ਗੁਰਸਿੱਖੀ ਦਾ ਨਿਰਮੋਲਕ ਹੀਰਾ : ਸ. ਜਸਪਾਲ ਸਿੰਘ ਜੀ ਮੁੰਬਈ

0
222

ਗੁਰਸਿੱਖੀ ਦਾ ਨਿਰਮੋਲਕ ਹੀਰਾ : ਸ. ਜਸਪਾਲ ਸਿੰਘ ਜੀ ਮੁੰਬਈ

ਗਿਆਨੀ ਕੇਵਲ ਸਿੰਘ

ਧੰਨ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਨਿਰਮਲ ਨਿਆਰੇ ਪੰਥ ਦਾ ਬਾਨਣੂੰ ਬੰਨਦਿਆਂ ਮਨੁੱਖ ਦੇ ਸਾਹਮਣੇ ਦੋ ਸਵਾਲ ਰੱਖ ਕੇ ਜੀਵਨ ਉਸਾਰੀ ਦੀ ਸੋਝੀ ਸਾਡੀ ਝੋਲ਼ੀ ’ਚ ਪਾਈ ਹੈ। ਪਹਿਲਾ ਸਵਾਲ ਹੈ ‘‘ਕਿਵ ਸਚਿਆਰਾ ਹੋਈਐ ?’’ ਅਤੇ ਦੂਜਾ ਸਵਾਲ ਹੈ ‘‘ਕਿਵ ਕੂੜੈ ਤੁਟੈ ਪਾਲਿ ?’’ ਸੰਸਾਰ ਅੰਦਰ ਜੇਕਰ ਮਨੁੱਖ ਇਨ੍ਹਾਂ ਦੋਵਾਂ ਸਵਾਲਾਂ ਨੂੰ ਮੁੱਖ ਰੱਖ ਕੇ ਖ਼ੁਦ ਦੀ ਜੀਵਨ ਉਸਾਰੀ ਅੰਦਰ ਸੰਘਰਸ਼ਮਈ ਰਹੇਗਾ ਤਾਂ ਸੰਸਾਰ  ਅੰਦਰੋਂ ਬਦੀ, ਧੱਕਾ, ਬੇਇਨਸਾਫ਼ੀ, ਵਿਤਕਰੇਬਾਜ਼ੀ, ਅਬਰਾਬਰੀ ਆਦਿ ਦਾ ਬੀਜ ਨਾਸ ਹੋਵੇਗਾ। ਸਤਿਗੁਰੂ ਜੀ ਵੱਲੋਂ ਬਖ਼ਸ਼ੇ ਇਨ੍ਹਾਂ ਸਵਾਲਾਂ ਦੇ ਸਨਮੁਖ ਰਹਿ ਕੇ ਜੀਵਨ ਜਿਊਣ ਵਾਲੇ ਵਿਅਕਤੀ ਦਾ ਨਾਂ ਹੀ ਸਿੱਖ ਹੈ। ਇਹ ਸੱਚ ਹੈ ਕਿ ਜ਼ਿੰਦਗੀ ਦੇ ਆਦਿ ਤੋਂ ਅੰਤ ਤੱਕ ਇਨ੍ਹਾਂ ਸਵਾਲਾਂ ਦੇ ਰੂ-ਬਰੂ ਰਹਿ ਕੇ ਸਦਾ ਮਨੁੱਖ ਜਗਿਆਸੂ ਤਥਾ ਸਿੱਖਿਆਰਥੀ ਬਣਿਆ ਰਹਿੰਦਾ ਹੈ। ਨਾਲ ਦੇ ਨਾਲ ਐਸੇ ਸਿੱਖ ਸਿੱਖਿਆਰਥੀ ਦੀ ਸੁਰਤਿ ਦਾ ਕੇਂਦਰ ਗੁਰੂ ਵੱਲੋਂ ਬਖ਼ਸ਼ੇ ਉਸ ਨੁਸਖੇ ’ਤੇ ਨਿਰਭਰ ਰਹਿੰਦਾ ਹੈ, ਜੋ ਸਚਿਆਰ ਬਣਨ ਲਈ ਅਤੇ ਕੂੜ ਦੀ ਪਾਲਿ ਤੋੜਨ ਲਈ ਅਗਲੇਰੀ ਗੁਰੂ ਪੰਕਤੀ ਵਿੱਚ ਬਖ਼ਸ਼ਸ਼ ਕੀਤਾ ਹੈ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ’’

ਕਰੋੜਾਂ ਦੀ ਗਿਣਤੀ ਅੰਦਰ ਗੁਰੂ ਦੁਆਰਾ ਬਖ਼ਸ਼ੇ ਇਸ ਗੁਰੂ ਚੇਤਨਾ ਦੇ ਰਾਹ ’ਤੇ ਹੁਣ ਤੱਕ ਤੁਰਨ ਵਾਲ਼ੇ ਹੋ ਚੁੱਕੇ ਹਨ। ਕਰੋੜਾਂ ਹੀ ਭਵਿੱਖ ਵਿੱਚ ਹੋਣੇ ਹਨ। ਅੱਜ ਦੇ ਵਰਤਮਾਨ ਵਿੱਚ ਵੀ ਹਨ। ਹਾਂ ਜਦੋਂ ਅਸੀਂ ਕਰੋੜਾਂ ਦੀ ਗੱਲ ਕਰਦੇ ਹਾਂ ਤਾਂ ਇਹ ਬੀਤੀਆਂ ਸਦੀਆਂ ਦਾ ਸਾਂਝਾ ਅੰਕੜਾ ਹੈ। ਇਸ ਤਰਜ਼ ’ਤੇ ਅੱਜ ਬਾਰੇ ਭਾਵੇਂ ਕਿ ਇਹ ਅੰਕੜਾ ਬੜਾ ਥੋੜ੍ਹਾ ਹੀ ਹੈ। ਇਸ ਬਾਬਤ ਹੀ ਗੁਰਬਾਣੀ ਅੰਦਰ ਗੁਰੂ ਜੀ ਸੇਧ ਦਿੰਦੇ ਹਨ ‘‘ਹੈਨਿ ਵਿਰਲੇ ਨਾਹੀ ਘਣੇ..’’ (ਮਹਲਾ /੧੪੧੧)

ਕਿੰਨੇ ਖ਼ੁਸ਼ਕਿਸਮਤ ਹਨ ਉਹ ਗੁਰੂ ਨਦਰਿ ਦੇ ਪਾਤਰ, ਜਿਨ੍ਹਾਂ ਨੂੰ ਉਪਰੋਕਤ ਦੋਵਾਂ ਸਵਾਲਾਂ ਦੀ ਮਹੱਤਤਾ ਦਾ ਹਕੀਕੀ (ਅਸਲ) ਬੋਧ ਹੋ ਜਾਂਦਾ ਹੈ। ਮੁੜ ਉਹ ਪਿਛਾਂਹ ਭੌਂ ਕੇ ਨਹੀਂ ਦੇਖਦੇ। ਉਹ ਇਹ ਸਵਾਲ ਔਖੇ ਦੀ ਗੱਲ ਵੀ ਨਹੀਂ ਕਰਦੇ। ਉਹ ਜਾਣਦੇ ਹਨ ਕਿ ਮੈਂ ਕੌਣ ਹੁੰਦਾ ਹਾਂ ਇਨ੍ਹਾਂ ਨੂੰ ਹੱਲ ਕਰਨ ਵਾਲ਼ਾ ਤਾਹੀਓਂ ਉਹ ਪੂਰੀ ਟੇਕ ਹੀ ਸਤਿਗੁਰੂ ’ਤੇ ਟਿਕਾਅ ਲੈਂਦੇ ਹਨ। ਉਨ੍ਹਾਂ ਦੇ ਵਿਸ਼ਵਾਸ ਅੰਦਰ ਇਹ ਗੁਰੂ ਬਚਨ ਵਸ ਜਾਂਦਾ ਹੈ ‘‘ਸਤਿਗੁਰੁ ਖੋਟਿਅਹੁ ਖਰੇ ਕਰੇ; ਸਬਦਿ ਸਵਾਰਣਹਾਰੁ ’’ (ਮਹਲਾ /੧੪੩) ਉਨ੍ਹਾਂ ਦੀ ਸੁਰਤਿ ਸਾਈਂ ਦੀ ਮਿਹਰ ਉੱਤੇ ਅਡਿੱਗ ਟਿਕ ਜਾਂਦੀ ਹੈ। ਅੰਦਰੋਂ ਹੁਕਮਿ ਰਜਾਈ ਦਾ ਸੰਦੇਸ਼ ਛਿਨ ਛਿਨ ਅਗਵਾਈ ਕਰਦਾ ਮਹਿਸੂਸ ਹੁੰਦਾ ਹੈ।

ਸਤਿਗੁਰੂ ਜੀ ਨੂੰ ਸਮਝਣ ਵਾਲ਼ੀਆਂ ਟਾਵੀਆਂ ਰੂਹਾਂ, ਕਿਸੇ ਜੰਗਲ਼, ਬੀਆਬਾਨ, ਪਹਾੜ ਦੀਆਂ ਚੋਟੀਆਂ ਜਾਂ ਕੰਦਰਾਂ ਅੰਦਰ ਖ਼ੁਦ ਨੂੰ ਬੰਦ ਨਹੀਂ ਕਰਦੀਆਂ। ਤਨ ’ਤੇ ਕਿਸੇ ਵਿਖਾਵੇਕਾਰੀ ਭੇਖ ਦਾ ਅਡੰਬਰ ਵੀ ਨਹੀਂ ਕਰਦੀਆਂ। ਉਹ ਗੁਰਬਾਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗ਼ੈਰ ਕਿਸੇ ਸ਼ਖ਼ਸੀ ਪ੍ਰਭਾਵ ਨੂੰ ਨੇੜੇ ਨਹੀਂ ਫਟਕਣ ਦਿੰਦੇ। ਉਨ੍ਹਾਂ ਲਈ ਘਰ, ਗ੍ਰਹਿਸਤ ਕਿਸੇ ਤਰ੍ਹਾਂ ਦਾ ਕੈਦਖ਼ਾਨਾ ਨਹੀਂ ਦਿਖਾਈ ਦੇਂਦਾ। ਕਿਰਤ ਦਾ ਖੇਤਰ ਉਨ੍ਹਾਂ ਵਾਸਤੇ ਮਾਇਆ ਜਾ ਜੰਜਾਲ ਨਹੀਂ ਹੁੰਦਾ। ਸਮਾਜਿਕ ਸਰੋਕਾਰ ਸਚਿਆਰ ਬਣਨ ਦੇ ਰਾਹ ਦਾ ਰੋੜਾ ਨਹੀਂ ਬਣਦੇ। ਦੂਜੇ ਨੂੰ ਇਸ ‘‘ਕਿਵ ਸਚਿਆਰਾ ਹੋਈਐ’’ ਵਾਲ਼ੇ ਮਾਰਗ ’ਤੇ ਤੁਰਨ ਦੀ ਦੱਸ ਪਾਉਣੀ ਜਾਂ ਪ੍ਰੇਰਨਾ ਦੇਣੀ ਆਪਣਾ ਨੁਕਸਾਨ ਕਰ ਬੈਠਣ ਵਾਲ਼ਾ ਕਰਮ ਨਹੀਂ ਭਾਸਦਾ। ਇਹ ਗੁਰੂ ਦੇ ਨਿਵਾਜੇ ਬੜੇ ਸਹਜ ਵਿੱਚ ਰਹਿੰਦੇ ਹਨ। ਸੱਜੇ ਖੱਬੇ ਚੰਗਾ ਮੰਦਾ ਜੋ ਘਟਦਾ ਹੈ ਉਸ ਤੋਂ ਸ਼ਬਦ ਗੁਰੂ ਦੀ ਗਿਆਨ ਸ਼ਕਤੀ ਨਾਲ਼ ਖ਼ੁਦ ਨੂੰ ਨਿਰਲੇਪ ਰੱਖਦੇ ਹਨ। ਇਨ੍ਹਾਂ ਖ਼ੂਬੀਆਂ ਨਾਲ਼ ਹੀ ਤਾਂ ਉਹ ਏਨੇ ਸੁਗੰਧਦਾਰ ਹੋ ਜਾਂਦੇ ਹਨ ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਹੈ, ਉਹ ਵੀ ‘‘ਕਿਵ ਸਚਿਆਰਾ ਹੋਈਐ’’ ਦੇ ਸਵਾਲ ਨੂੰ ਆਪਣੀ ਸੁਰਤਿ ਦੀ ਮੁਹਾਰਨੀ ਬਣਾ ਲੈਂਦਾ ਹੈ। ਐਸੀਆਂ ਤਜਰਬੇਕਾਰ ਰੂਹਾਂ ਦੇ ਸੰਗ ਲੱਗ ਅਗਿਆਨਤਾ ਦੀ ਨਦੀ ਤਰਦਾ ਹੈ; ਜਿਵੇਂ ਲੋਹਾ ਲਕੜ ਦੇ ਸੰਗ ਪਾਰ ਉਤਰਦਾ ਹੈ। ਆਮ ਕਰਕੇ ਮਨੁੱਖ ਦੀ ਤਰਾਸਦੀ ਇਹ ਹੈ ਕਿ ਉਹ ਉਪਰੋਕਤ ਜਗਿਆਸਾ ਦਾ ਖ਼ੁਦ ਪਾਤਰ ਨਹੀਂ ਹੁੰਦਾ, ਜਿਸ ਕਾਰਨ ਦੂਜਿਆਂ ਦੀਆਂ ਅਨੁਭਵੀ ਪ੍ਰਾਪਤੀਆਂ ਦੀ ਸੋਝੀ ਵੀ ਨਹੀਂ ਲੈ ਪਾਉਂਦਾ।

ਆਪਾਂ ਗੱਲ ਸ. ਇੰਦਰਜੀਤ ਸਿੰਘ ਜੀ ਦੇ ਪੁੱਤਰ ਸ. ਜਸਪਾਲ ਸਿੰਘ ਜੀ ਦੀ ਕਰਨਾ ਚਾਹ ਰਹੇ ਹਾਂ। ਇਸ ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਸ਼ਹਿਰ ਨਾਲ਼ ਹੈ। ਕਾਰੋਬਾਰੀ ਸਿਲਸਿਲੇ ਕਾਰਨ ਮੁੰਬਈ ਸ਼ਹਿਰ ਦੇ ਵਾਸੀ ਬਣੇ। ਦਾਸ ਦੀ ਸਾਂਝ ਇਸ ਪਰਿਵਾਰ ਨਾਲ਼ 1985 ਵਿੱਚ ਤਦ ਬਣੀ ਜਦੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਖਾਰ-ਬਾਂਦਰਾ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਲਈ ਪਰਖ ਦੇਣ ਗਿਆ ਸੀ। ਸਮਾਂ ਤਾਂ ਸੱਤ ਕੁ ਦਿਨਾਂ ਦਾ ਸੀ, ਪਰ ਇਸ ਮੌਕੇ ਜੋ ਰੂਹਾਂ ਮਿਲੀਆਂ ਉਹ ਸਦਾ ਮਿਲੀਆਂ ਹੀ ਰਹੀਆਂ। ਸੰਗਤ ਵਿੱਚ ਸ. ਹਿੰਮਤ ਸਿੰਘ ਜੀ, ਸ. ਹਰਨਾਮ ਸਿੰਘ ਜੀ ਵੋਹਰਾ, ਸ. ਨਿਰਮਲ ਸਿੰਘ ਜੀ, ਸ. ਹਰਸਿੰਦਰ ਸਿੰਘ ਜੀ, ਸ. ਗੁਰਬਖ਼ਸ਼ ਸਿੰਘ ਜੀ ਗਾਂਧੀ, ਸ. ਅਰਜਨ ਸਿੰਘ ਜੀ ਮਠਾਰੂ, ਸ. ਮੋਹਨ ਸਿੰਘ ਜੀ, ਸ. ਮਹਿਮਾ ਸਿੰਘ ਜੀ, ਨੌਜਵਾਨਾਂ ਵਿੱਚੋਂ ਸ. ਇੰਦਰਜੀਤ ਸਿੰਘ ਜੀ, ਸ. ਜਸਪਾਲ ਸਿੰਘ ਜੀ, ਸ. ਦਵਿੰਦਰ ਸਿੰਘ ਜੀ, ਸ. ਪ੍ਰਤਿਪਾਲ ਸਿੰਘ ਜੀ, ਸ. ਜੋਗਿੰਦਰ ਸਿੰਘ ਜੀ, ਸ. ਮਨਮੋਹਨ ਸਿੰਘ ਜੀ, ਸ. ਮਹਿੰਦਰਜੀਤ ਸਿੰਘ ਜੀ, ਭੈਣਾਂ ਵਿੱਚੋਂ ਭੈਣ ਅਜੀਤ ਕੌਰ ਜੀ, ਭੈਣ ਜੋਗਿੰਦਰ ਕੌਰ ਜੀ, ਭੈਣ ਤੇਜ ਕੌਰ ਜੀ, ਭੈਣ ਸੁਰਜੀਤ ਕੌਰ ਜੀ, ਭੈਣ ਰਮਨਜੀਤ ਕੌਰ ਜੀ, ਭੈਣ ਜਸਪਾਲ ਕੌਰ ਜੀ ਆਦਿ। ਇੱਥੇ ਇੱਕ ਮਿਸ਼ਨਰੀ ਪਰਿਵਾਰ ਦਾ ਪ੍ਰਫੁਲਿਤ ਬੂਟਾ ਸੁਗੰਧ ਵੰਡ ਰਿਹਾ ਸੀ। ਇਸ ਬੂਟੇ ਨੂੰ ਲਾਇਆ ਸੀ ਗਿਆਨੀ ਜੀਤ ਸਿੰਘ ਜੀ ਨੇ। ਕਮਾਲ ਦਾ ਕਾਫ਼ਲਾ ਸੀ ਜੋ ਗੁਰਮਤਿ ਸਿਧਾਂਤਾਂ ਪ੍ਰਤੀ ਬੜਾ ਹੀ ਸਜਗ (ਤਿਆਰ ਬਰ ਤਿਆਰ) ਹੋ ਪਹਿਰੇਦਾਰੀ ਕਰਦਾ ਸੀ। ਖ਼ਾਸ ਤੌਰ ’ਤੇ ਆਪਣੀ ਅਗਲੀ ਪੀੜੀ ਨੂੰ ਗੁਰਮਤਿ ਨਾਲ ਜੋੜਨ ਲਈ ਬੁੱਧਵਾਰ ਅਤੇ ਸਨਿੱਚਰਵਾਰ ਹਫ਼ਤਾਵਾਰੀ ਦੋ ਸਮਾਗਮ ਘਰੋਂ ਘਰੀ ਕਰਦੇ ਸਨ। ਇਸ ਭੱਜ ਨੱਠ ਵਾਲ਼ੇ ਸ਼ਹਿਰ ਵਿੱਚ ਜਿਸ ਨੂੰ ਮਾਇਆ ਨਗਰੀ ਵੀ ਆਖਿਆ ਜਾਂਦਾ ਸੀ, ਵਿੱਚ ਐਸਾ ਗੁਰਮਤਿ ਸਿਧਾਂਤਾਂ ਲਈ ਉਦਮ ਕੱਲਰ ਵਿੱਚ ਕਵਲ ਫੁੱਲ ਉਗਾਉਣਾ ਸੀ। ਭਾਵੇਂ ਦਾਸ ਲਈ ਹਾਲ ਦੀ ਘੜੀ ਬੜਾ ਅਜਨਬੀ ਜਿਹਾ ਸ਼ਹਿਰ ਅਤੇ ਅਜਨਬੀ ਹੀ ਮਾਹੌਲ ਸੀ ਮਗਰ ਇਸ ਮਿਸ਼ਨਰੀ ਕਾਫ਼ਲੇ ਨੇ ਇਸ ਨੂੰ ਅਪਣੱਤ ਦੀ ਮਿਠਾਸ ਨਾਲ ਅਤਿ ਰਸਦਾਇਕ ਬਣਾ ਕੇ ਦਾਸ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈ ਲਿਆ।

ਰੱਬੀ ਲਿਖੇ ਅੰਨ ਜਲ ਕਰਕੇ ਜਦੋਂ ਇਸ ਸਥਾਨ ਦੀ ਸੇਵਾ ਮਿਲ ਗਈ ਤਾਂ ਇਸ ਕਾਫ਼ਲੇ ਨੂੰ ਦਾਸ ਨੇ ਆਪਣਾ ਸਭ ਕੁਝ ਮੰਨ ਲਿਆ। ਸਾਹਾਂ ਨਾਲ ਸਾਹ ਲੈ ਕੇ ਜਿਊਣ ਦਾ ਇਕ ਨਵਾਂ ਹੀ ਰਸ ਭਰਿਆ ਮਾਹੌਲ ਦਾਸ ਦੀ ਝੋਲ਼ੀ ਪਿਆ। ਇਸ ਗੁਰੂ ਘਰ ਵਿਖੇ ਤਿੰਨ ਚਾਰ ਦਿਨ ਗੁਰਬਾਣੀ ਸੰਥਿਆ ਦੀ ਜਮਾਤ ਲੱਗਦੀ ਸੀ, ਜੋ ਸ. ਹਰਮੰਦਰ ਸਿੰਘ ਜੀ, ਸ. ਹਿੰਮਤ ਸਿੰਘ ਜੀ, ਭੈਣ ਅਜੀਤ ਕੌਰ ਜੀ, ਸ. ਜੋਗਿੰਦਰ ਸਿੰਘ ਜੀ, ਭੈਣ ਜਸਪਾਲ ਕੌਰ ਜੀ, ਸ. ਇੰਦਰਜੀਤ ਸਿੰਘ ਜੀ, ਸ. ਜਸਪਾਲ ਸਿੰਘ ਜੀ, ਸ. ਦਵਿੰਦਰ ਸਿੰਘ ਜੀ, ਸ. ਪ੍ਰਤਿਪਾਲ ਸਿੰਘ ਜੀ, ਸ. ਮਹਿੰਦਰਜੀਤ ਸਿੰਘ ਜੀ ਆਦਿ ਮਿਲ ਕੇ ਲਾਉਂਦੇ ਸਨ। ਦਾਸ ਲਈ ਵੀ ਇਹ ਸਕੂਲ ਸੀ ਜਿੱਥੋਂ ਸਿੱਖਣਾ ਚੰਗਾ ਲੱਗਦਾ ਸੀ। ਕੁੱਝ ਅਰਸੇ ਦੇ ਬਾਅਦ ਦਾਸ ਨੂੰ ਭਾਵੇਂ ਇਸ ਸੇਵਾ ਤੋਂ ਛੁੱਟੀ ਲੈਣੀ ਪਈ ਮਗਰ ਮੁੰਬਈ ਨਾ ਛੱਡੀ ਜਾ ਸਕੀ। ਮਹੀਨਾ ਮਹੀਨਾ, ਦੋ ਦੋ ਮਹੀਨੇ ਜਾਂ ਕਦੀ ਤਿੰਨ ਤਿੰਨ ਮਹੀਨੇ ਇਸੇ ਸ਼ਹਿਰ ਅੰਦਰ ਜ਼ਰੂਰ ਰਹਿਣਾ। ਗੁਰਮਤਿ ਸਮਾਗਮ ਚੱਲਦੇ ਰਹਿਣੇ। ਇਸ ਮਿਸ਼ਨਰੀ ਪਰਿਵਾਰ ਨੇ ਜਿਨ੍ਹਾਂ ਵਿੱਚ ਸ. ਜਸਪਾਲ ਸਿੰਘ ਜੀ ਬੜੇ ਸਰਗਰਮ ਰੂਪ ਵਿੱਚ ਸੇਵਾ ਨਿਭਾਉਂਦੇ ਰਹੇ, ਇਨ੍ਹਾਂ ਅੰਦਰ ਦੇਖਿਆ ਕਿ ਸਿੱਖਣ ਦੀ ਸਦਾ ਲਗਨ ਬੜੀ ਸੀ। ਗੁਰਬਾਣੀ ਅਰਥ ਵਿਧੀ ਭਾਵ ਗੁਰਬਾਣੀ ਵਿਆਕਰਣ ਵੱਲ ਬਹੁਤ ਲਗਨ ਸੀ। ਧਾਰਮਿਕ ਸੰਸਕਾਰ ਖ਼ਾਨਦਾਨੀ ਵੀ ਇਨ੍ਹਾਂ ਕੋਲ਼ ਬਹੁਤ ਸਨ, ਜਿਸ ਕਰਕੇ ਲਗਨ ਆਏ ਦਿਨ ਅੱਗੇ ਵੱਲ ਤੁਰਦੀ ਰਹੀ। ਇਨ੍ਹਾਂ ਵੀਰਾਂ ਨੇ ਰਲ਼ ਕੇ ਇੱਕ ਦਵਾਖ਼ਾਨਾ ਵੀ ਮੁੰਬਈ ’ਚ ਸ. ਦਵਿੰਦਰ ਸਿੰਘ ਜੀ ਦੇ ਘਰ ਨੇੜੇ ਖੋਲ੍ਹਿਆ ਸੀ।

ਸ. ਜਸਪਾਲ ਸਿੰਘ ਜੀ ਅੰਦਰ ਗੁਰਮਤਿ ਸਿੱਖਿਆ ਅਗਲੀਆਂ ਪੀੜੀਆਂ ਵਿੱਚ ਵੰਡਣ ਦੀ ਵੱਡੀ ਲਗਨ ਰਹੀ ਹੈ। ਮੁੰਬਈ ਵਿਖੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਸ਼ਾਂਤਾ ਕਰੁਜ ਵਿਖੇ ਗੁਰਮਤਿ ਦੀ ਵਿਸ਼ੇਸ਼ ਸਿੱਖਿਆ ਦਾ ਪ੍ਰਬੰਧ ਇਨ੍ਹਾਂ ਵੱਲੋਂ ਕੀਤਾ ਹੋਇਆ ਸੀ। ਖ਼ਾਸ ਕਰਕੇ ਜਦੋਂ ਗਰਮੀ ਦੀਆਂ ਛੁੱਟੀਆਂ ਆਉਣੀਆਂ ਤਾਂ ਗੁਰਮਤਿ ਦੀਆਂ ਸਿਖਲਾਈ ਜਮਾਤਾਂ ਦਾ ਘੇਰਾ ਨਵੀਂ ਪੁਰਾਣੀ ਮੁੰਬਈ, ਨਾਸਿਕ, ਪੂਨਾ ਆਦਿ ਤੱਕ ਵੀ ਵਧ ਜਾਂਦਾ ਸੀ। ਗੁਰਮਤਿ ਦੇ ਸਿੱਖਿਆ ਕੈਂਪ ਦੂਰ ਦੁਰਾਡੇ ਲਾਉਣ ਦਾ ਉਦਮ ਅਤਿ ਸਲਾਘਾਯੋਗ ਸੀ। ਸ. ਕੁਲਵੰਤ ਸਿੰਘ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਨਗਰ ਮੁੰਬਈ, ਇਸ ਜੱਥੇ ਨਾਲ ਬਹੁਤ ਹੀ ਮਜਬੂਤ ਧਿਰ ਬਣ ਕੇ ਜੁੜੇ ਹੋਏ ਸਨ। ਇਸ ਮਿਸ਼ਨਰੀ ਕਾਫ਼ਲੇ ਦੇ ਵੀਰਾਂ ਦੀ ਸੋਚ ਦਾ ਘੇਰਾ ਬੜਾ ਖੁੱਲ੍ਹਦਿਲੀ ਵਾਲ਼ਾ ਭਾਵ ਖ਼ਿਆਲੀ ਉਡਾਰੀ ਵਿਸ਼ਵ ਭਾਈਚਾਰੇ ਨੂੰ ਕਲਾਵੇ ਵਿੱਚ ਲੈਣ ਵਾਲ਼ੀ ਸੀ। ਸ. ਜਸਪਾਲ ਸਿੰਘ; ਗੁਰਮਤਿ ਜਮਾਤਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਖਾਕਾ ਉਮਰ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਲਿਖਦੇ, ਤਿਆਰ ਕਰਦੇ ਅਤੇ ਛਪਾਉਂਦੇ। ਪ੍ਰਬੰਧਕ ਦੇ ਤੌਰ ’ਤੇ ਸ. ਜਸਪਾਲ ਸਿੰਘ ਜੀ ਬਾਕਮਾਲ ਪ੍ਰਬੰਧਕ ਦੇਖੇ ਗਏ। ਸਹਿਯੋਗੀ ਇੰਨੇ ਵੱਡੇ ਕਿ ਕਿਸੇ ਵੀ ਕੰਮ ਲਈ ਨਾਲ ਖਲ੍ਹੋ ਕੇ ਪੂਰੇ ਨਿਭਦੇ। ਦਿਨ ਰਾਤ ਦੀ ਲਗਨ ਸੀ ਇਨ੍ਹਾਂ ਅੰਦਰ। ਇਹ ਨਿਰਮੋਲਕ ਉਹ ਹੀਰੇ ਹੋਏ ਹਨ, ਜੋ ਕਿਰਤ ਕਰਦਿਆਂ ਨਾਮ ਜਪਣ ਦੇ ਅਸਲੀ ਅਮਲ ਨੂੰ ਰੂਹ ਦੇ ਤਲ ’ਤੇ ਜਿਊਂਦੇ ਸਨ। ਬੋਲ ਚਾਲ ਵਿੱਚ ਨਿਮਰਤਾ ਮਿਠਾਸ ਹਲੇਮੀ ਨੱਕੋ ਨੱਕ ਭਰਪੂਰ ਹੀ ਦੇਖੀ ਹੈ। ਏਨਾ ਲੰਬਾ ਸਮਾਂ ਨੇੜੇ ਰਹਿਣ ਦਾ ਮੌਕਾ ਮਿਲਿਆ, ਕਦੀਂ ਕੌੜਾ ਬੋਲਦੇ ਨਹੀਂ ਸੁਣੇ। ਕਿਰਤ ਖੇਤਰ ਦੇ ਸਿਰੜੀ ਇਮਾਨਦਾਰ ਕਿਰਤੀ ਹੋਏ। ਮੁੰਬਈ ਤੋਂ ਪੰਜਾਬ ਆ ਕੇ ਵੀ ਪਹਿਲਾਂ ਇਨ੍ਹਾਂ ਨੇ ਦਵਾਈਆਂ ਦਾ ਕਾਰਖ਼ਾਨਾ ਰੋਪੜ ਤੋਂ ਕੁਰਾਲੀ ਸੜਕ ’ਤੇ ਕੁਰਾਲੀ ਨੇੜੇ ਨਦੀ ਕੰਢੇ ’ਤੇ ਲਾਇਆ। ਦਾਸ ਓਥੇ ਵੀ ਇੱਕ ਦੋ ਵਾਰ ਜਾ ਮਿਲ ਕੇ ਆਇਆ। ਇੱਕ ਵਾਰ ਸੁਆਰਥ ਲਈ ਵੀ ਮਿਲਿਆ। ਛੋਟੇ ਭਰਾ ਸ. ਤ੍ਰਲੋਚਨ ਸਿੰਘ ਜੀ ਨੇ ਬੀ.ਐਸ.ਸੀ. ਕੀਤੀ ਸੀ। ਉਸ ਨੂੰ ਇਨ੍ਹਾਂ ਪਾਸ ਨੌਕਰੀ ’ਤੇ ਲਵਾਇਆ। ਇਨ੍ਹਾਂ ਤੋਂ ਸਿੱਖ ਕੇ ਅੱਜ ਉਹ ਅੱਗੇ ਤੋਂ ਅੱਗੇ ਕੰਮ ਕਰਦਾ ਡੁਬਈ ਪੁੱਜ ਗਿਆ ਹੈ।

ਸ. ਜਸਪਾਲ ਸਿੰਘ ਜੀ ਸਭ ਦੇ ਸਹਿਯੋਗੀ ਬਣ ਕੇ ਸੇਵਾ ਕਰਨ ਨੂੰ ਪਹਿਲ ਦੇਂਦੇ ਰਹੇ ਸਨ। ਉਨ੍ਹਾਂ ਅੰਦਰ ਤਿਆਗ ਦੀ ਭਾਵਨਾ ਬੜੀ ਸੀ। ਕਿਸੇ ਦੀ ਮਦਦ ਕਰਨੀ ਹੈ ਤਾਂ ਮਦਦ ਤੋਂ ਮੂੰਹ ਨਹੀਂ ਮੋੜਦੇ ਸਨ ਬਲਕਿ ਸੇਵਾ ਦੀ ਜੁਗਤਿ ਤਿਆਰ ਕਰਕੇ ਸਭ ਨੂੰ ਹਿੱਸੇਦਾਰੀ ਪਾਉਣ ਲਈ ਆਖਦੇ ਸਨ।

ਆਪ ਜੀ ਦਾ ਘਰ ਬਾਂਦਰਾ ਵਿਖੇ ਪੈਂਦਾ ਸੀ ਖਾਰ ਪਾਲੀ ਸੜਕ ’ਤੇ ‘ਡਨ ਹਿਲ’ ਇਮਾਰਤ। ਦਾਸ ਨੂੰ ਘਰ ਵਿਖੇ ਕਈ ਕਈ ਦਿਨ ਰੁਕਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਭੈਣ ਹਰਿੰਦਰ ਕੌਰ ਜੀ ਸੇਵਾ ਕਰਨ ਵਾਸਤੇ ਹਮੇਸ਼ਾਂ ਤੱਤਪਰ ਰਹਿੰਦੇ ਸਨ। ਹੋਰ ਵੀ ਗੁਣੀ ਗਿਆਨੀ ਇੱਥੇ ਆ ਕੇ ਰੁਕਦੇ ਰਹੇ ਹਨ। ਸੇਵਾ ਬੜੀ ਖਿੜੇ ਮੱਥੇ ਹੁੰਦੀ ਸੀ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨਾਲ ਜੁੜੇ ਸਾਰੇ ਕਾਫ਼ਲੇ ਨੇ ਸ. ਜਸਪਾਲ ਸਿੰਘ ਜੀ ਨੂੰ ਇੱਕ ਨੁਮਾਇੰਦੇ ਦੇ ਤੌਰ ’ਤੇ ਪ੍ਰਬੰਧਕੀ ਜ਼ਿੰਮੇਵਾਰ ਥਾਪਿਆ ਸੀ। ਇਸ ਕੌਮੀ ਸੰਸਥਾ ਦੀ ਨੁਹਾਰ ਬਦਲਣ ਵਿੱਚ ਗੁਰਮਤਿ ਵਿੱਦਿਆ ਦੇ ਉੱਚੇ ਮਿਆਰ ਵਿੱਚ ਸ. ਜਸਪਾਲ ਸਿੰਘ ਜੀ ਦਾ ਮਾਣ ਕਰਨਯੋਗ ਹਿੱਸਾ ਰਿਹਾ ਹੈ। ਲੁਧਿਆਣੇ ਆ ਵੱਸਣ ਤੋਂ ਬਾਅਦ ਇਨ੍ਹਾਂ ਨੇ ਇਸ ਸੰਸਥਾ ਲਈ ਜੋ ਕੰਮ ਕੀਤਾ, ਉਹ ਵਿਆਖਿਆ ਤੋਂ ਪਰੇ ਹੈ; ਜਿਵੇਂ ਕਿ ਇਸ ਲੇਖ ਦੇ ਸਿਰਲੇਖ ਤੋਂ ਹੀ ਇਹ ਸਮਝ ਬਣਾ ਚੁੱਕੇ ਹੋਵੋਗੇ ਕਿ ਵੀਰ ਜਸਪਾਲ ਸਿੰਘ ਜੀ ਨਿਰਮੋਲਕ ਹੀਰਾ ਸਨ। ਇਹ ਕੋਈ ਅਤਿ ਕਥਨੀ ਨਹੀਂ ਹੈ। ਗੁਰੂਕਿਓ ! ਹਕੀਕਤ ਹੈ। ਉਨ੍ਹਾਂ ਦਾ ਸੰਗ ਜਿਸ ਵੀਰ, ਭੈਣ ਨੇ ਗੁਰਮਤਿ ਸਾਂਝ ਪੱਖੋਂ ਮਾਣਿਆ ਹੈ ਉਹ ਸਭ ਦਾਸ ਨਾਲ ਸਹਿਮਤ ਹੋਣਗੇ ਕਿ ਉਹ ਸਭ ਦੇ ਸਾਂਝੇ ਸਨ। ਸਾਰੇ ਆਪਣੇ ਨਾਲ ਉਨ੍ਹਾਂ ਨੂੰ ਵਧੇਰੇ ਨੇੜਿਓਂ ਸਮਝਣ ਦਾ ਮਾਣ ਮਾਣਦੇ ਰਹੇ ਹਨ। ਉਨ੍ਹਾਂ ਲਈ ਸਾਰੀਆਂ ਸੰਸਥਾ ਗੁਰੂ ਪੰਥ ਦੀਆਂ ਸੰਸਥਾਵਾਂ ਸਨ। ਕਿਸੇ ਪ੍ਰਤੀ ਕਦੀ ਮਨ ਅੰਦਰ ਨਫ਼ਰਤ ਜਾਂ ਘਿਰਣਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰੂ ਬਚਨ ‘‘ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ’’ (ਮਹਲਾ /੬੭੧) ਵਾਙ ਉਹ ਸਭ ਦੇ ਹਰਮਨ ਪਿਆਰੇ, ਸਤਿਕਾਰੇ ਹੋ ਕੇ ਰੱਜਵਾਂ ਪਿਆਰ ਵੰਡਦੇ ਰਹੇ।

ਪਿਛਲੇ ਵਰ੍ਹੇ ਜਦੋਂ ਪੰਥਕ ਤਾਲਮੇਲ ਸੰਗਠਨ ਨੇ ਪੰਥਕ ਅਸੈਂਬਲੀ ਕਰਨ ਦਾ ਫ਼ੈਸਲਾ ਕੀਤਾ ਤਾਂ ਲੁਧਿਆਣੇ ਸ਼ਹਿਰ ਅੰਦਰ ਸ. ਜਸਪਾਲ ਸਿੰਘ ਜੀ ਨੇ ਸਰਗਰਮ ਰੂਪ ਵਿੱਚ ਬੜੀਆਂ ਇਕੱਤਰਤਾਵਾਂ ਲਈ ਹਾਜ਼ਰੀ ਭਰੀ। ਕੀਮਤੀ ਸੁਝਾਅ ਦਿੱਤੇ। ਪ੍ਰਚਾਰਕਾਂ ਦਾ ਮਿਆਰ ਉੱਚਾ ਚੁੱਕਣ ਲਈ ਬੜੇ ਹੀ ਫ਼ਿਕਰਮੰਦ ਰਹੇ। ਸੁਧਾਰ ਲਈ ਐਸੀ ਲਗਨ ਸੀ ਕਿ ਕੋਲ਼ ਬੈਠ ਦਲੀਲ ਨਾਲ ਗੱਲ ਹਿਰਦੇ ਤੱਕ ਭੇਜ ਦੇਂਦੇ। ਇਨ੍ਹਾਂ ਦਿਨਾਂ ਅੰਦਰ ਸਿੱਖ ਕੌਮ ਦੇ ਵਿਹੜੇ ਵਿੱਚੋਂ ਬੜੇ ਮੁਦੱਬਿਰ ਸੱਜਣ (ਯੋਗ ਪ੍ਰਬੰਧਕ) ਥੋੜ੍ਹੇ ਥੋੜ੍ਹੇ ਅਰਸੇ ਵਿੱਚ ਤੁਰ ਰਹੇ ਹਨ। ਕੁੱਝ ਕੁ ਸਮਾਂ ਪਹਿਲਾਂ ਸ. ਤਰਸੇਮ ਸਿੰਘ ਜੀ ਦਿੱਲੀ ਕੂਚ ਕਰ ਗਏ। ਪੰਥਕ ਹਲਕਿਆਂ ਅੰਦਰੋਂ ਇੱਕ ਜਾਗਰੂਪ ਪੰਥ ਦਰਦੀ ਤੁਰ ਗਿਆ। ਅਸੀਂ ਅਜੇ ਸੰਭਲੇ ਵੀ ਨਹੀਂ ਸਾਂ ਕਿ ਸਿੱਖ ਮਿਸ਼ਨਰੀ ਲਹਿਰ ਦੇ ਮਜ਼ਬੂਤ ਥੰਮ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਸਾਨੂੰ ਸਭ ਨੂੰ ਵਿਛੋੜਾ ਦੇ ਗਏ। ਮਿਸ਼ਨਰੀ ਲਹਿਰ ਦੇ ਵੀਰਾਂ ਅੰਦਰ ਇੱਕ ਭੁਚਾਲ ਜਿਹਾ ਆ ਗਿਆ। ਇਸ ਸੰਸਥਾ ਦਾ ਭਵਿੱਖ ਕੀ ਹੋਵੇਗਾ ? ਉਨ੍ਹਾਂ ਦੇ ਸੰਸਕਾਰ ਸਮੇਂ ਤੋਂ ਹੀ ਚਰਚਾ ਸ਼ੁਰੂ ਹੋ ਗਈ। ਸੰਸਥਾਵਾਂ ਤੋਂ ਬਾਹਰ ਬੈਠੇ ਪੰਥ ਦਰਦੀਆਂ ਅੰਦਰ ਇਹ ਪੀੜਾ ਬੜੀ ਪ੍ਰਬਲ ਸੀ। ਇਸੇ ਹੀ ਫ਼ਿਕਰ ਦੇ ਮਾਹੌਲ ਅੰਦਰ ਤੁਰਦਿਆਂ ਸ. ਜਰਨੈਲ ਸਿੰਘ ਜੀ ਪੱਤਰਕਾਰ ਦਿੱਲੀ ਦੇ ਤੁਰ ਜਾਣ ਦੀ ਖ਼ਬਰ ਨੇ ਬੁਰੀ ਤਰ੍ਹਾਂ ਹਲੂਣਿਆ। ਜਦੋਂ ਵੀਰ ਜਸਪਾਲ ਸਿੰਘ ਜੀ ਬਾਰੇ ਸਮਾਜਿਕ ਪ੍ਰਸਾਰ ਸਾਧਨ (ਸੋਸ਼ਲ ਮੀਡੀਆ) ’ਤੇ ਖ਼ਬਰ ਪੜ੍ਹੀ, ਸੱਚ ਜਾਣਿਓਂ ਦਾਸ ਇਸ ਸੂਚਨਾ ’ਤੇ ਯਕੀਨ ਨਹੀਂ ਕਰ ਸਕਿਆ। ਜਦੋਂ ਹਕੀਕਤ ਜਾਣਨ ਲਈ ਸ. ਅਮਰਜੀਤ ਸਿੰਘ ਜੀ ਤੇ ਰਾਣਾ ਇੰਦਰਜੀਤ ਸਿੰਘ ਜੀ ਨਾਲ ਵਾਰੋ ਵਾਰੀ ਸੰਪਰਕ ਕੀਤਾ ਤਾਂ ਇਹ ਵੀਰ ਬੇਸੁਧ ਜਿਹੇ ਮਿਲੇ; ਜਿਵੇਂ ਟੁੱਟ ਗਏ ਹੋਣ। ਇਹ ਜੋ ਹੋ ਰਿਹਾ ਹੈ ਇਉਂ ਜਾਪਦਾ ਹੈ ਕਿ ਗੁਰਸਿੱਖੀ ਬਾਗ਼ ਦੇ ਅਤਿ ਸੁੰਦਰ ਫੁੱਲ ਡਿੱਗਦੇ ਜਾ ਰਹੇ ਹਨ। ਕਦੀ ਇਨ੍ਹਾਂ ਵੀਰਾਂ ਨੂੰ ਕਮਜ਼ੋਰ ਦਿਲ ਨਹੀਂ ਦੇਖਿਆ ਮਗਰ ਅੱਜ ਇਹ ਭੁੱਬਾਂ ਮਾਰ ਕੇ ਰੋ ਰਹੇ ਹਨ। ਬਹੁਤ ਹੀ ਫ਼ਿਕਰਮੰਦੀ ਦੇ ਅੱਥਰੂ ਸਨ। ਇਨ੍ਹਾਂ ਦੀਆਂ ਭੁੱਬਾਂ ਤੋਂ ਮਹਿਸੂਸ ਹੁੰਦਾ ਹੈ ਕਿ ਕੌਮ ਦੇ ਕੋਲ਼ ਕੌਮ ਪ੍ਰਸਤ ਸੇਵਾਦਾਰ ਬਹੁਤ ਸੀਮਤ ਹਨ। ਇਹ ਵਾਰੀ ਵਾਰੀ ਯੱਕ ਦਮ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸੰਸਾਰ ਤੋਂ ਵਿਦਾ ਹੋ ਗਏ ਹਨ। ਪੰਥ ਦਰਦੀਆਂ ਨੂੰ ਚਿੰਤਾਤੁਰ ਹੋਣਾ ਸੁਭਾਵਕ ਹੈ। ਇੰਨੀ ਕਾਬਲੀਅਤ ਵਾਲ਼ੇ ਕੌਮੀ ਵਿਦਵਾਨ ਨਿਰੰਤਰ ਤਿਆਰ ਕਰਨ ’ਚ ਅਸੀਂ ਬੁਰੀ ਤਰ੍ਹਾਂ ਪਛੜੇ ਹੋਏ ਹਾਂ।

ਗਿਆਨੀ ਜਗਤਾਰ ਸਿੰਘ ਜੀ ਜਾਚਕ ਅਮਰੀਕਾ ਤੋਂ ਫੋਨ ਕਰਦੇ ਕਰਦੇ ਭਾਵਕ ਹੋ ਗਏ। ਕਹਿੰਦੇ ਖ਼ਾਲੀ ਹੋਈ ਜਾ ਰਹੀ ਹੈ ਕੌਮ ਦੀ ਝੋਲ਼ੀ ਕੌਮੀ ਵਿਦਵਾਨਾਂ ਪੱਖੋਂ। ਕਿਵੇਂ ਪੂਰਾ ਹੋਵੇਗਾ ਇਹ ਖਲਾਅ ਉਨ੍ਹਾਂ ਦੀ ਇਹ ਅਵਸਥਾ ਸੱਚੀਂ ਝੰਜੋੜ ਰਹੀ ਸੀ। ਹਾਲਤ ਇਹ ਹੈ ਕਿ ਦੁੱਖ ਪੀੜਾ ਕੀਹਦੇ ਅੱਗੇ ਰੋਈਏ। ਇਸ ਪਾਸੇ ਤੋਂ ਤਾਂ ਧਿਆਨ ਕੌਮੀ ਪ੍ਰਬੰਧਕੀ ਸੰਸਥਾਵਾਂ ਨੇ ਹੀ ਹਟਾ ਲਿਆ ਹੈ। ਹੋਰ ਹੋਰ ਸਵਾਰਥ ਲੈ ਕੇ ਤੁਰਨਾ ਸ਼ੁਰੂ ਕਰ ਲਿਆ ਹੈ। ਦਾਸਰਾ ਜਦੋਂ ਕੌਮ ਦੇ ਨਿਰਮੋਲਕ ਹੀਰੇ ਭਾਈ ਜਸਪਾਲ ਸਿੰਘ ਜੀ ਬਾਰੇ ਇਹ ਅੱਖਰ ਲਿਖ ਰਿਹਾ ਸੀ ਤਾਂ ਅੱਜ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਦਾ ਫ਼ੋਨ ਆਇਆ ਉਨ੍ਹਾਂ ਦੇ ਮੂੰਹੋਂ ਵੀ ਇਹੀ ਸ਼ਬਦ ਹੀਰੇ ਤੁਰ ਰਹੇ ਨੇ। ਨਵੇਂ ਪੈਦਾ ਨਹੀਂ ਹੋ ਰਹੇ। ਜੋ ਮਾੜੇ ਮੋਟੇ ਹਨ ਉਹ ਬੜੇ ਛੋਟੇ ਨੇ ਤੇ ਬਹੁਤ ਪਿੱਛੇ ਹਨ, ਸੁਣਨ ਨੂੰ ਮਿਲੇ।

ਵੀਰ ਜਸਪਾਲ ਸਿੰਘ ਜੀ ਦੀ ਤੁਰ ਜਾਣ ਵਾਲ਼ੀ ਪੀੜਾ ਭਰੀ ਖ਼ਬਰ ਦੇ ਨਾਲ ਨਾਲ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਬਾਰੇ ਜਾਣਕਾਰੀ ਆਉਣੀ ਸ਼ੁਰੂ ਹੋ ਗਈ। ਚੰਦ ਰੋਜ਼ ਪਹਿਲਾਂ ਉਨ੍ਹਾਂ ਨਾਲ ਇੱਕ ਕੌਮੀ ਮੁੱਦੇ ’ਤੇ ਗੱਲ ਬਾਤ ਕਰਨ ਲਈ ਦੋ ਤਿੰਨ ਵਾਰ ਸੰਪਰਕ ਕੀਤਾ। ਉਨ੍ਹਾਂ ਦੀ ਪਤਨੀ ਅਤੇ ਸਹਾਇਕ ਨਾਲ ਤਾਂ ਗੱਲ ਹੋ ਸਕੀ ਮਗਰ ਗਿਆਨੀ ਵੇਦਾਂਤੀ ਜੀ ਨਾਲ ਨਾ ਹੋ ਸਕੀ। ਵੇਦਾਂਤੀ ਜੀ ਬਾਰੇ ਵੱਖਰਾ ਲਿਖਾਂਗਾ। ਇੱਥੇ ਤਾਂ ਇਹ ਦੱਸਣਾ ਕਾਫ਼ੀ ਹੈ ਕਿ ਗਿਆਨੀ ਵੇਦਾਂਤੀ; ਜੱਥਾ ਭਿੰਡਰਾ ਦੇ ਵਿਦਿਆਰਥੀ ਹੁੰਦਿਆਂ ਪੰਖਕ ਜਾਬਤੇ ਦੇ ਜਾਣਕਾਰ ਹੋਏ। ਸਿੱਖ ਰਹਿਤ ਮਰਿਆਦਾ ਨੂੰ ਸਮਝਦੇ ਵੀ ਸਨ ਅਤੇ ਨਿਭਾਉਣ ਦਾ ਯਤਨ ਵੀ ਕਰਦੇ ਸਨ। ਗਿਆਨੀ ਮੇਵਾ ਸਿੰਘ ਜੀ ਤੋਂ ਬਾਅਦ ਗਿਆਨੀ ਵੇਦਾਂਤੀ ਜੀ ਸਨ, ਜੋ ਗੁਰਬਾਣੀ ਵਿਆਕਰਣ, ਪਾਠ ਭੇਦਾਂ ਬਾਰੇ ਮਹੱਤਵ ਪੂਰਨ ਗਿਆਨ ਰੱਖਦੇ ਸਨ। ਮਿਸ਼ਨਰੀ ਸਿਧਾਂਤ ਨੂੰ ਸਮਝਦੇ ਵੀ ਸਨ। ਕਦਰਦਾਨ ਵੀ ਸਨ। ਸੰਪਰਦਾਈਆਂ ਵਿਚਕਾਰ ਕੜੀ ਦਾ ਕੰਮ ਕਰਦੇ ਸਨ।

ਵੀਰ ਜਸਪਾਲ ਸਿੰਘ ਜੀ ਦੀ ਗੱਲ ਕਰਦਿਆਂ ਖ਼ਿਆਲ ਆ ਰਿਹਾ ਹੈ, ਅਜੇ ਇਹ ਤੁਫ਼ਾਨ ਜਾਰੀ ਹੈ। ਪਤਾ ਨਹੀਂ ਸਾਡੇ ਵਿੱਚੋਂ ਹੋਰ ਕਿੰਨਿਆਂ ਨੇ ਆਏ ਸੱਦੇ ਅਨੁਸਾਰ ਤੁਰ ਜਾਣਾ ਹੈ। ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਕਰਨ ਦੀ ਲੋੜ ਹੈ ਨਵੀਂ ਪੀੜੀ ਨੂੰ ਹੌਂਸਲਾ ਵੀ ਮਿਲੇ। ਪਹਿਲਿਆਂ ਵਾਲ਼ੀ ਲਗਨ, ਹਿੰਮਤ ਤੇ ਗਿਆਨ ਦੇ ਵਾਰਸ ਵੀ ਬਣਨ। ਇਸ ਲਈ ਸਿਰ ਜੋੜਨ ਦੀ ਵੱਡੀ ਲੋੜ ਹੈ। ਸਭ ਤੋਂ ਪਹਿਲਾਂ ਬਿਨਾਂ ਵਕਤ ਗਵਾਇਆਂ ਮਿਸ਼ਨਰੀ ਸੰਸਥਾਵਾਂ ਦੇ ਦੋ ਦੋ, ਚਾਰ ਚਾਰ ਮੁੱਖੀ, ਕੇਂਦਰੀ ਸਿੰਘ ਸਭਾ, ਅਕਾਲ ਪੁਰਖ ਕੀ ਫ਼ੌਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਹੋਰ ਹਮ ਖ਼ਿਆਲੀ ਮਿਲ ਕੇ ਬੈਠੀਏ। ਇੱਕ ਦਿਨ ਲੱਗੇ ਜਾਂ ਦੋ ਦਿਨ। ਸਾਰੇ ਪੱਖਾਂ ’ਤੇ ਚਰਚਾ ਕਰਕੇ ਪੈਦਾ ਹੋ ਰਹੇ ਪੰਥਕ ਵਿਦਵਾਨਾਂ ਦੇ ਖਲਾਅ ਦੀ ਪੂਰਤੀ ਲਈ ਹੱਲ ਤਲਾਸ਼ ਕਰਕੇ ਉਠੀਏ ਅਤੇ ਬਿਨਾਂ ਵਕਤ ਗਵਾਇਆਂ ਇਸ ’ਤੇ ਅਮਲ ਕਰੀਏ।

ਸ. ਜਸਵਿੰਦਰ ਸਿੰਘ ਜੀ ਐਡਵੋਕੇਟ ਅੰਮ੍ਰਿਤਸਰ ਇਸ ਵਰਤਮਾਨ ਹਾਲਾਤਾਂ ਤੋਂ ਬਹੁਤ ਹੀ ਫ਼ਿਕਰਮੰਦ ਹਨ। ਸਿੱਖ ਵਿਦਵਾਨਾਂ ਦੀ ਕੌਮ ਨੂੰ ਲੋੜ ਸਾਹਮਣੇ ਰੱਖ ਕੇ ਬਹੁਤ ਕੁੱਝ ਸੋਚਦੇ ਅਤੇ ਕਰਨ ਦੀ ਇੱਛਾ ਰੱਖਦੇ ਹਨ। ਉਦਾਸ ਨਹੀਂ ਹੋਣਾ। ਹੁਕਮੀ ਦਾ ਹੁਕਮ ਮੰਨ ਕੇ ਕੌਮੀ ਫ਼ਰਜ਼ਾਂ ਲਈ ਵੀਰ ਜਸਪਾਲ ਸਿੰਘ ਜੀ ਵਾਙ ਲੱਕ ਬੰਨ੍ਹ ਕੇ ਕੰਮ ਕਰਨਾ, ਸਾਡਾ ਨਿਸ਼ਾਨਾ ਬਣਿਆ ਰਹੇ।

ਭੁੱਲਾਂ ਦੀ ਮੁਆਫ਼ੀ ਮੰਗਦਾ ਹੋਇਆ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ)