ਅਰਦਾਸ
ਕੁਝ ਵਸਤੂਆਂ ਯਤਨ ਨਾਲ, ਮਿਹਨਤ ਨਾਲ ਮਿਲਦੀਆਂ ਹਨ; ਨਾ ਮਿਹਨਤ ਕਰੀਏ ਤਾਂ ਨਹੀਂ ਮਿਲਦੀਆਂ। ਮਿਹਨਤ ਨਾਲ ਜੋ ਮਿਲਦਾ ਹੈ, ਉਸ ਦੀ ਸੀਮਾ ਹੈ। ਪ੍ਰਮਾਤਮਾ ਅਸੀਮ ਹੈ; ਅਗਰ ਉਹ ਵੀ ਮਿਹਨਤ ਨਾਲ ਮਿਲੇ ਤਾਂ ਪ੍ਰਮਾਤਮਾ ਦੀ ਸੀਮਾ ਹੋ ਗਈ ਤੇ ਪ੍ਰਮਾਤਮਾ ਨਾਲੋਂ ਸਾਡੀ ਮਿਹਨਤ ਵੱਡੀ ਹੋਵੇਗੀ; ਪ੍ਰਮਾਤਮਾ ਛੋਟਾ ਹੋ ਜਾਵੇਗਾ। ਮਿਹਨਤ ਪ੍ਰਮਾਤਮਾ ਦਾ ਮੁੱਲ ਹੋਵੇਗੀ। ਜਿਸ ਦਾ ਮੁੱਲ ਹੈ, ਫਿਰ ਉਹ ਅਮੁੱਲ ਨਹੀਂ ਹੋ ਸਕਦਾ।
ਇਸ ਦਾ ਇਹ ਮਤਲਬ ਨਹੀਂ ਹੈ ਕਿ ਮਿਹਨਤ ਦੀ ਲੋੜ ਹੀ ਨਹੀਂ। ਮਿਹਨਤ ਤਾਂ ਕਰਨੀ ਪਵੇਗੀ। ਨਾਮ ਜਪਣ ਵਾਸਤੇ ਨਾਮ-ਅਭਿਆਸੀ ਵੱਡੀ ਘਾਲਣਾ ਘਾਲਦੇ ਹਨ। ਨਾਮ ਜਪਣ ਤੋਂ ਵੱਡੀ ਹੋਰ ਕੋਈ ਘਾਲਣਾ ਨਹੀਂ ਹੋ ਸਕਦੀ : ‘‘ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥’’ (ਜਪੁ ਜੀ ਸੋਲਕ ਪੰਨਾ ੮) ਪਰ ਮੁਸ਼ੱਕਤ ਕਰ ਕੇ, ਘਾਲਣਾ ਘਾਲ ਕੇ, ਸਿਰਫ਼ ਇਤਨਾ ਪਤਾ ਚਲਦਾ ਹੈ ਕਿ ਉਹ ਸਿਰਫ਼ ਘਾਲਣਾ ਨਾਲ ਨਹੀਂ ਮਿਲਦਾ, ਇਸ ਦਾ ਬੋਧ ਘਾਲਣਾ ਘਾਲ ਕੇ, ਮਿਹਨਤ ਕਰ ਕੇ ਪਤਾ ਚਲਦਾ ਹੈ : ‘‘ਘਾਲ ਨ ਮਿਲਿਓ, ਸੇਵ ਨ ਮਿਲਿਓ; ਮਿਲਿਓ ਆਇ ਅਚਿੰਤਾ ॥’’ (ਧਨਾਸਰੀ ਮ: ੫, ਪੰਨਾ ੬੭੨)
ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ ਹੈ, ਬਖ਼ਸ਼ਸ਼ ਨਾਲ ਮਿਲਦਾ ਹੈ। ਬਖ਼ਸ਼ਸ਼ ਲਈ ਤਾਂ ਕੇਵਲ ਅਰਦਾਸ ਹੀ ਕੀਤੀ ਜਾ ਸਕਦੀ ਹੈ। ਵਾਸ਼ਨਾ ਕਰ ਕੇ ਜਗਤ ਨਾਲ ਸਬੰਧ ਜੁੜਦਾ ਹੈ, ਪ੍ਰਾਰਥਨਾ (ਅਰਦਾਸ) ਕਰ ਕੇ ਜਗਤ ਦੇ ਕਰਤੇ ਨਾਲ ਸਬੰਧ ਜੁੜਦਾ ਹੈ ਤੇ ਜਿਤਨੀ ਮਿਹਨਤ ਕਰਦਾ ਹੈ ਉਤਨੀ ਮਨੁੱਖ ਘਾਲਣਾ ਘਾਲਦਾ ਹੈ ਤੇ ਜਿਤਨੀ ਮਿਹਨਤ ਕਰਦਾ ਹੈ ਉਤਨਾ ਸੰਸਾਰ ਵਿੱਚ ਉੱਨਤ ਹੋ ਜਾਂਦਾ ਹੈ। ਅਗਾਂਹ ਵਧ ਜਾਂਦਾ ਹੈ। ਜੋ ਮਾਰਗ ਸੰਸਾਰ ਵਿੱਚ ਬੁਲੰਦੀਆਂ ’ਤੇ ਲੈ ਜਾਂਦਾ ਹੈ, ਉਹੀ ਪ੍ਰਮਾਰਥ ਵਿੱਚ ਢਹਿੰਦੀ ਕਲਾ ਦਾ ਕਾਰਨ ਬਣਦਾ ਹੈ।
ਜਗਤ ਵਿੱਚ ਝੂਠ ਅਗਾਂਹ ਵਧ ਜਾਂਦਾ ਹੈ। ਬੇਈਮਾਨ, ਕਾਫ਼ੀ ਵਿਕਾਸ ਕਰ ਲੈਦਾ ਹੈ, ਪਰ ਧਾਰਮਿਕ ਦੁਨੀਆਂ ਵਿੱਚ ਇਸੇ ਝੂਠ ਦੇ ਆਸਰੇ ਮਿਲੇ ਵਿਕਾਸ ਕਰ ਕੇ ਪੱਛੜ ਜਾਂਦਾ ਹੈ। ਅਰਦਾਸ ਦਾ ਅੰਦਰ ਜਨਮ ਹੋ ਸਕੇ, ਪ੍ਰਾਰਥਨਾ ਪ੍ਰਾਣਾਂ ਵਿੱਚੋਂ ਨਿਕਲ ਸਕੇ, ਧਾਰਮਿਕ ਘਾਲਣਾ ਸਿਰਫ਼ ਇਸ ਵਾਸਤੇ ਹੈ। ਜਪ ਕਰਨਾ, ਤਪ ਕਰਨਾ, ਸੇਵਾ ਕਰਨੀ, ਦਾਨ-ਪੁੰਨ ਕਰਨਾ, ਨਿੱਤਨੇਮ ਇਤਿਆਦਿਕ ਸਿਰਫ਼ ਅਰਦਾਸ ਪੈਦਾ ਕਰਨ ਵਾਸਤੇ ਹਨ। ਅਰਦਾਸ ਦੇ ਫੁੱਲ ਵਿੱਚੋਂ ਪ੍ਰਮਾਤਮਾ ਦਾ ਫਲ਼ ਨਿਕਲਦਾ ਹੈ। ਕਈ ਆਪਣੀ ਘਾਲਣਾ ਦੇ ਬੀਜ ਨੂੰ ਹੀ ਸਭ ਕੁਛ ਸਮਝ ਲੈਂਦੇ ਹਨ ਤੇ ਇੰਝ ਇਨ੍ਹਾਂ ਦਾ ਘਾਲਣਾ-ਰੂਪੀ ਬੀਜ ਨਿਸਫਲ ਚਲਾ ਜਾਂਦਾ ਹੈ। ਬੀਜ ਨੂੰ ਅਨੁਕੂਲ ਧਰਤੀ ਮਿਲੇ, ਪਾਣੀ ਖਾਦ ਮਿਲੇ, ਦੇਖ-ਰੇਖ ਹੋਵੇ ਤਾਂ ਪ੍ਰਫੁਲਿਤ ਹੋਵੇਗਾ। ਘਾਲਣਾ (ਮਿਹਨਤ) ਦੇ ਬੀਜ ਨੂੰ ਹੀ ਸਿਰਫ਼ ਹਥੇਲੀ ’ਤੇ ਰੱਖੀ ਫਿਰਨਾ ਇਹ ਬੀਜ ਨੂੰ ਅਜਾਈਂ ਗੁਆਉਣਾ ਹੈ। ਅੱਜ ਤੱਕ ਬ੍ਰਹਮ-ਗਿਆਨੀ ਭਗਤਾਂ ਨੇ ਇਹੀ ਆਖਿਆ ਹੈ ਕਿ ਸਾਨੂੰ ਅਕਾਲ ਪੁਰਖ ਮਿਲਿਆ ਹੈ, ਪਰ ਇਨ੍ਹਾਂ ਘਾਲਣਾ ਕਠਨ ਘਾਲੀ ਹੁੰਦੀ ਹੈ।
ਗੁਰੂ ਘਰ ਵਿੱਚ ਕੀਰਤਨ, ਕਥਾ, ਨਿੱਤਨੇਮ ਪਿੱਛੋਂ ਅਰਦਾਸ ਲਾਜ਼ਮੀ ਹੈ। ਕੀਰਤਨ, ਨਿੱਤਨੇਮ ਦੀ ਸ਼ਾਖਾ ਵਿੱਚੋਂ ਅਰਦਾਸ ਰੂਪ ਫੁੱਲ ਨਿਕਲਦਾ ਹੈ, ਇਸ ਲਈ ਅਰਦਾਸ ਅਖ਼ੀਰ ਵਿੱਚ ਹੈ। ਅਰਦਾਸ ਦਾ ਮਤਲਬ ਹੈ ਹੇ ਅਕਾਲ ਪੁਰਖ ! ਅਸੀਂ ਜੋ ਕਰ ਸਕਦੇ ਸੀ ਕੀਤਾ ਹੈ, ਹੁਣ ਤੂੰ ਆਪਣੀ ਮਿਹਰ ਕਰ, ਆਪਣੀ ਰਹਿਮਤ ਕਰ, ਸਾਡੇ ਕੋਲ ਐਸਾ ਕੁਛ ਵੀ ਨਹੀਂ ਹੈ ਜਿਸ ਨਾਲ ਤੇਰਾ ਮੁੱਲ ਪਾ ਸਕੀਏ। ਵੱਡੀਆਂ-ਵੱਡੀਆਂ ਘਾਲਣਾ ਘਾਲਣ ਵਾਲੇ ਹੱਥ ਜੋੜ ਅਰਦਾਸ ਹੀ ਕਰਦੇ ਰਹੇ ਹਨ।
ਅਸੀਂ ਉਸ ਅਬਿਨਾਸ਼ੀ ਸ਼ਕਤੀ ਅੱਗੇ ਹੁਕਮ ਨਹੀਂ ਕਰ ਸਕਦੇ। ਮੁੱਲ ਨਹੀਂ ਪਾ ਸਕਦੇ, ਜੇ ਮੁੱਲ ਪਾ ਦਿੱਤਾ, ਤਾਂ ਉਹ ਸਾਡੀ ਪਕੜ ਵਿੱਚ ਆ ਗਿਆ। ਜੋ ਪਕੜ ਵਿੱਚ ਆ ਗਿਆ, ਉਸ ਨੂੰ ਪੂਜਣ ਦੀ ਲੋੜ ਨਹੀਂ। ਪੂਜਾ ਤਾਂ ਅਸੀਮ ਦੀ ਹੁੰਦੀ ਹੈ ਤੇ ਅਸੀਮ ’ਤੇ ਹੁਕਮ ਨਹੀਂ ਕੀਤਾ ਜਾ ਸਕਦਾ : ‘‘ਨਾਨਕ ! ਹੁਕਮੁ ਨ ਚਲਈ, ਨਾਲਿ ਖਸਮ ਚਲੈ ਅਰਦਾਸਿ ॥’’ (ਆਸਾ ਕੀ ਵਾਰ ਮ: ੧ ਪੰਨਾ ੪੭੪)
ਕੀਤਾ ਹੋਇਆ ਜਪ, ਤਪ ਅਗਰ ਅਰਦਾਸ ਤੱਕ ਨਹੀਂ ਅੱਪੜਿਆ ਤਾਂ ਸਭ ਵਿਅਰਥ ਚਲਾ ਜਾਂਦਾ ਹੈ, ਪਰ ਇਸ ਕੀਤੇ ਹੋਏ ਜਪ, ਤਪ ਤੋਂ ਜਦ ਅਰਦਾਸ ਦਾ ਜਨਮ ਹੁੰਦਾ ਹੈ ਤਾਂ ਉਹ ਅਰਦਾਸ ਕਤਈ ਵਿਅਰਥ ਨਹੀਂ ਜਾਂਦੀ : ‘‘ਬਿਰਥੀ ਕਦੇ ਨ ਹੋਵਈ, ਜਨ ਕੀ ਅਰਦਾਸਿ ॥’’ (ਬਿਲਾਵਲੁ ਮ: ੫, ਪੰਨਾ ੮੧੯)
ਅਰਦਾਸ ਜਦ ਪ੍ਰਾਣਾਂ ਵਿੱਚੋਂ ਨਿਕਲੇ, ਰੋਮ-ਰੋਮ; ਪ੍ਰਾਰਥਨਾ ਵਿੱਚ ਜੁਟ ਜਾਏ ਤਾਂ ਐਸੀ ਪ੍ਰਾਰਥਨਾ ਵਿੱਚੋਂ ਪ੍ਰਮਾਤਮਾ ਮਿਲਦਾ ਹੈ। ਅਰਦਾਸ ਖੜ੍ਹੇ ਹੋ ਕੇ ਕਰਨੀ ਹੈ। ਹੱਥ ਜੁੜ ਜਾਣ ਦੀਨ-ਭਾਵ ਅੰਦਰ ਪੈਦਾ ਹੋਵੇ ਤਾਂ ਐਸੀ ਅਰਦਾਸ ਕਬੂਲ ਹੋ ਜਾਂਦੀ ਹੈ : ‘‘ਆਪੇ ਜਾਣੈ ਕਰੇ ਆਪਿ, ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ! ਖਲਿਇ ਕੀਚੈ ਅਰਦਾਸਿ ॥ (ਮਾਰੂ ਵਾਰ:੧ ਮ: ੨, ਪੰਨਾ ੧੦੯੩), ਦੁਇ ਕਰ ਜੋੜਿ, ਕਰਉ ਅਰਦਾਸਿ ॥ ਤੁਧੁ ਭਾਵੈ, ਤਾ ਆਣਹਿ ਰਾਸਿ ॥’’ (ਸੂਹੀ ਮ: ੫, ਪੰਨਾ ੭੩੭)
ਜਿੱਥੇ ਮਨੁੱਖ ਆਪਣੇ ਆਪ ਨੂੰ ਪੂਰਨ ਤੌਰ ’ਤੇ ਅਸਹਾਇ, ਮਜਬੂਰ ਪਾਂਦਾ ਹੈ, ਕੋਈ ਵੱਸ ਨਹੀਂ ਚਲਦਾ, ਜੋ ਕੁਛ ਕੀਤਾ ਹੈ, ਉਸ ਦਾ ਕੋਈ ਮੁੱਲ ਨਹੀਂ ਦਿਖਾਈ ਦੇਂਦਾ ਹੈ ਤਾਂ ਐਸੀ ਹਾਲਤ ਵਿੱਚ ਅਰਦਾਸ ਜਨਮ ਲੈਂਦੀ ਹੈ।
ਪ੍ਰਯਤਨ ਨਾਲ ਸੰਸਾਰ ਮਿਲਦਾ ਹੈ, ਪਰ ਪ੍ਰਸਾਦ ਨਾਲ, ਬਖ਼ਸ਼ਸ਼ ਨਾਲ ਹੀ ਕਰਤਾਰ ਮਿਲਦਾ ਹੈ ਤੇ ਬਖ਼ਸ਼ਸ਼ ਅਰਦਾਸੀਏ ’ਤੇ ਹੁੰਦੀ ਹੈ। ਅਰਦਾਸ ਵਿੱਚ ਅਗਰ ਸੰਸਾਰ ਦੀ ਮੰਗ ਹੈ ਤਾਂ ਉਹ ਵੀ ਅਰਦਾਸ ਨਹੀਂ ਹੈ। ਅਰਦਾਸ ਵਿੱਚ ਧੰਨਵਾਦ ਚਾਹੀਦਾ ਹੈ। ਧੰਨਵਾਦੀ ਹਿਰਦਾ ਅਰਦਾਸ ਕਰ ਸਕਦਾ ਹੈ। ਗਿਲਿਆਂ ਨਾਲ ਜੋ ਭਰਿਆ ਹੈ, ਉਸ ਦੇ ਪ੍ਰਾਣਾਂ ਵਿੱਚੋਂ ਅਰਦਾਸ ਨਹੀਂ ਨਿਕਲ ਸਕਦੀ।
ਹੇ ਅਕਾਲ ਪੁਰਖ ! ਤੂੰ ਮਨੁੱਖਾ ਜਨਮ ਦਿੱਤਾ, ਜੀਵਨ ਬਤੀਤ ਕਰਨ ਦੇ ਵਸੀਲੇ ਦਿੱਤੇ, ਸਤਿਸੰਗ ਦਿੱਤਾ, ਮਾਂ-ਬਾਪ ਦਿੱਤੇ, ਪਵਨ ਪਾਣੀ ਦਿੱਤਾ, ਸੂਰਜ ਦੀ ਅਗੰਮੀ ਰੌਸ਼ਨੀ ਦਿੱਤੀ। ਮੈਂ ਤਾਂ ਤੁੱਛ ਹਾਂ, ਯੋਗਤਾ ਮੇਰੀ ਕੁਛ ਵੀ ਨਹੀਂ, ਤੂੰ ਮਿਹਰਵਾਨ ਹੈਂ, ਬਹੁਤ ਬਖ਼ਸ਼ਿੰਦ ਹੈਂ, ਇਹ ਸਭ ਕੁਛ ਤੇਰੀ ਬਖ਼ਸ਼ਸ਼ ਹੈ। ਇਹ ਸ਼ੁਕਰਾਨਾ-ਭਾਵ ਬਣਿਆ ਰਹੇ, ਅਕਾਲ ਪੁਰਖ ਐਸੀ ਬੁਧ ਦੇਵੇ, ਆਦਿਕ।
ਜਦ ਇਸ ਢੰਗ ਨਾਲ ਧੰਨਵਾਦ ਦਾ ਭਾਵ ਅੰਦਰੋਂ ਉਪਜਦਾ ਹੈ ਤਾਂ ਅਰਦਾਸ ਕਬੂਲ ਹੋ ਜਾਂਦੀ ਹੈ ਤੇ ਅਰਦਾਸ ਦੇ ਇਸ ਫੁੱਲ ਵਿੱਚੋਂ ਮਿਲਾਪ ਦਾ ਫਲ਼ ਨਿਕਲ ਆਂਵਦਾ ਹੈ। ਜੀਵਨ ਧੰਨ-ਧੰਨ ਹੋ ਜਾਂਦਾ ਹੈ। ਸ਼ੁਕਰਾਨੇ ਦਾ ਭਾਵ ਅਤੇ ਪਰਉਪਕਾਰੀ ਬਿਰਤੀ ਰੱਖਣ ਵਾਲੇ ਜਦ ਵੀ ਅਰਦਾਸ ਕਰਦੇ ਹਨ ਤਾਂ ਅਕਾਲ ਪੁਰਖ ਸੁਣਦਾ ਹੈ ਤੇ ਆਪਣੀ ਨੇੜਤਾ ਬਖ਼ਸ਼ਦਾ ਹੈ : ‘‘ਸਤੁ ਸੰਤੋਖੁ ਹੋਵੈ ਅਰਦਾਸਿ॥ ਤਾ ਸੁਣਿ, ਸਦਿ ਬਹਾਲੇ ਪਾਸਿ ॥’’ (ਰਾਮਕਲੀ ਮ: ੧, ਪੰਨਾ ੮੭੮)