ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ 17)

0
582

ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ 17)

ਕਿਰਪਾਲ ਸਿੰਘ (ਬਠਿੰਡਾ) – ੮੮੩੭੮-੧੩੬੬੧

ਗੁਰਬਾਣੀ ਪਾਠ ਦੌਰਾਨ ਸਭ ਤੋਂ ਵੱਧ ਭੁਲੇਖਾ ਹਰ ਉਸ ਸ਼ਬਦ ਦੇ ਉਚਾਰਨ ਸਮੇਂ ਪੈਂਦਾ ਹੈ, ਜਿਸ ਦੇ ਅੰਤ ’ਚ ‘ਹ’ ਅੱਖਰ ਨੂੰ ਲੱਗੀ ਔਂਕੜ (  ੁ) ਜਾਂ ਸਿਹਾਰੀ (  ਿ) ਹੋਵੇ, ਪਰ ਕੁਝ ਕੁ ਲਿਖਤੀ ਨਿਯਮ ਯਾਦ ਰੱਖਣ ਨਾਲ ਇਹ ਮੁਸ਼ਕਲ ਦੂਰ ਹੋ ਸਕਦੀ ਹੈ; ਜਿਵੇਂ ਕਿ

(ੳ). ਅਗਰ ਕਿਸੇ ਸ਼ਬਦ ਦੇ ਅੰਤ ’ਚ ਲੱਗੇ ‘ਹ’ ਤੋਂ ਬਿਨਾਂ; ਸ਼ਬਦਾਰਥ ਨਾ ਮਿਲੇ ਜਾਂ ਅਰਥ ਬਦਲ ਜਾਣ ਤਾਂ ਉੱਥੇ ‘ਹ’ ਨੂੰ ਲੱਗੀ ਔਂਕੜ (  ੁ) ਜਾਂ ਸਿਹਾਰੀ (  ਿ) ਵਿਆਕਰਨਿਕ ਨਿਯਮਾਂ ਅਨੁਸਾਰ ਲੁਪਤ ਅਰਥ ਦੇਣ ਲਈ ਹੈ, ਨਾ ਕਿ ਉਚਾਰਨ ਲਈ; ਪਰ ਅਗਰ ਕਿਸੇ ਸ਼ਬਦਾਰਥ ਦੇ ਸਪਸ਼ਟ ਅਰਥ ਮਿਲਣ ਦੇ ਬਾਵਜੂਦ ਵੀ ‘ਹ’ ਧੁਨੀ ਔਂਕੜ (  ੁ) ਜਾਂ ਸਿਹਾਰੀ (  ਿ) ਸਮੇਤ ਵਾਧੂ ਦਰਜ ਹੋਵੇ ਤਾਂ ਇੱਥੇ ‘ਹ’ ਨੂੰ ਲੱਗੀ ਔਂਕੜ ਤੇ ਸਿਹਾਰੀ ਦਾ ਉਚਾਰਨ ਹੋਵੇਗਾ।

(ਅ). ਅਗਰ ਸ਼ਬਦ ਨਾਂਵ ਜਾਂ ਪੜਨਾਂਵ ਹੋਵੇ ਤਾਂ ਉਸ ਦੇ ਅੰਤ ’ਚ ਕਾਵਿ ਤੋਲ ਲਈ ਵਾਧੂ ‘ਹ’ ਔਂਕੜ (  ੁ) ਜਾਂ ਸਿਹਾਰੀ (  ਿ) ਸਮੇਤ ਹੋਵੇ ਤਾਂ ਉਚਾਰਨ ਹੋਵੇਗਾ ਅਤੇ ਕਿਰਿਆਵਾਚੀ ਸ਼ਬਦਾਂ ਦਾ ਅੰਤ ਔਂਕੜ ਬਿੰਦੀ ਰਹਿਤ ਤੇ ਅੰਤ ਸਿਹਾਰੀ ਬਿੰਦ ਸਮੇਤ ਉਚਾਰਨ ਹੋਏਗਾ; ਮਿਸਾਲ ਵਜੋਂ :

ਨਿਯਮ ਨੰਬਰ 1

੧.  ‘ਗਾਹੁ’-ਇੱਕ ਵਚਨ ਪੁਲਿੰਗ ਸ਼ਬਦ ਹੈ, ਇਸ ਦਾ ਅਰਥ ਹੈ : ਗਾਹ, ਫੇਹ, ਦਬਾਅ, ਮਸਲ਼ ਰਗੜ।

ਬਦਤਿ ਤ੍ਰਿਲੋਚਨੁ, ਸੁਨੁ ਰੇ ਪ੍ਰਾਣੀ  ! ਕਣ ਬਿਨੁ, ‘ਗਾਹੁ’ ਕਿ ਪਾਹੀ ॥ (ਤ੍ਰਿਲੋਚਨ ਜੀ/੫੨੬) (ਉਚਾਰਨ : ਗਾਹ)

ਪਦ ਅਰਥ: ਬਦਤਿ = ਆਖਦਾ ਹੈ।, ਕਣ = ਦਾਣੇ।, ਕਿ = ਕਾਹਦੇ ਲਈ ? 

ਅਰਥ: ਤ੍ਰਿਲੋਚਨ ਆਖਦਾ ਹੈ ਕਿ ਹੇ (ਮੂਰਖ) ਬੰਦੇ !  ਸੁਣ,  ਅਗਰ (ਫ਼ਸਲ ਦੀਆਂ ਬੱਲੀਆਂ ’ਚ) ਦਾਣੇ ਹੀ ਨਹੀਂ ਤਾਂ ਗਾਹ ਕਿਉਂ ਪਾਈ ਹੈ ? ਭਾਵ ਦਾਣੇ ਕੱਢਣ ਲਈ ਇਸ ਖ਼ਾਲੀ ਖੋਲ (ਛਿਲਕੇ) ਨੂੰ ਗਾਹ (ਲਤੜ, ਫੇਹ) ਕਿਉਂ ਰਿਹਾ ਹੈਂ ?

੨.  ‘ਗਾਹਿ’-ਕਿਰਿਆ ਵਿਸ਼ੇਸ਼ਣ, ਇਸ ਦਾ ਅਰਥ ਹੈ : ਪਕੜ ਕੇ, ਵਿਚਾਰ ਕੇ, ਘੋਖ ਕੇ, ਗ੍ਰਹਿਣ ਕਰ ਕੇ, ਦ੍ਰਿੜ੍ਹ ਕਰ ਕੇ।

ਭਜੁ ਸਰਨਿ ਸਾਧੂ, ਨਾਨਕਾ  !  ਮਿਲੁ, ਗੁਨ ਗੋਬਿੰਦਹਿ ‘ਗਾਹਿ’॥ (ਮ: ੫/੧੨੭੨) (ਉਚਾਰਨ : ਗਾਹ)

ਪਦ ਅਰਥ :  ਭਜੁ- ਤੂੰ ਲੈ, ਤੂੰ ਪਕੜ।, ਸਾਧੂ = ਗੁਰੂ।, ਮਿਲੁ = ਤੂੰ ਮਿਲ।

ਅਰਥ : ਹੇ ਨਾਨਕ !  ਤੂੰ ਗੁਰੂ ਦੀ ਸ਼ਰਨ ਲੈ,  ਗੁਰੂ ਨੂੰ ਮਿਲ ਅਤੇ (ਉੱਥੋਂ) ਰੱਬੀ ਗੁਣ ਦ੍ਰਿੜ੍ਹ (ਗ੍ਰਹਿਣ) ਕਰ ਕੇ ਸਿਮਰਨ ਕਰ।

(ਨੋਟ : ਉਕਤ ਤੁਕ ’ਚ ‘ਗਾਹਿ’ ਕਿਰਿਆ ਵਿਸ਼ੇਸ਼ਣ ਇਸ ਲਈ ਹੈ ਕਿਉਂਕਿ ਇਸ ਤੁਕ ’ਚ ‘ਭਜੁ, ਮਿਲੁ’ ਦੋਵੇਂ ਹੀ ਮੂਲ ਕਿਰਿਆਵਾਂ, ਹੁਕਮੀ ਭਵਿੱਖ ਕਾਲ ਇੱਕ ਵਚਨ ਹਨ, ਇਨ੍ਹਾਂ ਦੇ ਅਰਥਾਂ ’ਚ ‘ਹੇ ਮਨ !, ਜਾਂ ਹੇ ਭਾਈ !, ਜਾਂ ਹੇ ਨਾਨਕ  !, ਇੱਕ ਵਚਨ ਸੰਬੋਧਨ ਅਤੇ ਇੱਕ ਹੋਰ ਮੂਲ ਕਿਰਿਆ ਸ਼ਬਦ ਹੋਣਾ ਅਤਿ ਜ਼ਰੂਰੀ ਹੁੰਦਾ ਹੈ; ਜਿਵੇਂ ਕਿ ‘‘ਕਬੀਰ  !  ਧਰਤੀ ਸਾਧ ਕੀ; ਤਸਕਰ ਬੈਸਹਿ ‘ਗਾਹਿ’ ॥’’ (ਮ: ੫/੯੬੫) ਭਾਵ ਹੇ ਕਬੀਰ  ! ਇਹ ਧਰਤੀ ਮਨ ਨੂੰ ਕਾਬੂ ਕਰਨ ਵਾਲ਼ਿਆਂ ਲਈ ਬਣੀ ਸੀ ਪਰ ਚੋਰ ਵੀ (ਇਸ ਜਗ੍ਹਾ ਨੂੰ) ਗਾਹਿ (ਭਾਵ ਪਕੜ ਕੇ) ਬੈਠੇ ਹਨ। ਇਸ ਤੁਕ ’ਚ ‘ਬੈਸਹਿ’ ਮੂਲ ਕਿਰਿਆ ਅਤੇ ਹੇ ਕਬੀਰ ! (ਇੱਕ ਵਚਨ) ਸੰਬੋਧਨ ’ਚ ਹੋਣ ਕਾਰਨ ‘ਗਾਹਿ’ ਕਿਰਿਆ ਵਿਸ਼ੇਸ਼ਣ ਬਣ ਗਿਆ, ਪਰ)

੩.  ਜਿਨ ਕਉ ਲਗੀ ਪਿਆਸ; ਅੰਮ੍ਰਿਤੁ ਸੇਇ ਖਾਹਿ ॥ ਕਲਿ ਮਹਿ ਏਹੋ ਪੁੰਨੁ; ਗੁਣ ਗੋਵਿੰਦ ‘ਗਾਹਿ’ ॥ (ਮ: ੫/੯੬੨) ਭਾਵ ਜਿਨ੍ਹਾਂ ਨੂੰ ਰੱਬੀ ਨਾਮ-ਅੰਮ੍ਰਿਤ ਦੀ ਤਾਂਘ ਜਾਗ ਪੈਂਦੀ ਹੈ ਉਹੀ ਇਹ ਰਸ ਖਾਂਦੇ ਹਨ, ਪੀਂਦੇ ਹਨ, ਉਨ੍ਹਾਂ ਲਈ ਕਲਿਯੁਗ ’ਚ ਇਹੋ ਲਾਭਕਾਰੀ ਕਾਰਜ ਬਣ ਜਾਂਦਾ ਹੈ ਕਿ ਉਹ ਗੋਬਿੰਦ ਦੇ ਗੁਣ ਗਾਉਂਦੇ ਰਹਿੰਦੇ ਹਨ।

(ਨੋਟ : ਉਕਤ ਤੁਕ ‘‘ਕਲਿ ਮਹਿ ਏਹੋ ਪੁੰਨੁ; ਗੁਣ ਗੋਵਿੰਦ ਗਾਹਿ ॥’’ ’ਚ ‘ਗਾਹਿ’ ਤੋਂ ਬਿਨਾਂ ਕੋਈ ਹੋਰ ਮੂਲ ਕਿਰਿਆ ਨਹੀਂ ਹੈ, ਤਾਂ ਜੋ ਇਸ ਨੂੰ ਕਿਰਿਆ ਵਿਸ਼ੇਸ਼ਣ ਬਣਾ ਲਈਏ, ਹੁਣ ਇਹ ਆਪ ਹੀ ਮੂਲ ਕਿਰਿਆ ਤੇ ਬਹੁ ਵਚਨ ਹੈ ਅਤੇ ਅਰਥ ਹਨ ‘ਗਾਉਂਦੇ ਹਨ’ । ਉਚਾਰਨ ਹੈ ‘ਗਾਹਿਂ’ (ਬਿੰਦੀ ਸਮੇਤ)। ਇਹ ਵੀ ਯਾਦ ਰਹੇ ਕਿ ਅਜਿਹੀਆਂ ਤੁਕਾਂ ’ਚ ਇੱਕ ਵਚਨ ਸੰਬੋਧਨ ਸ਼ਬਦ ਵੀ ਨਹੀਂ ਹੁੰਦਾ।)

ਨਿਯਮ ਨੰਬਰ 2

ਗੁਰਬਾਣੀ ਵਿੱਚ ‘ਕਰਹੁ, ਗਾਵਹੁ, ਮਨਾਵਹੁ, ਛੁਡਾਵਹੁ, ਡਾਰਹੁ, ਬੁਲਾਵਹੁ’ ਆਦਿਕ ਅੰਤ ‘ਹੁ’ ਸ਼ਬਦਾਂ ਵਿੱਚ ਅੰਤਲਾ ‘ਹ’ ਜਾਂ ‘ਵਹੁ’ ਅੱਖਰ ਮੂਲ ਸ਼ਬਦ (‘ਕਰ, ਗਾ, ਮਨਾ, ਛੁਡਾ, ਡਾਰ, ਬੁਲਾ) ਦੇ ਸ਼ਬਦਾਰਥਾਂ ਤੋਂ ਵਧੀਕ ਜਾਪਦੇ ਹਨ, ਇਸ ਲਈ ਇੱਥੇ ਅੰਤ ‘ਹੁ’ ਦਾ ਉਚਾਰਨ ਇਸ ਤੋਂ ਪਹਿਲੇ ਅੱਖਰ ਦੇ ਉੱਪਰ ‘ਹੋੜਾ’ ਬਿਨਾਂ ਬਿੰਦੀ ਤੋਂ ਲਗਾ ਕੇ ਕਰਨਾ ਉਚਿਤ ਹੋਏਗਾ; ਜਿਵੇਂ ਕਿ ‘ਕਰੋ, ਗਾਵੋ, ਮਨਾਵੋ, ਛੁਡਾਵੋ, ਡਾਰੋ, ਬੁਲਾਵੋ’; ਮਿਸਾਲ ਵਜੋਂ ਹੇਠਾਂ ਕੁਝ ਪੰਕਤੀਆਂ ਹਨ।)

੧. ਅਨਦੁ ‘ਕਰਹੁ’, ਪ੍ਰਭ ਕੇ ਗੁਨ ‘ਗਾਵਹੁ’ ॥ ਸਤਿਗੁਰੁ ਅਪਨਾ ਸਦ ਸਦਾ ‘ਮਨਾਵਹੁ’ ॥ (ਮ: ੫/੩੮੬) ਅਰਥ : (ਹੇ ਭਾਈ !) ਸਦਾ ਆਪਣੇ ਗੁਰੂ ਨੂੰ (ਉਸ ਦੀ ਸਿੱਖਿਆ ਮੰਨ ਕੇ) ਪ੍ਰਸੰਨ ਕਰੋ, (ਗੁਰੂ ਦੁਆਰਾ ਦੱਸੀ) ਰੱਬੀ ਸਿਫ਼ਤ-ਸਾਲਾਹ ਕਰਦੇ ਰਹੋ (ਇਉਂ) ਆਤਮਕ ਆਨੰਦ ਮਾਣਦੇ ਰਹੋਗੇ ।

੨. ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪਿ ‘ਛਡਾਵਹੁ’ ॥ ਇਹ ਭੀਤਰ ਤੇ, ਇਨ ਕਉ ‘ਡਾਰਹੁ’ ; ਆਪਨ ਨਿਕਟਿ ‘ਬੁਲਾਵਹੁ’ ॥ (ਮ: ੫/੬੧੭) ਅਰਥ : ਹੇ ਪ੍ਰਭੂ ! ਇਨ੍ਹਾਂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ (ਆਦਿਕ ਵਿਕਾਰਾਂ) ਤੋਂ ਆਪ ਹੀ ਬਚਾ ਲਓ। ਮੇਰੇ ਅੰਦਰੋਂ ਇਨ੍ਹਾਂ ਨੂੰ ਕੱਢ ਦਿਓ ਤੇ ਮੈਨੂੰ ਆਪਣੇ ਨੇੜੇ ਰੱਖੋ ।

ਨਿਯਮ ਨੰਬਰ 3

ਗੁਰਬਾਣੀ ਵਿੱਚ ‘ਗਾਵਹਿ, ਭਾਵਹਿ, ਲਿਖਹਿ, ਕਮਾਵਹਿ, ਜਾਵਹਿ, ਚਿਤਵਹਿ, ਗੁਜਾਰਹਿ, ਪੜਹਿ, ਖਾਵਹਿ, ਖਰਚਹਿ’ ਆਦਿਕ ਅੰਤ ‘ਹਿ’ ਵਾਲ਼ੇ ਕਿਰਿਆਵਾਚੀ ਸ਼ਬਦ ਬਹੁ ਵਚਨ ਅਨਯ ਪੁਰਖ ਜਾਂ ਇੱਕ ਵਚਨ ਦੂਜਾ ਪੁਰਖ ਹੁੰਦੇ ਹਨ ਅਤੇ ਇਨ੍ਹਾਂ ਨਾਲੋਂ ‘ਹਿ’ ਹਟਾਉਣ ਨਾਲ਼ ‘ਗਾਵ, ਭਾਵ, ਲਿਖ, ਕਮਾਵ, ਜਾਵ, ਚਿਤਵ, ਗੁਜਾਰ, ਪੜ, ਖਾਵ, ਖਰਚ’, ਸੰਖੇਪ ਸਰੂਪ ਕਰਨ ਨਾਲ਼ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ; ਜਿਵੇਂ ਕਿ ‘ਗਾਵਹਿ’ ਦਾ ਅਰਥ ਹੈ ‘ਗਾਉਂਦੇ ਹਨ’ ਪਰ ‘ਗਾਵ’ ਦਾ ਅਰਥ ਹੈ ਪਿੰਡ, ‘ਭਾਵਹਿ’ ਦਾ ਅਰਥ ਹੈ ‘ਪਸੰਦ ਆਉਂਦੇ ਹਨ’ ਪਰ ‘ਭਾਵ’ ਦਾ ਅਰਥ ਹੈ ‘ਅਰਥ’, ਇਤਿਆਦਿਕ।  ਸੋ, ਇਨ੍ਹਾਂ ਸ਼ਬਦਾਂ ਦਾ ਉਚਾਰਨ ‘ਗਾਵਹਿਂ, ਭਾਵਹਿਂ, ਲਿਖਹਿਂ, ਕਮਾਵਹਿਂ, ਜਾਵਹਿਂ, ਚਿਤਵਹਿਂ, ਗੁਜਾਰਹਿਂ, ਪੜਹਿਂ, ਖਾਵਹਿਂ, ਖਰਚਹਿਂ’ ਭਾਵ ਬਿੰਦ ਸਮੇਤ ਹੋਏਗਾ। ਮਿਸਾਲ ਵਜੋਂ ਹੇਠਾਂ ਕੁਝ ਤੁਕਾਂ ਦਿੱਤੀਆਂ ਗਈਆਂ ਹਨ।)

(ੳ = ਅਨ੍ਯ ਪੁਰਖ ਬਹੁ ਵਚਨ)

  • ਤੇਰੇ ਗੁਣ ‘ਗਾਵਹਿ’ ਜਾ ਤੁਧੁ ‘ਭਾਵਹਿ’ ਸਚੇ ਸਿਉ ਚਿਤੁ ਲਾਵਹੇ ॥ (ਮ: ੩/੪੪੨) ਅਰਥ : (ਹੇ ਮਾਲਕ ! ਜੀਵ) ਤਦੋਂ ਹੀ ਤੇਰੇ ਗੁਣ ਗਾ ਸਕਦੇ ਹਨ (ਭਾਵ ਉਨ੍ਹਾਂ ਦਾ ਗਾਉਣਾ ਤਾਂ ਹੀ ਸਫਲ ਹੈ) ਜਦੋਂ ਤੈਨੂੰ ਉਹ ਚੰਗੇ ਲੱਗਦੇ ਹੋਣ ਤੇ ਤੇਰੇ ਸਥਾਈ ਸਰੂਪ ਨਾਲ਼ ਆਪਣਾ ਚਿੱਤ ਜੋੜਦੇ ਹਨ।
  • ਕੂੜੁ ‘ਲਿਖਹਿ’ ਤੈ ਕੂੜੁ ‘ਕਮਾਵਹਿ’ ਜਲਿ ‘ਜਾਵਹਿ’ ਕੂੜਿ ਚਿਤੁ ਲਾਵਣਿਆ ॥ (ਮ: ੩/੧੨੩) ਅਰਥ: (ਜੋ) ਮਾਇਆ ਰੂਪ ਲੇਖਾ ਲਿਖਦੇ ਹਨ ਅਤੇ ਮਾਇਆ ਹੀ ਇਕੱਠੀ ਕਰਦੇ ਹਨ, ਉਹ ਇਸ ਕੂੜ ਨਾਲ਼ ਚਿੱਤ ਜੋੜਨ ਕਾਰਨ ਸਦਾ ਤ੍ਰਿਸ਼ਨਾਲੂ ਮਾਇਆ ’ਚ ਜਲ਼ ਜਾਂਦੇ ਹਨ।

(ਅ = ਦੂਜਾ ਪੁਰਖ ਇੱਕ ਵਚਨ, ਧਿਆਨ ਰਹੇ ਕਿ ਇਨ੍ਹਾਂ ਤੁਕਾਂ ’ਚ ਸੰਬੋਧਨ ਇੱਕ ਵਚਨ ਹੋਣਾ ਜ਼ਰੂਰੀ ਹੁੰਦਾ ਹੈ।)

  • ਕਾਹੇ ਰੇ ਮਨ ! ‘ਚਿਤਵਹਿ’ ਉਦਮੁ; ਜਾ ਆਹਰਿ, ਹਰਿ ਜੀਉ ਪਰਿਆ ॥ (ਮ: ੫/੧੦) ਭਾਵ ਹੇ ਮਨ ! ਜਿਸ ਰਿਜ਼ਕ ਵਿੱਚ ਰੱਬ ਜੀ ਆਪ ਕਾਰਜਸ਼ੀਲ ਹਨ, ਉਸ ਬਾਬਤ ਤੂੰ ਕਿਉਂ ਚਿੰਤਾ ਕਰਦਾ ਹੈਂ ?
  • ਪੰਜ ਵਖਤ ਨਿਵਾਜ ‘ਗੁਜਾਰਹਿ’ ; ‘ਪੜਹਿ’ ਕਤੇਬ ਕੁਰਾਣਾ ॥ ਨਾਨਕੁ ਆਖੈ, ਗੋਰ ਸਦੇਈ ; ਰਹਿਓ ਪੀਣਾ ਖਾਣਾ ॥ (ਮ: ੧/੨੪) ਅਰਥ: (ਹੇ ਕਾਜ਼ੀ !) ਤੂੰ ਪੰਜੇ ਵੇਲ਼ੇ ਨਿਮਾਜ਼ ਪੜ੍ਹਦਾ ਹੈਂ, ਕੁਰਾਨ ਸਮੇਤ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਤਾਂ ਵੀ ਮੌਤ ਦਾ ਡਰ ਨਾ ਗਿਆ) ਨਾਨਕ ਆਖਦਾ ਹੈ ਕਿ ਜਦ ਕਬਰ (ਮੌਤ) ਬੁਲਾਏਗੀ ਤਾਂ ਸਾਰੇ ਪਦਾਰਥ ਇੱਥੇ ਹੀ ਰਹਿ ਜਾਣਗੇ (ਜਿਨ੍ਹਾਂ ’ਚ ਮਸਤ ਰਹਿ ਕੇ ਡਰ ਮੁਕਤ ਕਰਨ ਵਾਲ਼ੇ ਰੱਬ ਨੂੰ ਯਾਦ ਨਾ ਕਰ ਸਕਿਆ)।
  • ‘ਖਾਵਹਿ’ ‘ਖਰਚਹਿ’ ਰਲਿ ਮਿਲਿ ਭਾਈ !॥ ਤੋਟਿ ਨ ਆਵੈ, ਵਧਦੋ ਜਾਈ ॥ (ਗਉੜੀ ਮ:੫/੧੮੬) ਅਰਥ: ਹੇ ਭਾਈ ! (ਜੋ ਸੰਗਤੀ ਰੂਪ ’ਚ) ਰਲ਼-ਮਿਲ਼ ਕੇ (ਰੱਬੀ ਗੁਣ-ਅੰਮ੍ਰਿਤ) ਖਾਂਦੇ ਹਨ, ਖ਼ਰਚਦੇ ਹਨ ਭਾਵ ਵੰਡਦੇ ਹਨ (ਉਨ੍ਹਾਂ ਦਾ ਇਹ ਰੂਹਾਨੀਅਤ ਅਨੁਭਵ ਧਨ) ਵਧਦਾ ਹੀ ਜਾਂਦਾ ਹੈ, ਘਾਟ ਨਹੀਂ ਪੈਂਦੀ।

ਨਿਯਮ ਨੰਬਰ 4

ਗੁਰਬਾਣੀ ਲਿਖਤ ਮੁਤਾਬਕ ‘ਜੀਵਹ, ਕਰਹ, ਮਾਂਗਹ, ਸ੍ਰੇਵਹ, ਪੂਜਹ, ਗਾਵਹ’ ਭਾਵ ਅੰਤ ‘ਹ’ ਮੁਕਤਾ ਕਿਰਿਆਵਾਚੀ ਸ਼ਬਦ ਉੱਤਮ ਪੁਰਖ ਅਤੇ ਬਹੁ ਵਚਨ ਹਨ, ਇਨ੍ਹਾਂ ਦਾ ਉਚਾਰਨ ਬਿੰਦੀ ਸਹਿਤ ‘ਜੀਵਹਂ, ਕਰਹਂ, ਮਾਂਗਹਂ, ਸ੍ਰੇਵਹਂ, ਪੂਜਹਂ, ਗਾਵਹਂ’ ਭਾਵ ਥੋੜ੍ਹਾ ‘ਜੀਵੈਂ, ਕਰੈਂ, ਮਾਂਗੈਂ, ਆਦਿ ਵਾਙ ਦਰੁਸਤ ਹੋਏਗਾ ।

੧. ਹਮਰੈ ਸੁਆਮੀ ਲੋਚ ਹਮ ਲਾਈ; ਹਮ ‘ਜੀਵਹ’ ਦੇਖਿ ਹਰਿ ਮਿਲੇ ॥  (ਮ: ੪/੯੭੫) ਅਰਥ: ਸਾਡੇ ਮਾਲਕ-ਹਰੀ ਨੇ ਸਾਡੇ ਅੰਦਰ (ਆਪਣੇ ਮਿਲਣ ਦੀ) ਤਾਂਘ ਪੈਦਾ ਕਰ ਦਿੱਤੀ ਹੈ, ਹੁਣ ਅਸੀਂ ਉਸ ਨੂੰ ਮਿਲ ਕੇ, ਵੇਖ ਕੇ ਆਤਮਕ ਜੀਵਨ ਹਾਸਲ ਕਰਦੇ ਹਾਂ। 

੨. ਭਾਈ  ! ਹਮ ਕਰਹ ਕਿਆ  ? ਕਿਸੁ ਪਾਸਿ ਮਾਂਗਹ  ? ਸਭ ਭਾਗਿ ਸਤਿਗੁਰ ਪਿਛੈ ਪਈ ॥ (ਮ: ੪/੧੧੧੬) ਅਰਥ: ਹੇ ਭਾਈ (ਸਰਕਾਰੀ ਬਾਬੂਓ) ! ਅਸੀਂ (ਹਰਦੁਆਰਾ ਗੰਗਾ ’ਤੇ ਜੇਜ਼ੀਆ-ਟੈਕਸ ਲੈਣ ਲਈ) ਕੀਹ ਕਰੀਏ ?  ਕਿਸ ਪਾਸੋਂ ਮੰਗੀਏ ? (ਗੁਰੂ ਅਮਰਦਾਸ ਜੀ ਨਾਲ਼ ਸੰਗਤ ਹੀ ਇੰਨੀ ਹੈ ਕਿ) ਸਾਰੇ ਹਿੰਦੂ ਯਾਤ੍ਰੀ ਵੀ ਭੱਜ ਕੇ ਗੁਰੂ ਦੇ ਵੱਲ ਚਲੇ ਗਏ (ਤੇ ਸਿੱਖਾਂ ਪਾਸੋਂ ਲੈ ਨਹੀਂ ਸਕਦੇ)। 

੩. ਹਰਿ ਨਾਮੁ ਹਮ ‘ਸ੍ਰੇਵਹ’ , ਹਰਿ ਨਾਮੁ ਹਮ ‘ਪੂਜਹ’ ; ਹਰਿ ਨਾਮੇ ਹੀ ਮਨੁ ਰਾਤਾ ॥ (ਮ: ੪/੫੯੨) ਅਰਥ: ਅਸੀਂ ਹਰੀ-ਨਾਮ ਨੂੰ ਸੇਂਵਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ’ਚ ਹੀ ਸਾਡਾ ਮਨ ਰੱਤਾ ਹੋਇਆ ਹੈ।

ਨਿਯਮ ਨੰਬਰ 5

ਗੁਰਬਾਣੀ ਲਿਖਤ ਮੁਤਾਬਕ ਅੰਤ ‘ਹ’ ਮੁਕਤਾ ਨਾਂਵ ਸ਼ਬਦ ਜ਼ਿਆਦਾਤਰ ਬਹੁ ਵਚਨ ਦੇ ਪ੍ਰਤੀਕ ਹੁੰਦੇ ਹਨ ਜਿਨ੍ਹਾਂ ਵਿੱਚੋਂ ਲੁਪਤ ਸਬੰਧਕੀ ਚਿੰਨ੍ਹ ਵੀ ਮਿਲਦਾ ਹੈ; ਜਿਵੇਂ ਕਿ ਹੇਠਲੀਆਂ ਤੁਕਾਂ ’ਚ ‘ਸਾਧਹ, ਸੰਤਹ, ਜਨਹ’ ਦਾ ਉਚਾਰਨ ‘ਸਾਧਾਂ, ਸੰਤਾਂ, ਜਨਾਂ’ ਹੈ ਤੇ ਇਨ੍ਹਾਂ ਵਿੱਚੋਂ ਸਬੰਧਕੀ ਚਿੰਨ੍ਹ ਇਉਂ ਮਿਲਦੇ ਹਨ :

੧. ਸਾਧਹ ਸਰਣੀ, ਪਾਈਐ ਹਰਿ ਜੀਉ; ਗੁਣ ‘ਗਾਵਹ’ ਹਰਿ ਨੀਤਾ ਰਾਮ ॥ (ਮ: ੫/੫੪੩) ਅਰਥ: (ਹੇ ਭਾਈ !) ਗੁਰਮੁਖਾਂ ਦੀ ਸ਼ਰਨ ਪਿਆਂ ਹਰੀ ਜੀ ਮਿਲ ਪੈਂਦਾ ਹੈ, ਜਿਸ ਉਪਰੰਤ ਅਸੀਂ ਸਦਾ ਹਰੀ-ਰਾਮ ਦੇ ਗੁਣ ਗਾਂਦੇ ਹਾਂ।

੨.  ਸੰਤਹ ਸੰਗਿ ਬੈਸਿ ਗੁਨ ਗਾਇ ॥ ਤਾ ਕਾ ਰੰਗੁ; ਨ ਉਤਰੈ ਜਾਇ ॥ (ਮ: ੫/੧੯੪) ਅਰਥ: (ਜੋ) ਸੰਤਾਂ ਨਾਲ਼ ਬੈਠ ਕੇ ਰੱਬੀ ਗੁਣ ਗਾਂਦਾ ਹੈ, ਉਸ ਦਾ ਰੱਬੀ ਪ੍ਰੇਮ-ਰੰਗ ਮੁੜ ਉਤਰਦਾ ਨਹੀਂ ਭਾਵ ਪੱਕਾ ਹੁੰਦਾ ਹੈ।

੩. ਪੈਜ ਰਾਖਹੁ ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ॥ (ਸਦ/੯੨੩) ਅਰਥ: ਹੇ ਹਰੀ ! ਆਪਣੇ ਸੇਵਕਾਂ ਦੀ ਲਾਜ ਰੱਖ ਤੇ ਆਪਣਾ ਪ੍ਰਕਾਸ਼ਮਈ ਨਾਮ ਬਖ਼ਸ਼।

(ਨੋਟ : ਉਕਤ ਤਿੰਨੇ ਤੁਕਾਂ ਦੇ ਨਾਂਵ ਸ਼ਬਦਾਂ ‘ਸਾਧਹ, ਸੰਤਹ, ਜਨਹ’ ’ਚੋਂ ਤਰਤੀਬਵਾਰ ‘ਸਾਧਾਂ ਦੀ (ਸੰਗਤ), ਸੰਤਾਂ ਨਾਲ਼, ਜਨਾਂ ਦੀ’ ਸਬੰਧਕੀ ਲੁਪਤ ਚਿੰਨ੍ਹ ਵੀ ਮਿਲਦੇ ਹਨ। ਇਨ੍ਹਾਂ ਦਾ ਸਰੂਪ ਇੱਕ ਵਚਨ ‘ਖ਼ਾਲਸਹ’ ਵਾਙ ਹੈ, ਜਿਸ ਦਾ ਉਚਾਰਨ ‘ਖ਼ਾਲਸਾ’ ਕੀਤਾ ਜਾਂਦਾ ਹੈ।)

—ਚਲਦਾ—