ਸਿੱਖ ਜਗਤ ਦਾ ਤਾਨਸੇਨ ‘ਸੀ ਪਦਮ’ ਸ੍ਰੀ ਭਾਈ ਨਿਰਮਲ ਸਿੰਘ ‘ਖ਼ਾਲਸਾ’- ਜਗਤਾਰ ਸਿੰਘ ਜਾਚਕ ਲੁਧਿਆਣਾ
2 ਅਪ੍ਰੈਲ (ਮਨਜੀਤ ਸਿੰਘ) ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਕੀਰਤਨੀਏ ਭਾਈ ਨਿਰਮਲ ਸਿੰਘ ‘ਖ਼ਾਲਸਾ’ ਸੰਗੀਤਕ ਪੱਖੋਂ ਸਿੱਖ ਜਗਤ ਦੇ ‘ਤਾਨਸੇਨ’ ਮੰਨੇ ਜਾਂਦੇ ਸਨ, ਜਿਨ੍ਹਾਂ ਦਾ ਅਕਾਲ ਚਲਾਣਾ ਗੁਰਬਾਣੀ ਸੰਗੀਤ ਦੇ ਖੇਤਰ ਵਿੱਚ ਸਦਾ ਹੀ ਇੱਕ ਵੱਡੀ ਘਾਟ ਵਜੋਂ ਰੜਕਦਾ ਰਹੇਗਾ । ਉਹ ਸਿੱਖ ਪੰਥ ਦੇ ਪਹਿਲੇ ਕੀਰਤਨੀਏ ਸਨ, ਜਿਨ੍ਹਾਂ ਨੂੰ ਗੁਰਬਾਣੀ ਸੰਗੀਤ ਦੀਆਂ ਪ੍ਰਾਪਤੀਆਂ ਤੇ ਸੇਵਾਵਾਂ ਕਾਰਨ ਭਾਰਤ ਸਰਕਾਰ ਦਾ ਸਭ ਤੋਂ ਉੱਚਾ ਸਨਮਾਨ ‘ ਪਦਮ ਸ੍ਰੀ’ ਪ੍ਰਾਪਤ ਹੋਇਆ । ਗਿ. ਜਗਤਾਰ ਸਿੰਘ ਜਾਚਕ ਨੇ ਉਪਰੋਕਤ ਵੀਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਭਾਈ ਸਾਹਿਬ ਨੇ ਸੰਨ 1974 ਤੋਂ 1976 ਤਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਪ੍ਰੋ. ਅਵਤਾਰ ਸਿੰਘ ‘ਨਾਜ਼’ ਪਾਸੋਂ ਗੁਰਬਾਣੀ ਸੰਗੀਤ ਦੀ ਵਿਦਿਆ ਹਾਸਲ ਕੀਤੀ ਤੇ ਫਿਰ ਕੁਝ ਸਮਾਂ ਉਥੇ ਹੀ ਅਧਿਆਪਕ ਵੀ ਰਹੇ । ਹਮ-ਜਮਾਤੀ ਗਿ. ਜਾਚਕ ਮੁਤਾਬਕ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਭਾਈ ਨਿਰਮਲ ਸਿੰਘ ਦੀ ਰਾਗ-ਵਿਦਿਆ ਦੇ ਅਭਿਆਸ ਦੀ ਲਗਨ ਅਤੇ ਕੀਰਤਨ-ਸ਼ੈਲੀ ਨੂੰ ਧਿਆਨ ਵਿੱਚ ਰੱਖ ਕੇ ਕਿਹਾ ਕਰਦੇ ਸਨ “ਇਹ ਸਾਡਾ ਤਾਨਸੇਨ ਹੈ” ।
ਭਾਈ ਸਾਹਿਬ ਇੱਕ ਵਧੀਆ ਲੇਖਕ ਵੀ ਸਨ, ਜਿਨ੍ਹਾਂ ਦੀਆਂ ਕਈ ਸੰਗੀਤਕ ਤੇ ਸੁਧਾਰਵਾਦੀ ਲਿਖਤਾਂ ਅਖਬਾਰਾਂ ਵਿੱਚ ਵੀ ਲੜੀਵਾਰ ਛਪਦੀਆਂ ਰਹੀਆਂ, ਜਿਨ੍ਹਾਂ ਨੇ ਪਿਛੋਂ ਪੁਸਤਕਾਂ ਦਾ ਰੂਪ ਧਾਰਨ ਕੀਤਾ । ਕੀਰਤਨਕਾਰ ਸਿੱਖ ਬੀਬੀਆਂ ਛਾਪੀ ਸਿੰਘ ਬ੍ਰਦਰਜ਼ ਨੇ ਅਤੇ ਗੁਰਬਾਣੀ ਸੰਗੀਤ ਨਾਲ ਸਬੰਧਿਤ ਪੁਸਤਕ ਛਾਪੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ । ਉਹ ਸ੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨੀ ਜਥੇ ਹੋਣ ਦੀ ਵਕਾਲਤ ਵੀ ਕਰਦੇ ਰਹੇ ਅਤੇ ਸਿੱਖ ਸੰਪਰਦਾਵਾਂ ਅੰਦਰ ਫੈਲੀ ਊਚ-ਨੀਚ ਵਾਲੀ ਬਿਪਰਵਾਦੀ ਸੋਚ ਦੀ ਵੀ ਜ਼ੋਰਦਾਰ ਖ਼ਿਲਾਵਤ ਵੀ ਕਰਦੇ ਰਹੇ । ਉਹ ਦੁਖੀ ਸਨ ਕਿ ‘ਜਾਣਹੁ ਜੋਤਿ ਨ ਪੂਛਹੁ ਜਾਤੀ’ ਦਾ ਨਾਰ੍ਹਾ ਬੁਲੰਦ ਕਰਨ ਵਾਲੀ ਸਿੱਖ ਕੌਮ ਅੰਦਰੋਂ ਅਜੇ ਤਕ ਜਾਤ-ਪਾਤ ਦੀ ਬ੍ਰਾਹਮਣੀ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੀ, ਜੋ ਇਕ ਤਰ੍ਹਾਂ ਨਾਲ ਸਿੱਖੀ ਸੋਚ ਨੂੰ ਕਲੰਕਿਤ ਕਰਨ ਵਾਲੀ ਹੈ ।
ਦੁੱਖ ਦੀ ਗੱਲ ਹੈ ਕਿ ਅਜਿਹਾ ਗੁਣੀ ਇਨਸਾਨ ਤੇ ਉੱਚ-ਕੋਟੀ ਦਾ ਸੰਗੀਤਕਾਰ ਅੱਜ ਸਾਡੇ ਵਿੱਚ ਨਹੀਂ ਰਿਹਾ । ਉਨ੍ਹਾਂ ਦੇ ਦੁਖਦਾਈ ਵਿਛੋੜੇ ਦਾ ਕਾਰਨ ਸਦਾ ਡਾਕਟਰਾਂ ਦੀ ਲਾਪ੍ਰਵਾਹੀ ਨੂੰ ਹੀ ਮੰਨਿਆ ਜਾਂਦਾ ਰਹੇਗਾ, ਜਿਨ੍ਹਾਂ ਨੇ ਭਾਈ ਸਾਹਿਬ ਨੂੰ ਪਹਿਲਾਂ ਦਾਖਲ ਨਹੀਂ ਕੀਤਾ, ਜਦੋਂ ਕਿ ਉਹ ਆਪ ਕਹਿੰਦੇ ਰਹੇ ਕਿ ਉਹ ਕੋਰੋਨਾ ਤੋਂ ਪੀੜਤ ਜਾਪਦੇ ਹਨ । ਇਹ ਕਹਿਣਾ ਵੀ ਗ਼ਲਤ ਹੈ ਕਿ ਇਹ ਬੀਮਾਰੀ ਉਹ ਵਿਦੇਸ਼ ਤੋਂ ਲੈ ਕੇ ਆਏ ਸਨ ਕਿਉਂਕਿ ਉਨ੍ਹਾਂ ਦੇ ਸਾਥੀਆਂ ਮੁਤਾਬਕ ਪਿਛਲੇ ਅੱਠ ਮਹੀਨਿਆਂ ਤੋਂ ਉਹ ਭਾਰਤ ਅੰਦਰ ਹੀ ਕੀਰਤਨ ਪ੍ਰੋਗਰਾਮ ਕਰ ਰਹੇ ਸਨ ।
ਭਾਈ ਸਾਹਿਬ ਦੀ ਦੁਖਦਾਈ ਖ਼ਬਰ ਮਿਲਣ ‘ਤੇ ਕਲਾਕਾਰਾਂ ਦੇ ਕਦਰਦਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲਿਖਿਆ :
ਮਹਿਕਵੰਤ ਸੁਰਸਾਗਰ ਪੂਰਾ, ਨਿਰਮਲ ਵੀਰ ਉਦਾਸ ਕਰ ਗਿਆ ।
ਅੰਮ੍ਰਿਤ ਵੇਲੇ ਪਾਟੀ ਚਿੱਠੀ, ਕੌਣ ਬਨੇਰੇ ਆਣ ਧਰ ਗਿਆ ।
ਸਾਰੀ ਉਮਰ ਬਤਾਈ ਜਿਸ ਨੇ, ਗੁਰਚਰਨਾਂ ਦੀ ਪ੍ਰੀਤੀ ਅੰਦਰ,
ਸੱਜਣ ਦੇ ਤੁਰ ਜਾਣ ਤੇ ਲੱਗਿਆ, ਸੁਰ ਦੀ ਖਾਲੀ ਧਰਤ ਕਰ ਗਿਆ ।