ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ

0
416

ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ

ਬਠਿੰਡਾ 22 ਦਸੰਬਰ (ਕਿਰਪਾਲ ਸਿੰਘ): ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋਂ ‘ਸਫਰ-ਏ-ਸ਼ਹਾਦਤ’ ਨੂੰ ਸਮਰਪਿਤ ਸ਼ਹਿਰ ’ਚ ਕਰਵਾਏ ਜਾ ਰਹੇ ਪੰਦਰਵਾੜਾ ਗੁਰਮਤਿ ਸਮਾਗਮ ਦੌਰਾਨ ਡਾ: ਗੁਰਿੰਦਰ ਸਿੰਘ ਨਾਗਪਾਲ ਦੇ ਘਰ ਕੀਰਤਨ ਦੀ ਸੇਵਾ ਨਿਭਾਉਣ ਆਏ ਬਾਬਾ ਬੂਟਾ ਸਿੰਘ ਗੁਰਥੜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਰਪਾਲ ਸਿੰਘ ਬਠਿੰਡਾ ਵੱਲੋਂ ਲਿਖੀ ਪੁਸਤਕ ‘ਗੁਰ ਪੁਰਬ ਨਿਰਣੈ ਅਤੇ ਨਾਨਕਸ਼ਾਹੀ ਕੈਲੰਡਰ ਸੰਮਤ ੫੫੩ (2021-22)’ ਭੇਟ ਕਰ ਕੇ ਮੰਗ ਕੀਤੀ ਗਈ ਕਿ ਕਾਫੀ ਲੰਬੇ ਸਮੇਂ ਤੋਂ ਕੌਮ ਵਿੱਚ ਚੱਲ ਰਹੇ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ’ਚ ਅਵਾਜ਼ ਉਠਾਈ ਜਾਵੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਕੈਲੰਡਰ ਮੁਤਾਬਕ ਇਸ ਸਮੇਂ ਚੰਦਰ ਅਤੇ ਸੂਰਜੀ ਦੋ ਪ੍ਰਣਾਲੀਆਂ ’ਤੇ ਅਧਾਰਿਤ ਬਿਕਰਮੀ ਕੈਲੰਡਰ ਮੁਤਾਬਕ ਦਿਨ ਦਿਹਾੜੇ ਮਨਾਉਣ ਕਾਰਨ ਗੁਰ ਪੁਰਬਾਂ ਦੇ ਅੱਗੇ ਪਿੱਛੇ ਆਉਣ ਨਾਲ ਹਮੇਸ਼ਾਂ ਭੰਬਲਭੂਸਾ ਪਿਆ ਰਹਿੰਦਾ ਹੈ। ਮਿਸਾਲ ਦੇ ਤੌਰ ’ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਸੰਮਤ 1761 ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਸੰਮਤ 1761 ਨੂੰ ਹੋਈ। ਇਹ ਸ਼ਹੀਦੀ ਦਿਹਾੜੇ ਹਰ ਸਾਲ ਕ੍ਰਮਵਾਰ 8 ਪੋਹ ਅਤੇ 13 ਪੋਹ ਨੂੰ ਮਨਾਏ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ ੭,੨੩ ਪੋਹ ਸੰਮਤ 1723 ਨੂੰ ਹੋਇਆ ਅਤੇ ਉਨ੍ਹਾਂ ਦਾ ਗੁਰ ਪੁਰਬ 23 ਪੋਹ ਨੂੰ ਮਨਾਉਣ ਦੀ ਬਜਾਏ ਚੰਦਰਮਾਂ ਦੀ ਤਿੱਥ ਪੋਹ ਸੁਦੀ ੭ ਨੂੰ ਮਨਾਏ ਜਾਣ ਕਾਰਨ ਗੁਰ ਪੁਰਬ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਦੋਵੇਂ ਦਿਹਾੜੇ ਇੱਕੋ ਦਿਨ ਅਤੇ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਵਿੱਚ ਆਉਣ ਨਾਲ ਗੁਰ ਪੁਰਬਾਂ ਦੀਆਂ ਅਸਲੀ ਤਾਰੀਖਾਂ ਕਿਸੇ ਨੂੰ ਯਾਦ ਨਹੀਂ ਰਹਿੰਦੀਆਂ। ਗੁਰਬਾਣੀ ਵਿੱਚ ਕਿਧਰੇ ਕੋਈ ਸੰਕੇਤ ਨਹੀਂ ਮਿਲਦਾ, ਜਿੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਹਿਦਾਇਤ ਕੀਤੀ ਹੋਵੇ ਕਿ ਗੁਰ ਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਅਤੇ ਬਾਕੀ ਦੇ ਇਤਿਹਾਸਕ ਦਿਹਾੜੇ ਸੰਗਰਾਂਦਾਂ ਦੇ ਹਿਸਾਬ ਸੂਰਜੀ ਤਾਰੀਖ਼ਾਂ ਮੁਤਾਬਕ ਮਨਾਏ ਜਾਣ ਫਿਰ ਕਿਉਂ ਨਹੀਂ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਦੀਆਂ ਸੂਰਜੀ ਤਾਰੀਖਾਂ ਮੁਤਾਬਕ ਕ੍ਰਮਵਾਰ 8 ਪੋਹ, 13 ਪੋਹ ਅਤੇ 23 ਪੋਹ ਨੂੰ ਮਨਾਏ ਜਾਣ, ਜੋ ਕਿ ਹਰ ਸਾਲ ਕ੍ਰਮਵਾਰ 21 ਦਸੰਬਰ, 26 ਦਸੰਬਰ ਅਤੇ 5 ਜਨਵਰੀ ਨੂੰ ਆਇਆ ਕਰਨਗੇ।

ਇਸ ਤੋਂ ਪਹਿਲਾਂ ਬਾਬਾ ਬੂਟਾ ਸਿੰਘ ਜੀ ਨੇ ਰਸ ਭਿੰਨਾ ਸ਼ਬਦ ਕੀਰਤਨ ਕੀਤਾ ਅਤੇ ਬਾਅਦ ’ਚ ਗਿਆਨੀ ਗੁਰਬਚਨ ਸਿੰਘ ਪੰਨਵਾਂ ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ (ਲੁਧਿਆਣਾ) ਨੇ ਸਾਹਿਬਜ਼ਾਦਿਆਂ ਦਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਸ਼ਹੀਦੀ ਇਤਿਹਾਸ ਸ਼੍ਰਵਣ ਕਰਵਾਇਆ।