ਕਬਿੱਤ ਨੰਬਰ 48 (ਭਾਈ ਗੁਰਦਾਸ ਜੀ)
ਚਰਨ ਸਰਨਿ ਮਨ ਬਚ ਕ੍ਰਮ ਹੁਇ ਇਕਤ੍ਰ ਤਨ, ਤ੍ਰਿਭਵਨ ਗਤਿ ਅਲਖ ਲਖਾਈ ਹੈ।
ਮਨ ਬਚ ਕਰਮ, ਕਰਮ ਮਨ ਬਚਨ ਕੈ, ਬਚਨ ਕਰਮ ਮਨ ਉਨਮਨੀ ਛਾਈ ਹੈ ।
ਗਿਆਨੀ ਧਿਆਨੀ ਕਰਨੀ ਜਿਉ ਗੁਰ ਮਹੂਆ ਕਮਾਦ, ਨਿਝਰ ਅਪਾਰ ਧਾਰ ਭਾਠੀ ਕੈ ਚੁਆਈ ਹੈ ।
ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੁਇ, ਗੁਰਮੁਖਿ ਸੰਧਿ ਮਿਲੇ ਸਹਜ ਸਮਾਈ ਹੈ ॥੪੮॥
ਸ਼ਬਦ ਅਰਥ: ਉਨਮਨੀ=ਉੱਚੀ ਆਤਮਕ ਅਵਸਥਾ।, ਗੁਰ=ਗੁੜ।, ਮਹੂਆ=ਬ੍ਰਿਛ ਦੇ ਫੁਲ਼।, ਕਮਾਦ= ਗੰਨਾ।
ਅਰਥ: ਗੁਰੂ ਚਰਨਾਂ ਨਾਲ ਮਨ, ਬਚਨ ਤੇ ਕਰਮ ਕਰ ਕੇ ਜੁੜਨ ਨਾਲ ਸਿੱਖ ਨੂੰ ਤਿੰਨਾਂ ਭਵਨਾਂ ਦਾ ਗਿਆਨ ਆਪਣੇ ਸ਼ਰੀਰ ਅੰਦਰ ਹੋ ਜਾਂਦਾ ਹੈ ਅਤੇ ਉਹ ਅਲੱਖ ਪ੍ਰਮਾਤਮਾ ਨੂੰ ਜਾਣ ਲ਼ੈਂਦਾ ਹੈ। ਉਸ ਦੀ ਅਵਸਥਾ ਇਤਨੀ ਉੱਚੀ ਹੋ ਜਾਂਦੀ ਹੈ ਕਿ ਉਸ ਦੇ ਮਨ, ਬਚਨ ਤੇ ਕਰਮ ਵਿੱਚ ਵੀ ਗੁਣਾਂ ਭਰਪੂਰ ਹਾਲਤ ਬਣੀ ਰਹਿੰਦੀ ਹੈ ਭਾਵ ਇਹ ਕਿ ਉਸ ਦਾ ਮਨ ਨਿਰਮਲ ਹੋ ਜਾਂਦਾ ਹੈ, ਬਚਨਾਂ ਵਿੱਚ ਮਿਠਾਸ ਆ ਜਾਂਦੀ ਹੈ ਅਤੇ ਕਰਮ ਪਵਿੱਤਰ ਹੋ ਜਾਂਦੇ ਹਨ; ਜਿਵੇਂ ਗੁੜ, ਮਹੂਏ ਤੇ ਗੰਨੇ ਦੀ ਸ਼ਰਾਬ ਕੱਢੀ ਜਾਂਦੀ ਹੈ ਉਸੀ ਪ੍ਰਕਾਰ ਸਿੱਖ ਗੁਰੂ ਦੇ ਗਿਆਨ ਵਿੱਚ ਧਿਆਨ ਲਾ ਕੇ ਗੁਰੂ ਦੇ ਸ਼ਬਦ ਦਾ ਰੇੜਕਾ ਲਾ ਕੇ ਨਾਮ ਰੂਪੀ ਅੰਮ੍ਰਿਤ ਦੀ ਧਾਰ ਦਾ ਆਨੰਦ ਮਾਣਦਾ ਹੈ। ਇਸ ਤਰ੍ਹਾਂ ਉਹ ਅੰਮ੍ਰਿਤ ਦਾ ਖ਼ਜ਼ਾਨਾ ਪ੍ਰਾਪਤ ਕਰ ਕੇ ਤੇ ਅੰਮ੍ਰਿਤ ਪੀ ਪੀ ਕੇ ਤ੍ਰਿਪਤ ਹੋ ਜਾਂਦਾ ਹੈ ਅਤੇ ਸਹਿਜ ਅਵਸਥਾ ਵਿੱਚ ਉਸ ਦਾ ਟਿਕਾਣਾ ਬਣ ਜਾਂਦਾ ਹੈ।
ਜੋਗੀ ਲੋਕ ਸ਼ਰਾਬ ਪੀ ਕੇ ਸਮਾਧੀ ਲਾਉਂਦੇ ਹਨ ਪਰ ਗੁਰਮਤਿ ਸ਼ਰਧਾ ਤੇ ਸਿਦਕ ਨਾਲ ਸ਼ਬਦ ਦਾ ਅਭਿਆਸ ਕਰਨ ਵਿੱਚ ਭਰੋਸਾ ਦਿਵਾਉਂਦੀ ਹੈ। ਜਦੋਂ ਤੱਕ ਸ਼ਰੀਰ ਦੇ ਅੰਦਰ ਮਾਇਕੀ ਪਦਾਰਥਾਂ ਦੀ ਤ੍ਰਿਸ਼ਨਾ ਮੌਜੂਦ ਹੈ ਉਦੋਂ ਤਕ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਵਿਕਾਰ ਮਨ ਵਿੱਚ ਹਲਚਲ ਮਚਾਈ ਰੱਖਦੇ ਹਨ ਅਤੇ ਸਮਾਧੀ ਵਿੱਚ ਮਨ ਨੂੰ ਟਿਕਣ ਨਹੀਂ ਦਿੰਦੇ। ਮਤਿ ਨੂੰ ਮਾਰਨ ਵਾਲੀ ਝੂਠੀ ਸ਼ਰਾਬ ਗੁੜ, ਮਹੂਏ ਦੇ ਫੁਲ਼ਾਂ ਆਦਿ ਤੋਂ ਬਣਦੀ ਹੈ, ਪਰ ਨਾਮ ਰੂਪੀ ਸੱਚੀ ਸ਼ਰਾਬ ਤਿਆਰ ਕਰਨ ਲਈ ਗਿਆਨ, ਧਿਆਨ ਤੇ ਰੱਬੀ ਭਉ; ਮਨ ਵਿੱਚ ਟਿਕਾਉਣਾ ਪੈਂਦਾ ਹੈ। ਕਬੀਰ ਸਾਹਿਬ ਦਾ ਰਾਮਕਲੀ ਰਾਗ ਵਿੱਚ ਇਕ ਸ਼ਬਦ ਸੱਚੀ ਸ਼ਰਾਬ ਕੱਢਣ ਦਾ ਤਰੀਕਾ ਦੱਸਦਾ ਹੈ। ਕਹਿੰਦੇ ਹਨ ਕਿ ਆਤਮਕ ਗਿਆਨ ਨੂੰ ਗੁੜ, ਧਿਆਨ ਨੂੰ ਮਹੂਏ ਦੇ ਫੁਲ਼ ਅਤੇ ਪ੍ਰਮਾਤਮਾ ਦੇ ਨਿਰਮਲ ਡਰ ਨੂੰ ਭੱਠੀ ਬਣਾ ਕੇ ਆਪਣੇ ਮਨ ਵਿੱਚ ਪ੍ਰਭੂ ਨੂੰ ਟਿਕਾਣ ਨਾਲ ਸੱਚੀ ਸ਼ਰਾਬ ਬਣਦੀ ਹੈ ਜਿਸ ਦੇ ਪੀਣ ਨਾਲ ਮਨ ਦੀ ਅਡੋਲ ਅਵਸਥਾ ਬਣ ਜਾਂਦੀ ਹੈ। ਨਾਮ ਰੂਪੀ ਸ਼ਰਾਬ ਦੇ ਪੀਤਿਆਂ ਸੰਸਾਰ ਵੱਲੋਂ ਬਿਰਤੀ ਟੁੱਟ ਕੇ ਨਿਰੰਕਾਰ ਨਾਲ ਜੁੜ ਜਾਂਦੀ ਹੈ, ‘‘ਗੁੜੁ ਕਰਿ ਗਿਆਨੁ, ਧਿਆਨੁ ਕਰਿ ਮਹੂਆ; ਭਉ ਭਾਠੀ ਮਨ ਧਾਰਾ॥ ਸੁਖਮਨ ਨਾਰੀ ਸਹਜ ਸਮਾਨੀ; ਪੀਵੈ ਪੀਵਨਹਾਰਾ॥’’ (ਭਗਤ ਕਬੀਰ ਜੀ/ਅੰਕ ੯੬੯)
ਗੁਰੂ ਨਾਨਕ ਦੇਵ ਜੀ ਵੀ ਆਸਾ ਰਾਗ ਵਿੱਚ ਜੋਗੀ ਨੂੰ ਸਮਝਾਉਂਦੇ ਹੋਏ ਆਖਦੇ ਹਨ; ਹੇ ਜੋਗੀ ! ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ਼ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿੱਚ) ਰਲ਼ਾ ਦੇ। ਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ ਚਰਨਾਂ ਵਿੱਚ ਪਿਆਰ ਜੋੜ-ਇਹ ਹੈ ਉਹ ਠੰਢਾ ਪੋਚਾ ਜੋ ਅਰਕ ਵਾਲੀ ਨਾਲੀ ਉੱਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿੱਚੋਂ (ਅਟੱਲ ਆਤਮਕ ਜੀਵਨ ਦੇਣ ਵਾਲ਼ਾ) ਅੰਮ੍ਰਿਤ ਨਿਕਲੇਗਾ। ਉਸ ਨੂੰ ਪੀਆ ਕਰ ਤਾਂ ਕਿ ਨਾਮ ਦੀ ਖੁਮਾਰੀ ਸਦਾ ਚੜ੍ਹੀ ਰਹੇ, ‘‘ਗੁੜੁ ਕਰਿ ਗਿਆਨੁ, ਧਿਆਨੁ ਕਰਿ ਧਾਵੈ; ਕਰਿ ਕਰਣੀ ਕਸੁ ਪਾਈਐ॥ ਭਾਠੀ ਭਵਨੁ, ਪ੍ਰੇਮ ਕਾ ਪੋਚਾ; ਇਤੁ ਰਸਿ, ਅਮਿਉ ਚੁਆਈਐ॥੧॥ ਬਾਬਾ ! ਮਨੁ ਮਤਵਾਰੋ ਨਾਮ ਰਸੁ ਪੀਵੈ; ਸਹਜ ਰੰਗ ਰਚਿ ਰਹਿਆ॥’’ (ਮ:੧/ਅੰਕ ੩੬੦)
ਭਾਈ ਗੁਰਦਾਸ ਜੀ ਗੁਰਬਾਣੀ ਦੇ ਇਸੇ ਸਿਧਾਂਤ ਨੂੰ ਆਪਣੇ ਉੱਪਰ ਲਿੱਖੇ ਕਬਿੱਤ ਵਿੱਚ ਦ੍ਰਿੜ੍ਹ ਕਰਾਉਂਦੇ ਹਨ। ਹੋਛੇ ਨਸ਼ੇ ਪੀ ਕੇ ਸਮਾਧੀ ਲਾਉਣੀ ਮਨੁੱਖਾ ਜਨਮ ਨੂੰ ਜੂਏ ਵਿੱਚ ਹਾਰ ਜਾਣ ਵਾਂਗ ਹੈ। ਸਿਧਾਂਤ ਇਹ ਹੈ ਕਿ ਸੱਚੇ ਨਾਮ ਵਿੱਚ ਰੱਤਾ ਹੋਇਆ ਜੀਵ ਹੀ ਅਸਲੀ ਰਸਿਕ ਬੈਰਾਗੀ ਤੇ ਤਿਆਗੀ ਹੈ। ਉਹ ਹੀ ਸਹਿਜ ਜੋਗੀ ਹੈ, ਜੋ ਸਦਾ ਨਾਮ ਦੀ ਮਸਤੀ ਵਿੱਚ ਖੀਵਾ ਰਹਿੰਦਾ ਹੈ।