ਆਤਮ ਚਿੰਤਨ ਕਰੀਏ ਤਾਂ ਹੀ ਗੁਰ ਪੁਰਬ ਮਨਾਏ ਸਫਲ ਨੇ।
ਜਿਸ ਵਕਤ ਦੁਨੀਆਂ ਪਖੰਡਾਂ ਅਤੇ ਆਡਬੰਰਾਂ ਵਿੱਚ ਫਸੀ ਹੋਈ ਸੀ। ਧਰਮ ਦੇ ਠੇਕੇਦਾਰਾਂ ਦੇ ਕਰਮਕਾਂਡਾਂ ’ਚ ਉਲਝੀ ਪਈ ਸੀ ਤਾਂ ਬਾਬੇ ਨੇ ਕੱਚ ਦਾ ਬੇੜਾ ਡੋਬ ਕੇ ਤੇ ਸੱਚ ਦਾ ਸੂਰਜ ਚੜ੍ਹਾ ਕੇ ਬੜਾ ਸੌਖਾ ਉਪਦੇਸ਼ ਦਿੱਤਾ ‘ਦਸਾਂ ਨਹੁੰਆਂ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’।
ਕੂੜ ਦੀਆਂ ਅੱਖਾਂ ਚੁੰਧਿਆ ਗਈਆਂ, ਸ਼ੰਖ ਚੀਖੇ, ਘੜਿਆਲ ਕੰਬੇ ਪਰ ਸੱਚ ਦਾ ਸੂਰਜ ਚੜ੍ਹਣਾ ਸੀ, ਸੋ ਚੜ੍ਹਿਆ। ਪੰਡਿਤ ਮੁੱਲਾਂ ਦੇ ਪੇਟ ’ਤੇ ਲੱਤ ਵੱਜੀ। ਆਮ ਲੁਕਾਈ ਨੂੰ ਰਾਹਤ ਮਿਲੀ। ਜਿਵੇਂ ਸਿਰ ਤੋਂ ਮਣਾ ਮੂੰਹੀਂ ਭਾਰ ਉਤਰਿਆ ਹੋਵੇ ਕਰਮਕਾਂਡਾਂ ਦਾ ।
ਐਨਾ ਸੌਖਾ ! ! ਛੁਟਕਾਰਾ ! ! !
ਢੇਰਾਂ ਦੇ ਢੇਰ ਕਰਮਕਾਂਡ ਕਮਾਉਣੇ ਤੇ ਫੇਰ ਖ਼ਤਮ ਨਾ ਹੋਣੇ ਤੇ ਹੁਣ ਨਾ ਜੰਗਲਾਂ ’ਚ ਧੱਕੇ ਖਾਣੇ। ਨਾ ਸ਼ਿਲੇ ਕੱਟਣੇ। ਨਾ ਸਵਾਹ ਮਲਣੀ ਪਿੰਡੇ ’ਤੇ । ਨਾ ਨਿਉਲੀ ਕਰਮ । ਐਨੇ ਸਭ ਤੋਂ ਛੁਟਕਾਰਾ ਪਾ ਕੇ, ਗ੍ਰਹਿਸਤ ਮਾਰਗ ਵਿੱਚ ਰਹਿੰਦਿਆਂ ਤਿੰਨ ਬਚਨ ਕਮਾਉਣੇ, ਕਿੰਨਾ ਚੰਗਾ ਲੱਗਾ ਹੋਣਾ ਅਭਿਆਸੀਆਂ ਨੂੰ ! ! ! ! ਜਿਨ੍ਹਾਂ ਨੇ ਇਮਾਨਦਾਰੀ ਨਾਲ ਇਹ ਤਿੰਨ ਬਚਨ ਕਮਾਏ । ਬੇਅੰਤ ਈ ਛੁੱਟ ਗਏ ਤੇ ਬੇਅੰਤ ਦਾ ਲੇਖਾ ਮੁਕਦਾ ਜਾ ਰਿਹੈ। ਬਸ ਕਮੀ ਏ ਤਾਂ ਇਮਾਨਦਾਰੀ ਨਾਲ ਚੱਲਣ ਦੀ।
ਅਸਲੀਅਤ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਸੱਚ ਦਾ, ਪ੍ਰੇਮ ਦਾ, ਮੁਹੱਬਤ ਦਾ ਮਾਰਗ ਹੈ। ਉਨ੍ਹਾਂ ਨੇ ਮਨੁੱਖ ਨੂੰ ਕਰਮਯੋਗੀ ਹੋਣ ਲਈ ਪ੍ਰੇਰਿਆ ਅਤੇ ਵਹਿਮਾਂ ਭਰਮਾਂ ਦਾ ਕੋਹੜ ਵੱਢਦੇ ਹੋਏ ਸਿੱਧਾ ਅਕਾਲ ਪੁਰਖ ਵੱਲ ਮੂੰਹ ਕਰਨ ਲਈ ਕਿਹਾ।
ਸੋ ਆਓ ਆਪਣੇ ਅੰਦਰ ਝਾਤ ਮਾਰੀਏ । ਗੁਰੂ ਨਾਨਕ ਦਾ ਸਿੱਖ ਹੰਕਾਰੀ ਨਹੀਂ, ਸ੍ਵੈ ਅਭਿਮਾਨੀ ਹੋ ਸਕਦਾ। ਲਾਲਚੀ ਨਹੀਂ, ਨਿਸ਼ਕਾਮੀ ਹੋ ਸਕਦਾ। ਸੁਆਰਥੀ ਨਹੀਂ, ਪਰਉਪਕਾਰੀ ਹੋ ਸਕਦਾ। ਈਰਖਾਲੂ ਨਹੀਂ, ਮੁਹੱਬਤ ’ਚ ਰੰਗਿਆ ਹੋ ਸਕਦਾ ! ! ! !
ਇੱਕ ਵਾਰ ਫਿਰ ਆਤਮ ਚਿੰਤਨ ਕਰੀਏ ਤਾਂ ਹੀ ਗੁਰ ਪੁਰਬ ਮਨਾਏ ਸਫਲ ਨੇ।