ਕਹਿਣੇ ਕੇ ਲੀਏ ਬਾਕੀ ਰਹਿ ਗਏ ਅਫ਼ਸਾਨੇ

0
300

ਕਹਿਣੇ ਕੇ ਲੀਏ ਬਾਕੀ ਰਹਿ ਗਏ ਅਫ਼ਸਾਨੇ

ਅਮਰਜੀਤ ਕੌਰ ਹਿਰਦੇ 94649-58236

ਸੰਨ 1947 ਵਿੱਚ ਜਦੋਂ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਨਿਜਾਤ ਮਿਲੀ ਤਾਂ ਉਦੋਂ ਵੀ ਮਿਲੀ ਅਜ਼ਾਦੀ ਦਾ ਹਰਜ਼ਾਨਾ ਸਿਰਫ਼ ਪੰਜਾਬ ਨੂੰ ਹੀ ਭੁਗਤਣਾ ਪਿਆ। ਜੇ ਇਸ ਨੂੰ ਇੰਞ ਕਹਿ ਲਿਆ ਜਾਵੇ ਕਿ ਹਿੰਦੁਸਤਾਨ ਦੇ ਨਹੀਂ, ਪੰਜਾਬ ਦੇ ਦੋ ਟੋਟੇ ਹੋਏ ਤਾਂ ਇਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਮੇਰੇ ਵੱਲੋਂ ਕੀਤੀ ਗਈ ਕੋਈ ਪਹਿਲੀ ਅਤਿ-ਕਥਨੀ ਨਹੀਂ ਹੋਵੇਗੀ। ਪੰਜਾਬ ਦੀ ਇਸ ਲੋਕ ਕਹਾਵਤ ਕਿ, ‘ਡਾਂਗ ਮਾਰਿਆਂ ਵੀ ਕਦੇ ਪਾਣੀ ਦੋ ਹੁੰਦੇ ਹਨ ?’ ਇਸ ਕਹਾਵਤ ਨੂੰ ਚਾਲਬਾਜ਼ ਰਾਜਨੀਤੀ ਨੇ ਝੂਠਿਆਂ ਕਰਕੇ ਰੱਖ ਦਿੱਤਾ। ਪੰਜ-ਆਬ ਦੇ ਪਾਣੀਆਂ ਨੂੰ ਅਜ਼ਾਦੀ ਦੇ ਨਾਂ ’ਤੇ ਡਾਂਗ ਮਾਰ ਕੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਉਦੋਂ ਵੀ ਪੰਜਾਬ ਦੀ ਪਵਿੱਤਰ ਧਰਤੀ ਉੱਤੇ ਛੇਵਾਂ ਦਰਿਆ ਲਹੂ ਦਾ ਵਗਿਆ ਸੀ। ਜੋ ਕਿ ਫਿਰਕਾਪ੍ਰਸਤ ਭਾਰਤੀ ਸਿਆਸਤ ਵੱਲੋਂ ਸੁੱਟੀ ਗਈ ਵੰਡ ਦੀ ਸ਼ਤਰੰਜ ਉੱਤੇ ਇਕ ਹੋਰ ਗੋਟੀ ਸੀ ਤਾਂ ਜੋ ਦੋਹਾਂ ਦੇਸਾਂ ਵਿੱਚ ਨਫ਼ਰਤ ਦਾ ਐਸਾ ਬੀਜ ਬੋਇਆ ਜਾ ਸਕੇ, ਜਿਸ ਨਾਲ ਦੋਨਾਂ ਪਾਸਿਆਂ ਦੇ ਪੰਜਾਬੀ ਕਦੇ ਵੀ ਦੁਬਾਰਾ ਇੱਕਮਿੱਕ ਨਾ ਹੋ ਸਕਣ। ਅੰਗਰੇਜ਼ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਮਨੋਦਸ਼ਾ ਸਮਝਦਿਆਂ ਹੋਇਆਂ ਹੀ ਲਾਲਚੀ ਵੰਡ ਦੀ ਬੋਟੀ ਹਿੰਦੁਸਤਾਨ ਦੇ ਨੇਤਾਵਾਂ ਅੱਗੇ ਸੁੱਟੀ ਸੀ। ਅੰਗਰੇਜ਼ ਨੇ ਇਹ ਬੋਟੀ ਸੁੱਟੀ ਤਾਂ ਪੰਜਾਬ ਦੇ ਨੇਤਾਵਾਂ ਮੂਹਰੇ ਵੀ ਸੀ ਪਰ ਪੰਜਾਬੀ ਨੇਤਾਵਾਂ ਨੇ ਉਦੋਂ ਭਾਵੇਂ ਇਨਕਾਰ ਕਰ ਦਿੱਤਾ, ਪਰ ਬਾਅਦ ਵਿੱਚ ਭਾਸ਼ਾ ਦੇ ਨਾਂ ’ਤੇ ਪੰਜਾਬ ਦੇ ਫਿਰ ਆਪਣੇ ਹੱਥੀਂ ਅੰਦੋਲਣ ਕਰ-ਕਰ ਕੇ ਹੋਰ ਟੋਟੇ ਕਰਾ ਲਏ। ਪਹਿਲਾ ਨੁਕਸਾਨ ਪੰਜਾਬੀ ਨੇਤਾਵਾਂ ਨੇ ਦਿਆਨਤਦਾਰੀ ਦਿਖਾਉਂਦਿਆਂ ਹੋਇਆਂ ਵੱਖਰਾ ਪੰਜਾਬ ਨਾ ਲੈ ਕੇ ਕੀਤਾ ਤੇ ਅਗਲੀ ਪੀੜ੍ਹੀ ਦੇ ਨੇਤਾਵਾਂ ਨੇ ਲਾਲਚਵੱਸ ਤੇ ਆਪਣੇ ਵਡੇਰੇ ਨੇਤਾਵਾਂ ਦੀ ਗ਼ਲਤੀ ਨੂੰ ਸੁਧਾਰਨ ਲਈ ਦੂਜਾ ਹੋਰ ਵੀ ਵੱਡਾ ਨੁਕਸਾਨ ਭਾਸ਼ਾ ਦੇ ਆਧਾਰ ’ਤੇ ਪੰਜਾਬ ਦੀ ਵੰਡ ਕਰਾ ਕੇ ਕਰ ਦਿੱਤਾ। ਭਾਰਤੀ ਨੇਤਾਵਾਂ ਦੇ ਨਿੱਜੀ ਲਾਲਚਾਂ ਕਰਕੇ ਭਾਰਤ ਵਿੱਚ ਰੀਸੋ-ਰੀਸ ਭਾਸ਼ਾ ਦੇ ਆਧਾਰ ’ਤੇ ਛੋਟੇ-ਛੋਟੇ ਪ੍ਰਾਂਤ ਅਜੇ ਵੀ ਬਣ ਰਹੇ ਹਨ।

ਭਾਰਤ-ਪਾਕਿਸਤਾਨ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਨਿੱਤ-ਦਿਹਾੜੀ ਆਪਸੀ ਮਨ-ਮੁਟਾਵ ਦੂਰ ਕਰਨ ਦੇ ਕੀਤੇ ਜਾਂਦੇ ਅਡੰਬਰਾਂ ਦਾ ਕੋਈ ਸਾਰਥਕ ਹੱਲ ਨਿਕਲ ਹੀ ਨਹੀਂ ਸਕਦਾ ਕਿਉਂਕਿ ਵੰਡ ਦੇ ਸਮੇਂ ਚਾਲਬਾਜ਼ ਨੀਤੀਵਾਨਾਂ ਵੱਲੋਂ ਮਨੁੱਖਤਾ ਨੂੰ ਦਿੱਤੇ ਗਏ ਫੱਟ ਏਨੇ ਗਹਿਰੇ ਸਨ, ਜਿਨ੍ਹਾਂ ਨੂੰ ਸਮਾਂ ਪੈਣ ’ਤੇ ਹੋਰ ਵੀ ਗਹਿਰਾ ਕਰ ਦਿੱਤਾ ਗਿਆ ਹੈ ਭਾਵੇਂ ਕਿ ਹੁਣ ਰਾਜਸੀ ਪ੍ਰਸਥਿਤੀਆਂ ਬਦਲ ਗਈਆਂ ਹਨ ਪਰ ਨਫ਼ਰਤ ਦਾ ਬੀਜ ਅਜੇ ਵੀ ਵਿਸ਼ਾਲ ਰੂਪ ਵਿੱਚ ਲੋਕ ਮਨਾਂ ਵਿੱਚ ਤਾਜ਼ਾ ਹੈ। ਇਸ ਦੇ ਪ੍ਰਤੱਖ ਦਰਸ਼ਨ ਅਟਾਰੀ ਵਾਹਗਾ ਬਾਰਡਰ ’ਤੇ ਰੋਜ਼ਾਨਾ ਸ਼ਾਮ ਵੇਲੇ ਜੋ ਫ਼ੌਜੀ ਪਰੇਡ ਦੋਨਾਂ ਦੇਸ਼ਾਂ ਵੱਲੋਂ ਕੀਤੀ ਜਾਂਦੀ ਹੈ। ਉਸ ਨੂੰ ਕਰਨ ਵਾਲੇ ਫ਼ੌਜੀਆਂ ਦੇ ਐਕਸ਼ਨ ਤੇ ਬਾੱਡੀ-ਲੈਂਗੁਏਜ; ਉਸ ਨਫ਼ਰਤ ਨੂੰ ਤਦ ਹੋਰ ਚਰਮ-ਸੀਮਾ ’ਤੇ ਲੈ ਜਾਂਦੇ ਹਨ ਜਦੋਂ ਉੱਥੇ ਪਰੇਡ ਵੇਖਣ ਆਈ ਭੀੜ ਉਤੇਜਿਤ ਹੋਈ ਬੇਹੂਦਾ ਨੱਚਣ ਲੱਗਦੀ ਹੈ ਕਿਉਂਕਿ ਹਿੰਦੂ ਸੰਸਕ੍ਰਿਤੀ ਵਿੱਚ ਨਾਚ ਕਰਨਾ ਹਰ ਧਾਰਮਿਕ ਅਤੇ ਸਮਾਜਿਕ ਰੀਤੀ ਦਾ ਹਿੱਸਾ ਰਿਹਾ ਹੈ, ਇੱਥੋਂ ਤੱਕ ਕਿ ਭਗਤੀ ਦਾ ਮੂਲ ਹਿੱਸਾ ਵੀ ਹੈ। ਦੇਸ਼ ਦੀ ਸਰਹੱਦ ਉੱਤੇ ਭਾਰਤੀ ਹਿੰਦੂ ਲੋਕ ਦੇਸ਼-ਭਗਤੀ ਦੀ ਲੋਰ ਵਿਚ ਅਜਿਹਾ ਕਰਦੇ ਹਨ। ਫੌਜੀ ਬੈਂਡ ’ਤੇ ਨੱਚਦੀ ਮਸਤ ਹੋਈ ਭੀੜ ਜ਼ਿਆਦਾਤਰ ਬੱਚੇ, ਔਰਤਾਂ, ਲੜਕੇ-ਲੜਕੀਆਂ ਪਾਕਿਸਤਾਨ ਵੱਲ ਨੂੰ ਵੇਖ ਕੇ ਭੱਦੇ-ਭੱਦੇ ਇਸ਼ਾਰੇ ਕਰਨ ਲੱਗਦੇ ਹਨ। ਅੰਗੂਠੇ ਵਿਖਾਉਂਦੇ ਹਨ।  ਮੈਂ ਵੇਖਿਆ ਕਿ ਜਿਨ੍ਹਾਂ ਨੂੰ ਵੇਖ ਕੇ ਉੱਥੇ ਖੜ੍ਹੇ ਪੰਜਾਬੀ ਖ਼ਾਸ ਕਰਕੇ ਸਿੱਖ ਲੋਕਾਂ ਦੇ ਚਿਹਰੇ ਮਾਯੂਸ ਹੋ ਜਾਂਦੇ ਹਨ। ਉਨ੍ਹਾਂ ਚਿਹਰਿਆਂ ’ਤੇ ਉਸ ਸਮੇਂ ਉਭਰਦੀਆਂ ਚਿੰਤਾ ਦੀਆਂ ਰੇਖਾਵਾਂ ਤੇ ਉਹ ਮਾਯੂਸੀ; ਕੀ ਉਸੇ ਦਰਦਨਾਕ ਵੰਡ ਦੀ ਹੰਢਾਈ ਹੋਈ ਪੀੜ ਤਾਂ ਨਹੀਂ ਜੋ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਹੌਕਿਆਂ ਵਿੱਚੋਂ ਵੇਖੀ ਹੈ ਜਾਂ ਫਿਰ ਇਸ ਗੱਲ ਨੂੰ ਵੀ ਫਿਰਕੂਵਾਦੀ ਐਨਕ ਵਿੱਚੋਂ ਇਸ ਤਰ੍ਹਾਂ ਸਮਝ ਲਿਆ ਜਾਵੇ ਕਿ ਸਿੱਖ ਅਤੇ ਪੰਜਾਬੀਆਂ ਨੂੰ ਦੇਸ਼ ਦੀ ਅਜ਼ਾਦੀ ਚੰਗੀ ਨਹੀਂ ਲੱਗਦੀ, ਪਰ ਜੇ ਇਸ ਗੱਲ ਨੂੰ ਸੁਹਿਰਦਾ ਨਾਲ ਲਿਆ ਜਾਵੇ ਤਾਂ ਇਹ ਦਿੱਸ ਆਉਂਦਾ ਹੈ ਕਿ ਜੋ ਆਜ਼ਾਦੀ ਆਪਣਿਆਂ ਦੇ ਹੀ ਖ਼ੂਨ ਦੇ ਦਰਿਆ ਨੂੰ ਲੰਘ ਕੇ ਮਿਲੀ ਹੋਵੇ ਉਹ ਡਰਾਉਣਾ ਸੁਪਨਾ ਤਾਂ ਹੋ ਸਕਦੀ ਹੈ ਪਰ ਕੋਈ ਸੁਖਦ ਅਹਿਸਾਸ ਦੇ ਬੀਜ ਨਹੀਂ ਬੋਅ ਸਕਦੀ। ਫਿਰ ਇਸ ਆਜ਼ਾਦੀ ਦੀ ਤਾਂ ਨੀਂਵ ਹੀ ਸੁਹਿਰਦ ਵਿਚਾਰਾਂ ਵਿੱਚੋਂ ਨਾ ਰੱਖ ਕੇ ਸਗੋਂ ਕੁੱਝ ਨੌਸਰਬਾਜ਼ਾਂ (ਧੋਖੇਬਾਜ਼ਾਂ) ਦੇ ਨਿੱਜੀ ਮੁਫ਼ਾਦਾਂ (ਮੁਨਾਫ਼ੇ) ਦੀ ਹੀ ਪੈਦਾਇਸ਼ ਸੀ। ਸ਼ਾਇਦ ਪਹਿਲਾਂ ਇਹੀ ਪੀੜ ਉਸ ਮਾਂ ਦੇ ਅਹਿਸਾਸ ਵਰਗੀ ਪੰਜਾਬੀਆਂ ਨੂੰ ਵੀ ਮਹਿਸੂਸ ਹੁੰਦੀ ਰਹੀ ਹੋਵੇਗੀ ਜੋ ਪੀੜਾਂ ਤੋਂ ਬਾਅਦ ਸੋਹਣੇ, ਸੁਡੌਲ ਅਤੇ ਜੀਵਤ ਹੱਸਦੇ-ਖੇਡਦੇ ਬੱਚੇ ਨੂੰ ਜਨਮ ਦੇ ਕੇ ਸਾਰਾ ਦੁੱਖ ਭੁੱਲ ਕੇ ਉਹਦੀ ਮਮਤਾ ਵਿੱਚ ਲਟਬਾਵਰੀ ਹੁੰਦੀ ਵਾਰੀ-ਵਾਰੀ ਜਾਂਦੀ ਨਹੀਂ ਥੱਕਦੀ, ਪਰ 84 ਦੇ ਮਾਰਮਿਕ (ਭੇਦਪੂਰਨ) ਹਾਲਾਤਾਂ ਤੋਂ ਬਾਅਦ ਹਰ ਸਿੱਖ ਪੰਜਾਬੀ ਆਪਣੇ-ਆਪ ਨੂੰ ਗ਼ੁਲਾਮ ਮਹਿਸੂਸ ਕਰਨ ਲੱਗ ਪਿਆ ਹੈ। ਇੰਞ ਲੱਗਦਾ ਹੈ ਕਿ ਅੱਜ ਦੀ ਇਹ ਮਾਯੂਸੀ ਤਾਂ 84 ਦੀ ਸਦੀਵੀ ਪੀੜ ਵਿੱਚੋਂ ਹੀ ਮੁੜ ਤੋਂ ਜੰਮ ਪਈ ਹੋਵੇ। ਇਕ ਪੰਜਾਬੀ ਗੀਤ ਹੈ ਕਿ ‘ਗ਼ੈਰਾਂ ਦੇ ਪੱਥਰਾਂ ਦੀ, ਸਾਨੂੰ ਪੀੜ ਰਤਾ ਨਾ ਹੋਈ। ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।’ ਜਦੋਂ 2016 ਵਿੱਚ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਤਨਾਅ ਫਿਰ ਵਧਿਆ ਤਾਂ ਇੱਕ ਦਿਨ ਅਖ਼ਬਾਰ ਦੀ ਸੁਰਖੀ ਇਹ ਸੀ ਕਿ ਫ਼ੌਜੀ ਪਰੇਡ ਕਰਦੇ ਸਮੇਂ ਪਾਕਿਸਤਾਨ ਵੱਲੋਂ ਇਕ ਪੱਥਰ ਆ ਕੇ ਭਾਰਤ ਵਾਲੇ ਪਾਸੇ ਡਿੱਗਾ। ਖੁਸ਼ਕਿਸਮਤੀ ਇਹ ਕਿ ਉਹ ਪੱਥਰ ਕਿਸੇ ਦੇ ਵੀ ਨਹੀਂ ਲੱਗਾ ਕਿਉਂਕਿ ਜੰਗ ਦੇ ਹਾਲਾਤ ਕਰਕੇ ਫ਼ੌਜੀ ਡਰਿਲ ਦੇਖਣ ਵਾਲਿਆਂ ਦੀ ਨਫ਼ਰੀ ਬਹੁਤ ਘੱਟ ਸੀ। ਫਿਰ ਅਗਲੇ ਦਿਨ ਦੀ ਖ਼ਬਰ ਸੀ ਕਿ ਅਣਮਿੱਥੇ ਸਮੇਂ ਲਈ ਇਹ ਡਰਿਲ ਬੰਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਵਟਸਐਪ ਤੇ ਇਕ ਵੀਡੀਓ ਵਾਇਰਲ ਹੋਇਆ। ਜਿਸ ਵਿੱਚ ਸਰਹੱਦ ’ਤੇ ਦੋਵੇਂ ਪਾਸੇ ਦੇ ਸਿਪਾਹੀ ਆਪਣੇ-ਆਪਣੇ ਪਾਸੇ ਸਲਾਮੀ ਦਿੰਦੇ ਹਨ। ਸਲਾਮੀ ਦਿੰਦਿਆਂ ਇਕ ਸਿਪਾਹੀ ਡਿੱਗ ਪਿਆ ਬੜਾ ਹਾਸੋਹੀਣਾ ਦ੍ਰਿਸ਼ ਪੇਸ਼ ਕਰਦਾ ਹੈ। ਜੋ ਰਸਮ ਦੇਸ਼-ਭਗਤੀ ਦੀ ਭਾਵਨਾ ਪੈਦਾ ਕਰਨ ਲਈ ਕੀਤੀ ਜਾਂਦੀ ਹੈ ਉਹ ਹਾਸੋਹੀਣੀ ਸਥਿਤੀ ਪੈਦਾ ਕਰ ਜਾਂਦੀ ਹੈ ਤੇ ਸਾਡੇ ਸਨਮਾਨਯੋਗ ਫ਼ੌਜੀਆਂ ਨੂੰ ਮਜ਼ਾਕ ਦੇ ਪਾਤਰ ਬਣਾ ਦਿੰਦੀ ਹੈ। ਜਦੋਂ ਕਿ ਸਰਹੱਦਾਂ ’ਤੇ ਦਿੱਤੀ ਜਾਂਦੀ ਸਲਾਮੀ ਦੀ ਰਸਮ ਵਿੱਚ ਸਿਪਾਹੀਆਂ ਦੇ ਬਾੱਡੀ ਐਕਸ਼ਨ ਜੋਸ਼ ਵਿੱਚ ਆਈ ਦੋਵਾਂ ਧਿਰਾਂ ਦੀ ਜਨਤਾ ਵਿੱਚ ਨਫ਼ਰਤ ਅਤੇ ਗੁੱਸੇ ਦੀ ਭਾਵਨਾ ਨੂੰ ਉਤੇਜਿਤ ਕਰਦੇ ਹਨ, ਜਿਸ ਕਾਰਨ ਨਾਚ ਕਰਦਿਆਂ ਬੇਹੂਦਾ ਐਕਸ਼ਨ ਕਰਦੇ ਭਾਰਤੀ ਨਾਗਰਿਕ ਤੇ ਪੱਥਰਬਾਜ਼ੀ ਗੋਲ਼ੀਬਾਰੀ, ਬੰਬਾਰੀ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ।

ਆਜ਼ਾਦੀ ਦੇ 72 ਸਾਲ ਬੀਤ ਜਾਣ ਤੋਂ ਬਾਅਦ ਇਸ ਸਰਹੱਦੀ ਸੂਬੇ ਪੰਜਾਬ ਦੀਆਂ ਮੁਸ਼ਕਿਲਾਂ ਅਜੇ ਵੀ ਘੱਟ ਨਹੀਂ ਹੋਈਆਂ। ਇਸ ਦੇ ਵਾਸੀਆਂ ਨੂੰ ਅਜੇ ਵੀ ਕਿਸ-ਕਿਸ ਤਰੀਕੇ ਨਾਲ ਕਿੰਨੀਆਂ ਸਾਰੀਆਂ ਬਿਪਤਾਵਾਂ ਦੀ ਮਾਰ ਸਹਿਣੀ ਪੈਂਦੀ ਹੈ। ਇਸ ਦੇ ਝੇੜੇ ਬੜੇ ਲੰਮੇ ਸ਼ਾਇਦ ਸਦੀਵੀ ਹੀ ਹਨ। ਇਕ ਦੇਸ਼ ਤੋਂ ਦੋ ਹੋਏ ਦੋਨਾਂ ਮੁਲਕਾਂ ਦੀ ਆਪਸੀ ਦੁਸ਼ਮਣੀ ਅਜੇ ਤੱਕ ਵੀ ਪੰਜਾਬੀਆਂ ਨੂੰ ਹੀ ਆਪਣੇ ਪਿੰਡਿਆਂ ’ਤੇ ਹੰਢਾਉਣੀ ਪੈਂਦੀ ਹੈ। ਜੰਗ ਦੇ ਹਾਲਾਤ ਵਿੱਚ ਸਰਹੱਦੀ ਪੰਜਾਬੀਆਂ ਨਾਲ ਜੋ ਵਾਪਰਦੀ ਹੈ ਉਸ ਤੋਂ ਇਲਾਵਾ ਜੇਕਰ ਨਕਲੀ ਕਰੰਸੀ ਰਾਹੀਂ ਦੇਸ਼ ਦੀ ਆਰਥਿਕਤਾ ਨੂੰ ਖੋਰਾ ਲੱਗਣ ਦੀ ਗੱਲ ਕੀਤੀ ਜਾਵੇ ਜਾਂ ਨਸ਼ਿਆਂ ਦੀ ਤਸਕਰੀ ਕਰਨ ਵਾਸਤੇ ਵੀ ਅਫ਼ਗਾਨੀ ਤੇ ਸ਼ੈਤਾਨੀ ਦੇਸ਼ਾਂ ਵੱਲੋਂ ਸ਼ੁਰੂ ਤੋਂ ਹੀ ਅਤੇ ਹੁਣ ਵੀ ਪੰਜਾਬ ਨੂੰ ਹੀ ਮੋਹਰੇ ਵਜੋਂ ਵਰਤਿਆ ਜਾਂਦਾ ਆਇਆ ਹੈ। ਪੰਜਾਬ ਵਿੱਚ ਪੜ੍ਹੇ-ਲਿਖਿਆਂ ਦੀ ਇੱਕ ਭੀੜ ਉਹ ਹੈ, ਜੋ ਬੇਰੁਜ਼ਗਾਰੀ ਦਾ ਸੰਤਾਪ ਭੋਗਦੀ ਹੈ ਤੇ ਇਕ ਪੜ੍ਹੇ-ਲਿਖਿਆਂ ਦੀ ਉਹ ਭੀੜ ਹੈ, ਜੋ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਪੈਦਾਵਰ ਹੈ। ਜਿਨ੍ਹਾਂ ਨੂੰ ਕਿ ਅੱਠਵੀਂ ਤੱਕ ਬਿਨਾਂ ਪੜ੍ਹੇ-ਪੜ੍ਹਾਏ ਪਾਸ ਕਰ ਦੇਣ ਦਾ ਫਤਵਾ ਲਾਇਆ ਜਾਂਦਾ ਹੈ। ਪੜ੍ਹਾਈ ਤੋਂ ਦੂਰ ਰੱਖ ਕੇ ਉਹ ਇਕ ਅਜਿਹਾ ਮਿੱਠਾ ਜ਼ਹਿਰ ਹੈ, ਜੋ ਪੰਜਾਬ ਦੀ ਜਵਾਨੀ ਦੇ ਬਚਪਨ ਵਿੱਚ ਬੋਇਆ ਜਾਂਦਾ ਹੈ। ਜਿਸ ਦਾ ਫਿਰ ਕਿੱਧਰੇ ਕੋਈ ਇਲਾਜ਼ ਨਹੀਂ ਕਿਉਂਕਿ ਜੇਕਰ ਬੱਚੇ ਦੀ ਨੀਂਵ ਹੀ ਕਮਜ਼ੋਰ ਹੋਏਗੀ ਤਾਂ ਉਸ ਉਪਰ ਉੱਚ-ਵਿਦਿਆ ਦੇ ਮਹਿਲ ਨਹੀਂ ਖੜ੍ਹੇ ਕੀਤੇ ਜਾ ਸਕਦੇ। ਇਸ ਤੋਂ ਇਲਾਵਾ ਇੱਕ ਭੀੜ ਉਹ ਹੈ, ਜੋ ਹਰ ਵੇਲੇ ਪਾਸਪੋਰਟ ਅਤੇ ਇਮੀਗਰੇਸ਼ਨ ਦਫ਼ਤਰਾਂ ਦੇ ਚੱਕਰਾਂ ਵਿੱਚ ਪਈ ਰਹਿੰਦੀ ਹੈ। ਉਸ ਭੀੜ ਵਿੱਚੋਂ ਕੁਝ ਕਿਸਮਤ ਦੇ ਬਲੀ ਪਾਰ ਲੰਘ ਜਾਂਦੇ ਹਨ ਤੇ ਕੁਝ ਉਰਵਾਰ ਇਸੇ ਗਧੀ-ਗੇੜ ਵਿੱਚ ਪਏ ਬਾਹਰ ਜਾਣ ਦੇ ਰੰਗੀਨ ਸੁਪਨੇ ਸਜਾਉਂਦੇ ਹੀ ਵਿਹਲੇ ਜ਼ਿੰਦਗੀ ਕੱਢ ਰਹੇ ਹੁੰਦੇ ਹਨ ਤੇ ਕੁਝ ਕੁ ਅਸਲੋਂ ਹੀ ਕਿਸਮਤ ਦੇ ਮਾਰੇ ਹੋਏ ਗਾਹੇ-ਬਗਾਹੇ ਕਿਸੇ ਨਾ ਕਿਸੇ ਕਾਂਡ ਦੇ ਸ਼ਿਕਾਰ ਹੋ ਕੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਜਾਂਦੇ ਹਨ ਤੇ ਕਿਤੇ-ਕਿਤੇ ਅਜਿਹੇ ਦੁਖਦਾਈ ਕਾਂਡਾਂ ਵਿੱਚੋਂ ਕੋਈ-ਕੋਈ ਮਾਲਟਾ ਕਿਸ਼ਤੀ ਕਾਂਡ ਵੀ ਹੋ ਨਿੱਬੜਦਾ ਹੈ। ਜਿਸ ਦੀ ਕਿ ਸਮੇਂ ਦੀਆਂ ਤਫ਼ਤੀਸ਼ਾਂ ਵਿੱਚੋਂ ਇਹ ਕਨਸੋਅ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਮਾਲਟਾ ਕਿਸ਼ਤੀ ਕਾਂਡ ਇੰਮੀਗ੍ਰੇਸ਼ਨ ਦੇ ਦਲਾਲਾਂ ਦੀ ਸੋਚੀ-ਸਮਝੀ ਚਾਲ ਸੀ, ਪਰ ਸਚਾਈ ਕੀ ਸੀ ਉਹ ਫਿਰ ਕਿਸੇ ਹੋਰ ਕਰੱਪਸ਼ਨ ਦੀ ਭੇਟ ਚੜ੍ਹ ਜਾਂਦੀ ਹੈ। ਮਾਵਾਂ ਦੇ ਪੁੱਤ ਮਰ ਜਾਂਦੇ ਹਨ। ਜ਼ਮੀਨਾਂ ਬਾਹਰ ਦੇ ਸੁਪਨਿਆਂ ਦੀ ਭੇਂਟ ਚੜ੍ਹ ਜਾਂਦੀਆਂ ਹਨ। ਪੈਸੇ ਦੀ ਭੁੱਖ ਏਨੀ ਵਧ ਚੁੱਕੀ ਹੈ ਕਿ ਜ਼ਮੀਰ ਨਾਂ ਦੀ ਕੋਈ ਭਾਵਨਾ ਕਿਤੇ ਵਿਖਾਈ ਨਹੀਂ ਦਿੰਦੀ। ਭ੍ਰਿਸ਼ਟਾਚਾਰ ਦੀ ਉਪਜ ਵਿੱਚੋਂ ਹੋਂਦ ਵਿੱਚ ਆਏ ਇਨ੍ਹਾਂ ਦੋਵੇਂ ਦੇਸ਼ਾਂ ਦੀ ਫ਼ਸਲ ਵੀ ਇਸੇ ਤਰ੍ਹਾਂ ਦੀ ਹੀ ਹੋਣੀ ਸੀ। ਇਸ ਤੋਂ ਵਧ ਕੇ ਹੋਰ ਕੁਝ ਚੰਗੇ ਦੀ ਆਸ ਕੀਤੀ ਹੀ ਨਹੀਂ ਜਾ ਸਕਦੀ।

ਇਨ੍ਹਾਂ ਭਿਆਨਕ ਮਾਰਾਂ ਤੋਂ ਇਲਾਵਾ ਸਰਕਾਰਾਂ ਦੀ ਮਨਜ਼ੂਰੀ ਨਾਲ ਸਾਡੇ ਦੇਸ ਦੀਆਂ ਬੀ.ਐਸ.ਐਫ, ਆਈ.ਬੀ, ਰਾਅ ਅਤੇ ਮਿਲਟਰੀ ਇੰਟੈਲੀਜੈਂਸ ਪੰਜਾਬ ਦੇ ਸੀਮਾਵਰਤੀ ਭੋਲੇ-ਭਾਲੇ ਕਿਸਾਨਾਂ ਨੂੰ ਕਿਸ ਤਰ੍ਹਾਂ ਪਾਕਿਸਤਾਨ ਅਤੇ ਚੀਨ ਦੇ ਖ਼ਿਲਾਫ਼ ਜਾਸੂਸੀ ਲਈ ਵਰਤ ਕੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕਰਦੀਆਂ ਹਨ। ਇਹ ਸਿਰਫ਼ ਇੱਧਰਲੇ ਪੰਜਾਬੀਆਂ ਨਾਲ ਹੀ ਨਹੀਂ ਹੁੰਦਾ ਸਗੋਂ ਪਾਕਿਸਤਾਨੀ ਪੰਜਾਬੀਆਂ ਦੀ ਵੀ ਹੋਣੀ ਇਸ ਤੋਂ ਵੱਖਰੀ ਨਹੀਂ। ਸਰਕਾਰੀ ਏਜੰਸੀਆਂ ਵੱਲੋਂ ਦੇਸ਼-ਭਗਤੀ ਦਾ ਝਾਂਸਾ ਦੇ ਕੇ ਦੋਵਾਂ ਪੰਜਾਬਾਂ ਦੇ ਲੋਕਾਂ ਦਾ ਸ਼ੋਸ਼ਣ ਨਹੀਂ ਕੀਤਾ ਜਾਂਦਾ ਤਾਂ ਭਲਾ ਫਿਰ ਹੋਰ ਕੀ ਹੈ ?  ਕੀ ਸਰਬਜੀਤ ਸਿੰਘ ਕਾਂਡ ਇਸ ਸਚਾਈ ਦੀ ਮੂੰਹ-ਬੋਲਦੀ ਤਸਵੀਰ ਨਹੀਂ ? ਕੀ ਅਨਪੜ੍ਹ, ਭੋਲੇ-ਭਾਲੇ ਬੇਰੁਜ਼ਗ਼ਾਰ ਲੋਕਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਵਰਗਲਾ ਕੇ ਇਸ ਤਰ੍ਹਾਂ ਕਰਨਾ, ਸਰਾਸਰ ਇਨਸਾਨੀਅਤ ਵਿਰੋਧੀ ਕਾਰਾ ਨਹੀਂ ਹੈ ਤਾਂ ਹੋਰ ਕੀ ਹੈ ? ਜਦੋਂ ਕਿ ਹੁਣ ਕਿੰਨੇ ਅਜਿਹੇ ਨਾਗਰਿਕ ਏਧਰ-ਓਧਰ ਦੀਆਂ ਜੇਲ੍ਹਾਂ ਵਿੱਚ ਪਏ ਲਾਵਾਰਿਸ ਬੰਦੀ, ਜਾਸੂਸੀ ਦੇ ਦੋਸ਼ ਹੇਠ ਗੁੰਮਨਾਮੀ ਦੀ ਜ਼ਿੰਦਗੀ ਭੋਗਣ ਲਈ ਮਜਬੂਰ ਸੜਦੇ ਪਏ ਹਨ। ਜਦੋਂ ਉਹ ਲੋਕ ਫੜ੍ਹੇ ਜਾਂਦੇ ਹਨ ਤਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਉਹਨਾਂ ਨੂੰ ਆਪਣੇ ਬਸ਼ਿੰਦੇ ਮੰਨਣ ਤੋਂ ਇਨਕਾਰੀ ਹੋ ਜਾਂਦੀਆਂ ਹਨ। ਨਾ ਕੁਛ ਅਗਲਿਆਂ ਨੂੰ ਪਤਾ ਤੇ ਨਾ ਹੀ ਪਿਛਲਿਆਂ ਨੂੰ। ਇਸ ਸੰਤਾਪ ਨੂੰ ਓਧਰ ਵੀ ਪੰਜਾਬੀ ਹੀ ਭੋਗਦੇ ਹਨ ਤੇ ਇੱਧਰ ਵੀ ਪੰਜਾਬੀ ਹੀ। ਪੰਜਾਬ ਦੀ ਨਰੋਈ ਮਿੱਟੀ ਵਿੱਚੋਂ ਜੰਮੇ-ਪਲ਼ੇ ਭਰਾਵਾਂ ਨੂੰ ਦੇਸ਼-ਭਗਤੀ ਦੇ ਨਾਂ ’ਤੇ ਇਕ-ਦੂਜੇ ਦੇ ਖਿਲਾਫ਼ ਵਰਤਿਆ ਜਾਂਦਾ ਰਿਹਾ ਹੈ।

ਸੰਨ 1947 ਵਿੱਚ ਇਹ ਕਹਿ ਕੇ ਭੜਕਾਇਆ ਗਿਆ ਕਿ ਸਿੱਖਾਂ ਨੇ ਜੇਕਰ ਮੁਸਲਮਾਨਾਂ ਨਾਲ ਨਹੀਂ ਸੀ ਰਲਣਾ ਤਾਂ ਹਿੰਦੂਆਂ ਨਾਲ ਵੀ ਕਿਉਂ ਰਲ਼ੇ ? ਆਪਣਾ ਵੱਖਰਾ ਦੇਸ਼ ਕਿਉਂ ਨਹੀਂ ਲੈ ਲਿਆ। ਇਸ ਗੁੱਸੇ ਵਿੱਚ ਪਾਕਿਸਤਾਨੀ ਪੰਜਾਬੀਆਂ ਨੇ ਸਿੱਖਾਂ ਦੇ ਖ਼ੂਨ ਦੀਆਂ ਨਦੀਆਂ ਵਹਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸਗੋਂ 47 ਕਾਂਡ ਨਾਲ ਸੰਬੰਧਿਤ ਲਿਖਤਾਂ ਵਿੱਚ ਇਹ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ ਕਿ ਪਾਕਿਸਤਾਨੀ ਪੰਜਾਬ ਵਿੱਚ ਤਾਂ ਵੱਢ-ਟੁੱਕ ਉਦੋਂ ਹੀ ਸ਼ੁਰੂ ਹੋਈ ਸੀ ਜਦੋਂ ਪਹਿਲਾਂ ਭਾਰਤ ਵਿੱਚੋਂ ਹਿਜਰਤ ਕਰਕੇ ਗਏ ਲੋਕਾਂ ਨਾਲ ਭਰੀ ਇਕ ਗੱਡੀ ਪਾਕਿਸਤਾਨ ਵਿੱਚ ਵੱਡੀ-ਟੁੱਕੀ ਹੋਈ ਪਹੁੰਚੀ। ਪਾਕਿਸਤਾਨ ਨਾਲੋਂ ਪਹਿਲਾਂ ਭਾਰਤ ਵਿੱਚ ਇਹ ਝੂਠੀ ਅਫਵਾਹ ਫੈਲਾਈ ਗਈ ਕਿ ਪਾਕਿਸਤਾਨੀ ਪੰਜਾਬ ਵਿੱਚ ਮੁਸਲਮਾਨਾਂ ਨੇ ਹਿਜਰਤ ਕਰ ਰਹੇ ਪੰਜਾਬੀਆਂ ਦੀ ਮਾਰਧਾੜ ਸ਼ੁਰੂ ਕਰ ਦਿੱਤੀ ਹੈ।

ਜਾਸੂਸੀ ਦੇ ਨਾਲ-ਨਾਲ ਉਨ੍ਹਾਂ ਨੂੰ ਓਧਰੋਂ ਨਸ਼ੀਲੀਆਂ ਵਸਤਾਂ ‘ਅਫੀਮ, ਚਰਸ, ਗਾਂਜਾ’ ਆਦਿ ਲਿਆਉਣ ਦੀ ਵੀ ਖੁੱਲ੍ਹ ਦਿੱਤੀ ਜਾਂਦੀ ਹੈ ਜਦੋਂ ਕਿ ਸਮਗਲਿੰਗ ਕਰਨਾ ਕਾਨੂੰਨੀ ਜ਼ੁਰਮ ਹੈ। ਇਸ ਨਾਲ ਇਕ ਤਾਂ ਪੰਜਾਬੀਆਂ ਦਾ ਤਸਕਰਾਂ ਦੇ ਤੌਰ ’ਤੇ ਵੀ ਅਕਸ ਦਾਗ਼ੀ ਹੋ ਰਿਹਾ ਹੈ ਤੇ ਦੂਜੇ ਨੰਬਰ ’ਤੇ ਆਪਣੀ ਜਵਾਨੀ ਅਤੇ ਮਾਣ ਕਰਨ ਵਾਲਾ ਪੰਜਾਬ; ਨਸ਼ਿਆਂ ਦਾ ਵੀ ਆਦੀ ਹੋ ਕੇ ਕਮਜ਼ੋਰ ਹੋ ਰਿਹਾ ਹੈ, ਪਰ ਜੇਕਰ ਕਦੇ ਕੋਈ ਜਾਸੂਸੀ ਕਰਨ ਤੋਂ ਨਾਹ ਕਰਦਾ ਹੈ ਤਾਂ ਉਸ ਨੂੰ ਸਮਗਲਿੰਗ ਕਰਨ ਦੇ ਦੋਸ਼ ਲਈ ਬਲੈਕਮੇਲ ਕੀਤਾ ਜਾਂਦਾ ਹੈ ਕਿ ਉਸ ਉੱਪਰ ਸਮਗਲਿੰਗ ਦਾ ਕੇਸ ਪਾ ਦਿੱਤਾ ਜਾਵੇਗਾ ਜੇਕਰ ਉਹ ਜਾਸੂਸੀ ਨਹੀਂ ਕਰੇਗਾ। ਗੱਲ ਕੀ ਇਸ ਤਰ੍ਹਾਂ ਭਾਰਤੀ ਫ਼ੌਜ ਦੇ ਜਾਲ ਵਿੱਚ ਫਸ ਜਾਣ ਵਾਲੇ ਆਮ ਬੰਦੇ ਦਾ ਜੀਵਨ ਤਾਂ ਨਰਕ ਬਣ ਜਾਂਦਾ ਹੈ। ਜਦੋਂ ਜਾਸੂਸ ਦੇ ਤੌਰ ’ਤੇ ਭੇਜੇ ਹੋਏ ਬੰਦੇ ਪਾਕਿਸਤਾਨੀ ਫ਼ੌਜ ਵੱਲੋਂ ਫੜ੍ਹੇ ਜਾਂਦੇ ਹਨ ਤਾਂ ਉਨ੍ਹਾਂ ਲਈ ਅਤੇ ਨਾ ਹੀ ਪਿੱਛੇ ਰਹਿ ਰਹੇ ਉਨ੍ਹਾਂ ਦੇ ਪਰਿਵਾਰਾਂ ਦੀ ਸੰਭਾਲ ਲਈ, ਸਰਕਾਰਾਂ ਕੁੱਝ ਕਰਦੀਆਂ ਹਨ। ਇਸ ਦਾ ਖ਼ੁਲਾਸਾ 28 ਜੂਨ 2012 ਨੂੰ ਤਿੰਨ ਦਹਾਕਿਆਂ ਪਿੱਛੋਂ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਤਲਵੰਡੀ ਭਾਈ ਦੇ ਫਿੱਡੇ ਪਿੰਡ, ਜੋ ਕਿ ਫਿਰੋਜਪੁਰ ਤੋਂ 36 ਕਿਲੋਮੀਟਰ ਦੂਰ ਤਲਵੰਡੀ ਭਾਈ-ਮੁੱਦਕੀ ਸੜਕ ’ਤੇ ਵੱਸਦਾ ਹੈ, ਉੱਥੋਂ ਦੇ ਵਸਨੀਕ ਸ. ਸੁਰਜੀਤ ਸਿੰਘ ਦਾ ਪੱਤਰਕਾਰਾਂ ਦੀ ਭੀੜ ਨੂੰ ਬੇਝਿਜਕ ਦਿੱਤਾ ਗਿਆ ਇਹ ਬਿਆਨ ਕਿ ਉਹ ਭਾਰਤੀ ਖ਼ੁਫੀਆ ਏਜੰਸੀ ਦੇ ਕਹਿਣ ’ਤੇ 1981 ਵਿੱਚ ਪਾਕਿਸਤਾਨ ਵਿਖੇ ਜਾਸੂਸੀ ਕਰਨ ਗਿਆ ਸੀ, ਸਰਕਾਰਾਂ ਦਾ ਪਰਦਾ ਫਾਸ਼ ਚੰਗੀ ਤਰ੍ਹਾਂ ਕਰਦਾ ਹੈ। ਏਥੋਂ ਤੱਕ ਕਿ ਭਾਰਤ ਦੇ ਸਲਾਮਤੀ ਢਾਂਚੇ ਦੀ ਬਦੌਲਤ 30 ਸਾਲ ਪਤੀ ਦੇ ਵਿਯੋਗ ਵਿੱਚ ਜਵਾਨੀ ਗ਼ਾਲ ਚੁੱਕੀ ਉਸ ਦੀ ਪਤਨੀ ਜਿਸ ਦਾ ਨਾਂ ਸੁਰਜੀਤ ਕੌਰ ਹੈ, ਜੋ ਕਿ ਅਟਾਰੀ ਵਾਹਗਾ ਬਾਰਡਰ ’ਤੇ ਹੱਥਾਂ ਵਿੱਚ ਫੁੱਲਾਂ ਦਾ ਹਾਰ ਫੜ੍ਹ ਕੇ ਖੜੋਤੀ ਆਪਣੇ ਪਤੀ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਸੀ, ਨਾਲ ਫ਼ੌਜ ਵੱਲੋਂ ਉਸ ਦੇ ਪਤੀ ਦੀ ਮੁਲਾਕਾਤ ਤੱਕ ਵੀ ਨਾ ਹੋਣ ਦਿੱਤੀ ਗਈ। ਪੱਤਰਕਾਰਾਂ ਅਤੇ ਹੋਰ ਲੋਕਾਂ ਦੇ ਪਏ ਘੜਮੱਸ ਕਾਰਨ ਜਦੋਂ ਉਹ ਕੁਝ ਹੀ ਕਦਮਾਂ ਦੀ ਦੁਰੀ ’ਤੇ ਸਨ ਤਾਂ ਉਸ ਦੇ ਜਾਸੂਸੀ ਵਾਲੀ ਗੱਲ ਕਹਿਣ ’ਤੇ ਤੁਰੰਤ ਹੀ ਪ੍ਰਸਾਸ਼ਨ ਅਤੇ ਬੀ.ਐਸ.ਐਫ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਮੀਡੀਆ ਨਾਲ ਗੱਲਬਾਤ ਕਰਨ ਤੋਂ ਰੋਕ ਦਿੱਤਾ ਗਿਆ ਤੇ ਉਸ ਨੂੰ ਫ਼ੌਜ ਦੇ ਜਵਾਨ ਆਪਣੇ ਨਾਲ ਲੈ ਗਏ।

ਉਸ ਦਾ ਕਹਿਣਾ ਹੈ ਕਿ ਉਹ ਸਾਲ 1981 ਵਿੱਚ ਜ਼ਿਆ-ਉਲ-ਹੱਕ ਦੀ ਸਰਕਾਰ ਵੇਲੇ ਭਾਰਤੀ ਫ਼ੌਜ ਲਈ ਪਾਕਿਸਤਾਨ ਜਾਸੂਸੀ ਕਰਨ ਲਈ ਗਿਆ ਸੀ, ਪਰ ਜਲਦੀ ਹੀ ਪਾਕਿਸਤਾਨ ਦੇ ਸਰਹੱਦੀ ਏਰੀਏ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋ ਜਾਣ ਕਾਰਨ ਪਾਕਿਸਤਾਨ ਦੀ ਫ਼ੌਜ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਦੋਂ ਤੋਂ ਹੀ ਉਹ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਹੈ, ਪਰ ਏਨਾ ਲੰਮਾ ਸਮਾਂ ਭਾਰਤੀ ਸਰਕਾਰ ਜਾਂ ਫ਼ੌਜ ਵੱਲੋਂ ਉਸ ਦੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਗਈ। ਉਸ ਦਾ ਪਰਿਵਾਰ ਤਾਂ ਉਸ ਨੂੰ ਮਰਿਆ ਹੋਇਆ ਸਮਝ ਕੇ ਕਦੋਂ ਦਾ ਭੁਲਾ ਚੁੱਕਾ ਸੀ, ਪਰ 2005 ਵਿੱਚ ਜ਼ਿਲ੍ਹਾ ਜੀਰਾ ਦੇ ਮਨਸੂਰ ਦੇਵਾਂ ਪਿੰਡ ਦੇ ਵਸਨੀਕ ਗੁਰਦੀਪ ਸਿੰਘ, ਜੋ ਕਿ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਭਾਰਤ ਪੁੱਜਾ ਸੀ। ਉਸ ਨੇ ਜਾ ਕੇ ਉਸ ਦੇ ਜਿੰਦਾ ਹੋਣ ਦੀ ਖ਼ਬਰ ਉਸ ਦੇ ਪਰਿਵਾਰ ਨੂੰ ਦਿੱਤੀ। ਉਸ ਨੇ ਉਸ ਦੇ ਹੱਥ ਇਕ ਚਿੱਠੀ ਭੇਜੀ ਸੀ। ਜਿਸ ਵਿੱਚ ਆਪਣੀ ਹੱਢ-ਬੀਤੀ ਆਪਣੇ ਪਰਿਵਾਰ ਨੂੰ ਦੱਸੀ ਕਿ ਹੁਣ ਤਾਂ ਉਸ ਦੀ ਸਜ਼ਾ ਵੀ ਖ਼ਤਮ ਹੋ ਚੁੱਕੀ ਹੈ ਪਰ ਪਾਕਿਸਤਾਨ ਸਰਕਾਰ ਉਸ ਨੂੰ ਰਿਹਾਅ ਨਹੀਂ ਕਰ ਰਹੀ। ਉਸੇ ਪੱਤਰ ਦੇ ਆਧਾਰ ’ਤੇ ਉਸ ਦੇ ਪਰਿਵਾਰ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਸ ਦੀ ਰਿਹਾਈ ਲਈ ਅਪੀਲ ਕੀਤੀ ਗਈ। ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪਾਕਿਸਤਾਨ ਦੇ ਵਕੀਲ ਨਾਲ ਰਾਬਤਾ ਕਾਇਮ ਕਰ ਕੇ ਉਸ ਦੇ ਮੁਕੱਦਮੇ ਦੀ ਪੈਰਵੀ ਕੀਤੀ ਗਈ ਤਾਂ ਜਾ ਕੇ ਕਿਤੇ ਉਸ ਦੀ ਰਿਹਾਈ ਸੰਭਵ ਹੋ ਸਕੀ, ਨਹੀਂ ਤਾਂ ਅਨੇਕਾਂ ਹੀ ਉਹਦੇ ਵਰਗੇ ਜਿਨ੍ਹਾਂ ਦੇ ਪਿਛਲਿਆਂ ਨੂੰ ਪਤਾ ਵੀ ਨਹੀਂ ਕਿ ਉਹ ਮਰ ਗਏ ਹਨ ਜਾਂ ਜਿੰਦਾ ਹਨ, ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਗੁੰਮਨਾਮੀ ਦਾ ਜੀਵਨ ਗੁਜ਼ਾਰਨ ਲਈ ਮਜ਼ਬੂਰ ਹਨ ਭਾਵੇਂ ਕਿ ਸੁਰਜੀਤ ਸਿੰਘ ਦੇ ਕਹਿਣ ਮੁਤਾਬਿਕ ਉਹਨਾਂ ਵਿੱਚ ਕੋਈ ਵੀ ਜੰਗੀ ਕੈਦੀ ਨਹੀਂ ਹੈ।

ਜਿਹੜੇ ਖੁਸ਼ੀ ਦੇ ਵਾਜੇ ਫਿੱਡੇ ਪਿੰਡ ਵਿੱਚ ਵੱਜੇ ਸਨ, ਉਹ ਵਾਜੇ ਇਕ ਦਿਨ ਪਹਿਲਾਂ ਮਾਝੇ ਦੇ ਸਰਬਜੀਤ ਦੇ ਪਿੰਡ ਭਿੱਖੀ-ਵਿੰਡ ਵਿੱਚ ਵੱਜਣੇ ਸਨ, ਪਰ ਭਾਸ਼ਾ ਦੀ ਗਲਤ-ਫ਼ਹਿਮੀ ਕਾਰਨ ਸਰਬਜੀਤ ਦੀ ਰਿਹਾਈ ਦੀਆਂ ਖ਼ੁਸ਼ੀਆਂ ਪਲੋ-ਪਲੀ ਗ਼ਮੀਆਂ ਵਿੱਚ ਬਦਲ ਗਈਆਂ। ਕੋਟ ਲਖਪਤ ਜੇਲ੍ਹ ਵਿੱਚ ਉਸ ਦੀ ਹਰ ਹਫ਼ਤੇ ਸਰਬਜੀਤ ਨਾਲ ਮੁਲਾਕਾਤ ਹੁੰਦੀ ਸੀ, ਪਰ ਅੱਜ ਵਾਪਸੀ ਸਮੇਂ ਜੇਲ੍ਹ ਪ੍ਰਸਾਸ਼ਨ ਨੇ ਉਸ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ। ਰਿਹਾਈ ਦੀ ਗਲਤ-ਫ਼ਹਿਮੀ ਬਾਰੇ ਉਸ ਨੇ ਦੱਸਿਆ ਕਿ ਉਰਦੂ ਵਿੱਚ ਸੁਰਜੀਤ ਸਿੰਘ ਅਤੇ ਸਰਬਜੀਤ ਸਿੰਘ ਇਕ ਹੀ ਤਰ੍ਹਾਂ ਨਾਲ ਲਿਖਿਆ ਜਾਂਦਾ ਹੈ। ਇਸੇ ਲਈ ਹੀ ਇਹ ਭੁਲੇਖਾ ਲੱਗਿਆ। ਜੇਲ੍ਹ ਵਿੱਚ ਰਿਹਾਈ ਦੇ ਆਦੇਸ਼ ਤਾਂ ਉਸ ਦੇ ਹੀ ਨਾਂ ’ਤੇ ਆਏ ਸਨ, ਸਰਬਜੀਤ ਦੇ ਨਹੀਂ। ਉਸ ਦੀ ਰਿਹਾਈ ਦੀ ਰੁਕਾਵਟ ਦਾ ਕਾਰਨ ਹੀ ਇਹ ਹੈ ਕਿ ਉਸ ਦੀ ਰਿਹਾਈ ਦੀਆਂ ਖ਼ਬਰਾਂ ਨੂੰ ਭਾਰਤੀ ਮੀਡੀਆ ਵੱਲੋਂ ਹਰ ਵਾਰ ਹੀ ਬੜੇ ਵੱਡੇ ਪੱਧਰ ’ਤੇ ਉਭਾਰਿਆ ਜਾਂਦਾ ਹੈ, ਜਿਸ ਦਾ ਸਿੱਧਾ ਪ੍ਰਤੀਕਰਮ ਪਾਕਿਸਤਾਨ ਵਿੱਚ ਹੁੰਦਾ ਹੈ। ਪਾਕਿਸਤਾਨ ਦੇ ਲੋਕ ਉਸ ਦੀ ਰਿਹਾਈ ਦੇ ਹੱਕ ਵਿੱਚ ਨਹੀਂ ਹਨ। ਇਸੇ ਲਈ ਹੀ ਵਾਰ-ਵਾਰ ਰੁਕਾਵਟ ਪੈਂਦੀ ਹੈ। ਫਾਂਸੀ ਦੀ ਸਜ਼ਾ ਹੋਣ ਕਾਰਨ ਉਸ ਨੂੰ ਵੱਖਰੀ ਬੈਰਕ ਵਿੱਚ ਰੱਖਿਆ ਜਾ ਰਿਹਾ ਹੈ ਭਾਵੇਂ ਕਿ ਉਹ ਜੇਲ੍ਹ ਵਿੱਚ ਬਿਲਕੁਲ ਠੀਕ-ਠਾਕ ਹੈ ਪਰ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਇੱਧਰ ਤੇ ਓਧਰ ਦੀਆਂ ਜੇਲ੍ਹਾਂ ਵਿੱਚ ਬੇਗੁਨਾਹ ਲੋਕ ਸੜ ਰਹੇ ਹਨ। ਇਕੱਲੀ ਕੋਟ ਲੱਖਪਤ ਜੇਲ੍ਹ ਵਿੱਚ 22 ਭਾਰਤੀ ਕੈਦੀ ਬੰਦ ਪਏ ਹਨ, ਜਿਨ੍ਹਾਂ ਵਿੱਚ 10 ਕੈਦੀ ਤਾਂ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਹਨ। ਉਸ ਨੂੰ ਵੀ ਪਾਕਿਸਤਾਨ ਦੀਆਂ ਅਦਾਲਤਾਂ ਵੱਲੋਂ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। ਉਸ ਦੀ ਉਮਰ ਕੈਦ ਵੀ ਕਦੋਂ ਦੀ ਹੀ ਪੂਰੀ ਹੋ ਚੁੱਕੀ ਸੀ ਪਰ ਅਦਾਲਤਾਂ ਦੀ ਸੁਸਤ ਕਾਰਵਾਈ ਅਤੇ ਸਰਕਾਰਾਂ ਵੱਲੋਂ ਕੈਦੀਆਂ ਲਈ ਕੋਈ ਖ਼ਾਸ ਤਵੱਜੋਂ ਨਾ ਦੇਣ ਕਾਰਨ ਉਸ ਨੂੰ ਹੁਣ ਜਾ ਕੇ ਰਿਹਾਅ ਕੀਤਾ ਗਿਆ ਹੈ।

ਦੋਨਾਂ ਮੁਲਕਾਂ ਦੇ ਸਬੰਧ ਸੁਧਾਰਨ ਲਈ ਕੀਤੀਆਂ ਜਾਂਦੀਆਂ ਰਾਜਸੀ ਮੀਟਿੰਗਾਂ ਦੇ ਪਿੱਛੇ ਭਾਵੇਂ ਦੋਹਾਂ ਦੇਸ਼ਾਂ ਦੇ ਛੁਪੇ ਹੋਏ ਮਕਸਦ ਕੁਝ ਵੀ ਹੋਣ ਪਰ ਇਹ ਰਾਜਸੀ ਮਿਲਣੀਆਂ ਮਨੁੱਖ ਹਿਤੈਸ਼ੀ ਤਾਂ ਹੋਣੀਆਂ ਹੀ ਚਾਹੀਦੀਆਂ ਹਨ। ਦੋਨਾਂ ਦੇਸ਼ਾਂ ਦੇ ਕੈਦੀਆਂ ਨੂੰ ਰਿਹਾਅ ਕਰਨ ਅਤੇ ਕਰਾਉਣ ਲਈ ਸੰਜੀਦਗੀ ਨਾਲ ਇਕ-ਦੂਜੇ ਅੱਗੇ ਵਿਚਾਰ ਰੱਖਣੇ ਚਾਹੀਦੇ ਹਨ ਤੇ ਦੋਨਾਂ ਦੇਸ਼ਾਂ ਵੱਲੋਂ ਕੀਤੀ ਜਾਂਦੀ ਮੀਟਿੰਗ ਵੇਲੇ ਇੱਧਰਲੇ ਤੇ ਓਧਰਲੇ ਕੁਝ ਕੈਦੀਆਂ ਦੀ ਰਿਹਾਈ ਦੀ ਸ਼ਰਤ ’ਤੇ ਗੱਲ-ਬਾਤ ਹੋਣੀ ਚਾਹੀਦੀ ਹੈ। ਦੋਨਾਂ ਦੇਸ਼ਾਂ ਦਾ ਇਸ ਤਰ੍ਹਾਂ ਕਰਨਾ ਮਨੁੱਖੀ ਕਦਰਾਂ-ਕੀਮਤਾਂ ਦੀ ਰਹਿਨੁਮਾਈ ਤਾਂ ਕਰੇਗਾ ਹੀ ਇਸ ਨਾਲ ਲੋਕ-ਜਜ਼ਬਾਤ ਸਿਆਸਤ ਪ੍ਰਤੀ ਕੁਝ ਸੁਖਾਵੇਂ ਹੋ ਸਕਣਗੇ। ਸ਼ੁੱਭ-ਇੱਛਾਵਾਂ ਦਾ ਜਿਹੜਾ ਟੋਕਰਾ ਸੁਰਜੀਤ ਸਿੰਘ ਦੀ ਰਿਹਾਈ ਸਮੇਂ ਪਾਕਿਸਤਾਨ ਦੇ ਪ੍ਰਧਾਨ-ਮੰਤਰੀ ਵੱਲੋਂ ਉਸ ਦੀ ਵਿਦਾਈ ਸਮੇਂ ਭੇਜਿਆ ਗਿਆ ਸੀ ਇਹ ਸ਼ਾਇਦ ਜੇਲ੍ਹ ਵਿੱਚ ਭੋਗੀਆਂ ਗਈਆਂ ਯਾਤਨਾਵਾਂ ਦੀ ਪੀੜ ਨੂੰ ਸਹਿਲਾ ਕੇ ਲੋਕ ਮਨਾਂ ਵਿੱਚ ਪਈ ਨਫ਼ਰਤ ਦੀ ਕੁੜੱਤਣ ਨੂੰ ਘਟਾ ਸਕੇ ਅਤੇ ਸਰਬਜੀਤ ਵਰਗੇ ਹੋਰ ਕੈਦੀਆਂ ਲਈ ਰਿਹਾਈ ਦਾ ਰਾਹ ਕੁਝ ਸੁਖਾਲਾ ਕਰ ਸਕੇ।

ਇਹ ਲੇਖ ਮੈਂ ਸਰਬਜੀਤ ਦੀ ਮੌਤ ਤੋਂ ਪਹਿਲਾਂ ਉਦੋਂ ਲਿਖਿਆ ਸੀ ਜਦੋਂ ਮੈਂ ਇਸ ਗੱਲ ਨੂੰ ਮਹਿਸੂਸ ਕੀਤਾ ਸੀ ਕਿ ਜੇਕਰ ਭਾਰਤੀ ਮੀਡੀਆ ਸਰਬਜੀਤ ਦੀ ਰਿਹਾਈ ਹੋਣ ਤੋਂ ਪਹਿਲਾਂ ਉਸ ਦੀ ਰਿਹਾਈ ਦੀ ਡੌਂਡੀ ਨਾ ਪਿੱਟੇ ਤਾਂ ਉਸ ਦੀ ਰਿਹਾਈ ਸੰਭਵ ਹੋ ਸਕਦੀ ਹੈ, ਪਰ ਅਜਿਹਾ ਕਦੇ ਵੀ ਨਹੀਂ ਹੋ ਸਕਿਆ। ਸਰਬਜੀਤ ਦੇ ਪਰਿਵਾਰਿਕ ਯਤਨਾਂ ਸਦਕਾ ਜਿੰਨੀ ਵਾਰ ਵੀ ਸਰਬਜੀਤ ਦੀ ਰਿਹਾਈ ਹੁੰਦੀ ਨਜ਼ਰ ਆਈ, ਸਾਡੇ ਟੀਵੀ ਮੀਡੀਆ ਨੇ ਓਨੇ ਵਾਰੀ ਹੀ ਰੌਲ਼ਾ ਪਾ-ਪਾ ਕੇ ਪਾਕਿਸਤਾਨੀ ਆਵਾਮ ਨੂੰ ਜਾਗ੍ਰਿਤ ਕਰਨ ਦਾ ਕੰਮ ਕੀਤਾ ਤੇ ਹਰ ਵਾਰ ਸਰਬਜੀਤ ਦੀ ਰਿਹਾਈ ਨੂੰ ਟਾਲ਼ਣ ਦਾ ਪੂਰਾ ਰੋਲ ਨਿਭਾਇਆ ਤੇ ਇਕ ਦਿਨ ਐਸਾ ਆਇਆ ਕਿ ਸਰਬਜੀਤ ਦੋਹਾਂ ਦੇਸ਼ਾਂ ਦੀ ਕੂੜ-ਸਿਆਸਤ ਦੀ ਭੇਟ ਚੜ੍ਹ ਗਿਆ। ਬਾਕੀ ਰਹਿ ਗਏ ਤਾਂ ਸਿਰਫ਼ ਅਫ਼ਸਾਨੇ (ਕਿੱਸੇ)।

ਅੱਜ ਦੋਵੇਂ ਦੇਸ਼ਾਂ ਦੇ ਹਾਲਾਤ ਸੁਧਾਰਨ ਵੱਲ ਕੋਈ ਅੱਗੇ ਨਹੀਂ ਆ ਰਿਹਾ, ਜਿਸ ਦਾ ਨਤੀਜਾ ਓਹੀ ਭੁਗਤਦੇ ਹਨ ਜੋ ਸਰਕਾਰਾਂ ਦੀ ਚਾਲ ਦਾ ਸ਼ਿਕਾਰ ਹੋਏ।