ਸਰਦੀਆਂ ਵਿਚ ਢਹਿੰਦੀ ਕਲਾ ਕਿਉਂ ਹੁੰਦੀ ਹੈ?

0
409

ਸਰਦੀਆਂ ਵਿਚ ਢਹਿੰਦੀ ਕਲਾ ਕਿਉਂ ਹੁੰਦੀ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,  ਲੋਅਰ ਮਾਲ (ਪਟਿਆਲਾ)-ਫੋਨ ਨੰ: 0175-2216783

ਭਾਰਤ ਵਿਚ ਸਰਦੀਆਂ ਵਿਚ ਇਸ ਬੀਮਾਰੀ ਵਾਲੇ ਹਰ ਸਾਲ ਇੱਕ ਕਰੋੜ ਮਰੀਜ਼ ਲੱਭ ਪੈਂਦੇ ਹਨ। ਠੀਕ ਹੋ ਸਕਣ ਵਾਲੇ ਇਸ ਰੋਗ ਦੀ ਪਛਾਣ ਨਾ ਹੋ ਸਕਣ ਕਰ ਕੇ ਹੀ, ਕਈ ਕਿਸਮਾਂ ਦੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੁੱਝ ਤੱਥ :-

  • ਸਰਦੀਆਂ ਵਿਚ ਥੋੜ੍ਹੀ ਦੇਰ ਧੁੱਪ ਦਾ ਰਹਿਣਾ ਤੇ ਠੰਡ ਕਾਰਨ ਲੇਟ ਉੱਠਣਾ ਹੀ ਇਸ ਬੀਮਾਰੀ ਦਾ ਕਾਰਨ ਬਣ ਜਾਂਦੇ ਹਨ।
  • ਸਰੀਰ ਅੰਦਰ ਰਾਤ ਵੇਲੇ ਮੈਲਾਟੋਨਿਨ ਨਿਕਲ ਪੈਂਦੀ ਹੈ, ਜੋ ਵਧੀਆ ਨੀਂਦਰ ਆਉਣ ਲਈ ਜ਼ਰੂਰੀ ਹੁੰਦੀ ਹੈ। ਰਾਤਾਂ ਲੰਮੀਆਂ ਹੋਣ ਕਾਰਨ ਇਸ ਹਾਰਮੋਨ ਦਾ ਵਾਧਾ ਜ਼ਿਆਦਾ ਦੇਰ ਤਕ ਟਿਕਿਆ ਰਹਿੰਦਾ ਹੈ।
  • ਸੂਰਜ ਦੀ ਰੌਸ਼ਨੀ ਜਿੱਥੇ ਸਰੀਰ ਲਈ ਚੰਗੀ ਹੁੰਦੀ ਹੈ, ਉੱਥੇ ਦਿਮਾਗ਼ ਨੂੰ ਚੁਸਤ ਰੱਖਣ ਵਿਚ ਵੀ ਸਹਾਈ ਹੁੰਦੀ ਹੈ।
  • ਔਰਤਾਂ ਨੂੰ ਇਹ ਬੀਮਾਰੀ ਪੁਰਸ਼ਾਂ ਨਾਲੋਂ ਦੁਗਣੀ ਵੱਧ ਹੁੰਦੀ ਹੈ।
  • ਬੱਚੇ ਛੇਤੀ ਤਣਾਓ ਨਹੀਂ ਸਹੇੜਦੇ, ਪਰ ਨੌਜਵਾਨ ਛੇਤੀ ਫੜੇ ਜਾਂਦੇ ਹਨ।
  • ਇਹ ਬੀਮਾਰੀ ਹਰ ਸਾਲ ਇੱਕੋ ਹੀ ਮਹੀਨੇ ਸ਼ੁਰੂ ਹੁੰਦੀ ਹੈ। ਕਦੇ ਕਦਾਈਂ ਗਰਮੀਆਂ ਵਿਚ ਵੀ ਹੋ ਸਕਦੀ ਹੈ।

ਲੱਛਣ :-

ਘੱਟ ਸਰਦੀ ਵਿਚ ਲੱਛਣ ਘੱਟ ਹੁੰਦੇ ਹਨ, ਪਰ ਜਿਉਂ ਹੀ ਠੰਡ ਵਧੇ, ਲੱਛਣ ਵੀ ਵੱਧ ਜਾਂਦੇ ਹਨ।

  • ਲਗਭਗ ਰੋਜ਼ ਹੀ ਦਿਨ ਵਿਚਲਾ ਜ਼ਿਆਦਾ ਸਮਾਂ ਢਹਿੰਦੀ ਕਲਾ ਮਹਿਸੂਸ ਹੁੰਦੀ ਰਹਿੰਦੀ ਹੈ।
  • ਰੋਜ਼ ਦੇ ਕਰਨ ਵਾਲੇ ਕੰਮਾਂ ਵਿਚ ਜੀਅ ਨਹੀਂ ਲੱਗਦਾ।
  • ਕਸਰਤ ਕਰਨ ਨੂੰ ਜੀਅ ਨਹੀਂ ਕਰਦਾ।
  • ਸੁਸਤੀ ਮਹਿਸੂਸ ਹੁੰਦੀ ਰਹਿੰਦੀ ਹੈ।
  • ਹਿੱਲਣ ਜੁੱਲਣ ਦੀ ਤਾਕਤ ਘੱਟ ਲੱਗਦੀ ਹੈ।
  • ਨੀਂਦਰ ਨਹੀਂ ਆਉਂਦੀ (ਗਰਮੀਆਂ ਵਿਚ) ਜਾਂ ਜ਼ਿਆਦਾ ਆਉਣ ਲੱਗ ਪੈਂਦੀ ਹੈ (ਸਰਦੀਆਂ ਵਿਚ)।
  • ਭੁੱਖ ਵਧ ਜਾਂ ਘੱਟ ਲੱਗਣ ਲੱਗ ਪਵੇ।
  • ਭਾਰ ਵਧਣ ਜਾਂ ਘੱਟਣ ਲੱਗ ਪਵੇ।
  • ਧਿਆਨ ਨਾ ਲਾਇਆ ਜਾ ਸਕੇ।
  • ਨਕਾਰਾ ਮਹਿਸੂਸ ਹੋਣਾ।
  • ਮਰਨ ਦਾ ਜੀਅ ਕਰਨਾ।
  • ਵਿਹਲੜ ਜਾਪਣਾ।
  • ਤਲੀ ਹੋਈ ਚੀਜ਼ ਵੱਧ ਖਾਣ ਨੂੰ ਜੀਅ ਕਰਨਾ।
  • ਘਬਰਾਹਟ ਹੋਣੀ ਜਾਂ ਗੁੱਸਾ ਆਉਣਾ, ਆਦਿ।

ਕਾਰਨ :-

  • ਧੁੱਪ ਦੇ ਘੱਟਣ ਨਾਲ ਸਰੀਰ ਅੰਦਰਲੀ ਘੜੀ ਦੀ ਚਾਲ ਵਿਚ ਗੜਬੜ ਹੋ ਜਾਂਦੀ ਹੈ, ਜਿਸ ਨਾਲ ਢਹਿੰਦੀ ਕਲਾ ਆ ਜਾਂਦੀ ਹੈ।
  • ਸਿਰੋਟੋਨਿਨ (ਇਹ ਹਾਰਮੋਨ ਮੂਡ ਚੰਗਾ ਰੱਖਣ ਲਈ ਸਹਾਈ ਹੁੰਦਾ ਹੈ) ਦਾ ਘੱਟਣਾ ਵੀ ਧੁੱਪ ਘੱਟ ਹੋਣ ਸਦਕਾ ਹੁੰਦਾ ਹੈ। ਇਹ ਵੀ ਢਹਿੰਦੀ ਕਲਾ ਦਾ ਕਾਰਨ ਬਣ ਜਾਂਦਾ ਹੈ।
  • ਮੈਲਾਟੋਨਿਨ ਦਾ ਵੱਧ ਦੇਰ ਟਿਕਣਾ ਤੇ ਸਵੇਰੇ ਲੇਟ ਉੱਠਣਾ ਵੀ ਢਹਿੰਦੀ ਕਲਾ ਵੱਲ ਤੋਰ ਦਿੰਦਾ ਹੈ।
  • ਜੇ ਟੱਬਰ ਵਿਚ ਪਹਿਲਾਂ ਕਿਸੇ ਨੂੰ ਹੋਵੇ ਤਾਂ ਇਸ ਬੀਮਾਰੀ ਦਾ ਖ਼ਤਰਾ ਵੱਧ ਹੁੰਦਾ ਹੈ।
  • ਪਹਿਲਾਂ ਵੀ ਢਹਿੰਦੀ ਕਲਾ ਰਹਿੰਦੀ ਹੋਵੇ ਤਾਂ ਸਰਦੀਆਂ ਵਿਚ ਬੀਮਾਰੀ ਕਾਫ਼ੀ ਵੱਧ ਸਕਦੀ ਹੈ।
  • ਵਿਟਾਮਿਨ ਡੀ ਦੀ ਘਾਟ ਵੀ ਇਸ ਬੀਮਾਰੀ ਨੂੰ ਵਧਾ ਦਿੰਦੀ ਹੈ।

ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ ?

  • ਕਈ ਦਿਨਾਂ ਤੱਕ ਢਹਿੰਦੀ ਕਲਾ ਮਹਿਸੂਸ ਹੁੰਦੀ ਰਹੇ।
  • ਦੇਰ ਰਾਤ ਤਕ ਨੀਂਦਰ ਨਾ ਆਏ ਜਾਂ ਭੁੱਖ ਬਹੁਤ ਜ਼ਿਆਦਾ ਵੱਧ ਜਾਏ।
  • ਸਵੇਰੇ ਉੱਠਣ ਨੂੰ ਉੱਕਾ ਹੀ ਜੀਅ ਨਾ ਕਰੇ ਤੇ ਇਕੱਲੇ ਬਹਿਣ ਜਾਂ ਮਰਨ ਨੂੰ ਜੀਅ ਕਰੇ।
  • ਦੋਸਤਾਂ ਮਿੱਤਰਾਂ ਤੋਂ ਟੁੱਟੇ ਮਹਿਸੂਸ ਹੋਣਾ।
  • ਵਾਧੂ ਸ਼ਰਾਬ ਪੀਣ ਜਾਂ ਨਸ਼ਾ ਕਰਨ ਲੱਗ ਪੈਣਾ।
  • ਪੜ੍ਹਨ ਨੂੰ ਉੱਕਾ ਹੀ ਜੀਅ ਨਾ ਕਰਨਾ।
  • ਖ਼ੁਦਕੁਸ਼ੀ ਦਾ ਖ਼ਿਆਲ ਮਨ ਅੰਦਰ ਆਉਣਾ।
  • ਥਾਇਰਾਈਡ ਹਾਰਮੋਨਾਂ ਵਿਚ ਗੜਬੜੀ।

ਇਲਾਜ :-

  • ਲਾਈਟ ਥੈਰਪੀ :-ਇਸ ਵਿਚ ਇਕ ਖ਼ਾਸ ਡੱਬੇ ਤੋਂ ਕੁੱਝ ਫੁੱਟ ਦੂਰ ਸੁੱਤੇ ਉੱਠਦੇ ਬਿਠਾ ਦਿੱਤਾ ਜਾਂਦਾ ਹੈ ਜਿਸ ਵਿੱਚੋਂ ਵਾਧੂ ਰੌਸ਼ਨੀ ਆ ਰਹੀ ਹੋਵੇ। ਇਹ ਬਿਲਕੁਲ ਸੂਰਜੀ ਰੌਸ਼ਨੀ ਵਾਂਗ ਜਾਪਦੀ ਹੈ, ਜਿਸ ਨਾਲ ਸਰੀਰ ਅੰਦਰ ਸਿਰੋਟੋਨਿਨ ਬਣਨ ਲੱਗ ਪੈਂਦੀ ਹੈ ਜੋ ਢਹਿੰਦੀ ਕਲਾ ਦੂਰ ਕਰ ਦਿੰਦੀ ਹੈ ਤੇ ਸਰੀਰ ਚੁਸਤ ਹੋ ਜਾਂਦਾ ਹੈ। ਇਸ ਇਲਾਜ ਦਾ ਅਸਰ ਕੁੱਝ ਦਿਨਾਂ ਵਿਚ ਜਾਂ ਦੋ ਕੁ ਹਫ਼ਤੇ ਵਿਚ ਸ਼ੁਰੂ ਹੁੰਦਾ ਹੈ। ਇਸ ਵਿਚ ਰੌਸ਼ਨੀ ਦੇ ਡੱਬੇ ਅੱਗੇ ਦੋ ਫੁੱਟ ਪਰ੍ਹਾਂ 20-60 ਮਿੰਟ ਤੱਕ ਬੈਠਣਾ ਹੁੰਦਾ ਹੈ। ਡੱਬੇ ਵਿਚਲੀ ਰੌਸ਼ਨੀ ਆਮ ਕਮਰੇ ਵਿਚਲੀ ਰੌਸ਼ਨੀ ਤੋਂ 20 ਗੁਣਾਂ ਵੱਧ ਤੇਜ਼ ਹੁੰਦੀ ਹੈ। ਪਹਿਲੇ ਕੁੱਝ ਦਿਨ ਸਿਰਫ਼ 10 ਤੋਂ 15 ਮਿੰਟ ਹੀ ਬੈਠਣਾ ਚਾਹੀਦਾ ਹੈ।
  • ਢਹਿੰਦੀ ਕਲਾ ਦੀਆਂ ਦਵਾਈਆਂ :- ਇਹ ਸਿਰਫ਼ ਡਾਕਟਰੀ ਦੇਖ-ਰੇਖ ਹੇਠਾਂ ਹੀ ਲੈਣੀਆਂ ਚਾਹੀਦੀਆਂ ਹਨ, ਖ਼ਾਸ ਕਰ ਬੂਪਰੋਪੀਓਨ। ਕਈ ਮਰੀਜ਼ਾਂ ਵਿਚ ਇਹ ਕੁੱਝ ਸਾਲ ਸਰਦੀਆਂ ਸ਼ੁਰੂ ਹੁੰਦੇ ਸਾਰ ਦੇਣੀਆਂ ਪੈ ਜਾਂਦੀਆਂ ਹਨ।
  • ਸਾਈਕੋਥੈਰਪੀ :- ਮਨੋਵਿਗਿਆਨੀ ਡਾਕਟਰ ਨਾਲ ਗੱਲਬਾਤ ਕਰ ਕੇ ਆਪਣੇ ਆਪ ਨੂੰ ਸਹਿਜ ਕੀਤਾ ਜਾ ਸਕਦਾ ਹੈ।
  • ਯੋਗ ਜਾਂ ਰੋਜ਼ਾਨਾ ਕਸਰਤ :- ਹਫ਼ਤੇ ਵਿਚ ਪੰਜ ਦਿਨ ਰੋਜ਼ ਸਵੇਰੇ 40 ਮਿੰਟ ਦੀ ਕਸਰਤ ਕਰਨ ਨਾਲ ਢਹਿੰਦੀ ਕਲਾ ਕਾਫ਼ੀ ਹੱਦ ਤੱਕ ਠੀਕ ਹੋ ਜਾਂਦੀ ਹੈ।
  • ਗੀਤ ਸੰਗੀਤ ਵੀ ਇਲਾਜ ਵਜੋਂ ਵਰਤੇ ਜਾ ਚੁੱਕੇ ਹਨ।
  • ਧਿਆਨ ਲਾਉਣਾ (ਮੈਡੀਟੇਸ਼ਨ) ਵੀ ਕਈਆਂ ਲਈ ਠੀਕ ਰਹਿੰਦਾ ਹੈ।
  • ਘਰ ਦੇ ਆਲੇ-ਦੁਆਲੇ ਦੇ ਵੱਡੇ ਦਰਖਤ ਛਾਂਗ ਦੇਣੇ ਚਾਹੀਦੇ ਹਨ ਤਾਂ ਜੋ ਧੁੱਪ ਨਾ ਰੁਕੇ।
  • ਦਿਨ ਵੇਲੇ ਖਿੜਕੀਆਂ ਅੱਗੋਂ ਮੋਟੇ ਪਰਦੇ ਪਰ੍ਹਾਂ ਕਰ ਦੇਣੇ ਚਾਹੀਦੇ ਹਨ।
  • ਸਵੇਰੇ ਉੱਠਣ ਬਾਅਦ ਦੋ ਕੁ ਘੰਟੇ ਧੁੱਪੇ ਜ਼ਰੂਰ ਬੈਠਣਾ ਚਾਹੀਦਾ ਹੈ, ਜਾਂ ਉਸ ਖਿੜਕੀ ਕੋਲ ਜਿੱਥੋਂ ਪੂਰੀ ਰੌਸ਼ਨੀ ਅੰਦਰ ਆ ਰਹੀ ਹੋਵੇ।
  • ਬਹੁਤੀਆਂ ਤਲੀਆਂ ਚੀਜ਼ਾਂ ਤੇ ਸ਼ਰਾਬ ਤੋਂ ਪਰਹੇਜ਼ ਜ਼ਰੂਰੀ ਹੈ।
  • ਦੋਸਤਾਂ, ਮਿੱਤਰਾਂ ਜਾਂ ਗਵਾਂਢੀਆਂ ਨਾਲ ਰੋਜ਼ ਗੱਲਬਾਤ ਕਰਨੀ ਜ਼ਰੂਰੀ ਹੈ।
  • ਜੇ ਹੋ ਸਕੇ ਤਾਂ ਸਰਦੀਆਂ ਦੀਆਂ ਛੁੱਟੀਆਂ ਵਿਚ ਦੋ ਚਾਰ ਦਿਨ ਕਿਸੇ ਗਰਮ ਥਾਂ ਉੱਤੇ ਘੁੰਮ ਆਉਣਾ ਚਾਹੀਦਾ ਹੈ।
  • ਵਿਟਾਮਿਨ ਡੀ ਜ਼ਰੂਰ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ।
  • ਦਫ਼ਤਰੀ ਕੰਮ ਕਾਰ ਤੋਂ ਛੁੱਟੀ ਨਹੀਂ ਲੈਣੀ ਚਾਹੀਦੀ ਤਾਂ ਜੋ ਰੂਟੀਨ ਬਣਿਆ ਰਹੇ।
  • ਸੰਤੁਲਿਤ ਖ਼ੁਰਾਕ ਲੈਣੀ ਜ਼ਰੂਰੀ ਹੈ। ਮਿੱਠਾ ਘੱਟ ਖਾਣਾ ਚਾਹੀਦਾ ਹੈ।
  • ਸੀਲੀਨੀਅਮ ਦੀ ਘਾਟ ਸਦਕਾ ਵੀ ਢਹਿੰਦੀ ਕਲਾ ਮਹਿਸੂਸ ਹੋ ਸਕਦੀ ਹੈ। ਸੋ ਖੁੰਭਾਂ, ਸੂਰਜਮੁਖੀ ਦੇ ਬੀਜ, ਕਣਕ, ਰਾਗੀ, ਬਾਜਰਾ, ਗੰਢੇ ਆਦਿ ਖਾਂਦੇ ਰਹਿਣੇ ਚਾਹੀਦੇ ਹਨ।
  • ਸਭ ਤੋਂ ਵੱਡਾ ਨੁਕਤਾ ਹੈ-ਰੋਜ਼ 10 ਮਿੰਟ ਖਿੜਖਿੜਾ ਕੇ ਹੱਸਣਾ ਜ਼ਰੂਰ ਚਾਹੀਦਾ ਹੈ।