ਮਨ ਕੀ ਹੈ ?

0
2103

ਮਨ ਕੀ ਹੈ ?

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ਸ੍ਰਿਸ਼ਟੀ ਰਚਨਾ ਵਿੱਚ ਕੇਵਲ ਮਨੁੱਖ ਹੀ ਸਮੁੱਚੇ ਬ੍ਰਹਿਮੰਡ ਵਿੱਚ ਉੱਚ ਪਦਵੀ ’ਤੇ ਪਹੁੰਚਿਆ ਹੈ। ਐਵੋਲਿਊਸ਼ਨ ਦੇ ਸਿਧਾਂਤ ਅਨੁਸਾਰ ਵੀ ਮਨੁੱਖ, ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਉਤਾਂਹ ਸਿਖਰਲੇ ਡੰਡੇ ’ਤੇ ਹੈ। ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਅਵਰ ਜੋਨਿ; ਤੇਰੀ ਪਨਿਹਾਰੀ ॥  ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥  ਸੁਇਨਾ, ਰੂਪਾ; ਤੁਝ ਪਹਿ ਦਾਮ ॥  ਸੀਲੁ ਬਿਗਾਰਿਓ ਤੇਰਾ; ਕਾਮਿ (ਨੇ) ॥’’ (ਆਸਾ/ ਮ: ੫/ ਪੰਨਾ ੩੭੪)

ਕੇਵਲ ਮਨੁੱਖ ਨੂੰ ਹੀ ਅਕਾਲ ਪੁਰਖ ਨੇ ਇੱਕ ਖ਼ਾਸ ਜੀਵਨ ਮਨੋਰਥ ਲਈ ਸੰਸਾਰ ’ਚ ਭੇਜਿਆ ਹੈ। ਬਾਕੀ ਜੀਵਾਂ ਦਾ ਇਸ ਸੰਸਾਰ ਵਿੱਚ ਆਉਣ ਦਾ ਅਤੇ ਤਰੱਕੀ ਕਰਨ ਦਾ ਕੋਈ ਟੀਚਾ ਨਹੀਂ। ਸਾਡੇ ਸਰੀਰ ਰੂਪੀ ਮੰਦਰ ਨੂੰ ਚਲਾਉਣ ਲਈ ਪ੍ਰਾਣ ਜਾਂ ਸਵਾਸ ਹੁੰਦੇ ਹਨ। ਇਸ ਤੋਂ ਅੱਗੇ ਮਾਨਸਿਕ ਮੰਡਲ ਹੈ। ਮਨ ਦਾ ਸਰੀਰ ਨਾਲ ਸੰਬੰਧ ਪੰਜ ਭੌਤਿਕ ਤੱਤਾਂ ਕਰਕੇ ਹੈ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਇਹੁ ਮਨੁ; ਪੰਚ ਤਤੁ ਤੇ ਜਨਮਾ ॥’’ (ਆਸਾ/ ਮ: ੧/ ਪੰਨਾ ੪੧੫) ਇਸ ਪੱਖੋਂ ਮਨ ਦੇ ਕਈ ਰੋਗਾਂ ’ਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪ੍ਰਮੁੱਖ ਹਨ, ‘‘ਪੰਚ ਬਿਕਾਰ ਮਨ ਮਹਿ ਬਸੇ; ਰਾਚੇ ਮਾਇਆ ਸੰਗਿ ॥’’ (ਗਉੜੀ ਥਿਤੀ/ ਮ: ੫/ ਪੰਨਾ ੨੯੭)

ਮਨ, ਵਿਕਾਰਾਂ ਨੂੰ ਆਪ ਨਹੀਂ ਭੋਗਦਾ ਬਲਕਿ ਇੰਦਰਿਆਂ ਨੂੰ ਭੋਗਣ ਲਈ ਉਕਸਾਉਂਦਾ ਹੈ। ਮਨ ਦਾ ਵਾਸ਼ਨਾ ਅਧੀਨ ਹੋਣਾ ਬੰਧਨ ਹੈ ਅਤੇ ਵਾਸ਼ਨਾ ਰਹਿਤ ਹੋਣਾ ਹੀ ਮੁਕਤੀ ਹੈ। ਗੁਰਬਾਣੀ ਵਿੱਚ ਮਨ ਮਾਰਨ ’ਤੇ ਜਾਂ ਮਨ ਨੂੰ ਵੱਸ ਕਰਨ ’ਤੇ ਬਹੁਤ ਜ਼ੋਰ ਦਿੱਤਾ ਹੈ। ਵੈਸੇ ਗੁਰੂ ਸ਼ਬਦ ਦੁਆਰਾ ਹੀ ਮਨ ਵੱਸ ਵਿੱਚ ਜਾਂ ਨਿਰਮਲ ਹੁੰਦਾ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ : ‘‘ਗੁਰ ਸਬਦੀ ਮਨੁ ਨਿਰਮਲੁ ਹੋਆ; ਚੂਕਾ ਮਨਿ (ਤੋਂ) ਅਭਿਮਾਨੁ ॥’’ (ਪ੍ਰਭਾਤੀ/ ਮ: ੩/ ਪੰਨਾ ੧੩੩੪)

ਵਿਚਾਰਾਂ ਦਾ ਸੰਗ੍ਰਹਿ ਵੀ ਮਨ ਹੀ ਹੈ। ਮਨ ਸੰਸਕ੍ਰਿਤ ਦੇ ਸ਼ਬਦ ਮਨਸ਼ ਦਾ ਪੰਜਾਬੀ ਰੂਪ ਹੈ। ਸਰੀਰਕ ਇੰਦਰਿਆਂ ਦੀਆਂ ਕ੍ਰਿਆਵਾਂ ਵਜੋਂ ‘ਮਨ’; ਸੂਖਮ ਤੌਰ ’ਤੇ ਸਰੀਰ ਅੰਦਰ ਵਿਚਰਦਾ ਹੈ। ਇਹ ਕਈ ਭਾਵਨਾਵਾਂ ਪ੍ਰਗਟਾਉਂਦਾ ਹੈ; ਜਿਵੇਂ ਕੁੱਝ ਪ੍ਰਾਪਤੀ ਦੀ ਇੱਛਾ ਪੈਦਾ ਹੋਣੀ, ਕੰਮ ਕਰਨ ਦਾ ਇਰਾਦਾ ਬਣਾਉਣਾ ਜਾਂ ਇਰਾਦਾ ਛੱਡਣਾ, ਕਿਸੇ ਕੰਮ ਕਰਨ ਸਮੇਂ ਡਰ ਪੈਦਾ ਹੋਣਾ ਜਾਂ ਕਿਸੇ ਕੰਮ ਤੋਂ ਸ਼ਰਮ ਮਹਿਸੂਸ ਹੋਣਾ ਆਦਿ। ਮਨ ਆਪਣੇ ਸਰੀਰਕ ਇੰਦਰਿਆਂ – ਕੰਨ, ਅੱਖ, ਨੱਕ, ਜ਼ਬਾਨ ਤੇ ਛੋਹ ਰਾਹੀਂ ਅਜਿਹੇ ਸਾਰੇ ਕੰਮਾਂ ਨੂੰ ਮੁਕੰਮਲ ਕਰਦਾ ਹੈ। ਮਨ ਚੇਤੰਨਤਾ ਦਾ ਕੇਂਦਰੀ ਅੰਗ ਹੈ, ਜੋ ਭੌਤਿਕ ਇੰਦਰਿਆਂ ਰਾਹੀਂ ਗਿਆਨ ਪ੍ਰਾਪਤ ਕਰ ਕਰਮ ਇੰਦਰਿਆਂ ਰਾਹੀਂ ਆਪਣੇ ਗਿਆਨ ਨੂੰ ਕਰਮ ’ਚ ਬਦਲਦਾ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਤਰਵਰੁ ਕਾਇਆ ਪੰਖਿ ਮਨੁ; ਤਰਵਰਿ ਪੰਖੀ ਪੰਚ ॥  ਤਤੁ ਚੁਗਹਿ ਮਿਲਿ ਏਕਸੇ; ਤਿਨ ਕਉ ਫਾਸ ਨ ਰੰਚ ॥’’ (ਰਾਮਕਲੀ ਓਅੰਕਾਰ/ ਮ: ੧/ ਪੰਨਾ ੯੩੪) ਭਾਵ ਮਨੁੱਖੀ ਸਰੀਰ ਇੱਕ ਦਰਖ਼ਤ ਹੈ, ਜਿਸ ਉੱਤੇ ਮਨ ਪੰਛੀ ਹੈ। ਮਨ ਪੰਛੀ ਨਾਲ ਪੰਜ ਗਿਆਨ ਇੰਦਰੇ ਵੀ ਦਰੱਖ਼ਤ ’ਤੇ ਹੀ ਹਨ। ਜਿਸ ਦਰਖ਼ਤ-ਸਰੀਰ ’ਤੇ ਬੈਠੇ ਇਹ (ਮਨ ਤੇ ਗਿਆਨ ਇੰਦਰੇ) ਮਿਲ ਕੇ ਰੱਬੀ ਨਾਮ ਰੂਪ ਚੋਗਾ (ਦਾਣੇ) ਚੁਗਦੇ ਹਨ ਉਨ੍ਹਾਂ ਨੂੰ ਰੱਤਾ ਭਰ ਵੀ (ਮਾਯਾ ਰੂਪ) ਫਾਹੀ ਨਹੀਂ ਪੈਂਦੀ।

ਸਰੀਰ ਇੱਕ ਗੱਡੀ ਦੀ ਨਿਆਈਂ ਹੈ ਤੇ ਮਨ ਇਸ ਦਾ ਚਾਲਕ ਹੈ; ਜਿਵੇਂ ਮਨ (ਚਾਲਕ) ਚਾਹੁੰਦਾ ਹੈ ਸਰੀਰ ਉਸੇ ਤਰ੍ਹਾਂ ਇੰਦਰਿਆਂ ਰਾਹੀਂ ਕਾਰਜ ਕਰਦਾ ਹੈ। ਮਨ ਬਹੁਤ ਚੰਚਲ ਹੈ। ਇਹ ਕਦੇ ਕੁੱਝ ਚਾਹੁੰਦਾ ਹੈ ਤੇ ਕਦੇ ਕੁੱਝ। ਕਦੇ ਲੱਖਾਂ ਰੁਪਏ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੰਦਾ ਹੈ ਤੇ ਕਦੇ ਇੱਕ ਰੁਪਏ ਪਿੱਛੇ ਆਪਣਾ ਇਮਾਨ (ਭਰੋਸਾ) ਗਵਾ ਲੈਂਦਾ ਹੈ। ਚੰਚਲ ਹੋਣ ਕਰਕੇ ਇਹ ਛੇਤੀ ਕੀਤਿਆਂ ਕਾਬੂ ਨਹੀਂ ਆਉਂਦਾ। ਇਹ ਇੱਛਾਵਾਂ ਤੇ ਤ੍ਰਿਸ਼ਨਾਵਾਂ ਅਧੀਨ ਵਿਚਰਦਾ ਭੁੱਲ ਜਾਂਦਾ ਹੈ ਕਿ ਇਹ ਜੋਤ ਸਰੂਪ ਵੀ ਹੈ ਤੇ ਆਪਣੇ ਮੂਲ ਪਰਮ ਤੱਤ ਨੂੰ ਨਹੀਂ ਪਛਾਣਦਾ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ : ਮਨ ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥ (ਆਸਾ/ ਮ: ੩/ ਪੰਨਾ ੪੪੧), ਮਨ ਦੇ ਇਸ ਚੰਚਲ ਸੁਭਾਅ ਬਾਰੇ ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ : ਕਾਂਇਆ ਨਗਰਿ ਇਕੁ ਬਾਲਕੁ ਵਸਿਆ; ਖਿਨੁ ਪਲੁ ਥਿਰੁ ਨ ਰਹਾਈ ॥ ਅਨਿਕ ਉਪਾਵ ਜਤਨ ਕਰਿ ਥਾਕੇ; ਬਾਰੰ ਬਾਰ ਭਰਮਾਈ ॥੧॥ (ਬਸੰਤੁ/ ਮ: ੪/ ਪੰਨਾ ੧੧੯੧) ਗੁਰੂ ਦੇ ਭਾਣੇ ਵਿੱਚ ਰਹਿ ਕੇ ਹੀ ਇਹ ਮਨ ਕਾਬੂ ਵਿੱਚ ਰਹਿ ਸਕਦਾ ਹੈ, ਇਸ ਲਈ ਗੁਰੂ ਸਾਹਿਬ ਉਪਦੇਸ਼ ਕਰਦੇ ਹਨ : ਮੇਰੇ ਮਨ  ! ਗੁਰ ਚਰਣੀ ਚਿਤੁ ਲਾਇ ॥ (ਗਉੜੀ/ ਮ: ੩/ ਪੰਨਾ ੧੬੨)

ਮਨ ਦਾ ਸੁਭਾਅ ਹਵਾ ਵਰਗਾ ਮੰਨਿਆ ਜਾਂਦਾ ਹੈ ਜੋ ਕਦੇ ਟਿਕਦਾ ਨਹੀਂ। ਜਿਹੋ ਜਿਹੇ ਮਨ ਕੰਮ ਕਰਦਾ ਹੈ ਉਸ ਨੂੰ ਉਸੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ : ਮਨੁ ਜੋਗੀ ਮਨੁ ਭੋਗੀਆ; ਮਨੁ ਮੂਰਖੁ ਗਾਵਾਰੁ ॥  ਮਨੁ ਦਾਤਾ, ਮਨੁ ਮੰਗਤਾ; ਮਨ ਸਿਰਿ ਗੁਰੁ ਕਰਤਾਰੁ ॥ (ਪ੍ਰਭਾਤੀ/ ਮ: ੧/ ਪੰਨਾ ੧੩੩੦) ਭਾਵ ਚੰਗੇ ਕੰਮ ਕਰਨ ਵਾਲਾ ਮਨ ਜੋਗੀ ਹੈ ਤੇ ਮੰਦੇ ਕਰਮ ਕਰਨ ਵਾਲਾ ਜਾਂ ਭੋਗਾਂ ਵਿੱਚ ਖਚਿਤ ਹੋਣ ਵਾਲਾ ਭੋਗੀ, ਮੂਰਖਾਂ ਵਾਲੇ ਕੰਮ ਕਰਨ ਕਰਕੇ ਮੂਰਖ ਜਾਂ ਗਵਾਰ ਹੈ। ਦਾਨ ਕਰਨ ਵਾਲਾ ਮਨ ਦਾਤਾ ਹੈ ਤੇ ਮੰਗ ਕੇ ਖਾਣ ਵਾਲਾ ਮੰਗਤਾ ਹੈ। ਤਾਂ ਤੇ ਮਨ ਨੂੰ ਸ਼ੁੱਧ ਰੱਖਣ ਦੀ ਲੋੜ ਹੈ ਤੇ ਇਹ ਸ਼ੁੱਧਤਾ ਕੇਵਲ ਗੁਰੂ ਦੇ ਹੁਕਮ ਮੰਨਣ ਨਾਲ ਹੋਣੀ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ : ਮਨ ਮੇਰੇ ! ਗੁਰ ਕੀ ਮੰਨਿ ਲੈ ਰਜਾਇ ॥  ਮਨੁ ਤਨੁ ਸੀਤਲੁ ਸਭੁ ਥੀਐ; ਨਾਮੁ ਵਸੈ ਮਨਿ ਆਇ ॥੧॥ ਰਹਾਉ ॥ (ਸਿਰੀ ਰਾਗੁ/ ਮ: ੩/ ਪੰਨਾ ੩੭)

ਜਦੋਂ ਇਹ ਮਨ; ਗੁਰੂ ਦਾ ਹੁਕਮ ਮੰਨ ਲੈਂਦਾ ਹੈ ਤਾਂ ਇਹ ਜੀਵਾਤਮਾ ਰੂਪ ਹੋ ਕੇ ਟਿਕ ਜਾਂਦਾ ਹੈ। ਪਹਿਲਾਂ ਮਨ ਮਾਇਕ ਪਦਾਰਥਾਂ ਵਿੱਚ ਖਚਿਤ ਹੋਇਆ ਪਿਆ ਸੀ, ਪਰ ਗੁਰੂ ਹੁਕਮ ਮੰਨਣ ਨਾਲ ਪਰਮਾਤਮਾ ਦਾ ਰੂਪ ਜੀਵਾਤਮਾ ਹੋ ਗਿਆ ਹੈ। ਸੋ ਮਨ ਹੀ ਸਾਨੂੰ ਸੁਖੀ ਰੱਖਦਾ ਹੈ ਤੇ ਮਨ ਹੀ ਦੁਖੀ। ਆਵਾਗਮਨ ਦਾ ਮਾਰਗ ਮਨ ਹੀ ਨਿਸ਼ਚਿਤ ਕਰਦਾ ਹੈ। ਜਦੋਂ ਮਨ ਚੰਚਲਤਾਈ ਵਿੱਚ ਹੁੰਦਾ ਹੈ ਤਾਂ ਸਰੀਰ ਭਟਕਦਾ ਹੈ ਤੇ ਜਦੋਂ ਗੁਰੂ ਸਬਦ ਨਾਲ ਸਥਿਰ ਹੋ ਜਾਂਦਾ ਹੈ ਤਾਂ ਇਹ ਆਪਣੇ ਅਸਲੇ ਜੀਵਾਤਮਾ ਨੂੰ ਪਛਾਣ ਲੈਂਦਾ ਹੈ ਕਿ ਉਹ ਜੋਤ ਸਰੂਪ ਹੈ, ਇਹੀ ਮਨ ਨੂੰ ਜਿੱਤਣਾ ਹੈ। ਮਨ ਨੂੰ ਜਿੱਤਣ ਨਾਲ ਸਾਰੇ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ।  ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ : ਮਨਿ ਜੀਤੈ ਜਗੁ ਜੀਤੁ ॥ (ਮ: ੧/ ਪੰਨਾ ੬) ਭਗਤ ਕਬੀਰ ਜੀ ਜ਼ਿੰਦਗੀ ਦਾ ਅਸਲ ਮਨੋਰਥ ਸਮਝਾਉਂਦੇ ਹਨ : ਮਮਾ ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ ॥  ਮਨ ਹੀ ਮਨ ਸਿਉ ਕਹੈ ਕਬੀਰਾ !  ਮਨ ਸਾ ਮਿਲਿਆ ਨ ਕੋਇ ॥੩੨॥  (ਗਉੜੀ ਬਾਵਨ ਅਖਰੀ/ ਭਗਤ ਕਬੀਰ/ ਪੰਨਾ ੩੪੨)

ਮਨ ਇੱਕ ਗੁੰਝਲਦਾਰ ਬੁਝਾਰਤ ਵੀ ਹੈ ਜਿਸ ਨੂੰ ਬੁੱਝਣ ਦੇ ਯਤਨ, ਆਦਿ ਕਾਲ ਤੋਂ ਹੁੰਦੇ ਆਏ ਹਨ ਪਰ ਇਹ ਅੜਾਉਣੀ (ਪਹੇਲੀ) ਸ਼ਾਇਦ ਕਦੀ ਵੀ ਪੂਰੀ ਤਰ੍ਹਾਂ ਸੁਲਝ ਨਾ ਸਕੀ। ਇਹ ਜੀਵਨ ਦੇ ਉਚੇਚੇ ਤੰਤੂ ਪ੍ਰਬੰਧ ਦੀ ਵਿਸ਼ੇਸ਼ ਕਾਰਵਾਈ ਹੈ। ਇਸ ਕਾਰਵਾਈ ਦੇ ਤਿੰਨ ਪਹਿਲੂ ਹਨ ‘ਬੋਧਕਾਰੀ, ਭਾਵਨਾ ਕਾਰੀ ਅਤੇ ਇੱਛਾਕਾਰੀ’। ਇਨ੍ਹਾਂ ਤਿੰਨਾ ਦੇ ਸੁਮੇਲ ਤੋਂ ਹੀ ਮਾਨਸਿਕ ਕਿਰਿਆ ਮੁਕੰਮਲ ਹੁੰਦੀ ਹੈ। ਇਨ੍ਹਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ ਪਰ ਹਰ ਮਾਨਸਿਕ ਕਿਰਿਆ ਵਿੱਚ ਇਨ੍ਹਾਂ ਤਿੰਨਾ ਅੰਸ਼ਾਂ ਵਿੱਚੋਂ ਕੋਈ ਇੱਕ ਅੰਸ਼ ਦੂਜਿਆ ਨਾਲੋਂ ਵਧੇਰੇ ਪ੍ਰਬਲ ਹੁੰਦਾ ਰਹਿੰਦਾ ਹੈ।

ਆਧੁਨਿਕ ਖੋਜ ਨੇ ਮਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ ਸੁਚੇਤ ਮਨ ਤੇ ਅਚੇਤ ਮਨ। ਮਨੁੱਖ ਦੀ ਜੀਵਨ ਦੌੜ ਕੇਵਲ ਸੁਚੇਤ ਮਨ ਦੇ ਆਸਰੇ ਨਹੀਂ ਚੱਲਦੀ। ਰੋਜ਼ ਦੇ ਕੀਤੇ ਹੋਏ ਕੰਮ ਸੁਚੇਤ ਮਨ ਦੇ ਚੇਤੇ ਨਹੀਂ ਰਹਿੰਦੇ, ਉਹ ਹਮੇਸ਼ਾਂ ਲਈ ਮਿਟ ਜਾਂਦੇ ਜੇਕਰ ਅਚੇਤ ਮਨ ਵਿੱਚ ਇਕੱਠੇ ਨਾ ਹੁੰਦੇ। ਸੁਚੇਤ ਮਨ ਦਾ ਸਟੋਰ ਹੀ ਅਚੇਤ ਮਨ ਹੈ। ਰਾਤ ਨੂੰ ਸੁਚੇਤ ਮਨ ਸੌਂ ਜਾਂਦਾ ਹੈ ਪਰ ਅਚੇਤ ਮਨ ਨਹੀਂ, ਇਸ ਦੀ ਹਲਚਲ ਵਿੱਚੋਂ ਹੀ ਸੁਫ਼ਨੇ ਆਉਂਦੇ ਹਨ।

ਸਰੀਰ ਅਤੇ ਮਨ ਦਾ ਆਪਸ ਵਿੱਚ ਡੂੰਘਾ ਸੰਬੰਧ ਹੁੰਦਾ ਹੈ। ਜੇਕਰ ਸਰੀਰ ਕਿਸੇ ਕਾਰਨ ਰੋਗ ਗ੍ਰਸਤ ਹੋ ਜਾਵੇ ਤਾਂ ਸਰੀਰਕ ਕਸ਼ਟ ਕਾਰਨ ਮਨ ਵੀ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ ਤੇ ਉਦਾਸ ਅਵਸਥਾ ਆ ਘੇਰਦੀ ਹੈ। ਕੋਈ ਮਾਇਕ ਨੁਕਸਾਨ ਹੋ ਜਾਵੇ ਜਾਂ ਕੋਈ ਬੁਰੀ ਖ਼ਬਰ ਕਿਸੇ ਮਿੱਤਰ ਪਿਆਰੇ ਜਾਂ ਸੰਬੰਧੀ ਬਾਰੇ ਸੁਣਨ ’ਤੇ ਮਨ ਉਦਾਸ ਹੋ ਜਾਂਦਾ ਹੈ ਤੇ ਸਰੀਰ ਵੀ ਨਿਢਾਲ ਹੋ ਜਾਂਦਾ ਹੈ। ਸੌਣ ਅਤੇ ਜਾਗਣ ਵੇਲੇ ਕੁਝ ਸਮਾਂ ਸੁਚੇਤ ਮਨ ਆਲਸ ਅਵਸਥਾ ਵਿੱਚ ਰਹਿੰਦਾ ਹੈ। ਇਸ ਦੀ ਦੌੜ-ਭੱਜ ਢਿੱਲੀ ਪਈ ਰਹਿੰਦੀ ਹੈ। ਇਸ ਸਮੇਂ ਅਚੇਤ ਮਨ ਗੁਰਬਾਣੀ ਤੋਂ ਪ੍ਰੇਰਣਾ ਲੈ ਕੇ ਢਿੱਲੇ ਪਏ ਸੁਚੇਤ ਮਨ ਨੂੰ ਚੁਸਤ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹੀ ਕਾਰਨ ਹੈ ਕਿ ਸੁਬ੍ਹਾ-ਸ਼ਾਮ ਦੀ ਸੰਭਾਲ਼ ਸਿੱਖ ਧਰਮ ਦਾ ਇੱਕ ਜ਼ਰੂਰੀ ਅੰਗ ਹੈ। ਸੌਣ ਵੇਲੇ ‘ਸੋਹਿਲਾ’ ਬਾਣੀ ਦਾ ਪਾਠ ਤੇ ਉੱਠਣ ਸਮੇਂ ਅੰਮ੍ਰਿਤ ਵੇਲੇ ਸਿਮਰਨ ਤੇ ਨਿਤਨੇਮ ਕਰਨ ਦਾ ਵਿਧਾਨ ਹੈ। ਅੰਮ੍ਰਿਤ ਵੇਲੇ ਦੀ ਮਹੱਤਤਾ ਬਾਬਤ ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ : ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ॥ (ਜਪੁ)

ਭਾਈ ਨੰਦ ਲਾਲ ਜੀ ਆਪਣੀ ਇੱਕ ਗਜ਼ਲ ਵਿੱਚ ਬਿਆਨ ਕਰਦੇ ਹਨ ਕਿ ਰੱਬੀ ਰਾਹ ਦੇ ਇਸ਼ਕ ’ਤੇ ਤੁਰਨ ਵਾਲਿਆਂ ਲਈ ਅੰਮ੍ਰਿਤ ਵੇਲੇ ਜਾਗਣਾ ਜ਼ਿੰਦਗੀ ਹੈ। ਮੈਂ ਵੀ ਅੱਜ ਤੋਂ ਅੰਮ੍ਰਿਤ ਵੇਲੇ ਸੁੱਤੇ ਰਹਿਣ ਨੂੰ ਹਰਾਮ ਸਮਝ ਲਿਆ ਹੈ, ‘ਬੇਦਾਰੀ ਅਸਤ ਜ਼ਿੰਦਗੀਏ ਆਰਫ਼ਿਨ ਸ਼ੌਂਕ॥ ਗੋਇਆ ਹਰਾਮ ਕਰਦਮ ਅਜ ਆਇੰਦਾ ਖ਼ਾਬਿ ਸੁਬਹ॥’

ਕੁਦਰਤ ’ਚ ਲਗਾਤਾਰ ਹੋ ਰਹੇ ਰੱਬੀ ਨਾਦ ਨੂੰ ਸੁਣਨ ਨਾਲ ਸੁਚੇਤ ਮਨ ਆਪਣੀ ਭੱਜ-ਦੌੜ ਵੱਲੋਂ ਲਾਚਾਰ ਹੋ ਜਾਂਦਾ ਹੈ। ਨਾਦ-ਰਾਗ ਵਿੱਚ ਇਹ ਵਡਿਆਈ ਹੈ ਕਿ ਇਹ ਮਨ ਨੂੰ ਸਰੂਰ ਵਿੱਚ ਲਿਆ ਕੇ ਇਸ ਨੂੰ ਮਸਤ ਜਿਹਾ ਕਰ ਦਿੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਬੱਚਾ ਰੋਂਦਾ ਹੋਵੇ ਤੇ ਨਾ ਸੌਂਵੇ ਤਾਂ ਮਾਂ ਲੋਰੀਆਂ ਦਿੰਦੀ ਹੈ। ਜਿਸ ਨੂੰ ਸੁਣ ਕੇ ਬੱਚਾ ਸਹਿਜੇ ਹੀ ਸੌਂ ਜਾਂਦਾ ਹੈ। ਚੱਲਦੀ ਗੱਡੀ ਦੇ ਖੜਾਕ ਨਾਲ ਸਹਿਜੇ ਹੀ ਨੀਂਦ ਆ ਜਾਂਦੀ ਹੈ। ਕਿਸੇ ਨਦੀ ਦਰਿਆ ਦੇ ਕੰਢੇ ’ਤੇ ਲੇਟਣ ਨਾਲ ਪਾਣੀ ਦੀ ਅਵਾਜ਼ ਸੁਣ ਕੇ ਛੇਤੀ ਨੀਂਦ ਝੱਪਕਾ ਮਾਰਦੀ ਹੈ।

ਸੋ ਮਨੁੱਖ ਕੇਵਲ ਸੁਚੇਤ ਮਨ ਦੀ ਪ੍ਰੇਰਣਾ ਨਾਲ ਹੀ ਨਹੀਂ ਦੌੜਿਆ ਫਿਰਦਾ ਇਸ ਦੇ ਜੀਵਨ ਨੂੰ ਢਾਲਣ ਵਿੱਚ ਅਚੇਤ ਮਨ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਜਨਮ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਸੰਸਕਾਰ ਇਸ ਵਿੱਚ ਜਮ੍ਹਾ ਹਨ। ਇੱਕ ਤਰ੍ਹਾਂ ਨਾਲ ਅਚੇਤ ਮਨ ਮਨੁੱਖਾ ਜੀਵਨ ਦਾ ਬਿਜਲੀ ਘਰ ਹੈ, ਜਿਸ ਵਿੱਚੋਂ ਨਿਕਲੀ ਰੌਸ਼ਨੀ ਸਾਡੇ ਜੀਵਨ ਦਾ ਮਾਰਗ ਦਰਸ਼ਨ ਬਣਦੀ ਹੈ। ਜ਼ਿੰਦਗੀ ਨੂੰ ਸੁਰਜੀਤ ਰੱਖਣ ਵਾਸਤੇ ਸਰੀਰ ਦੇ ਸਾਰੇ ਅੰਗ, ਜੋ ਕੰਮ ਕਰਦੇ ਹਨ, ਉਨ੍ਹਾਂ ਦੀ ਦੇਖਭਾਲ ਅਤੇ ਅਰੋਗਤਾ ਦਾ ਧਿਆਨ ਵੀ ਅਚੇਤ ਮਨ ਰੱਖਦਾ ਹੈ। ਸਰੀਰਕ ਅੰਗਾਂ ਦੀਆਂ ਸਾਰੀਆਂ ਗੁੰਝਲਾਂ ਦੀ ਨਿਗਰਾਨੀ ਅਚੇਤ ਮਨ ਕਰਦਾ ਹੈ। ਜੇ ਇਹ ਕਹੀਏ ਕਿ ਅਚੇਤ ਮਨ ਕਦੇ ਸੌਂਦਾ ਨਹੀਂ ਤਾਂ ਕੋਈ ਅਤਿ ਕਥਨੀ ਨਹੀਂ ਸਗੋਂ ਜਦੋਂ ਸੁਚੇਤ ਮਨ ਅਰਾਮ ਕਰਦਾ ਹੈ ਤਾਂ ਅਚੇਤ ਮਨ ਹੋਰ ਵੀ ਤਕੜਾ ਹੋ ਜਾਂਦਾ ਹੈ। ਸੁਚੇਤ ਮਨ ਵੀ ਇੱਕ ਵਡਮੁੱਲੀ ਮਸ਼ੀਨ ਦੀ ਨਿਆਈਂ ਹੈ ਤੇ ਮਨੁੱਖ ਦੀ ਵਿਚਾਰ ਸਤਾ ਦਾ ਸੋਮਾ ਹੈ।

ਸਾਡੇ ਰੋਜ਼ਾਨਾ ਜੀਵਨ ਵਿੱਚ ਕਿਸੇ ਖਿਆਲ ਦਾ ਸੁਚੇਤ ਮਨ ਵਿੱਚੋਂ ਲੰਘ ਕੇ ਅਚੇਤ ਮਨ ਦੀਆਂ ਡੂਘੀਆਂ ਤਹਿਆਂ ਵਿੱਚ ਜਾਣ ਨੂੰ ਸਵੈ ਪ੍ਰੇਰਣਾ ਕਿਹਾ ਜਾਂਦਾ ਹੈ। ਇਹ ਸਵੈ ਪ੍ਰੇਰਣਾ ਸਾਡੇ ਜੀਵਨ ਵਿੱਚ ਹਰ ਵੇਲੇ ਹੋ ਰਹੀ ਹੁੰਦੀ ਹੈ। ਸਟੇਜ ’ਤੇ ਪਹਿਲੀ ਵਾਰ ਬੋਲਣ ਵਾਲੇ ਵਿਅਕਤੀ ਦੇ ਅਚੇਤ ਮਨ ਵਿੱਚ ਇਹ ਗੱਲ ਕਈ ਵਾਰ ਘਰ ਕਰ ਚੁੱਕੀ ਹੁੰਦੀ ਹੈ ਕਿ ਸਟੇਜ ’ਤੇ ਬੋਲਣਾ ਬਹੁਤ ਔਖਾ ਹੈ। ਜ਼ਬਾਨ ਥਿੜਕ ਸਕਦੀ ਹੈ ਤੇ ਲੱਤਾਂ ਕੰਬਦੀਆਂ ਹਨ। ਇਨ੍ਹਾਂ ਵਿਚਾਰਾਂ ਨਾਲ ਜਦੋਂ ਉਹ ਸਟੇਜ ’ਤੇ ਆ ਜਾਂਦਾ ਹੈ ਤਾਂ ਸਾਰਾ ਗਿਆਨ ਹੁੰਦਿਆਂ ਹੋਇਆਂ ਵੀ ਉਹ ਬੋਲ ਨਹੀਂ ਸਕਦਾ ਤੇ ਸਟੇਜ ਤੋਂ ਥੱਲੇ ਆ ਜਾਂਦਾ ਹੈ ਕਿਉਂਕਿ ਅਚੇਤ ਮਨ ਦੇ ਵਿਚਾਰਾਂ ਨੇ ਉਸ ਨੂੰ ਘੇਰਾ ਪਾ ਰੱਖਿਆ ਸੀ।

ਵਿਉਤਪਤੀ ਦੇ ਦ੍ਰਿਸ਼ਟੀਕੋਨ ਤੋਂ ਮਨ ਦੇ ਅਰਥ ਹਨ ‘ਜਿਸ ਦੁਆਰਾ ਕਾਰਜ ਪੂਰਾ ਹੋਵੇ’। ਮਨ ਵਿੱਚ ਉਹ ਸ਼ਕਤੀ ਹੈ ਜਿਸ ਨਾਲ ਮਨੁੱਖ ਨੂੰ ਦੁੱਖ ਸੁੱਖ, ਸੰਕਲਪ ਵਿਕਲਪ, ਇੱਛਾ ਦ੍ਵੈਸ਼, ਬੌਧਿਕ ਤੇ ਵਿਚਾਰਾਂ ਦਾ ਅਨੁਭਵ ਹੁੰਦਾ ਹੈ। ਮਨ ਨੂੰ ਇੰਦਰਿਆਂ ਦੀ ਲਗਾਮ ਵੀ ਕਿਹਾ ਜਾ ਸਕਦਾ ਹੈ ਪਰ ਮਨ ਨੂੰ ਵਸ ਵਿੱਚ ਕੇਵਲ ਗੁਰੂ ਦਾ ਸ਼ਬਦ ਹੀ ਕਰਾ ਸਕਦਾ ਹੈ, ਜਿਹੜਾ ਮਨੁੱਖ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਜੀਵਨ ਵਿੱਚ ਉਹੀ ਮਨੁੱਖ ਸਫਲਤਾ ਹਾਸਲ ਕਰਦਾ ਹੈ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ਮਨੁ ਬੇਚੈ ਸਤਿਗੁਰ ਕੈ ਪਾਸਿ ॥  ਤਿਸੁ ਸੇਵਕ ਕੇ ਕਾਰਜ ਰਾਸਿ ॥ (ਗਉੜੀ ਸੁਖਮਨੀ/ ਮ: ੫/ ਪੰਨਾ ੨੮੭)