ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸੰਖੇਪ ’ਚ ਬਹੁ ਪੱਖੀ ਜੀਵਨ ਵੇਰਵਾ
ਗਿਆਨੀ ਅਵਤਾਰ ਸਿੰਘ
ਸਰਬੰਸਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੀ ਆਪਣੀ ਬੜੀ ਥੋੜ੍ਹੀ ਸੰਸਾਰਕ ਯਾਤਰਾ ਦੌਰਾਨ ਉਹ ਕੀਰਤੀਮਾਨ ਸਥਾਪਿਤ ਕੀਤੇ ਹਨ, ਜਿਨ੍ਹਾਂ ਕਾਰਨ ਆਪ ਜੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਏਗਾ। ਆਪ ਜੀ ਦਾ ਜਨਮ 22 ਦਸੰਬਰ 1666 (ਪੋਹ ਸੁਦੀ ੭, ੧੭੨੩, ੨੩ ਪੋਹ; ਨਾਨਕਸ਼ਾਹੀ ਸੰਮਤ ੧੯੮) ਨੂੰ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ (ਬਿਹਾਰ) ’ਚ ਹੋਇਆ। ਆਪ ਜੀ ਨੇ 9 ਸਾਲ ਦੀ ਉਮਰ (ਨਵੰਬਰ 1675) ’ਚ ਹੀ ਪਿਤਾ (ਹਿੰਦ ਦੀ ਚਾਦਰ) ਨੂੰ ਹਿੰਦੂ ਪੰਡਿਤਾਂ ਦੇ ਜਨੇਊ ਦੀ ਰੱਖਿਆ ਕਰਨ ਲਈ ਸ਼ਹੀਦ ਹੋਣ ਲਈ ਭੇਜਿਆ। 11 ਨਵੰਬਰ 1675 (੧੧ ਮੱਘਰ, ਮੱਘਰ ਸੁਦੀ ੫ ਸੰਮਤ ੧੭੩੨ ਬਿਕ੍ਰਮੀ, ਨਾਨਕਸ਼ਾਹੀ ਸੰਮਤ ੨੦੭) ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਨ੍ਹਾਂ ਪੰਡਿਤਾਂ ਦੀ ਧਾਰਮਿਕ ਅਜ਼ਾਦੀ (ਜਿਸ ਧਰਮ ’ਚ ਗੁਰੂ ਸਾਹਿਬ ਜੀ ਦਾ ਆਪਣਾ ਕੋਈ ਯਕੀਨ ਨਹੀਂ ਸੀ) ਲਈ ਸ਼ਹੀਦੀ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੀ ਗੱਦੀ ’ਤੇ ਬਿਰਾਜਮਾਨ ਹੋਏ।
ਸੰਨ 1678 ’ਚ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰ ‘ਸਬਦੁ ਗੁਰੂ’ ਨੂੰ ਸੰਪੂਰਨਤਾ ਬਖ਼ਸ਼ੀ।
ਮਾਰਚ 1680 ਦੇ ਸ਼ਰੂ ’ਚ ਆਪ ਨੇ ਇੱਕ ‘ਰਣਜੀਤ ਨਗਾਰਾ’ ਤਿਆਰ ਕਰਵਾਇਆ, ਜੋ ਹਰ ਦੀਵਾਨ ਦੇ ਮੌਕੇ ’ਤੇ ਵਜਾਇਆ ਜਾਣ ਲੱਗਾ। ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਚੰਗੇ ਘੋੜੇ, ਚੰਗੇ ਹਥਿਆਰ, ਆਦਿ ਲਿਆਉਣ ਦੀ ਮੰਗ ਰੱਖੀ। ਚੱਕ ਨਾਨਕੀ (ਅਨੰਦਪੁਰ ਸਾਹਿਬ) ਵਿਖੇ ਵਧੀਆ ਨਸਲ ਦੇ ਘੋੜੇ ਤੇ ਹਰ ਤਰ੍ਹਾਂ ਦੇ ਹਥਿਆਰ ਪਹੁੰਚਣ ਲੱਗੇ।
ਗੁਰੂ ਸਾਹਿਬ ਨੇ ਵਿਦਵਾਨਾਂ ਤੇ ਸ਼ਾਇਰਾਂ ਦਾ ਸੈਂਟਰ ਵੀ ਬਣਾਇਆ। ਜਿਸ ਵਿੱਚ ਅੰਮ੍ਰਿਤ ਰਾਏ ਤੇ ਭਾਈ ਨੰਦ ਲਾਲ ਜੀ ਵਰਗੇ ਸ਼ਾਇਰ ਵੀ ਆ ਗਏ। ਭਾਈ ਨੰਦ ਲਾਲ ਜੀ ਓਥੇ ਮਾਰਚ 1682 ’ਚ ਆਇਆ ਸੀ। ਕਵੀ ਦਰਬਾਰਾਂ ’ਚ 52 ਕਵੀ ਹਾਜ਼ਰ ਸਨ। ਮਾਰਚ 1683 ਨੂੰ ਗੁਰੂ ਸਾਹਿਬ ਨੇ ਓਥੇ ਹੋਲਾ ਮਹੱਲਾ ਮਨਾਇਆ। ਜਿਸ ਵਿੱਚ ਘੋੜ-ਦੌੜ, ਕੁਸ਼ਤੀਆਂ, ਗਤਕਾ ਅਤੇ ਮਸਨੂਹੀ ਲੜਾਈਆਂ ਦੇ ਮੁਕਾਬਲੇ ਹੁੰਦੇ।
ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਨੂੰ ਆਪਣੀ ਰਿਆਸਤ ’ਚ ਦਰਸ਼ਨ ਦੇਣ ਦੀ ਅਰਜ਼ ਕੀਤੀ। ਇੱਥੇ ਆਪ ਨੇ 29 ਅਪਰੈਲ 1685 ਨੂੰ ਦੀਵਾਨ ਨੰਦ ਚੰਦ ਸੰਘਾ ਕੋਲ਼ੋਂ ਅਰਦਾਸ ਕਰਵਾ ਤੇ ਭਾਈ ਰਾਮ ਕੁੰਵਰ (ਖੰਡੇ ਦੀ ਪਾਹੁਲ ਮਗਰੋਂ ਭਾਈ ਗੁਰਬਖਸ਼ ਸਿੰਘ) ਦੇ ਹੱਥੋਂ ਮੋੜ੍ਹੀ ਗਡਵਾ ਕੇ ਪਾਉਂਟਾ ਸਾਹਿਬ ਦੀ ਨੀਂਹ ਰੱਖੀ। ਗੁਰੂ ਜੀ 3 ਸਾਲ 5 ਮਹੀਨੇ ਇੱਥੇ ਠਹਿਰੇ। ਇੱਥੇ ਹੀ 18 ਸਤੰਬਰ 1688 ਨੂੰ ਬਾਬਾ ਰਾਮਰਾਏ ਦੇ ਮਸੰਦ ਗੁਰਬਖ਼ਸ਼ ਦੇ ਭੜਕਾਉਣ ’ਤੇ ਗੜ੍ਹਵਾਲ ਦੇ ਰਾਜੇ ਫ਼ਤੇ ਸ਼ਾਹ ਨੇ ਗੁਰੂ ਜੀ ’ਤੇ ਹਮਲਾ ਕੀਤਾ। ਪਿੰਡ ਭੰਗਾਣੀ ’ਚ ਬੜੀ ਜ਼ਬਰਦਸਤ ਜੰਗ ਹੋਈ ਤੇ ਫ਼ਤਹਿ ਸ਼ਾਹ ਦੀਆਂ ਫੌਜਾਂ ਹਾਰ ਕੇ ਭੱਜ ਗਈਆਂ।
ਬਿਲਾਸਪੁਰ ਦੀ ਰਾਣੀ ਚੰਪਾ ਦੇ ਕਹਿਣ ’ਤੇ ਆਪ ਮੁੜ ਚੱਕ ਨਾਨਕੀ ਆ ਗਏ। ਇੱਥੇ ਆਪ ਨੇ ਆਲੇ-ਦੁਆਲੇ ਪੰਜ ਕਿਲੇ੍ਹ (ਅਨੰਦਗੜ੍ਹ, ਲੋਹਗੜ੍ਹ, ਤਾਰਾਗੜ੍ਹ, ਅਗੰਮਗੜ੍ਹ ਤੇ ਫ਼ਤਹਿਗੜ੍ਹ ਉਸਾਰੇ। ਇਸ ਸਮੇਂ (1690-91 ’ਚ) ਬਿਲਾਸਪੁਰ ਦਾ ਰਾਜਾ ਭੀਮ ਚੰਦ ਸੀ। ਉਹ ਖ਼ੁਦ ਗੁਰੂ ਘਰ ਪ੍ਰਤੀ ਪ੍ਰੇਮ ਰੱਖਦਾ ਸੀ, ਪਰ ਉਸ ਦਾ ਪੁੱਤਰ ਅਜਮੇਰ ਚੰਦ ਆਪਣੇ ਸਲਾਹਕਾਰ (ਮਗਰੋਂ ਵਜ਼ੀਰ) ਪੰਡਿਤ ਪਰਮਾ ਨੰਦ ਦੇ ਅਸਰ ਹੇਠ ਸੀ, ਜੋ ਸਿੱਖ ਧਰਮ ਨਾਲ ਖਾਰ ਖਾਂਦਾ ਸੀ।
ਮਾਰਚ 1691 ’ਚ ਲਾਹੌਰ ਦੇ ਗਵਰਨਰ ਨੇ ਅਲਫ਼ ਖ਼ਾਨ ਨਾਲ਼ ਫ਼ੌਜ ਭੇਜ ਕੇ ਪਹਾੜੀ ਰਾਜਿਆਂ ’ਤੇ ਹਮਲਾ ਕਰਾ ਦਿੱਤਾ। ਉਨ੍ਹਾਂ ਨੇ ਰਾਜਾ ਭੀਮ ਚੰਦ ਰਾਹੀਂ ਗੁਰੂ ਸਾਹਿਬ ਤੋਂ ਮਦਦ ਮੰਗੀ। ਗੁਰੂ ਜੀ ਨੇ ਦੀਵਾਨ ਨੰਦ ਚੰਦ, ਧਰਮ ਚੰਦ (ਸਿੰਘ) ਛਿਬਰ, ਭਾਈ ਮਨੀ ਰਾਮ (ਸਿੰਘ), ਭਾਈ ਆਲਮ ਚੰਦ (ਸਿੰਘ) ਨੱਚਣਾ ਤੇ ਹੋਰ ਜਰਨੈਲਾਂ ਦੀ ਅਗਵਾਈ ’ਚ ਫ਼ੌਜ ਨਦੌਣ ਭੇਜੀ। ਜਿੱਥੇ ਜ਼ਬਰਦਸਤ ਲੜਾਈ ਹੋਈ। ਅਲਫ਼ ਖ਼ਾਨ ਦੀ ਫ਼ੌਜ ਦੇ ਸਭ ਤੋਂ ਤਾਕਤਵਰ ਜੱਥੇ ਦੇ ਖ਼ਿਲਾਫ਼, ਸਿੱਖ ਜਰਨੈਲ ਡੱਟ ਕੇ ਲੜੇ। ਸਿੱਖ ਜਰਨੈਲਾਂ ਦੇ ਤੀਰਾਂ ਦੀ ਵਾਛੜ ਨੇ ਅਲਫ਼ ਖ਼ਾਨ ਦੀ ਫ਼ੌਜ ਦੇ ਹੌਸਲੇ ਢਾਹ ਦਿੱਤੇ ਤੇ ਉਸ ਦੀ ਫ਼ੌਜ ਪਿੱਛੇ ਭੱਜ ਗਈ।
ਮਹਾਰਾਣੀ ਚੰਪਾ ਦੀ 12 ਮਈ 1691 ਨੂੰ ਮੌਤ ਹੋ ਗਈ, ਜੋ ਗੁਰੂ ਸਾਹਿਬ ਨੂੰ ਬੜਾ ਪਿਆਰ ਕਰਦੀ ਸੀ। ਗੁਰੂ ਸਾਹਿਬ ਆਪਣੀ ਦਾਦੀ ਮਾਤਾ ਨਾਨਕੀ, ਪਰਵਾਰ ਅਤੇ ਮੁਖੀ ਸਿੱਖਾਂ ਸਮੇਤ ਓਥੇ ਗਏ।
ਮਾਰਚ 1692 ’ਚ ਰਾਜਾ ਭੀਮ ਚੰਦ ਨੇ ਪਹਾੜੀ ਬਾਈ ਧਾਰਾਂ ਦੇ ਰਾਜਿਆਂ ਦਾ ਇਕੱਠ ਬੁਲਾਇਆ। ਮੁਗ਼ਲ ਸਰਕਾਰ ਦੇ ਹੋਣ ਵਾਲੇ ਹਮਲਿਆਂ ਦੇ ਡਰ ਕਾਰਨ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦੀ ਸਰਪ੍ਰਸਤੀ ਹਾਸਲ ਕਰਨ ਦੀ ਖ਼ਾਹਿਸ਼ ਜ਼ਾਹਰ ਕੀਤੀ। ਗੁਰੂ ਜੀ ਨੇ ਕਿਹਾ ਕਿ ‘ਜੇ ਤੁਸੀਂ ਮੁਗ਼ਲਾਂ ਦੀ ਗ਼ੁਲਾਮੀ ਵਿਚ ਨਾ ਰਹਿਣਾ ਚਾਹੋ ਤਾਂ ਮੈਂ ਤੁਹਾਡੀ ਨਿਗਹਬਾਨੀ ਤੇ ਸਰਪ੍ਰਸਤੀ ਕਰਨ ਵਾਸਤੇ ਤਿਆਰ ਹਾਂ’। ਸਾਰੇ ਰਾਜਿਆਂ ਨੇ ਗੁਰੂ ਜੀ ਦੇ ਹੁਕਮ ਨੂੰ ਮੰਨਣ ਦਾ ਵਾਅਦਾ ਕੀਤਾ। ਕੁਝ ਹੀ ਦਿਨਾਂ ਬਾਅਦ (16 ਸਤੰਬਰ 1692) ਭੀਮ ਚੰਦ ਚੜ੍ਹਾਈ ਕਰ ਗਿਆ।
ਅਗਸਤ 1695 ’ਚ ਲਾਹੌਰ ਦੇ ਨਾਇਬ ਸੂਬੇਦਾਰ (ਡਿਪਟੀ ਗਵਰਨਰ) ਦਿਲਾਵਰ ਖ਼ਾਨ ਨੇ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਲਈ ਆਪਣੇ ਪੁੱਤਰ ਰੁਸਤਮ ਖ਼ਾਨ ਨੂੰ ਫ਼ੌਜ ਦੇ ਕੇ ਭੇਜਿਆ। ਉਸ ਨੂੰ ਪਤਾ ਸੀ ਕਿ ਗੁਰੂ ਸਾਹਿਬ ਦੀ ਮਦਦ ਨਾਲ ਉਹ ਜਿੱਤਦੇ ਹਨ। ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਪਹਿਲਾਂ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਲਈ ਕਿਹਾ। ਬਰਸਾਤਾਂ ਕਾਰਨ ਤਦ ਨਾਲੇ ’ਚ ਹੜ੍ਹ ਆਇਆ ਹੋਇਆ ਸੀ। ਜਿਸ ਕਾਰਨ ਰੁਸਤਮ ਖ਼ਾਨ ਦੀ ਫ਼ੌਜ ਨਾਲਾ ਪਾਰ ਕਰ ਅਨੰਦਪੁਰ ਸਾਹਿਬ ’ਚ ਦਾਖ਼ਲ ਨਾ ਹੋ ਸਕੀ। ਓਧਰੋਂ ਕਿਲ੍ਹਾ ਅਨੰਦਗੜ੍ਹ ’ਚ ਨਗਾਰੇ ਦੀ ਧੌਂਸ ਤੇ ਜੈਕਾਰਿਆਂ ਦੀ ਗੂੰਜ ਸੁਣ ਕੇ ਮੁਗ਼ਲ ਫ਼ੌਜ ਹਮਲਾ ਕਰਨ ਤੋਂ ਬਿਨਾਂ ਹੀ ਵਾਪਸ ਮੁੜ ਗਈ।
ਰੁਸਤਮ ਖ਼ਾਨ ਦੇ ਖ਼ਾਲੀ ਮੁੜਨ ਤੋਂ ਬਾਅਦ ਦਿਲਾਵਰ ਖ਼ਾਨ ਨੇ ਕਾਂਗੜੇ ਦੇ ਕਿਲੇ੍ਹਦਾਰ ਹੁਸੈਨ ਖ਼ਾਨ ਨੂੰ ਫ਼ੌਜ ਦੇ ਕੇ ਪਹਾੜੀ ਰਾਜਿਆਂ ’ਤੇ ਹਮਲਾ ਕਰਨ ਨੂੰ ਭੇਜਿਆ। ਡਢਵਾਲੀਏ ਤੇ ਬਿਲਾਸਪੁਰੀਏ ਰਾਜਿਆਂ ਨੇ ਪਹਿਲੋਂ ਤਾਂ ਹੁਸੈਨੀ ਦਾ ਟਾਕਰਾ ਕੀਤਾ, ਪਰ ਆਖ਼ਿਰ ਹਥਿਆਰ ਸੁੱਟ ਦਿੱਤੇ। ਹੁਸੈਨ ਖ਼ਾਨ ਨੇ ਉਨ੍ਹਾਂ ਨੂੰ ਇਸ ਸ਼ਰਤ ’ਤੇ ਮਾਫ਼ ਕੀਤਾ ਕਿ ਉਹ ਆਪਣੀਆਂ ਫ਼ੌਜਾਂ ਸਣੇ ਉਸ ਦੀ ਮੁਹਿੰਮ ’ਚ ਸ਼ਾਮਲ ਹੋ ਕੇ ਬਾਕੀ ਪਹਾੜੀ ਰਾਜਿਆਂ ’ਤੇ ਹਮਲਾ ਕਰਨਗੇ। ਗੁਲੇਰ ਦੇ ਰਾਜੇ ਗੋਪਾਲ ਨੇ ਗੁਰੂ ਸਾਹਿਬ ਤੋਂ ਮਦਦ ਮੰਗੀ। ਗੁਰੂ ਸਾਹਿਬ ਨੇ ਭਾਈ ਬਚਿਤਰ ਦਾਸ, ਭਾਈ ਸੰਗਤ ਰਾਇ, ਭਾਈ ਹਨੂਮੰਤ ਰਾਇ, ਭਾਈ ਲਹਿਨੂ, ਭਾਈ ਦੱਗੋ ਵਗ਼ੈਰਾ ਦੀ ਅਗਵਾਈ ’ਚ ਸਿੱਖ ਫ਼ੌਜ ਮਦਦ ਵਾਸਤੇ ਭੇਜੀ। 18 ਫ਼ਰਵਰੀ 1696 ਨੂੰ ਹੋਈ ਲੜਾਈ ’ਚ ਸਿੱਖ ਜਰਨੈਲਾਂ ਦੇ ਤੀਰਾਂ ਦੀ ਵਾਛੜ ਨੇ ਮੁਗ਼ਲਾਂ ਅਤੇ ਉਨ੍ਹਾਂ ਦੀ ਗ਼ੁਲਾਮੀ ਕਬੂਲ ਕਰ ਚੁੱਕੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦੇ ਛੱਕੇ ਛੁਡਾ ਦਿੱਤੇ। ਹੁਸੈਨ ਖ਼ਾਨ ਤੇ ਉਸ ਦੇ ਕਈ ਪਹਾੜੀ ਸਾਥੀ ਮਾਰੇ ਗਏ। ਇਸ ਲੜਾਈ ’ਚ ਭੀਮ ਚੰਦ ਦਾ ਪੁੱਤਰ ਅਜਮੇਰ ਚੰਦ ਬਿਲਾਸਪੁਰੀਆ ਭੀ ਮੁਗ਼ਲਾਂ ਦਾ ਗ਼ੁਲਾਮ ਬਣ ਕੇ ਲੜਿਆ ਸੀ। ਇਸ ਕਾਰਨ ਹੁਣ ਉਹ ਉਨ੍ਹਾਂ ਦਾ ਹੱਥ-ਠੋਕਾ ਬਣਾ ਗਿਆ। ਇਸ ਮਗਰੋਂ ਬਿਲਾਸਪੁਰ ਤੇ ਅਨੰਦਪੁਰ ’ਚ ਸਬੰਧ ਖ਼ਤਮ ਹੋ ਗਏ ਤੇ ਅਜਮੇਰ ਚੰਦ ਨੇ ਸਿੱਖਾਂ ਦੇ ਖ਼ਿਲਾਫ਼ ਸਾਜ਼ਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ।
ਇਸ ਹਾਰ ਮਗਰੋਂ ਲਾਹੌਰ ਦੇ ਗਵਰਨਰ ਨੇ ਪਹਾੜੀ ਰਾਜਿਆਂ ਨੂੰ ਜਿੱਤਣ ਲਈ ਅਪ੍ਰੈਲ 1696 ’ਚ ਜੁਝਾਰ ਸਿੰਹ ਹਾਡੇ ਨੂੰ 3000 ਫ਼ੌਜ ਦੇ ਕੇ ਭੇਜਿਆ। ਉਹ ਇਕ ਹਠੀ ਤੇ ਤਕੜਾ ਜਰਨੈਲ ਸੀ। ਉਸ ਨੇ ਭਲਾਨ ਪਿੰਡ ’ਚ ਹੋਈ ਲੜਾਈ ’ਚ ਬਹੁਤ ਜ਼ਬਰਦਸਤ ਮੁਕਾਬਲਾ ਕੀਤਾ, ਪਰ ਅਖ਼ੀਰ ਮਾਰਿਆ ਗਿਆ। ਲਾਹੌਰ ਦੇ ਡਿਪਟੀ ਗਵਰਨਰ ਨੇ ਹੋਰ ਕ੍ਰੋਧਿਤ ਹੋ ਕੇ ਇਸ ਦੀ ਖ਼ਬਰ ਔਰੰਗਜ਼ੇਬ ਨੂੰ ਭੇਜੀ। ਔਰੰਗਜ਼ੇਬ ਨੇ ਆਪਣੇ ਪੁੱਤਰ ਤੇ ਲਾਹੌਰ ਦੇ ਸੂਬੇਦਾਰ, ਸ਼ਹਿਜ਼ਾਦਾ ਮੁਅੱਜ਼ਮ (ਜੋ ਮਗਰੋਂ ਬਾਦਸ਼ਾਹ ਬਹਾਦਰ ਸ਼ਾਹ ਬਣਿਆ) ਨੂੰ ਅਨੰਦਪੁਰ ਭੇਜਿਆ, ਜੋ ਭਾਈ ਨੰਦ ਲਾਲ ਦਾ ਸ਼ਾਗਿਰਦ ਸੀ। ਉਹ 13 ਜੁਲਾਈ 1696 ਨੂੰ ਅਨੰਦਪੁਰ ਪੁੱਜਾ। ਭਾਈ ਨੰਦ ਲਾਲ ਉਸ ਨੂੰ ਮਿਲਿਆ ਤੇ ਉਸ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਕਰਵਾਈ। ਮੁਅੱਜ਼ਮ ਗੁਰੂ ਜੀ ਤੋਂ ਬੜਾ ਪ੍ਰਭਾਵਤ ਹੋਇਆ। ਉਸ ਨੇ ਵਾਪਸ ਜਾ ਕੇ ਔਰਗੰਜ਼ੇਬ ਨੂੰ ਖ਼ਬਰ ਦਿੱਤੀ ਕਿ ਪੰਜਾਬ ਦੇਸ਼ ’ਚ ਕੋਈ ਮਸਲਾ ਨਹੀਂ। ਅਨੰਦਪੁਰ ’ਤੇ ਹਮਲਾ ਕਰਨਾ ਮੁਗ਼ਲ ਸਰਕਾਰ ਦੇ ਹੱਕ ’ਚ ਨਹੀਂ।
ਔਰੰਗਜ਼ੇਬ ਨੇ ਆਪਣੀ ਹੋਰ ਤਸੱਲੀ ਲਈ ਸਤੰਬਰ 1696 ਦੇ ਅਖ਼ੀਰ ’ਚ ਮਿਰਜ਼ਾ ਬੇਗ਼ ਨੂੰ ਭੇਜਿਆ। ਉਹ ਅਨੰਦਪੁਰ ਸਾਹਿਬ ਆਇਆ ਤੇ ਗੁਰੂ ਜੀ ਨਾਲ ਮੁਲਾਕਾਤ ਕੀਤੀ। ਉਸ ਨੂੰ ਭੀ ਗੁਰੂ ਜੀ ਨਾਲ ਟੱਕਰ ਲੈਣ ਦਾ ਕੋਈ ਤੁਕ ਨਜ਼ਰ ਨਾ ਆਇਆ। ਉਸ ਨੇ ਵੀ ਰਿਪੋਰਟ ਔਰੰਗਜ਼ੇਬ ਨੂੰ ਭੇਜ ਦਿੱਤੀ। ਫਿਰ ਵੀ ਦਿੱਲੀ ਦਰਬਾਰ ਨੇ ਚਾਰ ਹੋਰ ਅਹਿਦੀਏ (ਸਰਕਾਰੀ ਅਫ਼ਸਰ) ਪਹਾੜਾਂ ਵੱਲ ਭੇਜੇ। ਉਨ੍ਹਾਂ ਨੇ ਵੀ ਮਿਰਜ਼ਾ ਬੇਗ਼ ਦੀ ਰਿਪੋਰਟ ਨੂੰ ਸਹੀ ਮੰਨਿਆ।
ਸਿੱਖ ਪੰਥ ਦਾ ਜਥੇਬੰਦਕ ਢਾਂਚਾ; ਗੁਰੂ ਨਾਨਕ ਸਾਹਿਬ ਵੇਲੇ ‘ਧਰਮਸਾਲਾ’ ਤੇ ‘ਸੰਗਤ’ ਵਜੋਂ ਸ਼ੁਰੂ ਹੋਇਆ। ਗੁਰੂ ਅਮਰਦਾਸ ਜੀ ਵੇਲੇ ‘ਮੰਜੀਆਂ’ ਤੇ ‘ਪੀੜ੍ਹਿਆਂ’ ਦੇ ਰੂਪ ’ਚ ਫੈਲਿਆ। ਗੁਰੂ ਰਾਮਦਾਸ ਸਾਹਿਬ ਜੀ ਸਮੇਂ ‘ਮਸੰਦ’ ਜਮਾਤ ਵਜੋਂ ਕਾਇਮ ਹੋਇਆ। ਇਨ੍ਹਾਂ ਮਸੰਦਾਂ ਦਾ ਕੰਮ ਗੁਰੂ ਦੇ ਦਰਬਾਰ ’ਚ ਸੰਗਤਾਂ ਦੇ ਸੁਨੇਹੇ ਪਹੁੰਚਾਉਣਾ ਤੇ ਗੁਰੂ ਜੀ ਦੇ ਪੈਗ਼ਾਮ ਸੰਗਤਾਂ ਤੱਕ ਲੈ ਜਾਣਾ ਹੁੰਦਾ ਸੀ। ਸੰਗਤ ਦਾ ਦਸਵੰਧ ਵੀ ਗੁਰੂ ਜੀ ਤੱਕ ਇਹ ਪਹੁੰਚਾਇਆ ਕਰਦੇ ਸਨ। ਜੇ ਕਿਸੇ ਸਿੱਖ ਨੂੰ ਮਦਦ ਦੀ ਲੋੜ ਹੁੰਦੀ ਤਾਂ ਉਸ ਵਾਸਤੇ ਰਕਮ ਜਾਂ ਤੋਹਫ਼ੇ ਗੁਰੂ ਸਾਹਿਬ ਮਸੰਦਾਂ ਰਾਹੀਂ ਹੀ ਪਹੁੰਚਾਇਆ ਕਰਦੇ ਸਨ। ਸੰਗਤਾਂ ਦਾ ਦਸਵੰਧ ਸੁਚੱਜੇ ਤਰੀਕੇ ਨਾਲ ਗੁਰੂ ਦਰਬਾਰ ’ਚ ਪੁੱਜਣ ਲੱਗਾ। ਕਈ ਲੋਕ ਭਲਾਈ ਦੇ ਕੰਮ ਹੋਣ ਲੱਗੇ। ਨੌਵੇਂ ਪਾਤਿਸ਼ਾਹ ਤਕ ਇਹ ਮਸੰਦ ਜਮਾਤ ਬੜੀ ਸਿੱਦਕ ਨਾਲ਼ ਰੋਲ ਅਦਾ ਕਰਦੀ ਰਹੀ।
ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਸੰਨ 1699 ਦੀ ੧ ਵਿਸਾਖ (ਸੰਮਤ ੧੭੫੬ ਬਿਕ੍ਰਮੀ, ਨਾਨਕਸ਼ਾਹੀ ਸੰਮਤ ੨੩੧) ਨੂੰ ਅਨੰਦਪੁਰ ਸਾਹਿਬ ਆਉਣ ਲਈ ਬੁਲਾਇਆ। ਉਸ ਦਿਨ ਹਜ਼ਾਰਾਂ ਸਿੱਖ ਗੁਰੂ ਦੀ ਨਗਰੀ ’ਚ ਪੁੱਜੇ। ਰਬਾਬੀਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਭਾਈ ਮਨੀ ਰਾਮ ਨੇ ਸ਼ਬਦ ਦੀ ਕਥਾ ਕੀਤੀ। ਇਸ ਤੋਂ ਬਾਅਦ ਗੁਰੂ ਜੀ ਨੇ ਖੜ੍ਹੇ ਹੋ ਕੇ ਕਿਰਪਾਨ ਮਿਆਨ ਵਿਚੋਂ ਕੱਢ ਕੇ ਕਿਹਾ ਕਿ ਮੈਨੂੰ ਇਕ ਸਿਰ ਚਾਹੀਦਾ ਹੈ। ਗੁਰੂ ਸਾਹਿਬ ਦੇ ਬੋਲ ਸੁਣ ਕੇ ਸਾਰੇ ਪਾਸੇ ਚੁੱਪ ਛਾ ਗਈ। ਗੁਰੂ ਸਾਹਿਬ ਨੇ 3 ਵਾਰੀ ਫਿਰ ਕਿਹਾ। ਤੀਜੀ ਵਾਰ ਆਖਣ ’ਤੇ ਭਾਈ ਦਇਆ ਰਾਮ ਖੜ੍ਹਾ ਹੋ ਕੇ ਗੁਰੂ ਸਾਹਿਬ ਅੱਗੇ ਆ ਖਲੋਤਾ । ਗੁਰੂ ਸਾਹਿਬ; ਉਸ ਨੂੰ ਫੜ ਕੇ ਨੇੜੇ ਹੀ ਛੋਟੀ ਪਹਾੜੀ ’ਤੇ ਗੱਡੇ ਤੰਬੂ ’ਚ ਲੈ ਗਏ। ਕੁਝ ਪਲਾਂ ਬਾਅਦ ਗੁਰੂ ਸਾਹਿਬ ਖ਼ੂਨ ਨਾਲ ਲਿਬੜੀ ਕਿਰਪਾਨ ਲੈ ਕੇ ਬਾਹਰ ਆਏ। ਇਸ ਤਰ੍ਹਾਂ ਵਾਰੀ-ਵਾਰੀ ਗੁਰੂ ਸਾਹਿਬ ਨੇ ਚਾਰ ਹੋਰ ਸਿਰਾਂ ਦੀ ਮੰਗ ਕੀਤੀ। ਪੰਜਵੇਂ ਸਿੱਖ ਵੱਲੋਂ ਸਿਰ ਭੇਟ ਕਰਨ ਤੋਂ ਕੁਝ ਚਿਰ ਮਗਰੋਂ ਗੁਰੂ ਸਾਹਿਬ; ਉਨ੍ਹਾਂ ਪੰਜੇ ਸਿੱਖਾਂ (ਭਾਈ ਦਇਆ ਰਾਮ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ, ਭਾਈ ਧਰਮ ਚੰਦ, ਭਾਈ ਹਿੰਮਤ ਚੰਦ) ਨੂੰ ਨੀਲੇ ਬਾਣੇ ’ਚ ਸਜਾ ਪੰਡਾਲ ’ਚ ਲੈ ਆਏ। ਗੁਰੂ ਸਾਹਿਬ ਨੇ ਆਪ ਵੀ ਐਸਾ ਹੀ ਬਾਣਾ ਪਹਿਣਿਆ ਸੀ। ਕੁਝ ਇਤਿਹਾਸਕ ਸੋਮਿਆਂ ’ਚ ਇਹ ਘਟਨਾ ਸੰਨ 1698 (ਸੰਮਤ ੧੭੫੫ ਬਿਕ੍ਰਮੀ) ਦੀ ਦਰਜ ਹੈ; ਜਿਵੇਂ ਕਿ ‘ਭੱਟ ਵਹੀ ਭਾਦਸੋਂ ਪਰਗਨਾ ਥਾਨੇਸਰ’ ’ਚ ਲਿਖਿਆ ਹੈ:
‘ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ ਸਤਰਾਂ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿੰਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ ਸਿੰਘ ਨਾਮ ਰਾਖਾ। ਪ੍ਰਿਥਮੈ ਦੈਆ ਰਾਮ ਸੋਪਤੀ ਖਤਰੀ ਬਾਸੀ ਲਾਹੌਰ ਆ ਖਲਾ ਹੂਆ। ਪਾਛੈ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ ਜ਼ਫ਼ਰਾਬਾਦ, ਧਰਮ ਚੰਦ ਜਵੰਦਾ ਜਾਟ ਬਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਬਾਸੀ ਜਗਨਨਾਥ ਬਾਰੋ ਬਾਰੀ ਖਲੇ ਹੁਏ। ਸਬ ਕੋ ਨੀਲ ਅੰਬਰ ਪਹਿਨਾਇਆ। ਵਹੀ ਬੇਸ ਅਪਨਾ ਕੀਆ। ਹੁੱਕਾ, ਹਲਾਲ, ਹਜਾਮਤ ਹਰਾਮ, ਟਿੱਕਾ ਜੰਞੂ ਧੋਤੀ ਕਾ ਤਿਆਗ ਕਰਾਇਆ। ਮੀਣੇ ਧੀਰਮਲੀਏ ਰਾਮ ਰਾਈਏ, ਸਿਰਗੁੰਮ, ਮਸੰਦਾਂ ਕੀ ਵਰਤਨ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ। ਸਭ ਕੇਸਧਾਰੀ ਕੀਏ।’
ਇਸ ਮਗਰੋਂ ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਮਰਜੀਵੜੇ ‘ਪੰਜ ਪਿਆਰੇ’ ਕਹਿਣਾ ਸ਼ੁਰੂ ਕਰਵਾਇਆ ਤੇ ਕਿਹਾ ਕਿ ਜਦੋਂ ਵੀ ਕੜਾਹ ਪ੍ਰਸ਼ਾਦ ਦੀ ਦੇਗ਼ ਤਿਆਰ ਕਰਨੀ ਤਾਂ ਇਨ੍ਹਾਂ ਦਾ ਛਾਂਦਾ (ਹਿੱਸਾ) ਸਭ ਤੋਂ ਪਹਿਲਾਂ ਕੱਢਣਾ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ‘ਖੰਡੇ ਦੀ ਪਾਹੁਲ’ ਤਿਆਰ ਕਰਕੇ ਛਕਾਈ ਤੇ ਆਪ ਭੀ ਇਨ੍ਹਾਂ ਪਾਸੋਂ ਛਕੀ। ਸਭ ਦੇ ਨਾਵਾਂ ਨਾਲ਼ ‘ਸਿੰਘ’ (ਤੇ ‘ਕੌਰ’) ਸ਼ਬਦ ਲਿਖਣਾ ਜ਼ਰੂਰੀ ਕੀਤਾ। ਇਸ ਤੋਂ ਬਾਅਦ ਸੰਗਤਾਂ ਨੂੰ ਇਨ੍ਹਾਂ ਪੰਜਾਂ ਕੋਲ਼ੋਂ ਪਾਹੁਲ ਲੈਣ ਲਈ ਕਿਹਾ ਭਾਵੇਂ ਕਿ ਬਹੁਤਿਆਂ ਨੇ ਪਹਿਲਾਂ ‘ਚਰਨ ਪਾਹੁਲ’ ਭੀ ਗ੍ਰਹਿਣ ਕੀਤੀ ਹੋਈ ਸੀ। ਉਸ ਦਿਨ ਅਨੰਦਪੁਰ ਸਾਹਿਬ ਵਿਖੇ ਤਕਰੀਬਨ 80 ਹਜ਼ਾਰ ਤੋਂ ਵੱਧ ਸਿੱਖ, ਬੀਬੀਆਂ ਤੇ ਬੱਚਿਆਂ ਨੇ ਅੰਮ੍ਰਿਤਪਾਨ ਕੀਤਾ।
ਗੁਰੂ ਸਾਹਿਬ ਵੱਲੋਂ ਖਾਲਸਾ ਪਰਗਟ ਕਰਨ ਮਗਰੋਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਸਿੱਖੀ ਧਾਰਨ ਵਾਸਤੇ ਅਨੰਦਪੁਰ ਸਾਹਿਬ ਆਉਣ ਲੱਗੇ। ਜਿਸ ਦੀ ਕਨਸੋਅ ਮੁਗ਼ਲ ਹਾਕਮਾਂ ਦੇ ਨਾਲ-ਨਾਲ ਹਿੰਦੂ ਚੌਧਰੀਆਂ ਤੇ ਬ੍ਰਾਹਮਣ ਜਮਾਤ ਨੂੰ ਵੀ ਮਿਲ ਰਹੀ ਸੀ।
ਇਨ੍ਹੀਂ ਦਿਨੀਂ ਗੁਰੂ ਸਾਹਿਬ ਨੇ ਲੋਹਗੜ੍ਹ ਕਿਲ੍ਹੇ ’ਚ ਹਥਿਆਰ ਬਣਾਉਣ ਦਾ ਕਾਰਖ਼ਾਨਾ ਲਾ ਲਿਆ। ਭਾਈ ਰਾਮ ਸਿੰਘ ਸਿਕਲੀਗਰ ਇਸ ਕਾਰਖ਼ਾਨੇ ਦੇ ਇੰਚਾਰਜ ਸਨ। ਵਧੀਆ ਹਥਿਆਰ ਬਣਨ ਲੱਗੇ। ਜਿਸ ਦੀ ਚਰਚਾ ਸਾਰੇ ਪਾਸੇ ਹੋਣ ਲੱਗੀ। ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਦਾ ਪੁਰੋਹਿਤ ਪਰਮਾ ਨੰਦ ਪਹਿਲੋਂ ਹੀ ਸਿੱਖਾਂ ਨਾਲ ਖਾਰ ਖਾਂਦਾ ਸੀ। ਉਸ ਨੇ ਆਲੇ-ਦੁਆਲੇ ਦੇ ਰਾਜਿਆਂ ਨੂੰ ਭੜਕਾਇਆ ਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਪਹਾੜੀ ਰਿਆਸਤਾਂ ’ਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਹੇ ਹਨ। ਕੁਝ ਚੌਧਰੀ ਤੇ ਰਜਵਾੜੇ ਉਸ ਦੀ ਚੁੱਕ ’ਚ ਆ ਗਏ। ਹੁਣ ਉਹ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਦੇ ਬਹਾਨੇ ਘੜਨ ਲੱਗੇ। ਇਨ੍ਹੀਂ ਦਿਨੀਂ ਇਕ ਵਾਰ (12 ਜੁਲਾਈ 1698 ਨੂੰ) ਗੁਰੂ ਜੀ; ਕੁਝ ਸਿੰਘਾਂ ਸਮੇਤ ਨੇੜੇ ਦੇ ਪਹਾੜੀ ਜੰਗਲ਼ ’ਚ ਸ਼ਿਕਾਰ ਕਰਨ ਗਏ। ਆਪ ਜੀ ਉੱਤੇ ਕਾਂਗੜੇ ਦੇ ਰਾਜੇ ਆਲਮ ਚੰਦ ਕਟੋਚ ਤੇ ਉਸ ਦੇ ਜਰਨੈਲ ਬਲੀਆ ਚੰਦ ਕਟੋਚ ਨੇ ਹਮਲਾ ਕਰ ਦਿੱਤਾ। ਭਾਈ ਉਦੈ ਸਿੰਘ ਤੇ ਭਾਈ ਆਲਮ ਸਿੰਘ ਨੇ ਵੀ ਤਲਵਾਰਾਂ ਕੱਢ ਲਈਆਂ। ਦੋਹਾਂ ਪਾਸਿਓਂ ਜ਼ਬਰਦਸਤ ਲੜਾਈ ਹੋਈ। ਭਾਈ ਉਦੈ ਸਿੰਘ ਨੇ ਬਲੀਆ ਚੰਦ ਦੀ ਇਕ ਬਾਂਹ ਵੱਢ ਦਿੱਤੀ। ਆਲਮ ਚੰਦ ਕਟੋਚ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜੋ ਬਾਅਦ ’ਚ ਜ਼ਖ਼ਮਾਂ ਕਾਰਨ ਮਰ ਗਿਆ।
22 ਮਈ 1699 ਨੂੰ ਪੋਠੋਹਾਰ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਈ ਤਾਂ ਰਾਹ ’ਚ ਨੂਹ ਪਿੰਡ ਦੇ ਰੰਘੜਾਂ ਨੇ ਉਨ੍ਹਾਂ ਨੂੰ ਲੁੱਟ ਲਿਆ। ਇਨ੍ਹਾਂ ’ਚ ਬਹੁਤੇ ਪਾਹੁਲੀਏ ਨਾ ਹੋਣ ਕਾਰਨ ਇਨ੍ਹਾਂ ਕੋਲ ਕਿਰਪਾਨਾਂ ਨਹੀਂ ਸਨ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਦੀ ਅਗਵਾਈ ’ਚ 100 ਸਿੰਘਾਂ ਨੂੰ ਨੂਹ ਦੇ ਲੁਟੇਰਿਆਂ ਨੂੰ ਸਜ਼ਾ ਦੇਣ ਲਈ ਭੇਜਿਆ। ਇਨ੍ਹਾਂ ਨੇ ਲੁਟੇਰਿਆਂ ਦਾ ਆਗੂ ਕੇਰੋ ਰਾਮ ਰੰਘੜ ਫੜ ਕੇ ਅਨੰਦਪੁਰ ਲੈ ਆਂਦਾ; ਉਸ ਨੇ ਗੁਰੂ ਸਾਹਿਬ ਦੇ ਪੈਰ ਫੜ ਲਏ ਤੇ ਅੱਗੇ ਤੋਂ ਪਾਪ ਨਾ ਕਰਨ ਦਾ ਪ੍ਰਣ ਕੀਤਾ, ਜਿਸ ਕਾਰਨ ਗੁਰੂ ਜੀ ਨੇ ਉਸ ਨੂੰ ਮਾਫ਼ ਕਰ ਦਿੱਤਾ।
ਬਲੀਆ ਚੰਦ ਤੇ ਆਲਮ ਚੰਦ ਦੀ ਹੋਈ ਹਾਰ ਮਗਰੋਂ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਆਪ ਜੁੱਧ ਕਰਨ ਦੀ ਠਾਣ ਲਈ। ਤਾਰਾਗੜ੍ਹ ਦਾ ਕਿਲ੍ਹਾ ਅਨੰਦਪੁਰ ਸਾਹਿਬ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਤਾਰਾਪੁਰ ’ਚ ਸੀ। ਇੱਥੇ ਖਾਲਸਈ ਫ਼ੌਜ ਦਾ ਛੋਟਾ ਜਿਹਾ ਜੱਥਾ ਹੀ ਸੀ। ਜਿਸ ਦੀ ਕਮਾਨ ਸਾਹਿਬਜ਼ਾਦਾ ਅਜੀਤ ਸਿੰਘ ਕੋਲ਼ ਸੀ। ਇੱਥੇ 29 ਅਗਸਤ 1700 ਵੀਰਵਾਰ ਦੇ ਦਿਨ ਅਜਮੇਰ ਚੰਦ ਨੇ ਅਚਾਨਕ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਹਮਲੇ ਨੂੰ ਪਛਾੜਨ ਲਈ ਕੁਝ ਸਿੰਘ ਅੱਗੇ ਭੇਜੇ। ਜਿਨ੍ਹਾਂ ਨੇ ਬਹਾਦਰੀ ਨਾਲ ਦੁਸ਼ਮਣ ਦੀ ਫ਼ੌਜ ਦਾ ਟਾਕਰਾ ਕੀਤਾ। ਓਧਰ ਜਦ ਗੁਰੂ ਜੀ ਨੂੰ ਹਮਲੇ ਦਾ ਪਤਾ ਲੱਗਾ ਤਾਂ ਭਾਈ ਉਦੈ ਸਿੰਘ ਦੀ ਅਗਵਾਈ ’ਚ 125 ਸਿੰਘਾਂ ਦਾ ਜਥਾ ਭੇਜਿਆ। ਇਸ ਗਹਿਗੱਚ ਲੜਾਈ ’ਚ ਬਹੁਤ ਸਾਰੇ ਪਹਾੜੀ ਫ਼ੌਜੀ ਮਾਰੇ ਗਏ। ਪਹਾੜੀ ਰਾਜਿਆਂ ਦਾ ਆਗੂ ਘੁਮੰਡ ਚੰਦ ਭਾਈ ਉਦੈ ਸਿੰਘ ਦੇ ਹੱਥੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। 3 ਕੁ ਘੰਟੇ ਚੱਲੀ ਲੜਾਈ ਮਗਰੋਂ ਪਹਾੜੀ ਫ਼ੌਜਾਂ ਦੌੜ ਗਈਆਂ।
ਅਗਲੇ ਦਿਨ ਅਜਮੇਰ ਚੰਦ ਤੇ ਉਸ ਦੇ ਸਾਥੀਆਂ ਦੀਆਂ ਫ਼ੌਜਾਂ ਨੇ ਕਿਲ੍ਹਾ ਫ਼ਤਹਿਗੜ੍ਹ ’ਤੇ ਹਮਲਾ ਕਰ ਦਿੱਤਾ। ਇਸ ਕਿਲੇ੍ਹ ਦੀ ਅਜੇ ਕੇਸਗੜ੍ਹ ਸਾਹਿਬ ਵਾਲੇ ਪਾਸੇ ਵੱਲ ਦੀ ਕੰਧ ਅਧੂਰੀ ਸੀ। ਕਿਲੇ੍ਹ ਦਾ ਜਥੇਦਾਰ ਭਾਈ ਭਗਵਾਨ ਸਿੰਘ (ਪੁੱਤਰ ਭਾਈ ਮਨੀ ਸਿੰਘ) ਸੀ। ਭਾਈ ਭਗਵਾਨ ਸਿੰਘ ਨੇ ਗਿਣਤੀ ਦੇ ਸਿੰਘਾਂ ਸਮੇਤ ਪਹਾੜੀ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਬਹੁਤ ਸਾਰੇ ਪਹਾੜੀ ਫ਼ੌਜੀ ਮਾਰੇ ਗਏ। ਸ਼ਾਮ ਹੋਣ ਮਗਰੋਂ ਪਹਾੜੀ ਫ਼ੌਜਾਂ ਮੈਦਾਨ ਛੱਡ ਕੇ ਦੌੜ ਗਈਆਂ।
ਅਜਮੇਰ ਚੰਦ ਨੇ ਤੀਜੇ ਦਿਨ ਫਿਰ 31 ਅਗਸਤ ਨੂੰ ਕਿਲ੍ਹਾ ਅਗੰਮਗੜ੍ਹ ’ਤੇ ਹਮਲਾ ਕੀਤਾ, ਜੋ ਅਨੰਦਪੁਰ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਚਰਨ ਗੰਗਾ ਚੋਅ ਦੇ ਦੂਜੇ ਪਾਸੇ, ਪਿੰਡ ਅਗੰਮਗੜ੍ਹ ’ਚ ਸੀ। ਇੱਥੇ ਵੀ ਥੋੜ੍ਹੇ ਹੀ ਸਿੰਘ ਸਨ। 4-5 ਘੰਟੇ ਚੱਲੀ ਲੜਾਈ ਤੋਂ ਬਾਅਦ ਅਜਮੇਰ ਚੰਦ ਤੇ ਉਸ ਦੇ ਸਾਥੀ ਭੱਜ ਗਏ।
ਉਸ ਰਾਤ ਅਜਮੇਰ ਚੰਦ ਨੇ ਪਹਾੜੀ ਰਾਜਿਆਂ ਤੇ ਵਜ਼ੀਰਾਂ ਦਾ ਇਕੱਠ ਕੀਤਾ। ਜਿਨ੍ਹਾਂ ’ਚ ਅਜਮੇਰ ਚੰਦ ਦਾ ਮਾਮਾ ਕੇਸਰੀ ਚੰਦ ਵੀ ਸੀ। ਕੇਸਰੀ ਚੰਦ ਨੇ ਲੋਹਗੜ੍ਹ ਕਿਲ੍ਹੇ ’ਤੇ ਹਮਲਾ ਕਰਨ ਲਈ ਆਖਿਆ, ਜਿੱਥੇ ਹਥਿਆਰ ਬਣਾਏ ਜਾਂਦੇ ਸਨ। ਇਸ ਕਿਲ੍ਹੇ ਦਾ ਦਰਵਾਜ਼ਾ ਸਭ ਤੋਂ ਵੱਧ ਮਜ਼ਬੂਤ ਸੀ। ਕੇਸਰੀ ਚੰਦ ਦੇ ਵਜ਼ੀਰ ਕਰਮ ਚੰਦ ਨੇ ਇਹ ਲੜਾਈ ਕਰਨ ਤੋਂ ਰੋਕਿਆ, ਪਰ ਉਸ ਦੀ ਕਿਸੇ ਨੇ ਨਾ ਸੁਣੀ। ਅਜਮੇਰ ਚੰਦ ਨੇ ਆਪਣੇ ਬ੍ਰਾਹਮਣ ਵਜ਼ੀਰ ਪਰਮਾ ਨੰਦ ਦੀ ਸਲਾਹ ’ਤੇ ਇਕ ਹਾਥੀ ਨੂੰ ਸ਼ਰਾਬ ਪਿਆ ਕੇ, ਕਿਲ੍ਹੇ ਦਾ ਦਰਵਾਜ਼ਾ ਤੋੜਣ ਲਈ ਭੇਜਣ ਦਾ ਫ਼ੈਸਲਾ ਕੀਤਾ। ਕੇਸਰੀ ਚੰਦ ਨੇ ਇਹ ਐਲਾਨ ਵੀ ਕੀਤਾ ਕਿ ‘ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲਾਹ ਕੇ ਲਿਆਵਾਂਗਾ, ਨਹੀ ਤਾਂ ਮੈਂ ਵਾਪਸ ਘਰ ਨਹੀਂ ਮੁੜਾਂਗਾ’। ਗੁਰੂ ਸਾਹਿਬ ਨੇ ਮਜੀਠੇ ਦੇ ਦੁਨੀ ਚੰਦ ਧਾਲੀਵਾਲ ਮਸੰਦ (ਜੋ ਬੜੇ ਭਾਰੇ ਜਿਸਮ ਵਾਲਾ ਸੀ) ਨੂੰ ਕਿਹਾ ਕਿ ਉਹ ਸ਼ਰਾਬੀ ਹਾਥੀ ਨੂੰ ਰੋਕੇ। ਬੁਜ਼ਦਿਲ ਦੁਨੀ ਚੰਦ ਡਰਦਾ ਮਾਰਾ ਰਾਤ ਨੂੰ ਕਿਲ੍ਹੇ ਦੀ ਕੰਧ ਤੋਂ ਰੱਸੇ ਨਾਲ ਉਤਰ ਕੇ ਭੱਜ ਗਿਆ। ਇਸ ਮਗਰੋਂ ਭਾਈ ਬਚਿਤਰ ਸਿੰਘ ਨੇ ਗੁਰੂ ਸਾਹਿਬ ਤੋਂ ਹਾਥੀ ਦਾ ਮੁਕਾਬਲਾ ਕਰਨ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਉਸ ਨੂੰ ਆਪਣਾ ‘ਨਾਗਨੀ ਬਰਛਾ’ ਦੇ ਕੇ ਭੇਜਿਆ। ਭਾਈ ਉਦੈ ਸਿੰਘ ਨੇ ਜਸਵਾਰੀਏ ਰਾਜੇ ਕੇਸਰੀ ਚੰਦ ਨੂੰ ਸੋਧਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਉਸ ਨੂੰ ‘ਕਰਪਾ’ ਨਾਂ ਦਾ ਬਰਛਾ ਦੇ ਕੇ ਥਾਪਣਾ ਦਿੱਤੀ। ਸਵੇਰ ਚੜ੍ਹਨ ਤੋਂ ਪਹਿਲਾਂ ਦੋਵੇਂ ਭਰਾ ਕਿਲ੍ਹਾ ਲੋਹਗੜ੍ਹ ਦੇ ਬਾਹਰ ਆ ਖਲੋਤੇ।
ਅਗਲੇ ਦਿਨ ਜਦ ਮਦਮਸਤ ਹਾਥੀ ਲੋਹਗੜ੍ਹ ਵੱਲ ਵਧਿਆ ਤਾਂ ਭਾਈ ਬਚਿਤਰ ਸਿੰਘ ਨੇ ਜ਼ੋਰ ਨਾਲ਼ ਬਰਛੇ ਨੂੰ ਹਾਥੀ ਦੇ ਮੱਥੇ ’ਚ ਮਾਰਿਆ ਤੇ ਬਰਛਾ; ਹਾਥੀ ਦੇ ਮੱਥੇ ’ਤੇ ਬੰਨ੍ਹੀਆਂ ਤਵੀਆਂ ਵਿੰਨ੍ਹ ਕੇ ਅੰਦਰ ਤਕ ਧਸ ਗਿਆ। ਭਾਈ ਸਾਹਿਬ ਨੇ ਇਕ ਦਮ ਜ਼ੋਰ ਨਾਲ ਬਰਛੇ ਨੂੰ ਵਾਪਸ ਵੀ ਖਿੱਚ ਲਿਆ। ਹਾਥੀ ਦਰਦ ਨਾਲ ਚਿੰਘਾੜਦਾ ਪਿੱਛੇ ਵੱਲ ਨੂੰ ਭੱਜਿਆ। ਜਿਸ ਦੇ ਪੈਰਾਂ ਹੇਠ ਆ ਕੇ ਬਹੁਤ ਸਾਰੇ ਪਹਾੜੀ ਫ਼ੌਜੀ ਮਰ ਗਏ। ਓਧਰ ਭਾਈ ਉਦੈ ਸਿੰਘ ਨੇ ਤੇਜ਼ੀ ਨਾਲ ਘੋੜਾ ਦੌੜਾ ਕੇ ਕੇਸਰੀ ਚੰਦ ਨੂੰ ਜਾ ਲਲਕਾਰਿਆ ਕਿ ‘ਤੂੰ ਗੁਰੂ ਸਾਹਿਬ ਦਾ ਸਿਰ ਲੈਣ ਆਇਆ ਸੀ। ਲੈ ਪਹਿਲੋਂ ਆਪਣਾ ਸਿਰ ਬਚਾਅ’। ਐਨਾ ਕਹਿ ਕੇ ਭਾਈ ਸਾਹਿਬ ਨੇ ਕਿਰਪਾਨ ਦੇ ਇੱਕੋ ਵਾਰ ਨਾਲ ਉਸ ਦਾ ਸਿਰ ਵੱਢ ਲਿਆ ਤੇ ਨੇਜ਼ੇ ’ਤੇ ਟੰਗ ਅਨੰਦਗੜ੍ਹ ਕਿਲੇ੍ਹ ਅੰਦਰ ਗੁਰੂ ਸਾਹਿਬ ਦੇ ਪੈਰਾਂ ’ਚ ਜਾ ਰੱਖਿਆ। ਭਾਈ ਮਨੀ ਸਿੰਘ, ਭਾਈ ਸ਼ੇਰ ਸਿੰਘ ਤੇ ਭਾਈ ਨਾਹਰ ਸਿੰਘ ਦੀ ਅਗਵਾਈ ’ਚ ਸਿੰਘਾਂ ਨੇ ਵੀ ਬਹੁਤ ਸਾਰੇ ਪਹਾੜੀ ਫ਼ੌਜੀ ਮਾਰ ਦਿੱਤੇ। ਲੋਹਗੜ੍ਹ ਦੇ ਬਾਹਰ ਚਰਨ ਗੰਗਾ ਦੇ ਮੈਦਾਨ ’ਚ ਪਹਾੜੀ ਫ਼ੌਜੀਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ। ਇਸ ਮਗਰੋਂ ਅਜਮੇਰ ਚੰਦ ਤੇ ਉਸ ਦੇ ਸਾਥੀ ਪਹਾੜੀ ਰਾਜੇ; ਆਪਣੇ ਮਰੇ ਪਏ ਫ਼ੌਜੀਆਂ ਨੂੰ ਦਰੜਦੇ ਹੋਏ ਭੱਜ ਗਏ।
ਦੋ ਕੁ ਮਹੀਨਿਆਂ ਬਾਅਦ 8 ਅਕਤੂਬਰ 1700 ਨੂੰ ਅਜਮੇਰ ਚੰਦ ਨੇ ਨਿਰਮੋਹਗੜ੍ਹ ’ਚ ਗੁਰੂ ਜੀ ’ਤੇ ਫਿਰ ਹਮਲਾ ਕਰ ਦਿੱਤਾ। ਉਸ ਕੋਲ਼ ਗੋਲ਼ਾ ਬਰੂਦ ਕਾਫ਼ੀ ਸੀ ਤੇ ਫ਼ੌਜ ਦੀ ਗਿਣਤੀ ਵੀ ਬਹੁਤ ਸੀ। ਗੁਰੂ ਜੀ ਕੋਲ਼ ਗਿਣਵੇਂ ਸਿੰਘ ਸਨ। ਫਿਰ ਵੀ ਸਿੰਘ ਸੀਸ ਤਲੀ ’ਤੇ ਰੱਖ ਕੇ ਲੜੇ। ਇਸ ਲੜਾਈ ’ਚ ਬਹੁਤ ਸਾਰੇ ਪਹਾੜੀ ਫ਼ੌਜੀ ਮਾਰੇ ਗਏ ਤੇ ਉਹ ਮੈਦਾਨ ਛੱਡ ਭੱਜ ਗਏ।
ਇਸ ਹਾਰ ਮਗਰੋਂ ਅਜਮੇਰ ਚੰਦ ਨੇ ਸਰਹੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨੂੰ ਗੁਰੂ ਸਾਹਿਬ ਖ਼ਿਲਾਫ਼ ਵਰਤਣ ਦੀ ਤਰਕੀਬ ਬਣਾਈ। ਉਸ ਨੇ ਆਪਣੇ ਵਜ਼ੀਰ ਪੰਡਿਤ ਪਰਮਾਨੰਦ ਨੂੰ ਸਰਹੰਦ ਭੇਜਿਆ। ਜਿਸ ਨੇ ਵਜ਼ੀਰ ਖ਼ਾਨ ਨੂੰ ਖ਼ਬਰ ਦਿੱਤੀ ਕਿ ਇਸ ਵਕਤ ਗੁਰੂ ਗੋਬਿੰਦ ਸਿੰਘ ਇਕ ਪਹਾੜੀ ’ਤੇ ਤੰਬੂ ਗੱਡ ਕੇ ਬੈਠੇ ਹਨ। ਉਸ ਕੋਲ਼ ਬਹੁਤ ਥੋੜ੍ਹੇ ਸਿੱਖ ਹਨ। ਪਰਮਾਨੰਦ ਨੇ ਅਜਮੇਰ ਚੰਦ ਵੱਲੋਂ ਭੇਜੀ ਕੁਝ ਰਕਮ ਵੀ ਵਜ਼ੀਰ ਖ਼ਾਨ ਨੂੰ ਭੇਂਟ ਕੀਤੀ। ਵਜ਼ੀਰ ਖ਼ਾਨ ਨੇ ਆਪਣੇ ਇਕ ਜਰਨੈਲ ਰੁਸਤਮ ਖ਼ਾਨ ਤੇ ਉਸ ਦੇ ਭਰਾ ਨਾਸਰ ਖ਼ਾਨ ਅਲੀ ਨੂੰ ਫ਼ੌਜ ਦੇ ਕੇ ਨਿਰਮੋਹਗੜ੍ਹ ਵੱਲ ਭੇਜਿਆ। ਨਾਸਰ ਖ਼ਾਨ ਨੇ ਗੁਰੂ ਜੀ ਵੱਲ ਤੋਪ ਦਾ ਗੋਲ਼ਾ ਮਾਰਿਆ, ਜਿਸ ਨਾਲ਼ ਗੁਰੂ ਜੀ ਦਾ ਚੌਰ-ਬਰਦਾਰ ਭਾਈ ਰਾਮ ਸਿੰਘ ਕਸ਼ਮੀਰੀ ਸ਼ਹੀਦ ਹੋ ਗਿਆ। ਗੁਰੂ ਜੀ ਨੇ ਤੁਰੰਤ ਸ਼ਿਸਤ ਬੰਨ੍ਹ ਕੇ ਐਸਾ ਤੀਰ ਮਾਰਿਆ ਕਿ ਰੁਸਤਮ ਖ਼ਾਨ ਥਾਂ ’ਤੇ ਹੀ ਮਰ ਗਿਆ ਤੇ ਭਾਈ ਉਦੈ ਸਿੰਘ ਦੇ ਤੀਰ ਨਾਲ ਨਾਸਰ ਖ਼ਾਨ ਵੀ ਮਾਰਿਆ ਗਿਆ।
ਮੁਗ਼ਲ ਫ਼ੌਜਾਂ ਦੀ ਇਸ ਹਾਰ ਮਗਰੋਂ ਅਜਮੇਰ ਚੰਦ ਫਿਰ ਆਪ ਫ਼ੌਜ ਲੈ ਕੇ ਨਿਰਮੋਹਗੜ੍ਹ ਆ ਗਿਆ। ਉਸ ਨੇ ਚੋਹਾਂ ਪਾਸਿਆਂ ਤੋਂ ਕਿਲ੍ਹੇ ਦੀ ਨਾਕਾਬੰਦੀ ਕਰ ਲਈ। ਗੁਰੂ ਜੀ ਨੇ ਸਿੰਘਾਂ ਨੂੰ 4 ਜਥਿਆਂ ’ਚ ਵੰਡ ਕੇ ਦੁਸ਼ਮਣ ਦੀਆਂ ਫ਼ੌਜਾਂ ਦਾ ਜ਼ਬਰਦਸਤ ਮੁਕਾਬਲਾ ਕੀਤਾ। 6-7 ਘੰਟੇ ਚੱਲੀ ਲੜਾਈ ਤੋਂ ਬਾਅਦ ਅਜਮੇਰ ਚੰਦ ਭੱਜ ਗਿਆ।
ਗੁਰੂ ਜੀ 15 ਅਕਤੂਬਰ ਨੂੰ ਸੁਬ੍ਹਾ ਨਿਰਮੋਹਗੜ੍ਹ ਤੋਂ ਸਤਲੁਜ ਦਰਿਆ ਵੱਲ ਚੱਲ ਪਏ ਤਾਂ ਜੋ ਦਰਿਆ ਪਾਰ ਕਰ ਕੇ ਬਸਾਲੀ ਜਾ ਸਕਣ। ਅਜਮੇਰ ਚੰਦ ਨੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਨੇ ਸਿੱਖ ਫ਼ੌਜਾਂ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਤੇ ਆਪ ਦਰਿਆ ਪਾਰ ਕਰ ਗਏ। ਇੱਧਰ ਭਾਈ ਉਦੈ ਸਿੰਘ ਦੀ ਅਗਵਾਈ ’ਚ ਸਿੰਘਾਂ ਨੇ ਤੀਰਾਂ ਤੇ ਗੋਲ਼ੀਆਂ ਦਾ ਐਸਾ ਮੀਂਹ ਵਰ੍ਹਾਇਆ ਕਿ ਦੁਸ਼ਮਣਾਂ ਦੀ ਤੌਬਾ ਕਰਾ ਦਿੱਤੀ। ਜਦੋਂ ਸਾਰੀ ਫ਼ੌਜ ਸਤਲੁਜ ਦਰਿਆ ਪਾਰ ਕਰ ਗਈ ਤਾਂ ਭਾਈ ਉਦੈ ਸਿੰਘ ਵੀ ਪਾਰ ਕਰ ਗੁਰੂ ਜੀ ਨਾਲ਼ ਜਾ ਮਿਲੇ।
ਸ਼ਾਮ ਨੂੰ ਗੁਰੂ ਜੀ ਬਸਾਲੀ ਪਹੁੰਚ ਗਏ। ਜਿੱਥੇ ਲੋਕਾਂ ਨੇ ਗੁਰੂ ਜੀ ਨੂੰ ਬੜੀ ਗਰਮ-ਜੋਸ਼ੀ ਨਾਲ ਜੀ ਆਇਆਂ ਕਿਹਾ। ਗੁਰੂ ਜੀ ਰਾਜਾ ਸਲਾਹੀ ਚੰਦ ਦੇ ਮਹਿਲ ’ਚ ਰਹੇ ਤੇ ਸਿੰਘਾਂ ਲਈ ਪਹਾੜੀ ਦੇ ਹੇਠਾਂ ਤੰਬੂ ਲਾ ਦਿੱਤੇ। ਇੱਥੇ ਹੀ ਗੁਰੂ ਜੀ 20 ਅਕਤੂਬਰ ਨੂੰ ਸ਼ਿਕਾਰ ਖੇਡਣ ਲਈ ਨੇੜੇ ਦੀਆਂ ਪਹਾੜੀਆਂ ’ਤੇ ਗਏ। ਇਕ ਬਘਿਆੜ ਦਾ ਪਿੱਛਾ ਕਰਦੇ ਆਪ ਬਸਾਲੀ ਤੋਂ 24 ਕਿਲੋਮੀਟਰ ਦੂਰ ਖੇੜਾ ਤੇ ਕਲਮੋਟ ਪਿੰਡਾਂ ਦੀਆਂ ਪਹਾੜੀਆਂ ’ਤੇ ਆ ਪੁੱਜੇ। ਏਥੇ ਕਲਮੋਟ ਦੇ ਰੰਘੜਾਂ ਅਤੇ ਗੁੱਜਰਾਂ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ। ਭਾਈ ਜੀਵਨ ਸਿੰਘ (ਪੁੱਤਰ ਭਾਈ ਪ੍ਰੇਮਾ, ਪੋਤਾ ਭਾਈ ਮੂਲਾ, ਇੰਜ ਰਿਸ਼ਤੇ ’ਚ ਉਹ ਭਾਈ ਮਨੀ ਸਿੰਘ ਦਾ ਚਾਚਾ ਲੱਗਦਾ ਸੀ) ਮਾਰਿਆ ਗਿਆ। ਇਸ ਮਗਰੋਂ ਸਿੱਖਾਂ ਨੇ ਕਲਮੋਟੀਆਂ ਨੂੰ ਖ਼ੂਬ ਸਬਕ ਸਿਖਾਇਆ ਤੇ ਅਖ਼ੀਰ ਰੰਘੜਾਂ ਅਤੇ ਗੁੱਜਰਾਂ ਨੇ ਗੁਰੂ ਜੀ ਤੋਂ ਮਾਫ਼ੀ ਮੰਗ ਲਈ।
15 ਮਾਰਚ 1701 ਨੂੰ ਦੜਪ ਦੇਸ਼ (ਰਾਵੀ ਤੇ ਝਨਾਂ ਦੇ ਵਿਚਕਾਰਲਾ ਇਲਾਕਾ) ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਈ ਤਾਂ ਰਾਹ ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਰੌੜ (ਚੱਬੇਵਾਲ ਦੇ ਨੇੜੇ, ਇਸ ਨੂੰ ਬਜਰਾਵੜ ਵੀ ਕਹਿੰਦੇ ਹਨ) ਦੇ ਗੁੱਜਰਾਂ ਤੇ ਰੰਘੜਾਂ ਨੇ ਉਸ ਨੂੰ ਲੁੱਟ ਲਿਆ। ਇਹ ਸਿੱਖ ਵੀ ਬੇਪਾਹੁਲੀਏ ਹੋਣ ਕਾਰਨ ਕਿਰਪਾਨਾਂ ਤੋਂ ਖ਼ਾਲੀ ਸਨ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੂੰ 100 ਸਿੰਘਾਂ ਸਮੇਤ (ਅਨੰਦਪੁਰ ਸਾਹਿਬ ਤੋਂ 70 ਕਿਲੋਮੀਟਰ ਦੂਰ) ਬਜਰੌੜ/ਬਜਰਾਵੜ ਦੇ ਲੁਟੇਰਿਆਂ ਨੂੰ ਸਜ਼ਾ ਦੇਣ ਲਈ ਭੇਜਿਆ। 17 ਮਾਰਚ 1701 ਨੂੰ ਇਨ੍ਹਾਂ ਨੇ ਪਿੰਡ ਦੇ ਲੁਟੇਰੇ ਮੁਖੀਆਂ (ਚਿੱਤੂ ਤੇ ਮਿੱਤੂ) ਨੂੰ ਸਖ਼ਤ ਸਜ਼ਾ ਦਿੱਤੀ। ਇਸ ਘਟਨਾ ਤੋਂ ਮਗਰੋਂ ਫਿਰ ਕੋਈ ਸ਼ਿਕਾਇਤ ਅਨੰਦਪੁਰ ਨਾ ਪਹੁੰਚੀ।
ਜਨਵਰੀ 1703 ’ਚ ਗੁਰੂ ਸਾਹਿਬ ਕੁਰੂਕਸ਼ੇਤਰ ਗਏ। ਵਾਪਸੀ ’ਤੇ 13 ਜਨਵਰੀ 1703 ਨੂੰ ਰਾਜਾ ਅਜਮੇਰ ਚੰਦ ਦੀ ਸ਼ਹਿ ’ਤੇ ਸੈਦ ਬੇਗ਼ ਤੇ ਅਲਫ਼ ਖ਼ਾਨ ਨੇ ਚਮਕੌਰ ਦੇ ਨੇੜੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਨਾਲ ਮਾਤਾ ਗੁਜਰੀ, ਦੋਵੇਂ ਮਹਿਲ (ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ) ਤੇ 125 ਕੁ ਸਿੰਘ ਸਨ। ਭਾਈ ਉਦੈ ਸਿੰਘ ਤੇ ਹੋਰ ਯੋਧਿਆਂ ਨੇ ਹਮਲਾਵਰਾਂ ਦੀ ਚੰਗੀ ਖੁੰਭ ਠੱਪੀ। ਉਨ੍ਹਾਂ ਨੇ ਦੌੜ ਕੇ ਆਪਣੀ ਜਾਨ ਬਚਾਈ।
ਮਾਰਚ 1703 ’ਚ ਦੇਵਕੀ ਦਾਸ ਨਾਂ ਦਾ ਇਕ ਬ੍ਰਾਹਮਣ ਅਨੰਦਪੁਰ ਸਾਹਿਬ ਆਇਆ ਤੇ ਫ਼ਰਿਆਦ ਕੀਤੀ ਕਿ ਉਸ ਦੀ ਬੀਵੀ ਨੂੰ ਦੁਆਬੇ ਦਾ ਚੌਧਰੀ ਜਬਰ ਖ਼ਾਨ ਚੁੱਕ ਕੇ ਲੈ ਗਿਆ। ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੂੰ 100 ਸਿੰਘਾਂ ਸਮੇਤ ਉਸ ਦੀ ਪਤਨੀ ਛੁਡਾਉਣ ਲਈ ਭੇਜਿਆ। ਇਨ੍ਹਾਂ ਨੇ 7 ਮਾਰਚ ਨੂੰ ਅਨੰਦਪੁਰ ਸਾਹਿਬ ਤੋਂ 70 ਕਿਲੋਮੀਟਰ ਦੂਰ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਘੇਰਾ ਪਾ ਲਿਆ। ਜਬਰ ਜੰਗ ਖ਼ਾਨ ਨੇ ਬ੍ਰਾਹਮਣੀ ਵਾਪਸ ਕਰਨ ਦੀ ਥਾਂ ਟਾਕਰਾ ਕੀਤਾ। ਲੜਾਈ ’ਚ ਜਬਰ ਜੰਗ ਖ਼ਾਨ ਮਾਰਿਆ ਗਿਆ ਤੇ ਬ੍ਰਾਹਮਣ ਨੂੰ ਉਸ ਦੀ ਪਤਨੀ ਵਾਪਸ ਕਰ ਦਿੱਤੀ। ਜਦ ਇਹ ਖ਼ਬਰ ਲੋਕਾਂ ’ਚ ਪਹੁੰਚੀ ਤਾਂ ਸਿੱਖਾਂ ਦੀ ਬਹੁਤ ਤਾਰੀਫ਼ ਕੀਤੀ, ਪਰ ਅਜਮੇਰ ਚੰਦ ਹੋਰ ਸੜ-ਬਲ਼ ਗਿਆ।
16 ਜਨਵਰੀ 1704 ਨੂੰ ਅਜਮੇਰ ਚੰਦ, ਹੰਡੂਰੀ ਰਾਜਾ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਫ਼ੌਜਾਂ ਸਮੇਤ ਅਨੰਦਪੁਰ ਸਾਹਿਬ ’ਤੇ ਹਮਲਾ ਕਰ ਦਿੱਤਾ। ਭਾਈ ਮਾਨ ਸਿੰਘ ਨਿਸ਼ਾਨਚੀ ਨੇ ਨਿਸ਼ਾਨ ਸਾਹਿਬ ਨੂੰ ਜ਼ਮੀਨ ’ਚ ਗੱਡ ਕੇ ਲੜਾਈ ਲੜੀ। ਲੜਾਈ ’ਚ ਜ਼ਖ਼ਮੀ ਹੋ ਕੇ ਜਦ ਉਹ ਜ਼ਮੀਨ ’ਤੇ ਡਿੱਗਿਆ ਤਾਂ ਨਿਸ਼ਾਨ ਸਾਹਿਬ ਵੀ ਟੁੱਟ ਕੇ ਡਿੱਗ ਪਿਆ। ਸ਼ਾਮ ਤੱਕ ਕਈ ਫ਼ੌਜੀ ਮਰਵਾ ਕੇ ਅਜਮੇਰ ਚੰਦ ਭੱਜ ਗਿਆ।
13 ਮਾਰਚ 1705 ਦੇ ਦਿਨ ਅਜਮੇਰ ਚੰਦ ਨੇ ਹੰਡੂਰੀ ਫ਼ੌਜਾਂ ਸਮੇਤ ਅਨੰਦਪੁਰ ਸਾਹਿਬ ’ਤੇ ਫਿਰ ਹਮਲਾ ਕੀਤਾ। ਇਹ ਲੜਾਈ ਦੋ ਦਿਨ ਚੱਲੀ। ਅਜਮੇਰ ਚੰਦ ਇੱਥੋਂ ਭੀ ਹਾਰ ਕੇ ਭੱਜ ਗਿਆ। ਇੱਥੋਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਕਿ ਅਜਮੇਰ ਚੰਦ; ਹੰਡੂਰ ਤੇ ਹੋਰ ਪਹਾੜੀ ਰਾਜਿਆਂ ਨੂੰ ਨਾਲ ਰਲ਼ਾ ਸੂਬਾ ਸਰਹਿੰਦ ਦੀ ਮਦਦ ਨਾਲ ਇਕ ਵੱਡੇ ਹਮਲੇ ਦੀ ਤਿਆਰੀ ’ਚ ਹੈ। ਗੁਰੂ ਸਾਹਿਬ ਨੇ 29 ਮਾਰਚ 1705 ਨੂੰ ਅਨੰਦਪੁਰ ਸਾਹਿਬ ’ਚ ਰਹਿ ਰਹੇ ਸਾਰੇ ਸਿੰਘਾਂ ਨੂੰ ਇਕੱਠਾ ਕਰ ਕਿਹਾ ਕਿ ਸਾਰੇ ਗ੍ਰਹਿਸਤੀ ਸਿੰਘ ਆਪਣੇ ਬੀਵੀ ਬੱਚਿਆਂ ਨੂੰ ਲੈ ਕੇ ਆਪੋ-ਆਪਣੇ ਵਤਨਾਂ ਨੂੰ ਚਲੇ ਜਾਣ। ਦੋਹਾਂ ਮਾਤਾਵਾਂ (ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ) ਨੂੰ ਵੀ ਭਾਈ ਜੇਠਾ ਸਿੰਘ ਤੇ ਬੀਬੀ ਤਾਰਾ ਕੌਰ ਦੇ ਨਾਲ ਬੁਰਾਹਨਪੁਰ ਵੱਲ ਭੇਜ ਦਿੱਤਾ। (ਇਤਿਹਾਸਕਾਰ ਡਾ. ਦਿਲਗੀਰ ਅਨੁਸਾਰ ਮਾਤਾਵਾਂ ਦੇ ਨਾਲ਼ ਭਾਈ ਮਨੀ ਸਿੰਘ ਨਹੀਂ ਗਏ ਸਨ ਕਿਉਂਕਿ ਤਦ ਉਹ ਗੁਰੂ ਦੇ ਚੱਕ (ਅੰਮ੍ਰਿਤਸਰ) ਦੀ ਸੇਵਾ-ਸੰਭਾਲ ਕਰਦੇ ਸਨ) ਹੁਣ ਅਨੰਦਪੁਰ ਸਾਹਿਬ ’ਚ ਗੁਰੂ ਸਾਹਿਬ, ਮਾਤਾ ਗੁਜਰੀ, ਚਾਰ ਸਾਹਿਬਜ਼ਾਦੇ ਤੇੇ 500 ਕੁ ਸਿੰਘ ਹੀ ਰਹਿ ਗਏ ਸਨ।
3 ਮਈ 1705 ਦੇ ਦਿਨ ਅਜਮੇਰ ਚੰਦ ਨੇ ਭੀ ਹਜ਼ਾਰਾਂ ਫ਼ੌਜਾਂ ਨਾਲ ਅਨੰਦਪੁਰ ਸਾਹਿਬ ਨੂੰ ਘੇਰ ਲਿਆ। ਗੁਰੂ ਸਾਹਿਬ ਨੇ ਸਾਰੇ ਕਿਲ੍ਹਿਆਂ ’ਚ ਪੂਰੀ ਤਕੜਾਈ ਕੀਤੀ ਹੋਈ ਸੀ, ਪਰ ਓਥੇ ਅਨਾਜ ਬਹੁਤਾ ਨਹੀਂ ਸੀ। ਇਸ ਘੇਰੇ ਤੋਂ ਕੁਝ ਹੋਰ ਦੂਰ ਹੰਡੂਰੀ ਫ਼ੌਜਾਂ, ਗੁੱਜਰਾਂ, ਰੰਘੜਾਂ ਤੇ ਸਰਹੰਦੀ ਫ਼ੌਜਾਂ ਭੀ ਆ ਪਹੁੰਚੀਆਂ। ਹੌਲ਼ੀ-ਹੌਲ਼ੀ ਸਿੰਘ ਛੋਲਿਆਂ ਦੀ ਰੋਜ਼ਾਨਾ ਇਕ ਮੁੱਠ ਨਾਲ ਗੁਜ਼ਾਰਾ ਕਰਨ ਲੱਗੇ। 4 ਦਸੰਬਰ 1705 ਨੂੰ ਕੁਰਾਨ ਸ਼ਰੀਫ਼ ਦੀ ਜਿਲਦ ’ਤੇ ਲੱਗੀ ਔਰੰਗਜ਼ੇਬ ਦੀ ਇਕ ਚਿੱਠੀ ਲੈ ਕੇ ਸਮਾਣੇ ਦਾ ਰਹਿਣ ਵਾਲਾ ਸ਼ਾਹੀ ਕਾਜ਼ੀ ਅਨੰਦਪੁਰ ਸਾਹਿਬ ਆਇਆ। ਉਸ ਅੰਦਰ ਔਰੰਗਜ਼ੇਬ ਨੇ ਲਿਖਿਆ ਸੀ ਕਿ ਗੁਰੂ ਜੀ ਅਨੰਦਪੁਰ ਛੱਡ ਕੇ ਕਾਂਗੜ ਕਸਬੇ ’ਚ ਆ ਜਾਣ। ਉੱਥੇ ਆਉਣ ਮਗਰੋਂ ਹਾਲਾਤ ’ਤੇ ਵਿਚਾਰਾਂ ਕੀਤੀਆ ਜਾਣਗੀਆਂ। ਇਹ ਵੀ ਕਿਆਸ ਹੈ ਕਿ ਇਹ ਚਿੱਠੀ ਪਹਾੜੀ ਰਾਜਿਆਂ ਜਾ ਸਰਹਿੰਦ ਦੇ ਸੂਬੇਦਾਰ ਨੇ ਜਾਅਲੀ ਤਿਆਰ ਕਰਵਾਈ ਸੀ। ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਤੇ ਹੋਰ ਮੁਖੀ ਸਿੰਘਾਂ ਨਾਲ ਵਿਚਾਰ ਕੀਤੀ। 5 ਦਸੰਬਰ (੬ ਪੋਹ) ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕਰ ਲਿਆ, ਪਰ ਪਹਾੜੀ ਫ਼ੌਜਾਂ ਨੇ ਖਾਧੀਆਂ ਕਸਮਾਂ ਨੂੰ ਭੁਲਾ ਕੇ 6 ਦਸੰਬਰ (੭ ਪੋਹ) ਨੂੰ ਗੁਰੂ ਪਰਵਾਰ ਅਤੇ ਸਿੰਘਾਂ ਉੱਤੇ ਪਿੱਛੇ ਤੋਂ ਹਮਲਾ ਕਰ ਦਿੱਤਾ। ਸਰਸਾ ਨਦੀ ਨੂੰ ਪਾਰ ਕਰਨ ਸਮੇਂ ਗੁਰੂ ਦਾ ਪਰਵਾਰ ਅਤੇ ਸਿੱਖ; ਕਈਆਂ ਹਿੱਸੀਆਂ ’ਚ ਵੰਡੇ ਗਏ। ਕਈ ਸਿੱਖ ਜਰਨੈਲ ਸ਼ਹੀਦ ਹੋ ਗਏ, ਜਿਨ੍ਹਾਂ ’ਚ ਭਾਈ ਓਦੈ ਸਿੰਘ, ਭਾਈ ਜੀਵਨ ਸਿੰਘ (ਜੈਤਾ ਜੀ, ਜੋ ਦਿੱਲੀ ਤੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ ਸਨ), ਭਾਈ ਬਚਿਤਰ ਸਿੰਘ ਜੀ, ਆਦਿ। ਗੁਰੂ ਜੀ 45 ਕੁ ਸਿੰਘਾਂ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਸਾਹਿਬ ਵੱਲ ਆ ਗਏ। ਜਿੱਥੇ ਦੋ ਦਿਨ ਦੁਨੀਆਂ ਦੀ ਅਨੋਖੀ ਲੜਾਈ ਹੋਈ। ਇੱਕ ਪਾਸੇ ਭੁੱਖੇ ਭਾਣੇ ਗਿਣਤੀ ਦੇ ਸਿੰਘ ਅਤੇ ਦੂਜੇ ਪਾਸੇ 10 ਲੱਖ ਮੁਗਲ਼ ਤੇ ਪਹਾੜੀ ਹਿੰਦੂ ਰਾਜਿਆਂ ਦੀ ਫ਼ੌਜ ਸੀ। 5-5 ਸਿੰਘਾਂ ਦੇ ਜਥੇ ਨਾਲ਼ ਚਮਕੌਰ ਦੀ ਗੜੀ ’ਚੋਂ ਬਾਹਰ ਆ ਕੇ ਲੜਨ ਵਾਲ਼ੇ ਸਿੰਘ ਅਨੇਕਾਂ ਮੁਗਲ਼ ਫ਼ੌਜਾਂ ਨੂੰ ਮਾਰ ਕੇ ਸ਼ਹੀਦੀਆਂ ਪਾਉਂਦੇ ਰਹੇ। 7 ਦਸੰਬਰ (੮ ਪੋਹ) ਨੂੰ ਸਾਰਾ ਦਿਨ ਚੱਲੀ ਗਹਿਗੱਚ ਲੜਾਈ ’ਚ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ 30 ਦੇ ਕਰੀਬ ਸਿੰਘ ਸ਼ਹੀਦ ਹੋ ਗਏ। ਆਖ਼ਿਰ ਬਾਕੀ ਬਚੇ ਕੁਝ ਸਿੰਘਾਂ ਦੁਆਰਾ ਕੀਤੇ ਇੱਕ ਗੁਰਮਤੇ ਨਾਲ਼ ਗੁਰੂ ਸਾਹਿਬ ਜੀ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਲਗਾ ਕੇ ਪੰਜ ਸਿੰਘਾਂ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ (ਦੋਵੇਂ ਪਿਆਰੇ), ਭਾਈ ਦਯਾ ਸਿੰਘ ਪੁਰੋਹਤ, ਭਾਈ ਮਾਨ ਸਿੰਘ ਨਿਸ਼ਾਨਚੀ ਅਤੇ ਭਾਈ ਰਾਮ ਸਿੰਘ ਪਰਮਾਰ) ਨਾਲ਼ ਗੜ੍ਹੀ ’ਚੋਂ ਬਾਹਰ ਨਿਕਲ ਕੇ ਭਾਈ ਨਬੀ ਖ਼ਾਨ ਤੇ ਗ਼ਨੀ ਖ਼ਾਨ ਕੋਲ਼ (22 ਕਿਲੋਮੀਟਰ ਦੂਰ) ਉਨ੍ਹਾਂ ਦੇ ਨਗਰ ਮਾਛੀਵਾੜਾ ਜਾ ਪੁੱਜੇ। 7 ਦਸੰਬਰ (੯ ਪੋਹ) ਨੂੰ ਭਾਈ ਸੰਗਤ ਸਿੰਘ ਜੀ ਸਮੇਤ ਸਾਰੇ ਸਿੰਘ ਸ਼ਹੀਦ ਹੋ ਗਏ। ਮੁਗਲ ਫ਼ੌਜਾਂ ਇੱਕ ਵੀ ਸਿੰਘ ਨੂੰ ਜਿਉਂਦਾ ਨਾ ਫੜ ਸਕੀਆਂ।
ਓਧਰ ਮਾਤਾ ਗੁਜਰੀ ਜੀ ਤੇ ਦੋ ਨਿੱਕੇ ਸਾਹਿਬਜ਼ਾਦੇ ਭੀ ਸਰਸਾ ਨਦੀ ਨੂੰ ਪਾਰ ਕਰ ਚਮਕੌਰ ਸਾਹਿਬ ਵੱਲ ਹੀ ਗਏ। ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਸਹੇੜੀ ਪਿੰਡ ਲੈ ਗਿਆ। ਜਿੱਥੇ ਲਾਲਚ ਵੱਸ ਰਾਤ ਨੂੰ ਉਸ ਨੇ ਮੋਹਰਾਂ ਦੀ ਥੈਲੀ ਚੁਰਾ ਲਈ। ਪੁੱਛਣ ’ਤੇ ਥਾਣੇ ਜਾ ਖ਼ਬਰ ਕੀਤੀ, ਜਿਨ੍ਹਾਂ ਨੂੰ ਪਕੜ ਕੇ ਸਰਹੰਦ ਲਿਆਂਦਾ ਗਿਆ। ਜਿੱਥੇ ਠੰਡੇ ਬੁਰਜ ’ਚ ਰੱਖ ਕੇ ਦਿੱਤੇ ਲਾਲਚ, ਤਸੀਹਿਆਂ ਤੋਂ ਬਾਅਦ 12 ਦਸੰਬਰ 1705 (੧੩ ਪੋਹ) ਨੂੰ ਨੀਹਾਂ ’ਚ ਚਿਣ ਦਿੱਤਾ ਗਿਆ, ਪਰ ਛੇਤੀ ਹੀ ਦੀਵਾਰ ਢਹਿ ਗਈ ਤੇ ਬੱਚੇ ਡਿੱਗ ਪਏ। ਉਹ ਅਜੇ ਜਿਊਂਦੇ ਸਨ। ਉਸ ਵੇਲੇ ਤਕ ਵਜ਼ੀਰ ਖ਼ਾਨ ਉਥੋਂ ਜਾ ਚੁੱਕਾ ਸੀ। ਜਦ ਉਸ ਨੂੰ ਇਸ ਦੀ ਖ਼ਬਰ ਦਿੱਤੀ ਗਈ ਤਾਂ ਉਸ ਨੇ ਇਨ੍ਹਾਂ ਦੋਹਾਂ ਦੀਆਂ ਗਰਦਨਾਂ ਕੱਟ ਦੇਣ ਦਾ ਹੁਕਮ ਦੇ ਦਿੱਤਾ। ਇਸੇ ਦਿਨ ਹੀ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਗਿਆ। ਟੋਡਰ ਮੱਲ ਦੇ ਪਰਵਾਰ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਇਨ੍ਹਾਂ ਦੇ ਸਸਕਾਰ ਕਰਨ ਲਈ ਜ਼ਮੀਨ ਖ਼ਰੀਦੀ, ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ (ਫ਼ਤਿਹਗੜ੍ਹ ਸਾਹਿਬ) ਸੁਸ਼ੋਭਿਤ ਹੈ।
ਗੁਰੂ ਗੋਬਿੰਦ ਸਿੰਘ ਨੇ ਦੀਨਾ-ਕਾਂਗੜ ਪਹੁੰਚ ਕੇ 22 ਦਸੰਬਰ 1705 ਦੇ ਦਿਨ ਔਰੰਗਜ਼ੇਬ ਦੇ ਨਾਂ ਇਕ ਖ਼ਤ ਲਿਖਿਆ, ਜਿਸ ਨੂੰ ਦੋ ਪਿਆਰਿਆਂ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ) ਰਾਹੀਂ ਔਰੰਗਜ਼ੇਬ ਨੂੰ ਔਰੰਗਾਬਾਦ ਵੱਲ ਭੇਜਿਆ ਗਿਆ। ‘ਗੁਰੂ ਕੀਆਂ ਸਾਖੀਆਂ’ ਮੁਤਾਬਕ ਖ਼ਤ ਲਿਖਣ ਦਾ ਕਾਰਨ ਅਨੰਦਪੁਰ ਸਾਹਿਬ ਵਿਖੇ ਮਿਲਿਆ ਇੱਕ ਔਰੰਗਜ਼ੇਬ ਦਾ ਲਿਖਿਆ ਖ਼ਤ ਸੀ, ਜਿਸ ਅੰਦਰ ਕਿਹਾ ਗਿਆ ਸੀ ਕਿ ਮੈਂ ਕਾਂਗੜ ਪਿੰਡ ਪਹੁੰਚਣ ਵਾਲਾ ਹਾਂ ਤੁਸੀਂ ਵੀ ਅਨੰਦਪੁਰ ਖਾਲੀ ਕਰ ਕੇ ਉੱਥੇ ਆ ਜਾਓ ਤੇ ਓਥੇ ਗਲਬਾਤ ਕਰਾਂਗੇ। ਜਦ ਗੁਰੂ ਜੀ ਦੀਨਾ ਕਾਂਗੜ ਪੁੱਜੇ ਤਾਂ ਔਰੰਗਜ਼ੇਬ ਉੱਥੇ ਨਾ ਮਿਲਿਆ। ਦਰਅਸਲ ਇਹ ਖ਼ਤ ਜਾਅਲੀ ਸੀ, ਜਿਸ ਨੂੰ ਸਮਾਣੇ ਦੇ ਇਕ ਪਠਾਣ ਨੇ ਔਰੰਗਜ਼ੇਬ ਦੇ ਨਾਂ ’ਤੇ ਲਿਖਿਆ ਸੀ।
ਦੀਨਾ-ਕਾਂਗੜ ਤੋਂ ਗੁਰੂ ਜੀ ਤਲਵੰਡੀ ਸਾਬੋ ਵੱਲ ਗਏ। ਗੁਰੂ ਜੀ ਕਈ ਸਿੰਘਾਂ ਸਮੇਤ ਖਿਦਰਾਣੇ ਦੀ ਢਾਬ (ਮੁਕਤਸਰ) ਵਿਖੇ ਪਹੁੰਚੇ, ਜਿੱਥੇ ਹੁਣ ਗੁਰਦੁਆਰਾ ਟਿੱਬੀ ਸਾਹਿਬ ਸੁਭਾਇਮਾਨ ਹੈ। ਪਿਛੇ ਪਿਛੇ ਸਰਹੰਦ ਦੀ ਫ਼ੌਜ ਵੀ ਉੱਥੇ ਆ ਪੁੱਜੀ। ਇਹ ਵੀ ਚਰਚਾ ਸੀ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਖ਼ੁਦ ਆਪ ਫ਼ੌਜ ਦੀ ਅਗਵਾਈ ਕਰ ਰਿਹਾ ਸੀ। ਇਹ ਭੀ ਕਿਆਸ ਹੈ ਕਿ ਚਮਕੌਰ ਸਾਹਿਬ ਵਿਖੇ ਸ਼ਹੀਦ ਹੋਏ ਭਾਈ ਸੰਗਤ ਸਿੰਘ ਜੀ ਦੇ ਸੀਸ ’ਤੇ ਕਲਗੀ ਵੇਖ ਸੂਬਾ ਸਰਹੰਦ ਖ਼ੁਸ਼ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਕਤਲ ਕਰ ਦਿੱਤਾ, ਇਸ ਲਈ ਖਿਦਰਾਣੇ ’ਚ ਮੁਗ਼ਲ ਫ਼ੌਜ ਬਹੁਤੀ ਨਹੀਂ ਸੀ। ਜਿਨ੍ਹਾਂ ਦੀ ਜੰਗ ਗੁਰੂ ਜੀ ਪਿਛੇ ਆ ਰਹੇ ਮਾਈ ਭਾਗ ਕੌਰ ਨਾਲ਼ 40 ਸਿੰਘਾਂ ਨਾਲ਼ ਹੋਈ। ਵੇਖਦਿਆਂ-ਵੇਖਦਿਆਂ ਹੀ ਦੋਹਾਂ ਪਾਸਿਆਂ ਤੋਂ ਗੋਲ਼ੀਆਂ ਤੇ ਤੀਰਾਂ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਫਿਰ ਸਿੱਖ ਕਿਰਪਾਨਾਂ ਨਾਲ਼ ਦੁਸ਼ਮਣ ਦੀ ਫ਼ੌਜ ’ਤੇ ਟੁੱਟ ਪਏ। ਗੁਰੂ ਸਾਹਿਬ ਵੀ ਇੱਕ ਉੱਚੀ ਜਗ੍ਹਾ ਬੈਠੇ ਤੀਰ ਚਲਾ ਰਹੇ ਸਨ। ਸਿੱਖਾਂ ਅਤੇ ਮਾਈ ਭਾਗੋ ਨੇ ਸਰਹੰਦੀ ਫ਼ੌਜ ਦੀ ਅਜਿਹੀ ਵੱਢ-ਟੁੱਕ ਕੀਤੀ ਕਿ ਉਨ੍ਹਾਂ ਨੂੰ ਅਲ੍ਹਾ ਚੇਤੇ ਕਰਵਾ ਦਿੱਤਾ। ਇਹ ਲੜਾਈ ਕਾਫ਼ੀ ਦੇਰ ਤੱਕ ਚਲਦੀ ਰਹੀ। ਆਖ਼ਿਰ ਬਹੁਤੇ ਸਿੰਘ ਸ਼ਹੀਦ ਹੋ ਗਏ। ਕੁੱਝ ਕੁ ਸਿੰਘ ਤੇ ਮਾਈ ਭਾਗ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ। ਮੁਗ਼ਲ ਫ਼ੌਜ ਨੂੰ ਦੱਸਿਆ ਗਿਆ ਸੀ ਕਿ ਇਸ ਤੋਂ ਅੱਗੇ ਕਿਤੇ ਪਾਣੀ ਨਹੀਂ ਮਿਲ ਸਕਣਾ ਤੇ ਫ਼ੌਜ ਪਿਆਸ ਨਾਲ ਮਰ ਜਾਵੇਗੀ। ਮੁਗ਼ਲ ਫ਼ੌਜਾਂ ਪਿੱਛੇ ਮੁੜ ਗਈਆਂ।
ਥੋੜ੍ਹੀ ਦੇਰ ਮਗਰੋਂ ਗੁਰੂ ਸਾਹਿਬ ਟਿੱਬੀ ਤੋਂ ਖਿਦਰਾਣੇ ਦੀ ਢਾਬ (ਜਿਸ ਨੂੰ ਉਨ੍ਹਾਂ ਈਸ਼ਰਸਰ ਦਾ ਨਾਂ ਦਿੱਤਾ) ਦੇ ਕੰਢੇ ’ਤੇ ਆ ਗਏ। ਉਸ ਵੇਲ਼ੇ ਤੱਕ 37 ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਸਿਰਫ਼ ਭਾਈ ਰਾਏ ਸਿੰਘ ਮੁਲਤਾਨੀ (ਭਰਾ ਭਾਈ ਮਨੀ ਸਿੰਘ), ਉਸ ਦਾ ਪੁੱਤਰ ਭਾਈ ਮਹਾਂ ਸਿੰਘ, ਭਾਈ ਸੁੰਦਰ ਸਿੰਘ ਬ੍ਰਾਹਮਣ (ਵਾਸੀ ਪਿੰਡ ਝੱਲੀਆਂ ਵਾਲਾ) ਅਤੇ ਮਾਈ ਭਾਗ ਕੌਰ ਸਿਸਕ ਰਹੇ ਸਨ। ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਨਿਸ਼ਾਨਚੀ ਨੂੰ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕਰਨ ਲਈ ਕਿਹਾ ਤੇ ਆਪ ਸਹਿਕ ਰਹੇ ਸਿੱਖਾਂ ਕੋਲ ਬੈਠ ਗਏ। ਗੁਰੂ ਸਾਹਿਬ ਨੇ ਇਨ੍ਹਾਂ ਦੇ ਮੂੰਹ ’ਚ ਪਾਣੀ ਪਾਇਆ। ਇਨ੍ਹਾਂ ਦੇ ਜ਼ਖ਼ਮ ਬੜੇ ਡੂੰਘੇ ਸਨ। ਬਚਣ ਦੀ ਕੋਈ ਆਸ ਨਹੀਂ ਸੀ। ਮਾਈ ਭਾਗ ਕੌਰ ਦੇ ਖੱਬੇ ਪੱਟ ’ਚ ਗੋਲ਼ੀ ਲੱਗੀ ਸੀ। ਗੁਰੂ ਸਾਹਿਬ ਨੇ ਸ਼ਹੀਦ ਹੋਏ ਸਿੱਖਾਂ ਨੂੰ ‘ਦਸ ਹਜ਼ਾਰੀ’, ‘ਵੀਹ ਹਜ਼ਾਰੀ’, ‘ਪੰਜਾਹ ਹਜ਼ਾਰੀ’ ਆਖ ਕੇ ਸਨਮਾਨ ਦਿੱਤਾ। ਗੁਰੂ ਜੀ ਨੇ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ ਆਪਣੇ ਮੂੰਹੋਂ ਮੰਗ ਲਓ। ਇਸ ’ਤੇ ਭਾਈ ਮਹਾਂ ਸਿੰਘ ਬੋਲਿਆ ‘ਗੁਰੂ ਜੀ ਜੇ ਆਪ ਤਰੁੱਠੇ ਹੀ ਹੋ ਤਾਂ ਤੁਸੀਂ ਭਾਈ ਭਾਗ ਸਿੰਘ ਦਾ ਲਿਖਿਆ ਸਿੱਖੀ ਤੋਂ ਪੰਚਾਇਤੀ ਬੇਦਾਵਾ ਫਾੜ ਕੇ ਸਾਨੂੰ ਸਿੱਖੀ ਦਾਨ ਬਖ਼ਸ਼ ਦਿਓ’। ਇਹ ਸੁਣ ਕੇ ਗੁਰੂ ਸਾਹਿਬ ਨੇ ਆਪਣੀ ਜੇਬ ’ਚੋਂ ਬੇਦਾਵੇ ਵਾਲਾ ਕਾਗ਼ਜ਼ ਕੱਢ ਕੇ ਫਾੜ ਦਿੱਤਾ। ਅਗਲੀ ਸਵੇਰ ਮਾਘ ਦੀ ਪਹਿਲੀ ਤਾਰੀਖ ਨੂੰ ਗੁਰੂ ਸਾਹਿਬ ਨੇ ਇਨ੍ਹਾਂ ਚਾਲ੍ਹੀ ਸਿੰਘਾਂ ਦਾ ਸਸਕਾਰ ਕੀਤਾ ਤੇ ਇਨ੍ਹਾਂ ਨੂੰ ‘ਚਾਲ੍ਹੀ ਮੁਕਤੇ’ ਆਖ ਕੇ ਸਦਾ ਚੇਤੇ ਰੱਖਣ ਲਈ ਕਿਹਾ।
ਇਸ ਮਗਰੋਂ ਗੁਰੂ ਸਾਹਿਬ ਤਲਵੰਡੀ ਸਾਬੋ ਪੁੱਜੇ, ਜਿੱਥੇ ਆਪ ਨੇ 29 ਮਾਰਚ 1706 (੧ ਵੈਸਾਖ ਸੰਮਤ ੧੭੬੩) ਨੂੰ ਵੱਡਾ ਇਕੱਠ ਕੀਤਾ, ਜਿਸ ਵਿਚ ਸੈਂਕੜੇ ਸਿੱਖਾਂ ਨੇ ਖੰਡੇ ਦੀ ਪਾਹੁਲ ਲਈ। ਇਨ੍ਹਾਂ ’ਚ ਪਟਿਆਲਾ, ਨਾਭਾ ਤੇ ਜੀਂਦ ਰਿਆਸਤਾਂ ਦੇ ਮੋਢੀ ਵੀ ਸ਼ਾਮਲ ਸਨ। ਪ੍ਰਿਥੀ ਚੰਦ ਮੀਣਾ ਦਾ ਇਕ ਵਾਰਸ ਅਭੈ ਚੰਦ ਵੀ ਖੰਡੇ ਦੀ ਪਾਹੁਲ ਲੈ ਕੇ ਅਭੈ ਸਿੰਘ ਬਣਿਆ। ਗੁਰੂ ਜੀ ਇੱਥੇ ਤਲਵੰਡੀ ਸਾਬੋ 9 ਮਹੀਨੇ ਤੋਂ ਵਧ ਸਮਾਂ ਰਹੇ।
ਓਧਰ ਗੁਰੂ ਸਾਹਿਬ ਦਾ ਔਰੰਗਜ਼ੇਬ ਨੂੰ ਲਿਖਿਆ ਖ਼ਤ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਉਸ ਕੋਲ਼ ਅਕਤੂਬਰ 1706 ਨੂੰ ਪਹੁੰਚਾ ਦਿੱਤਾ। ਜਿਸ ਨੂੰ ਪੜ੍ਹ ਕੇ ਉਸ ਨੇ ਗੁਰੂ ਸਾਹਿਬ ਨੂੰ ਮਿਲਣਾ ਚਾਹਿਆ ਤੇ ਇਸ ਸਬੰਧੀ ਲਾਹੌਰ ਦੇ ਸੂਬੇਦਾਰ ਮੁਨਾਇਮ ਖ਼ਾਨ ਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਵੀ ਖ਼ਤ ਲਿਖੇ। ਜਦ ਕਈ ਮਹੀਨਿਆਂ ਤੱਕ ਗੁਰੂ ਸਾਹਿਬ ਨੂੰ ਇਸ ਬਾਰੇ ਕੋਈ ਖ਼ਬਰ ਨਾ ਮਿਲੀ ਤਾਂ ਆਪ ਖ਼ੁਦ ਇਨ੍ਹਾਂ ਦੋਹਾਂ ਸਿੰਘਾਂ ਦੀ ਭਾਲ ਲਈ 30 ਅਕਤੂਬਰ 1706 ਦੇ ਦਿਨ ਦੱਖਣ ਵੱਲ ਚਲ ਪਏ। ਗੁਰੂ ਜੀ (62 ਕਿਲੋਮੀਟਰ ਦੂਰ) ਸਿਰਸਾ, (55 ਕਿਲੋਮੀਟਰ ਦੂਰ) ਨੌਹਰ, (48 ਕਿਲੋਮੀਟਰ ਦੂਰ) ਭਾਦਰਾ, (43 ਕਿਲੋਮੀਟਰ ਦੂਰ) ਸਾਹਾਵਾ, (262 ਕਿਲੋਮੀਟਰ ਦੂਰ) ਕੋਲਾਇਤ, (357 ਕਿਲੋਮੀਟਰ ਦੂਰ) ਨਾਰਾਇਣਾ, (160 ਕਿਲੋਮੀਟਰ ਦੂਰ) ਪੁਸ਼ਕਰ (ਅਜਮੇਰ ਤੋਂ 15 ਕਿਲੋਮੀਟਰ ਦੂਰ) ਹੁੰਦੇ ਹੋਏ, ਬਰਾਸਤਾ ਬਿਆਵਰ (ਪੁਸ਼ਕਰ ਤੋਂ 307 ਕਿਲੋਮੀਟਰ ਦੂਰ) ਬਘੋਰ (ਚਿੱਤੌੜ ਤੋਂ 86 ਕਿਲੋਮੀਟਰ ਪਹਿਲਾਂ) ਪੁੱਜੇ।
ਇੱਥੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ; ਗੁਰੂ ਜੀ ਨੂੰ ਆ ਮਿਲੇ ਤੇ ਦੱਸਿਆ ਕਿ ਔਰੰਗਜ਼ੇਬ ਨੇ ਚਿੱਠੀ ਪੜ੍ਹ ਕੇ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਇੱਛਾ ਜਤਾਈ ਹੈ ਤੇ ਆਪਣੇ ਦੋ ਅਹਿਦੀਏ (ਸੀਨੀਅਰ ਅਫ਼ਸਰ) ਤੇ ਗੁਰਜਬਰਦਾਰ ਦਿੱਲੀ ਨੂੰ ਭੇਜੇ ਹਨ ਤਾਂ ਜੋ ਦਿੱਲੀ ਦਾ ਸੂਬੇਦਾਰ ਤੁਹਾਡੇ ਔਰੰਗਾਬਾਦ ਪੁੱਜਣ ਦਾ ਇੰਤਜ਼ਾਮ ਕਰੇ। ਗੁਰੂ ਜੀ ਨੇ ਉਨ੍ਹਾਂ ਦੀ ਗੱਲ ਸੁਣ ਕੇ ਕਿਹਾ ਕਿ ਹੁਣ ਔਰੰਗਜ਼ੇਬ ਨਾਲ ਮੇਲ ਨਹੀਂ ਹੋ ਸਕਦਾ ਕਿਉਂਕਿ ਉਸ ਦੇ ਸਾਹ ਪੂਰੇ ਹੋਣ ਵਾਲੇ ਹਨ। 20 ਫ਼ਰਵਰੀ 1707 ਨੂੰ ਔਰੰਗਜ਼ੇਬ ਦੀ ਮੌਤ ਹੋ ਗਈ। ਇਸ ਮਗਰੋਂ ਗੁਰੂ ਸਾਹਿਬ (534 ਕਿਲੋਮੀਟਰ ਦੂਰ) ਸ਼ਾਹਜਹਾਨਾਬਾਦ (ਦਿੱਲੀ) ਆ ਗਏ।
ਔਰੰਗਜ਼ੇਬ ਦੀ ਮੌਤ ਪਿੱਛੋਂ ਉਸ ਦੇ ਪੁੱਤਰਾਂ ’ਚ ਬਾਦਿਸ਼ਾਹ ਬਣਨ ਲਈ ਜੰਗ ਸ਼ੁਰੂ ਹੋ ਗਈ। ਇਨ੍ਹਾਂ ਵਿੱਚੋਂ ਮੁਅੱਜ਼ਮ (ਮਗਰੋਂ ਬਹਾਦਰ ਸ਼ਾਹ) ਸਭ ਤੋਂ ਵੱਡਾ ਸੀ। ਉਹ ਉਸ ਵੇਲੇ ਜਮਰੌਦ ’ਚ ਸੀ ਤੇ ਉਸ ਦਾ ਦੂਜਾ ਭਰਾ ਤਾਰਾ ਆਜ਼ਮ ਦੱਖਣ ’ਚ ਸੀ। ਇਸ ਗੱਦੀ ਦੀ ਸਭ ਤੋਂ ਅਹਿਮ ਲੜਾਈ (ਜਜਾਊ ਦੀ ਲੜਾਈ) ਤੋਂ ਪਹਿਲਾਂ ਬਹਾਦਰ ਸ਼ਾਹ ਦਾ ਰਾਬਤਾ ਗੁਰੂ ਜੀ (ਗੁਰੂ ਸਾਹਿਬ ਨੂੰ ਬਹਾਦਰ ਸ਼ਾਹ ਪਹਿਲਾਂ ਵੀ ਅਨੰਦਪੁਰ ਸਾਹਿਬ ’ਚ ਮਿਲ ਚੁੱਕਾ ਸੀਂ) ਨਾਲ ਬਣ ਗਿਆ। ਗੁਰੂ ਜੀ ਨੇ ਤਖ਼ਤ ਹਾਸਲ ਕਰਨ ’ਚ ਉਸ ਦੀ ਮਦਦ ਵੀ ਕੀਤੀ। ਜਜ਼ਾਊ (ਆਗਰਾ ਤੋਂ 28 ਕਿਲੋਮੀਟਰ ਦੂਰ) ਦੀ ਲੜਾਈ (8 ਜੂਨ 1707) ’ਚ ਬਹਾਦਰ ਸ਼ਾਹ ਨੂੰ ਜਿੱਤ ਪ੍ਰਾਪਤ ਹੋਈ। ਉਸ ਨੇ 23 ਜੁਲਾਈ 1707 ਨੂੰ ਗੁਰੂ ਸਾਹਿਬ ਨੂੰ ਦਰਬਾਰ ’ਚ ਬੁਲਾ ਕੇ ਖਿੱਲਤ (ਜਿਸ ਦੀ ਕੀਮਤ ਉਦੋਂ ਸੱਠ ਹਜ਼ਾਰ ਰੁਪੈ ਸੀ) ਭੇਟ ਕੀਤੀ। ਬਹਾਦਰ ਸ਼ਾਹ ਨੇ ਵਾਅਦਾ ਵੀ ਕੀਤਾ ਕਿ ਉਹ ਗੁਰੂ ਸਾਹਿਬ ਦਾ ਪਰਵਾਰ ਸ਼ਹੀਦ ਕਰਨ ਵਾਲਿਆਂ ਅਤੇ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦੇਵੇਗਾ।
ਬਹਾਦਰ ਸ਼ਾਹ ਨੂੰ ਅਜਮੇਰ ਤੇ ਜੈਪੁਰ ਦੇ ਰਾਜਪੂਤਾਂ ਦੀ ਬਗ਼ਾਵਤ ਦਬਾਉਣ ਲਈ ਰਾਜਪੂਤਾਨੇ ਜਾਣਾ ਪਿਆ। ਉਸ ਨੇ ਗੁਰੂ ਸਾਹਿਬ ਨੂੰ ਵੀ ਆਪਣੇ ਨਾਲ ਜਾਣ ਲਈ ਬੇਨਤੀ ਕੀਤੀ। ਬਹਾਦਰ ਸ਼ਾਹ ਅਜੇ ਰਾਜਪੂਤਾਂ ਨਾਲ ਨਿਪਟ ਹੀ ਰਿਹਾ ਸੀ ਕਿ ਉਸ ਦੇ ਆਪਣੇ ਤੀਜੇ ਭਰਾ ਕਾਮ ਬਖ਼ਸ਼ ਨੇ ਬਗ਼ਾਵਤ ਕਰ ਦਿੱਤੀ। ਉਹ ਇਸ ਨਵੀਂ ਬਗ਼ਾਵਤ ਨੂੰ ਦਬਾਉਣ ਲਈ ਦੱਖਣ ਵੱਲ ਚੱਲ ਪਿਆ। ਗੁਰੂ ਜੀ ਵੀ ਉਸ ਦੇ ਨਾਲ ਸਨ। ਦਿੱਲੀ ਤੋਂ ਆਗਰਾ ਹੁੰਦੇ ਹੋਏ ਉਹ ਭਰਤਪੁਰ, ਜੈਪੁਰ, ਅਜਮੇਰ, ਪੁਸ਼ਕਰ, ਨਸੀਰਾਬਾਦ, ਚਿਤੌੜਗੜ੍ਹ, ਬੁਰਹਾਨਪੁਰ, ਬਾਲਾਪੁਰ, ਪਾਤੁਰ, ਵਾਸ਼ਿਮ, ਹਿੰਗੋਲੀ ਹੁੰਦਾ ਹੋਇਆ ਨੰਦੇੜ ਪੁੱਜੇ।
ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦੀ ਨੇੜਤਾ ਦਾ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਪਤਾ ਲੱਗਾ। ਉਸ ਨੇ ਚੋਖੀ ਰਕਮ (10 ਲੱਖ ਟਕਾ) ਦੇ ਕੇ ਆਪਣੇ ਨੁਮਾਇੰਦੇ ਤੇ ਸੂਹੀਏ (2 ਪਠਾਣ ਸਿਪਾਹੀ) ਦੱਖਣ ਵਲ ਤੋਰ ਦਿੱਤੇ ਸਨ। ਇਨ੍ਹਾਂ ਦਾ ਮੇਲ ਬਾਦਿਸ਼ਾਹ ਨਾਲ ਬੁਰਹਾਨਪੁਰ ਦੇ ਆਸ-ਪਾਸ ਹੋਇਆ। ਵਜ਼ੀਰ ਖ਼ਾਨ ਦੇ ਏਲਚੀਆਂ ਤੋਂ ਮਿਲੀ ਰਕਮ ਕਾਰਨ ਬਹਾਦਰ ਸ਼ਾਹ ਦੀ ਨੀਅਤ ਬਦਲ ਗਈ ਤੇ ਉਸ ਨੇ ਗੁਰੂ ਸਾਹਿਬ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ।
ਗੁਰੂ ਸਾਹਿਬ ਨੇ ਭੀ ਬਾਦਿਸ਼ਾਹ ਦਾ ਸਾਥ ਛੱਡ ਦਿਤਾ। ਬਹਾਦਰ ਸ਼ਾਹ 24 ਅਗਸਤ 1708 ਨੂੰ ਦਰਿਆ ਬਾਣ ਗੰਗਾ (ਗੋਦਾਵਰੀ ਦੀ ਸਹਾਇਕ ਨਦੀ) ਪਾਰ ਕਰ ਅੱਗੇ ਨਿਕਲ ਗਿਆ ਤੇ ਗੁਰੂ ਸਾਹਿਬ ਨੰਦੇੜ ’ਚ ਹੀ ਰੁਕ ਗਏ। ਗੁਰੂ ਸਾਹਿਬ ਨੇ ਫ਼ੈਸਲਾ ਕੀਤਾ ਕਿ ਬਾਦਿਸ਼ਾਹ ਤੋਂ ਆਸ ਛੱਡ ਕੇ ਆਪ ਇਨਸਾਫ਼ ਕਾਇਮ ਕੀਤਾ ਜਾਵੇ।
ਮਾਧੋ ਦਾਸ ਬੈਰਾਗੀ (ਮਗਰੋਂ ਬਾਬਾ ਬੰਦਾ ਸਿੰਘ ਬਹਾਦਰ) ਦਾ ਨੰਦੇੜ ’ਚ ਡੇਰਾ ਸੀ। ਗੁਰੂ ਜੀ ਨੇ ਉਸ ਨਾਲ਼ ਮੇਲ ਕੀਤਾ। ਉਸ ਨੇ ਕਈ ਕਰਾਮਾਤੀ ਸ਼ਕਤੀਆਂ ਹਾਸਲ ਕਰ ਰੱਖੀਆਂ ਸਨ, ਜਿਨ੍ਹਾਂ ਦਾ ਇਸਤੇਮਾਲ ਉਸ ਨੇ ਗੁਰੂ ਜੀ ਵਿਰੁੱਧ ਕੀਤਾ, ਪਰ ਗੁਰੂ ਜੀ ’ਤੇ ਉਨ੍ਹਾਂ ਦਾ ਕੋਈ ਅਸਰ ਨਾ ਹੋਇਆ ਤਾਂ ਗੁਰੂ ਸਾਹਿਬ ਦੇ ਚਰਨੀਂ ਪੈ ਗਿਆ। ਗੁਰੂ ਜੀ ਨੇ ਬੰਦਾ ਸਿੰਘ ਨੂੰ ਸਤੰਬਰ 1708 ’ਚ ਖੰਡੇ ਦੀ ਪਾਹੁਲ ਦਿੱਤੀ ਤੇ ਇਕ ਮਹੀਨਾ ਗੁਰਮਤਿ ਅਤੇ ਜ਼ਮੀਨੀ ਹਕੀਕਤ ਤੋਂ ਜਾਣੂ ਕਰਾਇਆ। 5 ਅਕਤੂਬਰ ਨੂੰ ਗੁਰੂ ਜੀ ਨੇ ਬੰਦਾ ਸਿੰਘ ਨੂੰ ਕੁੱਝ ਸਿੰਘਾਂ ਸਮੇਤ ਸਿੱਖਾਂ ਵਾਸਤੇ ਹੁਕਮਨਾਮੇ ਦੇ ਕੇ ਪੰਜਾਬ ਦੇਸ ਵੱਲ ਭੇਜਿਆ ਤਾਂ ਜੋ ਉਹ, ਇਨ੍ਹਾਂ ਦਾ ਸਾਥ ਦੇਣ।
ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਚਲਿਆ ਤੇ ਇਸੇ ਦਿਨ ਸ਼ਾਮ ਨੂੰ ਜਮਸ਼ੈਦ ਖ਼ਾਨ ਪਠਾਣ ਨੇ ਸੁੱਤਿਆਂ ਪਏ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ। ਜਮਧਾਰ (ਕਟਾਰ) ਦੇ ਤਿੰਨ ਵਾਰ ਕਰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਬੇਹੱਦ ਜ਼ਖ਼ਮੀ ਹੋਣ ਦੇ ਬਾਵਜੂਦ ਗੁਰੂ ਸਾਹਿਬ ਨੇ ਪਰਤਵਾਂ ਵਾਰ ਕਰਕੇ ਉਸ ਨੂੰ ਥਾਂਏਂ ਹੀ ਮਾਰ ਦਿੱਤਾ ਤੇ ਦੂਜੇ ਭੱਜਦੇ ਪਠਾਣ ਨੂੰ ਸਿੰਘਾਂ ਨੇ ਮਾਰ ਦਿੱਤਾ। ਗੁਰੂ ਸਾਹਿਬ; ਇਨ੍ਹਾਂ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ 6 ਅਕਤੂਬਰ 1708 (੬ ਕੱਤਕ ਸੰਮਤ ੧੭੬੫) ਨੂੰ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖ਼ਸ਼ ਕੇ ਅਗਲੇ ਦਿਨ ਸੁਬ੍ਹਾ ਅਕਾਲ ਪੁਰਖ ਦੀ ਗੋਦ ’ਚ ਜਾ ਸਮਾਏ। ਉਨ੍ਹਾਂ ਦਾ ਸਸਕਾਰ ਇਸੇ ਸ਼ਾਮ ਨੂੰ ਗੋਦਾਵਰੀ ਦਰਿਆ ਦੇ ਕੰਢੇ ਕਰ ਦਿੱਤਾ ਗਿਆ।
ਗੁਰੂ ਸਾਹਿਬ ਦੇ ਸਿੱਖਾਂ ਲਈ ਆਖ਼ਰੀ ਬਚਨ ਹਨ :
ਅਕਾਲ ਪੁਰਖ ਕੇ ਬਚਨ ਸਿਉਂ, ਪਰਗਟ ਚਲਾਯੋ ਪੰਥ
ਸਭ ਸਿੱਖਣ ਕੋ ਬਚਨ ਹੈ, ਗੁਰੂ ਮਾਨਿਓ ਗ੍ਰੰਥ।
ਗੁਰੂ ਖਾਲਸਾ ਮਾਨੀਐ ਪ੍ਰਗਟ ਗੁਰੂ ਕੀ ਦੇਹ।
ਜੋ ਸਿੱਖ ਮੋ ਮਿਲਬੋ ਚਹਹਿ, ਖੋਜ ਇਨਹੁ ਮਹਿ ਲੇਹ।
ਮਗਰੋਂ ਨਿਰਮਲੇ ਪੁਜਾਰੀਆਂ ਨੇ ਇਨ੍ਹਾਂ ਬੋਲਾਂ ਨੂੰ ਹੇਠ ਲਿਖੇ ਅਨੁਸਾਰ ਬਦਲ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ:
ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।
ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ।
ਗੁਰੂ ਸਾਹਿਬ ਦੇ ਜੋਤੀ-ਜੋਤਿ ਸਮਾਉਣ ਸਬੰਧੀ ਇਕ ਇੰਦਰਾਜ ‘ਭੱਟ ਵਹੀ ਤਲਾਉਂਡਾ, ਪਰਗਨਾ ਜੀਂਦ’ ਵਿਚ ਇੰਞ ਮਿਲਦਾ ਹੈ:
ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਮੁਕਾਮ ਨਦੇੜ ਤਟ ਗੁਦਾਵਰੀ ਦੇਸ ਦਖਣ, ਸਤਰਾਂ ਸੈ ਪੈਂਸਠ ਕਾਰਤਕ ਮਾਸੇ ਸੁਦੀ ਚਉਥ ਸ਼ੁਕਲਾ ਪੱਖੇ ਬੁਧਵਾਰ ਕੇ ਦਿਹੁੰ ਭਾਈ ਦੈਆ ਸਿੰਘ ਸੇ ਬਚਨ ਹੂਆ ਗ੍ਰੰਥ ਸਾਹਿਬ ਲੇ ਆਓ। ਬਚਨ ਪਾਇ ਦੈਆ ਸਿੰਘ ਗ੍ਰੰਥ ਸਾਹਿਬ ਲੇ ਆਏ। ਗੁਰੂ ਜੀ ਨੇ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰੀ ਜਗਹ ਗ੍ਰੰਥ ਜੀ ਕੋ ਜਾਣਨਾ। ਜੋ ਸਿਖ ਜਾਨੇਗਾ ਤਿਸ ਕੀ ਘਾਲ ਥਾਂਇ ਪਏਗੀ, ਗੁਰੂ ਤਿਸ ਕੀ ਬਹੁੜੀ ਕਰੇਗਾ, ਸਤਿ ਕਰਿ ਮਾਨਨਾ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ (22 ਦਸੰਬਰ 1666/੨੩ ਪੋਹ ੧੭੨੩ ਤੋਂ 7 ਅਕਤੂਬਰ 1708/੭ ਕੱਤਕ ਸੰਮਤ ੧੭੬੫) ਇਸ ਦੁਨੀਆਂ ’ਚ 41 ਸਾਲ 10 ਕੁ ਮਹੀਨੇ ਰਹੇ। ਹਰ ਕਦਮ ਆਪ ਨੂੰ ਮਾਨਵਤਾ ਦੀ ਸੇਵਾ ਕਰਦਿਆਂ ਅਨੇਕਾਂ ਕਠਿਨਾਈਆਂ ਦਾ ਸਾਮ੍ਹਣਾ ਕਰਨਾ ਪਿਆ ਹੈ। ਆਪ ਜੀ ਦੀ ਜ਼ਿੰਦਗੀ ਬਾਰੇ ਪੜ੍ਹ ਕੇ ਅਚੰਭਾ ਹੁੰਦਾ ਹੈ ਕਿ ਕੀ ਸੱਚਮੁਚ ਅਜਿਹੀ ਸ਼ਖ਼ਸੀਅਤ ਇਸ ਧਰਤੀ ’ਤੇ ਵਿਚਰਦੀ ਰਹੀ ਸੀ, ਜੋ ਬਚਪਨ ਤੋਂ ਮੈਦਾਨੇ ਜੰਗ ਅਤੇ ਆਪਣਿਆਂ ਦੀਆਂ ਸ਼ਹੀਦੀਆਂ ’ਚ ਸ਼ਾਮਲ ਹਨ। ਮਨੁੱਖਤਾ ਨੂੰ ਐਸੇ ਸਤਿਗੁਰੂ ਦਾ ਸਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਧਰਮ ਤੇ ਐਸੇ ਪਰਉਪਕਾਰੀ ਗੁਰੂ ਦੇ ਜੀਵਨ ਤੋਂ ਵਾਕਫ਼ ਕਰਾਉਣਾ ਚਾਹੀਦਾ ਹੈ ਤਾਂ ਜੋ ਕਰਤਾਰ ਦੀ ਯਾਦ ’ਚ ਜੁੜ ਕੇ ਮਨੁੱਖੀ ਫ਼ਰਜ਼ਾਂ ਨੂੰ ਲੁਕਾਈ ਸਮਝਣ ਦਾ ਹੌਂਸਲਾ ਜੁਟਾ ਸਕੇ।