ਭਾਈ ਮਨੀ ਸਿੰਘ ਜੀ ਸਮੇਤ ਉਨ੍ਹਾਂ ਦਾ ਸ਼ਹੀਦ ਵੰਸ਼ਜ ਵੇਰਵਾ
ਗਿਆਨੀ ਅਵਤਾਰ ਸਿੰਘ
ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈਸਵੀ ਨੂੰ ਅਲੀਪੁਰ ਉੱਤਰੀ ਜ਼ਿਲ੍ਹਾ ਮੁਜ਼ੱਫਰਗੜ੍ਹ (ਪਾਕਿਸਤਾਨ) ਵਿਖੇ ਪਿਤਾ ਮਾਈ ਦਾਸ ਜੀ ਦੇ ਗ੍ਰਹਿ ਮਾਤਾ ਮਧਰੀ ਬਾਈ ਜੀ ਦੀ ਕੁੱਖੋਂ ਹੋਇਆ। ਭਾਈ ਸਾਹਿਬ ਜੀ 1657 ਈ. (ਉਮਰ 13 ਸਾਲ) ਵਿੱਚ ਆਪਣੇ ਪਿਤਾ ਜੀ ਨਾਲ਼ ਪਹਿਲੀ ਵਾਰ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨਾ ਲਈ ਕੀਰਤਪੁਰ ਸਾਹਿਬ ਆਏ। ਸੰਨ 1659 ਈ. (ਉਮਰ 15 ਸਾਲ) ਵਿੱਚ ਉਨ੍ਹਾਂ ਦਾ ਵਿਆਹ ਲੱਖੀ ਰਾਏ (ਲੱਖੀ ਸ਼ਾਹ ਵਣਜਾਰਾ) ਦੀ ਧੀ ਬੀਬੀ ਸੀਤੋ ਬਾਈ ਜੀ ਨਾਲ ਹੋਇਆ। ਉਹ ਬਾਅਦ ’ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਦਿੱਲੀ ਚਲੇ ਗਏ, ਦੱਸਿਆ ਜਾਂਦਾ ਹੈ ਤੇ ਫਿਰ 1664 ਈ. ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ਼ ਦਿੱਲੀਓਂ ਬਾਬਾ ਬਕਾਲੇ ਪਹੁੰਚੇ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਵਾਲੇ ਸਾਲ (ਸੰਨ 1675) ਤੋਂ ਬਾਅਦ ਭਾਈ ਸਾਹਿਬ; ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੋਲ਼ ਅਨੰਦਪੁਰ ਸਾਹਿਬ ਵਿਖੇ ਹੀ ਰਹੇ। ਸੰਨ 1678 ਈ. ’ਚ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਵਿਖੇ ‘ਆਦਿ ਬੀੜ’ ਦਾ ਨਵਾਂ ਸਰੂਪ ਤਿਆਰ ਕਰਨ ਲਈ ਭਾਈ ਮਨੀ ਸਿੰਘ ਜੀ ਦੀਆਂ ਸੇਵਾਵਾਂ ਲਈਆਂ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਸੇਵਾਵਾਂ ਲਈਆਂ ਸਨ। ਗੁਰੂ ਅਰਜਨ ਸਾਹਿਬ ਦੁਆਰਾ ਤਿਆਰ ਕੀਤਾ ਗਿਆ ‘ਆਦਿ ਗ੍ਰੰਥ’; ਸੰਨ 1678 ਸਮੇਂ ਬਕਾਲੇ ਧੀਰ ਮੱਲ ਵੰਸ਼ਜ ਕੋਲ਼ ਸੀ।
ਧੀਰ ਮੱਲ ਆਪ ਤਾਂ 16 ਨਵੰਬਰ 1677 ਦੇ ਦਿਨ ਔਰੰਗਜ਼ੇਬ ਦੀ ਕੈਦ ’ਚ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ 24 ਜੁਲਾਈ 1678 ਦੇ ਦਿਨ ਔਰੰਗਜ਼ੇਬ ਨੇ ਚਾਂਦਨੀ ਚੌਕ (ਦਿੱਲੀ) ਵਿੱਚ ਕਤਲ ਕਰਾ ਦਿੱਤਾ ਸੀ। ਰਾਮ ਚੰਦ ਮਗਰੋਂ ਉਸ ਦਾ ਛੋਟਾ ਭਰਾ ਭਾਰ ਮੱਲ ਹੀ ਧੀਰ ਮੱਲ ਦਾ ਵਾਰਸ ਬਣਿਆ। 9 ਅਗਸਤ 1678 ਨੂੰ ਰਾਮ ਚੰਦ ਦੀ ਅੰਤਮ ਅਰਦਾਸ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਜੀ ਨੂੰ ਬਕਾਲੇ ਭੇਜਿਆ। ਭਾਈ ਸਾਹਿਬ ਨੇ ਰਾਮ ਚੰਦ ਦੀ ਅੰਤਮ ਰਸਮ ਪੂਰੀ ਹੋਣ ਮਰਗੋਂ ਗੁਰੂ ਜੀ ਦਾ ਸੰਦੇਸ਼ ਕਿ ਗੁਰੂ ਸਾਹਿਬ ‘ਆਦਿ ਗ੍ਰੰਥ’ ਸਾਹਿਬ ਦਾ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ, ਬਾਰੇ ਭਾਰ ਮੱਲ ਨੂੰ ਦੱਸਿਆ ਤਾਂ ਜੋ ਕੁਝ ਦਿਨਾਂ ਵਾਸਤੇ ‘ਆਦਿ ਬੀੜ’ ਦੇ ਦੇਣ, ਪਰ ਉਸ ਨੇ ਸਰੂਪ ਦੇਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਹ ਹੁਣ ਬਕਾਲਾ ਛੱਡ ਕੇ ਕਰਤਾਰਪੁਰ (ਜਲੰਧਰ) ਵਿਖੇ ਰਹਿਣਾ ਚਾਹੁੰਦੇ ਹਨ। ਗੁਰੂ ਸਾਹਿਬ; ਕਿਸੇ ਸਿੱਖ ਨੂੰ ਭੇਜ ਕੇ ਓਥੋਂ ਉਤਾਰਾ ਕਰਵਾ ਸਕਦੇ ਹਨ।
ਭਾਈ ਮਨੀ ਸਿੰਘ ਜੀ ਨੇ ਭਾਰ ਮੱਲ ਨਾਲ਼ ਹੋਈ ਸਾਰੀ ਗੱਲਬਾਤ ਦਸਮੇਸ਼ ਪਿਤਾ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਆ ਸੁਣਾਈ, ਜਿਸ ਤੋਂ ਬਾਅਦ ਗੁਰੂ ਜੀ ਨੇ ਆਪ ਹੀ ‘ਆਦਿ ਗ੍ਰੰਥ’ ਦਾ ਨਵਾਂ ਸਰੂਪ ਦਮਦਮਾ (ਅਨੰਦਪੁਰ ਸਾਹਿਬ) ਵਿਖੇ ਤਿਆਰ ਕਰਨ ਦਾ ਫ਼ੈਸਲਾ ਕੀਤਾ, ਜਿਸ ਲਈ ਭਾਈ ਮਨੀ ਸਿੰਘ ਜੀ ਦਾ ਸਹਿਯੋਗ ਲਿਆ ਗਿਆ। ‘ਆਦਿ ਬੀੜ’ ਸਰੂਪ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਦੇ 116 ਸ਼ਬਦ ਵੀ ਸ਼ਾਮਲ ਕੀਤੇ ਗਏ ਅਤੇ ਰਾਗਾਂ ਦੀ ਗਿਣਤੀ ਵੀ 30 ਤੋਂ ਵਧਾ ਕੇ 31 ਕਰ ਦਿੱਤੀ। 31ਵੇਂ ਰਾਗ ‘ਜੈਜਾਵੰਤੀ’ ’ਚ ਕੇਵਲ ਨਾਂਵੇਂ ਪਾਤਿਸ਼ਾਹ ਜੀ ਦੀ ਹੀ ਬਾਣੀ ਦਰਜ ਹੈ। ‘ਆਦਿ ਬੀੜ’ ਨੂੰ ਨਵਾਂ ਨਾਂ ‘ਦਮਦਮੀ ਬੀੜ’ ਦਿੱਤਾ ਗਿਆ ਕਿਉਂਕਿ ਇਸ ਨੂੰ ਸੰਪੂਰਨ ਕਰਨ ਵਾਲ਼ੇ ਸਥਾਨ ਦਾ ਨਾਂ ‘ਦਮਦਮਾ’ (ਅਨੰਦਪੁਰ ਸਾਹਿਬ) ਸੀ। ਬਾਅਦ ’ਚ ਭਾਈ ਸਾਹਿਬ ਨੇ ਇਸ ਗ੍ਰੰਥ ਦੇ ਕੁਝ ਹੋਰ ਉਤਾਰੇ ਵੀ ਕੀਤੇ। ਅੱਜ-ਕੱਲ੍ਹ ਹਰ ਗੁਰਦੁਆਰਾ ਸਾਹਿਬ ਵਿਖੇ ‘ਦਮਦਮੀ ਬੀੜ’ ਦਾ ਪ੍ਰਕਾਸ਼ ਹੀ ਸੁਭਾਇਮਾਨ ਹੈ।
ਸੰਨ 1698 ਈ. ਦੀ ਵਿਸਾਖੀ ਵਾਲ਼ੇ ਦਿਨ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ, ਇਸ ਸਮੇਂ ਭਾਈ ਮਨੀ ਸਿੰਘ ਜੀ ਨੇ ‘ਦਮਦਮੀ ਬੀੜ’ ’ਚੋਂ ਇੱਕ ਸ਼ਬਦ ਦੀ ਕਥਾ ਕੀਤੇ ਜਾਣ ਦਾ ਜ਼ਿਕਰ ਵੀ ਆਉਂਦਾ ਹੈ। ਇਸ ਇਕੱਠ ’ਚ ਕੁਝ ਸਿੱਖ ਸੰਗਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਆਈਆਂ ਹੋਈਆਂ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਪ੍ਰਿਥੀਚੰਦ ਦੇ ਵਾਰਸ ਦਰਬਾਰ ਸਾਹਿਬ (ਅੰਮ੍ਰਿਤਸਰ) ਖ਼ਾਲੀ ਕਰ ਕੇ ਚਲੇ ਗਏ ਹਨ, ਓਥੇ ਕਿਸੇ ਮੁੱਖੀ ਸਿੱਖ ਦੀ ਸੇਵਾ ਲਾਈ ਜਾਵੇ। ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਨੂੰ ਪੰਜ ਸਿੱਖਾਂ ਸਮੇਤ ਇਹ ਸੇਵਾ ਸੌਂਪਦਿਆਂ ਇੱਕ ਨੀਲਾ ਨਿਸ਼ਾਨ ਸਾਹਿਬ ਤੇ ਦਮਦਮੀ ਬੀੜ ਦਾ ਸਰੂਪ ਵੀ ਭੇਂਟ ਕੀਤਾ। ਭਾਈ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਬਾਅਦ ਸੇਵਾ ਸੰਭਾਲਣ ਵਾਲ਼ੇ ਤੀਜੇ ਗ੍ਰੰਥੀ ਸਿੰਘ ਸਨ, ਜਿਨ੍ਹਾਂ ਨੇ ਇਹ ਸੇਵਾ ਆਪਣੇ ਅੰਤਮ ਸਮੇਂ ਤੱਕ (ਲਗਭਗ 36 ਸਾਲ) ਬਾਖ਼ੂਬੀ ਨਿਭਾਈ। ਭਾਈ ਸਾਹਿਬ ਜੀ ਦੇ ਪਰਿਵਾਰ ਨੇ ਸਦਾ ਗੁਰੂ ਹੁਕਮਾਂ ਨੂੰ ਖਿੜੇ ਮੱਥੇ ਸਵੀਕਾਰਿਆ। ਹਰ ਧਰਮ ਯੁਧ ’ਚ ਭਾਗ ਹੀ ਨਹੀਂ ਲਿਆ ਬਲਕਿ ਅਨੇਕਾਂ ਸ਼ਹਾਦਤਾਂ ਵੀ ਪਾਈਆਂ ।
ਡਾਕਟਰ ਜਸਬੀਰ ਸਿੰਘ ਸਾਬਰ ਅਨੁਸਾਰ ਭਾਈ ਮਨੀ ਸਿੰਘ ਜੀ ਦੇ ਪਿਤਾ ਭਾਈ ਮਾਈ ਦਾਸ ਜੀ ਦੀਆਂ ਦੋ ਸ਼ਾਦੀਆਂ ਸਨ, ਪਹਿਲੀ ਸ਼ਾਦੀ ਦੇ ਭਾਈ ਮਨੀ ਸਿੰਘ ਜੀ ਸਮੇਤ 7 ਪੁੱਤਰ ਸਨ ਅਤੇ ਦੂਜੀ ਸ਼ਾਦੀ ਦੇ 5 ਪੁੱਤਰ ਸਨ। ਭਾਈ ਮਨੀ ਸਿੰਘ ਜੀ ਦੇ 7 ਪੁੱਤਰ (ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ ਤੇ ਭਾਈ ਗੁਰਬਖ਼ਸ਼ ਸਿੰਘ) ਸਨ, ਜਿਨ੍ਹਾਂ ਵਿੱਚੋਂ 5 ਦੀ ਸ਼ਹੀਦੀ ਮੈਦਾਨ ਏ ਜੰਗ ਵਿੱਚ ਹੋਈ ਅਤੇ 2 ਪੁੱਤਰ ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖ਼ਸ਼ ਸਿੰਘ ਜੀ ਦੀ ਸ਼ਹੀਦੀ ਪਿਤਾ ਭਾਈ ਮਨੀ ਸਿੰਘ ਜੀ ਦੇ ਨਾਲ਼ 24 ਜੂਨ 1734 ਨੂੰ ਲਹੌਰ ਵਿੱਚ ਹੋਈ ਸੀ।
ਡਾ. ਦਲਵਿੰਦਰ ਸਿੰਘ ਗ੍ਰੇਵਾਲ ਮੁਤਾਬਕ ਭਾਈ ਮਨੀ ਸਿੰਘ ਵੰਸ਼ਜ ਦੇ ਸ਼ਹੀਦਾਂ ਦੇ ਕੁਝ ਨਾਂ ਇਸ ਪ੍ਰਕਾਰ ਹਨ :
(1). 11 ਸ਼ਹੀਦ ਭਰਾਵਾਂ ਦਾ ਵੇਰਵਾ : ਭਾਈ ਦਿਆਲ ਦਾਸ ਜੀ (ਸ਼ਹੀਦ ਦਿੱਲੀ-ਸੰਨ 1675), ਭਾਈ ਹਠੀ ਚੰਦ (ਸ਼ਹੀਦ ਭੰਗਾਣੀ ਜੰਗ-1688), ਭਾਈ ਸੋਹਣ ਚੰਦ (ਸ਼ਹੀਦ ਨਦੌਣ ਜੰਗ-1691), ਭਾਈ ਲਹਿਣਾ ਸਿੰਘ (ਸ਼ਹੀਦ ਗੁਲੇਰ ਜੰਗ-1696), ਭਾਈ ਰਾਇ ਸਿੰਘ (ਸ਼ਹੀਦ ਮੁਕਤਸਰ ਜੰਗ-1705), ਭਾਈ ਮਾਨ ਸਿੰਘ (ਸ਼ਹੀਦ ਚਿਤੌੜਗੜ੍ਹ-1708), ਭਾਈ ਜੇਠਾ ਸਿੰਘ (ਸ਼ਹੀਦ ਆਲੋਵਾਲ ਜੰਗ-1711), ਭਾਈ ਰੂਪ ਸਿੰਘ (ਸ਼ਹੀਦ ਆਲੋਵਾਲ ਜੰਗ-1711), ਭਾਈ ਮਨੀ ਸਿੰਘ (ਸ਼ਹੀਦ ਲਹੌਰ-1734), ਭਾਈ ਜਗਤ ਸਿੰਘ (ਸ਼ਹੀਦ ਲਹੌਰ-1734)।
(2). 7 ਸ਼ਹੀਦ ਪੁੱਤਰਾਂ ਦਾ ਵੇਰਵਾ : ਭਾਈ ਉਦੈ ਸਿੰਘ (ਸ਼ਹੀਦ ਸ਼ਾਹੀਟਿਬੀ-1705), ਭਾਈ ਅਨਿਕ ਸਿੰਘ (ਸ਼ਹੀਦ ਚਮਕੌਰ-1705), ਭਾਈ ਅਜਬ ਸਿੰਘ (ਸ਼ਹੀਦ ਚਮਕੌਰ-1705), ਭਾਈ ਅਜੈਬ ਸਿੰਘ (ਸ਼ਹੀਦ ਚਮਕੌਰ-1705), ਭਾਈ ਬਚਿੱਤਰ ਸਿੰਘ (ਸ਼ਹੀਦ ਕੋਟਨਿਹੰਗ -1705), ਭਾਈ ਚਿੱਤਰ ਸਿੰਘ (ਸ਼ਹੀਦ ਲਹੌਰ-1734), ਭਾਈ ਗੁਰਬਖ਼ਸ਼ ਸਿੰਘ (ਸ਼ਹੀਦ ਲਹੌਰ-1734)।
(3). ਕੁਝ ਕੁ ਪਰਿਵਾਰਕ ਸ਼ਹਾਦਤਾਂ ਦਾ ਵੇਰਵਾ : ਭਾਈ ਕੇਸੋ ਸਿੰਘ (ਪੁੱਤਰ ਭਾਈ ਚਿੱਤਰ ਸਿੰਘ, ਸ਼ਹੀਦ ਬਿਲਾਸਪੁਰ-1711), ਭਾਈ ਸੈਣਾ ਸਿੰਘ (ਪੁੱਤਰ ਭਾਈ ਚਿੱਤਰ ਸਿੰਘ, ਸ਼ਹੀਦ ਸੰਢੌਰਾ-1713), ਭਾਈ ਰਾਮ ਸਿੰਘ (ਪੁੱਤਰ ਭਾਈ ਚਿੱਤਰ ਸਿੰਘ, ਸ਼ਹੀਦ ਦਿੱਲੀ-1713), ਭਾਈ ਸੰਗਰਾਮ ਸਿੰਘ (ਪੁੱਤਰ ਭਾਈ ਬਚਿੱਤਰ ਸਿੰਘ, ਸ਼ਹੀਦ ਚੱਪੜ ਚਿੜੀ-1710), ਭਾਈ ਮਹਬੂਬ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਚੱਪੜ ਚਿੜੀ-1710), ਭਾਈ ਫਤੇ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਚੱਪੜ ਚਿੜੀ-1710), ਭਾਈ ਅਲਬੇਲਾ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਸੰਢੌਰਾ-1713), ਭਾਈ ਮੇਹਰ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਸੰਢੌਰਾ-1713), ਭਾਈ ਬਾਘ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਬਿਲਾਸਪੁਰ-1711), ਭਾਈ ਬਾਘ ਸਿੰਘ (ਪੁੱਤਰ ਭਾਈ ਰਾਇ ਸਿੰਘ, ਸ਼ਹੀਦ ਅਗੰਮਗੜ੍ਹ-1700), ਭਾਈ ਮਹਾਂ ਸਿੰਘ (ਪੁੱਤਰ ਭਾਈ ਰਾਇ ਸਿੰਘ, ਸ਼ਹੀਦ ਮੁਕਤਸਰ-1705), ਭਾਈ ਸੀਤਲ ਸਿੰਘ (ਪੁੱਤਰ ਭਾਈ ਰਾਇ ਸਿੰਘ, ਸ਼ਹੀਦ ਮੁਕਤਸਰ-1705), ਭਾਈ ਸੁੱਖਾ ਸਿੰਘ (ਪੁੱਤਰ ਭਾਈ ਰਾਇ ਸਿੰਘ, ਸ਼ਹੀਦ ਲੋਹਗੜ੍ਹ-1700), ਭਾਈ ਕਲਿਆਣ ਸਿੰਘ (ਪੁੱਤਰ ਭਾਈ ਦਿਆਲ ਦਾਸ ਜੀ, ਸ਼ਹੀਦ ਤਾਰਾਗੜ੍ਹ-1700), ਭਾਈ ਮਥਰਾ ਦਾਸ (ਪੁੱਤਰ ਭਾਈ ਦਿਆਲ ਦਾਸ ਜੀ, ਸ਼ਹੀਦ ਨਿਰਮੋਹਗੜ੍ਹ-1700)।
(4). ਭਾਈ ਮਨੀ ਸਿੰਘ ਜੀ ਦਾ ਕੁਝ ਵੰਸ਼ਜ (ਦਾਦਾ ਭਾਈ ਬੱਲੂ ਜੀ, ਭਾਈ ਨਾਨੂ ਜੀ/ਪੜਦਾਦਾ ਭਾਈ ਮੂਲਾ ਜੀ) ਦਾ ਵੇਰਵਾ : ਭਾਈ ਨਾਨੂ ਜੀ (ਸਪੁੱਤਰ ਭਾਈ ਮੂਲਾ ਜੀ, ਸ਼ਹੀਦ ਰੁਹੀਲਾ-1621), ਭਾਈ ਬੱਲੂ ਜੀ (ਪੁੱਤਰ ਭਾਈ ਮੂਲਾ ਜੀ ਸ਼ਹੀਦ ਅੰਮ੍ਰਿਤਸਰ-1634), ਭਾਈ ਨਠੀਆ ਜੀ (ਪੁੱਤਰ ਭਾਈ ਬੱਲੂ ਜੀ, ਸ਼ਹੀਦ ਕਰਤਾਰਪੁਰ-1692), ਭਾਈ ਦਾਸਾ ਜੀ (ਪੁੱਤਰ ਭਾਈ ਬੱਲੂ ਜੀ, ਸ਼ਹੀਦ ਫਗਵਾੜਾ-1692), ਭਾਈ ਸੁਹੇਲਾ ਜੀ (ਪੁੱਤਰ ਭਾਈ ਬੱਲੂ ਜੀ, ਸ਼ਹੀਦ ਫਗਵਾੜਾ-1692), ਭਾਈ ਨੰਦ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਫ਼ਤੇਗੜ੍ਹ-1700), ਭਾਈ ਸੰਤ ਸਿੰਘ ਬੰਗੇ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਚਮਕੌਰ-1705), ਭਾਈ ਸੰਗਤ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਲਹੌਰ-1734), ਭਾਈ ਰਣ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਲਹੌਰ-1734), ਭਾਈ ਭਗਵੰਤ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਕੌਰ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਬਾਜ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਸ਼ਾਮ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਸੁੱਖਾ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਲਾਲ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਘਰਬਾਰਾ ਸਿੰਘ (ਪੁੱਤਰ ਭਾਈ ਨਾਨੂ ਜੀ, ਸ਼ਹੀਦ ਅਗੰਮਗੜ੍ਹ-1700), ਆਦਿ।