ਗੁਰਮਤਿ ਵਿੱਚ ‘ਮੂਲ ਮੰਤਰ’ ਦਾ ਸਥਾਨ ਤੇ ਮਹੱਤਵ

0
2525

ਗੁਰਮਤਿ ਵਿੱਚ ‘ਮੂਲ ਮੰਤਰ’ ਦਾ ਸਥਾਨ ਤੇ ਮਹੱਤਵ

ਰਣਜੀਤ ਸਿੰਘ ਹੈਡਮਾਸਟਰ (ਸੇਵਾ ਮੁਕਤ) ਲੁਧਿਆਣਾ- 99155-15436

‘‘ਮੂਲ ਮੰਤਰ’ ਇੱਕ ਸਮਾਸੀ ਸ਼ਬਦ ਹੈ, ਜੋ ‘ਮੂਲ’ ਅਤੇ ‘ਮੰਤਰ’; ਦੋ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੋਇਆ ਹੈ। ‘ਮੰਤਰ’ ਸ਼ਬਦ ਨੂੰ ਵੱਖ-ਵੱਖ ਪ੍ਰਸੰਗਾਂ ਵਿੱਚ ਵਰਤ ਕੇ ਇਸ ਦੇ ਕਈ ਅਰਥ ਕੀਤੇ ਹੋਏ ਮਿਲਦੇ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ‘ਮੰਤਰ’ ਦੇ ਅਰਥ ਕੀਤੇ ਹਨ: ‘ਜੋ ਮਨਨ ਕਰੀਏ ਉਹ ਮੰਤਰ ਹੈ’।  ‘ਮੰਤਰ’ ਅਸਲ ਵਿੱਚ ਵਿਚਾਰ ਜਾਂ ਸ਼ਬਦ ਸਰੂਪ ਹੀ ਹੁੰਦਾ ਹੈ। ਜਿਸ ਮਨੋਰਥ ਲਈ ਜਾਂ ਜਿਸ ਇਸ਼ਟ ਸੰਬੰਧੀ ਕੋਈ ‘ਮੰਤਰ’ ਹੋਵੇ, ਉਸ ਦਾ ਚਿਤਰਣ ਜਾਂ ਲੱਛਣ ਉਸ ‘ਮੰਤਰ’ ਵਿੱਚ ਸੰਖੇਪ ਰੂਪ ਵਿੱਚ ਅੰਕਿਤ ਕੀਤਾ ਹੁੰਦਾ ਹੈ। ‘ਮੂਲ ਮੰਤਰ’ ਵਿੱਚ ‘ਮੰਤਰ’ ਦੇ ਅੱਗੇ ਲੱਗਿਆ ਹੋਇਆ ਲਫਜ਼ ‘ਮੂਲ’ ਇਸ ਦਾ ਅਗੇਤਰ ਹੈ, ਜੋ ‘ਮੰਤਰ’ ਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ। ‘ਮੂਲ’ ਦਾ ਅਰਥ ਹੈ, ਮੁੱਢ, ਜੜ੍ਹ, ਤੱਤ-ਸਾਰ ਜਾਂ ਅਸਲੀਅਤ ਅਤੇ ‘ਮੰਤਰ’ ਤੋਂ ਭਾਵ ਹੈ ‘ਗੁਰ ਉਪਦੇਸ਼’ ਜਾਂ ਸਮੁੱਚੀ ਬਾਣੀ ਰੂਪ ਗੁਰੂ ਉਪਦੇਸ਼ਾਂ ਦਾ ਮੁੱਢ, ਨਿਚੋੜ। ਗੁਰਬਾਣੀ ਵਿੱਚ ‘ਮੂਲ’ ਅਤੇ ‘ਡਾਲੀ’ ਨੂੰ ਤੁਲਨਾਤਮਿਕ ਪੱਖੋਂ ਲਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ  ?॥’’ (ਆਸਾ, ਮ: ੧, ਅੰਗ ੪੨੦); ‘ਮੂਲ’ ਤੋਂ ਭਾਵ ਸਭ ਦਾ ਮੁੱਢ ਭਾਵ ਅਕਾਲ ਪੁਰਖ ਅਤੇ ਡਾਲੀ ਤੋਂ ਭਾਵ ਅਕਾਲ ਪੁਰਖ ਦੀ ਰਚਨਾ, ਸੰਸਾਰ ਅਤੇ ਸੰਸਾਰਕ ਪਦਾਰਥ।  ਸੋ ‘ਮੂਲ ਮੰਤਰ’ ਤੋਂ ਭਾਵ ਉਹ ਮੁੱਢਲਾ ਉਪਦੇਸ਼, ਜਿਸ ਦਾ ਸੰਬੰਧ ਪ੍ਰਮਾਤਮਾ ਦੇ ਨਾਲ ਹੋਵੇ ਅਤੇ ਜੋ ਸਮੁੱਚੇ ਬ੍ਰਹਿਮੰਡ ਨੂੰ ਬ੍ਰਹਮ ਨਾਲ ਜੋੜ ਕੇ ਸੱਚ ਦਾ ਗਿਆਨ ਉਜਾਗਰ ਕਰਦਾ ਹੋਵੇ। ਇਹੋ ਹੀ ਗੁਰਮਤਿ ਦਾ ਬੀਜ (ਬੀ) ਹੈ, ਮੂਲ ਹੈ, ਆਧਾਰ ਹੈ, ਇਸ ਵਿੱਚੋਂ ਹੀ ਗੁਰਮਤਿ ਦੀ ਸਾਰੀ ਵਿਚਾਰਧਾਰਾ ਜਨਮ ਲੈਂਦੀ ਹੈ, ਪ੍ਰਗਟ ਹੁੰਦੀ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਆਪ, ਜਿਸ ਨੂੰ ‘ਮੂਲ ਮੰਤਰ’ ਕਿਹਾ, ਉਹ ਪ੍ਰਮਾਤਮਾ ਦਾ ਨਾਮ ਹੈ, ਜੋ ਸਾਰੇ ਰਸਾਂ ਦਾ ਸੋਮਾ ਹੈ। ਇਹ ਨਾਮ; ਮਨੁੱਖ ਨੂੰ ਪ੍ਰਭੂ ਨਾਲ ਜੋੜ ਕੇ ਉਸ ਦਾ ਤਨ, ਮਨ ਹਰਿਆ ਕਰਦਾ ਹੈ।  ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ; ਕਹੁ ਨਾਨਕ ਪੂਰਾ ਪਾਇਆ ॥’’ (ਮਾਰੂ ਸੋਲਹੇ, ਮ: ੧, ਅੰਗ ੧੦੪੦), ਸੋ ਪੂਰਨ ਪ੍ਰਮਾਤਮਾ ਦਾ ਪੂਰਨ ਨਾਮ ਹੀ ਇੱਕੋ-ਇੱਕ ‘ਮੂਲ ਮੰਤਰ’ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਨਾਵਾਂ ਨਾਲ ਪ੍ਰਮਾਤਮਾ ਨੂੰ ਯਾਦ ਕੀਤਾ ਗਿਆ ਹੈ। ਉਨ੍ਹਾਂ ਸਾਰੇ ਨਾਵਾਂ ਨੂੰ ‘ਮੂਲ ਮੰਤਰ’ (ਸਮੁੱਚੀ ਵਿਚਾਰਧਾਰਾ ਦਾ ਧੁਰਾ/ਸਾਰ) ਨਹੀਂ ਕਿਹਾ ਜਾ ਸਕਦਾ।  ਭਾਈ ਗੁਰਦਾਸ ਜੀ ਨੇ ਸੰਖੇਪ ’ਚ ‘ਸਤਿ ਨਾਮੁ ਕਰਤਾ ਪੁਰਖੁ’ ਲਿਖ ਕੇ ਇਸ ਨੂੰ ‘ਮੂਲ ਮੰਤਰ’ ਨਾਂ ਦਿੱਤਾ ਹੈ।  ਆਪ ਛੇਵੀਂ ਵਾਰ ਦੀ 19ਵੀਂ ਪਉੜੀ ’ਚ ਫ਼ੁਰਮਾਉਂਦੇ ਹਨ ਕਿ ‘ਸਤਿਗੁਰੂ ਸਤਿ ਸਰੂਪ ਹੈ। ਸਿੱਖ; ਆਪਣੇ ਧਿਆਨ ਦਾ ਮੁੱਢ (ਕੇਂਦਰ) ਗੁਰੂ ਮੂਰਤਿ ਨੂੰ ਸਮਝਦਾ ਹੋਇਆ ‘ਸਤਿ ਨਾਮੁ ਕਰਤਾ ਪੁਰਖੁ..’ ਨੂੰ ਮੂਲ ਮੰਤਰ ਵਜੋਂ ਸਿਮਰ ਕੇ (ਰੱਬੀ ਦਰ ’ਤੇ) ਪ੍ਰਵਾਣ ਹੁੰਦਾ ਹੈ : ‘‘ਸਤਿ ਗੁਰ ਸਤਿ ਸਰੂਪ ਹੈ; ਧਿਆਨ ਮੂਲੁ, ਗੁਰ ਮੂਰਤਿ ਜਾਣੈ। ਸਤਿ ਨਾਮੁ ਕਰਤਾ ਪੁਰਖੁ; ਮੂਲ ਮੰਤ੍ਰ੍ਰ ਸਿਮਰਣ ਪਰਵਾਣੈ।’’ (ਭਾਈ ਗੁਰਦਾਸ ਜੀ/ਵਾਰ ੬ ਪਉੜੀ ੧੯)

‘ਮੂਲ ਮੰਤਰ’ ਦੀ ਮਹੱਤਤਾ ਨੂੰ ਦਰਸਾਉਣ ਵਾਲਾ ਸ਼ਬਦ ਗੁਰੂ ਰਾਮਦਾਸ ਜੀ ਸਾਰੰਗ ਰਾਗ ਵਿੱਚ ਹੈ, ਜਿਸ ਰਾਹੀਂ ਫ਼ੁਰਮਾਉਂਦੇ ਹਨ : ‘‘ਜਪਿ ਮਨ  ! ਨਿਰਭਉ ॥  ਸਤਿ ਸਤਿ ਸਦਾ ਸਤਿ ॥ ਨਿਰਵੈਰੁ ਅਕਾਲ ਮੂਰਤਿ ॥  ਆਜੂਨੀ ਸੰਭਉ ॥  ਮੇਰੇ ਮਨ ! ਅਨਦਿਨੁੋ ਧਿਆਇ, ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥’’ (ਮ: ੪, ਅੰਗ ੧੨੦੧)

ਪੁਰਾਤਨ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਸਿਧਾਂ ਨੇ ਸੁਮੇਰ ਪਰਬਤ ’ਤੇ ਗੁਰੂ ਨਾਨਕ ਸਾਹਿਬ ਜੀ ਨਾਲ਼ ਵਿਚਾਰ-ਗੋਸਟੀ ਕਰਦਿਆਂ ‘ਮੂਲ ਮੰਤਰ’ ਬਾਰੇ ਜਾਣਨ ਲਈ ਪੁੱਛਿਆ ਤਾਂ ਆਪ ਨੇ ‘ੴ’ ਤੋਂ ਲੈ ਕੇ ‘ਗੁਰਪ੍ਰਸਾਦਿ’ ਤੱਕ ਉਚਾਰ ਕੇ ਇਸ ਨੂੰ ‘ਮੂਲ ਮੰਤਰ’ ਕਿਹਾ। ਭਾਈ ਕਾਨ੍ਹ ਸਿੰਘ ਨਾਭਾ ਵੀ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਸਿੱਖੀ ਪ੍ਰੰਪਰਾ ਅਨੁਸਾਰ ‘ੴ’ ਤੋਂ ‘ਗੁਰ ਪ੍ਰਸਾਦਿ’ ਤੱਕ ‘ਮੂਲ ਮੰਤਰ’ ਹੈ। ਇਕ ਗੱਲ ‘ਮੂਲ ਮੰਤਰ’ ਵਿੱਚ ਇਹ ਵੀ ਵਿਲੱਖਣ ਹੈ ਕਿ ਇਸ ਵਿੱਚ ‘ਨਾਨਕ’ ਪਦ ਨਹੀਂ ਵਰਤਿਆ ਗਿਆ ਭਾਵੇਂ ਕਿ ਇਹ ਸੰਖੇਪ ਰਚਨਾ (ਸ਼ਬਦ ਸੰਗ੍ਰਹਿ) ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਣ ਕੀਤੀ ਹੋਈ ਸਰਵ ਪ੍ਰਵਾਣਿਤ ਮੰਨੀ ਜਾਂਦੀ ਹੈ। ਗੁਰਮਤਿ ਵਿੱਚ ਇਸ ਨੂੰ ਸ਼੍ਰੋਮਣੀ ਸਥਾਨ ਪ੍ਰਾਪਤ ਹੈ। ਇਸ ‘ਮੂਲ ਮੰਤਰ’ ਵਿੱਚ ਹੀ ਸਰਵ ਉੱਚ ਪਰਮ ਹਸਤੀ ਅਕਾਲ ਪੁਰਖ ਦੇ ਦਰਸ਼ਨ ਦੀਦਾਰੇ ਹੁੰਦੇ ਹਨ। ਇਸ ਵਿੱਚ ਪਰਮ ਹਸਤੀ ਦੇ ਗੁਣ ਵਾਚਕ ਨਾਮ ਅਤੇ ਉਸ ਦੀ ਕ੍ਰਿਪਾਲਤਾ ਨੂੰ ਪ੍ਰਧਾਨਗੀ ਮਿਲੀ ਹੈ। ਇਸ ਵਿੱਚ ਸੁਰਤ ਜੋੜਨ ਨਾਲ ਮਨੁੱਖ ਦੀ ਲਿਵ ਅਕਾਲ ਪੁਰਖ ਨਾਲ ਜੁੜ ਜਾਂਦੀ ਹੈ। ਧਾਰਮਿਕ ਸਾਹਿਤ ਖੇਤਰ ਵਿੱਚ ਇਹ ਇੱਕ ਅਟੱਲ ਸਚਾਈ ਹੈ ਕਿ ਕਿਸੇ ਵੀ ‘ਮੰਤਰ’ ਵਿੱਚ ਇਸ਼ਟ ਦੇ ਨਾਮ ਜਾਂ ਉਸ ਦੇ ਗੁਣਾਂ ਨੂੰ ਹੀ ਦਰਸਾਇਆ ਜਾਂਦਾ ਹੈ। ‘ਮੰਤਰ’ ਦੇ ਰਚਨਹਾਰੇ ਦਾ ਨਾਮ ਜਾਂ ਮੋਹਰ ਛਾਪ ਨਹੀਂ ਹੁੰਦੀ। ਇਸ ਨਿਯਮ ਦੀ ਪਾਲਣਾ ਹੋਰ ਮਤਾਂ ਦੇ ਮੰਤਰਾਂ ਵਿੱਚ ਵੀ ਮਿਲਦੀ ਹੈ। ‘ੴ’ ਤੋਂ ‘ਗੁਰਪ੍ਰਸਾਦਿ’ ਵਿੱਚ ਵੀ ਜਿੰਨੇ ਸ਼ਬਦ ਹਨ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਹੀ ਪ੍ਰਗਟਾਉਂਦੇ ਹਨ ਪਰ ਰਚਨਹਾਰੇ ਦਾ ਨਾਮ ਨਹੀਂ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਵਿੱਚ ਆਮ ਕਰਕੇ ‘ਨਾਨਕ’ ਪਦ ਜਾਂ ਭਗਤ ਬਾਣੀ ਵਿੱਚ ਭਗਤਾਂ ਦਾ ਨਾਂ ਵਰਤਿਆ ਗਿਆ ਹੈ। ‘ਜਪੁ’ ਬਾਣੀ ਦੀਆਂ 12 ਪਉੜੀਆਂ ਵਿੱਚ ਵੀ ‘ਨਾਨਕ’ ਪਦ ਦੀ ਵਰਤੋਂ ਨਹੀਂ ਕੀਤੀ ਗਈ। ਗਿ: ਜਗਤਾਰ ਸਿੰਘ ਜਾਚਕ ਲਿਖਦੇ ਹਨ ਕਿ ‘ਮੂਲ ਮੰਤਰ’ ਵਿੱਚ ਨਾਨਕ ਪਦ ਨਾਂ ਆਉਣ ਦਾ ਕਾਰਨ ਇਹ ਵੀ ਹੈ ਕਿ ਜਦੋਂ ਕੋਈ ਇਸ ਵਿੱਚ ਸੁਰਤ ਜੋੜਦਾ ਹੈ ਤਾਂ ਸੁਰਤੀ ਜੋੜਨ ਵਾਲੇ ਅਤੇ ਪਰਮ ਹਸਤੀ ਦੇ ਵਿਚਕਾਰ ਦੂਸਰਾ ਕੋਈ ਹੋਰ ਨਹੀਂ ਰਹਿ ਜਾਂਦਾ।

ਗੁਰੂ ਗ੍ਰੰਥ ਸਾਹਿਬ ਵਿੱਚ ਇਹ ‘ਮੂਲਮੰਤਰ’ ਸੰਪੂਰਨ ਰੂਪ ਵਿੱਚ ਜਾਂ ਸੰਖੇਪ ਰੂਪ ਵਿੱਚ 568 ਵਾਰ ਵਰਤਿਆ ਮਿਲਦਾ ਹੈ। ਸੰਪੂਰਨਾ ਰੂਪ ਵਿੱਚ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ’; 33 ਵਾਰ ਵਰਤਿਆ ਗਿਆ ਹੈ।

 

‘ਜਪੁ’ ਬਾਣੀ ਤੋਂ ਪਹਿਲਾਂ :                 1 ਵਾਰ

ਰਾਗਾਂ ਦੇ ਆਰੰਭ ਵਿੱਚ         :                  26 ਵਾਰ

ਰਾਗ ਆਸਾ ਵਾਰ ਮਹਲਾ ੧ :               1 ਵਾਰ

ਰਾਗ ਆਸਾ ਬਾਣੀ ਭਗਤ ਕਬੀਰ ਜੀ ਕੀ:       1 ਵਾਰ

ਸਲੋਕ ਸਹਿਸਕ੍ਰਿਤੀ ਮ: ੧ :                 1 ਵਾਰ

ਸਹਸਕ੍ਰਿਤੀ ਸਲੋਕ ਮ: ੫ :                 1 ਵਾਰ

ਸਵਯੈ ਮ: ੪ :                          1 ਵਾਰ

ਸਲੋਕ ਵਾਰਾਂ ਤੇ ਵਧੀਕ :                  1 ਵਾਰ

                                    33 ਵਾਰ

ਸੰਖੇਪ ਰੂਪ ਵਿੱਚ ਇਸ ਤਰ੍ਹਾਂ ਸੁਸ਼ੋਭਿਤ ਹੈ :

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ :     9 ਵਾਰ

ੴ ਸਤਿ ਨਾਮੁ ਗੁਰਪ੍ਰਸਾਦਿ :               2 ਵਾਰ

ੴ ਸਤਿ ਗੁਰ ਪ੍ਰਸਾਦਿ :                524 ਵਾਰ

ਇਸ ‘ਮੂਲ ਮੰਤਰ’ ਨੂੰ ਮਨ ਵਿੱਚ ਵਸਾਉਣ ਨਾਲ ਜਨਮ ਜਨਮਾਤਰਾਂ ਦੇ ਪਾਪ ਕੱਟੇ ਜਾਂਦੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਹੈ : ‘‘ਅਉਖਧ ਮੰਤ੍ਰ ਮੂਲੁ ਮਨ ਏਕੈ; ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥  ਜਨਮ ਜਨਮ ਕੇ ਪਾਪ ਕਰਮ ਕੇ; ਕਾਟਨਹਾਰਾ ਲੀਜੈ ਰੇ ॥’’ (ਗਉੜੀ, ਮ: ੧, ਅੰਗ ੧੫੬) ਇਸ ਦੀ ਵਿਆਖਿਆ ਕਰਦੇ ਹੋਏ ਪ੍ਰੋ ਸਾਹਿਬ ਸਿੰਘ ਜੀ ਲਿਖਦੇ ਹਨ : ‘ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ। ਮਨ ਨੂੰ ਵੱਸ ਵਿੱਚ ਕਰਨ ਵਾਲਾ ਸਭ ਤੋਂ ਵਧੀਆ ‘ਮੰਤਰ’ ਪ੍ਰਮਾਤਮਾ ਦਾ ਨਾਮ ਹੀ ਹੈ।’

ਕਿਸੇ ਵੀ ਗੁਰੂ ਸਾਹਿਬਾਨ ਨੇ ਪ੍ਰਮਾਤਮਾ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਿਲਣ ਜਾਂ ਦੇਖਣ ਦਾ ਦਾਅਵਾ ਨਹੀਂ ਕੀਤਾ। ਗੁਰਮਤਿ ਅਨੁਸਾਰ ਪ੍ਰਮਾਤਮਾ ਹਰ ਜ਼ਰੇ ਜ਼ਰੇ ਵਿੱਚ ਵਿਆਪਕ ਹੈ; ਜਿਵੇਂ ਹਰ ਵਸਤੂ ਨੂੰ ਕੋਈ ਨਾ ਕੋਈ ਸਿਰਜਦਾ ਹੈ, ਬੀਜਦਾ ਹੈ, ਬਣਾਉਂਦਾ ਹੈ; ਇਉਂ ਪ੍ਰਮਾਤਮਾ; ਕਿਸੇ ਦੁਆਰਾ ਬਣਾਇਆ ਜਾਂ ਸਿਰਜਿਆ ਹੋਇਆ ਵੀ ਨਹੀਂ ਅਤੇ ਉਸ ਦਾ ਮਾਂ-ਬਾਪ ਵੀ ਕੋਈ ਨਹੀਂ। ‘ਜਪੁ’ ਬਾਣੀ ਵਿੱਚ ਆਪ ਫ਼ੁਰਮਾਉਂਦੇ ਹਨ : ‘‘ਥਾਪਿਆ ਨ ਜਾਇ, ਕੀਤਾ ਨ ਹੋਇ ॥ ਆਪੇ ਆਪਿ, ਨਿਰੰਜਨੁ ਸੋਇ ॥’’  (ਮ: ੧, ਅੰਗ ੨)

ਭਾਵੇਂ ਉਹ ਹਰ ਵਸਤੂ ਤੇ ਹਰ ਜੀਵ ਵਿੱਚ ਮੌਜੂਦ ਹੈ, ਪਰ ਫਿਰ ਵੀ ਇਹਨਾਂ ਅੱਖਾਂ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਜੋ ਪ੍ਰਮਾਤਮਾ ਦਾ ਸਰੂਪ ਬਿਆਨ ਕੀਤਾ ਹੈ ਉਹ ਇਹ ਹੈ : ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’’

‘ਜਪੁ’ ਬਾਣੀ (ਸਿਰਲੇਖ) ਜਾਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ; ਇੱਥੋਂ ਹੀ ਅਰੰਭ ਹੁੰਦੀ ਹੈ। ਇਸ ਤੋਂ ਅਗੇਤਰ ਨੂੰ ਹੀ ‘ਮੂਲ ਮੰਤਰ’ ਕਿਹਾ ਜਾਂਦਾ ਹੈ। ‘ੴ’ –  ਇਹ ‘ਮੂਲ ਮੰਤਰ’ ਦਾ ਪਹਿਲਾ ਸ਼ਬਦ ਹੈ। ‘ੴ’ ਪ੍ਰਮਤਾਮਾ ਬਾਰੇ ਇੱਕ ਅਜਿਹਾ ਸ਼ਬਦ ਹੈ, ਜਿਸ ਦੇ ਦੁਆਲੇ ਸਾਰੀ ਗੁਰਮਤਿ ਫ਼ਿਲਾਸਫ਼ੀ ਦਾ ਪ੍ਰਸਾਰ ਜਾਂ ਵਿਆਖਿਆ ਹੈ, ਜੋ ਸਾਡਾ ਰਾਹ ਦਸੇਰਾ ਬਣਦੀ ਹੈ। ‘ੴ’ ਦਾ ਉਚਾਰਨ ‘ਇੱਕ ਓਅੰਕਾਰ’ ਹੈ। ਪ੍ਰੋ ਸਾਹਿਬ ਸਿੰਘ ਜੀ ਅਨੁਸਾਰ ਇਸ (ੴ) ਸ਼ਬਦ ਦੇ ਤਿੰਨ ਹਿੱਸੇ ਹਨ :

੧, ਓ ਅਤੇ ਕਾਰ। ਇੱਥੇ ੧ ਗਣਿਤ ਦੇ ਸੰਖਿਅਕ ਵਜੋਂ ਨਹੀਂ ਹੈ ਸਗੋਂ ਅਕਾਲ ਪੁਰਖ ਦੀ ਵਿਸ਼ੇਸ਼ਤਾ ਵਜੋਂ ਮੌਜੂਦ ਹੈ ਭਾਵ ਉਹ ਇੱਕ ਹੈ ਅਤੇ ਉਸ ਵਰਗਾ ਹੋਰ ਕੋਈ ਨਹੀਂ।  ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਸਾਹਿਬੁ ਮੇਰਾ ਏਕੋ ਹੈ ॥  ਏਕੋ ਹੈ, ਭਾਈ ! ਏਕੋ ਹੈ ॥੧॥ ਰਹਾਉ ॥’’ (ਆਸਾ, ਮ: ੧, ਅੰਗ ੩੫੦)

ਖੁੱਲ੍ਹੇ ਮੂੰਹ ਵਾਲਾ ‘ਓ’;  ‘ਓਅੰ’ ਸ਼ਬਦ ਦਾ ਬੋਧਕ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਓਅੰ’; ਸਭ ਦੀ ਰੱਖਿਆ ਕਰਨ ਵਾਲਾ ਹੈ। ‘ਓ’ ਦੇ ਅੱਗੇਤਰ ੧ ਲਿਖ ਕੇ ਗੁਰੂ ਸਾਹਿਬਾਨ ਨੇ ਸਪਸ਼ਟ ਕੀਤਾ ਹੈ ਕਿ ਸਾਡਾ ਰੱਖਿਅਕ ਇੱਕ ਕਰਤਾਰ ਹੀ ਹੈ।  ਸੰਸਕ੍ਰਿਤ ਦਾ ਇੱਕ ਪਿਛੇਤਰ ਹੈ ਜਿਸ ਦਾ ਉਚਾਰਣ ਹੈ ‘ਕਾਰ’। ਇਸ ਦਾ ਅਰਥ ਹੈ ਇੱਕ ਰਸ, ਜਿਸ ਵਿੱਚ ਕਦੇ ਤਬਦੀਲੀ ਨਾ ਆਵੇ। ਸੋ ‘ੴ’ ਦਾ ਉਚਾਰਣ ਹੈ ‘ਇੱਕ ਓਅੰਕਾਰ’ ਅਤੇ ਅਰਥ ਹਨ ‘ਪ੍ਰਮਾਤਮਾ ਇਕ ਹੈ ਤੇ ਉਹ ਸਰਬ ਵਿਆਪਕ ਹੈ’ ਭਾਵ ਏਕਤਾ ਵਿੱਚ ਅਨੇਕਤਾ ਅਤੇ ਅਨੇਕਤਾ ਵਿੱਚ ਏਕਤਾ ਹੈ। ਸੰਸਾਰ ਦਾ ਸਾਰਾ ਪਸਾਰਾ (ਜੀਵ ਜੰਤੂ, ਦੀਪ ਸਮੂਹ, ਧਰਤੀ, ਅਕਾਸ਼ ਪਾਤਾਲ, ਸਮੁੰਦ੍ਰ ਬ੍ਰਹਿਮੰਡ,ਦਰਿਆ ਆਦਿ) ਉਸ ਇੱਕ ਤੋਂ ਹੀ ਹੋਇਆ ਹੈ: ‘ਜਪੁ’ ਬਾਣੀ ਵਿੱਚ ਗੁਰੂ ਸਾਹਿਬ ਫ਼ੁਰਮਾਉਂਦੇ ਹਨ : ‘ਕੀਤਾ ਪਸਾਉ ਏਕੋ ਕਵਾਉ ॥  ਤਿਸ ਤੇ ਹੋਏ; ਲਖ ਦਰੀਆਉ ॥’’ (ਮ: ੧, ਅੰਗ ੩) ਭਾਵ ਇਹ ਸਾਰਾ ਪਸਾਰਾ ਇੱਕ ਤੋਂ ਹੀ ਹੋਇਆ ਹੈ ਅਤੇ ਅੰਤ ਸਮਾਂ ਪਾ ਕੇ ਇੱਕ ਵਿੱਚ ਹੀ ਸਮਾ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ‘ਜਾਪੁ’ ਸਾਹਿਬ ਵਿੱਚ ਫ਼ੁਰਮਾਉਂਦੇ ਹਨ : ‘‘ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥ ਖੇਲ ਖੇਲਿ, ਅਖੇਲ ਖੇਲਨ; ਅੰਤ ਕੋ ਫਿਰਿ ਏਕ ॥੩॥੮੧॥’’ (ਜਾਪੁ)

‘੧’ (ਇੱਕ) ਨੂੰ ਅਕਾਲ ਪੁਰਖ ਵਜੋਂ ਪ੍ਰਤੱਖ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ: ‘‘ਏਕੰਕਾਰੁ ਅਵਰੁ ਨਹੀ ਦੂਜਾ; ਨਾਨਕ  ! ਏਕੁ ਸਮਾਈ ॥ (ਰਾਮਕਲੀ ਓਅੰਕਾਰ, ਮ: ੧, ਅੰਗ ੯੩੦) ਭਾਵ ‘‘ਨਾਨਕ  !  ਅਵਰੁ ਨਹੀ ਦੂਜਾ; (ਹਰ ਥਾਂ) ਏਕੁ ਏਕੰਕਾਰੁ ਸਮਾਈ ॥’’

ਗੁਰੂ ਗੋਬਿੰਦ ਸਿੰਘ ਜੀ ਵੀ ਇੱਕ (੧) ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ : ‘‘ਪ੍ਰਣਵੋ ਆਦਿ ਏਕੰਕਾਰਾ ॥ ਜਲ ਥਲ ਮਹੀਅਲ ਕੀਓ ਪਸਾਰਾ ॥ ਆਦਿ ਪੁਰਖੁ ਅਬਗਤਿ ਅਬਿਨਾਸੀ ॥ ਲੋਕ ਚਤ੍ਰਦਸਿ ਜੋਤ ਪ੍ਰਕਾਸੀ ॥੧॥’’ (ਅਕਾਲ ਉਸਤਤਿ) ਭਾਵ ੧ ਅਕਾਲ ਪੁਰਖ ਹੀ ‘ਆਦਿ ਪੁਰਖੁ’ ਹੈ, ਸਰਬ ਵਿਆਪਕ ਹੈ, ਅਦ੍ਰਿਸ਼ ਅਤੇ ‘ਅਬਿਨਾਸੀ’ ਵੀ ਹੈ।

ਸਤਿ ਨਾਮੁ – ਭਾਵੇਂ ‘ੴ’ ਤੋਂ ‘ਗੁਰ ਪ੍ਰਸਾਦਿ’ ਤੱਕ ਦੇ ਸਾਰੇ ਪਦ ਇੱਕ ਮਾਲਾ ਵਿੱਚ ਪਰੋਏ ਹੋਏ ਹਨ ਅਤੇ ਇਹਨਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ ਪ੍ਰੰਤੂ ‘ੴ’ ਅਤੇ ‘ਨਾਮੁ’ ਪਦ ਦੇ ਵਿੱਚ ‘ਸਤਿ’ ਸ਼ਬਦ ਇਸ ਤਰ੍ਹਾਂ ਟਿਕਾਇਆ ਹੋਇਆ ਹੈ; ਜਿਵੇਂ ਘਰ ਦੇ ਦਰਵਾਜ਼ੇ ਦੀ ਦਹਿਲੀਜ ’ਤੇ ਦੀਵਾ ਰੱਖਿਆ ਹੋਵੇ; ਜਿਵੇਂ ਉਹ ਦੀਵਾ ਘਰ ਦੇ ਅੰਦਰ ਵੀ ਤੇ ਬਾਹਰ ਵੀ ਚਾਨਣ ਦੇਂਦਾ ਹੈ; ਇਸੇ ਤਰ੍ਹਾਂ ‘ਸਤਿ’ ਸ਼ਬਦ ਮਨੁੱਖ ਦੇ ਅੰਦਰ ਤੇ ਬਾਹਰ ‘ਸਤਿ’ ਦਾ ਗਿਆਨ ਰੂਪੀ ਚਾਨਣ ਪੈਦਾ ਕਰਕੇ ਉਸ ਨੂੰ ਇੱਕ ‘ਸਤਿ’ ਦੇ ਨਾਲ ਜੋੜਦਾ ਹੈ। ‘ਸਤਿ’ ਸ਼ਬਦ ਸੰਸਕ੍ਰਿਤ ਦੀ ਸੰਗਿਆ ‘ਸਤਯ’ ਤੋਂ ਬਣਿਆ ਹੈ। ਇਸ ਦਾ ਮੁੱਢਲਾ ਭਾਵ ਹੈ ‘ਹੋਂਦ, ਅਸਲੀਅਤ ਜਾਂ ਸਚੁ’। ਇਹ ‘ਸਤਿ’ ਸ਼ਬਦ ਪ੍ਰਮਾਤਮਾ ਦਾ ਗੁਣ ਵਾਚਕ ਨਾਂਵ ਵੀ ਹੈ ਅਤੇ ਇਹ ਪ੍ਰਮਾਤਮਾ ਦਾ ਮੁੱਢਲਾ ਨਾਮ ਵੀ ਹੈ। ਗੁਰੂ ਅਰਜਨ ਦੇਵ ਜੀ ਮਾਰੂ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਕਿਰਤਮ ਨਾਮ ਕਥੇ ਤੇਰੇ; ਜਿਹਬਾ ॥  ਸਤਿ ਨਾਮੁ; ਤੇਰਾ ਪਰਾ ਪੂਰਬਲਾ ॥’’ (ਮਾਰੂ ਸੋਲਹੇ, ਮ: ੫, ਅੰਗ ੧੦੮੩)

ਇਸੇ ਤਰ੍ਹਾਂ ਰੱਬੀ ਗੁਣਾ ’ਚੋਂ ਸਭ ਤੋਂ ਮੁੱਢਲਾ ਤੇ ਮੁੱਖ ਗੁਣ ‘ਸਤਿ’ ਭਾਵ ਸੱਚ ਨੂੰ ਹੀ ਮੰਨਿਆ ਗਿਆ ਹੈ, ਜੋ ਅਸਤਿ ਰੂਪ ਮਨੁੱਖੀ ਜੀਵਨ ਲਈ ਐਸਾ ਦਾਰੂ ਹੈ ਜੋ ਸਾਰੇ ਪਾਪਾਂ ਨੂੰ ਧੋ ਕੇ ਕੱਢ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਵਿੱਚ ਫ਼ੁਰਮਾਉਂਦੇ ਹਨ : ‘‘ਸਚੁ ਸਭਨਾ ਹੋਇ ਦਾਰੂ; ਪਾਪ ਕਢੈ ਧੋਇ ॥’’ (ਆਸਾ ਕੀ ਵਾਰ, ਮ: ੧, ਅੰਗ ੪੬੮)

ਸੋ ਰੱਬੀ ਹੋਂਦ ਦੀ ਸਦੀਵੀ ਅਟੱਲਤਾ ਨੂੰ ਦਰਸਾਉਣ ਲਈ ‘ਸਤਿ ਨਾਮੁ’ ਹੀ ਸਭ ਤੋਂ ਵਧੇਰੇ ਯੋਗ ਅਤੇ ਢੁੱਕਵਾਂ ਸ਼ਬਦ ਹੈ ਜਿਹੜਾ ਆਪਣੀ ਬੁੱਕਲ ਵਿੱਚ ਸਾਰੇ ਰੱਬੀ ਗੁਣਾਂ ਨੂੰ ਬੀਜ (ਬੀ) ਵਜੋਂ ਸਮਾਈ ਬੈਠਾ ਹੈ।

ਕਰਤਾ ਪੁਰਖ – ਭਾਵ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਅਤੇ ਬਣਾ ਕੇ ਉਸ ਵਿੱਚ ਹੀ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਹੈ, ਜੋ ਸਭ ਕੁੱਝ ਕਰਨ ਕਰਾਵਨ ਦੀ ਸਮਰੱਥਾ ਰੱਖਦਾ ਹੈ। ਚੇਤੰਨ ਰੂਪ ਵਿੱਚ ਉਹ ਆਪਣੀ ਹਰ ਕਿਰਤ ਵਿੱਚ ਵਿਆਪਕ ਹੈ, ਇਸ ਲਈ ਜੋ ਕੁੱਝ ਦਿਸ ਰਿਹਾ ਹੈ, ਇਹ ਵੀ ਕਰਤਾ ਪੁਰਖੁ ਪ੍ਰਮਾਤਮਾ ਦਾ ਰੂਪ ਹੈ ਅਤੇ ਜੋ ਅਣਦਿਸਦਾ ਜਗਤ ਹੈ, ਉਹ ਵੀ ਉਸੇ ਦਾ ਰੂਪ ਹੈ। ਜਗਤ ਦੀ ਪੈਦਾਇਸ਼ ਕਰਨ ਵਾਲਾ ਅਤੇ ਨਾਸ ਕਰਨ ਵਾਲਾ ਉਹ ਆਪ ਹੀ ਹੈ। ਮਾਇਆ ਦੇ ਤਿੰਨਾਂ ਗੁਣਾਂ (ਰਮੋ, ਤਜੋ, ਸਤੋ) ਤੋਂ ਪਰੇ ਵੀ ਹੈ ਅਤੇ ਇਹਨਾਂ ਦੇ ਵਿੱਚ ਵਿਆਪਕ ਵੀ ਹੈ ਭਾਵ ਸਭਨਾ ਦੇ ਵਿੱਚ ਵਿਆਪਕ ਹੁੰਦਾ ਹੋਇਆ ਵੀ ਨਿਰਲੇਪ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ, ‘ਤੂੰ ਕਰਤਾ ਪੁਰਖੁ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ॥’’ (ਮਾਝ ਕੀ ਵਾਰ, ਮ: ੧, ਅੰਗ ੧੩੮) ਅਤੇ ‘‘ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥’’ (ਮਲਾਰ ਕੀ ਵਾਰ, ਮ: ੧, ਅੰਗ ੧੨੯੧)

ਕਰਤਾ ਪੁਰਖੁ ਸ਼ਬਦ ਵਿਚਲੇ ਰਹੱਸ ਅਤੇ ਰਮਜ਼ ਨੂੰ ਸਮਝ ਕੇ ਜਿਊਣ ਵਾਲ ਵਿਅਕਤੀ ਗ੍ਰਹਿਸਤੀ ਹੁੰਦਿਆਂ ਹੋਇਆਂ ਵੀ, ਸੰਨਿਆਸੀ ਅਤੇ ਰਾਜ ਭਾਗ ਮਾਣਦਾ ਹੋਇਆ ਵੀ ਜੋਗੀ ਬਣਿਆ ਰਹਿੰਦਾ ਹੈ। ਇਸ ਦਾ ਇਹ ਕਾਰਨ ਹੈ ਕਿ ਉਹ ਕਰਤੇ ਨੂੰ ਸਰਬ ਵਿਆਪਕ ਰੂਪ ਵਿੱਚ ਵੇਖਦਾ ਹੈ। ਉਹ ਸਮਝਦਾ ਹੈ ਕਿ ਕਰਤਾ ਆਪ ਹੀ ਸਾਡੇ ਰਾਹੀਂ ਇਹ ਸਾਰੀ ਲੀਲਾ ਵਰਤਾਅ ਰਿਹਾ ਹੈ। ਅਜਿਹਾ ਮਨੁੱਖ ਹਉਮੈ ਹੰਕਾਰ ਤੋਂ ਬਚਿਆ ਰਹਿੰਦਾ ਹੈ। ਜੇ ਕਰਤਾਰ ਆਪਣੀ ਕਿਰਤ ਨਾਲੋਂ ਵੱਖਰਾ ਹੁੰਦਾ ਤਾਂ ਅਸੀਂ ਵੀ ਉਸ ਨੂੰ ਭਾਲਣ ਲਈ ਆਪਣੀ ਕਿਰਤ ਕਾਰ ਤੋਂ ਵੱਖਰੇ ਹੋ ਜਾਂਦੇ ਪ੍ਰੰਤੂ ਉਹ ਸ੍ਰਿਸ਼ਟੀ-ਰਚਨਾ ਦਾ ਮੂਲ ਸ੍ਰੋਤ ਹੋਣ ਕਰਕੇ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਵਿਆਪਕ ਹੋ ਕੇ ਸਾਡੀ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਇਸ ਲਈ ਪ੍ਰਮਾਤਮਾ ਕੇਵਲ ਕਰਤਾ ਹੀ ਨਹੀਂ ਸਗੋਂ ਦਾਤਾਰ ਵੀ ਹੈ। ਗੁਰਬਾਣੀ ਵਿੱਚ ਜਿੱਥੇ ਉਸ ਨੂੰ ਕਰਤਾ ਪੁਰਖ ਕਿਹਾ ਗਿਆ ਹੈ ਉੱਥੇ ਉਸ ਨੂੰ ਦਾਤਾ ਕਰਤਾ ਵੀ ਕਿਹਾ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਵਿੱਚ ਫ਼ੁਰਮਾਉਂਦੇ ਹਨ : ‘‘ਦਾਤਾ ਕਰਤਾ ਆਪਿ ਤੂੰ; ਤੁਸਿ ਦੇਵਹਿ ਕਰਹਿ ਪਸਾਉ ॥  ਤੂੰ ਜਾਣੋਈ ਸਭਸੈ; ਦੇ ਲੈਸਹਿ ਜਿੰਦੁ ਕਵਾਉ ॥  ਕਰਿ ਆਸਣੁ ਡਿਠੋ ਚਾਉ ॥’’ (ਆਸਾ ਕੀ ਵਾਰ, ਮ: ੧, ਅੰਗ ੪੬੩)

ਜਿਸ ਮਨੁੱਖ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਇੱਕ ਅਕਾਲ ਪੁਰਖ ਹੈ ਅਤੇ ਉਹ ਸਰਬ ਵਿਆਪਕ ਹੋਣ ਕਰਕੇ ਸਾਡੇ ਸਾਰਿਆਂ ਦਾ ਮਾਲਕ ਵੀ ਹੈ ਤਾਂ ਮਨੁੱਖ ਦੇ ਅੰਦਰ ਇਹ ਅਹਿਸਾਸ ਵੀ ਜਾਗ ਪੈਂਦਾ ਹੈ ਕਿ ਸੰਸਾਰ ਵਿੱਚ ਉਹੀ ਕੁੱਝ ਵਾਪਰਦਾ ਹੈ ਜੋ ਕਰਤਾ ਪੁਰਖ ਨੂੰ ਪਸੰਦ ਹੁੰਦਾ ਹੈ। ਅਸਲ ਵਿੱਚ ਇਹ ਦ੍ਰਿੜ੍ਹਤਾ ਕਾਇਮ ਹੋਣੀ ਹੀ ਹਿਰਦੇ ਵਿੱਚ ਕਰਤਾ ਪੁਰਖੁ ਦਾ ਪ੍ਰਗਟਾਅ ਹੋਣਾ ਹੈ।

ਨਿਰਭਉਨਿਰਵੈਰੁ ਦਾ ਭਾਵ ਇਹ ਹੈ ਕਿ ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਅਤੇ ਨਾ ਹੀ ਉਸ ਦਾ ਕਿਸੇ ਨਾਲ ਵੈਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੰਸਾਰ ਦੀ ਸਮਾਜਕ, ਆਰਥਕ, ਰਾਜਨੀਤਕ ਤੇ ਧਾਰਮਿਕ ਦੁਰਦਸ਼ਾ ਵੇਖੀ ਤਾਂ ਉਹਨਾਂ ਨੇ ਮਨੁੱਖਤਾ ਤੇ ਤਰਸ ਕੀਤਾ ਅਤੇ ਉਹਨਾਂ ਨੇ ਨਿਰਭਉ ਤੇ ਨਿਰਵੈਰ; ਸਮਾਜ ਦੀ ਸਿਰਜਣਾ ਕਰਨ ਦਾ ਇਰਾਦਾ ਬਣਾਇਆ। ਗੁਰੂ ਨਾਨਕ ਸਾਹਿਬ ਮਹਾਨ ਮਨੋਵਿਗਿਆਨੀ ਸਨ। ਉਹ ਜਾਣਦੇ ਸਨ ਕਿ ਕਿਸੇ ਨੂੰ ਡਰਾ ਕੇ ਜਾਂ ਕਿਸੇ ਨਾਲ ਵੈਰ ਕਮਾ ਕੇ ਸਮਾਜ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹ ਸਮਝਦੇ ਸਨ ਕਿ ਡਰਨਾ ਇੱਕ ਮਾਨਸਿਕ ਕਮਜੋਰੀ ਹੈ ਅਤੇ ਕਿਸੇ ਨੂੰ ਡਰਾਉਣਾ ਸਮਾਜਕ ਬੁਰਾਈ ਹੈ। ਇਸ ਲਈ ਆਪ ਨੇ ਲੋਕਾਂ ਨੂੰ ਇੱਕ ਪ੍ਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ ਜੋ ਡਰ ਰਹਿਤ ਅਤੇ ਵੈਰ ਰਹਿਤ ਹੈ। ਉਹਨਾਂ ਨੇ ਪ੍ਰਮਾਤਮਾ ਦਾ ਨਿਰਭਉ ਤੇ ਨਿਰਵੈਰ ਸਰੂਪ ਪ੍ਰਗਟ ਕੀਤਾ। ਗੁਰੂ ਸਾਹਿਬ ਮਨੁੱਖ ਨੂੰ ਅਧੋਗਤੀ ਵਿੱਚੋਂ ਕੱਢਣਾ ਚਾਹੁੰਦੇ ਸਨ ਇਸ ਲਈ ਨਿਰਭੈਤਾ ਤੇ ਨਿਰਵੈਰਤਾ, ਜੋ ਹੌਂਸਲੇ ਤੇ ਸਹਿਣਸ਼ੀਲਤਾ ਦੇ ਗੁਣ ਮੰਨੇ ਜਾਂਦੇ ਹਨ ਲੋਕਾਂ ਵਿੱਚ ਭਰਨੇ ਅਰੰਭ ਕੀਤੇ।

‘‘ਜੈਸਾ ਸੇਵੈ ਤੈਸੋ ਹੋਇ ॥’’ (ਮ: ੧, ਅੰਗ ੨੨੩) ਦੇ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਆਪ ਨੇ ਲੋਕਾਈ ਨੂੰ ਡਰ ਤੇ ਵੈਰ ਰਹਿਤ ਪ੍ਰਭੂ ਨਾਲ ਜੋੜਿਆ। ਇਸ ਲਈ ਆਪ ਨੇ ਮਨੁੱਖਤਾ ਨੂੰ ਉਚੀ ਅਵਾਜ਼ ਵਿੱਚ ਹੋਕਾ ਦਿੱਤਾ ਕਿ ਜਿਹੜੇ ਲੋਕ ਨਿਰਭਉ ਤੇ ਨਿਰਵੈਰ ਪ੍ਰਭੂ ਨੂੰ ਹਰ ਵੇਲੇ ਆਪਣੇ ਧਿਆਨ ਵਿੱਚ ਰੱਖਦੇ ਹਨ, ਉਹ ਵੀ ਨਿਰਭਉ ਤੇ ਨਿਰਵੈਰ ਹੋ ਜਾਂਦੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਨਿਰਭਉ ਜਪੈ, ਸਗਲ ਭਉ ਮਿਟੈ ॥’’ (ਗਉੜੀ ਸੁਖਮਨੀ, ਮ: ੫, ਅੰਗ ੨੯੩) ਅਤੇ ‘‘ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭੁ ਗਵਾਸੀ ॥’’ (ਸੋ ਪੁਰਖੁ ਆਸਾ, ਮ: ੪, ਅੰਗ ੧੧)

ਨਿਰਭਉ ਤੇ ਨਿਰਵੈਰ ਦਾ ਸੰਮਿਲਤ ਅਰਥ ਹੈ ‘ਪ੍ਰੇਮ ਸਰੂਪ’। ਨਿਰਭੈਤਾ ਤੇ ਨਿਰਵੈਰਤਾ ਦੋਵੇ ਗੁਣ ਅਨਿਖੜਵੇਂ ਹਨ, ਜੋ ਨਿਰਭਉ ਹੁੰਦਾ ਹੈ, ਉਹ ਨਿਰਵੈਰ ਵੀ ਹੁੰਦਾ ਹੈ ਅਤੇ ਜਿਹੜਾ ਨਿਰਵੈਰ ਹੈ, ਉਸ ਦਾ ਨਿਰਭਉ ਹੋਣਾ ਸੁਭਾਵਕ ਹੀ ਹੈ। ਇਸ ਲਈ ਇਹ ਦੋਵੇਂ ਲਫਜ਼ ਕੇਵਲ ‘ਮੂਲ ਮੰਤਰ’ ਵਿੱਚ ਹੀ ਨਹੀਂ ਦਰਜ ਕੀਤੇ ਗਏ ਸਗੋਂ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਥਾਂ ’ਤੇ ਵੀ ਸੰਯੁਕਤ (ਇਕੱਠੇ) ਹੀ ਵਰਤੇ ਗਏ ਹਨ। ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ : ‘‘ਹਰਿ ਸਤਿ ਨਿਰੰਜਨ ਅਮਰੁ ਹੈ; ਨਿਰਭਉ ਨਿਰਵੈਰੁ ਨਿਰੰਕਾਰੁ ॥ (ਮ: ੪, ਅੰਗ ੩੦੨), ਕਾਇਆ ਨਗਰਿ ਬਸਤ ਹਰਿ ਸੁਆਮੀ; ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥’’ (ਮ: ੪, ਅੰਗ ੭੨੦), ਆਦਿ।

ਅਕਾਲ ਪੁਰਖ ਕਿਉਂਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਇਸ ਲਈ ਉਹ ਨਿਰਭਉ ਅਤੇ ਨਿਰਵੈਰ ਹੈ। ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿੱਚ ਚੱਲ ਰਹੀ ਹੈ। ਇਸ ਲਈ ਕਰਤੇ ਦਾ ਆਪਣੀ ਕਿਰਤ ਤੋਂ ਡਰਨ ਜਾਂ ਵੈਰ ਰੱਖਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਕਰਤਾ ਹਮੇਸ਼ਾਂ ਹੀ ਆਪਣੀ ਕਿਰਤ ਨੂੰ ਸਵਾਰਦਾ ਹੈ, ਵਿਗਾੜਦਾ ਨਹੀਂ ਅਤੇ ਕਰਤੇ ਵਰਗਾ ਹੋਰ ਕੋਈ ਹੈ ਵੀ ਨਹੀਂ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ : ‘‘ਤੂ ਆਪੇ ਕਰਤਾ, ਤੇਰਾ ਕੀਆ ਸਭੁ ਹੋਇ ॥  ਤੁਧੁ ਬਿਨੁ, ਦੂਜਾ ਅਵਰੁ ਨ ਕੋਇ ॥’’ (ਸੋ ਪੁਰਖੁ ਆਸਾ, ਮ: ੪, ਅੰਗ ੧੨)

ਪ੍ਰਮਾਤਮਾ ਦੇ ਡਰ ਨੂੰ ਹਿਰਦੇ ਵਿੱਚ ਵਸਾਉਣ ਨੂੰ ‘ਨਿਰਮਲ ਭਉ’ ਕਿਹਾ ਗਿਆ ਹੈ ਭਾਵ ਪ੍ਰਮਾਤਮਾ ਨਾਲ ਪ੍ਰੇਮ ਵੀ ਹੋਵੇ ਅਤੇ ਮਨ ਵਿੱਚ ਅਦਬ ਸਤਿਕਾਰ ਜਾਂ ਉਸ ਦਾ ਡਰ ਵੀ ਹੋਵੇ; ਜਿਵੇਂ ਬੱਚੇ ਦੇ ਮਨ ਵਿੱਚ ਮਾਤਾ ਪਿਤਾ ਪ੍ਰਤੀ ਅਦਬ ਸਤਿਕਾਰ ਹੁੰਦਾ ਹੈ ਪਰ ਜੇਕਰ ਉਹ ਕੋਈ ਗਲਤ ਕੰਮ ਕਰ ਲਵੇ ਤਾਂ ਮਨ ਵਿੱਚ ਡਰ ਵੀ ਹੁੰਦਾ ਹੈ। ਇਹ ਡਰ ਨਿਰਮਲ ਭਉ ਹੁੰਦਾ ਹੈ ਕਿਉਂਕਿ ਉਹ ਸਮਝਦਾ ਹੈ ਕਿ ਮਾਤਾ ਪਿਤਾ ਮੇਰੇ ਲਈ ਹੀ ਸਭ ਕੁੱਝ ਕਰਦੇ ਹਨ। ਇਸੇ ਤਰ੍ਹਾਂ ਪ੍ਰਮਾਤਮਾ ਨਾਲ ਸਾਂਝ ਪੈਣ ’ਤੇ ਮਨ ਵਿੱਚ ਉਸ ਦਾ ਨਿਰਮਲ ਭਉ ਬਣਿਆ ਰਹਿੰਦਾ ਹੈ। ਜੋ ਕੁੱਝ ਵੀ ਉਹ ਸੁੱਖ ਜਾਂ ਦੁੱਖ ਦੇਂਦਾ ਹੈ ਤਾਂ ਉਸ ਦੀ ਦਾਤ ਸਮਝ ਕੇ ਪ੍ਰਵਾਨ ਕਰਦਾ ਹੈ। ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਕੇਤਿਆ; ਦੂਖ ਭੂਖ ਸਦ ਮਾਰ ॥  ਏਹਿ ਭਿ ਦਾਤਿ ਤੇਰੀ; ਦਾਤਾਰ ! ॥’’ (ਜਪੁ) ਗੁਰੂ ਰਾਮਦਾਸ ਜੀ ਸੂਹੀ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਨਿਰਮਲੁ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥’’ (ਮ: ੪, ਅੰਗ ੭੭੪), ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਵਿੱਚ ਰੱਬ ਪ੍ਰਥਾਇ ‘ਡਰ, ਭੈ ਅਤੇ ਭਉ’ ਪਦ ਜਿੱਥੇ ਵੀ ਵਰਤੇ ਗਏ ਹਨ ਇਹਨਾਂ ਦਾ ਅਰਥ-ਭਾਵ ‘ਡਰ-ਅਦਬ, ਨਿਰਮਲ ਭਉ’ ਨਾਲ ਹੈ ਕਿਉਂਕਿ ਰੱਬੀ ਡਰ-ਅਦਬ; ਹਿਰਦੇ ਵਿੱਚ ਰੱਖ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਉਹ ਸਾਡਾ ਆਪਣਾ ਹੈ, ਪਿਆਰਾ ਹੈ, ਮਾਲਕ ਹੈ। ਜਿਸ ਹਿਰਦੇ ਵਿੱਚ ਇਹ ਧਾਰਨਾ ਬਣ ਗਈ ਫਿਰ ਉਹ ਆਪਣੇ ਘਰ ਵਿੱਚ ਵੀ ਸੁਖੀ ਹੈ ਤੇ ਘਰ ਤੋਂ ਬਾਹਰ ਵੀ ਅਨੰਦ ਮਈ ਅਵਸਥਾ ਵਿੱਚ ਵਿਚਰਦਾ ਹੈ। ਅਜਿਹੇ ਮਨੁੱਖ ਦੀ ਅਵਸਥਾ ਦਾ ਬਿਆਨ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਘਰਿ ਸੁਖਿ ਵਸਿਆ; ਬਾਹਰਿ ਸੁਖੁ ਪਾਇਆ॥  ਕਹੁ ਨਾਨਕ  ! ਗੁਰਿ ਮੰਤ੍ਰੁ ਦ੍ਰਿੜਾਇਆ ॥’’ (ਮ: ੫, ਅੰਗ ੧੧੩੬)

ਅਸਲ ਵਿੱਚ ਸਚਾਈ ਇਹ ਹੈ ਕਿ ਰੱਬੀ ਅਦਬ ਵਿੱਚ ਜਿਊਣਾ ਹੀ ਰੱਬ ਦੀ ਹਜੂਰੀ ਹੈ ਅਤੇ ਅਜਿਹਾ ਮਨੁੱਖ ਹੀ ਸੰਸਾਰ ਵਿੱਚ ਨਿਰਭਉ ਅਤੇ ਨਿਰਵੈਰ ਰਹਿ ਕੇ ਇਸ ਸਮੁੰਦਰ ਨੂੰ ਪਾਰ ਕਰ ਜਾਂਦਾ ਹੈ। ਸਿੰਘਾਂ ਦੀ ਨਿਰਭੈਤਾ ਤੇ ਨਿਰਵੈਰਤਾ ਦੇ ਗੁਣ ਦੇਖ ਕੇ ਦੁਰਾਨੀ ਨੇ ਕਿਹਾ ਸੀ ਕਿ ਇਹ ਕਿਸੇ ਸਮੇਂ ਦੇਸ਼ ਦੇ ਬਾਦਸ਼ਾਹ ਬਣਨਗੇ।

ਅਕਾਲ ਮੂਰਤਿ ਦਾ ਅਰਥ ਹੈ ‘ਕਾਲ ਤੋਂ ਰਹਿਤ ਹਸਤੀ’ ਭਾਵ ਸ੍ਰਿਸ਼ਟੀ ਦਾ ਮੂਲ ਪ੍ਰਮਾਤਮਾ, ਜਿਸ ਨੂੰ ‘ੴ’ ਦੇ ਸੰਕੇਤ ਨਾਲ ਪ੍ਰਗਟ ਕੀਤਾ ਗਿਆ ਹੈ। ਕੇਵਲ ਇੱਕੋ ਇੱਕ ਪ੍ਰਮਾਤਮਾ ਹੀ ਅਜਿਹੀ ਹਸਤੀ ਵਾਲਾ ਹੈ, ਜੋ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ। ਸਮਾਂ ਪਾ ਕੇ ਨਾ ਇਹ ਪੁਰਾਣੀ ਹੁੰਦੀ ਹੈ ਤੇ ਨਾ ਹੀ ਵਿਨਾਸ਼ ਹੁੰਦੀ ਹੈ। ਇਹ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ : ‘‘ਅਕਾਲ ਮੂਰਤਿ; ਜਿਸੁ ਕਦੇ ਨਾਹੀ ਖਉ ॥’’ (ਮਾਰੂ ਸੋਲਹੇ, ਮ: ੫, ਅੰਗ ੧੦੮੨) ਭਾਵ ਪ੍ਰਮਾਤਮਾ ਦੀ ਹਸਤੀ ਕਦੇ ਨਾਸ਼ ਨਹੀਂ ਹੁੰਦੀ।

‘ਅਕਾਲ’ ਸ਼ਬਦ; ਕਾਲ ਦਾ ਵਿਰੋਧੀ ਸ਼ਬਦ ਹੈ। ‘ਕਾਲ’ ਦਾ ਅਰਥ ਹੈ ‘ਸਮਾਂ ਅਤੇ ਮੌਤ’। ਇਸ ਦੇ ਅੱਗੇਤਰ ‘ਅ’ ਲੱਗਣ ਨਾਲ ਇਹ ਕਾਲ ਰਹਿਤ ਅਤੇ ਸਮਾਂ ਰਹਿਤ ਬਣ ਗਿਆ ਭਾਵ ਜਿਸ ਉੱਤੇ ਕਾਲ ਦਾ ਕਿਸੇ ਪੱਖੋਂ ਵੀ ਪ੍ਰਭਾਵ ਨਾ ਪਵੇ। ਪ੍ਰਮਾਤਮਾ; ਕਾਲ ਦੀ ਮਾਰ ਤੋਂ ਉਚੇਰਾ ਹੀ ਨਹੀਂ ਬਲਕਿ ਕਾਲ ਵੀ ਉਸ ਦੇ ਵੱਸ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਮਾਰੂ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਤੂ ਅਕਾਲ ਪੁਰਖੁ; ਨਾਹੀ ਸਿਰਿ ਕਾਲਾ ॥’’ (ਮਾਰੂ ਸੋਲਹੇ, ਮ: ੧, ਅੰਗ ੧੦੩੮)

‘ਅਕਾਲ ਮੂਰਤਿ’ ਸਮਾਸੀ (ਸੰਯੁਕਤ) ਪਦ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸੰਪੂਰਨ ਮੂਲ ਮੰਤਰ ’ਚ 33 ਵਾਰ ਤੋਂ ਇਲਾਵਾ 10 ਵਾਰ (ਗੁਰੂ ਰਾਮਦਾਸ ਜੀ ਨੇ 2 ਵਾਰ ਅਤੇ ਗੁਰੂ ਅਰਜਨ ਸਾਹਿਬ ਜੀ ਨੇ 8 ਵਾਰ) ਹੋਰ ਵੀ ਆਪਣੀ ਰਚਨਾ ’ਚ ਸ਼ਾਮਲ ਕੀਤਾ ਹੈ। ਹਰ ਜਗ੍ਹਾ ‘ਅਕਾਲ’ ਸ਼ਬਦ; ਮੂਰਤਿ ਦੇ ਵਿਸ਼ੇਸ਼ਣ ਵਜੋਂ ਹੈ; ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੇ ਵਾਕ ਹਨ : ‘‘ਅਕਾਲ ਮੂਰਤਿ ਰਿਦੈ ਧਿਆਇਦਾ; ਦਿਨੁ ਰੈਨਿ ਜਪੰਥਾ ॥ (ਮ: ੫, ਅੰਗ ੧੧੦੧), ਸਤਿ ਪੁਰਖ ਅਕਾਲ ਮੂਰਤਿ; ਰਿਦੈ ਧਾਰਹੁ ਧਿਆਨੁ ॥ (ਕੇਦਾਰਾ, ਮ: ੫, ਅੰਗ ੧੧੨੧), ਸਫਲ ਦਰਸਨੁ ਅਕਾਲ ਮੂਰਤਿ; ਪ੍ਰਭੁ ਹੈ ਭੀ ਹੋਵਨਹਾਰਾ ॥’’ (ਸੋਰਠਿ, ਮ: ੫, ਅੰਗ ੬੦੯), ਆਦਿ। ‘ਅਕਾਲ ਮੂਰਤਿ’ ਨੂੰ ਭੂਤ, ਭਵਿੱਖ ਤੇ ਵਰਤਮਾਨ ਵਿੱਚ ਅਬਿਨਾਸੀ ਦਰਸਾਉਂਦਿਆਂ ਸਮੇਂ ਅਤੇ ਕਾਲ ਦੀ ਹੱਦ ਬੰਦੀ ਤੋਂ ਮੁਕਤ ਰੱਖਿਆ ਗਿਆ ਹੈ ਭਾਵ ਉਸ ਦਾ ਕਦੇ ਵਿਨਾਸ਼ ਨਹੀਂ ਹੁੰਦਾ।

ਇਸ ਸੰਸਾਰ ਵਿੱਚ ਅਸੀਂ ਜੋ ਕੁੱਝ ਵੀ ਦੇਖਦੇ ਹਾਂ ਉਹ ਬਿਨਸਹਾਰ ਹੈ। ਗੁਰੂ ਤੇਗ਼ ਬਹਾਦਰ ਜੀ ਫ਼ੁਰਮਾਉਂਦੇ ਹਨ : ‘‘ਜੋ ਦੀਸੈ ਸੋ ਸਗਲ ਬਿਨਾਸੈ; ਜਿਉ ਬਾਦਰ ਕੀ ਛਾਈ ॥’’ (ਗਉੜੀ, ਮ: ੯, ਅੰਗ ੨੧੯) ਭਾਵ ਇਸ ਸੰਸਾਰ ਵਿੱਚ ਹਰ ਵਸਤੂ, ਬਿਨਸਨਹਾਰ ਹੈ। ‘ਅਕਾਲ ਪੁਰਖ’ ਦੀ ਕੁਦਰਤ ਅਤੇ ਸਮੁੱਚਾ ਬ੍ਰਹਿਮੰਡ ਵੀ ਸਮੇਂ ਦੇ ਪ੍ਰਭਾਵ ਹੇਠ ਹੀ ਹੈ, ਜੋ ਹੌਲ਼ੀ ਹੌਲ਼ੀ ਘਟ ਰਿਹਾ ਹੈ। ਇੱਥੋਂ ਤੱਕ ਕਿ ਸੂਰਜ, ਚੰਦਰਮਾ, ਤਾਰੇ, ਅਕਾਸ਼, ਪਹਾੜ, ਗ੍ਰਹਿ, ਧਰਤੀ; ਜਿਸ ’ਤੇ ਅਸੀਂ ਰਹਿ ਰਹੇ ਹਾਂ, ਵੀ ਸਮੇਂ ਨਾਲ ਘਟਦੇ ਜਾ ਰਹੇ ਹਨ। ਮਾਇਆਵੀ ਰੂਪ ਸੋਨਾ, ਚਾਂਦੀ, ਹੀਰੇ, ਮੋਤੀ ਵੀ ਘਟ ਰਹੇ ਹਨ। ਜੇਕਰ ਕੋਈ ਸਥਿਰ ਹੈ ਤਾਂ ਉਹ ਕੇਵਲ ਅਬਿਨਾਸ਼ੀ ਪ੍ਰਭੂ ਹੀ ਹੈ। ਸਲੋਕ ਸਹਸਕ੍ਰਿਤੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ : ‘‘ਘਟੰਤ ਰੂਪੰ ਘਟੰਤ ਦੀਪੰ; ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥  ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥  ਘਟੰਤ ਲਲਨਾ ਸੁਤ ਭ੍ਰਾਤ ਹੀਤੰ॥  ਘਟੰਤ ਕਨਿਕ ਮਾਨਿਕ; ਮਾਇਆ ਸ੍ਵਰੂਪੰ ॥  ਨਹ ਘਟੰਤ; ਕੇਵਲ ਗੋਪਾਲ ਅਚੁਤ ॥  ਅਸਥਿਰੰ; ਨਾਨਕ  ! ਸਾਧ ਜਨ ॥੯॥’’ (ਸਲੋਕ ਸਹਸਕ੍ਰਿਤੀ, ਮ: ੫, ਅੰਗ ੧੩੫੪)

ਅਜੂਨੀ ਸੈਭੰ – ਭਾਵ ਪ੍ਰਮਾਤਮਾ ਜੂਨਾਂ ਵਿੱਚ ਨਹੀਂ ਆਉਂਦਾ। ਉਸ ਦਾ ਜਨਮ ਜਾਂ ਪੈਦਾਇਸ਼ ਕਿਸੇ ਵੀ ਤਰੀਕੇ ਨਾਲ ਨਹੀਂ ਹੋਈ। ਇਸ ਦ੍ਰਿਸ਼ਟਮਾਨ ਸੰਸਾਰ ਦੇ ਜਿੰਨੇ ਵੀ ਪ੍ਰਾਣੀ ਅਤੇ ਜੜ੍ਹ ਪਦਾਰਥ ਹਨ ਉਹਨਾਂ ਸਾਰਿਆਂ ਦੀ ਪੈਦਾਇਸ਼ ਦਾ ਕੋਈ ਨਾ ਕੋਈ ਸਾਧਨ, ਕਾਰਨ ਅਤੇ ਉਤਪਤੀ ਦਾ ਸਥਾਨ; ਮੌਜੂਦ ਹੈ। ਗੁਰੂ ਨਾਨਕ ਦੇ ਮੱਤ ਅਨੁਸਾਰ ਸਾਰ ਸ੍ਰਿਸ਼ਟੀ ਦਾ ਅਦ੍ਰਿਸ਼ਟ ਮੂਲ ਸ੍ਰੋਤ ਇੱਕ ਅਕਾਲ ਪੁਰਖ ਹੈ, ਜਿਸ ਨੂੰ ‘ੴ’ ਦੇ ਸੰਕੇਤ ਨਾਲ ਪ੍ਰਗਟ ਕੀਤਾ ਗਿਆ ਹੈ ਪਰ ਜਦੋਂ ਉਤਪਤੀ ਸਾਧਨਾਂ ਦੀ ਗੱਲ ਆਉਂਦੀ ਹੈ ਤਾਂ ਬੇਅੰਤ ਤਰੀਕਿਆਂ ਦਾ ਵਰਣਨ ਕੀਤਾ ਗਿਆ; ਜਿਵੇਂ ‘ਜਪੁ’ ਬਾਣੀ ਵਿੱਚ ਆਪ ਫ਼ੁਰਮਾਉਂਦੇ ਹਨ : ‘‘ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥.. ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ  ! ਅੰਤੁ ਨ ਅੰਤੁ ॥੩੫॥’’ (ਜਪੁ)

ਹੋਰਾਂ ਮਤਾਂ ਦੀ ਵਿਚਾਰਧਾਰਾ ਅਨੁਸਾਰ ਉਤਪਤੀ ਦੇ ਚਾਰ ਮੁੱਖ ਸੋਮੇ (ਅੰਡਜ, ਜੇਰਜ, ਸੇਤਜ ਤੇ ਉਤਭੁਜ) ਮੰਨੇ ਗਏ ਹਨ। ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹੋਏ ਬਿਆਨ ਕਰਦੇ ਹਨ ਕਿ ਹੇ ਪ੍ਰਭੂ ! ਇਸ ਜਗਤ ਵਿੱਚ ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ) ਤੇਰੇ ਪੈਦਾ ਕੀਤੇ ਹੋਏ ਹਨ ਅਤੇ ਜਗਤ ਉਤਪਤੀ ਦੀਆਂ ਚਾਰੇ ਖਾਣੀਆਂ ਵੀ ਤੇਰੀ ਹੀ ਰਚਨਾ ਦੇ ਚਿੰਨ੍ਹ ਹਨ ਅਤੇ ਤੂੰ ਆਪ ਹੀ ਇਹਨਾਂ ਸਾਰੇ ਜੀਵਾਂ ਵਿੱਚ ਮੌਜੂਦ ਹੈ। ਆਪ ਜੀ ਦਾ ਫ਼ੁਰਮਾਨ ਹੈ : ‘‘ਅੰਡਜ ਜੇਰਜ ਉਤਭੁਜ ਸੇਤਜ; ਤੇਰੇ ਕੀਤੇ ਜੰਤਾ ॥  ਏਕੁ ਪੁਰਬੁ ਮੈ ਤੇਰਾ ਦੇਖਿਆ; ਤੂ ਸਭਨਾ ਮਾਹਿ ਰਵੰਤਾ ॥’’ (ਸੋਰਠਿ, ਮ: ੧, ਅੰਗ ੫੯੬)

ਕੁਦਰਤ ਦੇ ਇਸ ਨਿਯਮ ਅਨੁਸਾਰ ਹਰੇਕ ਜੀਵ ਦਾ ਕੋਈ ਨਾ ਕੋਈ ਉਤਪਤੀ ਸਾਧਨ ਹੈ। ਫਿਰ ਮਨ ਵਿੱਚ ਸੁਆਲ ਵੀ ਉੱਠਦਾ ਹੈ ਕਿ ਪ੍ਰਮਾਤਮਾ ਦੀ ਉਤਪਤੀ ਕਿਵੇਂ ਹੋਈ ? ਇਸ ਸ਼ੰਕੇ ਨੂੰ ਨਵਿਰਤ ਕਰਨ ਲਈ ਗੁਰੂ ਸਾਹਿਬਾਨ ਨੇ ਅਜੂਨੀ ਦੇ ਨਾਲ ਸੈਭੰ ਲਿਖ ਦਿੱਤਾ ਭਾਵ ਉਸ ਦਾ ਪ੍ਰਕਾਸ਼ ਆਪਣੇ ਆਪ ਹੀ ਹੋਇਆ ਹੈ। ਉਹ ਜਨਮ ਮਰਨ ਵਿੱਚ ਨਹੀਂ ਆਉਂਦਾ, ਨਾ ਉਸ ਦੀ ਕੋਈ ਮਾਂ ਹੈ ਤੇ ਨਾ ਹੀ ਬਾਪ ਹੈ। ਉਹ ਜਨਮ ਮਰਨ ਦੇ ਖਲਜਗਣ (ਝੰਜਟ) ਤੋਂ ਮੁਕਤ ਹੈ। ਗੁਰੂ ਨਾਨਕ ਸਾਹਿਬ ਜੀ ਸੋਰਠਿ ਰਾਗ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਨਾ ਤਿਸੁ ਮਾਤ ਪਿਤਾ ਸੁਤ ਬੰਧਪ; ਨਾ ਤਿਸੁ ਕਾਮੁ ਨ ਨਾਰੀ ॥  ਅਕੁਲ ਨਿਰੰਜਨ ਅਪਰ ਪਰੰਪਰੁ; ਸਗਲੀ ਜੋਤਿ ਤੁਮਾਰੀ ॥’’ (ਸੋਰਠਿ, ਮ: ੧, ਅੰਗ ੫੯੭)

ਗੁਰੂ ਨਾਨਕ ਸਾਹਿਬ ਹੋਰ ਫ਼ੁਰਮਾਉਂਦੇ ਹਨ ਕਿ ਨਾ ਹੀ ਹਿੰਦੂ ਧਰਮ ਦੇ ਵੇਦ ਆਦਿ ਧਾਰਮਿਕ ਪੁਸਤਕਾਂ ਨੇ ਅਤੇ ਨਾ ਹੀ ਸਾਮੀ ਮੱਤ ਦੀਆਂ ਕੁਰਾਨ ਆਦਿਕ ਪੁਸਤਕਾਂ ਨੇ ਪ੍ਰਮਾਤਮਾ ਦੀ ਹਸਤੀ ਨੂੰ ਗਹੁ ਨਾਲ ਵਾਚਿਆ ਜਦਕਿ ਉਸ ਦਾ ਮਾਂ, ਬਾਪ, ਪੁੱਤਰ, ਭੈਣ, ਭਰਾ ਕੋਈ ਵੀ ਨਹੀਂ। ਵੱਡੇ ਵੱਡੇ ਪਹਾੜ ਆਦਿ ਪੈਦਾ ਕਰਕੇ ਉਹ ਜਦੋਂ ਚਾਹੇ ਸਾਰੇ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਉਸ ਦਾ ਸਰੂਪ ਬਿਆਨ ਤੋਂ ਪਰੇ ਹੈ, ‘‘ਬੇਦ ਕਤੇਬੀ; ਭੇਦੁ ਨ ਜਾਤਾ ॥  ਨਾ ਤਿਸੁ; ਮਾਤ, ਪਿਤਾ, ਸੁਤ, ਭ੍ਰਾਤਾ ॥  ਸਗਲੇ ਸੈਲ ਉਪਾਇ ਸਮਾਏ; ਅਲਖੁ ਨ ਲਖਣਾ ਜਾਈ ਹੇ ॥੬॥’’ (ਮਾਰੂ ਸੋਲਹੇ, ਮ: ੧, ਅੰਗ ੧੦੨੧) ਆਸਾ ਕੀ ਵਾਰ ਪੜ੍ਹ ਕੇ ਪ੍ਰਭੂ ਦਾ ‘ਸੈਭੰ’ (ਭਾਵ ਆਪਣੇ ਆਪ ਤੋਂ ਪੈਦਾ ਹੋਣਾ) ਸਰੂਪ ਸਪਸ਼ਟ ਹੋ ਜਾਂਦਾ ਹੈ, ਉਸ ਦਾ ਪ੍ਰਕਾਸ਼ ਆਪਣੇ ਆਪ ਹੋਇਆ ਤੇ ਫਿਰ ਉਸ ਨੇ ਕੁਦਰਤ ਦੀ ਸਾਜਣਾ ਕੀਤੀ। ਪਹਿਲੀ ਪਉੜੀ ਵਿੱਚ ਆਪ ਫ਼ੁਰਮਾਉਂਦੇ ਹਨ : ‘‘ਆਪੀਨ੍ੈ ਆਪੁ ਸਾਜਿਓ; ਆਪੀਨ੍ੈ ਰਚਿਓ ਨਾਉ ॥  ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥’’ (ਮ: ੧, ਅੰਗ ੪੬੩)

ਸੋ ਅਕਾਲ ਪੁਰਖ ਹੀ ਇੱਕੋ ਇੱਕ ਅਜਿਹੀ ਹਸਤੀ ਹੈ, ਜਿਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਅਤੇ ਨਾ ਹੀ ਉਹ ਜੂਨਾਂ ਵਿੱਚ ਆਉਂਦਾ ਹੈ। ਉਸ ਦਾ ਪ੍ਰਕਾਸ਼ ਆਪਣੇ ਆਪ ਹੀ ਹੋਇਆ ਹੈ।

ਗੁਰਪ੍ਰਸਾਦਿ – ਭਾਵ ਗੁਰੂ ਦੀ ਕ੍ਰਿਪਾ ਨਾਲ। ਅਕਾਲ ਪੁਰਖ ਪ੍ਰਮਾਤਮਾ ਦੇ ਜੋ ਗੁਣ; ਗੁਰੂ ਨਾਨਕ ਸਾਹਿਬ ਜੀ ਨੇ ‘ਮੂਲ ਮੰਤਰ’ ਵਿੱਚ ਬਿਆਨ ਕੀਤੇ ਹਨ ਉਸ ਪ੍ਰਮਾਤਮਾ ਦੀ ਪ੍ਰਾਪਤੀ ਭਾਵ ਉਸ ਨਾਲ ਅਭੇਦਤਾ ਅਥਵਾ ਉਸ (ਭਾਵ ਆਪਣੇ ਆਪ) ਵਾਲੇ ਅਲੌਕਿਕ ਗੁਣ; ਮਨੁੱਖੀ ਹਿਰਦੇ ਅੰਦਰ ਵਸਾਉਣ ਲਈ ਗੁਰੂ ਦੀ ਕ੍ਰਿਪਾ ਦੀ ਲੋੜ ਹੈ। ਗੁਰੂ ਦੀ ਕ੍ਰਿਪਾ ਤੋਂ ਬਿਨਾਂ ਅਸੀਂ ਗੁਣਵਾਨ ਨਹੀਂ ਹੋ ਸਕਦੇ। ਪ੍ਰਮਾਤਮਾ ਗੁਣਾਂ ਦਾ ਸੋਮਾ ਹੈ, ਸਮੁੰਦਰ ਹੈ। ਗੁਰੂ ਅਤੇ ਰੱਬ ਦੀ ਮਿਹਰ ਤੋਂ ਬਿਨਾਂ ਅਕਾਲ ਪੁਰਖ ਦੀ ਭਗਤੀ ਹੀ ਨਹੀਂ ਹੋ ਸਕਦੀ। ਗੁਰੂ ਵਾਕ ਹੈ : ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ॥੨੧॥’’ (ਜਪੁ)

ਇਸ ਲਈ ਗੁਰਦੇਵ ਨੇ ਭਗਤੀ ਅਤੇ ਸਦਾਚਾਰ ਦਾ ਸੁਮੇਲ ਕਰਕੇ ਮਨੁੱਖੀ ਜੀਵਨ ਵਿੱਚ ਸੰਤੁਲਿਤ ਕਾਇਮ ਰੱਖਦਿਆਂ ਹੋਇਆਂ ਰੱਬੀ ਮਿਲਾਪ ਲਈ ਕਰਮਕਾਂਡਾਂ (ਨਿਰਮੂਲ ਪੂਜਾ) ਦਾ ਆਸਰਾ ਲੈਣ ਦੀ ਥਾਂ ਰੱਬੀ ਬਖ਼ਸ਼ਿਸ਼ ’ਤੇ ਨਿਰਭਰ ਰਹਿਣ ਲਈ ਪ੍ਰੇਰਿਆ। ਇਉਂ ਮਨੁੱਖ ਹਰ ਤਰ੍ਹਾਂ ਦੀ ਹਊਮੈ ਤੋਂ ਮੁਕਤ ਰਹਿ ਕੇ ਅਨੰਦਮਈ ਜੀਵਨ ਜੀਊਂਦਿਆਂ ਸਰਬ ਪੱਖੀ ਵਿਕਾਸ ਕਰ ਸਕੇਗਾ। ਜੇ ਇਹ ਕਹੀਏ ਕਿ ਮਨੁੱਖ ਆਪਣੇ ਬਲ ਨਾਲ ਚੰਗੇ ਇਖਲਾਕੀ ਗੁਣ ਪੈਦਾ ਕਰਕੇ ਆਪਣੀ ਸ਼ਖ਼ਸੀਅਤ ਨੂੰ ਆਪ ਨਿਖਾਰ ਸਕਦਾ ਹੈ ਤਾਂ ਇਹ ਅਸੰਭਵ ਹੈ। ਗੁਰੂ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਗੁਰੂ ਸ਼ਬਦ ਦੁਆਰਾ ਔਗਣਾਂ ਨੂੰ ਮਿਟਾਉਣਾ ਅਤੇ ਸੁਚੱਜੇ ਗੁਣਾਂ ਨੂੰ ਗ੍ਰਹਿਣ ਕਰਨਾ; ਮਾਲਕ ਪ੍ਰਭੂ ਦੀ ਮਿਹਰ ਅਤੇ ਗੁਰੂ ਕ੍ਰਿਪਾ ’ਤੇ ਨਿਰਭਰ ਹੈ।  ਗੁਰੂ ਨਾਨਕ ਸਾਹਿਬ ਜੀ ਗਉੜੀ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਨਦਰਿ ਕਰੇ ਤਾ ਮੇਲਿ ਮਿਲਾਏ ॥ ਗੁਣ ਸੰਗ੍ਰਹਿ; ਅਉਗਣ ਸਬਦਿ ਜਲਾਏ ॥’’ (ਗਉੜੀ, ਮ: ੧, ਅੰਗ ੨੨੨)

ਇੱਥੋਂ ਤੱਕ ਕਿ ਉਸ ਦੀ ਮਿਹਰ ਬਿਨਾਂ ਤਾਂ ਸਿਮਰਨ ਵੀ ਨਹੀਂ ਹੋ ਸਕਦਾ, ‘‘ਨਦਰਿ ਕਰੇ ਤਾ ਸਿਮਰਿਆ ਜਾਇ ॥ ਆਤਮਾ ਦ੍ਰਵੈ; ਰਹੈ ਲਿਵ ਲਾਇ ॥’’ (ਧਨਾਸਰੀ/ਮ: ੧/੬੬੧) ਬਾਬਾ ਫਰੀਦ ਜੀ ਸਮਝਾਉਂਦੇ ਹਨ ਕਿ ਪਹਿਲੇ ਪਹਿਰ ਦੀ ਬੰਦਗੀ ਮਾਨੋ ਸੁੰਦਰ ਫੁੱਲ ਸਮਾਨ ਹੈ ਤੇ ਫਲ਼ ਵੀ ਅੰਮ੍ਰਿਤ ਵੇਲੇ ਦੀ ਬੰਦਗੀ ਦਿੰਦੀ ਹੈ। ਜੋ ਮਨੁੱਖ ਅੰਮ੍ਰਿਤ ਵੇਲੇ ਜਾਗਦੇ ਹਨ, ਉਹ ਪ੍ਰਮਾਤਮਾ ਵੱਲੋਂ ਹੋਈ ਬਖ਼ਸ਼ਿਸ਼ ਨਾਲ ਇਹ ਹਾਸਲ ਕਰ ਲੈਂਦੇ ਹਨ : ‘‘ਪਹਿਲੈ ਪਹਰੈ ਫੁਲੜਾ; ਫਲੁ ਭੀ ਪਛਾ ਰਾਤਿ ॥ ਜੋ ਜਾਗੰਨਿ੍ ਲਹੰਨਿ ਸੇ; ਸਾਈ ਕੰਨੋ ਦਾਤਿ ॥੧੧੨॥’’  (ਸਲੋਕ ਬਾਬਾ ਫਰੀਦ ਜੀ/੧੩੮੪)

ਗੁਰੂ ਨਾਨਕ ਸਾਹਿਬ ਜੀ ਇਸ ਸਲੋਕ ਨੂੰ ਹੋਰ ਸਰਲ ਕਰਦੇ ਹੋਏ ਸਮਝਾਉਂਦੇ ਹਨ ਕਿ ਮਤਾਂ ਕੋਈ ਮਨੁੱਖ ਇਸ ਗੱਲ ਦਾ ਦਾਅਵਾ ਕਰੇ ਕਿ ਪਹਿਲੇ ਪਹਿਰ ਉੱਠ ਕੇ ਭਗਤੀ ਕਰਨ ਨਾਲ ਮੇਰੇ ’ਤੇ ਪ੍ਰਭੂ ਦੀ ਬਖ਼ਸ਼ਿਸ਼ ਅਵੱਸ਼ ਹੀ ਹੋਣੀ ਹੈ। ਨਹੀਂ ਕਿਉਂਕਿ ਇਹ ਪ੍ਰਭੂ ਦੀ ਦਾਤ ਹੈ, ਜਿਸ ਨੂੰ ਉਹ ਚਾਹੇ, ਦੇ ਸਕਦਾ ਹੈ ਭਾਵੇਂ ਉਸ ਦੀ ਇਹ ਕ੍ਰਿਪਾ ਸੁੱਤੇ ਬੰਦੇ ’ਤੇ ਵੀ ਹੋ ਜਾਵੇ ਤੇ ਭਾਵੇਂ ਜਾਗਦੇ ’ਤੇ ਵੀ ਨਾ ਹੋਵੇ। ਆਪ ਜੀ ਦਾ ਫ਼ੁਰਮਾਨ ਹੈ : ‘‘ਦਾਤੀ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ?॥  ਇਕਿ ਜਾਗੰਦੇ ਨਾ ਲਹਨਿ੍; ਇਕਨ੍ਾ ਸੁਤਿਆ ਦੇਇ ਉਠਾਲਿ ॥੧੧੩॥’’  (ਸਲੋਕ ਬਾਬਾ ਫਰੀਦ ਜੀ/੧੩੮੪) ਭਾਵ ਕਈ ਸਰੀਰਕ ਪੱਖੋਂ ਜਾਗ ਕੇ ਵੀ ਮਾਇਆ ਦੀ ਨੀਂਦ ਵਿੱਚ ਮਸਤ ਰਹਿ ਸਕਦੇ ਹਨ ਤੇ ਕਈ ਸੁੱਤੇ ਪਏ ਗ਼ਾਫ਼ਿਲਾਂ ਨੂੰ ਮਿਹਰ ਕਰਕੇ ਉੱਠਾ ਦਿੰਦਾ ਹੈ ਅਤੇ ਆਪ ਸੂਝ ਬਖ਼ਸ਼ ਦੇਂਦਾ ਹੈ। ਬਖ਼ਸ਼ਿਸ਼ ਰੂਪੀ ਦਾਤ ਉਹ ਮੰਨੀ ਜਾਂਦੀ ਹੈ, ਜੋ ਮਾਲਕ ਆਪਣੀ ਮਰਜ਼ੀ ਨਾਲ ਪ੍ਰਸੰਨ ਹੋ ਕੇ ਦੇਵੇ ਅਤੇ ਪ੍ਰਸੰਨਤਾ; ਅਸਲ ਖਸਮ ਤੋਂ ਬਿਨਾਂ ਕਿਸੇ ਦੂਜੇ ਨਾਲ ਪਿਆਰ ਪਾਇਆਂ ਨਹੀਂ ਹੁੰਦੀ।  ਗੁਰੂ ਅੰਗਦ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਏਹ ਕਿਨੇਹੀ ਆਸਕੀ ? ਦੂਜੈ ਲਗੈ ਜਾਇ ॥ (ਮ: ੨/੪੭੪), ਨਾਨਕ !  ਸਾ ਕਰਮਾਤਿ; ਸਾਹਿਬ ਤੁਠੈ, ਜੋ ਮਿਲੈ ॥’’ (ਮ: ੨/੪੭੫)

ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦਾ ਅਧਾਰ ‘ਮੂਲ ਮੰਤਰ’ ਹੀ ਹੈ। ਗੁਰਮਤਿ ਦੀ ਸਾਰੀ ਵਿਚਾਰਧਾਰਾ (ਫ਼ਿਲਾਸਫ਼ੀ) ਇਸ ਦਾ ਵਿਸਥਾਰ ਹੈ, ਜੋ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਦੇ ਸਮਰੱਥ ਹੈ। ਸੰਸਾਰ ਦਾ ਕੋਈ ਵੀ ਮਨੁੱਖ ਇਸ ਵਿਚਾਰਧਾਰਾ ਨੂੰ ਸਮਝ ਕੇ ਅਕਾਲ ਪੁਰਖ ਦੀ ਨੇੜਤਾ ਹਾਸਲ ਕਰਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ।

ਭਾਈ ਗੁਰਦਾਸ ਜੀ ਲਿਖਦੇ ਹਨ ਕਿ ‘ਮੂਲ ਮੰਤਰ’ ਸਤਿ ਗੁਰੂ ਜੀ ਦਾ ਉਹ ਉਪਦੇਸ਼ ਹੈ ਜਿਸ ਵਿੱਚ ਸੁਰਤ ਜੋੜਨ ਨਾਲ ਮਨੁੱਖ ਅਕਾਲ ਪੁਰਖ ’ਚ ਲਿਵ ਲੀਨ ਰਹਿੰਦਾ ਹੈ। ਸਿੱਖਾਂ ਦਾ ਨਿਸ਼ਚਾ ਹੈ ਕਿ ਸਮੁੱਚੀ ਬਾਣੀ ਦਾ ਆਧਾਰ ਕੇਵਲ ‘ਮੂਲ ਮੰਤਰ’ ਹੀ ਹੈ। ਉਹ ਕਿਸੇ ਹੋਰ ‘ਮੰਤਰ, ਤੰਤਰ ਜਾਂ ਜੰਤਰ’ ਨੂੰ ਨਹੀਂ ਮੰਨਦੇ। ਭਾਈ ਸਾਹਿਬ ਆਪਣੇ ਕਬਿੱਤ ਸਵਯੇ ਵਿੱਚ ਲਿਖਦੇ ਹਨ, ‘‘ਸਤਿਗੁਰ ਸਬਦ ਸੁਰਤਿ ਲਿਵ ਮੂਲਮੰਤ੍ਰ; ਆਨ ਤੰਤ੍ਰ ਮੰਤ੍ਰ ਕੀ ਨ, ਸਿਖਨ ਪ੍ਰਤੀਤਿ ਹੈ।’’ (ਭਾਈ ਗੁਰਦਾਸ ਜੀ/ਕਬਿੱਤ ੧੮੩)

ਭਾਈ ਗੁਰਦਾਸ ਜੀ ਤੀਜੀ ਵਾਰ ਦੀ ਪੰਦਰਵੀਂ ਪਉੜੀ ਵਿੱਚ ਫ਼ੁਰਮਾਉਂਦੇ ਹਨ ਕਿ ਜੋ ਮਨੁੱਖ ਮੂਲ ਮੰਤਰ ਦੇ ਆਰੰਭਕ ਸ਼ਬਦ ‘ੴ’ ਨੂੰ ਸੰਭਾਲ ਲੈਂਦਾ ਹੈ ਉਹ ਪ੍ਰਭੂ ਦੀ ਨਦਰਿ ਨਾਲ ਨਿਹਾਲ ਹੋ ਜਾਂਦਾ ਹੈ ਅਤੇ ਨਾਮ ਰਸ ਦੇ ਪ੍ਰੇਮ ਪਿਆਲੇ ਨੂੰ ਮਾਣਦਾ ਹੈ। ਆਪ ਜੀ ਫ਼ੁਰਮਾਉਂਦੇ ਹਨ: ‘‘ਏਕਾ ਏਕੰਕਾਰੁ; ਲਿਖਿ ਦੇਖਾਲਿਆ। ਊੜਾ; ਓਅੰਕਾਰੁ, ਪਾਸਿ ਬਹਾਲਿਆ।’’ (ਭਾਈ ਗੁਰਦਾਸ ਜੀ/ਵਾਰ ੩ ਪਉੜੀ ੧੫)