ਗੂੰਗਾ ਅਤੇ ਗੂੰਗੇ ਕੀ ਮਠਿਆਈ
ਅਵਤਾਰ ਸਿੰਘ ਮਿਸ਼ਨਰੀ
ਗੂੰਗਾ-ਫ਼ਾਰਸੀ ਦਾ ਵਿਸ਼ੇਸ਼ਣ ਸ਼ਬਦ ਹੈ ‘ਗੁੰਗ’, ਜੋ ਬੋਲ ਨਾ ਸਕੇ। ਸਰੀਰ ਕਰ ਕੇ ਜੋ ਬੋਲ ਨਾ ਸਕੇ ਉਸ ਨੂੰ ਗੂੰਗਾ ਕਿਹਾ ਜਾਂਦਾ ਹੈ, ਉਹ ਇਸ਼ਾਰਿਆਂ ਨਾਲ ਹੀ ਦੱਸ ਸਕਦਾ ਹੈ; ਇਵੇਂ ਹੀ ਮਨ ਕਰ ਕੇ ਗੂੰਗੇ ਮਨੁੱਖ ਬਾਰੇ ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਿਸ ਨੂੰ ਸੱਚੇ ਗੁਰਦੇਵ ਦੀ ਸੋਝੀ ਨਹੀਂ, ਅੱਗੋਂ ਦੂਜਾ ਜਿਸ ਨੂੰ ਇਹ ਨਹੀਂ ਪਤਾ ਕਿ ਮੈ ਕੀ ਸਮਝਣਾ-ਜਾਣਨਾ ਹੈ ? ਆਪੂੰ ਬਣੇ ਦੰਬੀ ਗੁਰੂ ਨੂੰ ਵੀ ਸਮਝ ਨਹੀਂ ਹੁੰਦੀ ਕਿ ਜੀਵਨ ਬੁਝਾਰਤ, ਮਨ ਦੀ ਘੁੰਡੀ ਕਿਵੇਂ ਖੋਲ੍ਹਣੀ ਹੁੰਦੀ ਹੈ ?, ‘‘ਜੈਸੇ ਗੁੰਗ, ਗੁੰਗ ਪਹਿ ਬਚਨ ਬਿਬੇਕ ਪੂਛੇ ਚਾਹੇ; ਬੋਲਿ ਨ ਸਕਤ, ਕੈਸੇ ਸਬਦੁ ਸੁਨਾਵਈ ?। ਬਿਨੁ ਸਤਿਗੁਰ, ਖੋਜੈ ਬ੍ਰਹਮ ਗਿਆਨ ਧਿਆਨ; ਅਨਿਥਾ ਅਗਿਆਨ ਮਤ ਆਨ ਪੈ ਨ ਪਾਵਈ ॥੪੭੪॥ (ਭਾਈ ਗੁਰਦਾਸ ਜੀ : ਕਬਿੱਤ ੪੭੪), ਆਨ ਦੇਵ ਸੇਵਕ; ਨ ਜਾਨੈ ਗੁਰਦੇਵ ਸੇਵ; ਗੂੰਗੇ ਬਹਰੇ, ਨ ਕਹਿ ਸੁਨਿ ਮਨੁ ਮਾਨਈ ॥੪੭੦॥ (ਭਾਈ ਗੁਰਦਾਸ ਜੀ : ਕਬਿੱਤ ੪੭੦), ਗੁੰਗਾ ਪੈ ਪੜਨ ਜਾਇ ਜੋਤਕ ਬੈਦਕ ਬਿਦਿਆ; ਬਹਰਾ ਪੈ ਰਾਗ ਨਾਦ ਅਨਿਥਾ ਅਭੂਲਿ ਕੋ। ਤੈਸੇ ਆਨ ਦੇਵ ਸੇਵ, ਦੋਖ ਮੇਟਿ ਮੋਖ ਚਾਹੈ; ਬਿਨੁ ਸਤਿਗੁਰ, ਦੁਖ ਸਹੈ ਜਮ ਸੂਲ ਕੋ ॥੪੭੫॥’’ (ਭਾਈ ਗੁਰਦਾਸ ਜੀ : ਕਬਿੱਤ ੪੭੫)
ਗੂੰਗੇ ਕੀ ਮਠਿਆਈ-ਜੋ ਬੋਲਣ ਤੋਂ ਅਸਮਰੱਥ ਭਾਵ ਅਕਹਿ ਨੂੰ ਕਥਨ ਨਾ ਕਰ ਸਕੇ, ਬਾਰੇ ਇਹ ਫ਼ੁਰਮਾਨ ਵਰਤਿਆ ਜਾਂਦਾ ਹੈ ਅਤੇ ਜਦ ਰੱਬੀ ਪਿਆਰੇ ਅੰਦਰ ਖਾਲਕ ਤੇ ਖਲਕਤ ਦੇ ਅਗੰਮੀ ਪਿਆਰ ਦੀ ਝਲਕ ਫੁੱਟ ਪੈਂਦੀ ਹੈ, ਇਸ ਅਨੁਭਵ ਨੂੰ ਕਿਸੇ ਵੀ ਦੁਨਿਆਵੀ ਭਾਸ਼ਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਜੀ ਇਸ ਬਾਰੇ ਬਾਣੀ ’ਚ ਦਰਸਾਉਂਦੇ ਹਨ ਕਿ ਜਿਵੇਂ ਕਿਸੇ ਗੂੰਗੇ ਨੂੰ ਸ਼ੱਕਰ, ਗੁੜ ਜਾਂ ਮਠਿਆਈ ਖਵਾ ਕੇ ਪੁੱਛੀਏ ਕਿ ਹੇ ਭਾਈ ! ਇਸ ਦਾ ਸਵਾਦ ਦੱਸ ਤਾਂ ਉਹ ਮੁਸਕਰਾਉਂਦਾ ਹੋਇਆ ਰਸ ਮਾਣਦਾ ਅੱਖਾਂ ਬੰਦ ਕਰਕੇ ਸਿਰ ਹੀ ਹਿਲਾ ਸਕਦਾ ਹੈ ਪਰ ਬੋਲ ਕੇ ਸਵਾਦ ਨਹੀਂ ਦੱਸ ਸਕਦਾ, ‘‘ਜਿਨਿ ਇਹ ਚਾਖੀ ਸੋਈ ਜਾਣੈ; ਗੂੰਗੇ ਕੀ ਮਿਠਿਆਈ ॥ (ਮਹਲਾ ੪/੬੦੭), ਹਰਿ ਗੁਨ ਕਹਤੇ, ਕਹਨੁ ਨ ਜਾਈ ॥ ਜੈਸੇ; ਗੂੰਗੇ ਕੀ ਮਿਠਿਆਈ ॥੧॥ ਰਹਾਉ ॥ (ਭਗਤ ਭੀਖਨ ਜੀ/੬੫੯), ਐਸੋ ਬੇਢੀ ਬਰਨਿ ਨ ਸਾਕਉ; ਸਭ ਅੰਤਰ, ਸਭ ਠਾਂਈ ਹੋ ॥ ਗੂੰਗੈ (ਨੇ), ਮਹਾ ਅੰਮ੍ਰਿਤ ਰਸੁ ਚਾਖਿਆ; ਪੂਛੇ, ਕਹਨੁ ਨ ਜਾਈ ਹੋ ॥ (ਭਗਤ ਨਾਮਦੇਵ ਜੀ/੬੫੭), ਜਿਨਿ ਰਾਮੁ ਜਾਨਿਆ; ਤਿਨਹਿ ਪਛਾਨਿਆ ॥ ਜਿਉ ਗੂੰਗੇ (ਦਾ); ਸਾਕਰ ਮਨੁ ਮਾਨਿਆ ॥ (ਭਗਤ ਕਬੀਰ ਜੀ/੩੨੭), ਜਿਨ ਚਾਖਿਆ, ਸੇਈ ਸਾਦੁ ਜਾਣਨਿ; ਜਿਉ ਗੁੰਗੇ ਮਿਠਿਆਈ ॥ ਅਕਥੈ ਕਾ ਕਿਆ ਕਥੀਐ ? ਭਾਈ ! ਚਾਲਉ ਸਦਾ ਰਜਾਈ ॥’’ (ਮਹਲਾ ੧/੬੩੫)
ਅਰਥ: ਹੇ ਕਬੀਰ ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਸੱਚ ਜਾਣੋ ਉਸ ਦਾ ਸਾਰਾ ਜੀਵਨ ਹੀ ਬਦਲ ਜਾਂਦਾ ਹੈ। ਉਹ ਦੁਨੀਆਂ ਦੇ ਭਾਣੇ ਭਾਵੇਂ ਗੂੰਗਾ, ਕਮਲਾ, ਬੋਲ਼ਾ ਜਾਪਦਾ ਹੈ ਕਿਉਂਕਿ ਉਹ ਆਪਣੇ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ, ਕਿਸੇ ਦੀ ਮੁਥਾਜੀ ਨਹੀਂ ਕਰਦਾ ਅਤੇ ਕੰਨਾਂ ਨਾਲ ਕਿਸੀ ਦੀ ਨਿੰਦਾ ਨਹੀਂ ਸੁਣਦਾ। ਜਿਸ ਮਨੁੱਖ ਦੇ ਹਿਰਦੇ ’ਚ ਸਤਿਗੁਰੂ, ਗਿਆਨ ਦੇ ਤੀਰ ਮਾਰਦੇ ਹਨ ਉਹ ਦੁਨੀਆਂ ਭਾਣੇ ਭਾਵੇਂ ਲੂਲਾ ਹੋ ਜਾਂਦਾ ਹੈ ਕਿਉਂਕਿ ਉਹ ਪੈਰਾਂ ਨਾਲ ਮੰਦੇ ਪਾਸੇ ਨਹੀਂ ਚੱਲ ਸਕਦਾ, ‘‘ਕਬੀਰ ਗੂੰਗਾ ਹੂਆ ਬਾਵਰਾ; ਬਹਰਾ ਹੂਆ ਕਾਨ ॥ ਪਾਵਹੁ ਤੇ ਪਿੰਗੁਲ ਭਇਆ; ਮਾਰਿਆ ਸਤਿਗੁਰ ਬਾਨ ॥ (ਭਗਤ ਕਬੀਰ/ ੧੩੭੪) ਭਾਵ ਜਿਵੇਂ ਪੈਦਾਇਸ਼ੀ ਗੂੰਗਾ ਆਪਣੇ ਖਾਧੇ ਦਾ ਸੁਆਦ ਬੋਲ ਕੇ ਅਤੇ ਆਪਣੇ ਮਨ ’ਚ ਸੋਚੇ ਦਾ ਭਾਵ ਕਿਸੇ ਨੂੰ ਦੱਸ ਨਹੀਂ ਸਕਦਾ; ਇਉਂ ਹੀ ਸਤਿਗੁਰੂ ਦੀ ਕਿਰਪਾ ਨਾਲ਼ ਮਨ ਕਰ ਕੇ ਗੂੰਗਾ ਭਾਵੇਂ ਕਿ ਅਨੰਦਿਤ ਰਹਿੰਦਾ ਹੈ, ਪਰ ਆਪਣੀ ਅੰਦਰੂਨੀ ਹਾਲਤ ਬਿਆਨ ਨਹੀਂ ਕਰ ਸਕਦਾ ਸਿਰਫ਼ ਉਸ ਨੂੰ ਭੋਗ ਹੀ ਸਕਦਾ ਹੈ।