ਸਿੱਖੀ ਅਸੂਲਾਂ ਲਈ ਤਤਪਰ ਕਰਦਾ ਹੋਲਾ ਮਹੱਲਾ

0
808

ਸਿੱਖੀ ਅਸੂਲਾਂ ਲਈ ਤਤਪਰ ਕਰਦਾ ਹੋਲਾ ਮਹੱਲਾ

ਗਿਆਨੀ ਅਵਤਾਰ ਸਿੰਘ

ਧਾਰਮਿਕ ਪਰੰਪਰਾਵਾਂ ਦਾ ਆਧਾਰ ‘ਧਰਮ’ ਹੁੰਦਾ ਹੈ, ਜਿਸ ਨੂੰ ਕੌਮੀ ਸਿਧਾਂਤ ਵੀ ਕਹਿ ਸਕਦੇ ਹਾਂ। ਗੁਰਮਤਿ ਅਨੁਸਾਰ ਧਰਮੀ ਵਿਅਕਤੀ ਉਹ ਹੈ ਜੋ ਸਮਾਜਕ ਯਾਤਰਾ ਕਰਦਿਆਂ ਦੂਸਰਿਆਂ ਲਈ ਮਿਸਾਲ ਬਣ ਜਾਏ, ਇਸ ਲਈ ਰੌਸ਼ਨ ਦਿਮਾਗ਼ ਤੇ ਅੰਦਰੂਨੀ ਸ਼ਕਤੀ ਚਾਹੀਦੀ ਹੈ, ਪਰ ਮਿਲੇਗੀ ਤਾਂ ਜੇ ਬੰਦਾ ਆਪਣੇ ਵਜੂਦ ਨੂੰ ਸਮਝੇ, ਜੀਵਨ ਮੰਥਨ ਕਰੇ, ਕਥਨੀ-ਕਰਨੀ ਇੱਕ ਸਮਾਨ ਹੋਵੇ। ਉੱਚਾ-ਸੁੱਚਾ ਕਿਰਦਾਰ ਹੀ ਆਦਰਸ਼ਮਈ ਜੀਵਨ ਬਣਦਾ ਹੈ।

ਗੁਰਬਾਣੀ ਅਨੁਸਾਰ ਜਗਤ ਰਚਨਾ ਇੱਕ ਖੇਲ ਹੈ, ਮੱਲ ਅਖਾੜਾ ਹੈ, ਇਸ ਲਈ ਸੰਘਰਸ਼ਮਈ ਹੈ। ਇਸ ਖੇਲ ’ਚ ਭਾਵੇਂ ਦੋ ਧਿਰਾਂ (ਮਨਮੁਖ ਤੇ ਗੁਰਮੁਖ/ ਵਿਕਾਰ ਤੇ ਸਦਗੁਣ ਹੁੰਦੇ) ਹਨ, ਪਰ ਇਹ, ਕਾਦਿਰ ਦੀ ਕੁਦਰਤ ਦੇ ਦੋ ਪਹਿਲੂ ਹੀ ਹਨ।  ਧਰਮੀ; ਇਸ ਸੰਘਰਸ਼ ’ਚ ਕੁੱਦ ਪੈਂਦਾ ਹੈ ਭਾਵੇਂ ਉਹ ਨਿਜੀ ਵਿਕਾਰਾਂ ਨਾਲ ਹੋਵੇ ਜਾਂ ਮਾਨਵਤਾ ’ਤੇ ਅੱਤਿਆਚਾਰ ਹੋਣ। ਮਾਨਵਤਾ ਲਈ ਲੜਦਿਆਂ ਕਿਸੇ ਪ੍ਰਤੀ ਮਨ ’ਚ ਦਵੈਤ ਭਾਵਨਾ ਵੀ ਨਹੀਂ ਰੱਖਦਾ ਕਿਉਂਕਿ ਉਸ ਲਈ ਸਾਰੇ ਹੀ ਇੱਕ ਰੱਬੀ ਖੇਡ ਦਾ ਭਾਗ ਹੁੰਦੇ ਹਨ। ਫ਼ਰਕ ਕੇਵਲ ਇਹੀ ਹੈ ਕਿ ਇੱਕ ਮਰ-ਮਰ ਖੇਡਦਾ ਹੈ ਅਤੇ ਦੂਸਰਾ ਹੱਸਦਿਆਂ-ਹੱਸਦਿਆਂ, ‘‘ਕਬੀਰ ! ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ॥’’ (ਭਗਤ ਕਬੀਰ ਜੀ/੧੩੬੫), ਇਹ ਅਨੰਦਿਤ ਜੀਵਨਸ਼ੈਲੀ ਧਰਮੀ ਬੰਦੇ ਦੇ ਸੰਘਰਸ਼ ’ਚੋਂ ਹੀ ਪੈਦਾ ਹੋਈ ਹੈ।

ਇਤਿਹਾਸ ਗਵਾਹ ਹੈ ਕਿ ਕਬੀਰ ਜੀ ਆਪਣੇ ਕੋਲ ਸਿੱਖਾਂ ਵਾਙ ਕੋਈ ਸ਼ਸਤਰ ਨਹੀਂ ਰੱਖਦੇ ਸਨ। ਫਿਰ ਵੀ ਉਨ੍ਹਾਂ ਐਲਾਨੀਆ ਕਿਹਾ ਕਿ ‘‘ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥੨॥ (ਭਗਤ ਕਬੀਰ ਜੀ/ ੧੧੦੫) ਧਰਮ ਦੀ ਰੂਹਾਨੀਅਤ ਸ਼ਕਤੀ ਜਾਂ ਧਰਮ ਅਧੀਨ ਵਿਚਰਨ ਵਾਲਾ ਕ੍ਰਾਂਤੀਕਾਰੀ ਬੰਦਾ; ਆਪਾ ਵਾਰਦਿਆਂ ਧਰਮ ਪ੍ਰਤੀ ਹੋਰਨਾਂ ਦੀਆਂ ਭਾਵਨਾਵਾਂ ਬਣਾਏਗਾ, ਧਰਮ ਦੀ ਜਿੱਤ ਹੁੰਦੀ ਵੇਖੇਗਾ ਤੇ ਵਿਖਾਵੇਗਾ ਆਦਿ, ਪਰ ਰੂਹਾਨੀਅਤ ਗੁਣਾਂ ਤੋਂ ਸੱਖਣਾ ਡਰੇਗਾ। ਖੇਡ (ਸੰਘਰਸ਼) ਤੋਂ ਦੂਰ ਰਹੇਗਾ। ਲੋੜਵੰਦ, ਲਾਚਾਰ ਲਈ ਨਹੀਂ ਬਹੁੜੇਗਾ। ਆਪਣੀ ਇਸ ਕਮਜ਼ੋਰੀ ਨੂੰ ਛੁਪਾਉਣ ਲਈ ਕ੍ਰਾਂਤੀਕਾਰੀ ਜਜ਼ਬਾ ਪੈਦਾ ਕਰਨ ਵਾਲੇ ਧਰਮ ਨੂੰ ਵੀ ਗ਼ਲਤ ਉਲਥਾਏਗਾ ਭਾਵੇਂ ਕਿ ਸ਼ਰਧਕਾਂ ’ਚ ਅਸ਼ਰਧਾ ਹੀ ਕਿਉਂ ਨਾ ਪੈਦਾ ਹੋਵੇ, ਨਵੀਆਂ ਦੁਬਿਧਾਵਾਂ ਹੀ ਕਿਉਂ ਨਾ ਜਨਮ ਲੈਣ ਇਤਿਆਦਿਕ।

ਕੁਦਰਤ; ਆਪਾ-ਵਿਰੋਧੀ ਤੱਤਾਂ ਦਾ ਸੰਗ੍ਰਹਿ ਹੈ।  ਅੱਗ; ਲੱਕੜ ਨੂੰ ਨਹੀਂ ਸਾੜਦੀ ਭਾਵੇਂ ਕਿ ਲੱਕੜ ਅੰਦਰ ਹੀ ਹੈ। ਪਾਣੀ; ਮਿੱਟੀ ਨੂੰ ਆਪਣੇ ’ਚ ਘੋਲ਼ ਕੇ ਖ਼ਤਮ ਨਹੀਂ ਕਰਦਾ ਭਾਵੇਂ ਕਿ ਧਰਤੀ ’ਤੇ ਤਿੰਨ ਚੌਥਾਈ ਪਾਣੀ ਹੈ। ਗੁਰਬਾਣੀ ਨੇ ਇਸ ਸਚਾਈ ਨੂੰ ਇਉਂ ਉਜਾਗਰ ਕੀਤਾ, ‘‘ੲੰੀਧਨ ਤੇ ਬੈਸੰਤਰੁ ਭਾਗੈ ॥ ਮਾਟੀ ਕਉ ਜਲੁ ਦਹ ਦਿਸ ਤਿਆਗੈ ॥’’ (ਮਹਲਾ ੫/ ੯੦੦) ਅੱਗ ਤੇ ਲੱਕੜ ਵਾਙ ਜਾਂ ਪਾਣੀ ਤੇ ਮਿੱਟੀ ਵਾਙ ਵਿਕਾਰ ਤੇ ਸਦਗੁਣ ਜਾਂ ਮਨਮੁਖ ਤੇ ਗੁਰਮੁਖ ਵੀ ਇੱਕੋ ਕੁਦਰਤ ਦਾ ਭਾਗ ਹੋਣ ਦੇ ਬਾਵਜੂਦ ਸੰਘਰਸ਼ ਕਰਦੇ ਹਨ। ਇਸ ਸੰਘਰਸ਼ ’ਚ ਗੁਰਮੁਖ ਮੰਜ਼ਲ ਪਾ ਲੈਂਦਾ ਹੈ ਤੇ ਮਨਮੁਖ ਟੀਚਾ ਗਵਾ ਲੈਂਦਾ ਹੈ ਭਾਵੇਂ ਕਿ ਦੋਹਾਂ ਪਿੱਛੇ ਕਾਦਿਰ ਹੈ, ‘‘ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥’’ (ਸੋ ਪੁਰਖੁ/ਮਹਲਾ ੪/ ੧੧)

ਰੱਬ ਨੂੰ ਪ੍ਰਸੰਨ ਕਰਨ ਵਾਲਿਆਂ ਦੀ ਰੀਸ ਦਾ ਹੱਠ (ਬਰਾਬਰੀ) ਕਰਨ ਵਾਲੀ ਮੂਰਖ ਮਾਨਸਿਕਤਾ; ਆਪਣੇ ਵੱਲੋਂ ਕੀਤੀ ਥੋੜ੍ਹੀ ਸੇਵਾ ਬਦਲੇ ਵੱਧ ਫਲ਼ ਭਾਲਦੀ ਹੈ ਕਿਉਂਕਿ ਮੰਨ ਬੈਠੀ ਹੈ ਕਿ ਮੈਂ ਮੰਜ਼ਲ ਪਾ ਲਈ; ਇਉਂ ਰੱਬੀ ਮਹਲ (ਰੂਹਾਨੀਅਤ ਬਲ) ਨਹੀਂ ਪਾ ਸਕਦੀ, ‘‘ਸੇਵਾ ਥੋਰੀ; ਮਾਗਨੁ ਬਹੁਤਾ ॥ ਮਹਲੁ ਨ ਪਾਵੈ; ਕਹਤੋ ਪਹੁਤਾ ॥੧॥ ਜੋ ਪ੍ਰਿਅ ਮਾਨੇ; ਤਿਨ ਕੀ ਰੀਸਾ ॥ ਕੂੜੇ ਮੂਰਖ ਕੀ; ਹਾਠੀਸਾ ॥੧॥ ਰਹਾਉ ॥’’ (ਮਹਲਾ ੫/ ੭੩੮) ਰੱਬੀ ਭਗਤੀ ਕਰਨ ਬਦਲੇ ਅਹਿੰਸਕ ਸਮਾਜ ਦੀ ਮੰਗ ਰੱਖਣਾ; ਤਾਂ ਜੋ ਬਿਨਾਂ ਕਿਸੇ ਸੰਘਰਸ਼ ਕੀਤਿਆਂ ਸੁਖਦਾਈ ਜੀਵਨ ਬਣਿਆ ਰਹੇ, ਗੁਰਮਤਿ ਨਹੀਂ ਹੈ। ਅਜਿਹਾ ਅਪੰਗ ਮਨ ਸਗੋਂ ਰੱਬ ’ਤੇ ਸੰਦੇਹ ਪ੍ਰਗਟਾਉਂਦਾ ਹੈ। ਜੇ ਰੱਬ ਹੀ ਸਭ ਕੁਝ ਕਰਨ-ਕਰਾਵਣਹਾਰ ਹੈ ਤਾਂ ਪਾਪੀ ਲੋਕ ਕਿਉਂ ਪੈਦਾ ਕੀਤੇ? ਭਾਵ ਮੈਥੋਂ ਕਿਸੇ ਸੰਘਰਸ਼ ਦੀ ਉਮੀਦ ਕਿਉਂ ਰੱਖੀ? ਅਜਿਹੀ ਬੇਇਤਬਾਰੀ, ਮਨ ਨੂੰ ਸਥਿਰ ਨਹੀਂ ਹੋਣ ਦਿੰਦੀ। ਬੰਦਾ ਆਪਣੀ ਸਮਝ ਨਾਲ ਸਥਿਰ ਹੋਣਾ ਲੋਚਦਾ ਹੈ, ਪਰ ਸਫਲ ਨਹੀਂ ਹੁੰਦਾ। ਚਾਰੋਂ ਤਰਫ਼ ਦੁਸ਼ਮਣ ਵੇਖ ਚਿੰਤਾਤੁਰ ਹੁੰਦਾ ਹੈ। ਜਗਤ ਨੂੰ ਖੇਡ/ਮੱਲ ਅਖਾੜੇ ਵਜੋਂ (ਧਰਮ) ਮੰਨ ਕੇ ਸੰਘਰਸ਼ ਨਹੀਂ ਕਰਦਾ। ਮਨਮਤ ਲਈ ਖੰਡੇਧਾਰ (ਖੰਨਿਅਹੁ ਤਿਖੀ ਵਾਲਹੁ ਨਿਕੀ) ਹੀ ਅਨੰਦ ਬਾਣੀ (ਅਨੰਦਿਤ ਜੀਵਨ) ’ਚ ਚਾਲ ਨਿਰਾਲੀ ਬਣ ਜਾਂਦੀ ਹੈ, ‘‘ਕਹੈ ਨਾਨਕੁ ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ ॥’’ (ਅਨੰਦ/ਮਹਲਾ ੩/੯੧੯)

ਸੋ ਧਰਮ ਨੇ ਮਨੁੱਖ ਨੂੰ ਐਸਾ ਤਿਆਰ ਕਰਨਾ ਹੁੰਦਾ ਹੈ ਤਾਂ ਜੋ ਉਹ ਰੱਬ ਦਾ ਸੇਵਕ ਬਣ ਰੂਹਾਨੀਅਤ ਸ਼ਕਤੀ ਨਾਲ ਸਮਾਜਕ ਬੁਰਿਆਈਆਂ ਵਿਰੁਧ ਸੰਘਰਸ਼ ਕਰਦਾ ਜੀਵਨ ਬਤੀਤ ਕਰੇ।  ਧਰਮ ਕਮਾਉਣ ਦੀ ਮਨਸ਼ਾ ਨਾਲ ਘਰ-ਗ੍ਰਹਿਸਤੀ ਤੇ ਸਮਾਜ ਦਾ ਤਿਆਗ ਕਰ ਕਿਤੇ ਦੂਰ ਜਾ ਬੈਠਣਾ ਜਾਂ ਧਰਮੀ ਬਣਨ ਬਦਲੇ ਸਮਾਜ ’ਚੋਂ ਕੋਈ ਸਰੀਰਕ ਕਸ਼ਟ ਰਹਿਤ ਉਮੀਦ ਲਗਾ ਬੈਠਣਾ, ਗੁਰਮਤਿ ਦਾ ਧਰਮ ਤਾਂ ਨਹੀਂ।

ਧਰਮ ਦੇ ਇਨ੍ਹਾਂ ਗੁਣਾਂ ਦੀ ਨਾਸਮਝੀ ਹੀ ਬਹੁਤਿਆਂ ਨੂੰ ਧਰਮ ਤੋਂ ਇਨਕਾਰੀ ਬਣਾ ਦਿੰਦੀ ਹੈ ਜਾਂ ਨਿਜੀ ਲੋੜਾਂ ਕਾਰਨ ਧਾਰਮਿਕ ਲਿਬਾਸ ਤੱਕ ਸੀਮਤ ਕਰ ਰੱਖਦੀ ਹੈ। ਇਹ ਦੋਵੇਂ ਹੀ ਪੱਖ ਧਰਮ ਦੇ ਕ੍ਰਾਂਤੀਕਾਰੀ ਤੇ ਅਨੰਦਿਤ ਰਾਹ ਦੇ ਰੋੜੇ ਹਨ। ਧਰਮ ਮਨੁੱਖ ਨੂੰ ਰੱਬੀ ਸੇਵਕ, ਨਿਮਾਣਾ, ਆਸਾਵਾਦੀ, ਅਣਖੀਲਾ, ਜੁਝਾਰੂ ਬਣਾ ਕੇ ਵੀ ਅਨੰਦਿਤ ਤੇ ਖ਼ੁਸ਼ਹਾਲ ਰੱਖਦਾ ਹੈ, ਜੋ ਹੋਰਨਾਂ ਦੀ ਕਠਿਨਾਈ ’ਚ ਭਾਈਵਾਲ ਬਣਨ ਦੀ ਹਿੰਮਤ ਜੁਟਾਉਂਦਾ ਹੈ ਜਦਕਿ ਧਰਮ ਵਿਹੂਣਾ ਜੀਵਨ ਨਿਰਾਸ਼ਾਵਾਦੀ ਤੇ ਭੇਦ-ਭਾਵ ਔਗੁਣਾਂ ਕਾਰਨ ਸਦਾ ਚਿੰਤਾਤੁਰ ਰਹਿੰਦਾ ਹੈ ਕਿਉਂਕਿ ਉਮੀਦਾਂ ਬਹੁਤ ਪਾਲ਼ੀਆਂ ਹੁੰਦੀਆਂ ਹਨ।

ਗੁਰੂ ਨਾਨਕ ਸਾਹਿਬ ਜੀ ਨੇ ਰੂਹਾਨੀਅਤ ਸ਼ਕਤੀ ਨੂੰ ਮਾਨਵਤਾ ਦੇ ਅਧਿਕਾਰਾਂ ਦੀ ਰਾਖੀ ਲਈ ਵਰਤਣ ਵਾਸਤੇ ਇਹ ਵਚਨ ਉਚਾਰੇ ਹਨ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮਹਲਾ ੧/ ੧੪੧੨) ਔਰੰਗਜ਼ੇਬ ਦੇ ਅੱਤਿਆਚਾਰ ਕਾਰਨ ਨਮੋਸ਼ ਧਾਰ ਬੈਠੀ ਭਾਰਤੀ ਜਨਤਾ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ!  ਗਿਆਨੀ ਤਾਹਿ ਬਖਾਨਿ ॥’’ (ਮਹਲਾ ੯/ ੧੪੨੭) ਵਚਨ ਉਚਾਰ ਕੇ ਨਵੀਂ ਜ਼ਿੰਦਗੀ ਬਖ਼ਸ਼ੀ ਸੀ। ਇਹੀ ਰੂਹਾਨੀਅਤ ਸ਼ਕਤੀ ਗੁਰੂ ਨਾਨਕ ਸਾਹਿਬ ਜੀ ਨੂੰ ਮੱਕੇ ਦੇ ਕਾਜ਼ੀਆਂ ਕੋਲ, ਪਰਬਤਾਂ ਦੀਆਂ ਗੁਫ਼ਾਵਾਂ ’ਚ, ਹਰਿਦੁਆਰ ਦੇ ਪਾਂਡਿਆਂ ਕੋਲ ਅਤੇ ਜਗਨਨਾਥ ਪੁਰੀ ਦੇ ਮੰਦਿਰਾਂ ਆਦਿਕ ਤੱਕ ਲੈ ਗਈ, ਜਿਨ੍ਹਾਂ ਸਚਾਈ ਬਿਆਨ ਕਰਦਿਆਂ ਕੋਈ ਡਰ ਜਾਂ ਤੌਖਲਾ (ਘਬਰਾਹਟ) ਮਹਿਸੂਸ ਨਾ ਕੀਤਾ।

ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ (ਮੀਰੀ-ਪੀਰੀ) ਪਹਿਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਉਕਤ ਵਚਨਾਂ ਨੂੰ ਵਿਹਾਰਿਕ-ਅਮਲਾਂ ’ਚ ਲਿਆਂਦਾ ਸੀ ਅਤੇ ਦਸਮੇਸ਼ ਪਿਤਾ ਨੇ ਕਿਰਪਾਨ ਨੂੰ ਪੰਜ ਕਕਾਰਾਂ ’ਚ ਸ਼ਾਮਲ ਕਰ, ਨਾ ਬਲਕਿ ਸਿੱਖ ਕੌਮ ਨੂੰ ਸ਼ਸਤਰਧਾਰੀ ਬਣਾਇਆ ਸਗੋਂ ਹੋਲਾ ਮਹੱਲਾ ਮਨਾਉਣ ਦੀ ਪਰੰਪਰਾ ਵੀ ਲਾਗੂ ਕੀਤੀ ਤਾਂ ਜੋ ਸ਼ਸਤਰ ਅਭਿਆਸ ਕਰਦਿਆਂ ਸਿੱਖਾਂ ਅੰਦਰ ਸਦਾ ਕੁਰਬਾਨੀ ਦਾ ਜਜ਼ਬਾ ਬਣਿਆ ਰਹੇ, ਨਾ ਕਿ ਅੰਦਰੋਂ ਬੁਜ਼ਦਿਲ (ਗਧੇ) ਅਤੇ ਬਾਹਰੋਂ ਲਿਬਾਸਧਾਰੀ ਸਿੰਘ (ਸ਼ੇਰ) ਬਣਨ। ਅਨੰਦਪੁਰ ਸਾਹਿਬ ਵਿਖੇ ਖੋਤੇ ’ਤੇ ਸ਼ੇਰ ਦੀ ਖੱਲ ਪਾਉਣ ਵਾਲੀ ਸਾਖੀ ਇਸੇ ਦੂਰ ਅੰਦੇਸ਼ੀ ਦੀ ਇੱਕ ਕੜੀ ਮਾਤਰ ਹੈ।

ਗੁਰੂ ਸਾਹਿਬਾਨ ਨੇ ਹੋਲਾ ਮਹੱਲਾ ਨੂੰ ਹਿੰਦੂ ਭਾਈਚਾਰੇ ਦੀ ਹੋਲੀ ਵਾਲੇ ਦਿਨ ਨਾਲ ਜੋੜ ਕੇ ਮਨਾਉਣ ਨੂੰ ਤਰਜੀਹ ਦਿੱਤੀ। ਇਸ ਦੇ ਦੋ ਕਾਰਨ ਸਨ। ਪਹਿਲਾ ਇਹ ਕਿ ਸਿੱਖ; ਅਨਮਤ ਦੇ ਪ੍ਰਭਾਵ ਹੇਠ ਨਾ ਆਉਣ; ਜਿਵੇਂ ਕਿ ਹਿੰਦੂਆਂ ’ਚ ਆਮ ਪ੍ਰਚਲਿਤ ਹੈ ਕਿ ਮਿਰਤਕ ਪ੍ਰਾਣੀ ਦੀਆਂ ਅਸਥੀਆਂ ਹਰਿਦੁਆਰ ਜਲ-ਪ੍ਰਵਾਹ ਕੀਤੀਆਂ ਜਾਣ, ਇਸ ਦੇ ਬਦਲ ਵਜੋਂ ਸਿੱਖਾਂ ਨੂੰ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਪਾਉਣ ਵੱਲ ਪ੍ਰੇਰਿਆ ਤਾਂ ਜੋ ਸਾਡੀ ਵਿਲੱਖਣਤਾ ਕਾਇਮ ਰਹੇ। ਵੈਸੇ ਗੁਰਮਤਿ ਅਸੂਲਾਂ ਮੁਤਾਬਕ ਜ਼ਰੂਰੀ ਨਹੀਂ ਕਿ ਹਰ ਸਿੱਖ ਦੀਆਂ ਅਸਥੀਆਂ ਕੀਰਤਪੁਰ ਵਿਖੇ ਹੀ ਪਾਈਆਂ ਜਾਣ। ਸਿੱਖ ਰਹਿਤ ਮਰਿਆਦਾ ’ਚ ਦਰਜ ਹੈ ਕਿ ‘ਮਿਰਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ’ਤੇ ਭਸਮ ਅਸਥੀਆਂ ਸਮੇਤ ਉਠਾ ਕੇ (ਕਿਤੇ ਵੀ) ਜਲ ਪ੍ਰਵਾਹ ਕੀਤਾ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਿਮੀਂ ਬਰਾਬਰ ਕਰ ਦਿੱਤੀ ਜਾਵੇ ਤਾਂ ਜੋ ਓਥੇ ਕੋਈ ਯਾਦਗਾਰ ਨਾ ਬਣੇ।’

(ਨੋਟ: ਨਾਨਕਸ਼ਾਹੀ ਕੈਲੰਡਰ ਵੀ ਨਿਆਰੇਪਣ ਦਾ ਪ੍ਰਤੀਕ ਹੀ ਹੈ, ਪਰ ਅਫ਼ਸੋਸ ਕਿ ਹਿੰਦੂ ਸੋਚ ਤੋਂ ਪ੍ਰਭਾਵ ਸਿੱਖ ਰੁਕਾਵਟ ਬਣਦੇ ਆ ਰਹੇ ਹਨ।)

ਦੂਸਰਾ ਸਿੱਖਾਂ ਅੰਦਰੋਂ ਅੰਧਵਿਸ਼ਵਾਸ ਨੂੰ ਖ਼ਤਮ ਕਰਨਾ ਸੀ, ਜੋ ਸੁਰਤ ਵਿਕਾਸ ’ਚ ਸਦੀਆਂ ਤੋਂ ਰੁਕਾਵਟ ਦਾ ਸਬੱਬ ਬਣਦਾ ਰਿਹਾ; ਜਿਵੇਂ ਹਿੰਦੂ ਮਿਥਿਹਾਸ ਹੈ ਕਿ ਦੈਂਤਾਂ ਦਾ ਰਾਜਾ ਹਰਨਾਖਸ਼; ਆਪਣੇ ਪੁੱਤਰ ਪ੍ਰਹਿਲਾਦ ਦੀ ਵਿਸ਼ਨੂ (ਦੇਵ) ਭਗਤੀ ਤੋਂ ਤੰਗ ਸੀ। ਉਸ ਨੇ ਕਈ ਵਾਰ ਇਨ੍ਹਾਂ ਨੂੰ ਮਾਰਨਾ ਚਾਹਿਆ ਪਰ ਇਹ ਹਰ ਵਾਰ ਬਚ ਜਾਂਦੇ। ਹਰਨਾਖਸ਼ ਨੇ ਆਪਣੀ ਭੈਣ (ਪ੍ਰਹਿਲਾਦ ਦੀ ਭੂਆ) ‘ਹੋਲਿਕਾ’ ਦੀ ਮਦਦ ਲਈ ਕਿਉਂਕਿ ਉਸ ਨੂੰ ਵਰ ਮਿਲਿਆ ਸੀ ਕਿ ਅੱਗ ’ਚ ਨਹੀਂ ਸੜੇਗੀ। ਹਰਨਾਖਸ਼ ਨੇ ਬਾਲਕ ਪ੍ਰਹਿਲਾਦ ਨੂੰ ਹੋਲਿਕਾ ਦੀ ਗੋਦ ’ਚ ਚਿਖ਼ਾ ’ਤੇ ਬੈਠਾ ਕੇ ਅੱਗ ਲਵਾ ਦਿੱਤੀ, ਫਿਰ ਵੀ ਹੋਲਿਕਾ ਜਲ਼ ਗਈ ਤੇ ਪ੍ਰਹਿਲਾਦ ਬਚ ਗਿਆ। ਹਿੰਦੂ, ਹੋਲੀ ਨੂੰ ਦੋ ਦਿਨ ਮਨਾਈਦੇ ਹਨ। ਇੱਕ ਦਿਨ ਹੋਲਿਕਾ ਜਲ਼ਾਈ ਜਾਂਦੀ ਹੈ ਤੇ ਅਗਲੇ ਦਿਨ ਇੱਕ ਦੂਜੇ ’ਤੇ ਪਿਆਰ ਵਜੋਂ ਰੰਗ ਪਾ ਕੇ ਖ਼ੁਸ਼ੀ ਮਨਾਈ ਜਾਂਦੀ ਹੈ। ਇਸ ਮਿੱਥ ਦੇ ਪਿਛੋਕੜ ’ਚ ਜਾਈਏ ਤਾਂ ਦੈਂਤ ਹਰਨਾਖਸ਼ ਵੀ ਲੰਕਾ ਪਤੀ ਰਾਵਣ ਵਾਙ ਦੱਖਣ ਭਾਰਤ ਦਾ ਰਾਜਾ ਰਿਹਾ ਹੈ, ਇਸ ਲਈ ਓਥੇ ਅਜੇ ਵੀ ਦਸਹਿਰਾ ਤੇ ਹੋਲੀ ਨਹੀਂ ਮਨਾਈ ਜਾਂਦੀ। ਇਹ ਦੋਵੇਂ ਉੱਤਰ ਭਾਰਤ ਦੇ ਤਿਉਹਾਰ ਹਨ। ਦੱਖਣ ਭਾਰਤ ਦ੍ਰਾਵਿੜ ਇਲਾਕਾ ਹੋਣ ਕਾਰਨ ਰਾਜਿਆਂ ਨੂੰ ਦੈਂਤ ਕਿਹਾ ਗਿਆ ਅਤੇ ਉੱਤਰ ਭਾਰਤ ’ਚ ਆਰੀਅਨ ਰਾਜਿਆਂ ਨੂੰ ਦੇਵਤੇ ਆਖਿਆ ਗਿਆ। ਗੁਰਬਾਣੀ ਵਚਨ ਹਨ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/ ੪੨੩) ਭਾਰਤ ’ਚ 73% ਲੋਕ ਆਰੀਅਨ ਬੋਲੀ (ਹਿੰਦੀ) ਬੋਲਦੇ ਹਨ ਜਦਕਿ 24% ਲੋਕ ਦ੍ਰਾਵਿੜ ਭਾਸ਼ਾ ਦੱਖਣ ’ਚ ਅਪਣਾਏ ਹੋਏ ਹਨ।

ਹੋਲੀ; ਫੱਗਣ ਦੀ ਪੂਰਨਮਾਸ਼ੀ ਅਤੇ ਬਸੰਤ ਰੁਤ ਦਾ ਤਿਉਹਾਰ ਹੋਣ ਕਾਰਨ ਗੁਰੂ ਅਰਜਨ ਸਾਹਿਬ ਜੀ ਵੀ ਬਸੰਤ ਰਾਗ ’ਚ ਆਪਣਾ ਇੱਕ ਸ਼ਬਦ ਕੱਚੀ ਹੋਲੀ ਬਨਾਮ ਪੱਕੀ ਹੋਲੀ (ਰੱਬੀ ਮਿਲਾਪ) ਵਜੋਂ ਦਰਜ ਕਰਦੇ ਹਨ। ਰੱਬੀ ਪੱਕੇ ਲਾਲ-ਰੰਗ (ਪਿਆਰ) ਦੇ ਮੁਕਾਬਲੇ ਹੋਲੀ ਦਾ ਕੱਚਾ-ਲਾਲ ਰੰਗ ਫਿੱਕਾ ਹੈ। ਰੱਬੀ ਹੋਲੀ ਸੰਤ ਜਨਾਂ ਨਾਲ ਮਿਲ ਕੇ ਖੇਡੀ ਜਾਂਦੀ ਹੈ, ਜੋ ਏਕਤਾ ਕਾਇਮ ਕਰਦੀ ਹੈ, ਪਰ ਕੱਚੀ ਹੋਲੀ ਵਿਵਾਦ ਤੇ ਆਪਸੀ ਨਫ਼ਰਤ ਨੂੰ ਜਨਮ ਦਿੰਦੀ ਹੈ। ਪੂਰਾ ਸ਼ਬਦ ਹੈ, ‘‘ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ; ਭੇਟੇ ਗੋਬਿੰਦ ॥੧॥  ਆਜੁ ਹਮਾਰੈ ਗ੍ਰਿਹਿ; ਬਸੰਤ ॥ ਗੁਨ ਗਾਏ ਪ੍ਰਭ!  ਤੁਮ੍ ਬੇਅੰਤ ॥੧॥ ਰਹਾਉ ॥ ਆਜੁ ਹਮਾਰੈ; ਬਨੇ ਫਾਗ (ਫੱਗਣ ਭਾਵ ਬਸੰਤ)॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥  ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ; ਅਤਿ ਲਾਲ ਦੇਵ ॥੨॥  ਮਨੁ ਤਨੁ ਮਉਲਿਓ (ਖਿੜਿਆ); ਅਤਿ ਅਨੂਪ ॥ ਸੂਕੈ ਨਾਹੀ; ਛਾਵ ਧੂਪ (ਵਿੱਚ ਵੀ)॥ ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ; ਗੁਰ ਮਿਲੇ ਦੇਵ ॥੩॥ ਬਿਰਖੁ ਜਮਿਓ ਹੈ; ਪਾਰਜਾਤ (ਇੱਛਾਂ ਪੂਰਕ ਕਲਪਿਤ ਰੁੱਖ)॥  ਫੂਲ ਲਗੇ ਫਲ ਰਤਨ ਭਾਂਤਿ ॥ ਤ੍ਰਿਪਤਿ ਅਘਾਨੇ; ਹਰਿ ਗੁਣਹ ਗਾਇ (ਕੇ)॥  ਜਨ ਨਾਨਕ ! ਹਰਿ ਹਰਿ; ਹਰਿ ਧਿਆਇ (ਕੇ) ॥੪॥੧॥ (ਬਸੰਤੁ/ਮਹਲਾ ੫/ ੧੧੮੦), ਪਰ ਅਫ਼ਸੋਸ ਕਿ ਇਹੀ ਪਾਵਨ-ਸ਼ਬਦ ਹੋਲੀ ’ਤੇ ਪੜ੍ਹਦਿਆਂ ਵੀ ਹਿੰਦੂ ਸੋਚ ਤੋਂ ਪ੍ਰਭਾਵਤ ਕੁਝ ਸਿੱਖ ਕੱਚੇ ਰੰਗ ਨਾਲ ਆਪਣਾ ਮੂੰਹ-ਸਿਰ ਗੰਦਾ ਕਰ ਰਹੇ ਹੁੰਦੇ ਹਾਂ।

‘ਹੋਲਾ ਮੁਹੱਲਾ’ ਪੁਰਬ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਚੇਤ ਵਦੀ ਏਕਮ ਸੰਮਤ 1757 (ਸੰਨ 1701) ਨੂੰ ਤਦ ਬੰਨ੍ਹਿਆ ਜਦ ਭਾਰਤ ਦੀ ਲੁਕਾਈ ਮੁਰਦਾ ਹੋ ਚੁੱਕੀ ਸੀ।  ਉਸ ਵੇਲੇ ਦੇ ਜਾਬਰ ਤੇ ਜ਼ਾਲਮ ਹਾਕਮਾਂ ਖ਼ਿਲਾਫ਼ ਸੰਘਰਸ਼ ਕਰਨ ਲਈ ਅਤੇ ਕੌਮ ’ਚ ਨਵਾਂ ਜੋਸ਼ ਪੈਦਾ ਕਰਨ ਲਈ ਪੁਰਾਤਨ ‘ਹੋਲੀ’ ਦੇ ਤਿਉਹਾਰ ਨੂੰ ਨਵਾਂ ਰੂਪ ‘ਹੋਲਾ ਮਹੱਲਾ’ ਦੇਣ ਦੀ ਪਰੰਪਰਾ ਆਰੰਭ ਕੀਤੀ।

ਡਾਕਟਰ ਰਤਨ ਸਿੰਘ ਜੱਗੀ (ਲੇਖਕ ਸਿੱਖ ਪੰਥ ਵਿਸ਼ਵਕੋਸ਼) ਮੁਤਾਬਕ, ਠਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨੰਤਰ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖਾਲਸੇ ਨੂੰ ਯੁੱਧ ਵਿੱਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪਰੰਪਰਾ ਤੋਂ ਹਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ ਪ੍ਰਕ੍ਰਿਆ ਨਾਲ ਜੋੜਿਆ। ਇਹ, ਅਸਲ ਵਿੱਚ ਸਿੱਖ ਸੈਨਿਕਾਂ ਨੂੰ ਅਭਿਆਸ ਕਰਾਉਣ ਲਈ ਇੱਕ ਬਣਾਵਟੀ ਯੁੱਧ ਹੁੰਦਾ ਸੀ। ਸੈਨਿਕਾਂ ਨੂੰ ਦੋ ਦਲਾਂ ਵਿੱਚ ਵੰਡ ਕੇ ਇੱਕ ਦਲ ਨੂੰ ਸਫ਼ੈਦ ਅਤੇ ਦੂਜੇ ਨੂੰ ਕੇਸਰੀ ਬਸਤਰ ਪਾਉਣ ਲਈ ਕਿਹਾ ਜਾਂਦਾ ਸੀ। ਬਣਾਵਟੀ ਜੰਗ ਦੇ ਕਈ ਰੂਪ ਹੁੰਦੇ ਹਨ। ਮੁੱਖ ਤੌਰ ’ਤੇ ਦੋਹਾਂ ਦਲਾਂ ਨੂੰ ਲੋਹਗੜ੍ਹ ਉੱਤੇ ਕਬਜ਼ਾ ਕਰਨ ਲਈ ਪ੍ਰੇਰਿਆ ਜਾਂਦਾ ਸੀ। ਜੋ ਦਲ ਪਹਿਲਾਂ ਕਬਜ਼ਾ ਕਰਦਾ, ਉਸ ਨੂੰ ਇਨਾਮ ਤੇ ਸਿਰੋਪੇ ਦਿੱਤੇ ਜਾਂਦੇ ਜਾਂ ਫਿਰ ਇੱਕ ਦਲ ਨੂੰ ਲੋਹਗੜ੍ਹ ਉੱਤੇ ਕਾਬਜ਼ ਦੱਸਿਆ ਜਾਂਦਾ ਅਤੇ ਦੂਜੇ ਦਲ ਵਾਲੇ ਕਾਬਜ਼ ਦਲ ਨੂੰ ਵੈਰੀ ਸਮਝ ਕੇ ਉਸ ਤੋਂ ਕਿਲ੍ਹਾ ਖੋਹਣ ਦਾ ਉੱਦਮ ਕਰਦੇ। ਜਿੱਤਣ ਵਾਲੇ ਦਲ ਨੂੰ ਖ਼ੂਬ ਇਨਾਮ ਦਿੱਤੇ ਜਾਂਦੇ। ਇਸ ਮੌਕੇ ਸੱਤ ਦਿਨ ਦੀਵਾਨ ਸੱਜਦੇ, ਕਥਾ ਕੀਰਤਨ ਹੁੰਦਾ, ਵਾਰਾਂ ਗਾਈਆਂ ਜਾਂਦੀਆਂ, ਅਨੇਕ ਤਰ੍ਹਾਂ ਦੀਆਂ ਫ਼ੌਜੀ ਕਵਾਇਦਾਂ ਜਾਂ ਮਸਕਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਇਨ੍ਹਾਂ ਸਾਰੀਆਂ ਕਾਰਵਾਈਆਂ ਵਿੱਚ ਗੁਰੂ ਸਾਹਿਬ ਰੁਚੀ-ਪੂਰਵਕ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ।

ਅੰਤ ’ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੇ ਜ਼ਫ਼ਰਨਾਮਾ-ਪੱਤਰ ਦਾ ਇਹ ਭਾਗ ਵੀ ਵਾਚਣਯੋਗ ਹੈ ਕਿ ਜਦ ਦੁਸ਼ਮਣ ਨਾਲ ਸੁਲ੍ਹਾ-ਸਫ਼ਾਈ ਦੇ ਸਾਰੇ ਹੀਲੇ-ਵਸੀਲੇ ਖ਼ਤਮ ਹੋ ਜਾਣ ਤਾਂ ਹੱਥ ’ਚ ਸ਼ਮਸ਼ੀਰ (ਕਿਰਪਾਨ) ਪਕੜਨੀ ਗੁਰਮਤਿ ਦਾ ਧਰਮ ਹੈ, ‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ॥੨੨॥’’ ਇਸ ਦੀ ਤਿਆਰੀ ਲਈ ‘ਹੋਲਾ ਮਹੱਲਾ’ ਯੁੱਧ-ਅਭਿਆਸ ਵੀ ਜ਼ਰੂਰੀ ਹੈ ਤਾਂ ਜੋ ਖ਼ਾਲਸਾ ਰੂਹਾਨੀਅਤ ਸ਼ਕਤੀ ਉਪਰੰਤ ਮਾਨਸਿਕ ਤੇ ਸਰੀਰਕ ਪੱਖੋਂ ਵੀ ਬੇਸਹਾਰਿਆਂ ਦਾ ਸਹਾਰਾ ਬਣਨ ਲਈ ਤਿਆਰ-ਬਰ-ਤਿਆਰ ਰਹੇ। ਅਜਿਹੀ ਅਣਖ ਭਰੀ ਜ਼ਿੰਦਗੀ ਜਿਊਣ ਲਈ ਇਸ ਪੁਰਬ ’ਤੇ ਦਿੱਲੋਂ ਗੁਰੂ ਅੱਗੇ ਅਰਦਾਸ ਕਰ ਪ੍ਰਣ ਕਰਨਾ ਹਰ ਗੁਰਸਿੱਖ ਦਾ ਫ਼ਰਜ਼ ਹੈ ਤਾਂ ਜੋ ਪਿਛਲੇ ਸਾਲ ਵਾਙ ਇਹ ਪੁਰਬ ਵੀ ਕਿਤੇ ਇੱਕ ਮੇਲਾ ਬਣ ਕੇ ਹੀ ਨਾ ਰਹਿ ਜਾਵੇ।