ਸਤਿਸੰਗਤ ਕੈਸੀ ਜਾਣੀਐ ?
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),
105, ਮਾਇਆ ਨਗਰ, ਸਿਵਲ ਲਾਈਨਜ਼, ਲੁਧਿਆਣਾ। 99155-15436
ਅਸੀਂ ਹਰ ਰੋਜ਼ ਅਰਦਾਸ ਦੇ ਅੰਤ ਵਿੱਚ ਪ੍ਰਮਾਤਮਾ ਅੱਗੇ ਇਹ ਮੰਗ ਕਰਦੇ ਹਾਂ ‘ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਆਪ ਜੀ ਦਾ ਨਾਮ ਚਿੱਤ ਆਵੈ।’ ਭਾਵ ਅਸੀਂ ਅਜਿਹੇ ਪੁਰਖਾਂ ਦੀ ਸੰਗਤ ਕਰੀਏ ਜਿਨ੍ਹਾਂ ਦੇ ਕਰਨ ਨਾਲ ਅਸੀਂ ਅਕਾਲ ਪੁਰਖ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਆਪਣਾ ਜੀਵਨ ਸਫਲ ਕਰ ਸਕੀਏ। ਸਤਿ ਸੰਗਤ ਕੀ ਹੈ ? ਉਨ੍ਹਾਂ ਪੁਰਖਾਂ ਦਾ ਇਕੱਠ, ਜਿੱਥੇ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਚੱਲਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਸਤਸੰਗਤਿ ਕੈਸੀ ਜਾਣੀਐ ?॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ; ਨਾਨਕ! ਸਤਿਗੁਰਿ ਦੀਆ ਬੁਝਾਇ ਜੀਉ ॥’’ (ਮਹਲਾ ੧/੭੨)
ਆਧੁਨਿਕ ਸਾਇੰਸ ਵੀ ਇਹ ਕਹਿੰਦੀ ਹੈ ਕਿ ਦਿੱਸਣਹਾਰ ਮਾਦਾ; ਜਿਵੇਂ ਹਵਾ, ਪਾਣੀ, ਧਾਤਾਂ, ਅੱਗ, ਮਿੱਟੀ, ਪੌਦੇ, ਪਸ਼ੂ, ਚੰਦ, ਤਾਰੇ ਤੇ ਇਨਸਾਨ ਆਦਿ ਸਭ ਕੁਦਰਤੀ ਤੱਤਾਂ ਦੇ ਮੇਲ਼ ਜੋਲ ਤੋਂ ਬਣੇ ਹਨ। ਮਨੁੱਖ ਵੀ ਪੰਜ ਤੱਤਾਂ ਦੇ ਮੇਲ਼ ਤੋਂ ਬਣਿਆ ਹੋਇਆ ਹੀ ਕਿਹਾ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਫ਼ੁਰਮਾਉਂਦੇ ਹਨ ‘‘ਪਾਂਚ ਤਤ ਕੋ ਤਨੁ ਰਚਿਓ; ਜਾਨਹੁ ਚਤੁਰ ਸੁਜਾਨ ॥ ਜਿਹ ਤੇ ਉਪਜਿਓ ਨਾਨਕਾ; ਲੀਨ ਤਾਹਿ ਮੈ ਮਾਨੁ ॥’’ (ਮਹਲਾ ੯/੧੪੨੭)
ਸਾਰੀ ਸ੍ਰਿਸ਼ਟੀ ਦੀ ਉਤਪਤੀ ਵੀ ਅਣੂਆਂ ਦੇ ਮੇਲ ਤੋਂ ਹੀ ਹੋਈ ਹੈ। ਜਿਸ ਦਾ ਇੱਕੋ ਇੱਕ ਸੋਮਾ ਪਰਮ ਤੱਤ ਅਕਾਲ ਪੁਰਖ ਹੈ; ਜਿਵੇਂ ਹਾਈਡਰੋਜਨ ਤੇ ਆਕਸੀਨ ਦੇ ਮੇਲ਼ ਤੋਂ ਪਾਣੀ ਪੈਦਾ ਹੁੰਦਾ ਹੈ। (ਨਾਈਟਰੋਜਨ ਤੇ ਆਕਸੀਜਨ ਦੇ ਮੇਲ਼ ਤੋਂ ਹਵਾ ਬਣਦੀ ਹੈ। ਇਸੇ ਤਰ੍ਹਾਂ ਤੱਤਾਂ ਜਾਂ ਧਾਤਾਂ ਦੇ ਮੇਲ਼ ਤੋਂ ਨਵੀਂ ਕਿਸਮ ਦੀਆਂ ਮਿਸ਼ਰਤ ਧਾਤਾਂ ਬਣਦੀਆਂ ਹਨ। ਭਾਈ ਗੁਰਦਾਸ ਜੀ; ਦੂਜੀ ਵਾਰ ਦੀ 6ਵੀਂ ਪਉੜੀ ਵਿੱਚ ਬਿਆਨ ਕਰਦੇ ਹਨ ‘‘ਸੋਈ ਤਾਂਬਾ ਰੰਗ (ਕਲੀ) ਸੰਗਿ; ਜਿਉ ਕੈਹਾ (ਧਾਤੁ) ਹੋਈ। ਸੋਈ ਤਾਂਬਾ ਜਿਸਤ ਮਿਲਿ; ਪਿਤਲ ਅਵਲੋਈ। ਸੋਈ ਸੀਸੇ (ਸਿੱਕੇ) ਸੰਗਤੀ; ਭੰਗਾਰ ਭਲੋਈ (ਭਰਤ ਧਾਤੂ)। ਤਾਂਬਾ ਪਾਰਸਿ ਪਰਸਿਆ; ਹੋਇ ਕੰਚਨ (ਸੋਨਾ) ਸੋਈ। ਸੋਈ ਤਾਂਬਾ ਭਸਮ (ਰਾਖ) ਹੋਇ; ਅਉਖਧ ਕਰਿ ਭੋਈ (ਦਵਾਈ ਬਣਦਾ)। ਆਪੇ ਆਪਿ ਵਰਤਦਾ; ਸੰਗਤਿ ਗੁਣ ਗੋਈ ॥੬॥ (ਭਾਈ ਗੁਰਦਾਸ ਜੀ/ਵਾਰ ੨ ਪਉੜੀ ੬)
ਸੋ ਸੰਗਤ ਲਫ਼ਜ਼ ਦੇ ਪਿੱਛੇ ਅਤਿ ਡੂੰਘੇ ਅਤੇ ਗੁੱਝੇ ਭੇਦ ਛੁਪੇ ਹੋਏ ਹਨ। ਇਸ ਦੇ ਅੰਤਰੀਵ/ਆਤਮਿਕ ਭਾਵ ਨੂੰ ਸਮਝਣ ਅਤੇ ਅਨੁਭਵ ਕਰਨ ਦੀ ਅਤੀ ਜ਼ਰੂਰਤ ਹੈ। ਇਸ ਅੰਤਰੀਵ ਗਿਆਨ ਤੋਂ ਬਿਨਾਂ ਅਸੀਂ ਕਈ ਵਾਰ ਸੰਗਤ ਨੂੰ ਸਰੀਰਕ ਮੇਲ਼ ਜੋਲ ਹੀ ਸਮਝ ਬੈਠਦੇ ਹਾਂ। ਮਨੁੱਖ ਦੀ ਮਲ਼ੀਨ ਬੁੱਧੀ, ਬਿਨਾਂ ਗੁਰੂ ਦੀ ਸੰਗਤ ਦੇ, ਸ਼ੀਸ਼ੇ ਦੀ ਨਿਆਈਂ ਪਾਰਦਰਸ਼ੀ ਨਹੀਂ ਹੋ ਸਕਦੀ। ਲਗਾਤਾਰ ਸਾਧ ਸੰਗਤ ਤੋਂ ਬਗ਼ੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਤੇ ਇਸ ’ਚੋਂ ਨਿਕਲਣ ਦਾ ਕੋਈ ਹੋਰ ਰਾਹ ਹੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਸਾਧਸੰਗਤਿ ਬਿਨੁ ਤਰਿਓ ਨ ਕੋਇ ॥ (ਮਹਲਾ ੫/੩੭੩), ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ; ਸੰਤਸੰਗਿ ਨਿਤ ਰਹੀਐ ॥ ਏਕੁ ਅਧਾਰੁ ਨਾਮੁ ਧਨੁ ਮੋਰਾ; ਅਨਦੁ ਨਾਨਕ ਇਹੁ ਲਹੀਐ ॥’’ (ਮਹਲਾ ੫/੫੩੩) ਇਸ ਲਈ ਗੁਰਬਾਣੀ ਸਾਨੂੰ ਸਾਧ ਸੰਗਤ ਭਾਵ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਕਰਨ ਦੀ ਵਾਰ-ਵਾਰ ਪ੍ਰੇਰਨਾ ਕਰਦੀ ਹੈ। ਗੁਰੂ ਅਰਜਨ ਦੇਵ ਜੀ ਸ੍ਰੀ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੰਤ ਜਨਹੁ ਮਿਲਿ ਭਾਈਹੋ! ਸਚਾ ਨਾਮੁ ਸਮਾਲਿ ॥’’ (ਮਹਲਾ ੫/੪੯) ਗੁਰੂ ਰਾਮਦਾਸ ਜੀ ਸਾਰੰਗ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੰਤ ਜਨਾ ਕੈ ਸੰਗਿ ਮਿਲੁ ਬਉਰੇ! ਤਉ ਪਾਵਹਿ ਮੋਖ ਦੁਆਰੁ ॥’’ (ਮਹਲਾ ੪/੧੨੦੦)
ਸੰਗਤ ਵਿੱਚ ਮਿਲ ਬੈਠ ਕੇ ਮਨ ਦੀ ਦੁਬਿਧਾ ਤੇ ਵਿਕਾਰਾਂ ਦਾ ਵਖਰੇਵਾਂ ਦੂਰ ਹੋ ਜਾਂਦਾ ਹੈ। ਗੁਰੂ ਆਸ਼ੇ ਅਨੁਸਾਰ ਸੰਗਤ ਵਿੱਚ ਜਦੋਂ ਵਿਚਾਰ ਕਰਦੇ ਹਾਂ ਤਾਂ ਸਾਰੇ ਸ਼ੰਕੇ ਨਵਿਰਤ ਹੋ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥’’ (ਮਹਲਾ ੫/੧੧੮੫)
ਮਨੁੱਖ ਇੱਕ ਸਮਾਜਿਕ ਜੀਵ ਹੈ। ਇਹ ਇਕੱਲਾ ਨਹੀਂ ਰਹਿਣਾ ਚਾਹੁੰਦਾ। ਹੋਰਨਾਂ ਦੀ ਸੰਗਤ ਕਰਨਾ ਲੋਚਦਾ ਹੈ। ਇਸ ਲਈ ਮਨੁੱਖ ਆਮ ਕਰਕੇ ਆਪਣੇ ਵਰਗੇ ਹੋਰ ਜੀਵਾਂ ਨਾਲ ਸੰਗਤ ਕਰਨੀ ਚਾਹੁੰਦਾ ਹੈ, ਜੋ ਪ੍ਰਭੂ ਵੱਲੋਂ ਟੁੱਟੇ ਹੁੰਦੇ ਹਨ ਤੇ ਉਨ੍ਹਾਂ ਦਾ ਸੰਬੰਧ ਪਦਾਰਥਵਾਦ ਨਾਲ ਹੁੰਦਾ ਹੈ। ਮਨੁੱਖ ਇਸ ਝੂਠੇ ਵਣਜ-ਵਪਾਰ ਵਿੱਚ ਗ਼ਲਤਾਨ ਹੋ ਕੇ ਖੁਆਰ ਹੁੰਦਾ ਹੈ। ਗੁਰਬਾਣੀ ਉਸ ਨੂੰ ਅਜਿਹੀ ਸੰਗਤ ਕਰਨ ਤੋਂ ਵਾਰ-ਵਾਰ ਤਾੜਨਾ ਕਰਦੀ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਮਨਮੁਖ ਸੇਤੀ ਦੋਸਤੀ; ਥੋੜੜਿਆ ਦਿਨ ਚਾਰਿ ॥ ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ; ਇਤੁ ਦੋਸਤੀ ਚਲਨਿ ਵਿਕਾਰ ॥’’ (ਮਹਲਾ ੩/੫੮੭) ਗੁਰੂ ਅਰਜਨ ਦੇਵ ਜੀ ਇਸ ਪ੍ਰਥਾਇ ਬਚਨ ਕਰਦੇ ਹਨ ‘‘ਮਨਮੁਖਾ ਕੇਰੀ ਦੋਸਤੀ; ਮਾਇਆ ਕਾ ਸਨਬੰਧੁ ॥ ਵੇਖਦਿਆ ਹੀ ਭਜਿ ਜਾਨਿ; ਕਦੇ ਨ ਪਾਇਨਿ ਬੰਧੁ ॥’’ (ਮਹਲਾ ੫/੯੫੯)
ਕਾਇਨਾਤ ਦੇ ਸਾਰੇ ਜੀਵ ਹੀ ਇਸ ਮਾਇਕ ਪਦਾਰਥਾਂ ਦੇ ਝੂਠੇ ਸੰਸਾਰ ਵਿੱਚ ਗ਼ਲਤਾਨ ਹਨ। ਗੁਰਬਾਣੀ ਅਜਿਹੇ ਜੀਵਾਂ ਨੂੰ ਤਾੜਨਾ ਕਰਦੀ ਹੈ। ਜੈਤਸਰੀ ਕੀ ਵਾਰ ਵਿੱਚ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ ‘‘ਮਹਾ ਭਇਆਨ ਉਦਿਆਨ; ਨਗਰ ਕਰਿ ਮਾਨਿਆ ॥ ਝੂਠ ਸਮਗ੍ਰੀ ਪੇਖਿ; ਸਚੁ ਕਰਿ ਜਾਨਿਆ ॥’’ (ਮਹਲਾ ੫/੭੦੮)
ਇਸ ਦੇ ਐਨ ਉਲਟ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਉਨ੍ਹਾਂ ਦੇ ਨਿਰਮਲ ਵਿਚਾਰਾਂ ਨਾਲ ਪਰਸ (ਛੁਹ) ਕੇ ਸਾਡੀ ਮਾਇਕ ਪਦਾਰਥਾਂ ਨਾਲ ਮਲ਼ੀਨ ਹੋਈ ਬੁੱਧੀ ਉੱਤੇ ਪਾਰਸ ਕਲਾ ਵਰਤ ਸਕਦੀ ਹੈ ਅਤੇ ਸਾਡੇ ਮਲ਼ੀਨ ਹਿਰਦਿਆਂ ਵਿੱਚ ਚੜ੍ਹਦੀ ਕਲਾ, ਖੇੜਾ ਤੇ ਗੁਰੂ ਪਿਆਰ ਉਪਜ ਸਕਦਾ ਹੈ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ ‘‘ਸਤਸੰਗਤਿ ਮਿਲੈ ਤ ਦਿੜਤਾ ਆਵੈ; ਹਰਿ ਰਾਮ ਨਾਮਿ ਨਿਸਤਾਰੇ ॥’’ (ਮਹਲਾ ੪/੯੮੧) ਐਸੇ ਨਿਰਮਲ ਹੋਏ ਹਿਰਦਿਆਂ ਵਿੱਚ ਇਲਾਹੀ ਪਿਆਰ, ਪ੍ਰੇਮ ਭਾਵਨਾ, ਪ੍ਰੇਮ ਰਸ ਤੇ ਪ੍ਰਭੂ ਪਿਆਰ ਸੁਭਾਵਕ ਹੀ ਉਪਜਦਾ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਮੇਰੇ ਮਨ ! ਹਰਿ ਸਿਉ ਲਾਗੀ ਪ੍ਰੀਤਿ ॥ ਸਾਧਸੰਗਿ ਹਰਿ ਹਰਿ ਜਪਤ; ਨਿਰਮਲ ਸਾਚੀ ਰੀਤਿ ॥੧॥ ਰਹਾਉ ॥’’ (ਮਹਲਾ ੫/੪੩੧) ਇਸ ਤਰ੍ਹਾਂ ਮਾਇਆ ਦੀ ਰੰਗਤ ਨਾਲ ਮਲ਼ੀਨ ਤੇ ਪਤਿਤ ਹੋਇਆ ਮਨ ਵੀ ਸਾਧ ਸੰਗਤ ਦੇ ਪ੍ਰਭਾਵ ਨਾਲ ਪਵਿੱਤਰ ਤੇ ਨਿਰਮਲ ਹੋ ਜਾਂਦਾ ਹੈ।
ਸਿੱਖ ਇਤਿਹਾਸ ਵਿੱਚ ਅਨੇਕਾਂ ਹੀ ਉਦਾਹਰਨਾਂ ਮਿਲ ਜਾਂਦੀਆਂ ਹਨ, ਜਿੱਥੇ ਭਲੇ ਪੁਰਸ਼ਾਂ ਦੀ ਸੰਗਤ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਸੱਜਣ ਠੱਗ ਦੀ ਸਾਖੀ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਲਾਲਚ ਬਿਰਤੀ ਅਧੀਨ ਬਾਹਰੋਂ ਗੁਰਮੁਖੀ ਪਹਿਰਾਵੇ ਵਿੱਚ ਆਏ ਗਏ ਮੁਸਾਫਰਾਂ ਨੂੰ ਆਪਣੀ ਬਣਾਈ ਹੋਈ ਧਰਮਸ਼ਾਲਾ ’ਚ ਠਹਿਰਾ ਕੇ ਉਨ੍ਹਾਂ ਨੂੰ ਲੁੱਟਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੁੱਝ ਸਮੇਂ ਲਈ ਹੀ ਕੀਤੀ ਤੇ ਉਹਨਾਂ ਦੁਆਰਾ ਉਚਾਰਿਆ ਸੂਹੀ ਰਾਗ ਦਾ ਇਹ ਸ਼ਬਦ ‘‘ਉਜਲੁ ਕੈਹਾ ਚਿਲਕਣਾ; ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ; ਜੇ ਸਉ ਧੋਵਾ ਤਿਸੁ ॥’’ (ਮਹਲਾ ੧/੭੨੯) ਸੁਣਿਆ ਤਾਂ ਉਨ੍ਹਾਂ ਦੇ ਚਰਨਾਂ ’ਤੇ ਢਹਿ ਪਿਆ। ਸੰਗਤ ਦਾ ਏਨਾ ਅਸਰ ਹੋਇਆ ਕਿ ਜਿਹੜੀ ਧਰਮਸ਼ਾਲਾ ਲੋਕਾਂ ਨੂੰ ਲੁੱਟਣ ਲਈ ਬਣਾਈ ਸੀ, ਉਹ ਸੱਚੀ ਟਕਸਾਲ ਬਣ ਗਈ ਅਤੇ ਹਰ ਸਮੇਂ ਪ੍ਰਭੂ ਦੇ ਨਾਮ ਦੀ ਸਿਫਤ ਸਲਾਹ ਹੋਣ ਲੱਗੀ, ਇਸ ਨਾਲ ਕਈਆਂ ਦਾ ਜੀਵਨ ਬਦਲ ਗਿਆ। ਇਸੇ ਤਰ੍ਹਾਂ ਭਾਈ ਬਿਧੀ ਚੰਦ, ਜੋ ਚੋਰ ਤੇ ਡਾਕੂ ਸਨ। ਚੋਰੀ ਕਰਨ ਤੋਂ ਬਾਅਦ ਆਪਣਾ ਬਚਾਅ ਕਰਨ ਲਈ, ਗੁਰੂ ਅਰਜਨ ਦੇਵ ਜੀ ਦੇ ਸਜੇ ਦਰਬਾਰ ਵਿੱਚ ਬੈਠ ਗਏ। ਗੁਰੂ ਉਪਦੇਸ਼ਾਂ ਨੂੰ ਸਰਵਣ ਕੀਤਾ ਤੇ ਸੰਗਤ ਦਾ ਰੂਪ ਹੀ ਹੋ ਗਏ। ਇੱਥੋਂ ਤੱਕ ਕਿ ਸਿਪਾਹੀ ਲੱਭਦੇ ਲੱਭਦੇ ਸੰਗਤ ਵਿੱਚ ਪਹੁੰਚੇ ਤੇ ਭਾਈ ਬਿਧੀ ਚੰਦ ਨੂੰ ਪਛਾਣ ਨਾ ਸਕੇ। ਕੁੱਝ ਸਮੇਂ ਕੀਤੀ ਸੰਗਤ ਦਾ ਏਨਾ ਪ੍ਰਭਾਵ ਪਿਆ ਕਿ ਭਾਈ ਬਿਧੀ ਚੰਦ ਨੇ ਹਮੇਸ਼ਾਂ ਲਈ ਕੁਕਰਮਾਂ ਦਾ ਤਿਆਗ ਕਰ ਗੁਰੂ ਉਪਦੇਸ਼ਾਂ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ।
ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਰਬਾਰ ਸਜਿਆ ਹੋਇਆ ਸੀ। ਦੂਰੋਂ ਦੂਰੋਂ ਸੰਗਤਾਂ ਗੁਰੂ ਦਰਸ਼ਨਾਂ ਲਈ ਆ ਰਹੀਆਂ ਸਨ। ਲੰਮੇ ਦੇਸ਼ ਤੋਂ ਆ ਰਹੀ ਸੰਗਤ ਦੇ ਨਾਲ ਜਸਵੰਤ ਰਾਏ ਨਾਂ ਦਾ ਚੋਰ ਵੀ ਰਲ਼ ਗਿਆ, ਪਰ ਮਨ ਵਿੱਚ ਖੋਟ ਸੀ। ਨਿਸ਼ਾਨਾ ਗੁਰੂ ਜੀ ਦੇ ਦਰਸ਼ਨ ਕਰਨਾ ਨਹੀਂ ਸੀ ਸਗੋਂ ਚੋਰੀ ਕਰਨਾ ਜਾਂ ਜੇਬਾਂ ਕੱਟਣਾ ਸੀ। ਜਦੋਂ ਗੁਰੂ ਸਾਹਿਬ ਦੇ ਸਨਮੁਖ ਮੱਥਾ ਟੇਕਣ ਲਈ ਪਹੁੰਚਿਆ ਤਾਂ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਉਚਾਰਿਆ ‘‘ਚੋਰ ਕੀ ਹਾਮਾ; ਭਰੇ ਨ ਕੋਇ ॥ ਚੋਰੁ ਕੀਆ; ਚੰਗਾ ਕਿਉ ਹੋਇ ?॥ (ਮਹਲਾ ੧/੬੬੨) ਇਹ ਵਾਕ ਸੁਣਦੇ ਸਾਰ ਹੀ ਸੰਗਤ ਵਿੱਚ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਅੱਗੇ ਤੋਂ ਇਹ ਕੁਕਰਮ ਨਾ ਕਰਨ ਦਾ ਪ੍ਰਣ ਕੀਤਾ। ਕੁੱਝ ਪਲਾਂ ਦੀ ਸੰਗਤ ਦੇ ਨਾਲ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆ ਗਈ।
ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਪਿਛਲਾ ਨਾਂ ਲਛਮਣ ਦਾਸ ਸੀ, ਨੇ ਹਿਰਨੀ ਦਾ ਸ਼ਿਕਾਰ ਕੀਤਾ। ਉਸ ਦੇ ਪੇਟ ਵਿੱਚੋਂ ਦੋ ਬੱਚੇ ਨਿੱਕਲੇ ਤੇ ਤੜਫ-ਤੜਕ ਕਰ ਮਰ ਗਏ। ਲਛਮਣ ਦਾਸ ਦੇ ਮਨ ’ਤੇ ਏਨਾ ਅਸਰ ਹੋਇਆ ਕਿ ਉਸ ਨੇ ਸਦਾ ਲਈ ਸ਼ਿਕਾਰ ਕਰਨਾ ਛੱਡ ਦਿੱਤਾ ਤੇ ਹਥਿਆਰਾਂ ਨੂੰ ਵੀਹ ਸਾਲ ਤੱਕ ਹੱਥ ਨਾ ਲਾਇਆ। ਜਦੋਂ ਗੁਦਾਵਰੀ ਨਦੀ ਦੇ ਕੰਢੇ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੇਵਲ ਵੀਹ ਕੁ ਦਿਨ ਹੀ ਕੀਤੀ ਤਾਂ ਉਸ ਦਾ ਏਨਾ ਪ੍ਰਭਾਵ ਪਿਆ ਕਿ ਸਮੇਂ ਦੀ ਸਭ ਤੋਂ ਵੱਡੀ ਤਾਕਤ ਮੁਗ਼ਲ ਸਮਰਾਜ ਨਾਲ ਟੱਕਰ ਲੈ ਕੇ ਸਿੱਖ ਰਾਜ ਕਾਇਮ ਕੀਤਾ। ਅੰਤ ਸਮੇਂ ਜਦੋਂ ਬਾਬਾ ਜੀ ਤੇ ਹੋਰ ਸਿੰਘਾਂ ਨੂੰ ਕੈਦ ਕਰ ਲਿਆ ਗਿਆ ਤਾਂ ਆਪ ਦੇ ਚਾਰ ਸਾਲ ਦੇ ਬੱਚੇ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਬਾਬਾ ਜੀ ਉਸ ਵੇਲੇ ਵੀ ਨਾ ਡੋਲੇ। ਓਹੋ ਬੰਦਾ ਸਿੰਘ ਬਹਾਦਰ ਜਿਹੜਾ ਹਿਰਨ ਦੇ ਬੱਚਿਆਂ ਨੂੰ ਤੜਫਦਾ ਵੇਖ ਕੇ ਵੈਰਾਗੀ ਬਣ ਗਿਆ ਸੀ ਤੇ ਹਥਿਆਰ ਛੱਡ ਦਿੱਤੇ ਸਨ, ਹੁਣ ਉਹੀ ਬੰਦਾ ਸਿੰਘ ਆਪਣੇ ਬੱਚੇ ਦਾ ਸਾਹਮਣੇ ਕਤਲ ਹੁੰਦਾ ਵੇਖ ਵੀ ਨਾ ਡੋਲਿਆ। ਇਹ ਸਭ ਗੁਰੂ ਸਾਹਿਬ ਦੀ ਕੀਤੀ ਸੰਗਤ ਦਾ ਹੀ ਫਲ਼ ਸੀ।
ਉਪਰੋਕਤ ਇਤਿਹਾਸਕ ਘਟਨਾਵਾਂ ਤੋਂ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਇਨ੍ਹਾਂ ਮਨੁੱਖਾਂ ਨੇ ਉਚੇਚੇ ਤੌਰ ’ਤੇ ਮਹਾਂਪੁਰਖਾਂ ਦੀ ਸੰਗਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਇਹ ਸੰਗਤ ਉਨ੍ਹਾਂ ਦੇ ਲਿਖੇ ਹੋਏ ਪੂਰਬਲੇ ਕਰਮਾਂ ਅਨੁਸਾਰ ਹੀ ਉਨ੍ਹਾਂ ਨੂੰ ਮਿਲ ਗਈ ਤੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆ ਗਈ। ਕੁੱਝ ਮਨੁੱਖ ਉਚਾ ਸੁਚਾ ਜੀਵਨ ਜਿਊਣ ਲਈ ਉਪਰਾਲਾ ਵੀ ਕਰਦੇ ਹਨ, ਪਰ ਉਨ੍ਹਾਂ ਦੇ ਪੁਰਾਣੇ ਸੰਸਕਾਰ ਐਨੇ ਡੂੰਘੇ ਉਕਰੇ ਹੁੰਦੇ ਹਨ ਕਿ ਉਹ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਵੱਲ ਉਲਰੇ ਰਹਿੰਦੇ ਹਨ। ਉਨ੍ਹਾਂ ’ਚੋਂ ਕੁੱਝ ਮਨੁੱਖਾਂ ਨੂੰ ਸਾਧ ਸੰਗਤ ਦੀ ਵਡਿਆਈ ਦਾ ਗਿਆਨ ਤਾਂ ਹੁੰਦਾ ਹੈ ਪਰ ਪਰਵਾਰਿਕ ਝਮੇਲਿਆਂ ਕਾਰਨ ਸੰਗਤ ਵਿੱਚ ਆਉਣਾ ਕਠਿਨ ਲੱਗਦਾ ਹੈ ਜਾਂ ਅਜਿਹੇ ਵਿਅਕਤੀ ਨੂੰ ਘਰ ਦੇ ਹੋਰ ਜੀਅ ਜਾਂ ਉਨ੍ਹਾਂ ਜੀਆਂ ਦੇ ਮਿੱਤਰ ਹੀ ਕਹਿ ਦਿੰਦੇ ਹਨ ਕਿ ਗ੍ਰਿਹਸਤ ਦੇ ਫ਼ਰਜ਼ ਨਿਭਾਉਣਾ ਹੀ ਜੀਵਨ ਮਨੋਰਥ ਹੈ ਤੇ ਸੰਗਤ ਕਰਨੀ ਬਿਖਮ ਮਾਰਗ ਹੈ। ਗੁਰੂ ਅਮਰਦਾਸ ਜੀ ‘ਅਨੰਦ’ ਬਾਣੀ ਵਿੱਚ ਇਸ ਅਵਸਥਾ ਦਾ ਜ਼ਿਕਰ ਕਰਦੇ ਹੋਏ ਫ਼ੁਰਮਾਉਂਦੇ ਹਨ ‘‘ਖੰਨਿਅਹੁ ਤਿਖੀ, ਵਾਲਹੁ ਨਿਕੀ; ਏਤੁ ਮਾਰਗਿ ਜਾਣਾ ॥’’ (ਮਹਲਾ ੩/੯੧੯) ਇਸ ਕਰਕੇ ਗੁਰਬਾਣੀ ਵਿੱਚ ਸਤਿਸੰਗਤ ਭਾਵ ਗੁਰਮੁਖ ਪਿਆਰਿਆਂ ਦੇ ਮੇਲ਼ ਦੀ ਮਹਿਮਾ ਗਾਇਨ ਕੀਤੀ ਗਈ ਹੈ। ਇਸ ਪ੍ਰਥਾਇ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ; ਜਿਸੁ ਪੁਰਬ ਲਿਖੇ ਕਾ ਲਹਨਾ ॥’’ (ਮਹਲਾ ੫/੬੪੨)
ਮਨੁੱਖ ਲਈ ਜਿੱਥੇ ਉਚੇ ਸੁੱਚੇ ਜੀਵਨ ਵਾਲੇ ਗੁਰਮੁਖ ਪਿਆਰਿਆਂ ਦੀ ਸੰਗਤ; ਜੀਵਨ ਵਿੱਚ ਤਬਦੀਲੀ ਲਿਆਉਂਦੀ ਹੈ, ਉੱਥੇ ਮਨੁੱਖ ਅਕਾਲ ਪੁਰਖ ਦੀ ਸਾਜੀ ਹੋਈ ‘ਕੁਦਰਤ’ ਦੀ ਸੰਗਤ ਕਰਕੇ ਵੀ ਆਤਮਿਕ ਹੁਲਾਰੇ ਮਾਣਦਾ ਹੈ। ਸੰਸਾਰ ਵਿੱਚ ਅਕਾਲ ਪੁਰਖ ਨੇ ਬੇਅੰਤ ਰੰਗਾਂ-ਰੂਪਾਂ ਵਿੱਚ ਆਪਣੀ ਮਨਮੋਹਣੀ ਕੁਦਰਤ ਰਚੀ ਹੋਈ ਹੈ। ਉਹ ਆਪ ਹੀ ਇਸ ਕੁਦਰਤ ਦੇ ਅੰਦਰ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ। ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਕੁਦਰਤਿ ਪਉਣੁ ਪਾਣੀ ਬੈਸੰਤਰੁ; ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ; ਤੂੰ ਕਾਦਿਰੁ ਕਰਤਾ; ਪਾਕੀ ਨਾਈ ਪਾਕੁ ॥ ਨਾਨਕ! ਹੁਕਮੈ ਅੰਦਰਿ ਵੇਖੈ; ਵਰਤੈ ਤਾਕੋ ਤਾਕੁ ॥’’ (ਮਹਲਾ ੧/੪੬੪), ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥’’ (ਮਹਲਾ ੧/੪੬੯)
ਅਸਲ ਵਿੱਚ ਸਾਡਾ ਮਨ ਮਾਇਆ ਵਿੱਚ ਇੰਨਾ ਗ਼ਲਤਾਨ ਹੋ ਚੁੱਕਾ ਹੈ ਕਿ ਸਾਨੂੰ ਇਸ ‘ਕੁਦਰਤ’ ਵੱਲ ਵੇਖਣ ਦੀ ਫ਼ੁਰਸਤ ਹੀ ਨਹੀਂ ਮਿਲਦੀ ਜਾਂ ਲੋੜ ਹੀ ਨਹੀਂ ਭਾਸਦੀ। ਬਾਗ਼ ਬਗ਼ੀਚੇ, ਪਾਰਕ, ਜੰਗਲ਼, ਝਰਨੇ ਆਦਿ ਕੁਦਰਤੀ ਦ੍ਰਿਸ਼ਾਂ ਦਾ ਅਨੰਦ ਮਾਣਨ ਲਈ ਭਾਵ ਸੰਗਤ ਕਰਨ ਲਈ ਅਸੀਂ ਤਿਆਰ ਹੀ ਨਹੀਂ ਹੁੰਦੇ। ਜਦੋਂ ਅਕਾਲ ਪੁਰਖ ਦੀ ਇਸ ਕੁਦਰਤ ਦੇ ਵਿਲੱਖਣ ਅਤੇ ਸੋਹਣੇ ਸਰੂਪਾਂ ਦਾ ਰੰਗ ਮਾਣਦੇ ਹਾਂ ਤਾਂ ਅਸੀਂ ਮਾਨੋਂ ਕੁਦਰਤ ਦੀ ਸੰਗਤ ਕਰ ਰਹੇ ਹੁੰਦੇ ਹਾਂ। ਕੁਦਰਤ ਦੀ ਸੰਗਤ ਵਿੱਚ ਰਚਿਆ ਹੋਇਆ ਮਨ; ਵਿਸਮਾਦ ਦੀ ਅਵਸਥਾ ਵਿੱਚ ਆ ਜਾਂਦਾ ਹੈ ਅਤੇ ਕੁਦਰਤ ਦੇ ਰਚਨਹਾਰ ਕਾਦਿਰ ਅੱਗੇ ਆਪ ਮੁਹਾਰੇ ਸਿਰ ਝੁਕ ਜਾਂਦਾ ਹੈ। ਇਸ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ ‘‘ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ; ਨਾਗੇ ਫਿਰਹਿ ਜੰਤ ॥ ਵਿਸਮਾਦੁ ਪਉਣੁ; ਵਿਸਮਾਦੁ ਪਾਣੀ ॥ ਵਿਸਮਾਦੁ ਅਗਨੀ; ਖੇਡਹਿ ਵਿਡਾਣੀ ॥’’ (ਮਹਲਾ ੧/੪੬੪) ਅਤੇ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ; ਗੁਰਮੁਖਿ ਪਾਇਆ ਜਾਇ ॥’’ (ਮਹਲਾ ੩/੫੧੫) ਇਹ ਕੁਦਰਤ ਦੀ ਆਤਮਿਕ ਸੰਗਤ ਹੈ, ਜਿਸ ਦੁਆਰਾ ਅਸੀਂ ਅਨੋਖੇ ਇਲਾਹੀ ਹਿਲੋਰੇ ਦਾ ਰੰਗ-ਰੱਸ ਮਾਣਦੇ ਹਾਂ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਜਲਿ ਥਲਿ ਮਹੀਅਲਿ ਗੁਪਤੋ ਵਰਤੈ; ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥’’ (ਮਹਲਾ ੧/੫੯੭)
ਪੜ੍ਹੇ ਲਿਖੇ ਗੁਰਮੁਖਾਂ ਦੀ ਸੰਗਤ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ, ਇਸ ਲਈ ਗੁਰਮਤਿ ਨੇ ਸਾਨੂੰ ਇਹ ਪ੍ਰੇਰਨਾ ਕੀਤੀ ਹੈ ਕਿ ਹੇ ਮਨੁੱਖ! ਤੂੰ ਉਨ੍ਹਾਂ ਬੰਦਿਆਂ ਦੀ ਸੰਗਤ ਕਰ, ਜਿਨ੍ਹਾਂ ਦਾ ਜੀਵਨ ਜਗਦੇ ਦੀਵੇ ਦੀ ਤਰ੍ਹਾਂ ਹੈ। ਇਸ ਪਰਥਾਇ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ ‘‘ਸਤੀ ਪਹਰੀ ਸਤੁ ਭਲਾ; ਬਹੀਐ ਪੜਿਆ ਪਾਸਿ ॥’’ (ਮਹਲਾ ੨/੧੪੬)
ਸਤਿਗੁਰੂ ਜੀ ਦੀ ਨਜ਼ਰ ਵਿੱਚ ਪੜ੍ਹਿਆਂ ਪਾਸ ਬੈਠਣਾ ਕੀ ਹੈ ? ਉਹ ਮਨੁੱਖ ਜਿਨ੍ਹਾਂ ਦੇ ਅੰਦਰ ਗੁਰੂ ਗਿਆਨ ਦੀ ਰੌਸ਼ਨੀ ਹੈ ਅਤੇ ਸਤਸੰਗੀ ਹਨ। ਜਿਨ੍ਹਾਂ ਨੇ ਕੇਵਲ ਕਿਤਾਬਾਂ ਹੀ ਨਹੀਂ ਪੜ੍ਹੀਆਂ ਸਗੋਂ ਮਨ ਨੂੰ ਵੀ ਪੜ੍ਹਿਆ ਹੈ ਭਾਵ ਆਪਣੇ ਹਰ ਗੁਣ-ਅਵਗੁਣ ਨੂੰ ਪੜ੍ਹਿਆ ਹੈ। ਜੀਵਨ ਵਿੱਚੋਂ ਵਿਕਾਰਾਂ ਨੂੰ ਕੱਢ ਕੇ ਗੁਣ ਭਰੇ ਹਨ। ਇਸ ਲਈ ਅਸੀਂ ਪੜ੍ਹਿਆਂ ਨੂੰ ਵੀ ਪੜ੍ਹਾਉਣ ਵਾਲੇ ਸਤਿਗੁਰ ਦੇ ਪਾਸ ਬੈਠਣਾ ਹੈ। ਬਾਕੀ ਸਾਰਾ ਸਮਾਂ ਕਾਰ-ਵਿਹਾਰ ਕਰਦਿਆਂ ਉਚਾ ਤੇ ਸੁੱਚਾ ਜੀਵਨ ਜਿਊਣਾ ਹੈ। ਇਸ ਤਰ੍ਹਾਂ ਪੜ੍ਹਿਆ ਹੋਇਆ ਹਰ ਅੱਖਰ; ਮਨੁੱਖ ਦੇ ਅੰਦਰ ਵੱਸ ਕੇ ਅੱਖਰਾਂ ਦੇ ਮਾਲਕ ਪ੍ਰਭੂ ਨਾਲ ਜੁੜ ਜਾਵੇਗਾ। ਗੁਰੂ ਅਰਜਨ ਦੇਵ ਜੀ ਇਸ ਬਾਰੇ ਫ਼ੁਰਮਾਉਂਦੇ ਹਨ ‘‘ਏਕ ਅਖਰੁ ਹਰਿ ਮਨਿ ਬਸਤ; ਨਾਨਕ! ਹੋਤ ਨਿਹਾਲ ॥’’ (ਮਹਲਾ ੫/੨੬੧)
ਸੋ ਸਤਿਸੰਗਤ ਉਹ ਹੈ, ਜਿੱਥੇ ਕੇਵਲ ਨਾਮ ਦੀ ਹੀ ਚਰਚਾ ਹੁੰਦੀ ਹੈ। ਨਾਮ ਕੀ ਹੈ ? ਅਕਾਲ ਪੁਰਖ ਦੀ ਮਹਿਮਾ ਹੀ ਨਾਮ ਹੈ। ਇਸ ਵਡਿਆਈ ਦੀ ਸਮਝ ਸਤਿਗੁਰੂ ਤੋਂ ਪੈਂਦੀ ਹੈ। ਸਤਿਗੁਰੂ ਕੌਣ ਹੈ। ਗੁਰੂ ਰਾਮ ਦਾਸ ਜੀ ਫ਼ੁਰਮਾਉਂਦੇ ਹਨ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥’’ (ਮਹਲਾ ੪/੯੮੨)
ਗੁਰਬਾਣੀ ਤੇ ਸੰਗਤ ਦੇ ਮੇਲ਼ ਨਾਲ ਹੀ ਸਤਿ ਸੰਗਤ ਬਣਦੀ ਹੈ। ਸਤਿਸੰਗਤ ਅਸਲ ਵਿੱਚ ਗੁਰੂ ਦੀ ਪਾਠਸ਼ਾਲਾ ਹੈ, ਜਿੱਥੇ ਦਾਖ਼ਲਾ ਲੈ ਕੇ ਮਨੁੱਖ ਨੇ ਉਚੇ ਤੇ ਸੁੱਚੇ ਗੁਣ ਗ੍ਰਹਿਣ ਕਰਨੇ ਹਨ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ ‘‘ਸਤਸੰਗਤਿ ਸਤਿਗੁਰ ਚਟਸਾਲ ਹੈ; ਜਿਤੁ ਹਰਿ ਗੁਣ ਸਿਖਾ ॥’’ (ਮਹਲਾ ੪/੧੩੧੬) ਸਤ ਸੰਗਤ ਵਿੱਚ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ। ਇਸ ਬਾਰੇ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਗੁਰ ਦੁਆਰੈ; ਹਰਿ ਕੀਰਤਨੁ ਸੁਣੀਐ ॥ ਸਤਿਗੁਰੁ ਭੇਟਿ; ਹਰਿ ਜਸੁ ਮੁਖਿ ਭਣੀਐ ॥ ਕਲਿ ਕਲੇਸ ਮਿਟਾਏ ਸਤਿਗੁਰੁ; ਹਰਿ ਦਰਗਹ ਦੇਵੈ ਮਾਨਾਂ ਹੇ ॥’’ (ਮਹਲਾ ੫/੧੦੭੫) ਇਸ ਤਰ੍ਹਾਂ ਗੁਰੂ ਦੀ ਸੰਗਤ ਕਰਨ ਨਾਲ, ਗੁਰੂ ਦੇ ਬਚਨ ਸੁਣ ਕੇ ਮਨ ਵਿੱਚ ਵਸਾਉਣ ਨਾਲ ਸਾਡੇ ਕਲਹ ਕਲੇਸ਼ ਖ਼ਤਮ ਹੁੰਦੇ ਹਨ ਤੇ ਅਸੀਂ ਸਚਿਆਰ ਜੀਵਨ ਜਿਉਣ ਦੀ ਜਾਂਚ ਸਿੱਖਦੇ ਹਾਂ। ਸਚਿਆਰ ਜੀਵਨ ਜਿਉਣ ਲਈ ਮਨ ਨੂੰ ਸਵੱਛ ਤੇ ਪਵਿੱਤਰ ਕਰਨ ਦੀ ਲੋੜ ਹੈ ਕਿਉਂਕਿ ਮਨ ਹੀ ਸਰੀਰ ਨੂੰ ਚਲਾਉਣ ਵਾਲਾ ਹੈ। ਮਾਨੋ ਮਨ ਇੱਕ ਡਰਾਈਵਰ ਹੈ ਤੇ ਸਰੀਰ ਗੱਡੀ ਹੈ।
ਸਤਿਸੰਗਤ ਵਿੱਚ ਬੈਠ ਕੇ ਪ੍ਰਭੂ ਚਿੰਤਨ ਕਰਨ ਅਤੇ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਮਨ ਤੋਂ, ਜੋ ਜਨਮ ਜਨਮਾਤਰਾਂ ਦੀ ਅਤੇ ਪਾਪਾਂ ਦੀ ਮੈਲ਼ ਲੱਗੀ ਹੁੰਦੀ ਹੈ, ਉਹ ਸਦਾ ਵਾਸਤੇ ਦੂਰ ਹੋ ਜਾਂਦੀ ਹੈ ਤੇ ਮਨ ਪਵਿੱਤਰ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਸਚੇ ਚਰਣ ਸਰੇਵੀਅਹਿ ਭਾਈ! ਭ੍ਰਮੁ ਭਉ ਹੋਵੈ ਨਾਸੁ ॥ ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ! ਹਰਿ ਕੈ ਨਾਮਿ ਨਿਵਾਸੁ ॥’’ (ਮਹਲਾ ੫/੬੩੯)
ਸਤਿਸੰਗਤ ਕਿਸੇ ਵੱਡੇ ਇਕੱਠ ਦਾ ਨਾਉਂ ਨਹੀਂ ਸਗੋਂ ਉਹ ਇਕੱਠ, ਜਿਸ ਵਿੱਚ ਕੇਵਲ ਸਤਿ ਦੀ ਅਰਾਧਣਾ ਹੋਵੇ, ਪਰ ਜਿਸ ਇਕੱਤਰਤਾ ਵਿੱਚ ਸਤਿ ਦੀ ਅਣਹੋਂਦ ਹੋਵੇਗੀ ਭਾਵੇਂ ਉਹ ਲੱਖਾਂ ਦਾ ਇਕੱਠ ਹੀ ਕਿਉਂ ਨਾ ਹੋਵੇ, ਸਤਿਸੰਗਤ ਨਹੀਂ ਅਖਵਾ ਸਕਦਾ। ਸਤਿ ਦੀ ਹੋਂਦ ਵਾਲੇ ਇਕੱਠ ਭਾਵੇਂ ਉਹ ਦੋ ਪ੍ਰਾਣੀਆਂ ਦਾ ਹੀ ਹੋਵੇ ਉਸ ਨੂੰ ਸੰਗਤ ਹੀ ਕਿਹਾ ਜਾਵੇਗਾ। ਭਾਈ ਗੁਰਦਾਸ ਜੀ 13ਵੀਂ ਵਾਰ ਦੀ 19ਵੀਂ ਪਾਉੜੀ ਵਿੱਚ ਸਮਝਾਉਂਦੇ ਹਨ ‘‘ਇਕੁ ਸਿਖੁ, ਦੁਇ ਸਾਧ ਸੰਗੁ; ਪੰਜੀਂ ਪਰਮੇਸਰੁ।’’ ਸੰਗਤ ਵਿੱਚੋਂ ਪੂਰਾ ਲਾਹਾ ਪ੍ਰਾਪਤ ਕਰਨ ਵਾਸਤੇ ਮਨ ਵਿੱਚੋਂ ਹੰਕਾਰ ਦੀ ਬਿਰਤੀ ਤਿਆਗ ਕੇ, ਨਿਮਰਤਾ ਧਾਰਨ ਕਰ ਕੁੱਝ ਸਿੱਖਣ ਦੀ ਬਿਰਤੀ ਲੈ ਕੇ ਜਾਣਾ ਚਾਹੀਦਾ ਹੈ। ਭਗਤ ਕਬੀਰ ਜੀ ਦੇ ਬਚਨ ਹਨ ‘‘ਕਬੀਰ ਸਭ ਤੇ ਹਮ ਬੁਰੇ; ਹਮ ਤਜਿ, ਭਲੋ ਸਭੁ ਕੋਇ ॥’’ (ਭਗਤ ਕਬੀਰ/੧੩੬੪)
ਸਤਿਗੁਰੂ ਦੀ ਸੰਗਤ ਵਿੱਚ ਜਾ ਕੇ, ਦੂਜੇ ਦੀ ਨਿੰਦਿਆ ਚੁਗ਼ਲੀ ਨਾ ਕਰਨੀ ਹੈ ਤੇ ਨਾ ਸੁਣਨੀ ਚਾਹੀਦੀ ਹੈ। ਉੱਥੇ ਜਾ ਕੇ, ਜੋ ਗੁਰਮਤਿ ਦੀ ਕਥਾ ਵਿਚਾਰ ਹੋ ਰਹੀ ਹੋਵੇ, ਉਸ ਨੂੰ ਹੀ ਸੁਣਨਾ ਤੇ ਵਿਚਾਰਨਾ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ ਕਰਨੀ ਸਗੋਂ ਉਸ ਵਿਚਾਰ ਨੂੰ ਹੋਰਨਾਂ ਨਾਲ ਵੀ ਸਾਂਝਾ ਕਰਨਾ ਜ਼ਰੂਰੀ ਹੈ। ਅਜਿਹੇ ਜੀਵਾਂ ਉੱਤੇ ਗੁਰੂ ਪਾਤਸ਼ਾਹ ਪ੍ਰਸੰਨ ਹੁੰਦੇ ਹਨ। ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਮਹਲਾ ੪/੩੦੬) ਜਦੋਂ ਅਜਿਹਾ ਜੀਵਨ ਬਣ ਗਿਆ ਤਾਂ ਜੀਵਨ ਵਿੱਚ ਅਨੰਦ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਸਤਿਸੰਗਤ ਦਾ ਪੂਰਾ ਲਾਹਾ ਵੀ ਮਿਲ ਜਾਵੇਗਾ। ਇਸ ਤਰ੍ਹਾਂ ਗੁਰਮੁਖਾਂ ਦੀ ਸੰਗਤ ਕਰਨ ਨਾਲ ਵਿਕਾਰਾਂ ਦੀ ਮੈਲ਼ ਮਿਟਦੀ ਹੈ ਤੇ ਚੰਗੀ ਮੱਤ ਆਉਂਦੀ ਹੈ। ਪ੍ਰਭੂ ਹਮੇਸ਼ਾਂ ਅੰਗ-ਸੰਗ ਜਾਪਦਾ ਹੈ। ਸੰਗਤ ਵਿੱਚੋਂ ਨਾਮ ਰੂਪੀ ਰਤਨ ਲੱਭ ਪੈਂਦਾ ਹੈ ਤੇ ਮਨ, ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਪੰਜ ਵਿਕਾਰ ਕਾਬੂ ਵਿੱਚ ਆ ਜਾਂਦੇ ਹਨ ਤੇ ਮਨ ਨੂੰ ਬੁਰੇ ਬਚਨ ਚੰਗੇ ਲੱਗਣੋ ਹੱਟ ਜਾਂਦੇ ਹਨ। ਇਸ ਤਰ੍ਹਾਂ ਵੈਰੀ ਵੀ ਮਿੱਤਰ ਲੱਗਦੇ ਹਨ। ਪੈਰ ਮੰਦੇ ਪਾਸੇ ਨਹੀਂ ਜਾਂਦੇ ਤੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਮਨੁੱਖ ਆਪਣਾ ਜੀਵਨ ਮਨੋਰਥ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਤੇ ਹਰ ਥਾਂ ਪ੍ਰਮਾਤਮਾ ਨੂੰ ਹੀ ਵੇਖਦਾ, ਅਨੰਦਿਤ ਹੁੰਦਾ ਹੈ।