ਐਸੀ ਲਾਲ ! ਤੁਝ ਬਿਨੁ ਕਉਨੁ ਕਰੈ ॥
ਗਿਆਨੀ ਅਵਤਾਰ ਸਿੰਘ-98140-35202
ਐਸੀ ਲਾਲ ! ਤੁਝ ਬਿਨੁ ਕਉਨੁ ਕਰੈ ?॥ ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ॥੧॥ ਰਹਾਉ ॥
ਜਾ ਕੀ ਛੋਤਿ ਜਗਤ ਕਉ ਲਾਗੈ; ਤਾ ਪਰ ਤੁਹਂੀ ਢਰੈ ॥ ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ ॥੧॥
ਨਾਮਦੇਵ, ਕਬੀਰੁ, ਤਿਲੋਚਨੁ; ਸਧਨਾ ਸੈਨੁ ਤਰੈ ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ! ਹਰਿ ਜੀਉ ਤੇ ਸਭੈ ਸਰੈ ॥੨॥
(ਮਾਰੂ, ਭਗਤ ਰਵਿਦਾਸ ਜੀ, ਪੰਨਾ ੧੧੦੬)
ਵਿਚਾਰ ਅਧੀਨ ਸ਼ਬਦ ਜਗਤ ਪ੍ਰਸਿੱਧ ਮਹਾਤਮਾ ‘ਭਗਤ ਰਵੀਦਾਸ ਜੀ’ ਦੁਆਰਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ੧੧੦੬ ਅੰਕ ’ਤੇ ਮਾਰੂ ਰਾਗ ਵਿੱਚ ਸੁਸ਼ੋਭਿਤ ਹੈ, ਜੋ ਉਨ੍ਹਾਂ ਦੇ ਸਮਾਜਕ ਜ਼ਿੰਦਗੀ ਦੇ ਅਨੁਭਵ ਨੂੰ ਰੁਸ਼ਨਾਉਂਦਾ ਤੇ ਪ੍ਰਗਟਾਉਂਦਾ ਹੈ। ਅਖੌਤੀ ਜਾਤ-ਪਾਤ ਵੰਡ ਮੁਤਾਬਕ ਭਗਤ ਜੀ ਦਾ ਸਮਾਜਕ ਜੀਵਨ ਚਮਿਆਰ ਸ਼੍ਰੇਣੀ ’ਚ ਆਉਂਦਾ ਸੀ, ਜੋ ਉਨ੍ਹਾਂ ਨੇ ਵੀ ਛੁਪਾ ਕਰ ਨਾ ਰੱਖਿਆ, ਸਗੋਂ ਐਲਾਨੀਆ ਕਿਹਾ ਕਿ ਨਗਰ ਵਾਸੀਓ! ਮੇਰੀ ਜਾਤ ਮੰਨੀ ਪ੍ਰਮੰਨੀ ਜਾਂਦੀ ਚਮਿਆਰ ਹੈ : ‘‘ਨਾਗਰ ਜਨਾਂ ! ਮੇਰੀ ਜਾਤਿ ਬਿਖਿਆਤ ਚੰਮਾਰੰ ॥’’ (ਮਲਾਰ, ਭਗਤ ਰਵਿਦਾਸ, ਪੰਨਾ ੧੨੯੩)
ਭਗਤ ਜੀ ਦੇ ਇਸ ਦ੍ਰਿੜ੍ਹ ਭਰੋਸੇ ਦਾ ਕੀ ਕਾਰਨ ਰਿਹਾ ਹੋਏਗਾ, ਇਸ ਦਾ ਵੇਰਵਾ ਇਸ ਸ਼ਬਦ ’ਚੋਂ ਪ੍ਰਗਟ ਹੁੰਦਾ ਹੈ, ਜਿੱਥੇ ਉਨ੍ਹਾਂ ਜਾਤ-ਪਾਤ ਦੀ ਵੰਡ ਕਰਨ ਵਾਲ਼ੇ ਪੰਡਿਤਾਂ ਦੀ ਸੋਚ ਦੇ ਵਿਪਰੀਤ ਜਾ ਕੇ ਅਜਿਹੇ ਮਾਲਕ ਦਾ ਆਸਰਾ ਲਿਆ, ਜਿਸ ਦੀ ਬੰਦਗੀ ਕਰਨ ਉਪਰੰਤ ਉੱਚ ਜਾਤੀਏ ਪੰਡਿਤਾਂ ਨੂੰ ਵੀ ਭਗਤ ਜੀ ਅੱਗੇ ਨਤਮਸਤਕ ਹੋਣਾ ਪਿਆ। ਇਸ ਘਟਨਾ ਨੂੰ ਵੀ ਉਨ੍ਹਾਂ ਖ਼ੁਦ ਹੀ ਇਉਂ ਪ੍ਰਗਟ ਕੀਤਾ, ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ..॥’’ (ਮਲਾਰ, ਭਗਤ ਰਵਿਦਾਸ, ਪੰਨਾ ੧੨੯੩) ਇਹ ਡੰਡਉਤ (ਨਮਸਕਾਰ) ਕੋਈ ਅਗਿਆਨੀ ਪੰਡਿਤ ਨਹੀਂ ਕਰ ਰਹੇ ਸਨ ਬਲਕਿ ਬੁਧੀਮਾਨ ਪੰਡਿਤ (ਬਿਪ੍ਰ ਪਰਧਾਨ) ਸਨ। ਮਿਸਾਲ ਵਜੋਂ ਇਹੀ ਘਟਨਾ ਮੁੜ ਫਿਰ ਇਉਂ ਦੁਹਰਾਈ ਗਈ : ‘‘ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ; ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥’’ (ਮਲਾਰ, ਭਗਤ ਰਵਿਦਾਸ, ਪੰਨਾ ੧੨੯੩) ‘ਆਚਾਰ ਸਹਿਤ’ ਦਾ ਮਤਲਬ ਹੈ : ‘ਪੂਰਨ ਕਰਮਕਾਂਡੀ ਵਿਚਾਰਧਾਰਾ ਨੂੰ ਸਮਰਪਿਤ ਪੜ੍ਹੇ ਲਿਖੇ ਪੰਡਿਤ’ ਵੀ ਉਨ੍ਹਾਂ ਦੀ ਕੁਲ ’ਚ ਜਨਮੇ ਰਵਿਦਾਸ ਜੀ ਨੂੰ ਨਮਸਕਾਰ ਕਰਨ ਆਏ, ਜਿਨ੍ਹਾਂ ਦੇ ਪੂਰਵਜ ਅਜੇ ਵੀ ਮਰੇ ਪਸ਼ੂ ਵਾਰਾਣਸੀ (ਬਨਾਰਸ) ਵਿੱਚ ਉਠਾਉਂਦੇ ਵੇਖੇ ਜਾ ਸਕਦੇ ਹਨ : ‘‘ਜਾ ਕੇ ਕੁਟੰਬ ਕੇ ਢੇਢ ਸਭ, ਢੋਰ ਢੋਵੰਤ ਫਿਰਹਿ; ਅਜਹੁ ਬੰਨਾਰਸੀ ਆਸ ਪਾਸਾ ॥’’ (ਮਲਾਰ, ਭਗਤ ਰਵਿਦਾਸ ਜੀ, ਪੰਨਾ ੧੨੯੩)
ਵਿਚਾਰ ਅਧੀਨ ਸ਼ਬਦ-ਵਿਸ਼ਾ ਦੋ ਬੰਦਾਂ ’ਚ ਵੰਡਿਆ ਗਿਆ ਹੈ, ਜਿਨ੍ਹਾਂ ਤੋਂ ਪਹਿਲਾਂ ‘ਰਹਾਉ’ ਬੰਦ ਹੈ, ਜਿਸ ਵਿੱਚ ਪੂਰੇ ਸ਼ਬਦ ਦਾ ਸਾਰੰਸ (ਸਾਰ) ਹੁੰਦਾ ਹੈ। ਇਸ ‘ਰਹਾਉ’ ਪਦੇ ’ਚ ਭਗਤ ਜੀ ਆਪਣੀ ਜੀਵਨ ਉੱਨਤੀ ਦੌਰਾਨ ਹੋਈ ਰੱਬੀ ਬਖ਼ਸ਼ਸ਼ ਨੂੰ ਉਪਕਾਰ ਵਜੋਂ ਵੇਖਦੇ ਹੋਏ ਸ਼ੁਕਰੀਆ ਅਦਾ ਕਰਦੇ ਹਨ ਕਿ ਹੇ ਪਿਆਰ ਦੇ ਸਰੋਤ (ਲਾਲ) ! ਐਸੀ ਜੀਵਨ ਤਬਦੀਲੀ ਤੇਰੇ ਉਪਕਾਰ ਤੋਂ ਬਿਨਾਂ ਹੋਰ ਕੌਣ ਕਰ ਸਕਦਾ ਹੈ ?
ਭਗਤ ਰਵੀਦਾਸ ਜੀ ਵਾਙ ਉਕਤ ਭਾਵਨਾ ਤਦ ਬਣਨੀ ਹੈ ਜਦ ਕੋਈ ਰੂਹਾਨੀਅਤ ਮੰਜ਼ਲ ਨੂੰ ਪਾ ਚੁੱਕਿਆ ਹੋਵੇ। ਟੀਚਾ ਸਰ ਕਰਨ ਲਈ ਗੁਰੂ ਗਿਆਨ-ਰੌਸ਼ਨੀ ਨਾਲ਼ ਪਹਿਲਾਂ ਮਨ ਦਾ ਵਿਕਾਰੀ ਸੁਭਾਅ ਸਮਝਣਾ ਪੈਂਦਾ ਹੈ, ਜਿਸ ’ਤੇ ਹੋਈ ਜਿੱਤ ਹੀ ਬੰਦੇ ਨੂੰ ਆਪਣੀ ਅਸਮਰੱਥਾ ਦਾ ਅਹਿਸਾਸ ਕਰਵਾਉਂਦੀ ਹੈ। ਬੰਦਾ; ਆਪਣੀ ਕਾਮਯਾਬੀ ਦਾ ਮਹੱਤਵ ਆਪਣੇ ਉੱਪਰ ਲੈ ਕੇ ਮਿਲੀ ਰੱਬੀ ਬਖ਼ਸ਼ਸ਼ ਵੱਲੋਂ ਅਿਤਘਣ (ਨਾਸ਼ੁਕਰਾ) ਨਹੀਂ ਹੁੰਦਾ।
ਰੱਬੀ ਮਿਹਰ ਅਤੇ ਪ੍ਰੇਮਾ ਭਗਤੀ ਨਾਲ਼ ਭਗਤਾਂ ਦੇ ਜੀਵਨ ’ਚ ਹੁੰਦੇ ਬਦਲਾਅ ਨੂੰ ਵੇਖਦਿਆਂ ਭਗਤ ਰਵੀਦਾਸ ਜੀ ਦੇ ਦਿਲ ਵਿੱਚ ਵੀ ਇੱਕ ਤਮੰਨਾ ਜਾਗੀ ਕਿ ਮੈਂ ਵੀ ਇਹ ਰੁਤਬੇ ਨੂੰ ਪ੍ਰਾਪਤ ਕਰਾਂ। ਉਨ੍ਹਾਂ ਜੀਵਨ ਸੰਘਰਸ਼ ’ਚ ਜੂਝਦਿਆਂ ਆਮ ਮਨੁੱਖਾਂ ਨੂੰ ਮਿਲਦੀ ਅਸਫਲਤਾ ਨੂੰ ਵੇਖਿਆ ਤੇ ਆਪਣੀ ਦਿਲੀ ਫ਼ਰਿਆਦ ਪ੍ਰਭੂ ਅੱਗੇ ਇਉਂ ਕੀਤੀ, ਹੇ ਲਾਲਨ! ਮਾਇਆ ਬੜੀ ਪ੍ਰਭਾਵਸ਼ਾਲੀ ਹੈ, ਤਾਕਤਵਰ ਹੈ। ਅਸੀਂ ਆਖਦੇ-ਸੋਚਦੇ ਕੁਝ ਹੋਰ ਹਾਂ ਤੇ ਕਮਾਇਆ ਕੁਝ ਹੋਰ ਜਾਂਦਾ ਹੈ। ਸਾਨੂੰ ਇਸ ਦਲਦਲ ’ਚੋਂ ਨਿਕਲਣ ਦੀ ਜਾਚ ਨਹੀਂ। ਮੈਂ ਤੇਰਾ ਦਾਸਰਾ ਰਵਿਦਾਸ; ਕਰੋਧ-ਅਹੰਕਾਰ ਤਿਆਗ ਕੇ ਭਾਵ ਨਿਮਰ ਤੇ ਵੈਰਾਗ ’ਚ ਆ ਕੇ ਆਖਦਾ ਹਾਂ ਕਿ ਮੇਰੀ ਨਿਮਾਣੀ ਜਿੰਦ-ਜਾਨ ਉੱਤੇ ਤਰਸ ਕਰੋ : ‘‘ਕਹੀਅਤ ਆਨ, ਅਚਰੀਅਤ ਅਨ; ਕਛੁ ਸਮਝ ਨ ਪਰੈ, ਅਪਰ ਮਾਇਆ ॥ ਕਹਿ ਰਵਿਦਾਸ; ਉਦਾਸ ਦਾਸ ਮਤਿ, ਪਰਹਰਿ ਕੋਪੁ; ਕਰਹੁ ਜੀਅ ਦਇਆ ॥’’ (ਸੋਰਠਿ, ਭਗਤ ਰਵਿਦਾਸ, ਪੰਨਾ ੬੫੮)
ਗੁਰਮਤਿ ਅਨੁਸਾਰ ਨਿਮਾਣਾ-ਲਾਚਾਰ ਬਣ ਕੇ ਰੱਬੀ ਦਰ ’ਤੇ ਬੇਨਤੀ ਕੀਤਿਆਂ ਉਸ ਦੀ ਬਖ਼ਸ਼ਸ਼ ਨਾਲ਼ ਰੂਹਾਨੀਅਤ ਉੱਨਤੀ ਹੁੰਦੀ ਹੈ, ਪਰ ਇਹ ਜਾਚ ਗੁਰੂ ਗਿਆਨ-ਰੌਸ਼ਨੀ ’ਚ ਆਪਣੀਆਂ ਊਣਤਾਈਆਂ ਵੇਖਣ ਉਪਰੰਤ ਆਉਂਦੀ ਹੈ, ਇਸ ਸਚਾਈ ਨੂੰ ਭਗਤ ਰਵੀਦਾਸ ਜੀ ਖ਼ੁਦ ਸਵੀਕਾਰਦੇ ਹੋਏ ਆਖਦੇ ਹਨ ਕਿ ਮੈਨੂੰ ਗੁਰੂ ਵੱਲੋਂ ਸਮਝ ਮਿਲੀ ਕਿ ਹੇ ਪ੍ਰਭੂ ਦੇ ਦਾਸ ਰਵਿਦਾਸ ! ਤੂੰ ਗੁਰੂ ਗਿਆਨ ਨੂੰ ਸਮਰਪਿਤ ਹੋ, ਭਰਮ ਨੂੰ ਛੱਡ, ਵਿਕਾਰਾਂ ਤੋਂ ਉਪਰਾਮ ਹੋ, ਭਗਤਾਂ ਦੇ ਡਰ ਦੂਰ ਕਰਨ ਵਾਲ਼ੇ ਨੂੰ ਬੇਨਤੀ ਕਰ ਕਿ ਮੈਨੂੰ ਵੀ ਆਖ਼ਿਰ ਅਨੰਦਿਤ ਕਰੋ, ਇਹੀ ਤਪਾਂ ’ਚੋਂ ਸਰਵੋਤਮ ਤਪ ਹੈ : ‘‘ਰਵਿਦਾਸ ਦਾਸ ! ਉਦਾਸ ਤਜੁ ਭ੍ਰਮੁ; ਤਪਨ ਤਪੁ, ਗੁਰ ਗਿਆਨ ॥ ਭਗਤ ਜਨ ਭੈ ਹਰਨ; ਪਰਮਾਨੰਦ ਕਰਹੁ ਨਿਦਾਨ ॥ (ਆਸਾ, ਭਗਤ ਰਵਿਦਾਸ, ਪੰਨਾ ੪੮)
ਵਿਚਾਰ ਅਧੀਨ ਸ਼ਬਦ-ਵਿਸ਼ੇ ’ਚ ਫ਼ਰਿਆਦੀ ਬਣਨ ਲਈ ਬਲ-ਸੂਝ ਮਿਲੀ : ‘‘ਪ੍ਰੇਮ ਭਗਤਿ ਕੈ ਕਾਰਣੈ; ਕਹੁ ਰਵਿਦਾਸ ਚਮਾਰ ॥’’ (ਗਉੜੀ, ਭਗਤ ਰਵਿਦਾਸ, ਪੰਨਾ ੩੪੬) ਅਤੇ ਆਪਣੀ ਬੇਨਤੀ ਜਾਰੀ ਰੱਖਦਿਆਂ ਕਿਹਾ ਹੇ ਲਾਲਨ ! ਅਜਿਹੀ ਰੂਹਾਨੀਅਤ ਤਬਦੀਲੀ ਤੇਰੀ ਮਿਹਰ ਬਿਨਾਂ ਕੌਣ ਕਰ ਸਕਦਾ ਹੈ ? ਧਰਤੀ ਦਾ ਮਾਲਕ, ਗ਼ਰੀਬਾਂ ਦਾ ਸਹਾਰਾ ਮੇਰਾ ਪਿਆਰਾ, ਆਪਣੇ ਪਿਆਰਿਆਂ ਦੇ ਸਿਰ ਉੱਤੇ ਤਾਜ (ਬਾਦਸ਼ਾਹਤ) ਟਿਕਾ ਦਿੰਦਾ ਹੈ, ਅਜਿਹਾ ਮੈਂ ਸੁਣਿਆ ਹੈ : ‘‘ਐਸੀ ਲਾਲ ! ਤੁਝ ਬਿਨੁ ਕਉਨੁ ਕਰੈ ?॥ ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ॥੧॥ ਰਹਾਉ ॥’’
ਉਕਤ ‘ਰਹਾਉ’ ਤੋਂ ਬਾਅਦ ਸ਼ਬਦ ਦੇ ਪਹਿਲੇ ਬੰਦ ’ਚ ਭਗਤ ਜੀ ਨਿਮਰ ਹੋ ਕੇ ਦੁਨਿਆਵੀ ਜਾਤ-ਪਾਤ ਵਿਤਕਰੇ ਦੀ ਮਿਸਾਲ ਨਾਲ਼ ਫ਼ਰਿਆਦ ਕਰਦੇ ਹਨ ਕਿ ਹੇ ਪ੍ਰਭੂ ! ਜਿਸ ਅਖੌਤੀ ਨੀਚ ਜਾਤ (ਚਮਿਆਰ) ਦੀ ਭਿੱਟ ਨਾਲ਼ ਸਮਾਜ ਗੰਧਲ਼ਾ ਹੁੰਦਾ ਮੰਨੀਦਾ ਹੈ, ਉਸ ਗ਼ਰੀਬ ’ਤੇ ਕੇਵਲ ਤੂੰ ਹੀ ਤਰਸ ਕਰਦਾ ਹੈਂ ਕਿਉਂਕਿ ਤੇਰਾ ਸੁਭਾਅ ਹੈ, ਨੀਚਾਂ ਨੂੰ ਉੱਚੇ ਕਰਨਾ ਤੇ ਕਿਸੇ ਤੋਂ ਨਾ ਡਰਨਾ : ‘‘ਜਾ ਕੀ ਛੋਤਿ ਜਗਤ ਕਉ ਲਾਗੈ; ਤਾ ਪਰ ਤੁਹਂੀ ਢਰੈ ॥ ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ ॥੧॥’’
ਸ਼ਬਦ ਦੇ ਦੂਜੇ ਜਾਂ ਅੰਤਮ ਬੰਦ ’ਚ ਭਗਤ ਜੀ ਕੁਝ ਨੀਚ ਮੰਨੇ ਜਾਂਦੇ ਪ੍ਰਸਿੱਧ ਭਗਤਾਂ ਦੇ ਹਵਾਲੇ ਨਾਲ਼ ਆਪਣੇ ਸ਼ਬਦ-ਵਿਸ਼ੇ ਨੂੰ ਸੰਕੋਚਦੇ ਹੋਏ ਆਖਦੇ ਹਨ ਕਿ ਹੇ ਸੰਤੋ! ਧਿਆਨ ਨਾਲ਼ ਸੁਣੋ ਕਿ ਹਰੀ ਦੀ ਕਿਰਪਾ ਨਾਲ ਹਰ ਨੀਚ ਵੀ ਸਿਰੇ ਚੜਦਾ ਹੈ, ਮੰਜ਼ਲ ਪਾ ਲੈਂਦਾ ਹੈ; ਜਿਵੇਂ ਕਿ ਛੀਂਬਾ ਨਾਮਦੇਵ, ਜੁਲਾਹਾ ਕਬੀਰ, ਵੈਸ਼ ਤ੍ਰਿਲੋਚਨ, ਕਸਾਈ ਸਧਨਾ ਵਾਙ ਨਾਈ ਸੈਣ ਵੀ ਉਸ ਦੀ ਕਿਰਪਾ ਨਾਲ਼ ਤਰ ਗਿਆ : ‘‘ਨਾਮਦੇਵ, ਕਬੀਰੁ, ਤਿਲੋਚਨੁ; ਸਧਨਾ, ਸੈਨੁ ਤਰੈ ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ! ਹਰਿ ਜੀਉ ਤੇ ਸਭੈ ਸਰੈ ॥੨॥’’
ਉਕਤ ਵਿਚਾਰ ਦਾ ਸਾਰੰਸ ਹੈ ਕਿ ਸਮਾਜ ਵਿੱਚ ਭਾਵੇਂ ਕਿ ਕਿਸੇ ਨੂੰ ਕੋਈ ਜਾਤ-ਪਾਤ ਦੇ ਵਿਤਕਰੇ ਅਧੀਨ ਵੰਡ ਕੇ ਅਪਮਾਣਿਤ ਦ੍ਰਿਸ਼ਟੀ ਨਾਲ਼ ਵੇਖੇ, ਪਰ ਅਜਿਹਾ ਭੇਦ-ਭਾਵ ਰੱਬ ਨਹੀਂ ਕਰਦਾ। ਉਸ ਦੀਆਂ ਬਖ਼ਸ਼ਸ਼ਾਂ ਸਾਰਿਆਂ ਲਈ ਬਰਾਬਰ ਹਨ ਭਾਵੇਂ ਕੋਈ ਉੱਚੀ ਜਾਤ ਦਾ ਹੋਵੇ ਜਾਂ ਨੀਵੀਂ ਜਾਤ ਦਾ। ਕਰਤਾਰ ਦੀ ਦ੍ਰਿਸ਼ਟੀ ਵਾਙ ਹੀ ਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ, ਜੋ ਸਭ ਨੂੰ ਸਮਾਨੰਤਰ ਵੇਖਦੀ ਹੈ, ਇਸ ਲਈ ਹੀ ਗੁਰੂ ਅਰਜਨ ਸਾਹਿਬ ਜੀ ਨੇ ਫ਼ੁਰਮਾਇਆ : ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ॥’’ (ਸੂਹੀ, ਮ: ੫, ਪੰਨਾ ੭੪੮), ਗੁਰੂ ਰਾਮਦਾਸ ਜੀ ਤਾਂ ਇੱਥੋਂ ਤੱਕ ਬਿਆਨ ਕਰ ਗਏ ਕਿ ਅਗਰ ਕੋਈ ਰੱਬੀ ਬੰਦਗੀ ਨਹੀਂ ਕਰਦਾ ਤਾਂ ਭਾਵੇਂ ਉਹ ਪੰਡਿਤ ਜਾਂ ਖੱਤਰੀ ਹੋਵੇ, ਹਰੀ ਉਸ ਵੱਲੋਂ ਮੁੱਖ ਹੀ ਮੋੜ ਲੈਂਦਾ ਹੈ : ‘‘ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ; ਲੋਕੁ ਛੀਪਾ ਕਹੈ ਬੁਲਾਇ ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ; ਹਰਿ, ਨਾਮਦੇਉ ਲੀਆ ਮੁਖਿ ਲਾਇ ॥’’ (ਸੂਹੀ, ਮ: ੪, ਪੰਨਾ ੭੩੩)
ਭਾਈ ਗੁਰਦਾਸ ਜੀ; ਗੁਰੂ ਅਰਜਨ ਸਾਹਿਬ ਦੇ ਸਤਸੰਗੀ ਰਹੇ ਤੇ ਉਨ੍ਹਾਂ ਨੂੰ ਆਦਿ ਗ੍ਰੰਥ ਲਿਖਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਉਨ੍ਹਾਂ ਗੁਰਮਤਿ ਦੇ ਕਈ ਵਿਸ਼ਿਆਂ ਨੂੰ ਬਾ-ਦਲੀਲ ਮਿਸਾਲਾਂ ਦੇ ਦੇ ਕੇ ਹੋਰ ਸਪਸ਼ਟ ਕਰਨ ’ਚ ਅਹਿਮ ਯੋਗਦਾਨ ਪਾਇਆ ਹੈ। ਹਥਲੇ ਵਿਸ਼ੇ ਦੀ ਸਪਸ਼ਟਤਾ ਲਈ ਵੀ ਉਨ੍ਹਾਂ ਨੇ ਕੁਝ ਮਿਸਾਲਾਂ ਦਿੱਤੀਆਂ ਹਨ। ਜਿਸ ਤਰ੍ਹਾਂ ਧਰਮ ਦੇ ਨਾਂ ’ਤੇ ਮਨੁੱਖ ਜਾਤੀ ’ਚ ਵਿਤਕਰਾ ਕੀਤਾ ਗਿਆ, ਉਸੇ ਤਰ੍ਹਾਂ ਮੱਖੀਆਂ ਤੇ ਕੀੜੀਆਂ ਨੂੰ ਵੀ ਨੀਵੀਆਂ ਜੂਨਾਂ ਮੰਨਿਆ ਜਾਂਦਾ ਰਿਹਾ : ‘‘ਜੈਸੇ ਨੀਚ ਜੋਨ ਗਨੀਅਤ, ਅਤਿ ਮਾਖੀ ਕ੍ਰਿਮ..॥’’ (ਭਾਈ ਗੁਰਦਾਸ ਜੀ, ਕਬਿੱਤ ੬੩੨)
ਭਾਈ ਗੁਰਦਾਸ ਜੀ ਇਨ੍ਹਾਂ ਨੀਵੀਆਂ ਜੂਨਾਂ ਦੀ ਮਨੁੱਖਤਾ ਨੂੰ ਦੇਣ ਦਾ ਜ਼ਿਕਰ ਕਰਦਿਆਂ ਸਮਝਾਉਂਦੇ ਹਨ ਕਿ ਨੀਵੀਂ ਜੂਨ ’ਚ ਮੰਨੀ ਜਾਂਦੀ ਭ੍ਰਿੰਡ ਦੇ ਛੱਤੇ ’ਚੋਂ ਮਿਸਰੀ ਮਿਲਦੀ ਹੈ, ਮੱਖੀ ਦੇ ਛੱਤੇ ’ਚੋਂ ਸ਼ਹਿਦ, ਕੀੜਿਆਂ ਤੋਂ ਰੇਸ਼ਮ, ਵੜੇਵਿਆਂ ’ਚੋਂ ਕਪਾਹ (ਮਲਮਲ, ਕੱਪੜਾ), ਚਿੱਕੜ ’ਚੋਂ ਕਵਲ ਫੁੱਲ, ਜਿਸ ’ਤੇ ਭੌਰੇ ਆਉਂਦੇ ਹਨ, ਕਾਲੇ ਸੱਪ ਦੇ ਸਿਰ ’ਚੋਂ ਮਣੀ, ਪੱਥਰਾਂ ਵਿੱਚੋਂ ਹੀਰੇ ਮੋਤੀ ਮਿਲਦੇ ਹਨ, ਹਿਰਨ ਦੀ ਨਾਭੀ ’ਚੋਂ ਮਹਾਂ ਸੁਗੰਧੀ ਕਸਤੂਰੀ, ਲੋਹੇ ਤੋਂ (ਮਨੁੱਖਾ ਸ਼ਕਤੀ) ਤਲਵਾਰ ਬਣਦੀ ਹੈ ਤੇ ਬਿੱਲੀ ਦੀ ਮਿੱਝ ਤੋਂ ਮੁਸ਼ਕ ਬਿਲਾਈ ਮਿਲਦੀ ਹੈ, ਜੋ ਮਹਿਫ਼ਲਾਂ ’ਚ ਸੁਗੰਧੀ ਵਿਖੇਰਦੀ ਹੈ, ਇਸੇ ਤਰ੍ਹਾਂ ਮੰਨੀਆਂ ਜਾਂਦੀਆਂ ਮਨੁੱਖੀ ਨੀਚ ਜਾਤਾਂ ’ਚੋਂ ਰੱਬੀ ਭਗਤ ਪੈਦਾ ਹੋ ਕੇ ਆਪਣੀ ਕੁੱਲ ਦਾ ਨਾਂ ਰੌਸ਼ਨ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਆਸਰਾ ਕੇਵਲ ਰੱਬ ਹੀ ਬਣਦਾ ਹੈ : ‘‘ਡੇਮੂੰ ਖਖਰਿ ਮਿਸਰੀ ਮਖੀ ਮੇਲੁ ਮਖੀਰੁ ਉਪਾਇਆ। ਪਾਟ ਪਟੰਬਰਿ ਕੀੜਿਅਹੁ; ਕੁਟਿ ਕਟਿ ਸਣੁ ਕਿਰਤਾਸੁ ਬਣਾਇਆ। ਮਲਮਲ ਹੋਇ ਵੜੇਵਿਅਹੁ; ਚਿਕੜਿ ਕਵਲੁ ਭਵਰੁ ਲੋਭਾਇਆ। ਜਿਉ ਮਣਿ ਕਾਲੇ ਸਪ ਸਿਰਿ; ਪਥਰੁ ਹੀਰੇ ਮਾਣਕ ਛਾਇਆ। ਜਾਣੁ ਕਥੂਰੀ ਮਿਰਗ ਤਨਿ; ਨਾਉ ਭਗਉਤੀ ਲੋਹੁ ਘੜਾਇਆ। ਮੁਸਕੁ ਬਿਲੀਅਹੁ ਮੇਦੁ ਕਰਿ; ਮਜਲਸ ਅੰਦਰਿ ਮਹ ਮਹਕਾਇਆ। ਨੀਚ ਜੋਨਿ; ਉਤਮੁ ਫਲੁ ਪਾਇਆ ॥’’ (ਭਾਈ ਗੁਰਦਾਸ ਜੀ, ਵਾਰ ੨੫, ਪਉੜੀ ੬)
ਸਮਾਜ ਵਿੱਚ ਨੀਚ ਕਹੇ ਜਾਂਦੇ ਭਗਤਾਂ ਦੇ ਅੰਮ੍ਰਿਤਮਈ ਵਚਨਾਂ ਨੂੰ ਗੁਰੂ ਨਾਨਕ ਘਰ ਨੇ ਗੁਰਬਾਣੀ ਵਿੱਚ ਦਰਜ ਕਰ ਕੇਵਲ ਸਮਾਨਤਾ ਹੀ ਨਹੀਂ ਬਖ਼ਸ਼ੀ ਬਲਕਿ ਉਨ੍ਹਾਂ ਦੇ ਸਰੀਰਕ ਰੰਗ-ਰੂਪ, ਜਾਤ-ਪਾਤ ਨੂੰ ਵੇਖਣ ਦੀ ਬਜਾਇ ਕਰਣੀ ਨੂੰ ਪ੍ਰਧਾਨ ਮੰਨਦਿਆਂ ਇਉਂ ਗਵਾਹੀ ਵੀ ਭਰੀ : ‘‘ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥’’ (ਆਸਾ, ਮ: ੫, ਪੰਨਾ ੪੮੮)