ਸਿੱਖੀ ਦਾ ਪਰਵੇਸ਼ ਦੁਆਰ – ਸੇਵਾ

0
625

ਸਿੱਖੀ ਦਾ ਪਰਵੇਸ਼ ਦੁਆਰ – ਸੇਵਾ

ਰਣਜੀਤ ਸਿੰਘ B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ,  ਸਿਵਲ ਲਾਈਨਜ਼ (ਲੁਧਿਆਣਾ)-99155-15436

ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਭਾਰਤੀ ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ ਉਹ ਵੰਡ ਸੀ – ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇਸ ਵਰਣ ਵੰਡ ਵਿੱਚ ਬ੍ਰਾਹਮਣ ਦੀ ਸਰਵ ਉੱਚਤਾ ਸੀ। ਸਾਰੇ ਧਾਰਮਕ ਸੰਸਕਾਰ ਨਿਭਾਉਣ ਦਾ ਅਧਿਕਾਰ ਬ੍ਰਾਹਮਣ ਕੋਲ ਸੀ। ਧਾਰਮਿਕ ਤੇ ਦੁਨਿਆਵੀ ਵਿੱਦਿਆ ਵੀ ਬ੍ਰਾਹਮਣ ਹੀ ਦਿੰਦਾ ਸੀ। ਸ਼ੂਦਰਾਂ ਦੀ ਹਾਲਤ ਅਤਿ ਤਰਸਯੋਗ ਸੀ। ਉਹ ਧਾਰਮਕ ਗ੍ਰੰਥਾਂ ਦਾ ਪਾਠ ਨਾ ਕਰ ਸਕਦੇ ਸਨ ਤੇ ਨਾ ਹੀ ਸੁਣ ਸਕਦੇ ਸਨ। ਭਾਰਤੀ ਸਮਾਜ ਵਿੱਚ ਭਾਂਡੇ ਮਾਂਜਣੇ, ਝਾੜੂ ਦੇਣਾ ਤੇ ਮੈਲਾ ਚੁੱਕਣਾ ਆਦਿ ਨੀਵੇਂ ਕਰਮ ਸਮਝੇ ਜਾਂਦੇ ਸਨ। ਇਹ ਸਾਰੇ ਕਰਮ ਸ਼ੂਦਰ ਕਰਦੇ ਸਨ। ਇਹਨਾਂ ਨੂੰ ਸਮਾਜ ਵਿੱਚ ਘ੍ਰਿਣਤ ਨਜ਼ਰ ਨਾਲ ਵੇਖਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਅਜਿਹੇ ਨੀਚ ਕਰਮਾਂ ਨੂੰ ਸੇਵਾ ਦਾ ਨਾਂ ਦੇ ਕੇ ਸਮਾਜ ਵਿੱਚ ਅਤਿ ਸਤਿਕਾਰਿਤ ਥਾਂ ਦਿੱਤੀ। ਅਜਿਹੇ ਨੀਵੇਂ ਕਰਮ ਕਰਨ ਵਾਲੇ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ ਅਤੇ ਫ਼ੁਰਮਾਇਆ : ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ! ॥’’ (ਸਿਰੀਰਾਗੁ, ਮ: ੧, ਪੰਨਾ ੧੫)

ਜਿੱਥੇ ਸਿਮਰਨ ਸਿੱਖ ਧਰਮ ਦਾ ਅਨਿਖੜਵਾਂ ਅੰਗ ਹੈ, ਉੱਥੇ ਸੇਵਾ ਸਿੱਖੀ ਦਾ ਪਰਵੇਸ਼ ਦੁਆਰ ਹੈ। ਭਾਵੇਂ ਸੇਵਾ ਨੂੰ ਹਰ ਧਰਮ ਵਿੱਚ ਕੋਈ ਨਾ ਕੋਈ ਵਿਸ਼ੇਸ਼ ਰੁਤਬਾ ਹਾਸਲ ਹੈ ਪਰ ਜੋ ਅਹਿਮੀਅਤ ਇਸ ਨੂੰ ਸਿੱਖ ਧਰਮ ਵਿੱਚ ਪ੍ਰਾਪਤ ਹੈ ਉਹ ਹੋਰ ਕਿਸੇ ਮੱਤ ਵਿੱਚ ਨਹੀਂ। ਸੇਵਾ ਕਰਨ ਤੋਂ ਭਾਵ ਕੇਵਲ ਧਰਮ ਅਸਥਾਨਾਂ ਵਿੱਚ ਕੀਤੀ ਗਈ ਸੇਵਾ ਹੀ ਨਹੀਂ ਸਗੋਂ ਸਤਿਗੁਰਾਂ ਨੇ ਸੇਵਾ ਦਾ ਖੇਤਰ ਬਹੁਤ ਵਿਸ਼ਾਲ ਦੱਸਿਆ ਹੈ। ਸਾਰੀ ਦੁਨੀਆ ਨੂੰ ਹੀ ਉਹਨਾਂ ਨੇ ਸੇਵਾ ਦਾ ਦਾਇਰਾ ਦੱਸਿਆ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਵਿਚਿ ਦੁਨੀਆ ਸੇਵ ਕਮਾਈਐ ॥  ਤਾ ਦਰਗਹ ਬੈਸਣੁ ਪਾਈਐ ॥’’ (ਸਿਰੀਰਾਗੁ, ਮ: ੧, ਪੰਨਾ ੨੬) ਸਿੱਖ ਧਰਮ ਵਿੱਚ ਦਾਖਲ ਹੋਣ ਲਈ ਮਨੁੱਖਤਾ ਦੀ ਸੇਵਾ ਕਰਨੀ ਲਾਜ਼ਮੀ ਦੱਸੀ ਗਈ ਹੈ।

ਸਤਿਗੁਰਾਂ ਨੇ ਆਪ ਵੀ ਆਪਣੇ ਹੱਥੀਂ ਸੇਵਾ ਕਰ ਕੇ ਸਿੱਖਾਂ ਦੇ ਲਈ ਪੂਰਨੇ ਪਾਏ। ਗੁਰਮਤਿ ਅਨੁਸਾਰ ਉਪਕਾਰ ਤੇ ਪਰ-ਸੁਆਰਥ ਬਿਰਤੀ ਨਾਲ ਕੀਤੇ ਕਾਰਜਾਂ ਦਾ ਨਾਂ ਹੀ ਸੇਵਾ ਹੈ। ਸੇਵਾ ਕਰਨ ਨਾਲ ਮਨੁੱਖ ਦੇ ਮਨ ਵਿੱਚ ਨਿਮਰਤਾ ਪੈਦਾ ਹੁੰਦੀ ਹੈ ਅਤੇ ਅੰਦਰੋਂ ਹਉਮੈ ਦੀ ਦੀਵਾਰ ਟੁੱਟਦੀ ਹੈ।

ਗੁਰਗੱਦੀ ਦੀ ਬਖਸ਼ਿਸ਼ ਵਾਸਤੇ ਵੀ ਗੁਰੂ ਸਾਹਿਬ ਨੇ ‘ਸੇਵਾ’ ਦੀ ਕਸਵੱਟੀ ਨੂੰ ਹੀ ਮੁੱਖ ਰੱਖਿਆ। ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦਿਆਂ ਸ਼੍ਰੀਚੰਦ ਤੇ ਲਖਮੀ ਦਾਸ ਵਿੱਚ ਹੋਰ ਅਨੇਕਾਂ ਗੁਣ ਸਨ, ਜੇ ਘਾਟ ਸੀ ਤਾਂ ਕੇਵਲ ਹੁਕਮ ਮੰਨਣ ਅਤੇ ਸੇਵਾ ਦੀ ਸੀ। ਬਾਬਾ ਲਹਿਣਾ ਜੀ ਨੂੰ ਗੁਰਗੱਦੀ ਦੇਣ ਲਈ ਉਹਨਾਂ ਨੂੰ ਹੁਕਮ ਮੰਨਣ ਅਤੇ ਸੇਵਾ ਦੀ ਕਸਵੱਟੀ ’ਤੇ ਪਰਖਿਆ ਗਿਆ। ਸਿੱਖ ਇਤਿਹਾਸ ਵਿੱਚ ਇਹਨਾਂ ਨੂੰ ਪ੍ਰੀਖਿਆਵਾਂ ਕਰ ਕੇ ਵੀ ਜਾਣਿਆ ਜਾਂਦਾ ਹੈ। ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਤਾਂ ਉਹਨਾਂ ਨੇ ਗਿਆਰਾਂ ਸਾਲ ਲਗਾਤਾਰ ਗੁਰੂ ਦਰਬਾਰ ਵਿੱਚ ਭਾਂਡੇ ਮਾਂਜਣ, ਲੱਕੜਾਂ ਕੱਟਣ, ਲੰਗਰ ਤਿਆਰ ਕਰਨ, ਲੰਗਰ ਵਰਤਾਉਣ ਤੇ ਹੋਰ ਹਰ ਤਰ੍ਹਾਂ ਦਾ ਹੁਕਮ ਮੰਨ ਕੇ ਸੇਵਾ ਕੀਤੀ। ਇਸ ਸੇਵਾ ਕਾਰਨ ਹੀ ਪ੍ਰਵਾਨ ਹੋਏ ਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਤੀਜੇ ਵਾਰਸ ਬਣੇ। ਇਸੇ ਤਰ੍ਹਾਂ ਭਾਈ ਜੇਠਾ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ’ਤੇ ਲਾ ਦਿੱਤਾ।

ਗੁਰੂ ਅਮਰਦਾਸ ਜੀ ਨੇ ਜਦੋਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਦੀ ਥੜੇ ਬਣਾਉਣ ਦੀ ਪ੍ਰੀਖਿਆ, ਸੇਵਾ ਰੂਪ ਵਿੱਚ ਲਈ ਤਾਂ ਉਸ ਵਿੱਚੋਂ ਭਾਈ ਜੇਠਾ ਜੀ ਸੇਵਾ ਦੀ ਕਸਵੱਟੀ ’ਤੇ ਪੂਰੇ ਉਤਰੇ ਤੇ ਨਾਨਕ ਜੋਤ ਦੇ ਚੌਥੇ ਵਾਰਸ ਗੁਰੂ ਰਾਮ ਦਾਸ ਜੀ ਦੇ ਰੂਪ ਵਿੱਚ ਗੁਰਗੱਦੀ ’ਤੇ ਬਿਰਾਜਮਾਨ ਹੋਏ। ਹਰੇਕ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਤਨ ਮਨ ਧਨ ਨਾਲ ਮਨੁੱਖਤਾ ਦੀ ਆਪਣੇ ਹੱਥੀਂ ਵੀ ਸੇਵਾ ਕੀਤੀ ਹੈ। ਜਦੋਂ ਲਹੌਰ ਵਿੱਚ ਕਾਲ ਪਿਆ ਤਾਂ ਗੁਰੂ ਅਰਜਨ ਦੇਵ ਜੀ ਨੇ ਕਾਲ ਪੀੜਤਾਂ ਦੀ ਆਪਣੇ ਹੱਥੀਂ ਸੇਵਾ ਕੀਤੀ। ਉਸ ਸਮੇਂ ਗੋਆ ਤੋਂ ਈਸਾਈ ਪਾਦਰੀ ਵੀ ਸੇਵਾ ਲਈ ਪੁੱਜੇ ਸਨ। ਉਹ ਗੁਰੂ ਸਾਹਿਬ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਗੋਆ ਪਹੁੰਚ ਕੇ ਆਪਣੇ ਮੁਖੀ ਨੂੰ ਗੁਰੂ ਸਾਹਿਬ ਵੱਲੋਂ ਕੀਤੀ ਗਈ ਸੇਵਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ। ਤਰਨਤਾਰਨ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਕੋਹੜ ਆਸ਼ਰਮ ਖੋਲ੍ਹਿਆ ਜਿੱਥੇ ਬਿਨਾਂ ਕਿਸੇ ਭੇਦ ਭਾਵ ਦੇ ਕੋਹੜੀਆਂ ਦਾ ਇਲਾਜ ਕੀਤਾ ਜਾਂਦਾ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਜਦੋਂ ਕਸ਼ਮੀਰ ਵਿੱਚ ਗਿਲਟੀ ਰੋਗ ਫੈਲ ਗਿਆ ਤਾਂ ਗੁਰੂ ਸਾਹਿਬ ਸਿੱਖਾਂ ਸਮੇਤ ਉੱਥੇ ਪਹੁੰਚੇ ਤੇ ਆਪਣੇ ਹੱਥੀਂ ਰੋਗ ਗ੍ਰਸਤ ਲੋਕਾਂ ਦਾ ਦਵਾ ਦਾਰੂ ਨਾਲ ਇਲਾਜ ਕੀਤਾ।

ਗੁਰੂ ਹਰਿ ਰਾਏ ਸਾਹਿਬ ਰੋਗੀਆਂ ਦੀ ਸੇਵਾ ਲਈ ਬਿਨਾਂ ਕਿਸੇ ਭੇਦ ਭਾਵ ਦੇ ਸਮੁੱਚੇ ਸਮਾਜ ਲਈ ਕੀਰਤਪੁਰ ਸਾਹਿਬ ਵਿਖੇ ਇੱਕ ਦਵਾਖਾਨਾ ਖੋਲ੍ਹਿਆ ਜਿੱਥੋਂ ਬਹੁਤ ਦੁਰਲੱਭ ਦਵਾਈਆਂ ਪ੍ਰਾਪਤ ਹੁੰਦੀਆਂ ਸਨ। ਇੱਥੋਂ ਤੱਕ ਕਿ ਸ਼ਾਹ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਜੋ ਉਸ ਸਮੇਂ ਪੰਜਾਬ ਦਾ ਸੂਬੇਦਾਰ ਸੀ, ਵੀ ਦਵਾਈ ਪ੍ਰਾਪਤ ਕਰ ਕੇ ਅਰੋਗ ਹੋਇਆ। ਜਦੋਂ ਦਿੱਲੀ ਵਿੱਚ ਚੇਚਕ ਰੋਗ ਫੈਲਿਆ ਤਾਂ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਹੱਥੀਂ ਦਵਾ ਦਾਰੂ ਨਾਲ ਰੋਗੀਆਂ ਦੀ ਸੇਵਾ ਕੀਤੀ। ਸੇਵਾ ਕਰਦਿਆਂ ਹੋਇਆਂ ਉਹਨਾਂ ਦੇ ਆਪਣੇ ਸਰੀਰ ’ਤੇ ਵੀ ਚੇਚਕ ਦਾ ਮਾਰੂ ਹਮਲਾ ਹੋ ਗਿਆ। ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਘਾਟ ਸੀ ਉੱਥੇ ਖੂਹ ਲੁਆ ਕੇ ਜਿੱਥੇ ਸਰੀਰਕ ਪਿਆਸ ਬੁਝਾਈ ਉੱਥੇ ਨਾਲ ਹੀ ਬਾਣੀ ਨਾਲ ਜੋੜ ਕੇ ਆਤਮਕ ਤ੍ਰਿਪਤੀ ਕਰ ਲੋਕਾਂ ਦੇ ਦਿਲਾਂ ਵਿੱਚੋਂ ਹਕੂਮਤ ਦਾ ਡਰ ਦੂਰ ਕੀਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਪਾਠਸ਼ਾਲਾਵਾਂ ਖੋਲ੍ਹ ਕੇ ਵਿੱਦਿਆ ਰਾਹੀਂ ਲੋਕਾਂ ਨੂੰ ਅਨਪੜ੍ਹਤਾ ਦੇ ਚੁੰਗਲ ਵਿੱਚੋਂ ਬਾਹਰ ਕੱਢਿਆ। ਪੰਜਾਬੀ, ਹਿੰਦੀ, ਫਾਰਸੀ, ਬ੍ਰਿਜਭਾਸ਼ਾ ਦੇ ਪਸਾਰ ਦਾ ਪ੍ਰਬੰਧ ਕੀਤਾ। ਅਨੰਦਪੁਰ ਸਾਹਿਬ ਵਿੱਚ ਕੋਈ ਅਨਪੜ੍ਹ ਨਹੀਂ ਸੀ ਰਿਹਾ। ਸਭ ਮਾਈ ਭਾਈ ਲਈ ਗੁਰੂ ਫ਼ੁਰਮਾਨ ਜਾਰੀ ਕੀਤਾ ਗਿਆ ਸੀ, ‘‘ਮੂਰਖ ਕੋਊ ਰਹੈ ਨਹਿ ਪਾਵਾ ॥ ਬਾਰ ਬੂਢ ਸਭ ਸੋਧਿ ਪਢਾਵਾ ॥’’ (ਦਸਮ ਗ੍ਰੰਥ)

ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ। ਸਾਡੇ ਗੁਰਦੁਆਰੇ ਸੇਵਾ ਸਿੱਖਣ ਦੇ ਕੇਂਦਰ ਹਨ। ਇੱਥੋਂ ਸਿੱਖਿਆ ਲੈ ਕੇ ਮਨੁੱਖ ਨੇ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਸੇਵਾ ਕਰਨੀ ਹੁੰਦੀ ਹੈ। ਕੇਵਲ ਧਰਮ ਅਸਥਾਨ ਨੂੰ ਹੀ ਸੇਵਾ ਦਾ ਕੇਂਦਰ ਨਹੀਂ ਸਮਝ ਲੈਣਾ ਚਾਹੀਦਾ। ਭਾਈ ਘਨ੍ਹਈਆ ਜੀ ਦੀ ਮਿਸਾਲ ਸਾਡੇ ਸਾਹਮਣੇ ਹੈ, ਜਿਹਨਾਂ ਨੇ ਜੰਗ ਦੇ ਮੈਦਾਨ ਵਿੱਚ ਹਰ ਪ੍ਰਾਣੀ ਦੀ ਬਿਨਾਂ ਕਿਸੇ ਭੇਦ ਭਾਵ ਦੇ ਪਾਣੀ ਪਿਲਾ ਕੇ ਸੇਵਾ ਕੀਤੀ ਸੀ। ਦਸਮੇਸ਼ ਪਿਤਾ ਨੇ ਪ੍ਰਸੰਨ ਹੋ ਕੇ ਮਲ੍ਹਮ ਦੀ ਡੱਬੀ ਦੇ ਕੇ ਨਾਲ ਜਖ਼ਮੀ ਹੋਏ ਸਿਪਾਹੀਆਂ ਦਾ ਇਲਾਜ ਕਰਨ ਲਈ ਵੀ ਉਪਦੇਸ਼ ਦਿੱਤਾ। ਭਾਈ ਘਨ੍ਹਈਆ ਜੀ ਨੇ ਗੁਰੂ ਦਾ ਹੁਕਮ ਮੰਨ ਕੇ ਅਸਲ ਵਿੱਚ ਉਸ ਸਮੇਂ ਹੀ ਮਾਨੋਂ ਰੈੱਡ ਕਰਾਸ ਦੀ ਨੀਂਹ ਰੱਖ ਦਿੱਤੀ ਸੀ। ਇਸ ਤਰ੍ਹਾਂ ਆਪ ਨੇ ਨਿਸ਼ਕਾਮ ਸੇਵਾ ਕਰ ਕੇ ਗੁਰੂ ਹੁਕਮਾਂ ਨੂੰ ਕਮਾਇਆ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ : ‘‘ਹਸਤੀ ਸਿਰਿ ਜਿਉ ਅੰਕਸੁ ਹੈ; ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ; ਊਭੀ ਸੇਵ ਕਰੇਇ ॥’’ (ਸੋਰਠਿ ਕੀ ਵਾਰ, ਮ: ੩, ਪੰਨਾ ੬੪੮)

ਅਸਲ ਵਿੱਚ ਸੇਵਾ ਨਿਸ਼ਕਾਮ ਅਤੇ ਬਿਨਾਂ ਕਿਸੇ ਨਸਲ, ਜਾਤ ਪਾਤ ਜਾਂ ਭੇਦ ਭਾਵ ਦੇ, ਵਿਤਕਰੇ ਤੋਂ ਉੱਪਰ ਉੱਠ ਕੇ ਹੀ ਕੀਤੀ ਗਈ ਸਫਲ ਹੈ। ਸੇਵਾ ਸੁਆਰਥ ਦਾ ਤਿਆਗ ਅਤੇ ਤਨ ਮਨ ਤੇ ਧਨ ਦੀ ਕੁਰਬਾਨੀ ਮੰਗਦੀ ਹੈ। ਸੇਵਾ ਕਰਦਿਆਂ ਕਦੀ ਵੀ ਮਨ ਵਿੱਚ ਇਹ ਵਿਚਾਰ ਨਾ ਆਵੇ ਮੈਂ ਕਿਸੇ ਲੋੜਵੰਦ ਜਾਂ ਦੁਖੀਏ ਦੀ ਸੇਵਾ ਕਰ ਰਿਹਾ ਹਾਂ ਸਗੋਂ ਮਨ ਵਿੱਚ ਇਹੀ ਵਿਚਾਰ ਰਹੇ ਕਿ ਮੈਂ ਗੁਰੂ ਦੀ ਸੇਵਾ ਕਰ ਰਿਹਾ ਹਾਂ ਜਾਂ ਗੁਰੂ ਦੇ ਹੁਕਮ ’ਤੇ ਪਹਿਰਾ ਦੇ ਰਿਹਾ ਹਾਂ। ਸੇਵਾ ਕਰਨ ਸਮੇਂ ਮਨ ਵਿੱਚ ਇਹ ਫੁਰਨਾ ਵੀ ਨਾ ਆਵੇ ਕਿ ਮੇਰੀ ਕੋਈ ਸੇਵਾ ’ਤੇ ਖੁਸ਼ ਹੋ ਕੇ ਵਾਹ ਵਾਹ ਕਰ ਉੱਠੇ ਤੇ ਮੈਨੂੰ ਮਾਨ ਸਨਮਾਨ ਦੇਵੇ। ਕਈ ਵਾਰ ਮਨੁੱਖ ਸੇਵਾ ਕਰਦਿਆਂ ਹਉਮੈ ਵਿੱਚ ਗ੍ਰਸਤ ਹੋ ਜਾਂਦਾ ਹੈ ਜਾਂ ਹੋਰਨਾਂ ਨੂੰ ਦੱਸਦਾ ਫਿਰਦਾ ਹੈ ਕਿ ਮੈਂ ਅੱਜ ਬਹੁਤ ਵੱਡੀ ਸੇਵਾ ਕਰ ਕੇ ਆਇਆ ਹਾਂ। ਇਸ ਤਰ੍ਹਾਂ ਆਪਣੀ ਸੌੜੀ ਮੱਤ ਦੇ ਕਾਰਨ ਕੀਤੀ ਹੋਈ ਸੇਵਾ ਵੀ ਗਵਾ ਲੈਂਦਾ ਹੈ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ : ‘‘ਮਤਿ ਥੋੜੀ, ਸੇਵ ਗਵਾਈਐ ॥’’ (ਆਸਾ ਕੀ ਵਾਰ, ਮ: ੧, ਪੰਨਾ ੪੬੮)

ਸੇਵਾ ਕੀਤੀ ਉਹੀ ਸਫਲ ਹੈ ਜਿਸ ਵਿੱਚ ਸਿੱਖ ਹੁਕਮੀ ਬੰਦਾ ਬਣ ਕੇ ਨਿਸ਼ਕਾਮ ਸੇਵਾ ਕਰੇ ਅਤੇ ਉਸ ਸੇਵਾ ਤੋਂ ਗੁਰੂ ਸਾਹਿਬ ਪ੍ਰਸੰਨ ਹੋ ਜਾਣ। ਗੁਰੂ ਰਾਮ ਦਾਸ ਜੀ ਦਾ ਫ਼ੁਰਮਾਨ ਹੈ : ‘‘ਸਾ ਸੇਵਾ ਕੀਤੀ ਸਫਲ ਹੈ, ਜਿਤੁ ਸਤਿਗੁਰ ਕਾ ਮਨੁ ਮੰਨੇ ॥ ਜਾ ਸਤਿਗੁਰ ਕਾ ਮਨੁ ਮੰਨਿਆ, ਤਾ ਪਾਪ ਕਸੰਮਲ ਭੰਨੇ ॥’’ (ਗਉੜੀ ਕੀ ਵਾਰ, ਮ: ੪, ਪੰਨਾ ੩੧੪)

ਆਦਰਸ਼ਕ ਸੇਵਕ ਬਣਨ ਲਈ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਫ਼ੁਰਮਾਉਂਦੇ ਹਨ ਕਿ ਸਿੱਖ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਕੇ ਸੇਵਾ ਕਰੇ ਤਾਂ ਪ੍ਰਮਾਤਮਾ ਉਸ ਦੇ ਸਾਰੇ ਕੰਮ ਕਾਰਜ ਆਪ ਰਾਸ ਕਰਦਾ ਹੈ, ‘‘ਮਨੁ ਬੇਚੈ, ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥’’ (ਗਉੜੀ ਸੁਖਮਨੀ, ਮ: ੫, ਪੰਨਾ ੨੮੭)

ਗੁਰੂ ਨਾਨਕ ਦੇਵ ਜੀ ਆਸਾ ਕੀ ਵਾਰ ਬਾਣੀ ਵਿੱਚ ਸੰਪੂਰਨ ਸੇਵਕ ਦੇ ਗੁਣ ਬਿਆਨ ਕਰਦੇ ਹੋਏ ਦੱਸਦੇ ਹਨ ਕਿ ਸੇਵਕ ਲਈ ਸੰਤੋਖੀ ਬਿਰਤੀ ਦਾ ਧਾਰਨੀ ਹੋਣਾ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਸੱਚ ਦਾ ਧਾਰਣੀ ਹੋਵੇ ਅਤੇ ਮੰਦੇ ਕੰਮਾਂ ਵੱਲੋਂ ਮੂੰਹ ਮੋੜੇ ਅਤੇ ਧਰਮ ਦੀ ਸੱਚੀ ਤੇ ਸੁੱਚੀ ਕਿਰਤ ਕਰਦਾ ਹੋਵੇ, ‘‘ਸੇਵ ਕੀਤੀ ਸੰਤੋਖੀੲਂੀ; ਜਿਨ੍ੀ ਸਚੋ ਸਚੁ ਧਿਆਇਆ ॥ ਓਨ੍ੀ ਮੰਦੈ ਪੈਰੁ ਨ ਰਖਿਓ; ਕਰਿ ਸੁÕÄÇÕਕ੍ਰਿਤੁ, ਧਰਮੁ ਕਮਾਇਆ ॥ ਓਨ੍ੀ ਦੁਨੀਆ ਤੋੜੇ ਬੰਧਨਾ; ਅੰਨੁ ਪਾਣੀ ਥੋੜਾ ਖਾਇਆ ॥’’ (ਆਸਾ ਕੀ ਵਾਰ, ਮ: ੧, ਪੰਨਾ ੪੬੭) ਭਾਵ ਮਨੁੱਖ ਨੇ ਸੇਵਕ ਬਣਨ ਲਈ ਵਾਹਿਗੁਰੂ ਦੀ ਯਾਦ ਨੂੰ ਧੁਰ ਆਪਣੇ ਅੰਦਰ ਵਸਾਉਣਾ ਹੈ, ਮੰਦੇ ਕੰਮਾਂ ਦਾ ਤਿਆਗ ਕਰਨਾ ਹੈ ਅਤੇ ਸ਼ੁਭ ਅਮਲਾਂ ਨੂੰ ਜੀਵਨ ਵਿੱਚ ਥਾਂ ਦੇਣੀ ਹੈ।

ਸਿੱਖੀ ਦਾ ਦਾਇਰਾ ਕੇਵਲ ਇਹ ਹੀ ਨਹੀਂ ਕਿ ਭਾਂਡੇ ਮਾਂਜਣਾ, ਝਾੜੂ ਲਾਉਣਾ, ਪੱਖਾ ਝੱਲਣਾ, ਲੰਗਰ ਪਕਾਉਣਾ ਜਾਂ ਧਰਮ ਅਸਥਾਨਾਂ ’ਤੇ ਜਾ ਕੇ ਫਰਸ਼ ਧੋਣਾ। ਇਹ ਸੇਵਾ ਦਾ ਇੱਕ ਅੰਗ ਹੈ। ਸਿੱਖ ਧਰਮ ਦੀ ਇੱਕ ਵਿਚਾਰਧਾਰਾ ਇਹ ਵੀ ਹੈ ਕਿ ‘‘ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ… ॥’’ (ਗਉੜੀ ਕੀ ਵਾਰ, ਮ: ੪, ਪੰਨਾ ੩੧੭) ਇਸ ਲਈ ਸਿੱਖਾਂ ਦੀ ਸੇਵਾ ਕਰਨੀ ਗੁਰੂ ਦੀ ਸੇਵਾ ਹੀ ਹੈ। ਗਰੀਬ ਦੇ ਬੱਚੇ ਨੂੰ ਪੜ੍ਹਾਉਣਾ, ਗਰੀਬ ਦੇ ਬੱਚੇ ਦੇ ਅਨੰਦ ਕਾਰਜ ਦਾ ਪ੍ਰਬੰਧ ਕਰਨਾ, ਕਿਸੇ ਬਿਮਾਰ ਦਾ ਇਲਾਜ ਕਰਾਉਣਾ, ਕਿਸੇ ਦੀ ਮਾਲੀ ਮਦਦ ਕਰਨੀ ਤੇ ਉਸ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ, ਗੁਰੂ ਦੀ ਸੇਵਾ ਕਰਨ ਦੇ ਤੁਲ ਹੈ। ਗੁਰੂ ਸਾਹਿਬਾਨ ਨੇ ਦਸਵੰਧ ਪ੍ਰਥਾ ਇਸੇ ਕਰ ਕੇ ਹੀ ਸ਼ੁਰੂ ਕੀਤੀ ਸੀ ਕਿ ਇਹ ਰਕਮ ਸਮਾਜ ਦੀ ਭਲਾਈ ਤੇ ਤਰੱਕੀ ਲਈ ਵਰਤੀ ਜਾ ਸਕੇ। ਇੱਕ ਪੱਛਮੀ ਵਿਦਵਾਨ ਵੀ ਲਿਖਦਾ ਹੈ ਕਿ ਮਨੁੱਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ Service of Humanity is the Service of God.

ਅਬੂ ਬਿਨ ਅਦਮ ਜੋ ਨਿਸ਼ਕਾਮ ਹੋ ਕੇ ਮਨੁੱਖਤਾ ਦੀ ਸੇਵਾ ਕਰਦਾ ਸੀ। ਇੱਕ ਦਿਨ ਸੁਪਨੇ ਵਿੱਚ ਉਸ ਨੂੰ ਇੱਕ ਫ਼ਰਿਸ਼ਤਾ ਦਿਖਾਈ ਦਿੱਤਾ ਜੋ ਕੁੱਝ ਲਿਖ ਰਿਹਾ ਸੀ। ਅਬੂ ਨੇ ਫ਼ਰਿਸ਼ਤੇ ਨੂੰ ਪੁੱਛਿਆ ਕਿ ਕੀ ਲਿਖ ਰਹੇ ਹੋ ? ਉਹ ਕਹਿਣ ਲੱਗਾ ਮੈਂ ਉਹਨਾਂ ਵਿਅਕਤੀਆਂ ਦੇ ਨਾਂ ਲਿਖ ਰਿਹਾ ਹਾਂ ਜਿਹੜੇ ਰੱਬ ਨੂੰ ਪਿਆਰ ਕਰਦੇ ਹਨ। ਅਬੂ ਨੇ ਫਿਰ ਸਵਾਲ ਕੀਤਾ ਕੀ ਮੇਰਾ ਵੀ ਨਾਂ ਇਸ ਵਿੱਚ ਹੈ। ਫ਼ਰਿਸ਼ਤੇ ਦਾ ਉੱਤਰ ਨਾਹ ਵਿੱਚ ਸੀ। ਅਗਲੇ ਦਿਨ ਉਹ ਫ਼ਰਿਸ਼ਤਾ ਫਿਰ ਅਬੂ ਦੇ ਸੁਪਨੇ ਵਿੱਚ ਆਇਆ ਤੇ ਕੁੱਝ ਲਿਖ ਰਿਹਾ ਸੀ। ਅਬੂ ਨੇ ਫਿਰ ਉਹੀ ਸਵਾਲ ਕੀਤਾ ਕਿ ਅੱਜ ਕੀ ਲਿਖ ਰਿਹਾ ਹੈਂ। ਫ਼ਰਿਸ਼ਤੇ ਨੇ ਉੱਤਰ ਦਿੱਤਾ ਕਿ ਮੈਂ ਉਹਨਾਂ ਵਿਅਕਤੀਆਂ ਦੇ ਨਾਂ ਲਿਖ ਰਿਹਾ ਹਾਂ ਜਿਹਨਾਂ ਨੂੰ ਰੱਬ ਪਿਆਰ ਕਰਦਾ ਹੈ। ਅਬੂ ਦੇ ਪੁੱਛਣ ਤੇ ਫ਼ਰਿਸ਼ਤੇ ਨੇ ਦੱਸਿਆ ਕਿ ਤੇਰਾ ਨਾਂ ਸਭ ਤੋਂ ਉੱਪਰ ਹੈ।

ਕਹਿਣ ਦਾ ਭਾਵ ਪ੍ਰਮਾਤਮਾ ਉਹਨਾਂ ’ਤੇ ਖੁਸ਼ ਹੁੰਦਾ ਹੈ ਜੋ ਮਨੁੱਖਤਾ ਦੀ ਸੇਵਾ ਕਰਦੇ ਹਨ। ਸਿੱਖ ਰਾਜ ਸਮੇਂ ਬਾਬਾ ਖੁਦਾ ਸਿੰਘ ਜੀ ਹੋਏ ਹਨ ਜੋ ਚੂਨਾ ਮੰਡੀ ਲਹੌਰ ਵਿੱਚ ਰਹਿੰਦੇ ਸਨ।  ਆਪ ਭਜਨ ਬੰਦਗੀ ਵਿੱਚ ਜੁੜੇ ਹੋਏ ਸਨ ਕਿ ਕਿਸੇ ਦੇ ਰੋਣ ਦੀ ਕੁਰਲਾਹਟ ਕੰਨ ਵਿੱਚ ਪਈ। ਬਾਹਰ ਜਾ ਕੇ ਪਤਾ ਲੱਗਾ ਕਿ ਕੋਈ ਔਰਤ ਜ਼ਹਿਰੀਲੇ ਫੋੜੇ ਨਾਲ ਤੜਫ ਰਹੀ ਹੈ। ਬਾਬਾ ਜੀ ਨੇ ਆਪਣੇ ਮੂੰਹ ਨਾਲ ਫੋੜੇ ਦਾ ਜ਼ਹਿਰ ਚੂਸ ਕੇ ਕੱਢ ਦਿੱਤਾ ਤੇ ਔਰਤ ਦੀ ਕੁਰਲਾਹਟ ਦੂਰ ਹੋ ਗਈ। ਔਰਤ ਦੇ ਪਤੀ ਨੇ ਧੰਨਵਾਦ ਕੀਤਾ ਤੇ ਬਾਬਾ ਜੀ ਨੇ ਕਿਹਾ ਕਿ ਗੁਰੂ ਦਾ ਹੁਕਮ ਸੀ। ਉਸ ਦਾ ਹੁਕਮ ਮੰਨ ਕੇ ਹੀ ਸੇਵਾ ਕੀਤੀ ਹੈ। ਅਜਿਹੀ ਨਿਸ਼ਕਾਮ ਸੇਵਾ ’ਤੇ ਪ੍ਰਭੂ ਪ੍ਰਸੰਨ ਹੁੰਦਾ ਹੈ।

ਸੇਵਾ, ਸਿੱਖ ਧਰਮ ਦਾ ਇੱਕ ਅਨਿੱਖੜਵਾਂ ਅੰਗ ਹੈ। ਸੇਵਾ ਦੇ ਖੇਤਰ ਦੀ ਕੋਈ ਸੀਮਾ ਨਹੀਂ। ਅਸੀਂ ਸ਼ਾਇਦ ਅਗਿਆਨਤਾ ਵਸ ਗੁਰਦੁਆਰੇ ਜਾਂ ਹੋਰ ਧਰਮ ਅਸਥਾਨਾਂ ’ਤੇ ਜੋੜੇ ਝਾੜਨ, ਪਾਣੀ ਪਿਆਉਣ, ਦਰੀਆਂ ਵਿਛਾਉਣ, ਲੰਗਰ ਪਕਵਾਉਣ ਤੇ ਲੰਗਰ ਵਰਤਾਉਣ ਨੂੰ ਹੀ ਸੇਵਾ ਸਮਝ ਬੈਠੇ ਹਾਂ। ਇਹ ਸਾਡੇ ਜੀਵਨ ਦੀ ਇੱਕ ਧਾਰਨਾ ਹੀ ਬਣ ਚੁੱਕੀ ਹੈ ਕਿ ਸੇਵਾ ਦਾ ਖੇਤਰ ਇਹੀ ਹੈ। ਇਹ ਸੇਵਾ ਮੁਬਾਰਕ ਹੈ ਪਰ ਸੇਵਾ ਦਾ ਇਹ ਇੱਕ ਪੱਖ ਹੈ। ਸੇਵਾ ਦਾ ਇੱਕ ਹੋਰ ਪੱਖ ਜਿਸ ਨੂੰ ਅਸੀਂ ਲਗਭਗ ਵਿਸਾਰ ਚੁੱਕੇ ਹਾਂ, ਉਹ ਹੈ ਸ਼ਬਦ ਵਿਚਾਰ ਜਾਂ ਧਰਮ ਪ੍ਰਚਾਰ ਦੀ ਸੇਵਾ ਜਿੱਥੇ ਬਾਕੀ ਉਪਰੋਕਤ ਦੱਸੀਆਂ ਸੇਵਾਵਾਂ ਜ਼ਰੂਰੀ ਹਨ ਉੱਥੇ ਸ਼ਬਦ ਵਿਚਾਰ ਵੀ ਸੇਵਾ ਦਾ ਇੱਕ ਅਹਿਮ ਪੱਖ ਹੈ। ਸਤਿਗੁਰੂ ਜੀ ਫ਼ੁਰਮਾਉਂਦੇ ਹਨ : ‘‘ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥’’ (ਗਉੜੀ, ਮ: ੧, ਪੰਨਾ ੨੨੩) ਭਾਵ ਗੁਰੂ ਦੀ ਸੇਵਾ ਹੈ ਗੁਰੂ ਦਾ ਗਿਆਨ ਲੈਣਾ, ਮਨ ਵਿੱਚ ਵਸਾਉਣਾ ਅਤੇ ਉਸ ਨੂੰ ਪ੍ਰਚਾਰਨਾ। ਜੇਕਰ ਅਸੀਂ ਗੁਰਬਾਣੀ ਦੀ ਵੀਚਾਰ ਕਰਨ ਦੀ ਅਤੇ ਵੰਡਣ ਦੀ ਸੇਵਾ ਸ਼ੁਰੂ ਕਰ ਦੇਵਾਂਗੇ ਤਾਂ ਸਾਡੇ ਮਾਨਸਿਕ ਰੋਗ ਦੂਰ ਹੋ ਜਾਣਗੇ ਤੇ ਜੀਵਨ ਵਿੱਚ ਖ਼ੁਸ਼ਹਾਲੀ ਆ ਜਾਵੇਗੀ, ਪਰੰਤੂ ਮਨੁੱਖੀ ਸੁਭਾਅ ਹੈ ਕਿ ਸੇਵਾ ਮਨ ਮਰਜ਼ੀ ਦੀ ਕੀਤੀ ਜਾਵੇ।  ਅਸੀਂ ਕੇਵਲ ਪੱਥਰ ਲਾਉਣਾ, ਸੋਨਾ ਚੜ੍ਹਾਉਣਾ ਅਤੇ ਏ. ਸੀ. ਆਦਿ ਲਗਵਾ ਦੇਣ ਨੂੰ ਹੀ ਤਰਜੀਹ ਦਿੰਦੇ ਆ ਰਹੇ ਹਾਂ ਪਰ ਜਿਸ ਦਿਨ ਸ਼ਬਦ ਵਿਚਾਰ ਨਾਲ ਜੀਵਨ ਵਿੱਚ ਗਿਆਨ ਦੀ ਹਨੇਰੀ ਆ ਗਈ ਤਾਂ ਉਦੋਂ ਅਗਿਆਨਤਾ ਤੇ ਪਾਖੰਡ ਵਾਲੇ ਕਰਮ ਖੰਭ ਲਾ ਕੇ ਉੱਡ ਜਾਣਗੇ। ਗੁਰਬਾਣੀ ਦਾ ਫੁਰਮਾਨ ਹੈ : ‘‘ਦੇਖੌ ਭਾਈ  ! ਗ੍ਹਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥’’ (ਗਉੜੀ, ਭਗਤ ਕਬੀਰ ਜ, ਪੰਨਾ ੩੩੧)

ਸੋ ਜਿਹੜੇ ਗੁਰਮੁਖ ਪਿਆਰੇ ਗੁਰੂ ਹੁਕਮ ਨੂੰ ਆਪਣੇ ਮਨ ਵਿੱਚ ਵਸਾ ਕੇ ਸਮਾਜ ਦੀ ਭਲਾਈ ਲਈ ਹੋਰ ਲੋਕਾਂ ਨੂੰ ਗੁਰੂ ਨਾਲ ਜੋੜਦੇ ਹਨ, ਗੁਰੂ ਸਾਹਿਬਾਨ ਉਹਨਾਂ ਦੀ ਇਸ ਸੇਵਾ ਤੋਂ ਬਲਿਹਾਰ ਜਾਂਦੇ ਹਨ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ : ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਗਉੜੀ ਕੀ ਵਾਰ,  ਮ: ੪, ਪੰਨਾ ੩੦੬)