ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਇੱਕ ਪਾਸੜ ਰੋਲ

0
775

ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਇੱਕ ਪਾਸੜ ਰੋਲ

ਕਿਰਪਾਲ ਸਿੰਘ ਬਠਿੰਡਾ 88378-13661

ਬਹੁਤ ਲੰਬੇ ਸਮੇਂ ਤੋਂ ਬਾਅਦ ਪੰਥ ਦੇ ਮਸਲੇ ਵਿਚਾਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ 27 ਜੁਲਾਈ ਨੂੰ ਹੋਈ; ਜੋ ਇੱਕ ਸ਼ੁਭ ਸੰਕੇਤ ਹੋਣੀ ਚਾਹੀਦੀ ਸੀ ਪਰ ਜਿਵੇਂ ਕਿ ਸੱਤਾਧਾਰੀ ਧਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਦੀ ਆਈ ਹੈ, ਉਹੀ ਇਸ ਵਾਰ ਹੋਇਆ ਜਿਸ ਕਾਰਨ ਪੰਥਕ ਧਿਰਾਂ ਦੀ ਏਕਤਾ ਵੱਲ ਵਧਣ ਦੀ ਥਾਂ ਇਸ ਦਾ ਉਲਟਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਇਸ ਪਲੇਠੀ ਮੀਟਿੰਗ ਦੇ ਅਸਫਲ ਰਹਿਣ ਦੇ ਹੇਠ ਲਿਖੇ ਕਾਰਨ ਹਨ :

  1. ਪਹਿਲੀ ਘਾਟ ਤਾਂ ਮੀਟਿੰਗ ਲਈ ਸੱਦਾ ਦੇਣ ਵਿੱਚ ਹੀ ਵਿਖਾਈ ਦਿੱਤੀ ਕਿਉਂਕਿ ਸੱਦਾ ਕੇਵਲ ਇੱਕ ਧੜੇ ਦੀਆਂ ਸੰਸਥਾਵਾਂ ਨੂੰ ਦਿੱਤਾ ਗਿਆ। ਦੂਸਰੇ ਪੱਖ ਨੂੰ ਪੂਰੀ ਤਰ੍ਹਾਂ ਵਿਸਾਰੇ ਜਾਣ ਕਾਰਨ ਫੁੱਟ ਦੀਆਂ ਦੂਰੀਆਂ ਘਟਣ ਦੀ ਥਾਂ ਵਧਣ ਦਾ ਸੰਕੇਤ ਹੈ।
  2. ਜਿਹੜੇ ਸੱਦੇ ਵੀ ਗਏ ਉਨ੍ਹਾਂ ਵਿੱਚੋਂ ਵੀ ਕੁਝ ਸੁਹਿਰਦ ਸੱਜਣਾਂ ਨੇ ਚੰਗੇ ਸੁਝਾਉ ਵੀ ਦਿੱਤੇ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ। ਮਿਸਾਲ ਦੇ ਤੌਰ ’ਤੇ ਡਾ: ਹਰਸਿਮਰਨਜੀਤ ਸਿੰਘ ਨੇ ਸੁਝਾਉ ਦਿੱਤਾ ਕਿ ਕਿਸੇ ਵੀ ਸਮੱਸਿਆ ਦੇ ਪਹਿਲਾਂ ਕਾਰਨ ਲੱਭਣੇ ਪੈਣਗੇ, ਫਿਰ ਉਸ ਨੂੰ ਦੂਰ ਕਰਨ ਦੇ ਉਪਾਉ ਅਤੇ ਤੀਸਰੇ ਨੰਬਰ ’ਤੇ ਉਨ੍ਹਾਂ ਉਪਾਵਾਂ ਨੂੰ ਵਰਤਣ ਦਾ ਸਹੀ ਤਰੀਕਾ। ਦੂਸਰਾ ਸੁਝਾਉ ਸੀ ਕਿ ਜਦ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸੰਸਥਾ ਦੇ ਅਧੀਨ ਰਹੇਗਾ ਤਦ ਤੱਕ ਇਹ ਸੁਤੰਤਰ ਰੂਪ ’ਚ ਨਹੀਂ ਆ ਸਕਦਾ ਅਤੇ ਜਦ ਤੱਕ ਇਹ ਸੁਤੰਤਰ ਨਹੀਂ ਤਦ ਤੱਕ ਇਹ ਸਮੁੱਚੇ ਪੰਥ ਨੂੰ ਸਹੀ ਸੇਧ ਦੇਣ ਦੇ ਸਮਰੱਥ ਨਹੀਂ ਹੋ ਸਕਦਾ। ਇਸ ਲਈ ਜਰੂਰੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸੁਤੰਤਰਤਾ ਵਾਲਾ ਰੁਤਬਾ ਬਹਾਲ ਹੋਵੇ।

ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਭਾਈ ਰਾਮ ਸਿੰਘ ਸੰਗਰਾਂਵਾ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਵੀ ਧਿਰ ਜਾਂ ਸਿੱਖ ਬਾਗੀ ਨਹੀਂ ਪਰ ਆਮ ਤੌਰ ’ਤੇ ਇੱਥੇ ਤਾਂ ਇੱਕ ਧੜੇ ਨੂੰ ਨੁੰਮਾਇੰਦਗੀ ਦਿੱਤੀ ਜਾ ਰਹੀ ਹੈ। ਜਥੇਦਾਰ ਸਾਹਿਬ ਸਰਬਸਾਂਝੇ ਬਣ ਕੇ ਵਿਖਾਉਣ ਤਾਂ ਕੋਈ ਵੀ ਸਿੱਖ ਬਾਗੀ ਹੋਣ ਦੀ ਜੁਰ੍ਹਤ ਨਹੀਂ ਕਰ ਸਕਦਾ।

ਸੰਤਾ ਤੇਜਾ ਸਿੰਘ ਐੱਮ.ਏ. ਖੁੱਡੇ ਵਾਲੇ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲੀ ਵਾਰ ਨਹੀਂ ਹੋਈ ਸਗੋਂ ਪਹਿਲਾਂ ਵੀ ਹੁੰਦੀਆਂ ਆਈਆਂ, ਜੋ ਸਾਡੇ ਰਾਜ ’ਚ ਵੀ ਹੋਈਆਂ ਤੇ ਦੂਸਰਿਆਂ ਦੇ ਰਾਜ ਵਿੱਚ ਵੀ। ਅਸੀਂ ਦੂਸਰਿਆਂ ਤੋਂ ਇਨਸਾਫ਼ ਤਾਂ ਮੰਗਦੇ ਹਾਂ ਪਰ ਆਪਣਿਆਂ ਤੋਂ ਕਿਉਂ ਨਹੀਂ !

  1. ਸਨਮਾਨਯੋਗ ਉਪ੍ਰੋਕਤ ਤਿੰਨ੍ਹਾਂ ਹੀ ਵਿਅਕਤੀਆਂ ਨੇ ਬਹੁਤ ਹੀ ਨਿੱਗਰ ਸੁਝਾਉ ਦਿੱਤੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ ਪਰ ਬਦਕਿਸਮਤੀ ਇਹ ਰਹੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਸਮੇਤ ਕਿਸੇ ਵੀ ਬੁਲਾਰੇ ਨੇ ਇਨ੍ਹਾਂ ਸੁਝਾਵਾਂ ਦੀ ਪ੍ਰੋੜਤਾ ਕਰਨ ਵੱਲ ਸੰਕੇਤ ਮਾਤ੍ਰ ਨਹੀਂ ਦਿੱਤਾ।
  2. ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਂ ਲੰਘਣ ਤੋਂ ਬਾਅਦ ਹਰ ਧਰਮ ਦੇ ਅਸੂਲਾਂ ’ਤੇ ਕੁਝ ਗਰਦੇ ਦੀ ਧੂੜ ਜੰਮ ਜਾਂਦੀ ਹੈ। ਲੋੜ ਹੁੰਦੀ ਹੈ ਕਿ ਕਿਸੇ ਨਰਮ ਬੁਰਸ਼ ਨਾਲ ਇਹ ਧੂੜ ਸਾਫ਼ ਕੀਤੀ ਜਾਵੇ ਪਰ ਸਾਡੀ ਬਦਕਿਸਮਤੀ ਹੈ ਕਿ ਇੱਕ ਧੜੇ ਨੇ ਤਾਂ ਉਸ ਧੂੜ ਨੂੰ ਹੀ ਧਰਮ ਮੰਨ ਲਿਆ ਤੇ ਉਨ੍ਹਾਂ ਇਸੇ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਦੂਸਰੇ ਧੜੇ ਨੇ ਨਰਮ ਬੁਰਸ਼ ਫੜਨ ਦੀ ਥਾਂ ਤਾਰਾਂ ਵਾਲਾ ਬੁਰਸ਼ ਫੜ ਲਿਆ ਤੇ ਆਹ ਵੀ ਗਲਤ, ਓਹ ਵੀ ਗਲਤ, ਇਹ ਸਭ ਕੁਝ ਹੀ ਤਬਾਹ ਕਰਨ ’ਤੇ ਤੁਲੇ ਹੋਏ ਹਨ। ਉਹ ਸਿਰਫ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਾੜਾ ਨਹੀਂ ਕਹਿੰਦੇ ਬਲਕਿ ਸਾਡੀਆਂ ਪੁਰਾਤਨ ਸੰਪ੍ਰਦਾਵਾਂ ਤੇ ਉਨ੍ਹਾਂ ਦੇ ਮੁਖੀ ਮਹਾਂ ਪੁਰਸ਼ਾਂ ਨੂੰ ਵੀ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਾਡਾ ਆਪਸ ’ਚ ਟਕਰਾਅ ਵਧਦਾ ਗਿਆ । ਇਹੀ ਵੱਡੇ ਨੁਕਸਾਨ ਦਾ ਕਾਰਨ ਹੈ।
  3. ਚੰਗਾ ਹੁੰਦਾ ਜੇ ਜਥੇਦਾਰ ਸਾਹਿਬ ਧੂੜ ਅਤੇ ਤਾਰਾਂ ਵਾਲੇ ਬੁਰਸ਼ ਦੀ ਵਿਆਖਿਆ ਵੀ ਕਰ ਦਿੰਦੇ ਪਰ ਬਦਕਿਸਮਤੀ ਇਹ ਰਹੀ ਕਿ ਉਨ੍ਹਾਂ ਨੇ ਇਸ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਸ਼ਾਇਦ ਸਿੱਖੀ ਸਿਧਾਂਤਾਂ ’ਤੇ ਜੰਮੀ ਧੂੜ ਅਤੇ ਤਾਰਾਂ ਵਾਲੇ ਬੁਰਸ਼ ਦੀ ਵਿਆਖਿਆ ਕਰਨੀ ਉਨ੍ਹਾਂ ਦੇ ਏਜੰਡੇ ਵਿੱਚ ਹੀ ਨਹੀਂ ਸੀ। ਜਥੇਦਾਰ ਸਾਹਿਬ ਨੇ ਤਾਂ ਵਿਆਖਿਆ ਨਹੀਂ ਕੀਤੀ ਪਰ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਇਆ ਮੈਂ ਥੋੜਾ ਖੋਲ੍ਹਣ ਦਾ ਯਤਨ ਕੀਤਾ ਹੈ :

(ੳ) ਮਿਸ਼ਨਰੀ ਸੋਚ ਵਾਲੇ ਪ੍ਰਚਾਰਕਾਂ ਦਾ ਮੱਤ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥ ਪੁਰੀ ਦੇ ਪੁਜਾਰੀਆਂ ਵੱਲੋਂ ਥਾਲੀ ਵਿੱਚ ਦੀਵੇ ਅਤੇ ਹੋਰ ਸਮਗਰੀ ਰੱਖ ਕੇ ਮੂਰਤੀ ਦੀ ਆਰਤੀ ਵਿੱਚ ਸ਼ਾਮਲ ਹੋਣ ਦੀ ਬਜਾਏ ਇਸ ਸ਼ਬਦ ਦਾ ਗਾਇਨ ਕੀਤਾ ਸੀ : “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ ਪਵਣੁ ਚਵਰੋ ਕਰੇ, ਸਗਲ ਬਨਰਾਇ ਫੂਲੰਤ ਜੋਤੀ (ਸੋਹਿਲਾ ਧਨਾਸਰੀ ਮਃ ੧/੧੩)  ਇਹ ਸ਼ਬਦ ਦੀਵਿਆਂ ਵਾਲੀ ਆਰਤੀ ਦਾ ਪ੍ਰਤੱਖ ਖੰਡਨ ਕਰਦਾ ਹੈ ਪਰ ਸਾਡੇ ਦੋ ਤਖ਼ਤਾਂ ਅਤੇ ਬਹੁਤ ਸਾਰੇ ਡੇਰਿਆਂ ’ਚ ਹਿੰਦੂ ਪੁਜਾਰੀਆਂ ਦੀ ਤਰਜ਼ ’ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੀ ਦੀਵਿਆਂ ਨਾਲ ਭਰਿਆ ਥਾਲ ਘੁਮਾ ਕੇ ਆਰਤੀ ਕੀਤੀ ਜਾਂਦੀ ਹੈ।

(ਅ) ਸਿੱਖ ਮੱਤ ਦਾ ਦ੍ਰਿੜ ਵਿਸ਼ਵਾਸ਼ ਹੈ ਕਿ ਦੇਵੀ ਦੇਵਤਿਆਂ ਅੱਗੇ ਜਾਨਵਰਾਂ ਦੀ ਬਲੀ ਦੇਣ ਵਾਲੇ ਧਰਮੀ ਨਹੀਂ ਹੋ ਸਕਦੇ। ਬਲੀ ਦੇਣ ਦਾ ਖੰਡਨ ਕਰਦਾ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੰਨਾ ਨੰ: ੧੧੦੩ ’ਤੇ ਇਉਂ ਦਰਜ ਹੈ : “ਜੀਅ ਬਧਹੁ ਸੁ ਧਰਮੁ ਕਰਿ ਥਾਪਹੁ, ਅਧਰਮੁ ਕਹਹੁ ਕਤ ਭਾਈ   ਆਪਸ ਕਉ ਮੁਨਿਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ ਪਰ ਇਸ ਪਾਵਨ ਵਚਨ ਨੂੰ ਅਣਡਿੱਠ ਕਰ ਇੱਕ ਤਖ਼ਤ ’ਤੇ ਹੀ ਮਨਮਤਿ ਸ਼ਰੇਆਮ ਹੁੰਦੀ ਵੇਖੀ ਜਾ ਸਕਦੀ ਹੈ।

(ੲ) ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਬੀਰ ਸਾਹਿਬ ਜੀ ਦਾ ਸ਼ਬਦ ਦਰਜ ਹੈ : “ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ, ਕਊਆ ਕੂਕਰ ਖਾਹੀ (੩੩੨) ਸਦੀਆਂ ਤੋਂ ਇਹ ਸ਼ਬਦ ਪੜ੍ਹਨ ਸੁਣਨ ਵਾਲੇ ਸਾਡੇ ਬਹੁਤੇ ਸਿੱਖ ਆਪਣੇ ਮਰ ਚੁੱਕੇ ਪੁਰਖਿਆਂ ਨੂੰ ਭੋਜਨ ਪਹੁੰਚਾਉਣ ਲਈ ਹਰ ਸਾਲ ਸ਼ਰਾਧ ਕਰਦੇ ਅਤੇ ਸਾਡੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਸ਼ਰਾਧ ਛੱਕਣ ਜਾਂਦੇ ਹਨ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਆਪਣੇ ਪਿਤਾ ਮਹਿਤਾ ਕਾਲ਼ੂ ਜੀ ਦਾ ਸ਼ਰਾਧ ਕਰਦੇ ਵਿਖਾਇਆ ਗਿਆ ਹੈ।

(ਸ) ਉੱਚੀ ਜਾਤ ਦਾ ਹੰਕਾਰ ਕਰਨ ਵਾਲੇ ਮਨੁੱਖ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਮੂਰਖ ਕਿਹਾ ਹੈ: “ਜਾਤਿ ਕਾ ਗਰਬੁ ਨ ਕਰੀਅਹੁ ਕੋਈ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ਰਹਾਉ (ਮਹਲਾ ੩/੧੧੨੮) ਪਰ ਇਸ ਦੇ ਬਾਵਜੂਦ ਸਿੱਖ ਧਰਮ ਦਾ ਅਤੁੱਟ ਅੰਗ ਕਹਾਉਣ ਵਾਲੇ ਕੁਝ ਡੇਰਿਆਂ ’ਚ ਮੰਨੂੰ ਸਿਮ੍ਰਿਤੀ ਦੁਆਰਾ ਘੋਸ਼ਿਤ ਕੀਤੀਆਂ ਦਲਿਤ ਜਾਤੀਆਂ ਦੇ ਸਿੱਖਾਂ ਲਈ ਗੁਰੂ ਕੇ ਲੰਗਰਾਂ ’ਚ ਵੱਖਰੀਆਂ ਪੰਕਤੀਆਂ ਤੇ ਵੱਖਰੇ ਭਾਂਡੇ ਰੱਖੇ ਜਾਂਦੇ ਹਨ। ਉਨ੍ਹਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੇ ਪਾਠ ਕਰਨ ਦੀ ਮਨਾਹੀ ਹੈ। ਬਠਿੰਡਾ ਨੇੜੇ ਪਿੰਡ ਲਹਿਰਾ ਖਾਨਾ ’ਚ ਇੱਕ ਦਲਿਤ ਲੜਕੀ ਦੇ ਇੱਕ ਡੇਰੇ ਦੇ ਪ੍ਰਬੰਧ ਅਧੀਨ ਗੁਰਦੁਆਰੇ ’ਚ ਅਨੰਦ ਕਾਰਜ਼ ਕਰਨ ਤੋਂ ਨਾਹ ਕਰ ਦਿੱਤੀ। ਉਸ ਵੇਲੇ ਪੰਜਾਬ ’ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਕਹਾਉਣ ਵਾਲੇ ਬਾਦਲ ਦਲ ਦੀ ਸਰਕਾਰ ਸੀ। ਕਿਸੇ ਦਲਿਤ ਨਾਲ ਜਾਤੀ ਦੇ ਆਧਾਰ ’ਤੇ ਅਜਿਹਾ ਵਿਤਕਰਾ ਕਰਨ ਦੀ ਨਾ ਗੁਰੂ ਗ੍ਰੰਥ ਸਾਹਿਬ ਇਜ਼ਾਜਤ ਦਿੰਦਾ ਹੈ ਅਤੇ ਨਾ ਹੀ ਦੇਸ਼ ਦਾ ਸੰਵਿਧਾਨ। ਪੀੜਤ ਪਰਵਾਰ ਸਰਕਾਰੇ ਦਰਬਾਰੇ ਅਤੇ ਸ਼੍ਰੀ ਆਕਾਲ ਤਖ਼ਤ ਸਾਹਿਬ ’ਤੇ ਗੇੜੇ ਮਾਰਦਾ ਥੱਕ ਗਿਆ ਪਰ ਇਨਸਾਫ਼ ਦੇਣਾ ਤਾਂ ਇੱਕ ਪਾਸੇ ਰਿਹਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਨੰਦਗੜ੍ਹ ਤੋਂ ਬਿਨਾਂ ਕਿਸੇ ਹੋਰ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਮੰਤਰੀ, ਮੁੱਖ ਮੰਤਰੀ ਕਿਸੇ ਨੇ ਵੀ ਪੀੜਤ ਪਰਵਾਰ ਅਤੇ ਦਲਿਤ ਸਮਾਜ ਦੇ ਹੱਕ ਵਿੱਚ ਹਾਅ-ਦਾ-ਨਾਰ੍ਹਾ ਨਹੀਂ ਮਾਰਿਆ।

(ਹ) ਗੁਰੂ ਗੋਬਿੰਦ ਸਿੰਘ ਜੀ ਨੇ ੬ ਕੱਤਕ ਬਿਕ੍ਰਮੀ ਸੰਮਤ ੧੭੬੫ (1708 ਈ:) ਨੂੰ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਮੂਹ ਸਿੱਖਾਂ ਨੂੰ ਹੁਕਮ ਕੀਤਾ: ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨੀਓ ਗ੍ਰੰਥ’। ਇਸੇ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹੈ: “ਸਾਹਿਬੁ ਮੇਰਾ ਏਕੋ ਹੈ ਏਕੋ ਹੈ, ਭਾਈ ਏਕੋ ਹੈ ਰਹਾਉ (ਮਹਲਾ ੧/੩੫੦), “ਗੁਰੁ ਪੂਰਾ, ਮੇਰਾ ਗੁਰੁ ਪੂਰਾ (ਮਹਲਾ ੫/੯੦੧) ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ’ਚ ਗੁਰਦੁਆਰੇ ਸਿਰਲੇਖ ਹੇਠ ਭੀ ਇਸ ਤਰ੍ਹਾਂ ਅੰਕਤ ਹੈ : ਮਦ (ਹ) ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਪਰ ਬਦਕਿਸਮਤੀ ਨਾਲ ਉਸੇ ਤਖ਼ਤ ਸਾਹਿਬ ਸਮੇਤ ਹੋਰਨਾਂ ਕਈ ਸੰਪ੍ਰਦਾਵਾਂ ਦੇ ਸਥਾਨਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਬਿਲਕੁਲ ਉਸੇ ਮਰਿਆਦਾ ਨਾਲ ਪ੍ਰਕਾਸ਼ ਕਰਕੇ ਬਕਾਇਦਾ ਉਸ ’ਚੋਂ ਭੀ ਹੁਕਮਨਾਮੇ ਲਏ ਜਾਂਦੇ ਹਨ ਅਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਸਿਪਾਹੀ ਬਣਾਉਂਦਾ ਹੈ। ਮਿਸ਼ਨਰੀ ਵਿਚਾਰਧਾਰਾ ਵਾਲੇ ਪ੍ਰਚਾਰਕਾਂ ਦਾ ਮੰਨਣਾ ਹੈ ਕਿ ਐਸਾ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ, ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਭਾਰੀ ਉਲੰਘਨਾ ਅਤੇ ਆਪਣੇ ਗੁਰੂ ਨੂੰ ਅਧੂਰਾ ਸਿੱਧ ਕਰਨ ਦੇ ਤੁਲ ਹੈ।

  1. ਸ਼੍ਰੋਮਣੀ ਕਮੇਟੀ ਅਤੇ ਪੰਥਕ ਵਿਦਵਾਨਾਂ ਦੇ ਡੇਢ ਦਹਾਕੇ ਦੇ ਲੰਬੇ ਵਿਚਾਰ ਵਟਾਂਦਰੇ ਪਿੱਛੋਂ 2003 ਦੀ ਵੈਸਾਖੀ ਵਾਲੇ ਦਿਨ ਦਮਦਮਾ ਸਾਹਿਬ ਵਿਖੇ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕੀਤਾ ਅਤੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ। ਇਸ ਕੈਲੰਡਰ ਵਿੱਚ ਸਾਰੇ ਦਿਹਾੜੇ ਗੁਰੂ ਕਾਲ ਸਮੇਂ ਪ੍ਰਚਲਿਤ ਬਿਕ੍ਰਮੀ ਕੈਲੰਡਰ ਦੇ ਸੂਰਜੀ ਪ੍ਰਵਿਸ਼ਟਿਆਂ, ਜੋ ਪੁਰਾਤਨ ਸੋਮਿਆਂ ’ਚ ਦਰਜ ਤਾਰੀਖ਼ਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ, ਮੁਤਾਬਕ ਨਿਸ਼ਚਿਤ ਕੀਤੇ ਗਏ। ਹੋਰ ਤਸੱਲੀ ਵਾਲੀ ਗੱਲ ਇਹ ਹੈ ਕਿ ਹਰ ਸਾਲ ਸਾਰੇ ਗੁਰ ਪੁਰਬ ਅਤੇ ਹੋਰ ਦਿਹਾੜੇ 365/66 ਦਿਨਾਂ ਪਿੱਛੋਂ ਉਨ੍ਹਾਂ ਹੀ ਪ੍ਰਵਿਸ਼ਟਿਆਂ ਅਨੁਸਾਰ, ਸਾਰੀ ਦੁਨੀਆਂ ’ਚ ਪ੍ਰਚਲਿਤ ਸਾਂਝੇ ਕੈਲੰਡਰ ਦੀਆਂ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਂਦੇ ਰਹਿਣਗੇ, ਜਿਵੇਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/ 5 ਜਨਵਰੀ, ਹੋਲਾ ਮਹੱਲਾ ੧ ਚੇਤ/ 14 ਮਾਰਚ, ਵੈਸਾਖੀ ੧ ਵੈਸਾਖ/ 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੨ ਹਾੜ/ 16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੧੧ ਮੱਘਰ/ 24 ਨਵੰਬਰ ਆਦਿਕ। ਇਸ ਤਰ੍ਹਾਂ ਕਿਸੇ ਵੀ ਕੈਲੰਡਰ ਦੀ ਤਾਰੀਖ਼ ਯਾਦ ਰੱਖੀ ਜਾ ਸਕਦੀ ਹੈ। ਹਰ ਦਿਹਾੜੇ ਨਾਲ ਸਬੰਧਿਤ ਤਾਰੀਖ਼ ਅਗਾਂਹ ਭੀ ਉਸੇ ਹੀ ਰੁੱਤ ਵਿੱਚ ਆਵੇਗੀ ਜਿਸ ਵਿੱਚ ਅੱਜ ਕੱਲ੍ਹ ਆ ਰਹੀ ਹੈ। ਇਹ ਯਾਦ ਰੱਖਣੀਆਂ ਬਹੁਤ ਹੀ ਆਸਾਨ ਹਨ ਜਦੋਂ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਕੁਝ ਦਿਹਾੜੇ ਚੰਦਰਮਾਂ ਦੀਆਂ ਤਿਥਾਂ ਮੁਤਾਬਕ, ਕੁਝ ਸੂਰਜੀ ਪ੍ਰਵਿਸ਼ਟਿਆਂ ਮੁਤਾਬਕ ਅਤੇ ਕੁਝ ਸਾਂਝੇ ਕੈਲੰਡਰ ਦੀਆ ਤਾਰੀਖ਼ਾਂ ਮੁਤਾਬਕ ਨਿਸ਼ਚਿਤ ਕੀਤੇ ਜਾਣ ਕਾਰਨ ਹਮੇਸ਼ਾਂ ਰੋਲ ਘਚੋਲਾ ਤੇ ਦੁਬਿਧਾ ਬਣੀ ਰਹਿੰਦੀ ਹੈ ਕਿ ਕਿਹੜਾ ਦਿਹਾੜਾ ਕਦੋਂ ਆਵੇਗਾ ? ਬਿਕਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਤਾਂ ਰੁੱਤਾਂ ਦਾ ਸੰਬੰਧ ਵੀ ਅਸਲੀ ਰੁੱਤਾਂ ਨਾਲੋਂ ਬਹੁਤ ਤੇਜੀ ਨਾਲ ਦੂਰ ਹੋ ਰਿਹਾ ਹੈ ਜਿਸ ਕਾਰਨ ਅੱਜ ਕੱਲ੍ਹ ਗਰਮੀਆਂ ਦੀ ਰੁੱਤ ਵਿੱਚ ਆਉਣ ਵਾਲੇ ਦਿਹਾੜੇ 13000 ਸਾਲ ਬਾਅਦ ਅੱਜ ਨਾਲੋਂ 6 ਮਹੀਨੇ ਦੇ ਫ਼ਰਕ ਨਾਲ ਭਾਵ ਸਰਦ ਰੁੱਤ ’ਚ ਆਉਣਗੇ। ਇਸ ਦੇ ਬਾਵਜੂਦ ਡੇਰੇਵਾਦੀ ਸੋਚ ਵਾਲਿਆਂ ਦੀਆਂ ਵੋਟਾਂ ਦੇ ਲਾਲਚ ਅਧੀਨ ਉਪਰੋਂ ਆਏ ਹੁਕਮਾਂ ਅਨੁਸਾਰ ਅਕਾਲ ਤਖ਼ਤ ’ਤੇ ਬਿਰਾਜਮਾਨ ਜਥੇਦਾਰਾਂ ਅਤੇ ਉਸੇ ਸ਼੍ਰੋਮਣੀ ਕਮੇਟੀ ਨੇ 2010 ’ਚ ਆਪਣੇ ਫੈਸਲੇ ਉਲਟਾ ਕੇ ਮੁੜ ਮਿਲਗੋਭਾ ਬਿਕ੍ਰਮੀ ਕੈਲੰਡਰ ਕੌਮ ਦੇ ਸਿਰ ਥੋਪ ਦਿੱਤਾ ਹਾਲਾਂ ਕਿ ਉਨ੍ਹਾਂ ਪਾਸ ਇੱਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਅਨੁਸਾਰ ਦਿਹਾੜੇ ਨਿਸ਼ਚਿਤ ਕਰਨ ਦਾ ਆਧਾਰ ਗੁਰਬਾਣੀ ਜਾਂ ਸਿੱਖ ਇਤਿਹਾਸ ’ਚੋਂ ਇੱਕ ਵੀ ਨਹੀਂ ਮਿਲਦਾ।

(7) ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਸਵਾਲ ਹਨ :

(ੳ) ਕੀ ਤੁਹਾਡੀਆਂ ਨਜ਼ਰਾਂ ’ਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਕਤ ਸਿੱਖੀ ਸਿਧਾਂਤਾਂ ਅਤੇ ਅਕਾਲ ਤਖ਼ਤ ਤੋਂ ਪ੍ਰਵਾਣਿਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰ ਹਿੱਤ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਨਾ ਹੀ ਤਾਰਾਂ ਵਾਲਾ ਬੁਰਸ਼ ਹੈ ?

(ਅ) ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਸਿੱਖੀ ਦੇ ਨਿਰਮਲ ਸਿਧਾਂਤਾਂ ’ਤੇ ਜੰਮ ਰਹੀ ਧੂੜ ਇੰਨੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਕਿ : “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ ਵਾਲੀ ਹਾਲਤ ਬਣ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਸਿੱਖੀ ਸਿਧਾਂਤਾਂ ’ਤੇ ਜੰਮ ਰਹੀ ਇਸ ਧੂੜ ਨੂੰ ਸਾਫ਼ ਕਰਨ ਲਈ ਜਲਦੀ ਤੋਂ ਜਲਦੀ ਉੱਦਮ ਕਰਨ, ਨਹੀਂ ਤਾਂ ਹਾਲਤ “ਖੰਨਲੀ ਧੋਤੀ ਉਜਲੀ ਨ ਹੋਵਈ, ਜੇ ਸਉ ਧੋਵਣਿ ਪਾਹੁ (ਮਹਲਾ ੩/੬੫੧) ਵਾਲੀ ਬਣ ਜਾਵੇਗੀ।

(ੲ) ਤੁਸੀਂ ਕਈ ਵਾਰ ਆਪਣੇ ਇਸ ਅਦੇਸ਼ ਨੂੰ ਦੁਹਰਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਸਿਆਸਤ ਲਈ ਨਾ ਵਰਤਿਆ ਜਾਵੇ। ਸਵਾਲ ਹੈ ਕਿ ਬਾਦਲ ਦਲ ਪਿਛਲੇ 37 ਸਾਲਾਂ ਤੋਂ 1984 ਦੀਆਂ ਮੰਦ ਘਟਨਾਵਾਂ ਨੂੰ ਹਰ ਚੋਣ ਦੌਰਾਨ ਆਪਣੀ ਸਿਆਸਤ ਲਈ ਉਛਾਲਦੇ ਆ ਰਹੇ ਹਨ ਤਾਂ ਹੁਣ 2015 ਦੀਆਂ ਘਟਨਾਵਾਂ ਨੂੰ ਵਿਰੋਧੀ ਧਿਰਾਂ ਵੱਲੋਂ ਵਰਤੇ ਜਾਣ ’ਤੇ ਇਤਰਾਜ਼ ਕਿਉਂ ? ਕੀ ਜਥੇਦਾਰ ਸਾਹਿਬ ਦਾ ਇਹ ਦੂਹਰਾ ਮਿਆਰ ਨਹੀਂ ?

(ਸ). ਸ਼੍ਰੀ ਖੱਟੜਾ ਜੀ ਦੇ ਜਿਸ ਬਿਆਨ ਦੇ ਆਧਾਰ ’ਤੇ ਤੁਸੀਂ ਭਾਈ ਰੁਪਿੰਦਰ ਸਿੰਘ ਵਿਰੁੱਧ ਧਾਰਾ 295ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਉਸ ਬਿਆਨ ਨੂੰ ਉਨ੍ਹਾਂ ਨੇ ਸਬੂਤਾਂ ਸਹਿਤ ਝੂਠਾ ਸਿੱਧ ਕਰ ਕੇ ਖੱਟੜਾ ਜੀ ਨੂੰ ਚੈਲੰਜ ਕਰ ਦਿੱਤਾ ਹੈ ਕਿ ਜੇ ਉਹ ਆਪਣੇ ਬਿਆਨ ਨੂੰ ਸਹੀ ਸਿੱਧ ਕਰ ਦਿੰਦੇ ਹਨ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੇਫੇ ’ਚ ਟੰਗ ਕੇ ਲੈ ਗਿਆ ਅਤੇ ਖੱਟੜਾ ਜੀ ਨੇ ਮੇਰੇ ਘਰੋਂ ਬਹੁਤ ਹੀ ਭੈੜੀ ਹਾਲਤ ’ਚ ਆਂਡਿਆਂ ਵਾਲੀ ਟਰੇਅ ’ਚੋਂ ਬਰਾਮਦ ਕੀਤੇ ਹਨ ਤਾਂ ਮੈਂ ਆਪਣੀ ਧੌਣ ਕਟਵਾ ਦੇਵਾਂਗਾਂ ਜੇਕਰ ਨਹੀਂ ਕਰ ਸਕਦੇ ਤਾਂ ਅਕਾਲ ਤਖ਼ਤ ’ਤੇ ਬੋਲੇ ਗਏ ਝੂਠ ਦੇ ਦੋਸ਼ ਹੇਠ ਆਪਣੀ ਧੌਣ ਕਟਵਾਉਣਾ ਪ੍ਰਵਾਨ ਕਰਨ (ਸੁਣੋ ਇਹ ਵੀਡੀਓ)। https://www.youtube.com/watch?v=AhgA0U_zZ_o । ਜਥੇਦਾਰ ਸਾਹਿਬ ! ਸ਼੍ਰੀ ਅਕਾਲ ਤਖ਼ਤ ਸਾਹਿਬ ਸੱਚ ਦਾ ਤਖ਼ਤ ਹੈ ਅਤੇ ਇੱਥੇ ਸ਼ਰੇਆਮ ਝੂਠ ਬੋਲੇ ਜਾਣਾ ਕੌਮ ਨੇ ਕਦਾਚਿਤ ਪ੍ਰਵਾਣ ਨਹੀਂ ਕੀਤਾ ਇਸ ਲਈ ਤੁਹਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਆਪੋ ਆਪਣੇ ਸਬੂਤਾਂ ਸਮੇਤ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁਲਾ ਕੇ ਸੱਚ ਝੂਠ ਦਾ ਨਿਤਾਰਾ ਕਰ ਝੂਠੇ ਬੰਦੇ ਨੂੰ ਮਿਸਾਲੀ ਸਜਾ ਦਿੱਤੀ ਜਾਵੇ, ਨਹੀਂ ਤਾਂ ਤੁਹਾਡੇ ’ਤੇ ਇਹ ਦੋਸ਼ ਲੱਗਣਗੇ ਕਿ ਤੁਸੀਂ ਵੀ ਗਿਆਨੀ ਗੁਰਬਚਨ ਸਿੰਘ ਵਾਙ ਬਾਦਲ ਦੇ ਬੁਲਾਰੇ ਵਜੋਂ ਬੋਲ ਰਹੇ ਹੋ !

(ਹ) ਜਿਨ੍ਹਾਂ ਪ੍ਰਚਾਰਕਾਂ ਲਈ ਜਥੇਦਾਰ ਸਾਹਿਬ ਨੇ ਤਾਰਾਂ ਵਾਲੇ ਬੁਰਸ਼ ਫੜਨ ਵਾਲੇ ਸ਼ਬਦ ਵਰਤੇ ਹਨ ਉਨ੍ਹਾਂ ਲਈ ਹੀ ਸਾਬਕਾ ਆਈ. ਪੀ. ਐੱਸ. ਅਧਿਕਾਰੀ ਰਣਬੀਰ ਖਟੜਾ ਜੀ ਨੇ (So called) ਅਖੌਤੀ ਪ੍ਰਚਾਰਕ ਸ਼ਬਦ ਵਰਤਿਆ ਸੀ ਕਿਉਂਕਿ ਉਨ੍ਹਾਂ ਪ੍ਰਚਾਰਕਾਂ ਨੇ ਹੀ ਸਭ ਤੋਂ ਪਹਿਲਾਂ ਕੋਟਕਪੂਰਾ ਵਿਖੇ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕਰਦਿਆਂ ਧਰਨਾ ਲਾਇਆ ਸੀ। ਸ਼੍ਰੀ ਖਟੜਾ ਜੀ ਨੇ ਮਾਝੀ ਜੀ ਬਾਰੇ ਇਹ ਵੀ ਬੋਲਿਆ ਕਿ ਉਹ ਚੰਗੇ ਵਿਦਵਾਨ ਹਨ ਜਿਨ੍ਹਾਂ ਦੇ ਪਿੰਡ ਬੁਰਜ ਜਵਾਹਰਕੇ ਵਿਖੇ ਲੱਗੇ ਦੀਵਾਨ ਸੁਣ ਕੇ ਬਹੁਤ ਸਾਰੇ ਸੌਦਾ ਪ੍ਰੇਮੀਆਂ ਨੇ ਆਪਣੇ ਗਲ਼ਾਂ ’ਚੋ ਲਾਕਟ ਉਤਾਰਰੇ। ਮੇਰਾ ਖ਼ਿਆਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਐਸੇ ਪ੍ਰਚਾਰਕ, ਪ੍ਰਧਾਨ ਜਾਂ ਜਥੇਦਾਰ ਦਾ ਨਾਂ ਨਹੀਂ ਲਿਆ ਜਾ ਸਕਦਾ ਜਿਸ ਦਾ ਕੇਵਲ ਪ੍ਰਚਾਰ ਸੁਣ ਕੇ ਕਿਸੇ ਵੀ ਡੇਰੇ ਦੇ ਸ਼ਰਧਾਲੂ ਨੇ ਆਪਣੇ ਡੇਰੇ ਨੂੰ ਤਲਾਂਜਲੀ ਦੇ ਸਿੱਖੀ ਵੱਲ ਮੂੰਹ ਕੀਤਾ ਹੋਵੇ। ਤੁਹਾਡੇ ਲਈ ਸਵਾਲ ਹੈ ਕਿ ਜਿਸ ਵਿਦਵਾਨ ਦਾ ਪ੍ਰਚਾਰ ਸੁਣ ਕੇ ਸੌਦਾ ਪ੍ਰੇਮੀਆਂ ਨੇ ਵੀ ਆਪਣੇ ਗਲ਼ਾਂ ’ਚੋਂ ਲਾਕਟ ਉਤਾਰੇ ਹੋਣ ਤੁਸੀਂ ਦੂਸਰੇ ਹੀ ਸਾਹ ਅਜਿਹੇ ਵਿਦਵਾਨਾਂ ਨੂੰ ਅਖੌਤੀ ਵਿਦਵਾਨ ਕਿਸ ਆਧਾਰ ’ਤੇ ਕਿਹਾ ਹੈ ?

  1. ਇਸ ਤਰ੍ਹਾਂ ਦੇ ਬੇਤੁਕੇ ਦੋਸ਼ ਲਾਉਣ ਵਿੱਚ ਬੀਬੀ ਜੰਗੀਰ ਕੌਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਖੱਟੜਾ ਤੋਂ ਵੀ ਅੱਗੇ ਨਿਕਲ ਗਈ। ਉਨ੍ਹਾਂ ਨੇ ਬਹੁਤ ਨਫ਼ਰਤ ਭਰੀ ਕੜਕਵੀਂ ਆਵਾਜ਼ ’ਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀ ਇਹ ਪ੍ਰਚਾਰਕ ਹੀ ਹਨ ਜਿਨ੍ਹਾਂ ਨੇ ਧਰਨਾ ਲਾਇਆ ਤੇ ਰੁਪਿੰਦਰ ਸਿੰਘ ਨੂੰ ਛੁਡਾਉਣ ਲਈ ਖੂਨ ਦੇ ਪਿਆਲੇ ਭਰ ਭਰ ਲੈ ਕੇ ਗਏ। ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਮਾਝੀ ਸਾਝੀ ਜਿਹੜਾ ਉੱਥੇ ਬਹੁਤ ਬੋਲਦਾ ਸੀ, ਵਰਗੇ ਸ਼ਬਦ ਬੋਲਣਾ ਅਤੇ ਬੇਅਦਬੀ ਦੇ ਅਸਲ ਦੋਸ਼ੀ ਸੌਦਾ ਪ੍ਰੇਮੀਆਂ ਤੇ ਉਨ੍ਹਾਂ ਦੇ ਅਖੌਤੀ ਗੁਰੂ ਅਤੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਬੇਲਗਾਮ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਵਾਲਿਆਂ ਵਿਰੁੱਧ ਇੱਕ ਵੀ ਸ਼ਬਦ ਨਾ ਬੋਲਣਾ, ਸਿੱਧ ਕਰਦਾ ਹੈ ਕਿ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਸ ਇਕੱਤਰਤਾ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰ ਵਾਰ ਹੋ ਰਹੀ ਬੇਅਦਬੀ ਰੋਕਣਾ ਨਹੀਂ ਬਲਕਿ ਇਸ ਵਿਰੁੱਧ ਆਵਾਜ਼ ਉਠਾਉਣ ਵਾਲੀਆਂ ਪੰਥਕ ਧਿਰਾਂ ਨੂੰ ਦੋਸ਼ੀ ਠਹਿਰਾ ਕੇ ਅਸਲ ਦੋਸ਼ੀਆਂ ਨੂੰ ਬਚਾਉਣਾ ਸੀ। ਬੀਬੀ ਜੰਗੀਰ ਕੌਰ ਦੇ ਇਹ ਗੁੰਮਰਾਹਕੁਨ ਸ਼ਬਦ ਦੋਸ਼ੀਆਂ ਲਈ ਅਦਾਲਤ ’ਚ ਬਹੁਤ ਸਹਾਈ ਹੋਣਗੇ ਕਿਉਂਕਿ ਉਹ ਦਲੀਲ ਦੇਣਗੇ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਤਾਂ ਸਿੱਖ ਪ੍ਰਚਾਰਕਾਂ ਨੂੰ ਦੋਸ਼ੀ ਗਰਦਾਨਦੀ ਪਈ ਹੈ, ਸਾਨੂੰ ਤਾਂ ਉਨ੍ਹਾਂ ਦੇ ਦਬਾਅ ਹੇਠ ਖਾਹ ਮਖਾਹ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
  2. ਬੀਬੀ ਜੰਗੀਰ ਕੌਰ ਦਾ ਮੋੜਵਾਂ ਉੱਤਰ ਦਿੰਦਿਆਂ ਭਾਈ ਮਾਝੀ ਨੇ ਕਿਹਾ ਕਿ 25 ਜੂਨ 2021 ਨੂੰ ਪਿੰਡ ਜੌਲੀਆਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ 4 ਦਿਨ ਬਾਅਦ 29 ਜੂਨ ਨੂੰ ਓਥੇ ਪਹੁੰਚੀ ਬੀਬੀ ਜੰਗੀਰ ਕੌਰ ਨੂੰ ਚਾਰ ਸਵਾਲ ਪੁੱਛੇ ਗਏ ਸਨ ਜਿਨ੍ਹਾਂ ਦੇ ਉਨ੍ਹਾਂ ਨੇ ਲਿਖਤੀ ਜਵਾਬ ਦੇਣ ਦਾ ਵਾਅਦਾ ਕੀਤਾ ਸੀ, ਜੋ ਮਹੀਨਾ ਲੰਘ ਜਾਣ ਤੋਂ ਬਾਅਦ ਅੱਜ ਤੱਕ ਭੀ ਨਹੀਂ ਆਇਆ ਪਰ ਗੁੱਸੇ ਵਿੱਚ ਅਕਾਲ ਤਖ਼ਤ ਸਾਹਿਬ ’ਤੇ ਆਪਣੀ ਭੜਾਸ ਕੱਢੀ ਹੈ। ਭਾਈ ਮਾਝੀ ਜੀ ਵੱਲੋਂ ਪੁੱਛੇ ਚਾਰ ਸਵਾਲਾਂ ਹਨ :

(ੳ) ਗਿਆਨੀ ਗੁਰਮੁਖ ਸਿੰਘ ਨੇ ਕਿਹਾ ਸੀ ਕਿ ਬਾਦਲਾਂ ਨੇ ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਆਪਣੀ ਕੋਠੀ ਵਿੱਚ ਸੱਦ ਕੇ ਕਿਹਾ ਸੀ ਕਿ ਸੌਦਾ ਸਾਧ ਨੂੰ ਮੁਆਫ ਕਰ ਦੇਵੋ। ਇਸ ਬਿਆਨ ਪਿੱਛੋਂ ਉਸ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਬਦਲ ਕੇ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਲਾ ਦਿੱਤਾ। ਜਦੋਂ ਉਹ ਆਪਣੇ ਭਰਾ ਰਾਹੀਂ ਇਸ ਬਿਆਨ ਤੋਂ ਮੁੱਕਰੇ ਤਾਂ ਉਸ ਨੂੰ ਬਦਲ ਕੇ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਲਾ ਦਿੱਤਾ ਗਿਆ। ਗਿਆਨੀ ਗੁਰਮੁਖ ਸਿੰਘ ਦੇ ਇਨ੍ਹਾਂ ਦੋ ਬਿਆਨਾਂ ’ਚੋਂ ਇੱਕ ਤਾਂ ਝੂਠਾ ਹੈ ਹੀ ਫਿਰ ਐਡੇ ਝੂਠੇ ਬੰਦੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਕਿਸ ਤਰ੍ਹਾਂ ਲਗਾ ਦਿੱਤਾ ਗਿਆ ?

(ਅ) ਜਦੋਂ ਬਿਨਾਂ ਮੰਗਿਆਂ ਸੌਦਾ ਸਾਧ ਨੂੰ ਮੁਆਫੀ ਦੇ ਦਿੱਤੀ ਗਈ ਤਾਂ ਸੰਗਤਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ। ਇਸ ਵਿਰੋਧ ਨੂੰ ਦਬਾਉਣ ਲਈ ਗੁਰੂ ਦੀ ਗੋਲਕ ’ਚੋਂ 90 ਲੱਖ ਰੁਪਏ ਤੋਂ ਵੱਧ ਦੇ ਇਸ਼ਤਿਹਾਰ ਦਿੱਤੇ ਗਏ, ਪਰ ਸੰਗਤਾਂ ਦੇ ਵਧਦੇ ਵਿਰੋਧ ਨੂੰ ਵੇਖਦਿਆਂ ਸੌਦਾ ਸਾਧ ਨੂੰ ਮੁਆਫੀ ਦੇਣ ਵਾਲਾ ਹੁਕਮਨਾਮਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫਿਰ ਵਾਪਸ ਭੀ ਲੈ ਲਿਆ ਗਿਆ। ਸੰਗਤਾਂ ਨੂੰ ਦੱਸਿਆ ਜਾਵੇ ਕਿ ਸੰਗਤਾਂ ਵੱਲੋਂ ਪਿਆਰ ’ਚ ਭਿੱਜ ਕੇ ਭੇਟ ਕੀਤੇ ਪੈਸੇ ਦੀ ਭਰਪਾਈ ਸ਼੍ਰੋਮਣੀ ਕਮੇਟੀ ਵੱਲੋਂ ਕਿਸ ਪਾਸੋਂ ਅਤੇ ਕਿਸ ਢੰਗ ਨਾਲ ਕੀਤੀ ਜਾਵੇਗੀ ?

(ੲ) ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੁੰਦੀ ਹੈ ਉੱਥੋਂ 328 ਸਰੂਪਾਂ ਦਾ ਹਿਸਾਬ ਕਿਤਾਬ ਨਹੀਂ ਮਿਲ ਰਿਹਾ; ਉਸ ਸੰਬੰਧੀ ਮੈਮੋਰੰਡਮ ਦੇਣ ਲਈ ਦੱਸੋ ਅਸੀਂ ਕਿਸ ਪਾਸ ਜਾਈਏ ?

(ਸ) ਗਿਆਨੀ ਗੁਰਬਚਨ ਸਿੰਘ ਦੇ ਦਸਤਖਤਾਂ ਹੇਠ ਕੁਝ ਬੰਦਿਆਂ ਨੂੰ ਪੱਤਰ ਦਿੱਤਾ ਗਿਆ ਕਿ ਇਹ ਬ੍ਰਿਧ ਸਰੂਪਾਂ ਨੂੰ ਇਕੱਤਰ ਕਰਕੇ ਗੋਇੰਦਵਾਲ ਸਾਹਿਬ ਪਹੁੰਚਾਉਣ ਦੀ ਸੇਵਾ ਕਰ ਸਕਦੇ ਹਨ। ਜਿਸ ਪੱਤਰ ’ਤੇ ਗਿਆਨੀ ਗੁਰਬਚਨ ਸਿੰਘ ਦੇ ਦਸਤਖਤ ਹਨ ਉਸ ’ਤੇ ਨਾ ਕਿਸੇ ਸੰਸਥਾ ਦਾ ਨਾਂ, ਨਾ ਵੇਰਵਾ ਅਤੇ ਨਾ ਹੀ ਕੋਈ ਥਹੁ ਪਤਾ ਦਰਜ ਹੈ। ਇਹ ਬੰਦੇ ਮਲੇਰ ਕੋਟਲਾ ਹਲਕੇ ’ਚੋਂ ਗੁਰੂ ਗ੍ਰੰਥ ਸਾਹਿਬ ਦੇ 35 ਸਰੂਪ ਅਤੇ 250 ਤੋਂ ਵੱਧ ਪੋਥੀਆਂ ਨੂੰ ਇਕੱਠੀਆਂ ਕਰਕੇ ਲੈ ਗਏ। ਸੰਗਤਾਂ ਨੂੰ ਦੱਸਿਆ ਜਾਵੇ ਕਿ ਇਹ ਸਰੂਪ ਕਿੱਥੇ ਅਤੇ ਕਿਸ ਹਾਲਤ ’ਚ ਹਨ ?

  1. ਭਾਈ ਮਾਝੀ ਨੇ ਬੀਬੀ ਜੰਗੀਰ ਕੌਰ ਨੂੰ ਚੈਲੰਜ ਕੀਤਾ ਕਿ ਉਹ ਬੇਅਦਬੀ ਦੇ ਮੁੱਦੇ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ, ਮੰਜੀ ਸਾਹਿਬ ਦੀਵਾਨ ਹਾਲ ਜਾਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਕਿਸੇ ਵੀ ਸਥਾਨ ਜਾਂ ਹੋਰ ਕਿਸੇ ਸਥਾਨ, ਜਿੱਥੇ ਵੀ ਉਹ ਠੀਕ ਸਮਝਣ ਉੱਥੇ ਕਿਸੇ ਵੀ ਸਮੇਂ ਇਸ ਮੁੱਦੇ ’ਤੇ ਖੁਲ੍ਹੀ ਚਰਚਾ ਕਰਨ ਲਈ ਤਿਆਰ ਹਨ, ਜੇ ਉਸ ’ਚ ਹਿੰਮਤ ਹੈ ਤਾਂ ਮੇਰਾ ਚੈਲੰਜ ਪ੍ਰਵਾਨ ਕਰਨ (ਸੁਣੋ ਇਹ ਵੀਡੀਓ) https://www.youtube.com/watch?v=LV_A36J2POA & https://www.youtube.com/watch?v=QEvm-GN5kTw ਸਿੱਧੇ ਰੂਪ ਵਿੱਚ ਆਪ ਭਾਵੇਂ ਬੇਅਦਬੀ ਨਾ ਵੀ ਕਰਵਾਈ ਹੋਵੇ ਤਾਂ ਵੀ ਸਿੱਖ ਸੰਗਤਾਂ ਵੱਲੋਂ ਬਾਦਲ ਪਰਵਾਰ ’ਤੇ ਸ਼ੱਕ ਕਰਨ ਦੇ ਹੇਠ ਲਿਖੇ ਬਹੁਤ ਸਾਰੇ ਕਾਰਨ ਹਨ।

(ੳ) 2007 ’ਚ ਸਲਾਬਤਪੁਰਾ, ਜ਼ਿਲਾ ਬਠਿੰਡਾ, ਵਿਚਲੇ ਡੇਰੇ ਵਿਚ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਰਚਨ ਦੇ ਵਿਰੋਧ ’ਚ ਉਸ ਖਿਲਾਫ 20 ਮਈ 2007 ਨੂੰ ਥਾਣਾ ਕੋਤਵਾਲੀ ਬਠਿੰਡਾ ਵਿਚ FIR ਨੰਬਰ 262 IPC ਦੀ ਧਾਰਾ 153 A ਅਤੇ 295 A ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਪੌਣੇ ਪੰਜ ਸਾਲ ਤੱਕ ਵੀ ਚਲਾਣ ਪੇਸ਼ ਨਾ ਕੀਤਾ ਤੇ ਉਲਟਾ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਸਿਰਫ ਪੰਜ ਦਿਨ ਪਹਿਲਾਂ 25 ਜਨਵਰੀ 2012 ਨੂੰ ਉਸ ਵੇਲੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਪੁਲਿਸ ਵੱਲੋਂ ਅਦਾਲਤ ’ਚ ਕੈਂਸਲੇਸ਼ਨ ਰਿਪੋਰਟ ਦਾਖ਼ਲ ਕਰ ਦਿੱਤੀ, ਜਿਸ ਦਾ ਉਦੇਸ਼ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਸੀ। ਜੁਲਾਈ 2014 ’ਚ ਸੌਦਾ ਸਾਧ ਨੇ ਬਠਿੰਡੇ ਦੀ ਸੈਸ਼ਨ ਕੋਰਟ ’ਚ ਇਕ ਹੋਰ ਅਰਜੀ ਪਾ ਦਿਤੀ ਤੇ ਕਿਹਾ ਕਿ ਪੰਜਾਬ ਪੁਲਿਸ ਉਸ ਖਿਲਾਫ ਚਲਾਣ ਹੀ ਪੇਸ਼ ਨਹੀਂ ਕਰ ਸਕੀ ਤੇ ਉਸ ਨੂੰ ਬਰੀ ਕੀਤਾ ਜਾਵੇ; ਇਸੇ ਆਧਾਰ ’ਤੇ ਕੇਸ ਖਾਰਜ ਕਰ ਦਿੱਤਾ।

(ਅ) 25 ਜੂਨ 2015 ਨੂੰ ਪਿੰਡ ਬੁਰਜ ਜਵਾਹਰਕਾ ਦੇ ਗੁਰਦੁਆਰਾ ਸਾਹਿਬ ’ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ। ਪੁਲਿਸ ਵੱਲੋਂ ਦੋ ਮੋਨੇ ਸੰਭਾਵੀ ਦੋਸ਼ੀਆਂ ਦੇ ਸਕੈਚ ਵੀ ਜਾਰੀ ਕੀਤੇ ਗਏ, ਪਰ ਬਾਦਲ ਸਰਕਾਰ ਨੇ 2017 ਤੱਕ ਦੇ ਆਪਣੇ ਰਾਜ ਦੌਰਾਨ ਕਿਸੇ ਵੀ ਮੋਨੇ ਵਿਅਕਤੀ ਦੀ ਕੋਈ ਪੁੱਛਗਿੱਛ ਤੱਕ ਨਹੀਂ ਕੀਤੀ ਪਰ ਅੰਮ੍ਰਿਤਧਾਰੀ ਤੇ ਕੇਸਾਧਾਰੀ ਸਿੱਖਾਂ ’ਤੇ ਪੁਲਿਸ ਤਸ਼ੱਦਦ ਕਰਦੀ ਰਹੀ।

(ੲ) 23 ਸਤੰਬਰ 2015 ਨੂੰ ਗੁਰਦੁਆਰਾ ਬਰਗਾੜੀ ਦੀ ਦੀਵਾਰ ’ਤੇ ਸੌਦਾ ਪ੍ਰੇਮੀਆਂ ਵੱਲੋਂ ਹੱਥ ਲਿਖਤ ਪੋਸਟਰ ਲਾਏ ਗਏ ਕਿ ਜੇ ਉਨ੍ਹਾਂ ਦੇ ਗੁਰੂ ਦੀ ਫਿਲਮ ਐੱਮ. ਐੱਸ. ਜੀ. ਨਾ ਲੱਗਣ ਦਿੱਤੀ ਤਾਂ ਤੁਹਾਡਾ ਗੁਰੂ ਸਾਡੇ ਪਾਸ ਹੈ ਉਸ ਨੂੰ ਗਲੀਆਂ, ਰੂੜੀਆਂ ’ਤੇ ਖਿਲਾਰ ਦੇਵਾਂਗੇ; ਇਸ ਦੇ ਬਾਵਜੂਦ ਬਾਦਲ ਸਰਕਾਰ ਸਮੇਂ ਕਿਸੇ ਪ੍ਰੇਮੀ ਤੋਂ ਕੋਈ ਪੁੱਛਗਿੱਛ ਤੱਕ ਨਾ ਕੀਤੀ ਗਈ।

(ਸ) ਬੇਅਦਬੀ ਦੇ ਰੋਸ ’ਚ ਸ਼ਾਂਤਮਈ ਬੈਠੇ ਗੁਰਬਾਣੀ ਪੜ੍ਹ ਰਹੇ ਸਿੱਖਾਂ ’ਤੇ 15 ਅਕਤੂਬਰ 2015 ਨੂੰ ਅਕਾਰਨ ਹੀ ਗੋਲ਼ੀ ਤੇ ਪਾਣੀ ਦੀਆਂ ਬੁਛਾੜਾਂ ਨਾਲ ਪੁਲਿਸ ਵੱਲੋਂ ਹਮਲਾ ਕਰ ਦਿੱਤਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਵੱਲੋ ਕੀਤੀ ਫ਼ਾਇਰਿੰਗ ’ਚ ਦੋ ਸਿੰਘ ਸ਼ਹੀਦ ਹੋ ਗਏ। ਦੋਸ਼ੀ ਪੁਲਿਸੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਕੇਸ ਖੂਹ ਖਾਤੇ ਪਾਉਣ ਲਈ ਐੱਫ. ਆਈ. ਆਰ. ਵੀ ਅਣਪਛਾਤਿਆਂ ਵਿਰੁੱਧ ਦਰਜ ਕੀਤੀ ਗਈ।

(ੲ) ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਵੱਲੋਂ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਪੇਸ਼ ਕੀਤੇ ਚਲਾਨ ਅਦਾਲਤ ਵੱਲੋਂ ਰੱਦ ਕੀਤੇ ਜਾਣ ਦੀ ਓਨੀ ਖ਼ੁਸ਼ੀ ਪੁਲਿਸ ਅਧਿਕਾਰੀਆਂ ਨੇ ਨਹੀਂ ਮਨਾਈ, ਜਿੰਨੀ ਬਾਦਲ ਦਲ ਨੇ ਮਨਾਈ। ਇਸ ਤੋਂ ਪਤਾ ਲਗਦਾ ਹੈ ਕਿ ਬਾਦਲ ਦਲ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣਾ ਹੀ ਇੱਕ ਕਾਰਨ ਹੈ ਕਿ ਬੇਅਦਬੀ ਕਰਨ ਦੇ ਦੋਸ਼ੀਆਂ ਦੇ ਹੌਂਸਲੇ ਵਧੇ ਹਨ, ਇਸ ਲਈ ਉਹ ਵਾਰ ਵਾਰ ਬੇਅਦਬੀਆਂ ਕਰਦੇ ਰਹਿੰਦੇ ਹਨ।