ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ
(ਭਾਗ-ਸ) ਨਿਯਮ ਨੰ. 1
ਆਓ, ‘ਵਿਸ਼ੇਸ਼ਣ’ ਸੰਬੰਧੀ ਕੁਝ ਸਰਲ ਨੇਮਾਂ ’ਤੇ ਵੀਚਾਰ ਕਰੀਏ ਭਾਵ ਗੁਰਬਾਣੀ ਵਿਚ ਵਿਸ਼ੇਸ਼ਣਾਂ ਨੂੰ ਲਿਖਣ ਦੇ ਕੁਝ ਨਿਯਮਾਂ ਬਾਰੇ ਜਾਣੀਏ।
‘ਵਿਸ਼ੇਸ਼ਣ’ ਦੀ ਪਰਿਭਾਸ਼ਾ:- ਜੋ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਨਾਲ ਆ ਕੇ ਉਸ ਦੇ ‘ਗੁਣ, ਔਗੁਣ ਜਾਂ ਗਿਣਤੀ-ਮਿਣਤੀ’ ਦੱਸੇ ਭਾਵ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ‘ਵਿਸ਼ੇਸ਼ਣ’ ਆਖਦੇ ਹਨ।
(ਨੋਟ: ਧਿਆਨ ਰਹੇ ਕਿ ‘ਕਿਰਿਆਵਾਚੀ’ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ‘ਕਿਰਿਆ ਵਿਸ਼ੇਸ਼ਣ’ ਕਿਹਾ ਜਾਂਦਾ ਹੈ, ਇਸ ਲਈ ਵਿਚਾਰ ਅਧੀਨ ਵਿਸ਼ੇਸ਼ਣ ਸ਼ਬਦ ਕੇਵਲ ‘ਨਾਂਵ ਤੇ ਪੜਨਾਂਵ’ ਦੀ ਹੀ ਵਿਸ਼ੇਸ਼ਤਾ ਦੱਸੇਗਾ।)
ਜਿਵੇਂ ‘ਨੀਲਾ’ ਘੋੜਾ, ‘ਬੀਬਾ’ ਬੱਚਾ, ‘ਨਿਰਮਲ’ ਬਾਣੀ, ‘ਇਹ’ ਬੱਚਾ, ‘ਉਹ’ ਕਿਤਾਬ, ਆਦਿ ਸ਼ਬਦਾਂ ਵਿਚ ‘ਨੀਲਾ, ਬੀਬਾ, ਨਿਰਮਲ, ਇਹ, ਉਹ’ ਵਿਸ਼ੇਸਣ ਹਨ।
(ਨੋਟ: ਕਈ ਵਾਰ ਜਦ ‘ਨਾਉਂ’ ਦੀ ਗ਼ੈਰ ਹਾਜ਼ਰੀ ’ਚ ਦਰਜ ਹੋਣ ਦੀ ਬਜਾਇ ‘ਨਾਉਂ’ ਦੇ ਨਾਲ, ਨਾਉਂ ਦੀ ਹਾਜ਼ਰੀ ਵਿੱਚ ਹੀ ‘ਇਹ, ਉਹ’ ਸ਼ਬਦ ਦਰਜ ਹੋਣ ਤਾਂ ਇਨ੍ਹਾਂ ਨੂੰ ‘ਪੜਨਾਂਵ’ ਨਹੀਂ ਬਲਕਿ ‘ਪੜਨਾਂਵੀ ਵਿਸ਼ੇਸ਼ਣ’ ਜਾਂ ‘ਨਿਸ਼ਚੇ ਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ।)
‘ਵਿਸ਼ੇਸ਼ਣ’ ਸ਼ਬਦ ਆਮ ਤੌਰ ’ਤੇ ਆਪਣੇ ਵਿਸ਼ੇਸ਼ (ਜਿਸ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਭਾਵ ਨਾਉਂ, ਪੜਨਾਉਂ) ਦਾ ਹੀ ਅਨੁਸਰਨ (ਨਕਲ) ਕਰਦਾ ਹੈ ਜਾਂ ਇੰਝ ਕਹਿ ਲਓ ਕਿ ‘ਵਿਸ਼ੇਸ਼ਣ’ ਦੇ ਨਿਯਮ ਵੀ ਲਗਭਗ ‘ਨਾਉਂ’ ਵਾਲੇ ਹੀ ਹੁੰਦੇ ਹਨ; ਜਿਵੇਂ ਕਿ
- ਇਕ ਵਚਨ ਪੁਲਿੰਗ ਨਾਉਂ ਦੇ ਅਖੀਰਲੇ ਅੱਖਰ ਨੂੰ ਔਂਕੜ ਆਉਂਦੀ ਹੈ, ਵੈਸੇ ਹੀ ਇਕ ਵਚਨ ਪੁਲਿੰਗ ਨਾਉਂ ਦੇ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਆਏਗੀ।
- ਬਹੁ ਵਚਨ ਨਾਉਂ ਨੂੰ ਅੰਤ ਔਂਕੜ ਨਹੀਂ ਆਉਂਦੀ ਇਸੇ ਤਰ੍ਹਾਂ ਬਹੁ ਵਚਨ ਨਾਉਂ ਦੇ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਨਹੀਂ ਆਉਂਦੀ।
ਉਪਰੋਕਤ ਦੱਸੇ ਦੋਹਾਂ ਨਿਯਮਾਂ ਨੂੰ ਹੇਠ ਲਿਖੀਆਂ ਗੁਰਬਾਣੀ ਦੀਆਂ ਪੰਕਤੀਆਂ ਰਾਹੀਂ ਸਮਝਿਆ ਜਾ ਸਕਦਾ ਹੈ।
(ੳ) ਅਮੁਲ ਗੁਣ, ਅਮੁਲ ਵਾਪਾਰ ॥ ਅਮੁਲ ਵਾਪਾਰੀਏ, ਅਮੁਲ ਭੰਡਾਰ ॥ (ਜਪੁ)
(ਅ) ਅਮੁਲੁ ਧਰਮੁ, ਅਮਲੁ ਦੀਬਾਣੁ ॥ ਅਮੁਲੁ ਤੁਲੁ, ਅਮੁਲੁ ਪਰਵਾਣੁ ॥ (ਜਪੁ)
(ੳ) ਨੰਬਰ ਵਾਲੀ ਪੰਕਤੀ ਵਿਚ ‘ਅਮੁਲ’ ਸ਼ਬਦ ਬਹੁ ਵਚਨ ਨਾਵਾਂ (ਗੁਣ, ਵਾਪਾਰ, ਵਾਪਾਰੀਏ, ਭੰਡਾਰ) ਦਾ ਵਿਸ਼ੇਸ਼ਣ ਹੈ, ਜਿਸ ਕਰ ਕੇ ਇਸ ਦੇ ਵੀ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਆਈ ਪਰ (ਅ) ਨੰਬਰ ਵਾਲੀ ਪੰਕਤੀ ਵਿਚ ‘ਅਮੁਲੁ’ ਸ਼ਬਦ ਇਕ ਵਚਨ ਪੁਲਿੰਗ ਨਾਵਾਂ (ਧਰਮੁ, ਦੀਬਾਣੁ, ਤੁਲੁ, ਪਰਵਾਣੁ) ਦਾ ਵਿਸ਼ੇਸ਼ਣ ਹੈ ਜਿਸ ਕਾਰਨ ਇਸ ਦੇ ਵੀ ਅਖੀਰਲੇ ਅੱਖਰ ਨੂੰ ਔਂਕੜ ਆ ਗਈ।
(ਨੋਟ : ‘ਧਰਮੁ, ਦੀਬਾਣੁ, ਤੁਲੁ, ਪਰਵਾਣੁ’ ਸ਼ਬਦ ਔਂਕੜ ਅੰਤ ਹਨ ਪਰ ‘ਗੁਣ, ਵਾਪਾਰ, ਭੰਡਾਰ’ ਸ਼ਬਦ ਅੰਤ ਮੁਕਤਾ ਹਨ। ਇਸੇ ਲਈ ਵਿਚਾਰ ਕੀਤੀ ਗਈ ਹੈ ਕਿ ਵਿਸ਼ੇਸ਼ਣ ਆਪਣੇ ਵਿਸ਼ੇਸ਼ ਨਾਉਂ ਦਾ ਹੀ ਅਨੁਸਰਨ ਕਰਦਾ ਹੈ)
ਇਸੇ ਤਰ੍ਹਾਂ ਹੋਰ ਸ਼ਬਦ ਵੀ ਵਿਚਾਰੇ ਜਾ ਸਕਦੇ ਹਨ; ਜਿਵੇਂ ਕਿ ਹੇਠਲੀਆਂ ਪੰਕਤੀਆਂ ਵਿੱਚ ‘ਨਿਰਮਲੁ’ ਅਤੇ ‘ਨਿਰਮਲ’ ਸਰੂਪ ਕਿਉਂ ਆ ਰਹੇ ਹਨ ?
- ‘ਨਿਰਮਲੁ’ ਨਾਮੁ; ਜਿਤੁ ਮੈਲੁ ਨ ਲਾਗੈ ॥ (ਮ: ੪/੪੯੪)
- ‘ਨਿਰਮਲੁ’ ਸਾਹਿਬੁ ਪਾਇਆ; ਸਾਚਾ ਗੁਣੀ ਗਹੀਰੁ ॥ (ਮ: ੩/੩੪)
- ‘ਨਿਰਮਲੁ’ ਮਨੂਆ; ਹਰਿ ਸਬਦਿ ਪਰੋਵੈ ॥ (ਮ: ੩/੧੨੧)
- ‘ਨਿਰਮਲੁ’ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥ (ਮ: ੪/੭੪੪)
- ‘ਨਿਰਮਲ’ ਭੇਖ ਅਪਾਰ; ਤਾਸੁ ਬਿਨੁ ਅਵਰੁ ਨ ਕੋਈ ॥ (ਭਟ ਮਥੁਰਾ/੧੪੦੯)
- ਸਤਿਗੁਰੁ ਸੇਵਹਿ; ਸੇ ਜਨ ‘ਨਿਰਮਲ’ ਪਵਿਤਾ ॥ (ਮ: ੩/੨੩੧)
- ਸਾਧ ਨਾਮ; ‘ਨਿਰਮਲ’ ਤਾ ਕੇ ਕਰਮ ॥ (ਮ: ੫/੨੯੬)
- ਤੂੰ ਨਿਰਵੈਰੁ; ਸੰਤ ਤੇਰੇ ‘ਨਿਰਮਲ’ ॥ (ਮ: ੫/੧੦੮)
(ਨੋਟ : ਉਕਤ ਅੰਕ ਨੰ. 1 ਤੋਂ 4 ਤੱਕ ‘ਨਿਰਮਲੁ’ (ਵਿਸ਼ੇਸ਼ਣ) ਨਾਲ ‘ਨਾਮੁ, ਸਾਹਿਬੁ, ਮਨੂਆ, ਭਉ’ ਇਕ ਵਚਨ ਨਾਉਂ ਵੀ ਹਨ, ਇਸ ਲਈ ‘ਨਿਰਮਲੁ’ ਨੂੰ ਵੀ ਅੰਤ ਔਂਕੜ ਲੱਗਾ ਹੈ, ਪਰ ਨੰ. 5 ਤੋਂ 7 ਤੱਕ ‘ਨਿਰਮਲ’ (ਵਿਸ਼ੇਸ਼ਣ) ਬਹੁ ਵਚਨ ਨਾਂਵਾਂ (ਭੇਖ, ਜਨ, ਕਰਮ, ਸੰਤ, ਆਦਿ) ਦਾ ਵਿਸ਼ੇਸ਼ਣ ਹੋਣ ਕਾਰਨ ਅੰਤ ਮੁਕਤਾ ਹੈ।)
ਇਸੇ ਤਰ੍ਹਾਂ ‘ਮੂਰਖ’ (ਵਿਸ਼ੇਸ਼ਣ) ਸ਼ਬਦ ਦੇ ਸਰੂਪ ਵੀ ਵਿਚਾਰਨਯੋਗ ਹਨ :
- ‘ਮੂਰਖ’ ਪੰਡਿਤ ਹਿਕਮਤਿ ਹੁਜਤਿ; ਸੰਜੈ ਕਰਹਿ ਪਿਆਰੁ ॥ (ਮ: ੧/੪੬੯)
- ਮਾਇਆ ਕਾਰਨਿ ਧਾਵਹੀ; ‘ਮੂਰਖ’ ਲੋਗ ਅਜਾਨ ॥ (ਮ: ੯/੧੪੨੭)
- ਹਮ ਕੀਆ ਹਮ ਕਰਹਗੇ ? ਹਮ ‘ਮੂਰਖ’ ਗਵਾਰ ॥ (ਮ: ੩/੩੯)
- ਹਮ ‘ਮੂਰਖ’ ਮੁਗਧ ਸਰਣਾਗਤੀ; ਕਰਿ ਕਿਰਪਾ ਮੇਲੇ ਹਰਿ ਸੋਇ ॥ (ਮ: ੪/੩੯)
- ਨਾ ਕੋ ‘ਮੂਰਖੁ’; ਨਾ ਕੋ ਸਿਆਣਾ ॥ (ਮ: ੫/੯੮)
- ਬਿਨਸਿਓ ਮਨ ਕਾ ‘ਮੂਰਖੁ’ ਢੀਠਾ ॥ (ਮ: ੫/੩੮੭)
- ‘ਮੂਰਖੁ’ ਨਾਮਦੇਉ; ਰਾਮਹਿ ਜਾਨੈ ॥ (ਨਾਮਦੇਵ ਜੀ/੭੧੮)
- ‘ਮੂਰਖੁ’ ਰਾਵਨੁ; ਕਿਆ ਲੇ ਗਇਆ ? ॥ (ਕਬੀਰ ਜੀ/੧੧੫੮)
(ਭਾਗ-ਸ) ਨਿਯਮ ਨੰ. 2
ਪਿੱਛੇ (ਭਾਗ-ਅ) ਨਿਯਮ ਨੰ.1 ’ਚ ਵਿਚਾਰ ਕੀਤੀ ਗਈ ਸੀ ਕਿ ਅਨ੍ਯ ਭਾਸ਼ਾ ਦੇ ਇਸਤਰੀ ਲਿੰਗ ਸ਼ਬਦਾਂ ਦੇ ਅੰਤ ’ਚ ਸਿਹਾਰੀ ਆਉਂਦੀ ਹੈ, ਪਰ ਗੁਰਬਾਣੀ ਵਿੱਚ ਪੰਜਾਬੀ ਲਿਪੀ ਦੇ ਵੀ ਇਸਤਰੀ ਲਿੰਗ ਸ਼ਬਦ ਹਨ; ਜਿਵੇਂ ਕਿ ਉਕਤ (ਭਾਗ-ੳ) ਨਿਯਮ ਨੰ: 2 ’ਚ ‘‘ਭਰੀਐ; ਹਥੁ ਪੈਰੁ ਤਨੁ ‘ਦੇਹ’ ॥ ਪਾਣੀ ਧੋਤੈ; ਉਤਰਸੁ ‘ਖੇਹ’ ॥’’ ਵਾਲੇ ਵਾਕ ਰਾਹੀਂ ‘ਦੇਹ, ਖੇਹ’ ਸ਼ਬਦਾਂ ਦੀ ਵਿਚਾਰ ਕੀਤੀ ਗਈ ਸੀ। ਇਸੇ ਮੁਕਤਾ ਅੰਤ ਇਸਤਰੀ ਲਿੰਗ ਨਿਯਮ ਅਨੁਸਾਰ ਇਸਤਰੀ ਲਿੰਗ ਨਾਂਵ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਆਉਂਦੀ ਹੈ, ਜਿਸ ਕਾਰਨ ਇਸ ਇਸਤਰੀ ਲਿੰਗ ਨਾਂਵ ਦੇ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਨਹੀਂ ਆਵੇਗੀ ਭਾਵ ਮੁਕਤਾ ਅੰਤ ਹੀ ਹੋਵੇਗਾ; ਜਿਵੇਂ ਕਿ
(ਨੋਟ : ਧਿਆਨ ਰਹੇ ਕਿ ਗੁਰਬਾਣੀ ’ਚ ਦਰਜ ‘ਏਹ’ ਸ਼ਬਦ ਜਦੋਂ ਕਿਸੇ ਨਾਉਂ ਦੇ ਸਮਾਨੰਤਰ ਆਉਂਦਾ ਹੈ ਤਾਂ ਇਹ ਪੜਨਾਂਵੀ ਵਿਸ਼ੇਸ਼ਣ ਜਾਂ ਨਿਸ਼ਚੇ ਵਾਚਕ ਵਿਸ਼ੇਸ਼ਣ ਹੁੰਦਾ ਹੈ; ਜਿਵੇਂ ‘ਏਹ ਬੱਚਾ, ਏਹ ਕਿਤਾਬ’, ਆਦਿ, ਪਰ ਜੇਕਰ ਨਾਉਂ ਦੀ ਗ਼ੈਰ ਹਾਜ਼ਰੀ ਵਿੱਚ ਹੋਵੇ ਤਾਂ ਕੇਵਲ ਪੜਨਾਉਂ ਅਖਵਾਉਂਦਾ ਹੈ।)
(1). ‘ਏਹ ਮਾਇਆ’, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ॥ (ਮ: ੩/੯੨੧)
(2). ‘ਏਹ ਤਿਸਨਾ’ ਵਡਾ ਰੋਗੁ ਲਗਾ, ਮਰਣੁ ਮਨਹੁ ਵਿਸਾਰਿਆ ॥ (ਮ: ੩/੯੨੧)
(3). ‘ਏਹ ਸੁਮਤਿ’, ਗੁਰੂ ਤੇ ਪਾਈ ॥ (ਮ: ੫/੯੯)
(4). ਪ੍ਰਭ ਮਿਲਣੈ ਕੀ ‘ਏਹ ਨੀਸਾਣੀ’ ॥ (ਮ: ੫/੧੦੬)
(5). ਦਿਨਸੁ ਰੈਣਿ ‘ਏਹ ਸੇਵਾ’ ਸਾਧਉ ॥ (ਮ: ੫/੩੯੧)
(6). ਜੇ ‘ਏਹ ਮੂਰਤਿ’ ਸਾਚੀ ਹੈ; ਤਉ ਗੜ੍ਹਣਹਾਰੇ ਖਾਉ ॥ (ਕਬੀਰ ਜੀ/੪੭੯)
(ਨੋਟ : ਉਕਤ 6 ਤੁਕਾਂ ’ਚ ‘ਏਹ’ ਸ਼ਬਦ ਉਪਰੰਤ ਦਰਜ ‘ਮਾਇਆ, ਤਿਸਨਾ, ਸੁਮਤਿ. ਨੀਸਾਣੀ, ਸੇਵਾ ਤੇ ਮੂਰਤਿ’ ਸਭ ਇਸਤਰੀ ਲਿੰਗ ਨਾਉਂ ਹਨ, ਜਿਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਅਗਰ ‘ਏਹ’ ਹੁੰਦਾ ਤਾਂ ਪੜਨਾਉਂ ਅਖਵਾਉਂਦਾ, ਪਰ ਹੁਣ ਕਿਉਂਕਿ ਸੰਬੰਧਿਤ ਸਾਰੇ ਇਸਤਰੀ ਲਿੰਗ ਨਾਉਂ ਵੀ ਬਰਾਬਰ ਹੀ ਦਰਜ ਹਨ, , ਇਸ ਲਈ ‘ਏਹ’ ਨੂੰ ਇਸਤਰੀ ਲਿੰਗ ਨਾਂਵ ਦਾ ਵਿਸ਼ੇਸ਼ਣ ਕਹਿਣਾ ਪਵੇਗਾ, ਵਿਸ਼ੇਸ਼ਣ ਆਪਣੇ ਵਿਸ਼ੇਸ (ਨਾਉਂ) ਦੇ ਨਿਯਮ ਹੀ ਅਪਨਾਉਂਦਾ ਹੈ ਇਸ ਲਈ ਇਹ ਮੁਕਤਾ ਅੰਤ ਆ ਰਿਹਾ ਹੈ ।)
ਸੋ, ਇੱਕ ਨਿਯਮ ਇਹ ਵੀ ਸਾਹਮਣੇ ਆ ਗਿਆ ਕਿ ਇਸਤਰੀ ਲਿੰਗ ਨਾਉਂ ਵਾਲੇ ਸ਼ਬਦਾਂ ਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੁੰਦਾ ਹੈ।
(ਭਾਗ-ਸ) ਨਿਯਮ ਨੰ. 3
(1). ‘ਏਹੁ ਲੇਖਾ’, ਲਿਖਿ ਜਾਣੈ ਕੋਇ ॥ (ਜਪੁ)
(2). ‘ਏਹੁ ਅੰਤੁ’; ਨ ਜਾਣੈ ਕੋਇ ॥ (ਜਪੁ)
(3). ‘ਏਹੁ ਮਨੋ ਮੂਰਖੁ’ ਲੋਬੀਆ; ਲੋਭੇ ਲਗਾ ਲੁੋਭਾਨ ॥ (ਮ: ੧/੨੧)
(4). ‘ਏਹੁ ਜਨੇਊ’ ਜੀਅ ਕਾ; ਹਈ ! ਤ ਪਾਡੇ ! ਘਤੁ ॥ (ਮ: ੧/੪੭੧)
(5). ‘ਏਹੁ ਕੁਟੰਬੁ’ ਤੂ ਜਿ ਦੇਖਦਾ; ਚਲੈ ਨਾਹੀ ਤੇਰੈ ਨਾਲੇ ॥ (ਮ: ੩/੯੧੮)
(ਨੋਟ : ਉਕਤ ਵਿਚਾਰ ਅਧੀਰ 5 ਤੁਕਾਂ ’ਚ ‘ਏਹੁ’ ਸ਼ਬਦ ਉਪਰੰਤ ਦਰਜ ‘ਲੇਖਾ, ਅੰਤੁ, ਮਨੋ, ਜਨੇਊ ਤੇ ਕੁਟੰਬੁ’ ਸਭ ਇਕ ਵਚਨ ਪੁਲਿੰਗ ਨਾਉਂ ਹਨ ਅਤੇ ‘ਏਹੁ’ ਸ਼ਬਦ ਜੇ ਇਨ੍ਹਾਂ ਦੀ ਗ਼ੈਰ ਹਾਜ਼ਰੀ ’ਚ ਹੁੰਦਾ ਤਾਂ ਪੜਨਾਂਵ ਅਖਵਾਉਂਦਾ, ਪਰ ਹੁਣ ਸਮਾਨੰਤਰ ਹੋਣ ਕਾਰਨ ‘ਏਹੁ’ ਵਿਸ਼ੇਸ਼ਣ ਹੈ। ਵਿਸ਼ੇਸ਼ਣ ਆਪਣੇ ਵਿਸ਼ੇਸ (ਨਾਉਂ) ਦੇ ਨਿਯਮ ਹੀ ਅਪਨਾਉਂਦਾ ਹੈ ਇਸ ਲਈ ਇਹ ਔਂਕੜ ਅੰਤ ਆ ਰਿਹਾ ਹੈ । ‘ਏਹੁ’ ਦੇ ਅੰਤ ਲੱਗੀ ਔਂਕੜ ਸਾਰੇ ਸੰਬੰਧਿਤ ਨਾਵਾਂ ਨੂੰ ਇੱਕ ਵਚਨ ਪੁਲਿੰਗ ਨਾਉਂ ਬਿਆਨ ਕਰਦੀ ਹੈ।
‘ਏਹੁ’ ਦੇ ਸ਼ੁੱਧ ਉਚਾਰਨ ਲਈ ਜਿਵੇਂ ਅਸੀਂ ‘ਅੰਤੁ, ਕੁਟੰਬੁ’, ਆਦਿ ਸ਼ਬਦਾਂ ਨੂੰ ‘ਅੰਤ’ ਤੇ ‘ਕੁਟੰਬ’ ਭਾਵ ਅੰਤ ਔਂਕੜ ਨੂੰ ਛੱਡ ਕੇ ਪੜ੍ਹਦੇ ਹਾਂ, ਉਸੇ ਤਰ੍ਹਾਂ ਹੀ ‘ਏਹੁ’ ਨੂੰ ਵੀ ‘ਏਹ’ ਪੜ੍ਹਨਾ ਚਾਹੀਦਾ ਹੈ, ‘ਏਹੋ’ ਨਹੀਂ।)
ਸੋ, ਗੁਰਬਾਣੀ ਲਿਖਤ ’ਚ ਇੱਕ ਨਿਯਮ ਇਹ ਵੀ ਹੈ ਕਿ ਇੱਕ ਵਚਨ ਪੁਲਿੰਗ ਨਾਉਂ ਦਾ ਵਿਸ਼ੇਸ਼ਣ ਵੀ ਅੰਤ ਔਂਕੜ ਸਹਿਤ ਦਰਜ ਹੁੰਦਾ ਹੈ ਜਿਸ ਦਾ ਉਚਾਰਨ ਕਰਦਿਆਂ ਅੰਤ ਔਂਕੜ ਦਾ ਪ੍ਰਯੋਗ (ਇੱਕ ਵਚਨ ਪੁਲਿੰਗ ਨਾਉਂ ਸ਼ਬਦ ਵਾਂਗ) ਨਹੀਂ ਕਰਨਾ ਚਾਹੀਦਾ ਹੈ।
(ਭਾਗ-ਸ) ਨਿਯਮ ਨੰ. 4
ਹੇਠਲੀਆਂ ਗੁਰਬਾਣੀ ਦੀਆਂ ਪੰਕਤੀਆਂ ’ਚ ਇੱਕੋ ਵਿਸ਼ੇਸ਼ਣ ਸ਼ਬਦ ਦੇ ਦੋ-ਦੋ ਸਰੂਪ ਵਿਖਾਈ ਦੇ ਰਹੇ ਹਨ ਭਾਵ ਇੱਕੋ ਵਿਸ਼ੇਸ਼ਣ ਸ਼ਬਦ ਦੋ ਰੂਪਾਂ ਵਿਚ ਆ ਰਿਹਾ ਹੈ, ਇਕ ਵਾਰੀ ਇਕ ਵਚਨ ਪੁਲਿੰਗ ਨਾਉਂ ਦੇ ਵਿਸ਼ੇਸ਼ਣ ਦੇ ਰੂਪ ਵਿਚ (ਅੰਤ ਔਂਕੜ ਸਮੇਤ) ਅਤੇ ਦੂਜੀ ਵਾਰੀ ਇਸਤਰੀ ਲਿੰਗ ਨਾਉਂ ਦੇ ਵਿਸ਼ੇਸ਼ਣ ਦੇ ਰੂਪ ਵਿਚ (ਮੁਕਤਾ ਅੰਤ); ਜਿਵੇਂ ਕਿ
(1). ‘ਫਕੜ’ ਜਾਤੀ; ‘ਫਕੜੁ’ ਨਾਉਂ ॥ (ਮ: ੪/੮੩)
(2). ‘ਕਵਣੁ’ ਸੁ ਵੇਲਾ ? ਵਖਤੁ ‘ਕਵਣੁ’ ? ‘ਕਵਣ’ ਥਿਤਿ ? ‘ਕਵਣੁ’ ਵਾਰੁ ? ॥ (ਜਪੁ)
(3). ਨੀਚਾ ਅੰਦਰਿ ‘ਨੀਚ’ ਜਾਤਿ; ਨੀਚੀ ਹੂ ਅਤਿ ‘ਨੀਚੁ’ ॥ (ਮ: ੧/੧੫)
(4). ਗੁਰਾ ! ‘ਇਕ’ ਦੇਹਿ ਬੁਝਾਈ ॥ ਸਭਨਾ ਜੀਆ ਕਾ ‘ਇਕੁ’ ਦਾਤਾ; ਸੋ ਮੈ ਵਿਸਰਿ ਨ ਜਾਈ ॥ (ਜਪੁ)
(ਨੋਟ : ਉਕਤ ਵਿਚਾਰ ਅਧੀਨ 4 ਤੁਕਾਂ ’ਚ ਇੱਕੋ ਸਰੂਪ ’ਚ ਦੋ-ਦੋ ਵਿਸ਼ੇਸ਼ਣ ਦਰਜ ਹਨ, ਜਿਨ੍ਹਾਂ ’ਚੋਂ ਨੰਬਰ 1 ’ਚ ‘ਫਕੜ’ (ਭਾਵ ਵਿਅਰਥ, ਵਿਸ਼ੇਸ਼ਣ) ਜਦ ਇਸਤਰੀ ਲਿੰਗ (ਜਾਤੀ) ਸ਼ਬਦ ਨਾਲ ਆਇਆ ਤਾਂ ਅੰਤ ਮੁਕਤਾ ਹੈ ਤੇ ਜਦ ਇੱਕ ਵਚਨ ਪੁਲਿੰਗ ਨਾਉਂ ਨਾਲ ਆਇਆ ਤਾਂ ਅੰਤ ਔਂਕੜ ਹੈ, ਇਸੇ ਤਰ੍ਹਾਂ ਅਗਲੀਆਂ ਤੁਕਾਂ ’ਚ ਇਸਤਰੀ ਲਿੰਗ ਸ਼ਬਦਾਂ ਨਾਲ ਆਏ ਵਿਸ਼ੇਸ਼ਣ ‘ਕਵਣ, ਨੀਚ, ਇਕ’ ਭਾਵ ਮੁਕਤਾ ਅੰਤ ਹਨ ਅਤੇ ਜਦ ਇੱਕ ਵਚਨ ਪੁਲਿੰਗ ਨਾਉਂ ਨਾਲ ਆਏ ਤਾਂ ਉਹੀ ਵਿਸ਼ੇਸ਼ਣ ‘ਕਵਣੁ, ਨੀਚੁ, ਇਕੁ’ ਭਾਵ ਅੰਤ ਔਂਕੜ ਆ ਗਏ। ਧਿਆਨ ਰਹੇ ਕਿ ‘‘ਗੁਰਾ ! ‘ਇਕ’ ਦੇਹਿ ਬੁਝਾਈ ॥’’ ਤੁਕ ’ਚ ‘ਬੁਝਾਈ’ ਇਸਤਰੀ ਲਿੰਗ ਸ਼ਬਦ ਹੈ, ਜਿਸ ਦਾ ਅਰਥ ਹੈ: ‘ਸਮਝ, ਅਕਲ’।)