ਭਾਈ ਵੀਰ ਸਿੰਘ ਜੀ ਦਾ ਵਿਵਾਹ ਪ੍ਰਤੀ ਦ੍ਰਿਸ਼ਟੀਕੋਣ

0
267

ਭਾਈ ਵੀਰ ਸਿੰਘ ਜੀ ਦਾ ਵਿਵਾਹ ਪ੍ਰਤੀ ਦ੍ਰਿਸ਼ਟੀਕੋਣ

ਨਿਰਵੈਰ ਸਿੰਘ ‘ਅਰਸ਼ੀ’ ਸਾਬਕਾ ਡਾਇਰੈਕਟਰ ਡਾ: ਬਲਬੀਰ ਸਿੰਘ ਸਾਹਿਤ ਕੇਂਦਰ

ਵਿਵਾਹ ਇਕ ਪ੍ਰਵਿਰਤੀ ਕਰਮ ਹੈ, ਇਸ ਨਾਲ ਗ੍ਰਹਿਸਤ ਪ੍ਰਵੇਸ਼ ਹੁੰਦਾ ਹੈ। ਪੁਰਾਣਾ ਤਰੀਕਾ ਪਰਮਾਰਥ ਦਾ ਸੀ ਕਿ ਪ੍ਰਵਿਰਤੀ ਛੱਡ ਕੇ ਨਿਰਵਿਰਤੀ ਵਿੱਚ ਜਾਣਾ, ਗ੍ਰਹਿਸਤ ਛੱਡ ਕੇ ਉਪ੍ਰਾਮ ਤੇ ਅਤੀਤ ਹੋ ਜਾਣਾ। ਸ੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿੱਚ ਰਚੀਆਂ ਲਾਵਾਂ ਵਿੱਚ ਦੱਸਿਆ ਹੈ ਕਿ ਪ੍ਰਵਿਰਤੀ ਕਰਮ ਗ੍ਰਹਿਸਤ ਹੈ, ਇਸੇ ਵਿੱਚ ਰਹੋ, ਪਰ ਵਾਹਿਗੁਰੂ ਨੂੰ ਨਾ ਭੁੱਲੋ, ਉਸ ਨੂੰ ਯਾਦ ਰੱਗੋ, ਪਰ ਜਗਤ ਨਾਲ ਸਹਿਤ ਬੈਰਾਗ ਰੱਗੋ। ਇਸ ਤਰ੍ਹਾਂ ਜੋ ਜੀਵ ਕਰੇਗਾ, ਉਸ ਦਾ ਕਲਿਆਣ ਹੋਵੇਗਾ।’’ ‘‘ਵਿਵਾਹ ਦੀ ਮਰਯਾਦਾ ਦਾ ਸਮਝਣਾ ਸੰਸਾਰ ਦੇ ਮੁਸ਼ਕਿਲ ਮਸਲਿਆਂ ਵਿੱਚੋਂ ਇੱਕ ਹੈ। ਸਿੱਖ ਮਜ਼ਹਬ ਨੇ ਜੋ ਜੀਵਨ ਦੇ ਹਰ ਪਹਿਲੂ ਨੂੰ ਆਲ੍ਹਾ ਤੋਂ ਆਲ੍ਹਾ ਵਿਚਾਰ ਵਿੱਚ ਪ੍ਰਗਟ ਕੀਤਾ ਹੈ, ਇਸ ਵਿਵਾਹ ਨੂੰ ਵੀ ਉਸੇ ਉੱਚੇ ਭਾਵ ਨਾਲ ਦੇਖਿਆ ਹੈ ਕਿ ਜਿਸ ਲਈ ਜੀਵ ਦਾ ਆਪਣਾ ਆਪ ਆਪਣੇ ਆਪੇ ਵਿੱਚ ਆ ਕੇ ਲਿਸ਼ਕਦਾ ਹੈ, ਅਰ ਆਪਣੇ ਸਿਰਜਣਹਾਰ ਦੀ ਪ੍ਰਾਪਤੀ ਦੇ ਮੰਡਲ ਵਿੱਚ ਕਦਮ ਰੱਖ ਦੇਂਦਾ ਹੈ।’’ ਗੁਰਬਾਣੀ ਦੇ ਮਹਾਂਵਾਕ ‘‘ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮਹਲਾ ੩/੭੮੮) ਅਤੇ ਇਸ ਤੋਂ ਅਗਲੀ ਮੰਜ਼ਿਲ ‘‘ਠਾਕੁਰੁ ਏਕੁ; ਸਬਾਈ ਨਾਰਿ ॥’’ (ਮਹਲਾ ੧/੯੩੩) ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਫ਼ੁਰਮਾਦੇ ਹਨ : ‘ਧਨ ਪਿਰ ਵੱਖੋ ਵੱਖ ਹਨ ਦੋ ਮੂਰਤਾਂ, ਇਕ ਜੋਤ ਹੋ ਜਾਣ ਨਾਲ ਪਰੇਮ ਦੇ। ਜਾਂ ਦੋ ਇਕ ਹੋ ਜਾਣ ਤਾਂ ਬਣ ਜਾਂਵਦੀ ਰੂਹਾਨੀ ਹੈ ਨਾਰ-ਆਤਮ ਰੂਪ ਓ, ਉਸ ਦਾ ਫਿਰ ਸੰਜੋਗ ਸਾਈਂ ਨਾਲ ਹੋ। ਇਕੋ ਪੁਰਖ ਅਕਾਲ ਹੈ ਪਰਮਾਤਮਾ, ਹੋਰ ਆਤਮਾ ਸਭ ਜਾਣੋਂ ਨਾਰੀਆਂ। ‘ਆਤਮ’ ਜਾਂ ਕਹੁ ‘ਰੂਹ’ ਨਾਲ ਪਰੇਮ ਏ ਪਰਮਾਤਮ ਦੇ ਨਾਲ ਮਿਲਦੀਆਂ ਆ ਸਭੇ। ਭਾਈ ਸਾਹਿਬ ਅਨੁਸਾਰ ਗ੍ਰਹਿਸਤ ਧਾਰਨਾ ਕੋਈ ਸਾਧਾਰਨ ਗੱਲ ਨਹੀਂ, ਇਹ ਵੀ ਬੜਾ ਕਠਿਨ ਰਾਹ ਹੈ। ਮੰਜ਼ਿਲੇ-ਮਕਸੂਦ ਉੱਤੇ ਅੱਪੜਨ ਲਈ ਭਾਰੀ ਤਰੱਦਦ ਕਰਨੇ ਪੈਂਦੇ ਹਨ : ‘‘ਬਣਾਂ ਵਿਚ ਜਾ ਕੇ, ਛੇਤ੍ਰਹੀਨ (ਜਿਥੇ ਦਾਨੀਆਂ ਦੇ ਅੰਨ ਛੇਤ੍ਰ ਨਾ ਲੱਗੇ ਹੋਣ) ਤੀਰਥਾਂ ਤੇ ਬੈਠ ਕੇ, ਨਿਰਜਨ ਝਾੜੀਆਂ ਵਿਚ ਡੇਰੇ ਲਾ ਕੇ ਭਜਨ ਕਰਨਾ ਔਗਾ ਹੈ, ਸੰਨਿਆਸੀ ਹੋ ਕੇ ਘਰ ਬਾਰ ਛੱਡਣੇ ਬੜੇ ਕਠਨ ਹਨ, ਪਰ ਗੁਰੂ ਬਾਬੇ ਨੇ, ਜੋ ਗ੍ਰਹਿਸਤ ਵਿਚ ਰਹਿ ਕੇ ਪਾਣੀ ਵਿਚ ਕੰਵਲ ਸਮਾਨ ਉਦਾਸ ਰਹਿਣ ਦੀ ਆਗਿਆ ਬਖ਼ਸ਼ੀ ਹੈ, ਉਹ ਪਾਲਣੀ ਉਹਨਾਂ ਤੋਂ ਵੀ ਕਠਿਨ ਹੈ। ਬਣ ਵਿਚ ਮਨ ਉਕਤਾ ਕੇ ਮਨੁੱਖ ਦਾ ਸੰਗ ਲੋਚਦਾ ਹੈ ਤੇ ਜੇ ਮਨ ਨੂੰ ਇਸ ਗੱਲੋਂ ਹੋੜ੍ਹ ਲਈਏ, ਤਾਂ ਇਸ ਹੋੜ੍ਹਨ ਦੀ ਹੀ ਵੱਡੀ ਖੇਚਲ ਹੈ। ਪਰ ਜਲ ਵਿਚ ਖਿੜੇ ਕੰਵਲ ਵਾਂਗੂੰ ਜੇ ਕਿਸੇ ਗ੍ਰਹਿਸਤੀ ਨੂੰ ਨਾਮ ਅਭਿਆਸ ਨਾਲ ਅਲਪਤਾ ਪ੍ਰਾਪਤ ਹੋ ਗਈ ਹੈ ਤਾਂ ਉਸ ਦੇ ਦੁਆਲੇ ਪੈ ਰਹੀ ‘ਲਹਿਰ ਪਛਾੜ’ ਡਾਢੀ ਬੁਰੀ ਸ਼ੈ ਹੈ। ਕੁਸੰਗ ਦੇ ਘੇਰੇ ਵਿਚ ਰਹਿ ਕੇ ਆਪਾ ਸੁਆਰਨਾ, ਹਾਂ, ਨਾ ਕੇਵਲ ਆਪਾ ਸੁਆਰਨਾ ਸਗੋਂ ਸਾਕਾਂ ਮਿੱਤਰਾਂ ਦੇ ਨਾ ਟੁਟ ਸਕਣ ਵਾਲੇ ਸਬੰਧਾਂ ਵਿਚ ਸਭ ਨਾਲ ਨੇਕੀ ਵਰਤਣਾ ਤੇ ਵਰਤਣਾ ਦੁਜਾਇਗੀ ਵਾਲਿਆਂ ਨਾਲ ਦੁਜਾਇਗੀ ਛੱਡ ਕੇ, ਵਰਤਣਾ ਪਾਪ ਰਹਿਤ ਤਰੀਕੇ ਨਾਲ ਉਹਨਾਂ ਲੋਕਾਂ ਨਾਲ ਕਿ ਜਿਨ੍ਹਾਂ ਨੂੰ ਝੂਠ, ਕੁਸੱਤ, ਫਰੇਬ ਤੋਂ ਕਿਸੇ ਰੋਕਥਾਮ ਨਹੀਂ, ਕਿਤੇ ਸ਼ਰਮ ਨਹੀਂ ਤੇ ਜਿਨ੍ਹਾਂ ਦਾ ਕੋਈ ਅਸੂਲ ਨਹੀਂ, ਸੌਖਾ ਨਹੀਂ ਹੈ। ਗ੍ਰਹਿਸਤੀ ਨੂੰ ਰਾਜਾ ਤੇ ਰਾਜਾ ਦੇ ਦੂਤਾਂ ਦੇ ਮੱਲੋ ਮੱਲੀ ਦੇ ਝੇੜੇ ਗਲੇ ਆ ਪੈਂਦੇ ਹਨ। ਹਾਂ, ਆਪ ਕਮਾਉਣ ਦੀ ਤਰੱਦਦ ਤੇ ਮਿਹਨਤਾਂ, ਬਾਲ ਬੱਚੇ, ਇਸਤਰੀ, ਮਾਤਾ ਪਿਤਾ, ਸਭ ਦੇ ਫਰਜ਼, ਬਿਮਾਰੀਆਂ ਤੇ ਬੀਮਾਰਦਾਰੀਆਂ, ਮੌਤਾਂ ਅਤੇ ਮਰ ਗਿਆਂ ਤੋਂ ਵਿਛੁੜਿਆਂ ਦੀਆਂ ਦਿਲਦਾਰੀਆਂ, ਗ੍ਰਹਿਸਤ ਵਿਚ ਰਹਿ ਕੇ ਕੌਣ ਹੈ ਜੋ ਇਹਨਾਂ ਲਹਿਰ ਪਛਾੜਾਂ ਤੋਂ ਵਿਰਵਾ ਰਹਿ ਸਕਦਾ ਹੈ ?… ਇਉਂ ਗ੍ਰਹਿਸਤ-ਉਦਾਸੀ ਦਾ ਮਾਰਗ ਬਹੁਤ ਕਠਨ ਹੈ। ਉਧਰ ਬਣ ਵਿਚ ਰਹਿ ਕੇ ਬਣਵਾਸੀ ਸਾਧੂ ਨੇ ‘ਲਹਿਰ-ਪਛਾੜ’ ਕਿਸ ਦੀ ਝੱਲਣੀ ਹੈ ? ਇਹ ਆਪਣੇ ਮਨ ਦੀ, ਇਕ ਭੁੱਖ ਤਰੇਹ ਪਾਲੇ ਦੀ, ਤੇ ਸਭ ਤੋਂ ਵੱਡੀ ਮਨੁੱਖ ਦੇ ਦਰਸ਼ਨ ਤੋਂ ਵਿਰਵੇ ਹੋਣ ਦੀ, ਜੋ ਬੜੀ ਹੀ ਕਠਨ ਗੱਲ ਹੈ। ਪਰ ਇਹਨਾਂ ਸਭਨਾਂ ਮੁਸ਼ਕਲਾਂ ਦਾ ਲੰਮਾਉ ਚੁੜਾਉ ਆਪੇ ਤੇ ਹੀ ਮੁੱਕ ਜਾਂਦਾ ਹੈ। ਉਥੇ ਉਪਕਾਰ ਕਿਸ ’ਤੇ ਕਰਨਾ ਹੈ ਤੇ ਰੋਸ ਕਿਸ ਦੇ ਝੱਲਣੇ ਹਨ ? ਪਰ ਗ੍ਰਹਿਸਤ ਵਿਚ ਜੋ ਨਾਮੀ ਪੁਰਖ ਬੈਠਾ ਹੈ, ਉਹ ਪਰਵਾਰ ਦੀ ਬਿਮਾਰੀ ਵੇਲੇ ਕਿਥੇ ਭੱਜੇਗਾ ? ਘਰ ਵਿਚ ਕਿਸੇ ਸਬੰਧੀ ਦੇ ਵਿਧਵਾ ਜਾਂ ਮਹਿੱਟਰ ਹੋਣ ਸਮੇਂ ਕੀਕੂ ਆਪ ਰੋਟੀ ਖਾਵੇਗਾ ਤੇ ਉਹਨਾਂ ਨੂੰ ਭੁੱਖਾ ਦੇਖ ਸਕੇਗਾ ? ਇਸ ਨੂੰ ਜ਼ਰੂਰ ਸੇਵਾ ਤੇ ਉਪਕਾਰ ਦੇ ਵੇਲੇ ਆਉਣਗੇ। ਇਸ ਦੇ ਮਨ ਨੇ ਦੁਜਾਇਗੀ ਤੋਂ ਰਹਿਤ ਹੋਣਾ ਹੈ, ਪਰ ਪੀੜਾ ਹਰਨਾ ਇਸ ਦਾ ਇਕ ਸੁਭਾਵ ਹੋਣਾ ਹੈ। ਹਉਂ ਨਾਲ, ਦਿਖਾਵੇ ਨਾਲ ਇਸ ਨੇ ਕੁਛ ਨਹੀਂ ਕਰਨਾ। ਇਸ ਨੇ ਉੱਚੇ ਅਸੂਲਾਂ ਤੇ ਖੜੋ ਕੇ, ਆਪਾ ਨਿਵਾਰ ਕੇ, ਨੇਕੀ ਕਰਨੀ ਹੈ, ਇਸ ਨੇਕੀ ਦੇ ਵਕਤ ਧਨ, ਬਲ, ਮਨ, ਬੁੱਧੀ-ਸਾਰੇ ਤੇ ਵਗਾਰ ਪਾਉਣੀ ਹੈ। ਗ੍ਰਹਿਸਤੀ ਨਾਮ ਵਾਲੇ ਨੇ ਨਿੰਦਾ-ਉਸਤਤਿ ਝੱਲਣੀ ਹੈ, ਸਖ਼ਤੀਆਂ, ਜ਼ੁਲਮ ਤੇ ਅਨਿਆਏ ਸਹਾਰਨੇ ਹਨ। ਅਰਥਾਤ ਗ੍ਰਹਿਸਤੀ ਨਾਮ-ਪ੍ਰੇਮੀ ਨਾਲ ਆਪੇ ਤੇ ਟਿਕਣਾ ਤੇ ਫੇਰ ਇਸ ਲਹਿਰ-ਪਛਾੜ ਨਾਲ ਆਪ ਨੂੰ ਟੁੱਟਣ ਨਹੀਂ ਦੇਣਾ। ਇਹੋ ਹੁਕਮ ਹੈ। ਇਹੋ ਠੀਕ ਹੈ, ਇਹੋ ਕਰਨਾ ਹੈ ਕਿਉਂਕਿ ਇਸੇ ਵਿਚ ਰਹਿ ਕੇ ਤੇ ਵਰਤ ਕੇ ਮਨ ਅਤੇ ਸੁਰਤ ਨੇ ਪੱਕਣਾ ਹੈ ਤੇ ਸਭ ਮਾੜੇ ਅਸਰਾਂ ਨਾਲ ਜੁੱਧ ਕਰ ਕਰਾ ਕੇ ਉੱਚੇ ਉੱਠਣਾ ਹੈ। ਭਾਂਡਿਆਂ ਵਿਚ ਪਾ ਕੇ ਪਕਾਏ ਫਲ ਮਿੱਠੇ ਨਹੀਂ ਹੁੰਦੇ, ਜਿੰਨੇ ਕਿ ਮੀਂਹ ਹਨ੍ਹੇਰੀਆਂ ਤੇ ਧੁੱਪਾਂ ਸਹਿ, ਡਾਲੀਆਂ ਨਾਲ ਲੱਗੇ ਰਹਿ ਕੇ ਪੱਕੇ ਹੋਏ ਫਲ ਮਿੱਠੇ ਹੁੰਦੇ ਹਨ।’’

ਵਿਵਾਹ ਕੋਈ ਗੁਲਾਮੀ ਜਾਂ ਕੈਦ ਨਹੀਂ, ਬਲਕਿ ਇਕ ਪਵਿੱਤਰ ਬੰਧਨ ਹੈ, ਜੋ ਸੁਖਮਈ ਜੀਵਨ ਦੀ ਸੰਪੂਰਨਤਾ ਵੱਲ ਚੁੱਕਿਆ ਜਾਣ ਵਾਲਾ ਨਰੋਆ ਕਦਮ ਹੈ। ਭਾਈ ਸਾਹਿਬ ਲਿਖਦੇ ਹਨ : ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਨੂੰ ਜਿਉਂ-ਜਿਉਂ ਵਿਚਾਰੋ, ਸਿੱਟਾ ਇਹ ਨਿਕਲਦਾ ਹੈ ਕਿ ਵਿਆਹ ਦਾ ਸੰਬੰਧ ਇਸਤਰੀ ਪੁਰਖ ਨੂੰ ਪਾਪਾਂ ਤੋਂ ਬਚਾਉਣ ਅਤੇ ਗ੍ਰਹਿਸਤ ਜਤੀ ਰੱਖਣ ਵਾਸਤੇ ਹੈ। ਉਹਨਾਂ ਦੇ ਸੰਜੋਗ ਦਾ ਪ੍ਰਯੋਜਨ ਇਹ ਹੈ ਕਿ ਉਹ ਵਾਹਿਗੁਰੂ ਨੂੰ ਪ੍ਰਾਪਤ ਹੋਣ, ਪਰਮਾਰਥ ਵਿਚ ਪਰਸਪਰ ਸਹਾਈ ਹੋਣ, ਵਾਹਿਗੁਰੂ ਦੀ ਯਾਦ ਵਿਚ ਲੱਗਣ, ਸਰਬੱਤ ਦੇ ਭਲੇ ਵਿਚ ਵੱਸਣ। ਸੰਤਾਨ ਜੇ ਹੋਵੇ ਤਾਂ ਉਸ ਨੂੰ ਵਾਹਿਗੁਰੂ ਦੇ ਪਿਆਰ ਵਿਚ ਪਾਲਣ, ਸੰਤਾਨ ਦੇ ਮੋਹ ਵਿਚ ਰੁੜ੍ਹ ਨਾ ਜਾਣ, ਗੁਰਸਿੱਖ ਬਣਾਉਣ, ਸੰਤਾਨ ਨੂੰ ਵਾਹਿਗੁਰੂ ਦੇ ਘੱਲੇ ਪ੍ਰਾਹੁਣੇ ਸਮਝ ਕੇ ਸੇਵਾ ਕਰਨ। ਜੇ ਸੰਤਾਨ ਨਾ ਹੋਵੇ ਤਾਂ ਹੋਰਨਾਂ ਦੀ ਸੰਤਾਨ, ਜੋ ਉਹਨਾਂ ਦੀ ਸੇਵਾ ਦੀ ਮੁਥਾਜ ਹੋਵੇ, ਸੇਵਾ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਪਿਆਰ ਵਿਚ ਪਾਲਣ ਤੇ ਸਹਾਇਤਾ ਕਰਨ। ਸੰਸਾਰ ਵਿਚ ਜਿਤਨਾ ਭਲਾ ਪੰਥਕ ਵੀਰਾਂ, ਸੰਬੰਧੀਆਂ, ਹਮਸਾਇਆਂ, ਨਗਰ ਵਾਸੀਆਂ, ਦੇਸੀ ਭਾਈਆਂ ਤੇ ਸ੍ਰਿਸ਼ਟੀ ਮਾਤਰ ਦਾ ਹੋ ਸਕੇ, ਕਰਨ ਤੇ ਸੁਰਤ ਨੂੰ ਵਾਹਿਗੁਰੂ ਦੇ ਪਿਆਰ ਵਿਚ ਲਗਾਉਣ। ਮਿਲ ਕੇ ਹਰਿ ਪ੍ਰਕਾਰ ਪਰਮਾਰਥ ਸਿੱਧੀ ਕਰਨ ਅਤੇ ਇਕ ਦੂਜੇ ਦੀ ਸਹਾਇਤਾ ਕਰਨ ਤੇ ਇਕ ਦੂਜੇ ਨੂੰ ਹਰ ਤਰ੍ਹਾਂ ਦੇ ਗਿਰਾਉ ਤੋਂ ਬਚਾਉਣ। ਆਪਣੇ ਸੰਜੋਗ ਨੂੰ ਸਰੀਰਕ ਲੋੜਾਂ, ਬੀਮਾਰੀਆਂ, ਦੁੱਖਾਂ, ਸੁੱਖਾਂ ਵੇਲੇ ਸਾਂਝੀਵਾਲ ਹੋਣਾ ਸਮਝਣ। ਪਰਉਪਕਾਰ ਵੇਲੇ ਗ੍ਰਹਿਸਤ ਦਾ ਨਾਤਾ ਸਮਝਣ, ਪਰਸਪਰ ਮਨ ਸੰਬੋਧਨ, ਕਥਾ ਕੀਰਤਨ ਵੀਚਾਰ ਦੇ ਵੇਲੇ ਸਤਿਸੰਗ ਸਮਝਣ ਅਤੇ ਆਤਮ ਅਰੂੜਤਾ ਦੀ ਪ੍ਰਾਪਤੀ ਲਈ ਆਤਮ ਸੰਜੋਗ ਸਮਝਣ। ਵਿਵਾਹ ਵਿਸ਼ਯ ਵਿਕਾਰਾਂ ਦਾ ‘ਛੂਟ ਪੱਤਰ’ ਨਹੀਂ, ਵਿਵਾਹ ਠੇਕੇਦਾਰੀ ਨਹੀਂ, ਵਿਵਾਹ ਕੇਵਲ ਬੱਚੇ ਉਤਪਤ ਕਰਨ ਲਈ ਨਹੀਂ, ਵਿਵਾਹ ਗੁਲਾਮੀ ਤੇ ਕੈਦ ਨਹੀਂ, ਵਿਵਾਹ ਇਕ ਭੁੱਲ ਕੇ ਜੁੜ ਜਾਣ ਵਾਲੀ ਫਾਹੀ ਨਹੀਂ, ਵਿਵਾਹ ਪਵਿੱਤਰ ਸੰਬੰਧ ਹੈ, ਸੁੱਖ ਤੇ ਖ਼ੁਸ਼ੀ ਦਾ ਮੂਲ ਹੈ। ਇਹ ਪਰਮ ਪਾਵਨ ਨਾਤਾ ਹੈ, ਇਹ ਪੁਨੀਤ ਸੰਜੋਗ ਹੈ, ਜਿਸ ਦਾ ਮੁੱਖ ਪ੍ਰਯੋਜਨ ਵਾਹਿਗੁਰੂ ਦੇ ਚਰਨ ਕਮਲਾਂ ਦੀ ਪ੍ਰਾਪਤੀ ਹੈ। ਉਸ ਪ੍ਰਾਪਤੀ ਲਈ ਸਤਿਸੰਗ ਦੀ ਲੋੜ ਹੈ। ਸੋ ਵਿਵਾਹ ਸਤਿਸੰਗ ਹੈ। ਸੰਸਾਰਕ ਬਲਾਵਾਂ ਤੋਂ ਦੋਵੇਂ ਇਕ ਦੂਜੇ ਦੇ ਰਾਖੇ ਹੋ ਕੇ ਉਪਕਾਰ ਕਰਨ ਦਾ ਰਸਤਾ ਹੈ। ਇਕੱਲਾ ਮਨੁੱਖ ਕਈ ਸ਼ੁਭ ਕਰਮਾਂ ਤੋਂ ਰੁਕ ਜਾਂਦਾ ਹੈ, ਇਕੱਲੀ ਤੀਵੀਂ ਰੁਕ ਜਾਂਦੀ ਹੈ, ਪਰ ਧਰਮ ਨਾਲ ਜੋੜੇ ਗਏ ਇਸਤਰੀ ਪੁਰਖ ਹਰ ਤਰ੍ਹਾਂ ਦਾ ਉਪਕਾਰ ਕਰ ਸਕਦੇ ਹਨ। ਵਿਵਾਹ ਇਕ ਅਜਿਹਾ ਸਾਜ਼ ਹੈ, ਜੋ ਪੂਰੀ ਤਰ੍ਹਾਂ ਸੁਰ ਹੋਵੇ ਤਾਂ ਹੀ ਸੰਗੀਤਮਈ ਧੁਨਾਂ ਛਿੜ ਸਕਦੀਆਂ ਹਨ ਤੇ ਆਲੇ ਦੁਆਲੇ ਨੂੰ ਆਨੰਦਮਈ ਬਣਾ ਸਕਦੀਆਂ ਹਨ। ਪ੍ਰੰਤੂ ਜੇਕਰ ਸੁਰਾਂ ਦਾ ਤਵਾਜ਼ਨ ਵਿਗੜਿਆ ਹੋਇਆ ਹੈ ਤਾਂ ਸਭ ਕੁਝ ਬੇਸੁਰਾ ਹੋ ਜਾਂਦਾ ਹੈ। ਭਾਈ ਸਾਹਿਬ ਦੇ ਸ਼ਬਦਾਂ ਵਿਚ ‘‘ਜੇਕਰ ਪਤੀ ਪਤਨੀ ਦਾ ਆਪੋ ਵਿਚ ਪੂਰਾ ਪਿਆਰ ਤੇ ਹਿਤ ਹੋਵੇ ਤਾਂ ਦੁਨੀਆਂ ਭਰ ਵਿਚ ਇਸ ਤੋਂ ਵੱਧ ਕੇ ਕੋਈ ਸਾਕ ਨਹੀਂ। ਵਹੁਟੀ ਗੱਭਰੂ ਵਿਚ ਜੋ ਸਾਕ ਧਰਮ ਅਤੇ ਚਾਲ ਮੂਜਬ ਬੰਨ੍ਹਿਆ ਗਿਆ ਹੈ, ਉਹ ਕੁਦਰਤੀ ਸਾਕਾਂ ਤੋਂ ਵੱਖਰਾ ਤੇ ਜ਼ੋਰਦਾਰ ਹੁੰਦਾ ਹੈ। ਵਿਵਾਹ ਤੋਂ ਪਹਿਲੇ ਦੋਵੇਂ ਓਪਰੇ ਹੁੰਦੇ ਹਨ। ਏਸ਼ੀਆ ਦੇ ਕਈ ਦੇਸ਼ਾਂ ਵਿਚ ਤਾਂ ਅਕਸਰ ਇਕ ਦੂਜੇ ਦੀ ਸੂਰਤ ਦੀ ਪਛਾਣ ਵੀ ਨਹੀਂ ਹੁੰਦੀ, ਆਪੋ ਵਿਚ ਕੋਈ ਹਮਦਰਦੀ ਨਹੀਂ, ਇਕ ਕਿਸੇ ਹਾਲ ਵਿਚ ਪਲ ਰਿਹਾ ਹੈ, ਦੂਸਰਾ ਕਿਸੇ ਹਾਲਤ ਵਿਚ, ਪਰ ਇਸ ਸਾਕ ਦਾ ਹੋਣਾ ਸੀ ਕਿ ਦੋਵੇਂ ਸਰੀਰ ਇਕ ਜਾਨ ਹੋ ਗਏ। ਦੋਹਾਂ ਦੇ ਕੰਮ ਸਾਂਝੇ, ਦੋਹਾਂ ਦੇ ਆਸ਼ੇ ਇਕ, ਇੱਥੋਂ ਤਾਈਂ ਕਿ ਇਕ ਦੇ ਸਿਰ ਪੀੜ ਹੋਵੇ ਤਦ ਦੂਸਰਾ ਸਿਰ ਚਿੰਤਾ ਨਾਲ ਫਾਹਵਾ ਹੋ ਜਾਏ। ਇਕ ਨੂੰ ਖੁਸ਼ੀ ਹੋਵੇ ਤਾਂ ਦੂਜਾ ਸਾਂਝੀਵਾਲ, ਜੇ ਇਕ ਨੂੰ ਰੰਜ ਪਹੁੰਚੇ ਤਾਂ ਦੂਆ ਹਿੱਸੇਦਾਰ। ਇਸ ਤੋਂ ਵਧੀਕ ਲੋੜੀਂਦਾ ਪੱਕਾ ਤੇ ਪਵਿੱਤਰ ਸਾਕ ਹੋਰ ਕੀ ਹੋ ਸਕਦਾ ਹੈ ? ਇਸੇ ਕਰਕੇ ਇਸ ਨੂੰ ਸੰਜੋਗ ਕਹਿੰਦੇ ਹਨ, ਜਿਸ ਦਾ ਅਰਥ ਹੈ, ਚੰਗੀ ਤਰ੍ਹਾਂ ਜੋੜ ਦੇਣਾ, ਅਰਥਾਤ ਭਰਤਾ ਤੇ ਨਾਰ ਉਮਰ ਪ੍ਰਯੰਤ ਜਕੜੇ ਗਏ। ਵਿਵਾਹ ਦੀ ਗੰਢ ਐਸੀ ਪੱਕੀ ਹੁੰਦੀ ਹੈ ਕਿ ਮਰ ਕੇ ਹੀ ਖੁੱਲ੍ਹੇ (ਤੇ ਸ਼ਾਇਦ ਨਾ ਵੀ ਖੁੱਲ੍ਹੇ)। ਹੁਣ ਜੇ ਭਾਗਾਂ ਨਾਲ ਲਾੜਾ ਲਾੜੀ ਇਕ ਖ਼ਿਆਲ ਦੇ ਹਨ, ਇਕ ਦੂਜੇ ਦੀ ਦਿਲੋਂ ਕਦਰ ਕਰਦੇ ਹਨ ਅਤੇ ਇਕ ਦੂਜੇ ਨਾਲ ਉਮਰ ਭਰ ਸਾਥ ਨਿਭਾਉਣ ਵਿੱਚ ਤਿਆਰ-ਬਰ-ਤਿਆਰ ਹਨ ਤਾਂ ਇਹ ਉਹਨਾਂ ਲਈ ਖੁਸ਼ੀ ਦਾ ਸੋਮਾ ਹੈ। ਉਹ ਮਰ ਕੇ ਵੀ ਇਸ ਤੋਂ ਛੁੱਟਣਾ ਨਹੀਂ ਚਾਹੁੰਦੇ। ਪਿਆਰ ਦਾ ਜ਼ੰਜੀਰ ਐਸਾ ਨਹੀਂ ਹੁੰਦਾ ਕਿ ਜਿਸ ਦਾ ਕੈਦੀ ਉਸ ਤੋਂ ਕਦੀ ਅੱਕ ਜਾਏ : ‘ਬੱਧੇ ਤੇਰੀ ਵਿਚ ਕਮੰਦੇ, ਅਸਲ ਛੁੱਟੇ ਹਨ ਪਿਆਰ।’ ਪਰ ਜੇ ਖੋਟੇ ਭਾਗਾਂ ਨੂੰ ਦੋ ਉਲਟ ਤਬੀਅਤਾਂ ਆਪੋ ਵਿਚ ਜਕੜੀਆਂ ਗਈਆਂ ਤਦ ਦੋਹਾਂ ਦਾ ਜੀਊਣਾ ਕੁਝ ਨਹੀਂ ਰਹਿ ਜਾਂਦਾ। ਉਹਨਾਂ ਦਾ ਘਰ, ਘਰ ਨਹੀਂ ਹੰੁਦਾ, ਉਹ ਜੀਊਂਦਿਆਂ ਦੀ ਕਬਰ ਹੋ ਜਾਂਦਾ ਹੈ, ਤੇ ਕਬਰ ਵੀ ਐਸੀ ਕਿ ਜਿਸ ਵਿਚ ਹਰ ਵੇਲੇ ਕਸ਼ਟਾਂ ਦਾ ਸਹਾਰਨਾ…।’’

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੋਕਾਂ ਦੇ ਪਰਉਪਕਾਰ ਲਈ ਤਿੰਨ ਕੁੰਜੀਆਂ ਬਖ਼ਸ਼ੀਆਂ ਸਨ, ਤਿੰਨ ਭੱਭਿਆਂ ਦੇ ਰੂਪ ਵਿਚ। ਇਹ ਸਨ-ਭੁੱਲ ਗਿਆ, ਭਲਾ ਜੀ ਅਤੇ ਭਾਣਾ ਕਰਤਾਰ ਦਾ। ਭਾਈ ਵੀਰ ਸਿੰਘ ਜੀ ਨੇ ਵਿਆਹੁਤਾ ਨਾਰੀ ਨੂੰ ਵਿਆਹੁਤਾ ਜੀਵਨ ਸੁਖੀ ਬਣਾਣ ਲਈ ਵੀ ਇਹਨਾਂ ਤਿੰਨਾਂ ਕੁੰਜੀਆਂ ਨੂੰ ਵਰਤਣ ਦਾ ਗੁਰ ਹੀ ਦਰਸਾਇਆ ਹੈ ‘‘ਇਹ ਜੋ ਜਗਤ ਵਿਚ ਵਿਵਾਹ ਹੁੰਦੇ ਹਨ, ਇਕ ਪਵਿੱਤਰ ਕਰਮ ਹੈ ਅਰ ਪੁਰਖ ਤੇ ਇਸਤਰੀ ਇਕ ਦੂਜੇ ਦੇ ਦੁੱਖਾਂ ਸੁੱਖਾਂ ਦੇ ਸਾਂਝੀ ਬਣਾਏ ਜਾਂਦੇ ਹਨ। ਪ੍ਰੰਤੂ ਬਹੁਤ ਕਰਕੇ ਉਲਟਾ ਫਲ ਨਿਕਲਦਾ ਹੈ ਪਤੀ ਆਪਣੀ ਥਾਂ ਦੁਖੀ ਤੇ ਤੀਵੀਂ ਆਪਣੀ ਥਾਂ ਔਖੀ ਹੋ ਜਾਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਕੁੜੀਆਂ ਜੋ ਵਿਆਹ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੂੰ ਸਿੱਖਿਆ ਤਾਂ ਕਿਧਰੋਂ ਮਿਲੀ ਹੀ ਨਹੀਂ ਹੁੰਦੀ, ਜੋ ਸਾਰੀ ਉਮਰ ਪਤੀ ਦੀ ਛਾਤੀ ਵਿਚ ਇਕ ਰੜਕਣ ਵਾਲਾ ਰੋੜਾ ਹੋ ਜਾਂਦੀਆਂ ਹਨ। ਉਹਨਾਂ ਵਿਚਾਰੀਆਂ ਨੂੰ ਸੁੱਖ ਦੇ ਮਹਿਲ ਦੀਆਂ ਕੁੰਜੀਆਂ ਹੱਥ ਨਹੀਂ ਲੱਗੀਆਂ ਹੁੰਦੀਆਂ। ਉਹ ਹੰਕਾਰ, ਹਠ ਤੇ ਅਸੰਤੋਖ ਦੇ ਜੰਦਰੇ ਨਹੀਂ ਖੋਲ੍ਹ ਸਕਦੀਆਂ, ਇਸ ਕਰ ਕੇ ਦੁੱਖ ਦੇ ਬਣ ਵਿਚ ਭਟਕਦੀਆਂ ਰਹਿੰਦੀਆਂ ਹਨ। ਇਹਨਾਂ ਕੁੰਜੀਆਂ ਨੂੰ ਵਰਤਣੇ ਦੀ ਜਾਚ ਲੋੜੀਏ।

(1). ਜਦ ਪਤੀ ਕਹੇ ਫਲਾਣਾ ਕੰਮ ਕਰੋ, ਤਾਂ ਖਿੜ੍ਹੇ ਮੱਥੇ ਉਸ ਨੂੰ ਕਰੋ, ਕੋਈ ਕਰੜਾ ਬਚਨ ਮੂੰਹੋਂ ਨਾ ਕੱਢੋ ਤੇ ਮੱਥੇ ਤੀਉੜੀ ਨਾ ਪਾਉ, ਬੁੱਲ੍ਹਾਂ ਵਿਚ ਬੁੜ-ਬੁੜ ਨਾ ਕਰੋ। ਸੁਆਮੀ ਨੂੰ ਵਹੁਟੀ ਨਾਲੋਂ ਅਕਲ ਵਧੀਕ ਹੁੰਦੀ ਹੈ ਕਿਉਂਕਿ ਉਹ ਵਿਚਾਰੀ ਤਾਂ ਸਾਰਾ ਦਿਨ ਘਰ ਬੈਠੀ ਰਹਿੰਦੀ ਹੈ, ਪਰ ਪਤੀ ਸਭ ਥਾਂ ਫਿਰਦਾ ਹੈ, ਭਾਂਤ-ਭਾਂਤ ਦੇ ਮਨੁੱਖਾਂ ਨੂੰ ਮਿਲਦਾ ਹੈ, ਨਵੀਂ ਤੋਂ ਨਵੀਂ ਅਕਲ ਰੋਜ਼ ਸਿੱਖਦਾ ਹੈ।… ਪਰ ਜੇਕਰ ਤੀਵੀਂ ਅਕਲ ਵਾਲੀ ਹੋਵੇ ਜਾਂ ਕਿਸੇ ਗੱਲ ਵਿਚ ਪਤੀ ਨਾਲੋਂ ਉਸ ਦੀ ਸਮਝ ਵੱਧ ਗਈ ਹੋਵੇ ਤਾਂ ਮਿੱਠੇ ਬਚਨਾਂ ਨਾਲ ਜੋ ਕੁਝ ਉਸ ਦੀ ਸਮਝ ਵਿਚ ਆਇਆ ਹੋਵੇ, ਪਤੀ ਨੂੰ ਕਹਿ ਦੇਵੇ ਅਤੇ ਜੋ-ਜੋ ਕਾਰਨ ਉਸ ਗੱਲ ਦੇ ਵਿਰੁੱਧ ਜਾਣਦੀ ਹੋਵੇ, ਉਹ ਵੀ ਪਤੀ ਨੂੰ ਸਮਝਾ ਦੇਵੇ ਕਿਉਂਕਿ ਘਰ ਇਕ ਰਾਜ ਜਾਂ ਪਾਤਸ਼ਾਹਤ ਹੈ। ਪਤੀ ਉਸ ਦਾ ਰਾਜਾ ਅਤੇ ਇਸਤਰੀ ਵਜ਼ੀਰ ਹੈ। ਸੋ ਵਜ਼ੀਰ ਦਾ ਇਹ ਕੰਮ ਹੈ ਕਿ ਜਦ ਰਾਜਾ ਨੂੰ ਭੁੱਲ ਵਿਚ ਦੇਖੇ ਤਾਂ ਉਸ ਨੂੰ ਸਮਝਾ ਦੇਵੇ। ਹਠ ਤੇ ਹੈਂਕੜ ਕਰਕੇ ਉਸ ਨੂੰ ਕ੍ਰੋਧਿਤ ਤੇ ਆਪ ਨੂੰ ਦੁਖੀ ਨਾ ਕਰੇ। ਜੇਕਰ ਦੇਖੇ ਕਿ ਪਤੀ ਕੋ੍ਰਧ ਜਾਂ ਹਠ ਵਿਚ ਹੈ ਤਾਂ ਨੀਵੀਂ ਹੋ ਜਾਏ, ਮਿੱਠੇ ਬਚਨਾਂ ਤੇ ਸੱਤ ਕਹਿ ਕੇ ਗੁੱਸੇ ਨੂੰ ਟਾਲ ਦੇਵੇ ਅਤੇ ਮਿੱਠੇ ਬਚਨਾਂ ਦਾ ਜਲ ਪਾ ਕੇ ਠੰਢਿਆਂ ਕਰੇ, ਕਿਉਂਕਿ ਅੱਗੇ ਕ੍ਰੋਧ ਕਰਨਾ ਬਲਦੀ ਉੱਪਰ ਤੇਲ ਪਾਉਣਾ ਅਤੇ ਹਠ ਕਰਨਾ ਲੋਹੇ ਦੀ ਲੱਠ ਨੂੰ ਲੋਹੇ ਦੀ ਲੱਠ ਨਾਲ ਭੰਨਣਾ ਹੈ, ਜੋ ਕਦੀ ਨਹੀਂ ਹੋ ਸਕਦਾ। ਸੀਤਲ ਜਲ ਅੱਗ ਨੂੰ ਠੰਢਿਆਂ ਕਰ ਸਕਦਾ ਹੈ ਅਤੇ ਨਿਮਾਣੀ ਰੇਤੀ ਲੱਠ ਨੂੰ ਕੱਟ ਸਕਦੀ ਹੈ। ਸੋ ਚੇਤੇ ਰੱਖੋ ਕਿ ਪਤੀ ਦੇ ਹਰ ਹੁਕਮ ਉੱਪਰ ‘ਭਲਾ ਜੀ’ ਕਹਿਣਾ ਅਤੇ ਖਿੜ੍ਹੇ ਮੱਥੇ ਕੰਮ ਕਰਨਾ, ਸਦਾ ਮਿੱਠਾ ਬੋਲਣਾ, ਇਹ ਸੁਖ ਦੇ ਮਹਿਲ ਦੀ ਪਹਿਲੀ ਕੁੰਜੀ ਹੈ।

(2). ਦੂਜਾ ਨਿਯਮ ਹੈ, ‘ਭੁੱਲਾ ਜੀ’ ਦਾ ਵਰਤਣਾ। ਭੁੱਲ ਜਾਣਾ ਸੁਭਾਵਕ ਗੱਲ ਹੈ, ਜਿਹਾ ਕਿ ਗੁਰੂ ਜੀ ਵੀ ਆਖਦੇ ਹਨ ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ’’ (ਮਹਲਾ /੬੧) ਸੋ ਜੇ ਕਦੇ ਤੁਹਾਥੋਂ ਕੋਈ ਭੁੱਲ ਹੋ ਜਾਵੇ ਤਾਂ ਉਸ ਉੱਪਰ ਹਠ ਨਾ ਕਰੋ, ਅਤੇ ਨਿਕੰਮੀ ਜ਼ਿੱਦ ਨਾ ਬੰਨ੍ਹੋ, ਝੱਟ ਪੱਟ ਆਪਣੀ ਭੁੱਲ ਨੂੰ ਮੰਨ ਲਵੋ ਅਤੇ ਪਤੀ ਤੋਂ ਖਿਮਾਂ ਚਾਹੋ। ਇਸ ਗੁਣ ਨਾਲ ਜਿਸ ਦੀ ਅਸਾਂ ਭੁੱਲ ਕੀਤੀ ਹੋਵੇ, ਉਸ ਨੂੰ ਕ੍ਰੋਧ ਨਹੀਂ ਆਉਂਦਾ ਅਤੇ ਆਪਣਾ ਮਨ ਵੀ ਠੰਢਾ ਰਹਿੰਦਾ ਹੈ। ਕਿਉਂਕਿ ਅਸੀਂ ਸਭ ਭੁੱਲਣਹਾਰ ਹਾਂ, ਇਸ ਲਈ ਜੇ ਕੋਈ ਸਾਡਾ ਕੰਮ ਵਿਗਾੜ ਕੇ, ਸਾਥੋਂ ਖਿਮਾਂ ਮੰਗੇ, ਤਾਂ ਝੱਟ ਬਖ਼ਸ਼ ਦੇਣੀ ਚਾਹੀਦੀ ਹੈ, ਅਗਲੇ ਦਾ ਔਗੁਣ ਨਾ ਚਿਤਾਰੋ।

(3). ਤੀਜੀ ਗੱਲ ਭਾਣਾ ਮੰਨਣ ਦੀ ਹੈ। ਪਰਮੇਸ਼ਰ ਨਾ ਕਰੇ ਜੋ ਕਿਸੇ ਉੱਪਰ ਕੋਈ ਬਿਪਤਾ ਆ ਪਏ, ਪਰ ਇਸ ਮਨੁੱਖਾ ਦੇਹੀ ਨਾਲ ਦੁੱਖ-ਸੁੱਖ ਲੱਗੇ ਹੋਏ ਹਨ ਅਤੇ ਜ਼ਰੂਰ ਆਉਂਦੇ ਹਨ। ਸੁਖ ਵੇਲੇ ਤਾਂ ਫੁੱਲਣਾ ਨਹੀਂ ਚਾਹੀਦਾ, ਸਗੋਂ ਉਸ ਨੂੰ ਪਰਮੇਸ਼ਰ ਦੀ ਦਾਤ ਸਮਝ ਕੇ ਉਸ ਵੇਲੇ ਭਲਾ ਕਰਨ ਤੇ ਨੇਕੀ ਖੱਟਣ ਦਾ ਜਤਨ ਕਰਨਾ ਚਾਹੀਦਾ ਹੈ ਅਤੇ ਜਦ ਦੁੱਖ ਆਵੇ ਤਾਂ ਪਰਮੇਸ਼ਰ ਦੇ ਭਾਣੇ ਪੁਰ ਆਨੰਦ ਰਹਿਣਾ ਚਾਹੀਏ ਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ, ਸਾਡੇ ਲਾਭ ਲਈ ਕਰਦਾ ਹੈ, ਪਰ ਅਸੀਂ ਮੂਰਖਤਾ ਕਰਕੇ ਨਹੀਂ ਸਮਝਦੇ। ਇਸ ਲਈ ਦੁੱਖ ਵੇਲੇ ਪਰਮੇਸ਼ਰ ਦੇ ਕੀਤੇ ਉੱਪਰ ਪ੍ਰਸੰਨ ਰਹਿਣਾ ਸੁੱਖ ਦੇ ਮਹਿਲ ਦੀ ਤੀਜੀ ਕੁੰਜੀ ਹੈ।’’

ਲੜਕੇ ਲੜਕੀ ਲਈ ਵਰ ਘਰ ਢੂੰਡਣ ਸਮੇਂ ਦੂਜੀ ਧਿਰ ਦੀ ਆਨ ਸ਼ਾਨ ਨੂੰ ਨਹੀਂ, ਬਲਕਿ ਸ਼ੁਭ ਗੁਣਾਂ ਨੂੰ ਜੋਖਣਾ ਪਰਗਣਾ ਚਾਹੀਦਾ ਹੈ। ਭਾਈ ਸਾਹਿਬ ਇਸ ਪੱਖ ਸਬੰਧੀ ਵੀ ਆਪਣੇ ਵਿਚਾਰ ਪ੍ਰਗਟਾਂਦੇ ਹਨ ‘‘ਵਿਵਾਹ ਕਿਸੇ ਅਜਿਹੇ ਘਰ ਹੋਣਾ ਚਾਹੀਦਾ ਹੈ, ਜਿਥੇ ਲੜਕੀ ਸ਼ੁਸ਼ੀਲ ਤੇ ਸੁਚੱਜੀ ਹੋਵੇ, ਦਾਜ ਭਾਵੇਂ ਮਿਲੇ, ਨਾ ਮਿਲੇ।… ਲੜਕੀਆਂ ਵਾਲੇ ਜ਼ਾਤ ਬਰਾਦਰੀ ਵਿਚ ਆਪਣਾ ਨੱਕ ਨਮੂਜ ਰੱਖਣ ਲਈ ਵੱਧ ਚੜ੍ਹ ਕੇ ਦੇਣ ਲੱਗਿਆਂ ਆਪਣਾ ਘਰ ਬਾਹਰ ਵੀ ਨੀਲਾਮ ਕਰਵਾ ਲੈਂਦੇ ਹਨ।… ਲੜਕੇ ਲੜਕੀ ਦੇ ਸੁਭਾਉ ਨੂੰ ਨਾ ਕੋਈ ਵੇਖਦਾ ਹੈ ਤੇ ਨਾ ਹੀ ਕੋਈ ਯੋਗਤਾ ਦਾ ਖ਼ਿਆਲ ਕਰਦਾ ਹੈ, ਇਸ ਦਾ ਫਲ ਇਹ ਹੁੰਦਾ ਹੈ ਕਿ ਅੱਡ-ਅੱਡ ਖ਼ਿਆਲਾਂ ਤੇ ਸੁਭਾਉ ਦੇ ਲੜਕੇ ਲੜਕੀਆਂ ਦੇ ਨਾਤੇ ਆਪੋ ਵਿਚ ਹੋ ਜਾਂਦੇ ਹਨ ਜਿਸ ਤੋਂ ਦੋਨੋਂ ਆਪਣੇ ਅਜੋੜਵੇਂ ਸੁਭਾਉ ਦੇ ਕਾਰਨ ਦੁਖੀ ਰਹਿੰਦੇ ਹਨ। ਦੇਸ਼ ਦੀ ਇਸੇ ਅਵਸਥਾ ਨੂੰ ਵੇਖ ਕੇ ਕਿਸੇ ਨੇ ਕਿਹਾ ਹੈ-‘ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ’। ਸਾਡੇ ਦੇਸ਼ ਦੀ ਤਬਾਹੀ ਦੇ ਕਾਰਨਾਂ ਵਿਚੋਂ ਇਹ ਇਕ ਵੱਡਾ ਕਾਰਨ ਹੈ।’’

ਭਾਈ ਸਾਹਿਬ ਨੇ ਬਾਲ ਵਿਵਾਹ ਦੇ ਖ਼ਿਲਾਫ਼ ਵੀ ਜ਼ੋਰਦਾਰ ਆਵਾਜ਼ ਉਠਾਈ। ਆਪ ਬਾਲ ਵਿਵਾਹ ਦੀ ਸਮੱਸਿਆ ਦਾ ਮੁੱਖ ਕਾਰਨ ਮਾਪਿਆਂ ਦੇ ਮਨ ਵਿਚ ਬੱਚਿਆਂ ਦੇ ਵਿਵਾਹ ਹੁੰਦੇ ਵੇਖਣ ਦੀ ਰੀਝ ਦਾ ਹੋਣਾ ਦੱਸਦੇ ਹਨ  ‘‘ਕੁਝ ਸਮੇਂ ਤੋਂ ਹਰ ਇਕ ਮਾਤਾ ਪਿਤਾ ਆਪਣੇ ਪੁੱਤਰ ਦੇ ਵਿਵਾਹ ਕਰਨ ਨੂੰ ਖਾਸ ਫ਼ਰਜ਼ ਸਮਝੀ ਬੈਠਾ ਹੈ। ਸੰਤਾਨ ਪਿਛੋਂ ਹੁੰਦੀ ਹੈ ਤੇ ਵਿਵਾਹ ਦਾ ਭੂਤ ਪਹਿਲਾਂ ਸਿਰ ਤੇ ਸਵਾਰ ਹੋ ਜਾਂਦਾ ਹੈ। ਮਾਤਾ ਪਿਤਾ ਆਪਣੇ ਲੜਕੇ ਤੇ ਲੜਕੀ ਨੂੰ ਯੋਗ ਬਣਾਣਾ ਆਪਣਾ ਇੰਨਾ ਫਰਜ਼ ਨਹੀਂ ਸਮਝਦੇ ਜਿੰਨਾ ਕਿ ਵਿਵਾਹ ਕਰਨ ਨੂੰ ਸਮਝਦੇ ਹਨ। ਸੰਤਾਨ ਪੜ੍ਹੇ ਜਾਂ ਨਾ ਪੜ੍ਹੇ, ਕੋਈ ਹੁਨਰ ਉਹਦੇ ਵਿਚ ਹੋਵੇ ਜਾਂ ਨਾ ਹੋਵੇ, ਆਪਣੀ ਰੋਟੀ ਕਮਾਣ ਦੀ ਬੁੱਧੀ ਰੱਖਣ ਜਾਂ ਨਾ ਰੱਖਣ, ਕਿੰਤੂ ਸਾਡੇ ਜੀਊਂਦੇ ਜੀ ਵਿਵਾਹ ਜ਼ਰੂਰ ਹੋ ਜਾਵੇ-ਇਹ ਲਾਲਸਾ ਅੱਜ ਹਰ ਹਿੰਦੀ ਦੇ ਦਿਲ ਵਿਚ ਵੱਸਦੀ ਹੈ। ਜੇ ਕਦੀ ਕੋਈ ਮਰਦ ਜਾਂ ਤੀਵੀਂ ਚਲਾਣਾ ਕਰਨ ਲੱਗਦਾ ਤੇ ਉਹਦਾ ਕੋਈ ਬਾਲ ਕੰਵਾਰਾ ਰਹਿ ਜਾਵੇ ਤਾਂ ਅੰਤ ਦੇ ਵੇਲੇ ਜੇ ਕੋਈ ਗੱਲ ਹੁੰਦੀ ਹੈ ਤਾਂ ਇਹ ਹੀ ਕਿ ਹਾਏ ! ਮੈਂ ਆਪਣੇ ਬਾਲਾਂ ਦੇ ਵਿਵਾਹ ਆਪਣੀ ਹੱਥੀਂ ਨਹੀਂ ਕਰ ਚੱਲਿਆ, ਇਸ ਕਸ਼ਟ ਨੂੰ ਸਾਹਮਣੇ ਰੱਖ ਕਈ ਵੇਰ ਇੰਨੇ ਛੋਟੇ ਲੜਕੇ ਲੜਕੀਆਂ ਦੇ ਵਿਵਾਹ ਹੁੰਦੇ ਹਨ ਕਿ ਫੇਰੇ ਲੈਣ ਲੱਗਿਆਂ ਲੜਕੀ ਨੂੰ ਲੜਕੀ ਦੀ ਮਾਂ ਤੇ ਲੜਕੇ ਨੂੰ ਲੜਕੇ ਦਾ ਪਿਤਾ ਚੁੱਕ ਕੇ ਫੇਰੇ ਲੈਂਦੇ ਵੇਖੇ ਗਏ ਹਨ।’’

ਗੁਰਮਤਿ ਦੇ ਸਿਧਾਂਤਾਂ ਦੀ ਪ੍ਰੋੜ੍ਹਤਾ ਕਰਦੇ ਹੋਏ ਭਾਈ ਸਾਹਿਬ ਦੱਸਦੇ ਹਨ ਕਿ ਵਿਵਾਹ ਕਰਨਾ ਮਾੜਾ ਨਹੀਂ, ਇਸ ਵਿਚ ਲੰਪਟ ਹੋਣਾ ਮਾੜਾ ਹੈ ‘‘ਵਿਵਾਹ ਕਰਨਾ ਤਾਂ ਧਰਮ ਵਿਹਤ ਹੈ, ਪਰ ਲੰਪਟ ਹੋਣਾ ਧਰਮ ਵਿਹਤ ਨਹੀਂ। ਵੀਚਾਰ ਇਹ ਹੈ ਕਿ ਜਦ ਬੇਵਿਚਾਰੇ ਨਿਰੇ ਸੁਆਦਾਂ ਮਗਰ ਭੱਜੋਗੇ ਤਾਂ ਤੁਸੀਂ ਸੁੱਖ ਦਾ ਸਾਧਨ ਕਰਦੇ ਹੋਏ ਵੀ ਦੁਖੀ ਹੋ ਜਾਉਗੇ। ਵਿਵਾਹ ਇਸ ਲਈ ਸੀ ਕਿ ਮਨੁੱਖ ਤੇ ਇਸਤਰੀ ਮਿਲ ਕੇ ਇਕ ਦੂਜੇ ਦਾ ਸਹਾਰਾ ਬਣ ਜਾਣ। ਇਸਤਰੀ ਪੁਰਖ ਦੀ ਤੇ ਪੁਰਖ ਇਸਤਰੀ ਦਾ ਪਰਮ ਮਿੱਤਰ ਹੋਵੇ।… ‘ਗ੍ਰਹਿਸਤ ਜਤੀ’ ਪੁਰਖ ਅਕਸਰ ਅਰੋਗ ਰਹਿੰਦਾ ਹੈ। ਸਾਰੀ ਉਮਰ ਬੁਢੇਪੇ ਦੇ ਅੰਤ ਤੀਕ ਬਲੀ ਰਹਿੰਦਾ ਹੈ ਤੇ ਉਸ ਦੀ ਸੰਤਾਨ ਅਰੋਗ ਤੇ ਚੰਗੀ ਹੁੰਦੀ ਹੈ। ਹੁਣ ਤੁਸੀਂ ਦੱਸੋ ਜੇ ਵਿਵਾਹ ਕਰਕੇ ਤੁਸੀਂ ਨਿਰੇ ਸਰੀਰਕ ਰਸਾਂ ਵਿਚ ਹੀ ਲੱਗ ਜਾਉਂਗੇ ਅਤੇ ਫੇਰ ਰੋਗੀ ਹੋ ਜਾਉਂਗੇ ਜਾਂ ਨਿਰਬਲ ਹੋ ਕੇ ਕੰਮਕਾਰ, ਕਮਾਈ ਤੋਂ ਢਿੱਲੇ ਪੈ ਜਾਉਂਗੇ, ਅਥਵਾ ਨਿਰਬਲ ਜਾਂ ਰੋਗੀ ਸੰਤਾਨ ਉਤਪਤ ਕਰਕੇ ਉਹਨਾਂ ਲਈ ਰੋਜ਼ ਹਕੀਮਾਂ ਤੇ ਵੈਦਾਂ ਦੇ ਘਰੀਂ ਤਲੀਆਂ ਘਸਾਉਂਗੇ ਤਦ ਦੋਸ਼ ਕੁਦਰਤੀ ਖਿੱਚ ਦਾ ਹੋਵੇ, ਜਾਂ ਵਿਵਾਹ ਕਰਨ ਦਾ ਹੋਵੇਗਾ ਜਾਂ ਆਪਣੀ ਸਮਝ ਦਾ ਹੋਵੇਗਾ ?’’

‘‘ਵਹੁਟੀ ਨੂੰ ਸੱਚਾ ਸੱਜਣ ਸਮਝੋ ਅਤੇ ਇਕ ਦੂਜੇ ਨੂੰ ਇਉਂ ਪਿਆਰ ਕਰੋ ਜਿਕੂੰ ਸੱਚੇ ਪ੍ਰੇਮੀ ਕਰਦੇ ਹਨ।….. ਇਸ ਤਰ੍ਹਾਂ ਤੁਹਾਡੇ ਰੋਗ ਤੁਹਾਥੋਂ ਦੂਰ ਰਹਿਣਗੇ ਤੇ ਲੋੜਾਂ ਤੁਹਾਡੀਆਂ ਘੱਟ ਹੋਣਗੀਆਂ। ਜਦ ਪਰਸਪਰ ਪ੍ਰੇਮ ਹੈ ਤਦ ਫ਼ਜ਼ੂਲ ਹਾਰ ਸ਼ਿੰਗਾਰ ਤੇ ਨਿਕੰਮੇ ਕੀਮਤੀ ਬਸਤਰਾਂ ਤੇ ਰੁਪਇਆ ਘੱਟ ਗਰਚ ਹੋਊ। ਮੇਰਾ ਇਹ ਮਤਲਬ ਨਹੀਂ ਕਿ ਤੁਸੀਂ ਸੁਧਰੇ ਤੇ ਚੰਗੇ ਕੱਪੜੇ ਨਾ ਪਹਿਨੋਂ, ਪਰ ਇਹ ਕਿ ਇਹਨਾਂ ਚੀਜ਼ਾਂ ਉੱਤੇ ਘੱਟ ਖਰਚ ਹੋਣ ਕਰਕੇ ਤੁਸੀਂ ਹੱਕ ਹਲਾਲ ਦੀ ਕਮਾਈ ਤੇ ਸੰਤੋਖ ਕਰੋਗੇ ਅਤੇ ਕਦੇ ਚੋਰੀ ਜਾਂ ਧੱਕੇ ਨਾਲ ਪੈਸਾ ਲੈਣ ਦਾ ਯਤਨ ਨਹੀਂ ਕਰੋਗੇ ਅਤੇ ਉਹਨਾਂ ਦੁੱਖਾਂ ਤੋਂ, ਜੋ ਚੋਰੀ, ਠੱਗੀ, ਧੱਕਾ ਕਰਨ ਜਾਂ ਵਿਹਾਰਕ ਫਰੇਬ ਕਰਨ ਨਾਲ ਮਨ ਤੇ ਸਰੀਰ ਨੂੰ ਹੁੰਦੇ ਹਨ, ਬਚ ਜਾਉਂਗੇ। ਜੋ ਚਾਰ ਪੈਸੇ ਕਮਾਈ ਦੇ ਵਧਾਉਂਗੇ, ਉਹ ਅਜਾੲੀਂ ਜਾਣ ਨਾਲੋਂ, ਨੇਕ ਥਾੲੀਂ ਖਰਚ ਹੋਣਗੇ, ਬਾਲਾਂ ਦੀ ਚੰਗੀ ਪਰਵਰਿਸ਼ ਉੱਤੇ ਉਹ ਕਮਾਈ ਖਰਚ ਹੋ ਕੇ ਉਲਾਦ ਸੁਖੀ, ਤੰਦਰੁਸਤ, ਨੇਕ ਤੇ ਵਿਦਿਆ ਵਾਲੀ ਹੋ ਜਾਏਗੀ, ਜਿਸ ਕਰਕੇ ਉਲਾਦ ਵਲੋਂ ਦੁੱਖ ਨਾ ਦੇਖੋ। ਕੁਛ ਹੋਰ ਬਚੇਗਾ ਤਦ ਦੁਖੀ ਲੋੜਵੰਦ ਸਾਕ, ਸੈਨ, ਸੱਜਣ ਤੇ ਹਮਸਾਏ ਦਾ ਦੁੱਖ ਵੰਡਾਉਂਗੇ। ਉਸ ਦਾ ਦਰਦ ਵੰਡਾ ਕੇ ਤੁਹਾਨੂੰ ਇਕ ਰਸ ਆਵੇਗਾ, ਜੋ ਰਸ ਕਿਸੇ ਤਰ੍ਹਾਂ ਦੇ ਭੋਗ ਵਿਚ ਪ੍ਰਾਪਤ ਨਹੀਂ ਹੋ ਸਕਦਾ।’’

ਭਾਈ ਸਾਹਿਬ ਵਿਵਾਹ ਦੇ ਹੱਥ ਵਿਚ ਤਰਜਮਾਨੀ ਕਰਦੇ ਹੋਏ ਲਿਖਦੇ ਹਨ ‘‘ਜਿਸ ਨੇ ਵਿਵਾਹ ਨਹੀਂ ਕਰਾਇਆ, ਉਹ ਜੋਗੀ ਹੋ ਸਕਦਾ ਹੈ, ਤਪੀਆ ਵੀ। ਪਰ ਉਹ ਰਸੀਆ ਹੋਵੇ, ਸੰਸੇ ਵਾਲੀ ਗੱਲ ਹੈ। ਜਿਸ ਨੇ ਝੂਠਾ ਰਸ ਨਹੀਂ ਚੱਖਿਆ ਉਸ ਨੂੰ ਸੱਚੇ ਰਸ ਦਾ ਕਿਵੇਂ ਪਤਾ ਲੱਗੇਗਾ ? ਕਾਮ ਨੂੰ ਜਾਂ ਜੋਗੀ ਜਿੱਤ ਸਕਦਾ ਹੈ ਜਾਂ ਨਾਮ ਸਿਮਰਨ ਵਾਲਾ।’’

‘‘ਗ੍ਰਹਿਸਤ ਵਿਚ ਰਹਿ ਕੇ ਹੌਲੀ-ਹੌਲੀ ਤਰੱਕੀ ਹੁੰਦੀ ਹੈ, ਘਬਰਾਣਾ ਨਹੀਂ ਚਾਹੀਦਾ। ਜਿਹੜੇ ਘਰ ਬਾਰ ਛੱਡ ਕੇ, ਇਕਾਂਤ ਵਿਚ ਜਾ ਬੈਠਦੇ ਹਨ, ਉਹ ਭਾਵੇਂ ਜਲਦੀ ਤਰੱਕੀ ਕਰ ਜਾਂਦੇ ਹਨ, ਪਰ ਇਸ ਤਰ੍ਹਾਂ ‘ਭਾਈਚਾਰਾ’ ਚੰਗੇ ਆਦਮੀਆਂ ਤੋਂ ਸੰੁਨਾ ਹੋ ਜਾਂਦਾ ਹੈ। ਸਤਿਗੁਰੂ ਦਾ ਮਾਰਗ ‘ਗ੍ਰਹਿਸਤ ਉਦਾਸ’ ਦਾ ਹੈ।’’

‘ਸਿੱਖਾਂ ਦਾ ਧਰਮ individualistic (ਵਿਅਕਤੀਗਤ) ਨਹੀਂ, ਭਾਈਚਾਰਕ ਹੈ। ਜੇਕਰ ਪਿੰਡ ਵਿਚ ਪਲੇਗ ਪਈ ਹੋਵੇ ਤਾਂ ਆਦਮੀ ਸਿਰਫ ਆਪਣੇ ਘਰ ਦੀ ਸਫ਼ਾਈ ਨਾਲ ਨਹੀਂ ਬਚ ਸਕਦਾ, ਸਾਰੇ ਪਿੰਡ ਤੇ ਮੁਹੱਲੇ ਦੀ ਸਫ਼ਾਈ ਦੀ ਲੋੜ ਹੁੰਦੀ ਹੈ।’’ ‘‘ਅਸਾਂ ਗ੍ਰਹਿਸਤ ਨੂੰ ਨਹੀਂ ਛੱਡਣਾ, ਬਲਕਿ ਗ੍ਰਹਿਸਤ ਵਿਚ ਰਹਿੰਦੇ ਹੋਏ ਮੋਹ ਨੂੰ ਜਿੱਤਣਾ ਹੈ। ਉਸ ਦਾ ਕੀ ਫਾਇਦਾ ਹੋਇਆ ਜੇ ਇਕ ਆਦਮੀ ਨੇ ਆਪਣੀ ਵਹੁਟੀ ਤੇ ਟੱਬਰ ਨੂੰ ਤਾਂ ਛੱਡਿਆ, ਪਰ ਫੇਰ ਚੇਲਿਆਂ ਤੇ ਚੇਲੀਆਂ ਵਿਚ ਮੋਹ ਪਾ ਲਿਆ। ਅਸਲ ਗੱਲ ਤਾਂ ਮੋਹ ਨੂੰ ਜਿੱਤਣਾ ਹੈ, ਗ੍ਰਹਿਸਤ ਵਿਚ ਰਹਿੰਦੇ ਹੋਏ ਵਾਹਿਗੁਰੂ ਦਾ ਭਜਨ ਕਰਨਾ ਹੈ। ਸਿਮਰਨ ਵਾਲੇ ਦੀ ਸੁਰਤ ਕਿਸੇ ਦੇ ਦਬਾਉ ਹੇਠ ਨਹੀਂ ਰਹਿੰਦੀ, ਆਪਣੀ ਨਿਰਮਲਤਾ ਤੇ independence  (ਸੁਤੰਤਰਤਾ) ਵਿਚ ਆ ਜਾਂਦੀ ਹੈ। ਜਿਸ ਤਰ੍ਹਾਂ ਜ਼ਮੀਨ ਤੇ ਚੱਲਦੇ ਸੱਪ ਨੂੰ ਇਕ ਸੋਟੀ ਨਾਲ ਮਾਰ ਸਕੀਦਾ ਹੈ, ਪਰ ਫੰਨ੍ਹ ਚੁੱਕੇ ਫਨੀਅਰ ਨੂੰ ਮਾਰਨਾ ਮੁਸ਼ਕਲ ਹੈ, ਇਸੇ ਤਰ੍ਹਾਂ ਉੱਤੇ ਚੜ੍ਹੀ, ਸਿੱਧੀ ਹੋਈ ਸੁਰਤ ਵਾਲੇ ਆਦਮੀ ਨੂੰ ਕੋਈ ਆਪਣੇ ਅਸਰ ਹੇਠਾਂ ਨਹੀਂ ਦਬਾ ਸਕਦਾ।’’