ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

0
718

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਗੁਰਪ੍ਰੀਤ ਸਿੰਘ (USA)

(21). ਚੋਰੀ ਅਤੇ ਛਲ ਕਪਟ ਕਰਨਾ : ਭਗਤ ਕਬੀਰ ਜੀ ਮਨੁੱਖੀ ਜੀਵਨ ਦੀ ਸਚਾਈ ਬਿਆਨ ਕਰਦੇ ਹਨ ਕਿ ਮਨੁੱਖ ਕਿਵੇਂ ਭਾਂਤ-ਭਾਂਤ ਦੀਆਂ ਠੱਗੀਆਂ, ਝੂਠ ਫ਼ਰੇਬ ਨਾਲ਼ ਪਰਾਇਆ ਧਨ ਲਿਆ ਕੇ ਆਪਣੇ ਪਰਵਾਰ ਦੇ ਜੀਆਂ ’ਤੇ ਲੁਟਾਉਂਦਾ ਹੈ ਪਰ ਇਹ ਭੁੱਲ ਜਾਂਦਾ ਹੈ ਕਿ ਅਜਿਹੇ ਮੰਦੇ ਕਰਮਾਂ ਦਾ ਲੇਖਾ ਉਸ ਦੀ ਆਪਣੀ ਜ਼ਿੰਦ ਨੂੰ ਹੀ ਦੇਣਾ ਪੈਂਦਾ ਹੈ : ‘‘ਬਹੁ ਪਰਪੰਚ ਕਰਿ, ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ  ! ਕਪਟੁ ਨ ਕੀਜੈ ॥ ਅੰਤਿ ਨਿਬੇਰਾ, ਤੇਰੇ ਜੀਅ ਪਹਿ ਲੀਜੈ ॥’’ (ਭਗਤ ਕਬੀਰ ਜੀ/੬੫੬) ਮਾਇਆ ਦੇ ਨਸ਼ੇ ’ਚ ਮਸਤ ਹੋ ਕੇ ਕੁਰਾਹੇ ਪਏ ਹੋਏ ਮੂਰਖ ਮਨੁੱਖ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਇਸ ਕੱਚੇ ਧਨ ਨਾਲ਼ ਕਦੀ ਸੰਤੋਖ ਪ੍ਰਾਪਤ ਨਹੀਂ ਹੋ ਸਕਦਾ; ਜਿਵੇਂ ਕਿ ਗੁਰ ਵਾਕ ਹਨ : ‘‘ਕਾਚਾ ਧਨੁ ਸੰਚਹਿ, ਮੂਰਖ ਗਾਵਾਰ॥ ਮਨਮੁਖ ਭੂਲੇ, ਅੰਧ ਗਾਵਾਰ॥ ਬਿਖਿਆ ਕੈ ਧਨਿ, ਸਦਾ ਦੁਖੁ ਹੋਇ॥ ਨਾ ਸਾਥਿ ਜਾਇ, ਨ ਪਰਾਪਤਿ (ਸੰਤੋਖ) ਹੋਇ॥’’ (ਧਨਾਸਰੀ/ਮ : ੩/੬੬੫)

ਮਨੁੱਖ; ਚੋਰੀ ਕਰਨ ਲਈ ਆਲਾ ਦੁਆਲਾ ਵੇਖ ਕੇ ਸ਼ਹਿਰ ਦੀਆਂ ਹੱਟੀਆਂ ਅਤੇ ਪੱਕੇ ਘਰ ਤੱਕ ਭੰਨਦਾ ਹੈ ਪਰ ਹਿਰਦੇ ’ਚ ਵੱਸਦਾ ਪ੍ਰਮਾਤਮਾ ਤਾਂ ਸਾਡਾ ਹਰੇਕ ਕੰਮ ਵੇਖਦਾ ਹੈ, ਸਾਡਾ ਹਰ ਬੋਲ ਤੇ ਸੋਚ ਵੀ ਸੁਣਦਾ ਹੈ। ਇੰਞ ਕਪਟ ਕੀਤਿਆਂ ਪ੍ਰਮਾਤਮਾ ਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ, ਗੁਰੂ ਸਾਹਿਬਾਨ ਜੀ ਦੇ ਬਚਨ ਹਨ : ‘‘ਹਟ ਪਟਣ, ਬਿਜ ਮੰਦਰ ਭੰਨੈ; ਕਰਿ ਚੋਰੀ, ਘਰ ਆਵੈ ॥ ਅਗਹੁ ਦੇਖੈ, ਪਿਛਹੁ ਦੇਖੈ; ਤੁਝ ਤੇ, ਕਹਾ ਛਪਾਵੈ ? ॥ (ਗਉੜੀ ਚੇਤੀ/ਮ : ੧/੧੫੬), ਅੰਤਰਿ ਕਪਟੁ ਮਨਮੁਖ ਅਗਿਆਨੀ; ਰਸਨਾ ਝੂਠੁ ਬੋਲਾਇ॥ ਕਪਟਿ ਕੀਤੈ, ਹਰਿ ਪੁਰਖੁ ਨ ਭੀਜੈ; ਨਿਤ ਵੇਖੈ ਸੁਣੈ ਸੁਭਾਇ॥’’ (ਮ : ੩/੫੧੨)

ਚੋਰੀ ਕਰਨ ਦੀ ਭੈੜੀ ਆਦਤ ਕਰਕੇ ਕੀਮਤੀ ਮਨੁੱਖਾ ਜਨਮ ਅਜਾਈਂ ਹੀ ਚਲਿਆ ਜਾਂਦਾ ਹੈ। ਵਿਕਾਰਾਂ ਨਾਲ਼ ਗ੍ਰਸੇ ਹੋਏ ਮਨ ਨੂੰ ਚੋਰੀ ਦਾ ਮਾਲ ਲੈਣਾ ਚੰਗਾ ਲੱਗਦਾ ਹੈ, ਇੰਞ ਸਾਰੀ ਉਮਰ ਮਾਇਆ ਦੀ ਨੀਂਦ ’ਚ ਬੇਪਰਵਾਹ ਹੋ ਕੇ, ਸੁੱਤਿਆਂ ਹੀ ਬੀਤ ਜਾਂਦੀ ਹੈ ਤੇ ਰੱਬੀ ਗੁਣਾਂ ਦੀ ਵਿਚਾਰ ਲਈ ਸਮਾਂ ਨਹੀਂ ਕੱਢ ਸਕਦਾ। ਵੇਖੋ ! ਗੁਰ ਬਚਨ ਹਿਰਦੇ ਨੂੰ ਕਿਵੇਂ ਧੂਹ ਪਾਉਂਦੇ ਹਨ : ‘‘ਤੂੰ ਕਾਇਆ ! ਰਹੀਅਹਿ ਸੁਪਨੰਤਰਿ; ਤੁਧੁ, ਕਿਆ ਕਰਮ ਕਮਾਇਆ ? ॥ ਕਰਿ ਚੋਰੀ ਮੈ ਜਾ ਕਿਛੁ ਲੀਆ; ਤਾ ਮਨਿ ਭਲਾ ਭਾਇਆ ॥ ਹਲਤਿ ਨ ਸੋਭਾ, ਪਲਤਿ ਨ ਢੋਈ; ਅਹਿਲਾ ਜਨਮੁ ਗਵਾਇਆ ॥ (ਗਉੜੀ ਚੇਤੀ/ਮ : ੧/੧੫੪-੫੫), ਕਲਿ ਹੋਈ ਕੁਤੇ ਮੁਹੀ; ਖਾਜੁ ਹੋਆ ਮੁਰਦਾਰੁ ॥ ਕੂੜੁ ਬੋਲਿ ਬੋਲਿ ਭਉਕਣਾ; ਚੂਕਾ ਧਰਮੁ ਬੀਚਾਰੁ ॥’’ (ਮ : ੧/੧੨੪੨)

ਸਰੀਰ ਨੂੰ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਧੋ ਲਿਆ ਜਾਵੇ ਪਰ ਝੂਠ ਤੇ ਧੋਖਾ ਕਰਨ ਵਾਲੇ ਦੇ ਮਨ ਦਾ ਅੰਦਰਲਾ ਝੂਠ ਉੱਘੜ ਹੀ ਆਉਂਦਾ ਹੈ ਤੇ ਅਜਿਹੇ ਪ੍ਰਾਣੀ ਝੂਠ, ਲਾਲਚ ਜਿਹੇ ਵਿਕਾਰੀ ਕਰਮਾਂ ਦੇ ਕੋਹਲੂ ’ਚ (Oil-Mill) ਲਗਾਤਾਰ ਪੀੜੇ ਚਲੇ ਜਾਂਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦੇ ਫ਼ੁਰਮਾਨ ਕਰਦੇ ਹਨ : ‘‘ਜਿਨ ਕੈ ਹਿਰਦੈ ਮੈਲੁ ਕਪਟੁ ਹੈ; ਬਾਹਰੁ ਧੋਵਾਇਆ॥ ਕੂੜੁ ਕਪਟੁ ਕਮਾਵਦੇ; ਕੂੜੁ ਪਰਗਟੀ ਆਇਆ॥ ਅੰਦਰਿ ਹੋਇ ਸੁ ਨਿਕਲੈ; ਨਹ ਛਪੈ ਛਪਾਇਆ॥ ਕੂੜੈ ਲਾਲਚਿ ਲਗਿਆ; ਫਿਰਿ ਜੂਨੀ ਪਾਇਆ॥ ਨਾਨਕ ! ਜੋ ਬੀਜੈ ਸੋ ਖਾਵਣਾ; ਕਰਤੈ ਲਿਖਿ ਪਾਇਆ॥ (ਮ : ੧/੧੨੪੩), ਚੋਰ ਜਾਰ ਜੂਆਰ; ਪੀੜੇ ਘਾਣੀਐ॥ ਨਿੰਦਕ ਲਾਇਤਬਾਰ; ਮਿਲੇ ਹੜ੍ਵਾਣੀਐ॥ ਗੁਰਮੁਖਿ ਸਚਿ ਸਮਾਇ; ਸੁ ਦਰਗਹ ਜਾਣੀਐ॥’’ (ਮ : ੧/੧੨੮੭-੮੮) ਸੋ, ਵਿਕਾਰਾਂ ਦੀਆਂ ਇਨ੍ਹਾਂ ਜ਼ੰਜੀਰਾਂ ’ਚੋਂ ਛੁੱਟਣ ਲਈ ਗੁਰੂ ਵੱਲੋਂ ਦੱਸੀ ਕਾਰ (ਗੁਰ ਉਪਦੇਸ਼) ਨੂੰ ਕਮਾਉਣਾ ਬਹੁਤ ਜ਼ਰੂਰੀ ਹੈ (ਬਧੇ ਛੁਟਹਿ ਸਚਿ; ਸਚੁ ਪਛਾਣੀਐ॥), ਗੁਰੂ ਦੇ ਸਨਮੁਖ ਰਹਿਣ ਵਾਲੇ ਭਾਵ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ ਸੁਆਰਨ ਵਾਲੇ ਹੀ ਪ੍ਰਮਾਤਮਾ ਦੀ ਹਜ਼ੂਰੀ ’ਚ ਆਦਰ ਪਾਉਂਦੇ ਹਨ।

(22). ਚਿੰਤਾ (ਫ਼ਿਕਰ) ਕਰਨਾ : ਜ਼ਿੰਦਗੀ ਦੀ ਅਜੋਕੀ ਤੇਜ਼ ਰਫ਼ਤਾਰ ਸਦਕਾ ਅੱਜ ਅਸੀਂ ਭਾਂਤ-ਭਾਂਤ ਦੀਆਂ ਬਿਮਾਰੀਆਂ ਤੋਂ ਪੀੜਿਤ ਹੋ ਰਹੇ ਹਾਂ ਜਿਸ ਦਾ ਮੁੱਖ ਕਾਰਨ ਸਾਡੇ ਵੱਲੋਂ ਕੀਤੀ ਜਾ ਰਹੀ ਚਿੰਤਾ ਹੈ, ਮਾਨਸਿਕ ਤਣਾਅ ਹੈ। ਅਸੀਂ ਇਸ ਨਾਸ਼ਵਾਨ ਦੁਨੀਆਂ ਦੀਆਂ ਵਡਿਆਈਆਂ, ਧਨ ਦੌਲਤ, ਰੁਤਬੇ ਆਦਿ ਲਈ ਅਨੇਕਾਂ ਯਤਨ ਕਰ ਕੇ, ਦੁਨੀਆਂ ਦੀਆਂ ਨਜ਼ਰਾਂ ’ਚ ਵੱਡੇ ਬਣਨਾ ਚਾਹੁੰਦੇ ਹਾਂ ਪਰ ਪੰਚਮ ਪਿਤਾ ਦਾ ਬਚਨ ਹੈ : ‘‘ਵਡੇ ਵਡੇ, ਜੋ ਦੀਸਹਿ ਲੋਗ ॥ ਤਿਨ ਕਉ ਬਿਆਪੈ; ਚਿੰਤਾ ਰੋਗ ॥੧॥ ਕਉਨ ਵਡਾ ? ਮਾਇਆ ਵਡਿਆਈ ॥ ਸੋ ਵਡਾ, ਜਿਨਿ ਰਾਮ ਲਿਵ ਲਾਈ ॥’’ (ਗਉੜੀ/ਮ : ੫/੧੮੮) ਵੇਖੋ ! ਗੁਰਮਤਿ ਕਿੰਨੀ ਅਗਾਂਹਵਧੂ ਸੋਚ ਹੈ ਤੇ ਅਸੀਂ ਕਿੰਨੇ ਵਡਭਾਗੀ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਸੀ ਕਿ ਚਿੰਤਾ ਕਰਨਾ ਇੱਕ ਬਹੁਤ ਵੱਡਾ ਰੋਗ ਹੈ ਪਰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਮਨ ਜਿੱਤ ਕੇ ਇਸ ਰੋਗ ਤੋਂ ਸਦਾ ਲਈ ਮੁਕਤ ਹੋਇਆ ਜਾ ਸਕਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਧੁਰ ਕੀ ਬਾਣੀ, ਆਈ ॥ ਤਿਨਿ, ਸਗਲੀ ਚਿੰਤ ਮਿਟਾਈ ॥ (ਸੋਰਠਿ/ਮ : ੫/੬੨੮), ਲਾਥੀ ਭੂਖ, ਤ੍ਰਿਸਨ ਸਭ ਲਾਥੀ; ਚਿੰਤਾ ਸਗਲ ਬਿਸਾਰੀ ॥ ਕਰੁ ਮਸਤਕਿ ਗੁਰਿ ਪੂਰੈ ਧਰਿਓ; ਮਨੁ ਜੀਤੋ ਜਗੁ ਸਾਰੀ ॥ ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ; ਡੋਲਨ ਤੇ ਅਬ ਚੂਕੇ॥ ਅਖੁਟੁ ਖਜਾਨਾ ਸਤਿਗੁਰਿ ਦੀਆ; ਤੋਟਿ ਨਹੀ ਰੇ ਮੂਕੇ ॥’’ (ਗਉੜੀ/ਮ : ੫/੨੧੫)

ਮਨੁੱਖ ਫਿਰ ਵੀ ਚਿੰਤਾ ਦੇ ਜਾਲ਼ ’ਚ ਫਸਿਆ ਰਹਿੰਦਾ ਹੈ;  ਖ਼ਾਸ ਕਰ ਕੇ ਆਪਣੀ ਆਜੀਵਕਾ ਤੇ ਆਰਥਕ ਖ਼ੁਸ਼ਹਾਲੀ ਲਈ ਹੱਥ ਪੈਰ ਮਾਰਨ ਦੇ ਨਾਲ਼ ਹੀ ਉਸ ਦੇ ਮਨ ਨੂੰ ਵੀ ਤਣਾਅ ਦੀ ਚੱਕੀ ’ਚ ਲਗਾਤਾਰ ਪਿਸਣਾ ਪੈਂਦਾ ਹੈ, ਪਰ ਗੁਰੂ ਜੀ ਆਪਣੀ ਬਾਣੀ ਰਾਹੀਂ ਸਾਨੂੰ ਧਰਵਾਸ ਦਿੰਦੇ ਹਨ ਕਿ ਮਿਹਰਬਾਨ ਅਕਾਲ ਪੁਰਖ ਨੂੰ ਆਪ ਹੀ ਆਪਣੇ ਜੀਵਾਂ ਦੀ ਸੰਭਾਲ਼ ਕਰਨ ਦੀ ਚਿੰਤਾ ਹੁੰਦੀ ਹੈ : ‘‘ਨਾਨਕ ! ਜੰਤ ਉਪਾਇ ਕੈ; ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ; ਚਿੰਤਾ ਭਿ ਕਰਣੀ ਤਾਹ॥ ਸੋ ਕਰਤਾ ਚਿੰਤਾ ਕਰੇ;  ਜਿਨਿ ਉਪਾਇਆ ਜਗੁ ॥ ਤਿਸੁ ਜੋਹਾਰੀ, ਸੁਅਸਤਿ ਤਿਸੁ; ਤਿਸੁ ਦੀਬਾਣੁ ਅਭਗੁ॥’’ (ਮ : ੧/੪੬੭)

ਇਸ ਲਈ ਗੁਰ ਉਪਦੇਸ਼ ਵਜੋਂ ਗੁਰੂ ਸਾਹਿਬਾਨ ਸਾਨੂੰ ਬੜੇ ਪ੍ਰੇਮ ਨਾਲ਼ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਪਾਣੀ ਅਤੇ ਪੱਥਰਾਂ ’ਚ ਉਪਜਾਏ ਗਏ ਜੰਤਾਂ ਨੂੰ ਵੀ ਰਿਜ਼ਕ ਦੀ ਦਾਤ; ਰੱਬ ਵੱਲੋਂ ਨਸੀਬ ਹੁੰਦੀ ਹੈ ਭਾਵੇਂ ਕਿ ਉੱਥੇ ਨਾ ਤਾਂ ਕੋਈ ਖੇਤੀ ਜਾਂ ਲੈਣ ਦੇਣ ਆਦਿ ਦਾ ਵਪਾਰ ਕਰਦਾ ਹੈ : ‘‘ਨਾਨਕ ! ਚਿੰਤਾ ਮਤਿ ਕਰਹੁ; ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ॥ (ਮ : ੨/੯੫੫), ਨਾ ਕਰਿ ਚਿੰਤ, ਚਿੰਤਾ ਹੈ ਕਰਤੇ ॥ ਹਰਿ ਦੇਵੈ, ਜਲਿ ਥਲਿ, ਜੰਤਾ ਸਭਤੈ॥ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ, ਕੀਟ ਪਖਾਣੀ ਹੇ॥’’ (ਮਾਰੂ/ਮ : ੪/੧੦੭੦)

ਸੋ, ਗੁਰ ਉਪਦੇਸ਼ ਅਨੁਸਾਰ ਸਾਨੂੰ ਨਿਸ਼ਚਿੰਤ ਰਹਿਣਾ ਚਾਹੀਦਾ ਹੈ ਕਿਉਂਕਿ ਨਿਰੰਕਾਰ ਨੂੰ ਆਪਣੇ ਮਨ ਵਿੱਚ ਸਾਰਿਆਂ ਦੇ ਰਿਜ਼ਕ ਦਾ ਫ਼ਿਕਰ ਹੈ ਤੇ ਉਸ ਦੇ ਦਰ ਤੋਂ ਕਿਸੇ ਵੀ ਜੀਵ ਨੂੰ ਖ਼ਾਲੀ ਹੱਥੀਂ ਨਹੀਂ ਮੋੜਿਆ ਜਾਂਦਾ; ਜਿਵੇਂ ਕਿ ਪੰਚਮ ਪਾਤਸ਼ਾਹ ਦੇੇ ਬਚਨ ਹਨ : ‘‘ਸਗਲ ਕੀ ਚਿੰਤਾ, ਜਿਸੁ ਮਨ ਮਾਹਿ ॥ ਤਿਸ ਤੇ ਬਿਰਥਾ, ਕੋਈ ਨਾਹਿ ॥’’ (ਗਉੜੀ/ਮ : ੫/੨੮੨)

ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਹੇ ਮਨੁੱਖ ! ਜੇ ਫਿਰ ਵੀ ਤੂੰ ਚਿੰਤਾ ਕਰਨੀ ਹੈ ਤਾਂ ਆਪਣੇ ਅਸਲੀ ਘਰ ਜਾਣ ਦੀ ਚਿੰਤਾ ਕਰ ਕਿਉਂਕਿ ਤੇਰੇ ਮਨ ਨੂੰ ਇਸ ਸੰਸਾਰ ਦਾ ਹੀ ਮੋਹ ਹੈ, ਪਰ ਇਸ ਫਾਹੀ ਤੋਂ ਉਹੀ ਛੁਟਕਾਰਾ ਪਾਉਂਦੇ ਹਨ ਜਿਹੜੇ ਗੁਰੂ ਦੀ ਸ਼ਰਣੀ ਪੈਂਦੇ ਹਨ : ‘‘ਜੋ ਘਰੁ ਛਡਿ ਗਵਾਵਣਾ; ਸੋ ਲਗਾ ਮਨ ਮਾਹਿ ॥ ਜਿਥੈ ਜਾਇ ਤੁਧੁ ਵਰਤਣਾ; ਤਿਸ ਕੀ ਚਿੰਤਾ ਨਾਹਿ ॥ ਫਾਥੇ ਸੇਈ ਨਿਕਲੇ; ਜਿ ਗੁਰ ਕੀ ਪੈਰੀ ਪਾਹਿ ॥’’ (ਸਿਰੀਰਾਗੁ/ਮ : ੫/੪੩)

ਗੁਰੂ ਤਾਂ ਸਾਡੇ ਮਨਾਂ ’ਚੋਂ ਮੌਤ ਦਾ ਡਰ ਵੀ ਕੱਢ ਦਿੰਦਾ ਹੈ, ਫਿਰ ਫ਼ਿਕਰ ਕਿਸ ਗੱਲ ਦਾ ਰਹਿ ਜਾਂਦਾ ਹੈ ? ਗੁਰੂ ਤੇਗ਼ ਬਹਾਦਰ ਜੀ ਦੇ ਫ਼ੁਰਮਾਨ ਹਨ : ‘‘ਚਿੰਤਾ, ਤਾ ਕੀ ਕੀਜੀਐ ! ਜੋ ਅਨਹੋਨੀ ਹੋਇ॥ ਇਹੁ ਮਾਰਗੁ ਸੰਸਾਰ ਕੋ; ਨਾਨਕ ! ਥਿਰੁ ਨਹੀ ਕੋਇ॥’’ (ਮ : ੯/੧੪੨੯) ਜੇਕਰ ਹਿਰਦੇ ’ਚ ਵਿਸ਼ਵਾਸ ਤੇ ਪੂਰਨ ਆਤਮ ਸਮਰਪਣ ਨਾਲ਼ ਸੁਕਿਰਤ ਕਰੀਏ ਤਾਂ ਇਸ ਕੁਠਾਲ਼ੀ ’ਚੋ ਰੱਬੀ ਮਿਹਰ ਨਾਲ਼ ਸੰਤੋਖ ਰੂਪੀ ਗਹਿਣਾ ਚਮਕੇਗਾ, ਜਿਸ ਨੂੰ ਬੇਨਤੀ ਦੇ ਨਗ ਨਾਲ਼ ਸ਼ਿੰਗਾਰ ਕੇ, ਸਦਾ ਲਈ ਚਿੰਤਾ ਮੁਕਤ ਹੋਇਆ ਜਾ ਸਕਦਾ ਹੈ : ‘‘ਸਤਿਗੁਰ ! ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ, ਨਾਮੁ ਹਰਿ, ਸੋਭਾ; ਚਿੰਤਾ ਲਾਹਿ ਹਮਾਰੀ ॥… ਸਦ ਬਖਸਿੰਦੁ, ਸਦਾ ਮਿਹਰਵਾਨਾ; ਸਭਨਾ ਦੇਇ ਅਧਾਰੀ ॥ ਨਾਨਕ ਦਾਸ ! ਸੰਤ ਪਾਛੈ ਪਰਿਓ; ਰਾਖਿ ਲੇਹੁ ਇਹ ਬਾਰੀ ॥’’ (ਟੋਡੀ/ਮ : ੫/੭੧੩)

(23). ਜਾਤ ਪਾਤ : ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮਨੁੱਖ ਨੂੰ ਵਾਰ-ਵਾਰ ਅਖੌਤੀ ਉੱਚੀ ਜ਼ਾਤ ਦਾ ਹੰਕਾਰ ਕਰਨ ਤੋਂ ਵਰਜਿਆ ਗਿਆ ਹੈ। ਜਾਤ ਅਭਿਮਾਨੀਆਂ ਨੂੰ ਮੂਰਖ ਤੇ ਗਵਾਰ ਤੱਕ ਵੀ ਕਿਹਾ ਗਿਆ ਹੈ : ‘‘ਜਾਤਿ ਕਾ ਗਰਬੁ, ਨ ਕਰਿ; ਮੂਰਖ ਗਵਾਰਾ !॥ ਇਸੁ ਗਰਬ ਤੇ;  ਚਲਹਿ ਬਹੁਤੁ ਵਿਕਾਰਾ॥’’ (ਭੈਰਉ/ਮ : ੩/੧੧੨੮) ਗੁਰੂ ਨਾਨਕ ਸਾਹਿਬ ਜੀ ਨੇ ‘‘ਫਕੜ ਜਾਤੀ, ਫਕੜੁ ਨਾਉ॥ ਸਭਨਾ ਜੀਆ, ਇਕਾ ਛਾਉ॥’’ (ਮ : ੧/੮੩) ਅਤੇ ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ॥’’ (ਮ : ੧/੩੪੯) ਉਚਾਰ ਕੇ ਸਾਨੂੰ ਪਿਆਰ ਨਾਲ਼ ਵੀ ਸਮਝਾਇਆ ਹੈ ਪਰ ਗੁਰੂ ਦੇ ਉਪਦੇਸ਼ ਦੀ ਪ੍ਰਵਾਹ ਨਾ ਕਰਕੇ ਅਸੀਂ ਅਹੰਕਾਰ ਦੀ ਇਸ ਝੂਠੀ ਦਲਦਲ ’ਚ ਹੋਰ ਵੀ ਧਸਦੇ ਚਲੇ ਜਾ ਰਹੇ ਹਾਂ। ਮਿਹਰਬਾਨ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਜੋ ਨੀਵੀਂ ਤੋਂ ਨੀਵੀਂ ਜਾਤ ਦੇ ਮੰਨੇ ਜਾਂਦੇ ਹਨ ਅਤੇ ਨੀਵਿਆਂ ਤੋਂ ਵੀ ਅਤਿ ਨੀਵੇਂ ਅਖਵਾਉਂਦੇ ਹਨ; ਨਾਨਕ ਉਨ੍ਹਾਂ ਦੇ ਨਾਲ਼ ਹੈ ਕਿਉਂਕਿ ਜਿੱਥੇ ਅਜਿਹੇ ਅਖੌਤੀ ਨੀਵੀਂ ਜਾਤ ਵਾਲੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ, ਉੱਥੇ ਤੇਰੀ (ਹੇ ਅਕਾਲ ਪੁਰਖ !) ਮਿਹਰ ਵਰਤਦੀ ਹੈ : ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ?॥ ਜਿਥੈ ਨੀਚ ਸਮਾਲੀਅਨਿ;  ਤਿਥੈ ਨਦਰਿ ਤੇਰੀ, ਬਖਸੀਸ !॥’’ (ਸਿਰੀਰਾਗੁ/ਮ : ੧/੧੫), ਪਰ ਕੀ ਅੱਜ ਸਾਨੂੰ ਗੁਰੂ ਜੀ ਦੇ ਸਾਥ ਤੇ ਅਸ਼ੀਰਵਾਦ ਦੀ ਕੋਈ ਲੋੜ ਨਹੀਂ  ? ਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ’ਤੇ ਹੀ ਸਹੀ, ਘੱਟੋ ਘੱਟ ਇਹ ਅਹਿਦ ਤਾਂ ਕਰੀਏ ਕਿ ਅਸੀਂ ਬੰਦੇ ਨੂੰ ਬੰਦਾ ਕਰ ਕੇ ਜਾਣਾਂਗੇ। ਆਪਣਾ ਆਪ; ਗੁਰੂ ਨੂੰ ਅਰਪਣ ਕਰਾਂਗੇ ਤਾਂ ਮਿਹਰ ਰੂਪੀ ਅੰਮ੍ਰਿਤ ਧਾਰਾ ਦਾ ਬਰਸਣਾ ਯਕੀਨੀ ਹੈ, ਤਦ ਮਨ ਸਹਿਜੇ ਹੀ ਅਰਦਾਸ ਭਾਵਨਾ ’ਚ ਵਿਚਰਦਿਆਂ ਗੁਰੂ ਦੀਆਂ ਇਹ ਅਨਮੋਲ ਪੰਕਤੀਆਂ ਦੁਹਰਾ ਛੱਡੇਗਾ : ‘‘ਹਮਰੀ ਜਾਤਿ ਪਾਤਿ, ਗੁਰੁ ਸਤਿਗੁਰੁ;  ਹਮ ਵੇਚਿਓ ਸਿਰੁ, ਗੁਰ ਕੇ॥ ਜਨ ਨਾਨਕ ! ਨਾਮੁ ਪਰਿਓ ਗੁਰ ਚੇਲਾ; ਗੁਰ  ! ਰਾਖਹੁ ਲਾਜ ਜਨ ਕੇ॥’’ (ਸੂਹੀ/ਮ : ੪/੭੩੧)

(24). ਜਨਮ ਪੱਤ੍ਰੀਆਂ (ਟੇਵੇ) : ਬਹੁਤ ਹੈਰਾਨੀ ਤੇ ਸ਼ਰਮਿੰਦਗੀ ਵੀ ਹੁੰਦੀ ਹੈ ਜਦ ਦਸਤਾਰਧਾਰੀ ਲੋਕਾਂ ਨੂੰ ਪੰਡਿਤਾਂ ਦੇ ਅੱਗੇ ਧੋਣਾਂ ਨੀਵੀਆਂ ਕਰ ਕੇ, ਪੱਤ੍ਰੀ ਵਾਚਦਿਆਂ ਵੇਖੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਣ ਵਾਲੇ ਸਿੱਖ ਨੂੰ ਕੀ ਇਹ ਸੋਭਦਾ ਹੈ ਕਿ ਉਹ; ‘ਗੁਰੂ ਸ਼ਬਦੁ’ ਨੂੰ ਛੱਡ ਕੇ ਝੂਠੀਆਂ ਪੱਤਰੀਆਂ ’ਚ ਗੁਆਚਿਆ ਫਿਰੇ ?

ਮਨੁੱਖ ਨੂੰ ਬੇਲੋੜੇ ਭਰਮ ਭੁਲੇਖਿਆਂ ’ਚ ਉਲਝਾਉਣ ਵਾਲ਼ੀਆਂ ਜਨਮ ਪੱਤ੍ਰੀਆਂ ਦੀ ਪੋਲ ਖੋਲ੍ਹਦਿਆਂ, ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਗੁਰ ਸ਼ਬਦ ਦੇ ਮੁਕਾਬਲੇ ’ਤੇ ਕਿਸੇ ਵੀ ਹੋਰ ਗੱਲ; ਜਿਵੇਂ ਕਿ ਪੰਡਿਤ ਦੁਆਰਾ ਜੋਤਿਸ਼ ਦੇ ਲੇਖੇ ਗਿਣ-ਗਿਣ ਕੇ ਤਿਆਰ ਕੀਤੀ ਜਨਮ ਪੱਤ੍ਰੀ ਆਦਿਕ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ : ‘‘ਗਣਿ ਗਣਿ ਜੋਤਕੁ, ਕਾਂਡੀ (ਜਨਮ ਪੱਤਰੀ) ਕੀਨੀ॥ ਪੜੈ ਸੁਣਾਵੈ, ਤਤੁ ਨ ਚੀਨੀ ॥ ਸਭਸੈ ਊਪਰਿ, ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ, ਸਗਲੀ ਛਾਰੁ॥’’ (ਰਾਮਕਲੀ/ਮ : ੧/੯੦੪), ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ ਕਿ ਜੇ ਕਿਸੇ ਪਤ੍ਰੀ ਨੂੰ ਵਾਚਣਾ (ਪੜ੍ਹਨਾ) ਹੀ ਹੈ ਤਾਂ ਉਹ ਮਨ ਦੀ ਪਤ੍ਰੀ ਨੂੰ ਪੜ੍ਹੇ ਭਾਵ ਗੁਰੂ ਰੌਸ਼ਨੀ ’ਚ ਆਪਣੇ ਮਨ ਦੀ ਪੜਚੋਲ ਕਰੇ, ਆਪਣੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਵੇਖ ਕੇ ਦੂਰ ਕਰੇ ਤਾਂ ਸਦੀਵੀ ਸੁਖ ਮਿਲਦਾ ਹੈ : ‘‘ਮਨ ਕੀ ਪਤ੍ਰੀ ਵਾਚਣੀ; ਸੁਖੀ ਹੂ ਸੁਖੁ ਸਾਰੁ ॥ ਸੋ ਬ੍ਰਾਹਮਣੁ ਭਲਾ ਆਖੀਐ; ਜਿ ਬੂਝੈ ਬ੍ਰਹਮੁ ਬੀਚਾਰੁ॥ ਹਰਿ ਸਾਲਾਹੇ ਹਰਿ ਪੜੈ;  ਗੁਰ ਕੈ ਸਬਦਿ ਵੀਚਾਰਿ ॥ ਆਇਆ ਓਹੁ ਪਰਵਾਣੁ ਹੈ; ਜਿ ਕੁਲ ਕਾ ਕਰੇ ਉਧਾਰੁ॥’’ (ਮਾਰੂ ਕੀ ਵਾਰ/ਮ : ੩/੧੦੯੩-੯੪)

ਗੁਰੂ ਰਾਮਦਾਸ ਸਾਹਿਬ ਜੀ ਵੀ ਫ਼ੁਰਮਾਉਂਦੇ ਹਨ ਕਿ ਉਹੀ ਸਮਾਂ ਭਾਗਾਂ ਵਾਲਾ ਹੈ, ਜਦੋਂ ਪਿਆਰਾ ਪ੍ਰਭੂ ਮਨ ਵਿੱਚ ਆ ਵਸਦਾ ਹੈ, ਗੁਰ ਵਾਕ ਹਨ : ਸਾ ਵੇਲਾ, ਸੋ ਮੂਰਤੁ, ਸਾ ਘੜੀ, ਸੋ ਮੁਹਤੁ ਸਫਲੁ ਹੈ, ਮੇਰੀ ਜਿੰਦੁੜੀਏ ! ਜਿਤੁ ਹਰਿ ਮੇਰਾ ਚਿਤਿ ਆਵੈ ਰਾਮ॥ ਜਨ ਨਾਨਕ,  ਨਾਮੁ ਧਿਆਇਆ, ਮੇਰੀ ਜਿੰਦੁੜੀਏ ! ਜਮਕੰਕਰੁ ਨੇੜਿ ਨ ਆਵੈ ਰਾਮ ॥ (ਬਿਹਾਗੜਾ/ਮ : ੪/੫੪੧)

ਸੋ, ਗੁਰ ਉਪਦੇਸ਼ ਨੂੰ ਮਨ ’ਚ ਵਸਾ ਲਈਏ ਕਿ ਜਨਮ ਪੱਤਰੀਆਂ, ਟੇਵੇ ਆਦਿ ਬਣਵਾਉਣਾ ਗੁਰਮਤਿ ਅਨੁਸਾਰੀ ਨਹੀਂ ਹਨ। ਸਿੱਖ ਦਾ ਕਿਰਦਾਰ ਤਾਂ ਇਹੀ ਹੈ ਕਿ ਉਹ ਆਪਣੇ ਕਿਸੇ ਕਾਰਜ ਤੋਂ ਪਹਿਲਾਂ ਗੁਰੂ ਜੀ ਤੋਂ ‘ਹੁਕਮਨਾਮਾ’ ਲੈ ਸਕਦਾ ਹੈ; ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਵਾਕ ਹੈ : ‘‘ਹਉ ਗੁਰ ਪੂਛਉ ਆਪਣੇ; ਗੁਰ ਪੁਛਿ, ਕਾਰ ਕਮਾਉ ॥ ਸਬਦਿ ਸਲਾਹੀ ਮਨਿ ਵਸੈ; ਹਉਮੈ ਦੁਖੁ, ਜਲਿ ਜਾਉ ॥ ਸਹਜੇ ਹੋਇ ਮਿਲਾਵੜਾ; ਸਾਚੇ ਸਾਚਿ ਮਿਲਾਉ ॥’’ (ਸਿਰੀਰਾਗੁ/ਮ : ੧/੫੮)

(25). ਜਨਮ ਦਿਨ : ਪੱਛਮੀ ਸੱਭਿਆਚਾਰ ਦੀ ਨਕਲ ਕਰਦਿਆਂ ਅਸੀਂ ਵੀ ਆਪਣੇ ਬੱਚਿਆਂ ਦੇ ਜਨਮ ਦਿਨ ਬੜੇ ਅਜੀਬੋ ਗ਼ਰੀਬ ਢੰਗ ਨਾਲ਼ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਕੇਕ (Cake) ’ਤੇ ਮੋਮਬੱਤੀਆਂ ਲਗਾ ਕੇ ਜਲ਼ਾਈਆਂ ਜਾਂਦੀਆਂ ਹਨ ਤੇ ਫਿਰ ਬੱਚੇ ਕੋਲ਼ੋਂ ਫੂਕ ਮਰਵਾ ਕੇ, ਬੁਝਾ ਦਿੱਤੀਆਂ ਜਾਂਦੀਆਂ ਹਨ। ਇਸ ਸਭ ਕੁਝ ਦਾ ਕੀ ਮਤਲਬ ਹੋਇਆ ? ਸ਼ਾਇਦ ਇਹ ਤਾਂ ਇਸ ਢੰਗ ਨਾਲ਼ ਜਨਮ ਦਿਨ ਮਨਾਉਣ ਵਾਲ਼ਿਆਂ ਨੂੰ ਵੀ ਪਤਾ ਨਹੀਂ ਹੋਣਾ ! ਬਾਹਰਮੁਖੀ ਹੋ ਚੁੱਕੇ ਸਾਡੇ ਸਿੱਖ ਪਰਵਾਰਾਂ ਦਾ ਹਾਲ ਤਾਂ ਸਭ ਹੱਦ ਬੰਨੇ ਪਾਰ ਕਰ ਚੁੱਕਾ ਹੈ; ਨਵਜਨਮੇ ਬੱਚੇ ਦਾ ਹਾਲੇ ਨਾੜੂ ਵੀ ਨਹੀਂ ਸੁਕਿਆ ਹੁੰਦਾ ਕਿ ਘਰ ਦੇ ਜੀਅ (ਖ਼ਾਸ ਕਰਕੇ ਬੀਬੀਆਂ) ਬੱਚੇ ਦੇ ਜਨਮ ਦੀ ਖ਼ੁਸ਼ੀ ’ਚ ਪਾਰਟੀ ਰੱਖਣ ਲਈ ਉਤਾਵਲੇ ਹੋ ਜਾਂਦੇ ਹਨ। ਭਗਤ ਕਬੀਰ ਜੀ ਵਿਅੰਗ ਕਰਦਿਆਂ ਫ਼ੁਰਮਾਉਂਦੇ ਹਨ : ‘‘ਜਨਨੀ ਜਾਨਤ, ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ, ਜਿ ਦਿਨ ਦਿਨ ਅਵਧ ਘਟਤੁ ਹੈ॥  ਮੋਰ ਮੋਰ ਕਰਿ, ਅਧਿਕ ਲਾਡੁ ਧਰਿ; ਪੇਖਤ ਹੀ ਜਮਰਾਉ ਹਸੈ॥ (ਸਿਰੀਰਾਗੁ/ਭਗਤ ਕਬੀਰ ਜੀ/੯੨)

ਮਾਤਾ ਪਿਤਾ ਦੇ ਸਰੀਰਕ ਸੰਜੋਗ ਨਾਲ਼ ਹੀ ਪ੍ਰਮਾਤਮਾ ਜੀਵ ਪੈਦਾ ਕਰਦਾ ਹੈ। ਪ੍ਰਮਾਤਮਾ ਆਪ ਹੀ ਸਰੀਰ ’ਚ ਜੋਤ ਧਰਦਾ ਹੈ ਤੇ ਮਾਤਾ ਦੇ ਗਰਭ ’ਚ ਜੀਵ ਦੀ ਸੰਭਾਲ਼ ਵੀ ਆਪ ਹੀ ਕਰਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਮਾਤ ਪਿਤਾ ਸੰਜੋਗਿ ਉਪਾਏ; ਰਕਤੁ ਬਿੰਦੁ ਮਿਲਿ, ਪਿੰਡੁ ਕਰੇ॥ ਅੰਤਰਿ ਗਰਭ ਉਰਧਿ ਲਿਵ ਲਾਗੀ,  ਸੋ ਪ੍ਰਭੁ ਸਾਰੇ ਦਾਤਿ ਕਰੇ ॥’’ (ਮਾਰੂ/ਮ : ੧/੧੦੧੩)

ਸੋ, ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਅਕਿਰਤਘਣ ਨਾ ਬਣੀਏ ਤੇ ਅਜਿਹਾ ਕਰਮ ਕਰੀਏ ਜਿਸ ਦਾ ਸਕਾਰਾਤਮਕ ਅਸਰ ਸਾਡੇ ਬੱਚਿਆਂ ਦੇ ਚਿੱਤ ’ਤੇ ਬਣਿਆ ਰਹੇ ਭਾਵ ਉਹ ਆਪਣੇ ਸਿਰਜਣਹਾਰੇ ਨੂੰ ਚੇਤੇ ਰੱਖਣ। ਜੇਕਰ ਅਸੀਂ ਆਪਣੇ ਬੱਚਿਆਂ ਦਾ ਜਨਮ ਦਿਨ ਜ਼ਰੂਰ ਮਨਾਉਣਾ ਹੀ ਹੈ ਤਾਂ ਗੁਰੂ ਘਰ ਜਾ ਕੇ, ਗੁਰ ਸ਼ਬਦ ਰਾਹੀਂ ਪ੍ਰਮਾਤਮਾ ਦਾ ਸ਼ੁਕਰਾਨਾ ਤੇ ਅਰਦਾਸ ਕੀਤੀ ਜਾ ਸਕਦੀ ਹੈ : ‘‘ਪੂਤਾ ! ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ॥’’ (ਗੂਜਰੀ/ਮ : ੫/੪੯੬)

(26). ਜੋਤਾਂ ਜਗਾਉਣੀਆਂ : ਮੈਨੂੰ ਇਹ ਲਿਖਦਿਆਂ ਸ਼ਰਮਿੰਦਗੀ ਦਾ ਅਹਿਸਾਸ ਹੋ ਰਿਹਾ ਹੈ ਕਿ ਕਿਵੇਂ ਅੱਜ ਸਾਡੇ ਕਈ ਗੁਰੂ ਘਰਾਂ (ਜਿਵੇਂ ਕਿ ਹਜ਼ੂਰ ਸਾਹਿਬ, ਨੰਦੇੜ ਆਦਿ) ਵਿਖੇ ਜੋਤਾਂ ਜਗਾ ਕੇ ਆਰਤੀਆਂ ਕੀਤੀਆਂ ਜਾ ਰਹੀਆਂ ਹਨ !, ਕਿੰਨੀ ਹੈਰਾਨੀ ਦੀ ਗੱਲ ਹੈ ਕਿ ਬਾਣੀ ਦੇ ਜਿਹੜੇ ਸ਼ਬਦ ਬਾਹਰੀ ਜੋਤਾਂ ਜਗਾਉਣ ਦਾ ਖੰਡਨ ਕਰਦੇ ਹੋਣ; ਉਨ੍ਹਾਂ ਦੀ ਹੀ ਟੇਕ ਲੈਂਦਿਆਂ ਭਾਵ ਉਨ੍ਹਾਂ ਹੀ ਸ਼ਬਦਾਂ ਦਾ ਗਾਇਨ ਕਰਦਿਆਂ, ਜੋਤਾਂ ਜਗਾ ਕੇ ਆਰਤੀ ਕਰਨੀ; ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੈ ?

ਸੱਚੀ ਗੱਲ ਤਾਂ ਇਹ ਹੈ ਕਿ ਅਕਾਲ ਪੁਰਖ ਨੇ ਹਰ ਜੀਅ ਦੇ ਅੰਦਰ ਹੀ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ ਪਰ ਮਨੁੱਖ; ਸਾਰੇ ਜੀਵਾਂ ਵਿੱਚ ਵਸਦੀ ਰੱਬੀ ਜੋਤਿ ਨੂੰ ਕਦੀ ਜਾਣ ਹੀ ਨਾ ਸਕਿਆ। ਇੱਥੋਂ ਤੱਕ ਕਿ ਆਪਣੇ ਅੰਦਰ ਵਸ ਰਹੀ ਜੋਤਿ ਨੂੰ ਉਜਾਗਰ ਕਰਨ ਦੀ ਬਜਾਇ ਬਾਹਰਮੁਖੀ ਹੋ ਕੇ, ਹੋਰਨਾਂ ਹੀ ਜੰਜਾਲ਼ਾਂ ’ਚ ਫਸ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਅਕੁਲ ਪੁਰਖ, ਇਕੁ ਚਲਿਤੁ ਉਪਾਇਆ ॥ ਘਟ ਘਟ ਅੰਤਰਿ,  ਬ੍ਰਹਮੁ ਲੁਕਾਇਆ ॥ ਜੀਅ ਕੀ ਜੋਤਿ, ਨ ਜਾਨੈ ਕੋਈ ॥ ਤੈ ਮੈ ਕੀਆ,  ਸੁ ਮਾਲੂਮੁ ਹੋਈ ॥’’ (ਪ੍ਰਭਾਤੀ/ਭਗਤ ਨਾਮਦੇਵ ਜੀ/੧੩੫੧)

ਬਾਹਰੀ ਤੌਰ ’ਤੇ ਜੋਤਾਂ ਜਗਾਉਣ, ਘੰਟੀਆਂ ਤੇ ਟੱਲ ਆਦਿ ਖੜਕਾਉਣ ਵਾਲ਼ਿਆਂ ਨੂੰ ਪੰਚਮ ਪਾਤਸ਼ਾਹ ਉਪਦੇਸ਼ ਕਰਦੇ ਹਨ : ‘‘ਘੰਟਾ ਜਾ ਕਾ, ਸੁਨੀਐ ਚਹੁ ਕੁੰਟ॥ ਆਸਨੁ ਜਾ ਕਾ, ਸਦਾ ਬੈਕੁੰਠ॥ ਜਾ ਕਾ ਚਵਰੁ, ਸਭ ਊਪਰਿ ਝੂਲੈ॥ ਤਾ ਕਾ ਧੂਪੁ, ਸਦਾ ਪਰਫੁਲੈ॥’’ (ਆਸਾ/ਮ : ੫/੩੯੩) ਇੰਞ ਗੁਰਬਾਣੀ ਤਾਂ ਮਨੁੱਖ ਨੂੰ ਹਮੇਸ਼ਾ ਹੀ ਅੰਤਰਮੁਖੀ ਹੋ ਕੇ ਗਿਆਨਵਾਨ ਬਣਨ ਦੀ ਪ੍ਰੇਰਣਾ ਦਿੰਦੀ ਹੈ ਪਰ ਗੁਰੂ ਦੇ ਦੱਸੇ ਰਾਹ ’ਤੇ ਤੁਰਿਆ ਕੋਈ ਵਿਰਲਾ ਹੀ ਪ੍ਰਮਾਤਮਾ ਦੀ ਆਰਤੀ ਦਾ ਰਹੱਸ ਸਮਝਦਾ ਹੈ; ਜਿਵੇਂ ਕਿ ਭਗਤ ਕਬੀਰ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਤਤੁ ਤੇਲੁ ਨਾਮੁ ਕੀਆ ਬਾਤੀ; ਦੀਪਕੁ ਦੇਹ ਉਜੵਾਰਾ ॥  ਜੋਤਿ ਲਾਇ ਜਗਦੀਸ ਜਗਾਇਆ; ਬੂਝੈ ਬੂਝਨਹਾਰਾ ॥’’ (ਪ੍ਰਭਾਤੀ/ਭਗਤ ਕਬੀਰ ਜੀ/੧੩੫੦)

ਗੁਰੂ ਦੇ ਸਨਮੁਖ ਹੋ ਕੇ ਕਮਾਈ ਕਰਨ ਵਾਲੇ ਗੁਰਮੁਖ (ਭਾਵ ਆਪਣੇ ਅੰਦਰ ਗੁਰੂ ਦੀ ਬਾਣੀ ਰੂਪ ਜੋਤਿ ਜਗਾਉਣ ਵਾਲ਼ੇ) ਅਤੇ ਆਪਣੇ ਮਨ ਦੇ ਪਿੱਛੇ ਤੁਰ ਕੇ ਬਾਹਰੀ ਕਰਮਕਾਂਡ; ਜਿਵੇਂ ਕਿ ਜੋਤਾਂ ਜਗਾਉਣਾ, ਗੁਰੂ ਘਰ ਦੇ ਫ਼ਰਸ਼ ਨੂੰ ਦੁੱਧ ਨਾਲ਼ ਧੌਣਾ ਆਦਿ ਭਾਵ ਕਿ ਕੂੜ ਦਾ ਵਪਾਰ ਕਰਨ ਵਾਲੇ ਮਨਮੁਖ ਦੀ ਤੁਲਨਾ ਕਰਦਿਆਂ ਹੋਇਆਂ ਗੁਰੂ ਜੀ ਬਚਨ ਕਰਦੇ ਹਨ : ‘‘ਸਚਾ ਸਤਿਗੁਰੁ ਸੇਵਿ; ਸਚੁ ਸਮ੍ਾਲਿਆ॥ ਅੰਤਿ ਖਲੋਆ ਆਇ; ਜਿ ਸਤਿਗੁਰ ਅਗੈ ਘਾਲਿਆ॥ ਪੋਹਿ ਨ ਸਕੈ ਜਮਕਾਲੁ; ਸਚਾ ਰਖਵਾਲਿਆ॥ ਗੁਰ ਸਾਖੀ ਜੋਤਿ ਜਗਾਇ; ਦੀਵਾ ਬਾਲਿਆ॥ ਮਨਮੁਖ ਵਿਣੁ ਨਾਵੈ ਕੂੜਿਆਰ; ਫਿਰਹਿ ਬੇਤਾਲਿਆ॥ ਪਸੂ, ਮਾਣਸ ਚੰਮਿ ਪਲੇਟੇ; ਅੰਦਰਹੁ ਕਾਲਿਆ॥’’ (ਮ : ੫/੧੨੮੪) ਜੇ ਗੁਰੂ ਸਾਹਿਬ ਜੀ ਦੇ ਇਹ ਬਚਨ ਦਿਲ ਨੂੰ ਟੁੰਬਦੇ ਹਨ ! ਤਾਂ ਆਓ ਫਿਰ ਆਪਣਾ ਨਿਆਰਾਪਨ ਕਾਇਮ ਰੱਖਦਿਆਂ ਹੋਇਆਂ ਆਪਣੇ ਘਰਾਂ ਤੇ ਗੁਰਦੁਆਰਿਆਂ ’ਚ ਜੋਤਾਂ ਜਗਾਉਣ ਤੋਂ ਤੋਬਾ ਕਰੀਏ ਤੇ ਗੁਰੂ ਦੇ ਪਿਆਰੇ, ਮਿੱਠੇ ਸ਼ਬਦ ਦੀ ਰਾਹੀਂ ਆਪਣੇ ਅੰਦਰ ਰੱਬੀ ਜੋਤ ਜਗਾਈਏ : ‘‘ਦਿਨੁ ਰੈਣਿ ਘੜੀ ਨ ਚਸਾ ਵਿਸਰੈ; ਸਾਸਿ ਸਾਸਿ ਨਿਰੰਜਨੋ॥ ਸਬਦਿ ਜੋਤਿ ਜਗਾਇ ਦੀਪਕੁ; ਨਾਨਕਾ ਭਉ ਭੰਜਨੋ॥’’ (ਬਿਲਾਵਲ/ਮ : ੧/੮੪੩)

(27). ਝੂਠ ਬੋਲਣਾ : ਸਾਨੂੰ ਸਾਰਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਝੂਠ ਬੋਲਣਾ ਪਾਪ ਹੈ।  ਗੁਰਮਤਿ ਵੀ ਮਨੁੱਖ ਨੂੰ ਕੇਵਲ ਸੱਚ ਹੀ ਬੋਲਣ ਦਾ ਉਪਦੇਸ਼ ਤੇ ਗੁਰੂ ਵੱਲੋਂ ਦੱਸੇ ਰਸਤੇ ’ਤੇ ਮੁਰੀਦਾਂ ਵਾਂਗ ਤੁਰਨ ਦੀ ਪ੍ਰੇਰਣਾ ਕਰਦੀ ਹੈ : ‘‘ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ, ਮੁਰੀਦਾ ਜੋਲੀਐ॥’’ (ਭਗਤ ਫਰੀਦ ਜੀ/੪੮੮), ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ਜਿਸ ਮਨੁੱਖ ਦੇ ਅੰਦਰ ਝੂਠ ਤੇ ਲੋਭ ਦਾ ਜ਼ੋਰ ਹੋਵੇ, ਉੱਥੇ ਧਰਮ ਦੀ ਥਾਂ ਪਾਪ ਤੇ ਆਤਮਕ ਮੌਤ ਦਾ ਹੋਣਾ ਯਕੀਨੀ ਹੈ : ‘‘ਕਬੀਰਾ ਜਹਾ ਗਿਆਨੁ, ਤਹ ਧਰਮੁ ਹੈ; ਜਹਾ ਝੂਠੁ, ਤਹ ਪਾਪੁ ॥ ਜਹਾ ਲੋਭੁ, ਤਹ ਕਾਲੁ ਹੈ; ਜਹਾ ਖਿਮਾ, ਤਹ ਆਪਿ ॥’’ (ਭਗਤ ਕਬੀਰ ਜੀ/੧੩੭੨)

ਮਾਇਆ ਦੇ ਲਾਲਚ ਕਾਰਨ ਮਨੁੱਖ ਅਕਸਰ ਭੈੜੇ ਕਰਮ ਕਰਦਾ ਹੈ ਤੇ ਝੂਠ ਬੋਲ-ਬੋਲ ਕੇ ਦੁੱਖ ਸਹਿੰਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਅੰਤਰਿ ਲੋਭੁ; ਮਨਿ ਮੈਲੈ, ਮਲੁ ਲਾਏ॥ ਮੈਲੇ ਕਰਮ ਕਰੇ, ਦੁਖੁ ਪਾਏ ॥ ਕੂੜੋ ਕੂੜੁ ਕਰੇ ਵਾਪਾਰਾ; ਕੂੜੁ ਬੋਲਿ ਦੁਖੁ ਪਾਇਦਾ॥’’ (ਮਾਰੂ/ਮ : ੩/੧੦੬੨), ਪਰ ਆਜੀਵਕਾ ਦੀ ਖ਼ਾਤਰ ਝੂਠ ਬੋਲਣ (ਝੂਠੁ ਨ ਬੋਲਿ ਪਾਡੇ ! ਸਚੁ ਕਹੀਐ॥ ਮ : ੧/੯੦੪) ਦੀ ਬਜਾਇ ਗੁਰਮਤਿ ਕੇਵਲ ਭਲੇ ਕਰਮ ਹੀ ਪ੍ਰਵਾਨ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਇਹੀ ਸਿੱਖਿਆ ਦੇ ਰਹੇ ਹਨ ਕਿ ਸਿਰਫ਼ ਕੀਤੀ ਹੋਈ ਨੇਕ ਕਮਾਈ ਹੀ ਸਾਡੇ ਨਾਲ਼ ਨਿਭੇਗੀ : ‘‘ਲਬੁ ਲੋਭੁ ਮੁਚੁ ਕੂੜੁ ਕਮਾਵਹਿ; ਬਹੁਤੁ ਉਠਾਵਹਿ ਭਾਰੋ ॥ ਤੂੰ ਕਾਇਆ ! ਮੈ ਰੁਲਦੀ ਦੇਖੀ; ਜਿਉ ਧਰ ਉਪਰਿ ਛਾਰੋ ॥ ਸੁਣਿ ਸੁਣਿ ਸਿਖ ਹਮਾਰੀ ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ! ਬਹੁੜਿ ਨ ਆਵੈ ਵਾਰੀ ॥’’ (ਗਉੜੀ ਚੇਤੀ/ਮ : ੧/੧੫੪-੧੫੫)

ਮਾਲਕ ਦੇ ਦਰਬਾਰ ’ਚ ਕੂੜ ਦੀ ਰਾਹੀਂ ਕਦੀ ਵੀ ਨਹੀਂ ਪਹੁੰਚਿਆ ਜਾ ਸਕਦਾ; ਇਹ ਮੰਜ਼ਲ ਵੀ ਸੱਚੇ ਸ਼ਬਦ ਦੀ ਰਾਹੀਂ ਰੱਬ ਦਾ ਨਾਮ ਸੁਣ ਸਮਝ ਕੇ ਅਤੇ ਸੱਚ ਬੋਲਿਆਂ ਹੀ ਪ੍ਰਾਪਤ ਹੁੰਦੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਚੈ ਦੈ ਦੀਬਾਣਿ, ਕੂੜਿ ਨ ਜਾਈਐ ॥ ਝੂਠੋ ਝੂਠੁ ਵਖਾਣਿ, ਸੁ ਮਹਲੁ ਖੁਆਈਐ॥ ਸਚੈ ਸਬਦਿ ਨੀਸਾਣਿ, ਠਾਕ ਨ ਪਾਈਐ॥ ਸਚੁ ਸੁਣਿ ਬੁਝਿ ਵਖਾਣਿ, ਮਹਲਿ ਬੁਲਾਈਐ॥’’ (ਮ : ੨/੧੪੬) ਇਸ ਲਈ ਆਓ, ਅਰਦਾਸ ਕਰੀਏ ਕਿ ਹੇ ਮਾਲਕ ! ਤੂੰ ਕ੍ਰਿਪਾ ਕਰ ਤੇ ਸਾਨੂੰ ਆਪ ਹੀ ਝੂਠ ਆਦਿਕ ਵਿਕਾਰਾਂ ਤੋਂ ਬਚਾ ਕੇ, ਆਪਣੀ ਸ਼ਰਨ ’ਚ ਆਉਣ ਦਾ ਬਲ ਬਖ਼ਸ਼ : ‘‘ਕਾਮ, ਕ੍ਰੋਧ, ਲੋਭ, ਝੂਠ, ਨਿੰਦਾ; ਇਨ ਤੇ ਆਪਿ ਛਡਾਵਹੁ ॥ ਇਹ ਭੀਤਰ ਤੇ ਇਨ ਕਉ ਡਾਰਹੁ; ਆਪਨ ਨਿਕਟਿ ਬੁਲਾਵਹੁ ॥’’ (ਸੋਰਠਿ/ਮ : ੫/੬੧੭)

(28). ਤੀਰਥ ਯਾਤਰਾ : ‘‘ਤੀਰਥਿ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ, ਕਿ ਨਾਇ ਕਰੀ ? ॥’’ ਵਰਗੇ ਬਚਨਾਂ ਦੁਆਰਾ ਗੁਰੂ ਨਾਨਕ ਪਾਤਸ਼ਾਹ ਨੇ ‘ਜਪੁ’ ਬਾਣੀ ਵਿੱਚ ਤੀਰਥਾਂ ਦੇ ਇਸ਼ਨਾਨ ਨਾਲ਼ ਸਰੀਰਕ ਪਵਿੱਤਰਤਾ ਨੂੰ ਹੀ ਧਰਮ ਮੰਨਣ ਵਾਲ਼ਿਆਂ ਲਈ ਇੱਕ ਲਾਜਵਾਬ ਸਵਾਲ ਖੜ੍ਹਾ ਕੀਤਾ ਕਿ ਅਜਿਹੇ ਇਸ਼ਨਾਨ ਕਰ ਕੇ ਮੈਂ ਕੀ ਕਰਾਂ ? ਜਿਸ ਨਾਲ਼ ਮਾਲਕ ਹੀ ਖੁਸ਼ ਨਹੀਂ ਹੁੰਦਾ। ਅਗਲੀ ਤੁਕ ਰਾਹੀਂ ਉਪਦੇਸ਼ ਵੀ ਦਿੰਦੇ ਹਨ ਕਿ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿੰਨੀ ਵੀ ਸ੍ਰਿਸ਼ਟੀ ਮੈਂ ਵੇਖਦਾ ਹਾਂ, ਇਸ ਵਿੱਚ ਮਾਲਕ ਦੀ ਕ੍ਰਿਪਾ ਤੋਂ ਬਿਨਾਂ ਕਿਸੇ ਨੂੰ ਵੀ ਕੁਝ ਨਹੀਂ ਮਿਲਦਾ ‘‘ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ, ਕਿ ਮਿਲੈ ਲਈ ?॥’’; ਸੋ ‘ਤੀਰਥ, ਤਪ’ ਆਦਿ ਦੀ ਗੁਰਮਤਿ ’ਚ ਕੋਈ ਮਹੱਤਤਾ ਨਹੀਂ ਹੈ, ਪਰ ਜਿਹੜਾ ਪ੍ਰਾਣੀ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨਦਾ ਹੈ ਤੇ ਮਨ ’ਤੇ ਵਿਕਾਰਾਂ ਦੀ ਚੜ੍ਹੀ ਮੈਲ ਨੂੰ ਧੋਂਦਾ ਹੈ (ਆਪਣੀ ਪੜਚੋਲ ਕਰਦਾ ਹੈ) ਉਸ ਨੇ ਸਮਝੋ ਕਿ ਆਪਣੇ ਅੰਦਰਲੇ ਤੀਰਥ ’ਤੇ ਇਸ਼ਨਾਨ ਕਰ ਲਿਆ ਹੈ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹਨ : ‘‘ਸੁਣਿਆ, ਮੰਨਿਆ; ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ, ਮਲਿ ਨਾਉ॥ (ਜਪੁ/ਮ : ੧/੫), ਸਚੁ ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ ਕਰੇ ਨਿਵਾਸੁ॥’’ (ਆਸਾ ਕੀ ਵਾਰ/ਮ : ੧/੪੬੮) ਗੁਰਮਤਿ ਅਨੁਸਾਰ ਸਾਧਕ ਦਾ ਅਜਿਹਾ ਇਸ਼ਨਾਨ ਹੀ ਧਰਮ ਨਾਲ਼ ਸਿੱਧਾ ਸੰਬੰਧ ਬਣਾਉਣ ’ਚ ਸਹਾਈ ਹੁੰਦਾ ਹੈ, ਨਾ ਕਿ ਕੇਵਲ ਸਰੀਰਕ ਮੈਲ਼ ਧੋਣਾ; ਜਿਵੇਂ ਕਿ ਭਗਤ ਕਬੀਰ ਜੀ ਬਚਨ ਕਰਦੇ ਹਨ : ‘‘ਅੰਤਰਿ ਮੈਲੁ, ਜੇ ਤੀਰਥ ਨਾਵੈ; ਤਿਸੁ ਬੈਕੁੰਠ ਨ ਜਾਨਾਂ॥ ਲੋਕ ਪਤੀਣੇ ਕਛੂ ਨ ਹੋਵੈ; ਨਾਹੀ ਰਾਮੁ ਅਯਾਨਾ ॥… ਜਲ ਕੈ ਮਜਨਿ, ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ॥’’ (ਆਸਾ/ਭਗਤ ਕਬੀਰ ਜੀ/੪੮੪)

ਯਕੀਨਨ ! ਗੁਰੂ ਸਮਾਨ ਕੋਈ ਤੀਰਥ ਨਹੀਂ ਹੈ, ਇਸ ਲਈ ਆਓ ! ਹੇਠਲੇ ਗੁਰ ਵਾਕਾਂ ਨੂੰ ਆਪਣੇ ਹਿਰਦਿਆਂ ’ਤੇ ਅੰਕਿਤ ਕਰੀਏ ਤਾਂ ਕਿ ਗੁਰ ਸ਼ਬਦ ਰਾਹੀਂ ਅੰਦਰਲਾ ਇਸ਼ਨਾਨ ਕਰ ਕੇ, ਅਸੀਂ ਆਪਣੇ ਸੁੱਤੇ ਹੋਏ ਮਨ ਨੂੰ ਜਗਾ ਸਕੀਏ : ‘‘ਤੀਰਥਿ ਨਾਵਣ ਜਾਉ; ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥ (ਧਨਾਸਰੀ/ਮ : ੧/੬੮੭), ਸੰਤ ਜਨਹੁ ! ਸੁਣਿ ਭਾਈਹੋ ! ਛੂਟਨੁ ਸਾਚੈ ਨਾਇ॥ ਗੁਰ ਕੇ ਚਰਣ ਸਰੇਵਣੇ; ਤੀਰਥ ਹਰਿ ਕਾ ਨਾਉ ॥ (ਸਿਰੀਰਾਗੁ/ਮ : ੫/੫੩), ਸਚੁ ਤੀਰਥਿ ਨਾਵਹੁ, ਹਰਿ ਗੁਣ ਗਾਵਹੁ ॥ ਤਤੁ ਵੀਚਾਰਹੁ, ਹਰਿ ਲਿਵ ਲਾਵਹੁ ॥’’ (ਮਾਰੂ/ਮ : ੧/੧੦੩੧)

(29). ਥਿੱਤ ਵਾਰ :  ਇਸ ਨੁਕਤੇ ਨੂੰ ਸਮਝਾਉਂਦਿਆਂ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ : ‘‘ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ,  ਦੂਜਾ ਦੋਇ ॥ ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥’’ (ਮ : ੩/੮੪੩) ਭਾਵ ਗੁਰੂ ਦਾ ਆਸਰਾ ਛੱਡ ਕੇ ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਉਂਦੇ ਹਨ ਤੇ ਇਹ ਥਿੱਤ ਵਾਰ ਮਨਾਉਣੇ ਹੀ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਨ ਬਣਦੇ ਹਨ। ਗੁਰੂ ਜੀ ਇਸੇ ਨੁਕਤੇ ’ਤੇ ਹੀ ਅਗਾਂਹ ਹੋਰ ਉਪਦੇਸ਼ ਕਰਦਿਆਂ ਸਾਨੂੰ ਦ੍ਰਿੜ੍ਹ ਕਰਵਾਉਂਦੇ ਹਨ ਕਿ ਗੁਰੂ ਦਾ ਸ਼ਬਦ ਹੀ ਅਟੱਲ ਰਹਿਣ ਵਾਲਾ ਸਾਥੀ ਹੈ। ਇਹ ਥਿੱਤ ਵਾਰ ਤਾਂ ਆਉਂਦੇ ਅਤੇ ਲੰਘ ਜਾਂਦੇ ਹਨ। ਇਹ ਸਭ ਵੀ ਤਾਂ ਹੀ ਸੋਹਣਾ ਤੇ ਭਲਾ ਹੈ ਜੇਕਰ ਮਨੁੱਖ ਗੁਰੂ ਦੇ ਸ਼ਬਦ ਨਾਲ਼ ਜੁੜਿਆ ਰਹੇ। ਪੂਰਨ ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ, ਉਹ ਹੀ ਹੁੰਦਾ ਹੈ।  ਸੋ, ਮਨੁੱਖ ਨੂੰ ਸਦਾ ਥਿਰ ਪ੍ਰਮਾਤਮਾ ਦੇ ਪ੍ਰੇਮ ਪਿਆਰ ’ਚ ਰੱਤਿਆਂ ਰਹਿਣਾ ਚਾਹੀਦਾ ਹੈ : ‘‘ਥਿਤੀ ਵਾਰ, ਸਭਿ ਸਬਦਿ ਸੁਹਾਏ ॥ ਸਤਿਗੁਰੁ ਸੇਵੇ, ਤਾ ਫਲੁ ਪਾਏ ॥ ਥਿਤੀ ਵਾਰ, ਸਭਿ ਆਵਹਿ ਜਾਹਿ ॥ ਗੁਰ ਸਬਦੁ ਨਿਹਚਲੁ, ਸਦਾ ਸਚਿ ਸਮਾਹਿ ॥ ਥਿਤੀ ਵਾਰ ਤਾ, ਜਾ ਸਚਿ ਰਾਤੇ ॥ ਬਿਨੁ ਨਾਵੈ, ਸਭਿ ਭਰਮਹਿ ਕਾਚੇ ॥’’ (ਬਿਲਾਵਲੁ/ਮ : ੩/੮੪੨)

(30). ਦੇਵੀ ਦੇਵਤੇ :  ਇਸ ਨੁਕਤੇ ਨੂੰ ਵਿਚਾਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਵੱਲੋਂ ਦੇਵੀ ਦੇਵਤਿਆਂ ਦੀ ਪੂਜਾ ਹੀ ਅੱਜ ਸਾਡੇ ਨਿਘਾਰ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ। ‘ਜਪੁ’ ਬਾਣੀ ਅੰਦਰ ਹੀ ਗੁਰੂ ਸਾਹਿਬ ਜੀ ਨੇ ਨਿਤਾਰਾ ਕਰ ਦਿੱਤਾ ਸੀ ਕਿ ਸਿੱਖ ਲਈ ਕੇਵਲ ਗੁਰੂ ਹੀ ਸਭ ਕੁਝ ਹੈ : ‘‘ਗੁਰੁ ਈਸਰੁ, ਗੁਰੁ ਗੋਰਖੁ, ਬਰਮਾ ਗੁਰੁ; ਪਾਰਬਤੀ ਮਾਈ ॥’’ ਮਾਰੂ ਰਾਗ ’ਚ ਵੀ ਫ਼ੁਰਮਾਉਂਦੇ ਹਨ : ‘‘ਈਸਰੁ, ਬ੍ਰਹਮਾ, ਦੇਵੀ, ਦੇਵਾ ॥ ਇੰਦ੍ਰ, ਤਪੇ, ਮੁਨਿ, ਤੇਰੀ ਸੇਵਾ॥’’ (ਮਾਰੂ/ਮ : ੧/੧੦੩੪) ਭਾਵ ਕਿ ਇਹ ਦੇਵੀ ਦੇਵਤੇ ਅਕਾਲ ਪੁਰਖ ਦੀ ਸੇਵਾ, ਚਾਕਰੀ ਹੀ ਕਰਦੇ ਹਨ। ਅਸਲ ਭਾਵ ਕਿ ਦੇਵੀ ਦੇਵਤਿਆਂ (ਕਿਸੇ ਵਿਚੋਲੇ) ਦੀ ਪੂਜਾ ਦਾ ਕੋਈ ਫ਼ਾਇਦਾ ਨਹੀਂ ਹੈ। ਇਨ੍ਹਾਂ ਗੁਰ ਉਪਦੇਸ਼ਾਂ ਤੋਂ ਉਲਟ ਕਰਮ ਕਰਨ ਵਾਲ਼ਿਆਂ ਦੀ ਦਸ਼ਾ ਨੂੰ ਭਗਤ ਕਬੀਰ ਜੀ ਬਹੁਤ ਬਾਖ਼ੂਬੀ ਬਿਆਨ ਕਰਦੇ ਹਨ : ‘‘ਦੇਵੀ ਦੇਵਾ ਪੂਜਹਿ ਡੋਲਹਿ; ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ, ਅਕੁਲੁ ਨਹੀ ਚੇਤਿਆ; ਬਿਖਿਆ ਸਿਉ ਲਪਟਾਨਾ ॥’’ (ਭਗਤ ਕਬੀਰ ਜੀ/੩੩੨)

ਅਸਲ ਵਿੱਚ ਮਨੁੱਖ ਦੀ ਸੁੱਖਾਂ ਪ੍ਰਤੀ ਲਾਲਸਾ ਤੇ ਦੁੱਖਾਂ ਤੋਂ ਡਰ ਦੇ ਜਜ਼ਬੇ ਨੇ ਹੀ ਸ਼ਾਸਤ੍ਰਾਂ ਰਾਹੀਂ ਕਰਮਕਾਂਡਾਂ ਨੂੰ ਜਨਮ ਦਿੱਤਾ ਭਾਵ ਕਿ ਇਹ ਮਾਇਆ ਹੀ ਦੇਵੀ ਦੇਵਤੇ ਰਚੇ ਜਾਣ ਦਾ ਕਾਰਨ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਦੇਵੀ ਦੇਵਾ, ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ, ਜਿੰਨਿ ਉਪਾਇਆ॥’’ (ਮਾਝ/ਮ : ੩/੧੨੯) ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੮੭੪ ਤੇ ਗੋਂਡ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ : ‘‘ਭੈਰਉ ਭੂਤ, ਸੀਤਲਾ ਧਾਵੈ ॥ ਖਰ ਬਾਹਨੁ, ਉਹੁ ਛਾਰੁ ਉਡਾਵੈ॥’’ ਹੈ, ਜੋ ਇੱਕ ਨਿਵੇਕਲੇ ਅੰਦਾਜ਼ ’ਚ ਮਨੁੱਖਤਾ ਨੂੰ ਭੈਰਉ, ਸ਼ਿਵ, ਮਹਾਂ ਮਾਈ ਆਦਿਕ ਦੀ ਪੂਜਾ ਤੋਂ ਵਰਜਦਾ ਹੈ ਤੇ ਇੱਕ ਅਕਾਲ ਪੁਰਖ ’ਤੇ ਟੇਕ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਗੁਰਮਤਿ ਰਾਹੀਂ ਨਿਰਣਾ ਕਰਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਦੇਵੀ ਦੇਵਾ ਪੂਜੀਐ ਭਾਈ ! ਕਿਆ ਮਾਗਉ ?  ਕਿਆ ਦੇਹਿ ?॥ ਪਾਹਣੁ ਨੀਰਿ ਪਖਾਲੀਐ ਭਾਈ ! ਜਲ ਮਹਿ ਬੂਡਹਿ ਤੇਹਿ ॥ ਗੁਰ ਬਿਨੁ, ਅਲਖੁ ਨ ਲਖੀਐ ਭਾਈ ! ਜਗੁ ਬੂਡੈ ਪਤਿ ਖੋਇ॥ ਮੇਰੇ ਠਾਕੁਰ ਹਾਥਿ ਵਡਾਈਆ ਭਾਈ ! ਜੈ ਭਾਵੈ, ਤੈ ਦੇਇ ॥ (ਸੋਰਠਿ/ਮ : ੧/੬੩੭), ਮਾਇਆ ਮੋਹੇ, ਦੇਵੀ ਸਭਿ ਦੇਵਾ ॥ ਕਾਲੁ ਨ ਛੋਡੈ, ਬਿਨੁ ਗੁਰ ਕੀ ਸੇਵਾ॥’’ (ਗਉੜੀ/ਮ : ੧/੨੨੭)

ਯਾਦ ਰੱਖੀਏ ਕਿ ਦੇਵੀ, ਦੇਵਤੇ (ਮਨ ਘੜਤ ਜਾਂ ਅਸਲ) ਸੁਰ ਆਦਿ ਵੀ ਮਨੁੱਖਾ ਸਰੀਰ ਨੂੰ ਲੋਚਦੇ ਹਨ ਤਾਂ ਕਿ ਗੁਰੂ ਦੀ ਸੇਵਾ ਰਾਹੀਂ ਬੰਦਗੀ ਦੀ ਕਮਾਈ ਕੀਤੀ ਜਾ ਸਕੇ : ‘‘ਇਸ ਦੇਹੀ ਕਉ ਸਿਮਰਹਿ, ਦੇਵ॥ ਸੋ ਦੇਹੀ, ਭਜੁ ਹਰਿ ਕੀ ਸੇਵ॥’’ (ਭੈਰਉ/ਭਗਤ ਕਬੀਰ ਜੀ/੧੧੫੯) ਸੋ, ਇਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਅਸੀਂ ਦੇਵਤਿਆਂ ਦੇ ਮੁਕਾਬਲੇ ਪਹਿਲਾਂ ਹੀ ਖੁਸ਼ਕਿਸਮਤ ਹਾਂ ਪਰ ਇੱਕ ਗੁਰਸਿੱਖ ਹੋਰ ਵੀ ਵਡਭਾਗੀ ਹੋ ਨਿਬੜਦਾ ਹੈ ਕਿਉਂਕਿ ਉਸ ਨੂੰ ਮਨੁੱਖਾ ਜਨਮ ਦੇ ਨਾਲ਼, ਗੁਰੂ ਅਤੇ ਗੁਰੂ ਦੀ ਬਾਣੀ ਦੀ ਦਾਤ ਵੀ ਨਸੀਬ ਹੁੰਦੀ ਹੈ। ਪੂਰਨ ਗੁਰੂ ਸਾਨੂੰ ਆਪਣੇ ਉਪਦੇਸ਼ ਰਾਹੀਂ ਸੋਝੀ ਦੇ ਰਿਹਾ ਹੈ ਕਿ ਮਨੁੱਖ ਸਣੇ ਸਾਰੇ ਦੇਵੀ ਦੇਵਤੇ ਅਤੇ ਸੁਰਗੀ ਜੀਵ ਵੀ ਮਾਇਆ ਪਿੱਛੇ ਭਟਕ ਕੇ ਖ਼ੁਆਰ ਹੋ ਰਹੇ ਹਨ, ਇਸ ਲਈ ਕੇਵਲ ਗੁਰੂ ਦੀ ਸ਼ਰਨ ਪੈਣਾ ਤੇ ਮਾਲਕ ਦੀ ਟੇਕ ਰੱਖਣਾ ਹੀ ਸਭ ਤੋਂ ਉੱਤਮ ਜੀਵਨ ਜਾਚ ਹੈ। ਗੁਰੂ ਵਾਕ ਹਨ : ‘‘ਭਰਮੇ ਸੁਰਿ ਨਰ, ਦੇਵੀ ਦੇਵਾ ॥ ਭਰਮੇ ਸਿਧ ਸਾਧਿਕ, ਬ੍ਰਹਮੇਵਾ ॥ ਭਰਮਿ ਭਰਮਿ, ਮਾਨੁਖ ਡਹਕਾਏ ॥ ਦੁਤਰ, ਮਹਾ ਬਿਖਮ ਇਹ ਮਾਏ ॥ ਗੁਰਮੁਖਿ, ਭ੍ਰਮ ਭੈ ਮੋਹ ਮਿਟਾਇਆ ॥ ਨਾਨਕ !  ਤੇਹ ਪਰਮ ਸੁਖ ਪਾਇਆ ॥ (ਮ : ੫/੨੫੮), ਸੰਕਰਾ ਨਹੀ ਜਾਨਹਿ, ਭੇਵ ॥ ਖੋਜਤ ਹਾਰੇ, ਦੇਵ ॥ ਦੇਵੀਆ ਨਹੀ ਜਾਨੈ, ਮਰਮ ॥ ਸਭ ਊਪਰਿ, ਅਲਖ ਪਾਰਬ੍ਰਹਮ॥’’ (ਰਾਮਕਲੀ/ਮ : ੫/੮੯੪)

ਗੁਰ ਉਪਦੇਸ਼ ਨੂੰ ਯਾਦ ਰੱਖੀਏ ਕਿ ਇੱਕ ਅਕਾਲ ਪੁਰਖ ਦਾ ਸਿਮਰਨ ਕਰ ਕੇ, ਸਿਰਫ਼ ਉਸੇ ਪਾਸੋਂ ਹੀ ਮੰਗਣਾ ਚਾਹੀਦਾ ਹੈ। ਕਿਸੇ ਹੋਰ ਕੋਲ਼ੋਂ ਮੰਗਣ ਨਾਲ਼ੋਂ ਤਾਂ ਸ਼ਰਮ ਨਾਲ਼ ਮਰ ਜਾਣਾ ਹੀ ਬਿਹਤਰ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਹਰਿ ਇਕੋ ਦਾਤਾ ਸੇਵੀਐ; ਹਰਿ ਇਕੁ ਧਿਆਈਐ ॥ ਹਰਿ ਇਕੋ ਦਾਤਾ ਮੰਗੀਐ; ਮਨ ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ; ਤਾ ਲਾਜ ਮਰਾਈਐ ॥’’ (ਮ : ੧/੫੯੦)

(31). ਦਾਜ : ਗੁਰਮਤਿ; ਮਨੁੱਖ ਨੂੰ ਹੱਕ ਦੀ ਕਮਾਈ ਕਰ ਕੇ ਖਾਣ ਦਾ ਉਪਦੇਸ਼ ਦਿੰਦੀ ਹੈ, ਜੋ ਕਿ ਦਿਲਾਂ ’ਚੋਂ ਵਿਕਾਰਾਂ ਦੀ ਮੈਲ਼ ਧੋਣ ’ਚ ਸਹਾਈ ਹੁੰਦੀ ਹੈ। ਪੰਚਮ ਪਾਤਸ਼ਾਹ ਦਾ ਉਪਦੇਸ਼ ਹੈ : ‘‘ਹਕੁ ਹਲਾਲੁ, ਬਖੋਰਹੁ ਖਾਣਾ ॥ ਦਿਲ ਦਰੀਆਉ, ਧੋਵਹੁ ਮੈਲਾਣਾ ॥’’ (ਮਾਰੂ ਸੋਲਹੇ/ਮ : ੫/੧੦੮੪), ਪਰ ਅੱਜ ਅਸੀਂ ਗੁਰ ਉਪਦੇਸ਼ ਨੂੰ ਵਿਸਾਰ ਦਿੱਤਾ ਹੈ ਤੇ ਆਪਣੇ ਦਿਲਾਂ ਨੂੰ ਦਰਿਆ ਬਣਾਉਣ ਦਾ ਯਤਨ ਕਰਨ ਤੇ ਵਿਕਾਰਾਂ ਦੀ ਮੈਲ਼ ਧੋਣ ਦੀ ਬਜਾਇ ਬਾਹਰੀ ਵਿਖਾਵਿਆਂ ਦੀ ਘਾਤਕ ਦੋੜ ’ਚ ਸ਼ਾਮਲ ਹੋ ਗਏ ਹਾਂ। ਦਾਜ ਲੈਣਾ ਜਾਂ ਦੇਣਾ, ਦਰਿਆ ਦਿਲੀ ਦੀ ਬਜਾਇ ਸਾਡੀ ਚੰਦਰੀ ਨੀਅਤ ਨੂੰ ਉਜਾਗਰ ਕਰਦਾ ਹੈ ਤੇ ਮਨ ਦੇ ਅਹੰਕਾਰ ’ਚ ਵਾਧਾ ਕਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰ ਕੇ ਦਾਜ ਦਾ ਦਿਖਾਵਾ ਕਰਨ ਵਾਲੇ ਅਤੇ ਦਾਜ ਦੇ ਲੋਭ ਦੀ ਦਲਦਲ ’ਚ ਧਸਣ ਵਾਲ਼ੇ ਲੋਭੀਆਂ ਦਾ ਪਾਜ ਉਘੇੜਦੇ ਹੋਏ, ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ : ‘‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ॥’’ (ਸਿਰੀਰਾਗੁ/ਮ : ੪/੭੯) ਸਾਨੂੰ ਇਹ ਸਮਝਣਾ ਹੀ ਪੈਣਾ ਹੈ ਕਿ ਮਾਇਆ ਦੇ ਮੋਹ ’ਚ ਫਸੇ ਰਹਿਣ ਨਾਲ਼ ਕਦੀ ਵੀ ਬਰਕਤ ਨਹੀਂ ਹੋ ਸਕਦੀ ਤੇ ਹਰ ਵੇਲ਼ੇ ਉਮਰ ਸੜਦਿਆਂ ਹੀ ਗੁਜ਼ਰਦੀ ਹੈ; ਜਿਵੇਂ ਕਿ ਗੁਰ ਵਾਕ ਹੈ : ‘‘ਪੰਡਿਤ ! ਦੂਜੈ ਭਾਇ, ਬਰਕਤਿ ਨ ਹੋਵਈ; ਨਾ ਧਨੁ ਪਲੈ ਪਾਇ ॥ ਪੜਿ ਥਕੇ, ਸੰਤੋਖੁ ਨ ਆਇਓ; ਅਨਦਿਨੁ ਜਲਤ ਵਿਹਾਇ॥’’ (ਮ : ੩/੬੪੭)

ਮਨ ਅਤੇ ਨੀਅਤ ਨੂੰ ਸਾਫ਼ ਰੱਖਣਾ ਭਾਵ ਕਿ ਸਬਰ ਸੰਤੋਖ ਤਾਂ ਹੀ ਉਪਜੇਗਾ ਜੇਕਰ ਪਰਾਏ ਧਨ ਦੀ ਆਸ ਛੱਡ ਕੇ, ਗੁਰੂ ਦੀ ਬਾਣੀ ਨੂੰ ਮਨ ’ਚ ਵਸਾਵਾਂਗੇ ਤੇ ਪੂਰੀ ਪ੍ਰਤੀਤ ਨਾਲ਼ ਯਕੀਨ ਕਰਾਂਗੇ ਕਿ ਪੱਥਰਾਂ ’ਚ ਪੈਦਾ ਕੀਤੇ ਜੰਤਾਂ ਨੂੰ ਵੀ ਰਿਜ਼ਕ ਦੀ ਦਾਤ ਦੇਣ ਵਾਲਾ ਦਾਤਾਰ ਪਿਤਾ ਸਭ ਕੁਝ ਸੁਣਦਾ ਤੇ ਵੇਖਦਾ ਹੈ ਤੇ ਸਾਨੂੰ ਹਰੇਕ ਨੂੰ ਬਿਨਾਂ ਮੰਗਿਆ ਹੀ ਬੇਅੰਤ ਦਾਤਾਂ ਦਿੰਦਾ ਹੈ ਭਾਵ ਕਿ ਸਭ ਦੀ ਸਾਰ ਆਪ ਹੀ ਕਰਦਾ ਹੈ : ‘‘ਸੁਣੇ ਦੇਖੇ, ਬਾਝੁ ਕਹਿਐ; ਦਾਨੁ ਅਣਮੰਗਿਆ ਦਿਵੈ ॥ ਦਾਨੁ ਦੇਇ ਦਾਤਾ ਜਗਿ ਬਿਧਾਤਾ; ਨਾਨਕਾ ਸਚੁ ਸੋਈ ॥ ਆਪਿ ਕਰੇ, ਕਿਸੁ ਆਖੀਐ ? ਹੋਰੁ ਕਰੇ ਨ ਕੋਈ ॥’’ (ਸੂਹੀ/ਮ : ੧/੭੬੫-੬੬), ਆਓ, ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤੇ ਗੁਰ ਉਪਦੇਸ਼ ਤਹਿਤ ਪਰਾਏ ਧਨ ਦੀ ਝਾਕ ਰੱਖਣ ਦੀ ਬਜਾਇ ਕੇਵਲ ਪ੍ਰਭੂ ਦੇ ਨਾਮ ਦਾ ਦਾਨ ਹੀ ਮੰਗੀਏ : ‘‘ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥ ਹਰਿ ਕਪੜੋ, ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ॥’’ (ਸਿਰੀਰਾਗੁ/ਮ : ੪/੭੯)

(32). ਦੀਵਾਲੀ : ਦੀਵਾਲੀ ਦੀ ਰਾਤ ਨੂੰ ਸਾਡੇ ਗੁਰੂ ਘਰਾਂ ’ਚ ਅਕਸਰ ਹੀ ਭਾਈ ਗੁਰਦਾਸ ਜੀ ਦੀ ਵਾਰ : ‘‘ਦੀਵਾਲੀ ਦੀ ਰਾਤਿ, ਦੀਵੇ ਬਾਲੀਅਨਿ। ਤਾਰੇ ਜਾਤਿ ਸਨਾਤਿ, ਅੰਬਰਿ ਭਾਲੀਅਨਿ। ਫੁਲਾਂ ਦੀ ਬਾਗਾਤਿ, ਚੁਣਿ ਚੁਣਿ ਚਾਲੀਅਨਿ।’’ (ਵਾਰ ੧੯, ਪਉੜੀ ੬) ਦਾ ਗਾਇਨ  ਕੀਤਾ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਸ ਵਾਰ ’ਚ ਕਈ ਉਦਾਹਰਨਾਂ ਦੇ ਕੇ ਸਮਝਾਇਆ ਹੈ ਕਿ ਇਹ ਸੰਸਾਰ ਕੇਵਲ ਥੋੜ੍ਹੇ ਸਮੇਂ ਦਾ ਮੇਲਾ ਹੈ (ਜਿਵੇਂ ਕਿ ਭਗਤ ਕਬੀਰ ਜੀ ਦਾ ਵੀ ਬਚਨ ਹੈ : ‘‘ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥’’), ਪਰ ਗੁਰਮੁਖਾਂ ਨੂੰ ਸਦੀਵੀ ਆਨੰਦ ਦੀ ਦਾਤ ਮਿਲਦੀ ਹੈ ਕਿਉਂਕਿ ਉਹ ਗੁਰੂ ਦੇ ਸ਼ਬਦ ਨਾਲ਼ ਜੁੜੇ ਰਹਿੰਦੇ ਹਨ। ਧਿਆਨ ਰਹੇ ਕਿ ਭਾਈ ਗੁਰਦਾਸ ਜੀ ਨੇ ਕੇਵਲ ਇੱਕ ਉਦਾਹਰਨ ਵਰਤੀ ਹੈ; ਜਿਵੇਂ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ੇ ਜਾਂਦੇ ਹਨ, ਨਾ ਕਿ ਦੀਵੇ ਬਾਲ਼ਨ ਦੀ ਕੋਈ ਪ੍ਰੋੜ੍ਹਤਾ ਕੀਤੀ ਹੈ, ਪਰ ‘‘ਰੋਟੀਆ ਕਾਰਣਿ ਪੂਰਹਿ ਤਾਲ ॥’’ (ਆਸਾ ਕੀ ਵਾਰ/ਮ: ੧/੪੬੫), ਭਾਵ ਸਾਡੇ ਰਾਗੀ ਸਿੰਘਾਂ ਤੇ ਕਥਾਵਾਚਕਾਂ ਵੱਲੋਂ ਗੁਰਬਾਣੀ ਦੇ ਕੀਤੇ ਜਾ ਰਹੇ ਮਨ ਘੜਤ ਅਰਥ ਤੇ ਅਖੌਤੀ ਗੁਰ ਸਾਖੀਆਂ ਸਦਕਾ ਪਾਈ ਜਾ ਰਹੀ ਦੁਬਿਧਾ ਕਾਰਨ ਅਸੀਂ ਆਪਣੀ ਸੋਚਣ ਤੇ ਨਿਖੇੜਾ ਕਰਨ ਦੀ ਸਮਰੱਥਾ ਲਗਭਗ ਗੁਆ ਚੁੱਕੇ ਹਾਂ। ਸਾਡੀ ਅਗਿਆਨਤਾ ਕਰਕੇ ਹੀ ਬਿਪਰ ਦੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਰਲ਼ਗੱਡ ਕਰਨ ਦੀ ਸੋਚੀ ਸਮਝੀ ਸਾਜ਼ਸ਼ ਕਾਮਯਾਬ ਹੋਈ ਹੈ। ਇਹੀ ਕਾਰਨ ਹੈ ਕਿ ਦਰਬਾਰ ਸਾਹਿਬ (ਅੰਮ੍ਰਿਤਸਰ) ਵਰਗੇ ਅਸਥਾਨ ’ਤੇ ਅੱਜ ਕਰੋੜਾਂ ਰੁਪਈਆਂ ਦੀ ਆਤਿਸ਼ਬਾਜੀ ਤੇ ਵੱਧ ਤੋਂ ਵੱਧ ਦੀਵੇ ਬਾਲ਼ਣ ਦਾ ਦਾਅਵਾ ਕਰ ਕੇ, ਉਲਟੀ ਗੰਗ ਵਹਾਈ ਜਾ ਰਹੀ ਹੈ।

ਗੁਰ ਉਪਦੇਸ਼ ਕੀ ਹੈ ?  ਗੁਰਬਾਣੀ ਮਨੁੱਖ ਨੂੰ ਬਾਹਰੀ ਦੀਵੇ ਜਗਾਉਣ ਦੀ ਬਜਾਇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਜੀਵਨ ’ਚ ਗਿਆਨ ਦਾ ਦੀਵਾ ਜਗਾਉਣ ਦੀ ਪ੍ਰੇਰਣਾ ਕਰਦੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਤਿਗੁਰ ਸਬਦਿ, ਉਜਾਰੋ ਦੀਪਾ॥ ਬਿਨਸਿਓ ਅੰਧਕਾਰ ਤਿਹ ਮੰਦਰਿ; ਰਤਨ ਕੋਠੜੀ ਖੁਲ੍ੀ ਅਨੂਪਾ॥’’ (ਬਿਲਾਵਲ/ਮ : ੫/੮੨੧) ਇਸ ਗੁਰੂ ਸ਼ਬਦ ਨਾਲ਼ ਜੁੜਨ ਸਦਕਾ ਹੀ ਸੰਭਵ ਹੁੰਦਾ ਹੈ ਕਿ ਮਨ ਬਾਹਰੀ ਭਰਮ ਭੁਲੇਖਿਆਂ ’ਚੋਂ ਨਿਕਲ਼ ਕੇ, ਕੇਵਲ ਪ੍ਰਭੂ ਦੇ ਨਾਮ ਨੂੰ (ਨਾਮੈ ਹੀ ਤੇ ਸਭੁ ਕਿਛੁ ਹੋਆ॥) ਆਪਣੇ ਜੀਵਨ ਦਾ ਆਧਾਰ ਮੰਨਦਾ ਹੈ; ਤਾਂ ਹੀ ਭਗਤ ਰਵਿਦਾਸ ਜੀ ਫ਼ੁਰਮਾਉਂਦੇ ਹਨ : ‘‘ਨਾਮੁ ਤੇਰਾ ਦੀਵਾ, ਨਾਮੁ ਤੇਰੋ ਬਾਤੀ; ਨਾਮੁ ਤੇਰੋ ਤੇਲੁ; ਲੇ ਮਾਹਿ ਪਸਾਰੇ॥ ਨਾਮ ਤੇਰੇ ਕੀ ਜੋਤਿ ਲਗਾਈ; ਭਇਓ ਉਜਿਆਰੋ, ਭਵਨ ਸਗਲਾਰੇ॥’’ (ਭਗਤ ਰਵਿਦਾਸ ਜੀ/੬੯੪)

ਸੋ, ਅਸੀਂ ਸਰੀਰ ਅਤੇ ਮਨ ਨੂੰ ਵਿਕਾਰਾਂ ਤੋਂ ਬਚਾ ਕੇ ਆਪਣੀ ਅੰਦਰਲੀ ਰੱਬੀ ਜੋਤਿ ਨੂੰ ਸੰਭਾਲ਼ ਕੇ ਰੱਖਣਾ ਹੈ, ਇੰਞ ਕੀਤਿਆਂ ਸਾਡੇ ਅੰਦਰ ਗਿਆਨ ਦਾ ਦੀਵਾ ਲਗਾਤਾਰ ਬਲ਼ਿਆ ਰਹੇਗਾ : ‘‘ਅੰਤਰਿ ਭਾਹਿ, ਤਿਸੈ ਤੂ ਰਖੁ॥ ਅਹਿਨਿਸਿ, ਦੀਵਾ ਬਲੈ ਅਥਕੁ॥ ਐਸਾ ਦੀਵਾ, ਨੀਰਿ ਤਰਾਇ॥ ਜਿਤੁ ਦੀਵੈ, ਸਭ ਸੋਝੀ ਪਾਇ॥’’ (ਰਾਮਕਲੀ/ਮ : ੧/੮੭੮)

—–ਚਲਦਾ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)