ਹਿੰਦੁਸਤਾਨ ਬਨਾਮ ਭਾਰਤ

0
599

ਹਿੰਦੁਸਤਾਨ ਬਨਾਮ ਭਾਰਤ

ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ) ਇੰਡੀਆ ਸੰਪਰਕ 98995-63906

 ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਰਚਿਤ ‘ਸ੍ਰੀ ਗੁਰੂ ਗ੍ਰੰਥ ਕੋਸ਼’ ਮੁਤਾਬਕ ਮਾਨਵ-ਏਕਤਾ ਦੇ ਮੁਦੱਈ ਗੁਰੂ ਨਾਨਕ ਸਾਹਿਬ ਜੀ ਵੇਲੇ    ਰਾਸ-ਕੁਮਾਰੀ ਤੋਂ ਹਿਮਾਲਿਆ ਤੱਕ ਅਤੇ ਦਰਾ ਖ਼ੈਬਰ ਤੋਂ ਬਰਮਾ ਤੱਕ ਦੇ ਸਾਰੇ ਇਲਾਕੇ ਅਥਵਾ ਦੇਸ਼ ਨੂੰ ‘ਹਿੰਦੁਸਤਾਨ’ ਆਖਿਆ ਜਾਂਦਾ ਸੀ । ਮਹਾਨ-ਕੋਸ਼ ਅਨੁਸਾਰ ਇਸ ਦੀ ਕੁੱਲ ਲੰਬਾਈ 1900 ਮੀਲ ਅਤੇ ਚੌੜਾਈ 1500 ਮੀਲ ਸੀ । ਧਰਤਿ-ਲੋਕਾਈ ਦੇ ਸੁਧਾਰ ਹਿੱਤ ਪ੍ਰਚਾਰਕ-ਦੌਰੇ (ਉਦਾਸੀਆਂ) ਕਰਦਿਆਂ ਜਗਤ ਦਾ ਗ਼ਮਖ਼ਾਰ ਬਾਬਾ ਨਾਨਕ ਸੰਨ 1521 (ਸੰਮਤ 1578) ਨੂੰ ਭਾਈ ਲਾਲੋ ਦੇ ਘਰ ਨਗਰ ਏਮਨਾਬਾਦ (ਸੈਦਪੁਰ) ਜ਼ਿਲਾ ਗੁਜਰਾਂਵਾਲਾ ਵਿੱਚ ਸਨ, ਜਦੋਂ ਬਾਦਸ਼ਾਹ ਬਾਬਰ; ਕਾਬਲ ਤੋਂ ਹਿੰਦੁਸਤਾਨ ’ਤੇ ਹਮਲਾਵਰ ਹੋਇਆ । ਸ਼ੇਰ-ਮਰਦ ਗੁਰੂ ਬਾਬੇ ਨੇ ਜਿੱਥੇ ਬਾਬਰ ਦੀ ਜ਼ਾਲਮ ਸੈਨਾ ਨੂੰ ‘ਪਾਪ ਕੀ ਜੰਞ’ ਕਹਿਣ ਦੀ ਦਲੇਰੀ ਦਿਖਾਈ, ਉੱਥੇ ਨਾਲ ਹੀ ਦੇਸ਼ ਵਾਸੀਆਂ ਦੀ ਡਰਪੋਕ ਤੇ ਭੈ-ਭੀਤ ਮਾਨਸਕ ਦਸ਼ਾ ਪ੍ਰਗਟਾਉਣ ਅਤੇ ਹਮਲੇ ਨੂੰ ਨਾ ਭੁੱਲਣ ਵਾਲੀ ਘਟਨਾ ਦਰਸਾਉਣ ਹਿੱਤ ‘ਹਿੰਦੁਸਤਾਨੁ ਡਰਾਇਆ’ ਤੇ ‘ਹਿਦੁਸਤਾਨੁ ਸਮਾਲਸੀ ਬੋਲਾ’ ਲਫ਼ਜ਼ਾਂ ਦੀ ਵਰਤੋਂ ਵੀ ਕੀਤੀ ਸੀ । ਅਜਿਹੇ ਲਫ਼ਜ਼ਾਂ ਵਾਲੇ ਉਹ ਪੂਰੇ ਗੁਰਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਗੁਰੂ ਨਾਨਕ-ਬਾਣੀ ਅੰਦਰ ਇਸ ਪ੍ਰਕਾਰ ਅੰਕਿਤ ਹਨ : ‘‘ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ ॥ (ਆਸਾ, ਗੁਰੂ ਨਾਨਕ ਜੀ, ਅੰਕ ੩੬੦), ਕਾਇਆ ਕਪੜੁ ਟੁਕੁ ਟੁਕੁ ਹੋਸੀ, ਹਿਦੁਸਤਾਨੁ ਸਮਾਲਸੀ ਬੋਲਾ ॥’’ (ਤਿਲੰਗ, ਗੁਰੂ ਨਾਨਕ ਜੀ, ਅੰਕ ੭੨੩) ਪਰ ਇਸ ਦਾ ਕਦਾਚਿਤ ਵੀ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਸਮੇਂ ਦੇ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਕਹੇ ਹੋਏ ਵਾਕਾਂ ਦੀ ਰੌਸ਼ਨੀ ਵਿੱਚ ਸਿੱਖ ਹੁਣ ਭਾਰਤ (ਇੰਡੀਆ) ਨੂੰ ਵੀ ‘ਹਿੰਦੁਸਤਾਨ’ ਕਹੀ ਜਾਣ। ਜਿਵੇਂ ਕਿ ਆਰ. ਐੱਸ. ਐੱਸ. ਵੱਲੋਂ ਸਿੱਖ ਜਗਤ ਨੂੰ ਗੁੰਮਰਾਹ ਕਰਨ ਲਈ ਬਣਾਈ ਗਈ ‘ਰਾਸ਼ਟਰੀ ਸਿੱਖ ਸੰਗਤ’ ਦੇ ਪ੍ਰਚਾਰਕ ਉਪਰੋਕਤ ਗੁਰ ਵਾਕਾਂ ਦਾ ਹਵਾਲਾ ਦਿੰਦੇ ਹੋਏ ਪ੍ਰਚਾਰ ਕਰ ਰਹੇ ਹਨ ਕਿ ‘ਸਿੱਖਾਂ ਨੂੰ ਤਾਂ ਆਪਣੇ ਆਪ ਨੂੰ ਹਿੰਦੂ-ਸਿੱਖ ਮਾਣ ਨਾਲ ਕਹਿਣਾ ਚਾਹੀਦਾ ਹੈ । ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ ਦਾ ਨਾਂ ‘ਹਿੰਦੁਸਤਾਨ’ ਪ੍ਰਵਾਨ ਕੀਤਾ ਹੈ ਤੇ ਪ੍ਰਚਾਰਿਆ ਹੈ, ਜਿਸ ਦਾ ਇੱਕੋ-ਇੱਕ ਅਰਥ ਹੈ : ਹਿੰਦੂਆਂ ਦੇ ਰਹਿਣ ਦਾ ਸਥਾਨ।

ਦੇਸ਼ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਨਾਲ ਦੇਸ਼ ਦੀ ਰਾਜਨੀਤਕ ਤੇ ਸਮਾਜਕ ਅਵਸਥਾ ਬਦਲਣ ਵੇਲੇ ਇਸ ਦੇ ਨਾਂ ਵੀ ਬਦਲਦੇ ਰਹੇ ਹਨ । ਜਦੋਂ ਆਰੀਆ ਲੋਕ ਮੱਧ ਏਸ਼ੀਆ ਵਿੱਚੋਂ ਉੱਠ ਕੇ ਇਸ ਦੇਸ਼ ਵਿੱਚ ਆ ਕੇ ਕਾਬਜ਼ ਹੋਏ, ਜਿਹੜੇ ਆਪਣੇ ਆਪ ਨੂੰ ਇੱਥੋਂ ਦੇ ਮੂਲ ਵਾਸੀ ਦ੍ਰਾਵੜ ਆਦਿਕਾਂ ਨਾਲੋਂ ਸ੍ਰੇਸ਼ਟ ਸਮਝਦੇ ਸਨ ਤਾਂ ਉਨ੍ਹਾਂ ਨੇ ਆਪਣੇ ਰਚਿਤ ਪ੍ਰਾਚੀਨ ਸੰਸਕ੍ਰਿਤ ਸਾਹਿਤ ਵਿੱਚ ਰਿਸ਼ੀ ਮੰਨੂ ਮੁਤਾਬਕ ਮੁੱਢਲਾ ਨਾਂ ਦਿੱਤਾ ‘ਆਰੀਆਵਰਤ’; ਜਿਸ ਦਾ ਅਰਥ ਹੈ ਸ੍ਰੇਸ਼ਟ ਪੁਰਸ਼ਾਂ ਦਾ ਦੇਸ਼ ਕਿਉਂਕਿ ਆਰੀਆ ਦਾ ਅਰਥ ਹੈ : ਸ੍ਰੇਸ਼ਟ, ਉੱਤਮ ।

ਆਰੀਆ ਲੋਕ ਪਹਿਲਾਂ ਦਰਿਆ ਸਿੰਧ ਦੇ ਕੰਢੇ ਆ ਕੇ ਠਹਿਰੇ ਤੇ ਫਿਰ ਪੰਜਾਬ ਵੱਲ ਵਧੇ । ਇੱਥੋਂ ਚੱਲ ਕੇ ਅੱਗੇ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ ਵਿੱਚ ਜਾ ਵੱਸੇ । ਸਹਿਜੇ ਸਹਿਜੇ ਇਨ੍ਹਾਂ ਨੇ ਖੁਲ੍ਹੇ ਤੇ ਉਪਜਾਊ ਮੈਦਾਨਾਂ ਵਾਲੇ ਸਾਰੇ ਉੱਤਰੀ ਇਲਾਕੇ ਤੇ ਕਬਜ਼ਾ ਕਰਕੇ ਮੂਲ-ਵਾਸੀ ਦ੍ਰਾਵੜਾਂ ਨੂੰ ਦੱਖਣ ਵੱਲ ਧੱਕ ਦਿੱਤਾ ਤੇ ਫਿਰ ਆਪ ਨਿਸ਼ਚਿੰਤ ਹੋ ਕੇ ਆਪਣਾ ਸਰਬ-ਪੱਖੀ ਵਿਕਾਸ ਕਰਨ ਲੱਗ ਪਏ। ਇਸ ਪ੍ਰਕਾਰ ਜਦੋਂ ਇਨ੍ਹਾਂ ਲੋਕਾਂ ਨੇ ਵੇਦਾਂ, ਸ਼ਾਸਤਰਾਂ, ਸਿਮ੍ਰਤੀਆਂ ਤੇ ਪੁਰਾਣਾਂ ਦੇ ਰੂਪ ਸੰਸਕ੍ਰਿਤ ਸਾਹਿਤ ਦੀ ਰਚਨਾ ਕਰਕੇ ਧਾਰਮਕ ਗਿਆਨ, ਫ਼ਿਲਾਸਫ਼ੀ ਤੇ ਰਾਜਨੀਤੀ ਵਿੱਚ ਉੱਨਤੀ ਕੀਤੀ, ਉਸ ਵਕਤ ਇਸ ਦੇਸ਼ ਦਾ ਨਾਂ ‘ਭਾਰਤ’ ਪਿਆ । ਸੰਸਕ੍ਰਿਤ ਵਿੱਚ ਗਿਆਨ ਦੇ ਪ੍ਰਤੀਕ ਪ੍ਰਕਾਸ਼ ਨੂੰ ਕਹਿੰਦੇ ਹਨ ‘ਭਾ’ ਅਤੇ ਪ੍ਰੇਮ ਨੂੰ ‘ਰਤ’ । ਇਸ ਤਰ੍ਹਾਂ ‘ਭਾਰਤ’ ਦਾ ਅਰਥ ਬਣਦਾ ਹੈ : ਗਿਆਨ ਨੂੰ ਪਿਆਰ ਕਰਨ ਵਾਲਾ ਦੇਸ਼ । ਕਈ ਇਤਿਹਾਸਕਾਰਾਂ ਦੀ ਇਹ ਵੀ ਰਾਇ ਹੈ ਕਿ ਰਾਜਾ ਭਰਤ ਨੇ ਇਸ ਇਲਾਕੇ ’ਤੇ ਰਾਜ ਕੀਤਾ, ਇਸ ਲਈ ਭਰਤ ਤੋਂ ਭਾਰਤ ਨਾਂ ਪ੍ਰਚਲਿਤ ਹੋਇਆ ।

ਜਦੋਂ ਇੱਥੇ ਇਸਲਾਮਕ ਹਕੂਮਤ ਕਾਇਮ ਹੋਈ ਤਾਂ ਮੁਸਲਮਾਨ ਹਾਕਮਾਂ ਨੇ ਇੱਥੋਂ ਦੇ ਲੋਕਾਂ ਨੂੰ ‘ਹਿੰਦੂ’ ਕਹਿਣਾ ਸ਼ੁਰੂ ਕੀਤਾ ਕਿਉਂਕਿ ਉਨ੍ਹਾਂ ਦੀ ਭਾਸ਼ਾ (ਅਰਬੀ ਤੇ ਫ਼ਾਰਸੀ) ਵਿੱਚ ਕਾਲੇ ਰੰਗ ਅਤੇ ਗ਼ੁਲਾਮ ਨੂੰ ਹਿੰਦੂ ਆਖਦੇ ਹਨ । ਇਸ ਤਰ੍ਹਾਂ ਸਦੀਆਂ ਦੀ ਗ਼ੁਲਾਮੀ ਨੇ ਭਾਰਤ ਨੂੰ ਹਿੰਦੁਸਤਾਨ (ਗ਼ੁਲਾਮਾਂ ਦਾ ਦੇਸ਼) ਬਣਾ ਦਿੱਤਾ । ਇਹ ਤਾਂ ਬ੍ਰਾਹਮਣ ਦੀ ਬੇਸ਼ਰਮੀ ਤੇ ਚਲਾਕੀ ਦਾ ਸਿਖਰ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਨੂੰ ਢੱਕਣ ਲਈ ਲੋਹੇ ਦੇ ਜ਼ੰਜੀਰਾਂ ਨੂੰ ਵੀ ਗਹਿਣਿਆਂ ਦੇ ਰੂਪ ਵਿੱਚ ਪੇਸ਼ ਕਰ ਦਿੰਦਾ ਹੈ । ਮਿਸਾਲ ਵਜੋਂ ਪੁਰਾਣਿਕ ਕਥਾ ਹੈ ਕਿ ਤ੍ਰੇਤੇ ਯੁਗ ਵਿੱਚ ਬ੍ਰਾਹਮਣ ਪਰਸ਼ੁਰਾਮ (ਭਾਵ ਕੁਹਾੜੀਧਾਰੀ ਰਾਮ) ਨੇ 21 ਵਾਰ ਧਰਤੀ ਤੋਂ ਖਤਰੀਆਂ (ਕਸ਼ਤਰੀਆਂ) ਦਾ ਖ਼ਾਤਮਾ ਕੀਤਾ, ਪਰ ਜਦ ਉਹ ਖਤਰੀ ਰਾਜੇ ਸ੍ਰੀ ਰਾਮਚੰਦਰ ’ਤੇ ਹਮਲਾਵਰ ਹੋ ਕੇ ਆਇਆ ਤਾਂ ਰਾਮ ਨੇ ਆਪਣੀ ਗੁਰਜ ਆਦਿਕ ਮਾਰ ਕੇ ਉਸ ਨੂੰ ਬੇਹੋਸ਼ ਕਰ ਲਿਆ ਤੇ ਮਾਰਨ ਦੀ ਬਜਾਇ ਉਸ ਨੂੰ ਸਿਰ ਮੁੰਨ ਕੇ ਛੱਡ ਦਿੱਤਾ ਤਾਂ ਜੋ ਸਾਰੀ ਉਮਰ ਆਪਣੇ ਦੁਸ਼ਮਣ ਸਾਹਮਣੇ ਤੇ ਸਮਾਜ ਵਿੱਚ ਸ਼ਰਮਸਾਰ ਹੁੰਦਾ ਰਹੇ, ਪਰ ਚਾਤੁਰ ਬ੍ਰਾਹਮਣ ਨੇ ਪਰਸ਼ੁਰਾਮ ਦੀ ਇਸ ਸ਼ਰਮਿੰਦਗੀ ਨੂੰ ਵੀ ‘ਮੁੰਡਨ ਸੰਸਕਾਰ’ ਵਜੋਂ ਲਾਗੂ ਕਰ ਇਸ ਨੂੰ ਧਰਮ ਦਾ ਅਹਿਮ ਅੰਗ ਬਣਾ ਦਿੱਤਾ।

ਤਿਵੇਂ ਹੀ ਮੁਸਲਮਾਨ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣ ਲਈ ਦਿੱਤੇ ਗਏ ਨਾਂ ‘ਹਿੰਦੂ’ ਨੂੰ ਆਪਣੀ ਮਜ਼ਹਬੀ ਪਹਿਚਾਣ ਮੰਨ ਕੇ ‘ਵੈਦਿਕ ਧਰਮ’ ਨੂੰ ‘ਹਿੰਦੂ ਧਰਮ’ ਦੇ ਨਾਂ ਹੇਠ ਪ੍ਰਸਿੱਧ ਕਰ ਦਿੱਤਾ । ਵੈਸੇ ਇਨ੍ਹਾਂ ਦੇ ਪ੍ਰਾਚੀਨ ਧਾਰਮਕ ਗ੍ਰੰਥਾਂ ਵਿੱਚ ਕਿੱਧਰੇ ਵੀ ‘ਹਿੰਦੂ’ ਜਾਂ ‘ਹਿੰਦੁਸਤਾਨ’ ਲਫ਼ਜ਼ ਨਹੀਂ ਮਿਲਦਾ ।

ਜੌਨ ਡੋਸਨ ਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇੱਕ ਪ੍ਰਸਿੱਧ ਪੁਸਤਕ ਹੈ ‘ਹਿੰਦੂ ਕਲਾਸੀਕਲ ਡਿਕਸ਼ਨਰੀ’ । ਭਾਸ਼ਾ ਵਿਭਾਗ ਪੰਜਾਬ ਨੇ ਰਾਜਿੰਦਰ ਸਿੰਘ ਸ਼ਾਸਤਰੀ ਪਾਸੋਂ ਇਸ ਦਾ ਪੰਜਾਬੀ ਅਨੁਵਾਦ ਕਰਵਾਇਆ ਤੇ ਸੰਨ 1963 ਵਿੱਚ ਪਹਿਲੀ ਵਾਰ ਪ੍ਰਕਾਸ਼ਤ ਕੀਤਾ । ਇਹ ਪੁਸਤਕ ਸੰਸਕ੍ਰਿਤ ਵੈਦਿਕ ਸਾਹਿਤ, ਰਾਮਾਇਣ, ਮਹਾਂਭਾਰਤ ਤੇ ਲੌਕਿਕ ਸਾਹਿਤ ਦੀ ਜਾਣਕਾਰੀ ਦਾ ਇੱਕ ਵਡਮੁੱਲਾ ਖਜ਼ਾਨਾ ਹੈ । ਇਸ ਕੋਸ਼ ਵਿੱਚ ‘ਆਰੀਆ ਵਰਤ’, ‘ਆਰੀਆ ਸਿਧਾਂਤ’, ‘ਭਾਰਤ’ ਤੇ ‘ਭਾਰਤੀ’ ਨਾਵਾਂ ਦੀ ਵਿਆਖਿਆ ਤਾਂ ਮਿਲਦੀ ਹੈ, ਪਰ ‘ਹਿੰਦੂ’ ਤੇ ‘ਹਿੰਦੁਸਤਾਨ’ ਨਾਂਵਾਂ ਨੂੰ ਕੋਈ ਥਾਂ ਪ੍ਰਾਪਤ ਨਹੀਂ । ਇਸ ਦਾ ਮੁੱਖ ਕਾਰਨ ਇਹ ਹੈ ਕਿ ਉਪਰੋਕਤ ਦੋਵੇਂ ਲਫ਼ਜ਼ ਪ੍ਰਾਚੀਨ ਸੰਸਕ੍ਰਿਤ ਸਾਹਿਤ ਵਿੱਚ ਨਹੀਂ ਸਨ । ਇਹ ਤਾਂ ਵਿਦੇਸ਼ੀ ਹਾਕਮਾਂ ਦਾ ਦਿੱਤਾ ਹੋਇਆ ਨਾਂ ਹੀ ਹੈ ।

ਯੂਰਪੀਨ ਲੋਕ ਭਾਸ਼ਾਈ ਮਜ਼ਬੂਰੀ ਕਾਰਨ ‘ਸਿੰਧ’ ਦਰਿਆ ਨੂੰ ‘ਇੰਡਸ’ ਆਖਦੇ ਸਨ । ਇਸ ਲਈ ਜਦੋਂ ਉਹ ਦੇਸ਼ ’ਤੇ ਕਾਬਜ਼ ਹੋਏ ਤਾਂ ਉਨ੍ਹਾਂ ਨੇ ‘ਇੰਡੀਆ’ ਨਾਂ ਦਿੱਤਾ । ਦੂਜੇ ਵਿਸ਼ਵ ਜੁੱਧ ਕਾਰਨ ਕਈ ਪੱਖਾਂ ਤੋਂ ਕਮਜ਼ੋਰ ਹੋਏ ਅੰਗਰੇਜ਼ ਨੇ ਅਗਸਤ 1947 ਵਿੱਚ ਜਦੋਂ ਮਜਬੂਰੀ ਵੱਸ ਦੇਸ਼ ਨੂੰ ਅਜ਼ਾਦ ਕੀਤਾ ਤਾਂ ‘ਭਾਰਤ’ (ਇੰਡੀਆ) ਤੇ ‘ਪਾਕਿਸਤਾਨ’ ਨਾਂਵਾਂ ਹੇਠ ਦੋ ਟੁੱਕੜੇ ਕਰ ਦਿੱਤੇ ।  ਇਹੀ ਕਾਰਨ ਹੈ ਕਿ ਅੰਗਰੇਜ਼ੀ ਦੇ ‘ਇੰਡੀਆ’ ਅਤੇ ਹਿੰਦੀ ਦੇ ‘ਭਾਰਤ’ ਨਾਂਵਾਂ ’ਤੇ ਕਿਸੇ ਨੇ ਇਤਰਾਜ਼ ਨਾ ਕੀਤਾ ਕਿਉਂਕਿ ਇਹ ਨਾਂ ਨਸਲੀ ਤੇ ਮਜ਼ਹਬੀ ਪਿਛੋਕੜ ਤੋਂ ਮੁਕਤ ਸਨ। ‘ਆਰੀਆ ਵਰਤ’ ਨਾਂ ਦੱਖਣ ਵਿੱਚ ਵਸਦੇ ਦ੍ਰਾਵੜ ਨਸਲ (ਮਾਲਾਬਾਰੀ ਤੇ ਮਦਰਾਸੀ) ਦੇ ਲੋਕਾਂ ਨੂੰ ਪ੍ਰਵਾਨ ਨਹੀਂ ਸੀ ਕਿਉਂਕਿ ਇਸ ਦਾ ਪਿਛੋਕੜ ਆਰੀਆ ਨਸਲ ਨਾਲ ਜੁੜਿਆ ਸੀ । ‘ਹਿੰਦੁਸਤਾਨ’ ਨਾਂ ਵੀ ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਨੂੰ ਪ੍ਰਵਾਨ ਨਹੀਂ ਸੀ ਕਿਉਂਕਿ ਇੱਕ ਤਾਂ ਇਹ ਗ਼ੁਲਾਮੀ ਦੇ ਅਰਥ ਰੱਖਦਾ ਸੀ ਤੇ ਦੂਜੇ, ਬ੍ਰਾਹਮਣ ਵੱਲੋਂ ਇਸ ਨੂੰ ਮਜ਼ਹਬੀ ਰੰਗ ਚਾੜ੍ਹਿਆ ਜਾ ਚੁੱਕਾ ਸੀ ।

ਇਸ ਲਈ ਸਿੱਖ ਜਗਤ ਨੂੰ ਅਜਿਹੇ ਭਰਮ-ਜਾਲ  ਵਿੱਚ ਫਸਣ ਦੀ ਲੋੜ ਨਹੀਂ । ਉਨ੍ਹਾਂ ਨੂੰ ਖ਼ਿਆਲ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਵੇਲੇ ਦਾ ‘ਹਿੰਦੁਸਤਾਨ’ ਹੁਣ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਮਿਆਂਮਾਰ (ਬਰਮਾ) ਦੇ ਰੂਪ ਵਿੱਚ ਚੌਂਹ ਭਾਗਾਂ ਵਿੱਚ ਵੰਡ ਚੁੱਕਾ ਹੈ। ਉਹ ਇੱਕ ਬਹੁ-ਧਰਮੀ ਤੇ ਬਹੁ-ਭਾਸ਼ਾਈ ਦੇਸ਼ ਬਣ ਚੁੱਕਾ ਹੈ। ਇੱਥੇ ਹਿੰਦੂਆਂ ਤੋਂ ਇਲਾਵਾ ਮੁਸਲਮਾਨ, ਜੈਨੀ, ਬੋਧੀ, ਸਿੱਖ, ਇਸਾਈ ਤੇ ਪਾਰਸੀਆਂ ਦੇ ਰੂਪ ਵਿੱਚ ਕਈ ਧਰਮਾਂ ਦੇ ਲੋਕ ਵਸਦੇ ਹਨ, ਜਿਹੜੇ ਵੱਖਰੇ ਵੱਖਰੇ ਇਲਾਕਿਆਂ ਵਿੱਚ  222 ਦੇ ਲਗਭਗ ਭਾਸ਼ਾਵਾਂ ਬੋਲਦੇ ਹਨ । ਇਸ ਕਰਕੇ ਦੇਸ਼ ਦਾ ਸਰਬ ਸਾਂਝਾ ਤੇ ਸੰਵਿਧਾਨਕ ਤੌਰ ’ਤੇ ਪ੍ਰਵਾਨ ਕੀਤਾ ਅੰਗਰੇਜ਼ੀ ਵਿੱਚ ਨਾਂ ਹੈ ‘ਇੰਡੀਆ’ ਅਤੇ ਹਿੰਦੀ ਵਿੱਚ : ‘ਭਾਰਤ’ । ਇਸ ਦਾ ਅਰਥ ਹੈ : ਗਿਆਨ (ਭਾ=ਪ੍ਰਕਾਸ਼) ਨੂੰ ਪਿਆਰ (ਰਤ) ਕਰਨ ਵਾਲਾ ਦੇਸ਼ । ਇਸ ਲਈ ਕੇਵਲ ਸਿੱਖਾਂ ਨੂੰ ਹੀ ਨਹੀਂ, ਸਗੋਂ ਸਾਰੇ ਦੇਸ਼ ਵਾਸੀਆਂ ਨੂੰ ਵੀ ਦੇਸ਼ ਦਾ ਨਾਂ ‘ਭਾਰਤ’ ਹੀ ਆਖਣਾ ਚਾਹੀਦਾ ਹੈ ।

ਗੁਰੂ ਨਾਨਕ ਸਾਹਿਬ ਜੀ ਨੇ ਉਪਰੋਕਤ ਗੁਰ ਵਾਕਾਂ ਵਿੱਚ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਆਪਣੇ ਵੇਲੇ ਦੇ ਦੇਸ਼ ਦਾ ਪ੍ਰਚਲਿਤ ਨਾਂ (ਹਿੰਦੁਸਤਾਨ) ਲਿਆ ਹੈ, ਜਿਹੜਾ ਕਿ ਸਦੀਆਂ ਪਹਿਲਾਂ ਤੁਰਕ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਈ ਰੱਖਣ ਲਈ ਦਿੱਤਾ ਗਿਆ ਸੀ । ਇਸ ਲਈ ਭਾਰਤੀ (ਇੰਡੀਅਨ) ਸਿੱਖ, ਭਾਰਤੀ ਮੁਸਲਮਾਨ ਤੇ ਇਸਾਈ ਆਦਿਕ ਕਹਿਣ, ਕਹਾਉਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਮੋਹਨ ਭਾਗਵਤ ਵਰਗੇ ਲੋਕ ਇਸ ਲੋਕਤੰਤਰੀ ਦੇਸ਼ ਨੂੰ ਹਿੰਦੁਸਤਾਨ ਕਹਿੰਦੇ ਹੋਏ ਹਿੰਦੂ ਸਿੱਖ, ਹਿੰਦੂ ਮੁਸਲਮਾਨ, ਹਿੰਦੂ ਇਸਾਈ ਆਖਦੇ ਹਨ ਤਾਂ ਉਨ੍ਹਾਂ ਦੀ ਡਕਟੇਟਰੀ ਸੋਚ ਦਾ ਨਿਸ਼ਾਨਾ ਸਾਰੇ ਧਰਮਾਂ ਦੇ ਲੋਕਾਂ ਨੂੰ ਹਿੰਦੂ ਬਣਾ ਕੇ ਦੇਸ਼ ਨੂੰ ਇੱਕ ਹਿੰਦੂ-ਰਾਸ਼ਟਰ ਵਜੋਂ ਉਸਾਰਨਾ ਹੈ । ਬਿਲਕੁਲ ਓਵੇਂ ਹੀ ਜਿਵੇਂ ਔਰੰਗਜ਼ੇਬ ਸਾਰਿਆਂ ਨੂੰ ਜ਼ੋਰ ਨਾਲ ਸਾਰੇ ਹਿੰਦੁਸਤਾਨ ਨੂੰ ਮੁਸਲਮਾਣ ਬਣਾ ਕੇ ਇੱਕ ਇਸਲਾਮਕ ਸਟੇਟ ਕਾਇਮ ਕਰਨਾ ਚਾਹੁੰਦਾ ਸੀ ।

ਅੰਤ ਵਿੱਚ ਫਿਰ ਸਪਸ਼ਟ ਕਰਨਾ ਚਹੁੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ‘ਹਿੰਦੁਸਤਾਨ’ ਲਫ਼ਜ਼ ਦੇਸ਼ ਦੇ ਪ੍ਰਚਲਿਤ ਨਾਂ ਵਜੋਂ ਇੰਝ ਹੀ ਵਰਤਿਆ ਸੀ, ਜਿਵੇਂ ਅੱਜ ਕੱਲ ਦੇ ਸਾਹਿਤਕਾਰ ਲੇਖਕ ਤੇ ਕਵੀ ‘ਇੰਡੀਆ’ ਤੇ ‘ਭਾਰਤ’ ਨਾਂ ਦੀ ਵਰਤੋਂ ਕਰਦੇ ਹਨ । ਜਿਹੜਾ ਸ਼ੇਰ ਮਰਦ ਸਤਿਗੁਰੂ, ਗ਼ੁਲਾਮੀ ਦੇ ਪ੍ਰਭਾਵ ਹੇਠ ਆਪਣੀ ਮਾਤ-ਭਾਸ਼ਾ ਛੱਡ ਚੁੱਕੇ ਦੇਸ਼ ਵਾਸੀਆਂ ਅੰਦਰ ਅਜ਼ਾਦੀ ਦੀ ਤਾਂਘ ਪੈਦਾ ਕਰਨ ਲਈ ‘‘ਘਰਿ ਘਰਿ ਮੀਆ, ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥’’ (ਬਸੰਤੁ, ਗੁਰੂ ਨਾਨਕ ਜੀ, ੧੧੯੧) ਕਹਿ ਕੇ ਜਾਗਰੂਕ ਕਰਨ ਦਾ ਯਤਨ ਕਰਦਾ ਹੈ, ਉਸ ਵੱਲੋਂ ਅਜਿਹੇ ਕਿਸੇ ਨਾਂ ਨੂੰ ਪ੍ਰਵਾਨ ਕਰਨ ਦਾ ਸੁਆਲ ਹੀ ਖੜ੍ਹਾ ਨਹੀਂ ਹੁੰਦਾ, ਜੋ ਦੇਸ਼ ਦੇ ਲੋਕਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਕੇ ਹਾਕਮ ਸ਼੍ਰੇਣੀ ਦਾ ਦੁਬੇਲ ਬਣਾਈ ਰੱਖਣ ਦਾ ਕਾਰਨ ਬਣੇ।

ਹੋਰ ਵੱਡਾ ਨੁਕਤਾ ਇਹ ਵੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ‘ਹਿੰਦੁਸਤਾਨੁ ਡਰਾਇਆ’ ਤੇ ‘ਹਿਦੁਸਤਾਨੁ ਸਮਾਲਸੀ ਬੋਲਾ’ ਲਫ਼ਜ਼ਾਂ ਵਾਲੇ ਉਪਰੋਕਤ ਗੁਰ ਵਾਕ, ਜ਼ਿਲ੍ਹਾ ਗੁਜਰਾਂਵਾਲੇ ਜਿਸ ਇਲਾਕੇ ਵਿੱਚ ਕਹੇ, ਉਹ ਹੁਣ ਅਜੋਕੇ ਪਾਕਿਸਤਾਨ ਦਾ ਹਿੱਸਾ ਬਣ ਚੁੱਕਾ ਹੈ । ਜੇ ਕੋਈ ਹੁਣ ਪਾਕਿਸਤਾਨੀ ਭੈਣ ਭਰਾਵਾਂ ਨੂੰ ਕਹੇ ਕਿ ਤੁਸੀਂ ‘ਹਿੰਦੁਸਤਾਨੀ’ ਅਖਵਾਓ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਇਲਾਕੇ ਨੂੰ ‘ਹਿੰਦੁਸਤਾਨ’ ਦਾ ਭਾਗ ਮੰਨਿਆ ਹੈ । ਕੀ ਅਜਿਹਾ ਹੋ ਸਕਦਾ ਹੈ ? ਕਦਾਚਿਤ ਨਹੀਂ । ਸੋ ਜਿਵੇਂ ਅਜੋਕੇ ਪਾਕਿਸਤਾਨ, ਬੰਗਲਾ ਦੇਸ਼ ਤੇ ਮਿਆਂਮਾਰ (ਬਰਮਾ) ਨੂੰ ਹਿੰਦੂਸਤਾਨ ਨਹੀਂ ਆਖਿਆ ਜਾ ਸਕਦਾ, ਤਿਵੇਂ ਹੀ ਅਜੋਕੇ ਭਾਰਤ ਨੂੰ ਹਿੰਦੁਸਤਾਨ ਦਾ ਨਾਂ ਨਹੀਂ ਦਿੱਤਾ ਜਾ ਸਕਦਾ । ਅਜਿਹਾ ਕਹਿਣਾ ਤਾਂ ਭਾਰਤੀ ਸੰਵਿਧਾਨ ਦਾ ਵੀ ਨਿਰਾਦਰ ਹੈ, ਜਿਸ ਅਧੀਨ ਸਰਕਾਰੀ ਮੋਹਰ ਵਿੱਚ ਵੀ ਸਪਸ਼ਟ ਤੌਰ ’ਤੇ ‘ਭਾਰਤ ਸਰਕਾਰ’ ਲਿਖਿਆ ਜਾਂਦਾ ਹੈ ।

ਮੋਹਨ ਭਾਗਵਤ ਦੇ ਬਿਆਨ ਸੰਬੰਧੀ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਕਿ ਜਿਵੇਂ ਅੰਗਰੇਜ਼ੀ ਵਿੱਚ ਇੰਡੀਆ ਦੇ ਰਹਿਣ ਵਾਲੇ ਨੂੰ ‘ਇੰਡੀਅਨ’ ਕਹਿਆ ਜਾਂਦਾ ਹੈ, ਓਵੇਂ ਹਿੰਦੋਸਤਾਨ ਦੇ ਵਾਸੀਆਂ ਨੂੰ ਹਿੰਦੀ ਵਿੱਚ ਹਿੰਦੋਸਤਾਨੀ ਆਖਿਆ ਜਾ ਸਕਦਾ ਹੈ । ਮੇਰਾ ਖ਼ਿਆਲ ਹੈ ਕਿ ਬਾਦਲ ਸਮੇਤ ਕਿਸੇ ਵੀ ਭਾਰਤੀ ਆਗੂ ਵੱਲੋਂ ਅਜਿਹਾ ਬਿਆਨ ਦਿੱਤੇ ਜਾਣਾ, ਮੋਹਨ ਭਾਗਵਤ ਦੀ ਸੁਰ ਵਿੱਚ ਸੁਰ ਮਿਲਾਉਣ ਵਾਲੀ ਗ਼ੁਲਾਮ ਮਾਨਸਿਕਤਾ ਦੀ ਉਪਜ ਹੈ ।

ਹਿੰਦੂਤਵ ਦੇ ਮੁਦੱਈ ਆਰੀਆ ਸਮਾਜ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਸਵੈਮ ਸੰਘ (ਆਰ. ਐੱਸ. ਐੱਸ) ਵਰਗੀਆਂ ਕੱਟੜ ਹਿੰਦੂ ਸੰਸਥਾਵਾਂ ਰੂਪੀ ਅਜਗਰ ਵੱਲੋਂ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਵਾਲੀ ਨੀਤੀ ਕੋਈ ਨਵੀਂ ਨਹੀਂ । ਇਸ ਪੱਖੋਂ ਇਹ ਆਪਣੇ ਮੁੱਢਲੇ ਕਾਲ ਤੋਂ ਹੀ ਯਤਨਸ਼ੀਲ ਹਨ । ਇਹੀ ਕਾਰਨ ਸੀ ਕਿ ਸਿੱਖ ਬੁਧੀਜੀਵੀ ਵਰਗ ਦੇ ਮਹਾਨ ਆਗੂ ਭਾਈ ਕਾਨ੍ਹ ਸਿੰਘ ਨਾਭਾ ਨੂੰ ਵਿਸ਼ੇਸ਼ ਕਿਤਾਬ ਲਿਖਣੀ ਪਈ ‘ਹਮ ਹਿੰਦੂ ਨਹੀਂ’, ਪਰ ਫਿਰਕਾ ਪ੍ਰਸਤ ਸੋਚ ਵਾਲੀ ਅਜੋਕੀ ਸਰਕਾਰ ਬਣਨ ਉਪਰੰਤ ਇਨ੍ਹਾਂ ਦਾ ਡੰਗ ਤਿੱਖਾ ਹੋ ਗਿਆ ਹੈ ਅਤੇ ਹੁਣ ਉਹ ਨੰਗੇ ਹੋ ਕੇ ਨੱਚਣ ਲੱਗ ਪਏ ਹਨ । ਹਿੰਦੀ ਨੂੰ ਦੇਸ਼ ਦੀ ਰਾਸ਼ਟਰੀ ਭਾਸ਼ਾ ਵੱਜੋਂ ਸਾਰੇ ਸੂਬਿਆਂ ’ਤੇ ਜ਼ਬਰਦਸਤੀ ਥੋਪ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਦੇ ਮੁਦੱਈ ਬਣ ਕੇ ਪੰਜਾਬੀ ਸੂਬੇ ਦੀ ਲੜਾਈ ਲੜਣ ਵਾਲੇ ਸਾਡੇ ਪੰਥਕ ਲੀਡਰ; ਭਾਜਪਾ ਨਾਲ ਆਪਣੀ ਰਾਜਨੀਤਕ ਭਿਆਲੀ ਕਾਰਨ ਇਸ ਧੱਕੇ ਵਿਰੁਧ ਵੀ ਚੁੱਪ ਰਹੇ ਹਨ। ਇਸ ਦੇ ਵਿਰੋਧ ਵਿੱਚ ਜੇ ਅਵਾਜ਼ ਉੱਠੀ ਤਾਂ ਤਾਮਿਲ, ਤੇਲਗੂ ਤੇ ਮਲਿਆਲਮ ਆਦਿਕ ਦ੍ਰਾਵੜੀ ਬੋਲੀਆਂ ਬੋਲਣ ਵਾਲੇ ਦੱਖਣੀ ਸੂਬਿਆਂ ’ਚੋਂ, ਜਿਸ ਕਰਕੇ ਕੇਂਦਰ ਸਰਕਾਰ ਨੂੰ ਇਸ ਪੱਖੋਂ ਤਾਂ ਨੀਤੀ ਤਹਿਤ ਦੜ ਵੱਟਣੀ ਪਈ, ਪਰ ਭੁੱਲਣਾ ਨਹੀਂ ਚਾਹੀਦਾ ਕਿ ਸਾਰੇ ਦੇਸ਼ ਅੰਦਰ ਸੰਸਕ੍ਰਿਤ ਹਫਤਾ ਮਨਾਉਣ ਦਾ ਆਦੇਸ਼ ਦੇਣਾ ਵੀ ਇਸੇ ਨੀਤੀ ਦਾ ਬਦਲਿਆ ਰੂਪ ਹੈ ।

ਵੱਡੇ ਅਨਿਆਂ ਦੀ ਗੱਲ ਤਾਂ ਇਹ ਹੈ ਕਿ ਮੋਹਨ ਭਾਗਵਤ ਤੇ ਤੋਗੜੀਆ ਵਰਗੇ ਜਿਹੜੇ ਲੋਕ ਭਾਰਤੀ ਸੰਵਿਧਾਨ ਦੇ ਉਲਟ ‘ਹਿੰਦੀ, ਹਿੰਦੂ, ਹਿੰਦੋਸਤਾਨ’ ਦੇ ਦਿਨ ਰਾਤ ਨਾਹਰੇ ਲਗਾਉਂਦੇ ਹੋਏ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਯਤਨਸ਼ੀਲ ਹਨ, ਉਹ ਦੇਸ਼ ਭਗਤ, ਪਰ ਜੇ ਅਜਿਹੀ ਸੰਕੀਰਨ ਸੋਚ ਤੋਂ ਦੁੱਖੀ ਹੋ ਕੇ ਘੱਟ ਗਿਣਤੀ ਲੋਕ, ਕਿਸੇ ਸੁਤੰਤਰ ਰਾਜ ਦੀ ਮੰਗ ਉਠਾਉਣ ਤਾਂ ਉਹ ਦੇਸ਼ ਧ੍ਰੋਹੀ।  ਹਿੰਦੂਤਵ ਦੇ ਭਾਜਪਾਈ ਏਜੰਡੇ ਕਾਰਨ ਵੋਟ ਬੈਂਕ ਖੁਰਦਾ ਵੇਖ ਕੇ ਕਾਂਗਰਸ ਵੀ ਹਿੰਦੁਸਤਾਨ-ਹਿੰਦੋਸਤਾਨ ਕੂਕਣ ਲੱਗ ਪਈ ਹੈ । ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਹਰੇ ਲਾਉਣ ਵਾਲੇ ਦਿੱਲੀ ਦੇ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਇਹੀ ਨੀਤੀ ਅਪਨਾਈ ਰੱਖੀ ਅਤੇ ਇਸ ਪੱਖੋਂ ਨਾ ਸੰਭਲੇ ਤਾਂ ਦੇਸ਼ ਨੂੰ ਟੋਟੇ-ਟੋਟੇ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ । ਇਸ ਪ੍ਰਕਾਰ ਦੇ ਕਈ ਹੋਰ ਵੀ ਨਾਹਰੇ ਲੱਗਣੇ ਸ਼ੁਰੂ ਹੋ ਜਾਣਗੇ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਭਾਈਚਾਰੇ ਨੂੰ ਬਾਕੀ ਘੱਟ ਗਿਣਤੀ ਕੌਮਾਂ ਦੇ ਸਹਿਯੋਗ ਨਾਲ ਆਰ. ਐੱਸ. ਐੱਸ ਦੀ ਅਗਵਾਈ ਵਿੱਚ ਕਾਇਮ ਹੋਈ ਮੋਦੀ ਸਰਕਾਰ ਦੀ ਉਪਰੋਕਤ ਧੱਕੇਸ਼ਾਹੀ ਵਿਰੁਧ ਯੋਜਨਾਬਧ ਤਰੀਕੇ ਨਾਲ ਸ਼ਾਂਤਮਈ ਸੰਘਰਸ਼ ਕਰਨਾ ਚਾਹੀਦਾ ਹੈ ।  ਗੁਰਬਾਣੀ ਤੇ ਗੁਰ ਇਤਿਹਾਸ ਤੋਂ ਸਾਨੂੰ ਇਹੀ ਪ੍ਰੇਰਨਾ ਮਿਲਦੀ ਹੈ ।

ਭੁੱਲ-ਚੁੱਕ ਮੁਆਫ਼ ।