾਂ ਗੁਰਮੁਖ ਨਾਲੋਂ ਸੁਖਾਈ ਜ਼ਿੰਦਗੀ ਤਾਂ ਮਨਮੁਖ ਭੋਗਦਾ ਹੈ, ਜੋ ਆਪਣੇ ਪਰਿਵਾਰਕ ਫ਼ਰਜ਼ ਤੱਕ ਸੀਮਤ ਹੁੰਦੈ।

ਕੁੱਝ ਸਿੱਖਾਂ ਦਾ ਮੰਨਣੈ ਕਿ ਵਿਚਾਰਕ ਮਤਭੇਦ ਹੋਣਾ, ਮਾੜਾ ਨਹੀਂ ਕਿਉਂਕਿ ਵਿਸ਼ੇ ਦੀ ਗੰਭੀਰਤਾ ਸਮਝ ਆ ਜਾਂਦੀ ਹੈ। ਮੈ ਇੱਥੇ ਇੱਕ ਮਿਸਾਲ ਦੇਣਾ ਉਚਿਤ ਸਮਝਦਾ ਹਾਂ ‘ਇੱਕ ਬੰਦਾ ਕਹਿੰਦੈ ਕਿ ਹਵਾ ਪੂਰਵ ਤੋਂ ਚੱਲ ਰਹੀ ਹੈ। ਦੂਜਾ ਕਹਿੰਦੈ ਕਿ ਨਹੀਂ, ਪੂਰਵ ਤੇ ਦੱਖਣ ਵੱਲੋਂ ਚੱਲ ਰਹੀ ਹੈ। ਤੀਜਾ ਆਖਦੈ ਕਿ ਨਹੀਂ, ਪੂਰਵ ਅਤੇ ਉੱਤਰ ਵੱਲੋਂ ਚੱਲਦੀ ਹੈ ਹੁਣ ਇੱਕ ਬੰਦਾ ਹੋਰ ਆਇਆ, ਜੋ ਆਖਦੈ ਕਿ ਹਵਾ ਤਾਂ ਚੱਲ ਹੀ ਨਹੀਂ ਰਹੀ, ਤੁਸੀਂ ਸਾਰੇ ਮੂਰਖ ਹੋ।’ ਜ਼ਰਾ ਸੋਚੋ ਕਿ ਤੀਸਰੇ ਨੇ ਚੱਲਦੀ ਵਿਚਾਰ ’ਚ ਕੀ ਸਹਿਯੋਗ ਦਿੱਤੈ ਜਾਂ ਸਚਾਈ ਨੂੰ ਅਣਡਿੱਠ ਕਰ ਉਨ੍ਹਾਂ ਨੂੰ ਮੂਰਖ ਸਿੱਧ ਕੀਤੈ ? ਇਉਂ ਹੀ ਆਵਾਗਮਣ ਨੂੰ ਰੱਦ ਕਰਨ ਵਾਲ਼ੇ ਆਖਦੇ ਹਨ ਕਿ ਸਾਰੇ ਟੀਕੇਕਾਰਾਂ ਅਤੇ ਕੋਸ਼ਾਂ ਦੇ ਅਰਥਾਂ ਨੂੰ ਸਹੀ ਮੰਨਣ ਵਾਲ਼ੇ ਬਦਲਣਾ ਨਹੀਂ ਚਾਹੁੰਦੇ ਯਾਨੀ ਕਿ ਇਨ੍ਹਾਂ ਦੀ ਮੂਰਖਤਾ ਨੂੰ ਸਹੀ ਮੰਨ ਲੈਣਾ ਹੀ ਜੀਵਨ ਬਦਲਣਾ ਹੈ ?

ਸੋ ਸਿੱਖ ਦਾ ਮੁੱਢਲਾ ਫ਼ਰਜ਼ ਹੈ ਕਿ ਉਹ ਨਿਮਾਣਾ ਜਿਹਾ ਬਣ ਕੇ ਸਿਰਜਣਹਾਰ ਮਾਲਕ ਅੱਗੇ ਇਉਂ ਬੇਨਤੀ ਕਰਦਾ ਰਹੇ ‘‘ਬਹੁਤ ਜਨਮ ਬਿਛੁਰੇ ਥੇ ਮਾਧਉ  ! ਇਹੁ ਜਨਮੁ ਤੁਮ੍ਾਰੇ ਲੇਖੇ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ (ਭਗਤ ਰਵਿਦਾਸ/੬੯੪), ਪਾਛੈ ਬਹੁਰਿ ਆਵਨੁ ਪਾਵਉ   ਅੰਮ੍ਰਿਤ ਬਾਣੀ ਘਟ ਤੇ ਉਚਰਉ; ਆਤਮ ਕਉ ਸਮਝਾਵਉ ਰਹਾਉ ’’ (ਭਗਤ ਨਾਮਦੇਵ/੬੯੩), ਬਹੁਰਿ ਹਮ ਕਾਹੇ ਆਵਹਿਗੇ  ?  ਆਵਨ ਜਾਨਾ ਹੁਕਮੁ ਤਿਸੈ ਕਾ; ਹੁਕਮੈ ਬੁਝਿ ਸਮਾਵਹਿਗੇ ਰਹਾਉ (ਭਗਤ ਕਬੀਰ/੧੧੦੩)