ਕਬਿੱਤ ਨੰਬਰ 47 (ਭਾਈ ਗੁਰਦਾਸ ਜੀ)

0
389

ਕਬਿੱਤ ਨੰਬਰ 47 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ ਕਰਨਾਲ-94164-05173

ਸ਼ਬਦ ਅਰਥ: ਗੰਮਿਤਾ=ਪਹੁੰਚ।, ਤ੍ਰਿਕਾਲ=ਤਿੰਨ ਕਾਲ ਭਾਵ ਭੂਤ, ਵਰਤਮਾਨ ਤੇ ਭਵਿੱਖਤ ਕਾਲ।, ਤ੍ਰਿਭਵਨ=ਤਿੰਨ ਭਵਨ ਭਾਵ ਧਰਤੀ, ਆਕਾਸ਼ ਤੇ ਪਾਤਾਲ।, ਸੁਧਿ=ਸੋਝੀ।, ਅਗਮ=ਪਹੁੰਚ ਤੋਂ ਪਰੇ।, ਅਗਾਧਿ=ਜਿਸ ਦੀ ਥਾਹ ਨਾ ਪਾਈ ਜਾ ਸਕੇ।, ਦਿਸੰਤਰ= ਦੇਸ਼ ਦੇਸ਼ਾਂਤਰ। ਨਿਰੰਤਰੀ=ਲਗਾਤਾਰ।, ਪਿੰਡ=ਸ਼ਰੀਰ।, ਪ੍ਰਾਨਪਤਿ=ਪ੍ਰਾਣਾਂ ਦਾ ਪਤੀ ਭਾਵ ਪ੍ਰਭੂ।, ਸੰਧਿ=ਮਿਲਾਪ।, ਸੋਹੰ=ਮੈਂ ਉਹ ਹਾਂ।

ਅਰਥ: ਗੁਰਸਿੱਖ ਜਦੋਂ ਮਨ ਕਰ ਕੇ, ਬਚਨ ਕਰ ਕੇ, ਕਰਮ ਕਰ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਂਦਾ ਹੈ ਤਾਂ ਉਸ ਦੀ ਪਹੁੰਚ ਤਿੰਨਾਂ ਕਾਲਾਂ ਵਿੱਚ ਹੋ ਜਾਂਦੀ ਹੈ ਅਤੇ ਉਸ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਆਉਂਦੀ ਹੈ।  ਇਸ ਤਰ੍ਹਾਂ ਉਹ ਸਹਿਜ ਸਮਾਧ ਵਿੱਚ ਲੀਨ ਹੋ ਕੇ ਪ੍ਰਭੂ ਦੀ ਅਕੱਥ ਕਥਾ ਨੂੰ ਜਾਣ ਲੈਂਦਾ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ ਅਤੇ ਜੋ ਦੇਸ਼ਾਂ ਦੇਸ਼ਾਂਤਰਾਂ ਵਿੱਚ ਲਗਾਤਾਰ ਇਕ ਰਸ ਵਿਆਪਕ ਹੈ।  ਗੁਰਸਿੱਖ ਦਾ ਉਸ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ, ਜਿਸ ਵਿੱਚ ਉਸ ਦੀ ਲਿਵ ਲੱਗੀ ਰਹਿੰਦੀ ਹੈ ਭਾਵ ਉਹ ਪ੍ਰਮਾਤਮਾ ਨਾਲ ਇਕ ਮਿਕ ਹੋਇਆ ਰਹਿੰਦਾ ਹੈ ਜੋ ਸਭ ਦੇ ਸ਼ਰੀਰ ਤੇ ਪ੍ਰਾਣਾਂ ਦਾ ਆਸਰਾ ਹੈ ਅਤੇ ਜੋ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਰਵ ਰਿਹਾ ਹੈ।  ਗੁਰਸਿੱਖ ਪ੍ਰਮਾਤਮਾ ਨਾਲ ਇਸ ਤਰ੍ਹਾਂ ਮਿਲਿਆ ਹੁੰਦਾ ਹੈ, ਜਿਵੇਂ ਸ਼ੀਸ਼ੇ ਵਿੱਚ ਪ੍ਰਤੀਬਿੰਬ, ਸਾਜ਼ ਵਿੱਚ ਧੁਨਿ ਅਤੇ ਜਿਵੇਂ ਕੱਪੜੇ ਵਿੱਚ ਸੂਤਰ, ਤਾਣਾ ਪੇਟਾ ਇਕ ਰੂਪ ਹੋਏ ਹੁੰਦੇ ਹਨ। ਮਨੁੱਖ ਅਤੇ ਪ੍ਰਭੂ ਦੋ ਤੋਂ ਇਕ ਹੋ ਜਾਂਦੇ ਹਨ ਤੇ ਦਵੈਤ ਖ਼ਤਮ ਹੋ ਜਾਂਦੀ ਹੈ।

ਭਾਈ ਸਾਹਿਬ ਇਸ ਕਬਿੱਤ ਰਾਹੀਂ ਇਹ ਦਰਸਾ ਰਹੇ ਹਨ ਕਿ ਗੁਰਸਿੱਖ ਦਾ ਜੀਵਨ ਮਨ ਕਰ ਕੇ, ਬਚਨਾਂ ਕਰ ਕੇ ਤੇ ਕਰਮਾਂ ਕਰ ਕੇ ਗੁਰੂ ਅਨੁਸਾਰੀ ਹੋਣਾ ਚਾਹੀਦਾ ਹੈ। ਇਸ ਤੋਂ ਭਾਵ ਇਹ ਹੈ ਕਿ ਗੁਰਸਿੱਖ (ਗੁਰੂ ਦਾ ਸਿੱਖ) ਮਨ ਕਰ ਕੇ ਪ੍ਰਭੂ ਦੀ ਅਰਾਧਨਾ ਕਰੇ, ਸਿਫ਼ਤੋ ਸਾਲਾਹ ਕਰੇ।  ਉਸ ਦੇ ਮੂੰਹੋਂ ਨਿਕਲੇ ਬਚਨ ਗੁਰੂ ਦੀ ਸਿਖਿਆ ਅਨੁਸਾਰ ਹੋਣੇ ਚਾਹੀਦੇ ਹਨ, ਜੋ ਸਭ ਨੂੰ ਚੰਗੇ ਲੱਗਣ, ਨਿੰਦਿਆ ਆਦਿ ਨਾ ਕਰੇ ਅਤੇ ਕਰਮ ਉਸ ਦੇ ਪਵਿੱਤਰ ਹੋਣੇ ਚਾਹੀਦੇ ਹਨ। ਜੇ ਮਨੁੱਖ ਸਤਿਗੁਰੂ ਦੇ ਉਪਦੇਸ਼ ’ਚ ਲੀਨ ਹੋ ਜਾਣ ਤਾਂ ਉਸ (ਰੱਬ) ਦੀ ਅਕੱਥ ਕਥਾ ਦੀ ਵੀਚਾਰ ਜੋਗਾ ਹੋ ਜਾਂਦਾ ਹੈ ਭਾਵ ਕਿ ਬੇਅੰਤ ਗੁਣਾਂ ਵਾਲੇ ਕਰਤਾਰ ਦੀ ਸਿਫ਼ਤ ਸਾਲਾਹ ਕੀਤੀ ਜਾ ਸਕਦੀ ਹੈ। ਸਿਫ਼ਤ ਸਾਲਾਹ ਰੂਪੀ ਅੰਮ੍ਰਿਤ ਪੀਣ ਨਾਲ ਮਨ ਸੰਤੋਖ ਵਿੱਚ ਆ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚ ਜਾਂਦਾ  ਹੈ। ‘‘ਅਕਥ ਕਥਾ ਵੀਚਾਰੀਐ, ਜੇ ਸਤਿਗੁਰ ਮਾਹਿ ਸਮਾਇ॥ ਪੀ ਅੰਮ੍ਰਿਤੁ ਸੰਤੋਖਿਆ, ਦਰਗਹਿ ਪੈਧਾ ਜਾਇ॥’’ (ਮ:੧/ਅੰਕ ੬੨) ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਿੱਖ ਤ੍ਰੈਕਾਲ ਦਰਸ਼ੀ ਹੋ ਜਾਂਦਾ ਹੈ, ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ।  ਉਸ ਨੂੰ ਗਿਆਨ ਹੋ ਜਾਂਦਾ ਹੈ ਕਿ ਵਾਹਿਗੁਰੂ ਹਰ ਸਮੇਂ ਹਰ ਥਾਂ ਮੌਜੂਦ ਹੈ।  ਗੁਰਬਾਣੀ ਤੋਂ ਵੀ ਸਾਨੂੰ ਇਸੇ ਖਿਆਲ ਦੀ ਪੁਸ਼ਟੀ ਮਿਲਦੀ ਹੈ ‘‘ਤੂ ਸਦਾ ਸਲਾਮਤਿ, ਨਿਰੰਕਾਰ  !॥’’ (ਜਪੁ) ਅਤੇ ‘‘ਤੂੰ ਸਭਨੀ ਥਾਈ, ਜਿਥੈ ਹਉ ਜਾਈ, ਸਾਚਾ ਸਿਰਜਹਾਰੁ ਜੀੳ॥’’ (ਮ:੧/ਅੰਕ ੪੩੮)  ਸਿੱਖ ਨੂੰ ਇਹ ਵੀ ਗਿਆਨ ਹੋ ਜਾਂਦਾ ਹੈ ਕਿ ਉਹ (ਮਾਲਕ) ਹਰ ਜੀਵ ਦੇ ਅੰਦਰ ਵਸਿਆ ਹੋਇਆ ਹੈ ਤੇ ਆਪਣੇ ਆਪੇ ਵਿੱਚ ਵੀ, ਜੋ ਪਹਿਲੇ ਪਰਤੱਖ ਨਹੀਂ ਸੀ ਹੁਣ ਉਸ ਨੂੰ ਜ਼ਾਹਰਾ ਦਿਖਾਈ ਦੇਂਦਾ ਹੈ। ‘‘ਤੂੰ ਸਭਨਾ ਮਾਹਿ ਸਮਾਇਆ॥ ਤਿਨਿ ਕਰਤੈ ਆਪੁ ਲੁਕਾਇਆ॥ ਨਾਨਕ  ! ਗੁਰਮੁਖਿ ਪਰਗਟੁ ਹੋਇਆ, ਜਾ ਕਉ ਜੋਤਿ ਧਰੀ ਕਰਤਾਰਿ ਜੀਉ॥’’ (ਮ:੧/ਅੰਕ ੭੨)  ਜਾਂ ਇੰਞ ਕਹਿ ਲਵੋ ਕਿ ਸਿੱਖ ਪ੍ਰਮਾਤਮਾ ਵਿੱਚ ਤੇ ਪ੍ਰਮਾਤਮਾ ਸਿੱਖ ਵਿੱਚ ਤਾਣੇ ਪੇਟੇ ਦੀ ਤਰ੍ਹਾਂ ਸਮਾਇਆ ਹੁੰਦਾ ਹੈ। ਸਿੱਖ ਜਦੋਂ ਆਪਣੀ ਹਉਮੈ ਦੂਰ ਕਰ ਕੇ ਵਾਹਿਗੁਰੂ ਨਾਲ ਮਨ ਬਚ ਕਰਮ ਕਰ ਕੇ ਜੁੜਦਾ ਹੈ ਤਾਂ ਸਿੱਖ ਵਾਹਿਗੁਰੂ ਵਿੱਚ ਹੀ ਲੀਨ ਹੋ ਜਾਂਦਾ ਹੈ ਭਾਵ ਕਿ ਉਸ ਦੀ ਆਪਣੀ ਹਸਤੀ ਦੀ ਹੋਂਦ ਮਿਟ ਜਾਂਦੀ ਹੈ ਤੇ ਪ੍ਰਭੂ ਅਤੇ ਸਿੱਖ ਇਕ ਰੂਪ ਹੋ ਜਾਂਦੇ ਹਨ। ‘‘ਹਉ ਹਉ ਮੈ ਮੈ ਵਿਚਹੁ ਖੋਵੈ॥ ਦੂਜਾ ਮੇਟੈ ਏਕੋ ਹੋਵੈ॥’’ (ਮ:੧/ਅੰਕ ੯੪੩) ਜਾਂ ‘‘ਦ੍ਵੈ ਤੇ ਏਕ ਰੂਪ ਹ੍ਵੈ ਗਇਓ ॥’’ (ਗੁਰੂ ਗੋਬਿੰਦ ਸਿੰਘ ਜੀ)  ਵਾਲੀ ਗੱਲ ਬਣ ਜਾਂਦੀ ਹੈ।  ਦੂਈ ਖ਼ਤਮ ਹੋ ਜਾਂਦੀ ਹੈ।