ਦਸਤਾਰ

0
1651

ਦਸਤਾਰ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ) -99155-15436          

ੴ ਸਤਿ ਗੁਰ ਪ੍ਰਸਾਦਿ

ਪ੍ਰਮਾਤਮਾ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਕੇਵਲ ਮਨੁੱਖ ਨੂੰ ਹੀ ਸੰਪੂਰਨ ਵਿਕਸਤ ਕੀਤਾ ਦਿਮਾਗ ਬਖਸ਼ਸ਼ ਕੀਤਾ।  ਜਦੋਂ ਤੋਂ ਇਹ ਧਰਤੀ ਦੇ ਤਲ ’ਤੇ ਆਇਆ ਤਾਂ ਕਈ ਤਰ੍ਹਾਂ ਦੀਆਂ ਆਫਤਾਂ ਦਾ ਇਸ ਨੂੰ ਮੁਕਾਬਲਾ ਕਰਨਾ ਪਿਆ।  ਸਰੀਰ ਨੂੰ ਢਕਣਾ ਵੀ ਵਿਕਸਤ ਦਿਮਾਗ ਦਾ ਹੀ ਚਿੰਨ੍ਹ ਸੀ। ਪਹਿਰਾਵੇ ਦਾ ਪਹਿਲਾ ਪੜਾਅ ਆਪਣੇ ਆਪ ਨੂੰ ਮੌਸਮ ਤੋਂ ਬਚਾਉਣ ਲਈ ਸੀ। ਫਿਰ ਦੂਜਾ ਪੜਾਅ ਆਪਣੇ ਆਪ ਨੂੰ ਲੁਕਾਉਣ ਲਈ ਤੇ ਤੀਜਾ ਪੜਾਅ ਜੋ ਸ਼ੁਰੂ ਹੋਇਆ ਉਹ ਸੀ ਆਪਣੇ ਆਪ ਨੂੰ ਸਜਾਉਣ ਲਈ। ਇਸ ਦੌਰ ਵਿੱਚ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ। ਹਰੇਕ ਮਨੁੱਖ ਦਾ ਪਹਿਰਾਵਾ ਸਮਾ ਪਾ ਕੇ ਕਿਸੇ ਨਾ ਕਿਸੇ ਚੀਜ਼ ਦਾ ਪ੍ਰਤੀਕ ਵੀ ਬਣ ਗਿਆ।  ਸਮੇਂ ਦੇ ਅਨੁਕੂਲ ਮਨੁੱਖ ਆਪਣੇ ਆਪ ਨੂੰ ਸ਼ਿੰਗਾਰਣ ਲੱਗ ਪਿਆ। ਕੁੱਝ ਜਿਆਦਾ ਦਿਮਾਗ ਵਾਲੇ ਲੋਕਾਂ ਨੇ ਆਪਣੇ ਸਿਰ ਨੂੰ ਵੀ ਢਕਣਾ ਸ਼ੁਰੂ ਕਰ ਦਿੱਤਾ। ਬੱਸ ਲੱਗਦਾ ਹੈ ਕਿ ਇੱਥੋਂ ਹੀ ਪੱਗ ਦੀ ਸ਼ੁਰੂਆਤ ਹੋਈ ਹੈ। ਬੋਲੀ ਦੇ ਵਿਕਾਸ ਦੇ ਨਾਲ ਸਿਰ ਢਕਣ ਵਾਲੇ ਕੱਪੜੇ ਦਾ ਨਾਂ ਵੀ ਬਦਲਦਾ ਰਿਹਾ। ਇਸ ਕੱਪੜੇ ਲਈ ਸਾਫਾ, ਪਰਨਾ, ਪੱਗ, ਪਗੜੀ ਤੇ ਦਸਤਾਰ ਆਦਿ ਸ਼ਬਦਾਂ ਦੀ ਵਰਤੋਂ ਹੋਣ ਲੱਗ ਗਈ।

‘ਦਸਤਾਰ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ, ਪੱਗ ਜਾਂ ਪਗੜੀ। ਪੰਜਾਬੀ ਵਿੱਚ ਦਸਤਾਰ ਨੂੰ ਪੱਗ ਕਿਹਾ ਜਾਂਦਾ ਹੈ। ਪੱਗ ਦਾ ਅਰਥ ਹੈ ਸਫੈਦ ਵਾਲ ਜਾਂ ਸਿਆਣਪ ਭਾਵ ਪੱਗ ਸੂਝ ਬੂਝ ਤੇ ਸਿਆਣਪ ਦੀ ਪ੍ਰਤੀਕ ਹੈ। ਪੁਰਾਤਣ ਕਾਲ ਤੋਂ ਪਗੜੀ, ਪੁਰਸ਼ਾਂ ਦੇ ਪਹਿਰਾਵੇ ਦਾ ਅੰਗ ਰਹੀ ਹੈ। ਰਾਜੇ ਮਹਾਰਾਜੇ ਤੇ ਉੱਚੇ ਰੁਤਬੇ ਵਾਲੇ ਲੋਕ ਪੱਗ ਦੇ ਉਪਰ ਇੱਕ ਸੋਨੇ ਦਾ ਮੁਕਟ ਵੀ ਪਾ ਕੇ ਰੱਖਦੇ ਸਨ। ਧਾਰਮਿਕ ਰਸਮਾ ਨਿਭਾਉਣ ਸਮੇ ਪੁਜਾਰੀ ਵੀ ਪਗੜੀ ਨੂੰ ਮਹੱਤਵ ਦਿੰਦੇ ਸਨ। ਇਸ ਤਰ੍ਹਾਂ ਅਨੰਤ ਕਾਲ ਤੋਂ ਪਗੜੀ ਦਾ ਮਨੁੱਖ ਦੀ ਸ਼ਖ਼ਸੀਅਤ ਨਾਲ ਸਬੰਧ ਬਣਿਆ ਰਿਹਾ ਹੈ।

ਪੰਜਾਬੀ ਸੱਭਿਆਚਾਰ ਵਿੱਚ ਦਸਤਾਰ ਜਾਂ ਪੱਗ ਅਣਖ ਤੇ ਇੱਜ਼ਤ ਦੀ ਪ੍ਰਤੀਕ ਮੰਨੀ ਗਈ ਹੈ। ਇਸੇ ਲਈ ਪੰਜਾਬੀ ਬੋਲੀ ਵਿੱਚ ਕੁੱਝ ਮੁਹਾਵਰੇ ਵੀ ਇੱਜ਼ਤ ਤੇ ਆਬਰੂ ਨਾਲ ਸਬੰਧਿਤ ਪ੍ਰਚਲਿਤ ਹੋ ਗਏ; ਜਿਵੇਂ ਪੱਗ ਨੂੰ ਦਾਗ ਲਾਉਣਾ, ਪੱਗ ਪੈਰਾਂ ਵਿੱਚ ਰੋਲਣੀ, ਪੱਗ ਨੂੰ ਹੱਥ ਪਾਉਣਾ ਅਤੇ ਪੱਗ ਨੀਵੀਂ ਕਰਨੀ ਆਦਿ। ਗੁਰੂ ਗ੍ਰੰਥ ਸਾਹਿਬ ਵਿੱਚ ਦਸਤਾਰ ਲਈ ਪੱਗ, ਪਾਗ, ਪਗੜੀ ਤੇ ਦੁਮਾਲੜਾ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਗੁਰਬਾਣੀ ਦੇ ਫੁਰਮਾਨ ਹਨ :

ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ ॥ (ਭਗਤ ਨਾਮਦੇਵ/੭੨੭)

ਜਿਹ ਸਿਰਿ, ਰਚਿ ਰਚਿ ਬਾਧਤ ਪਾਗ ॥ (ਭਗਤ ਕਬੀਰ/੩੩੦)

ਫਰੀਦਾ  ! ਮੈ ਭੋਲਾਵਾ ਪਗ ਦਾ; ਮਤੁ ਮੈਲੀ ਹੋਇ ਜਾਇ ॥  (ਬਾਬਾ ਫਰੀਦ/੧੩੭੯)

ਹਉ, ਗੋਸਾਈ ਦਾ ਪਹਿਲਵਾਨੜਾ ॥  ਮੈ ਗੁਰ ਮਿਲਿ ਉਚ ਦੁਮਾਲੜਾ ॥  (ਮ: ੫/੭੪)

ਸਿੱਖ ਧਰਮ ਵਿੱਚ ਦਸਤਾਰ, ਬਹਾਦਰੀ, ਅਣਖ ਤੇ ਇੱਜ਼ਤ ਦੀ ਪ੍ਰਤੀਕ ਹੈ। ਦਸਤਾਰ ਸਿੱਖ ਦੀ ਵਿਲੱਖਣਤਾ ਦੀ ਨਿਸ਼ਾਨੀ ਹੈ। ਸਿੱਖ ਧਰਮ ਵਿੱਚ ਦਸਤਾਰ ਦਾ ਰੁਤਬਾ ਬਹੁਤ ਉੱਚਾ ਤੇ ਸੁੱਚਾ ਰਿਹਾ ਹੈ। ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਪਟਨਾ ਸਾਹਿਬ ਗਏ ਤਾਂ ਸਾਲਸ ਰਾਏ ਜੌਹਰੀ ਨੂੰ ਦਸਤਾਰ ਭੇਟ ਕੀਤੀ ਸੀ। ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਵੀ ਉੱਚੇ ਤੇ ਸੁੱਚੇ ਜੀਵਨ ਵਾਲੇ ਗੁਰ ਸਿੱਖਾਂ ਦਾ ਸਨਮਾਨ ਦਸਤਾਰ ਦੇ ਕੇ ਕਰਦੇ ਸਨ।  ਗੁਰੂ ਰਾਮਦਾਸ ਜੀ ਦੇ ਸਮੇਂ ਵੀ ਜਦੋਂ ਮਸੰਦ ਪ੍ਰਚਾਰ ਕਰਨ ਉਪਰੰਤ ਦਰਬਾਰ ਵਿੱਚ ਆਉਂਦੇ ਸਨ ਤਾਂ ਗੁਰੂ ਸਾਹਿਬ ਉਹਨਾਂ ਨੂੰ ਦਸਤਾਰ ਦੇ ਕੇ ਸਨਮਾਨਿਤ ਕਰਦੇ ਰਹੇ ਸਨ। ਗੁਰੂ ਰਾਮ ਦਾਸ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਬਾਬਾ ਪ੍ਰਿਥੀ ਚੰਦ ਜੀ ਨੂੰ ਪਰਿਵਾਰਕ ਜੁੰਮੇਵਾਰੀ ਦੀ ਦਸਤਾਰ ਅਤੇ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਜੁੰਮੇਵਾਰੀ ਦੀ ਦਸਤਾਰ ਸਜਾਈ ਗਈ ਸੀ।  ਬੰਸਾਵਲੀ ਨਾਮੇ ਵਿੱਚ ਜ਼ਿਕਰ ਆਉਂਦਾ ਹੈ :

ਮਰਨੇ ਕੀ ਪੱਗ ਪ੍ਰਿਥੀਏ ਬਾਧੀ, ਗੁਰਿਆਈ ਕੀ ਪੱਗ ਅਰਜਨ ਲਾਧੀ॥

ਗੁਰੂ ਅਰਜਨ ਦੇਵ ਜੀ ਮਨੁੱਖਾ ਸਰੀਰ ਨੂੰ ਸਾਬਤ ਸੂਰਤ ਰੱਖਣ ਦਾ ਉਪਦੇਸ਼ ਦਿੰਦੇ ਰਹੇ ਹਨ ਅਤੇ ਦਸਤਾਰ ਦੀ ਮਹੱਤਤਾ ਦਰਸਾਉਂਦੇ ਹੋਏ ਫੁਰਮਾਉਂਦੇ ਹਨ :

ਕਾਇਆ ਕਿਰਦਾਰ ਅਉਰਤ ਯਕੀਨਾ ॥  ਰੰਗ ਤਮਾਸੇ ਮਾਣਿ ਹਕੀਨਾ ॥ 

ਨਾਪਾਕ ਪਾਕੁ ਕਰਿ, ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ॥ (ਮ: ੫/੧੦੮੪)

ਗੁਰੂ ਹਰਿਗੋਬਿੰਦ ਸਾਹਿਬ ਖੁਦ ਸੁੰਦਰ ਦਸਤਾਰ ਸਜਾਉਂਦੇ ਸਨ। ਅਜਿਹੀ ਸੋਹਣੀ ਇੱਜਤ ਵਾਲੀ ਦਸਤਾਰ ਅੱਗੇ ਜਹਾਂਗੀਰ ਦੇ ਤਖਤ ਦੀ ਇੱਜ਼ਤ ਵੀ ਫਿੱਕੀ ਜਾਪਦੀ ਸੀ। ਇਸ ਦਾ ਹਵਾਲਾ ਗੁਰੂ ਜੀ ਦੇ ਹਜੂਰੀ ਢਾਡੀ ਭਾਈ ਅਬਦੁਲਾ ਤੇ ਭਾਈ ਨੱਥਾ ਮੱਲ ਦੀ ਵਾਰ ਵਿੱਚੋਂ ਵੀ ਮਿਲਦਾ ਹੈ :

ਪੱਗ ਤੇਰੀ, ਕੀ ਜਹਾਂਗੀਰੀ ਦੀ।

ਗੁਰੂ ਹਰਿਰਾਏ ਸਾਹਿਬ, ਗੁਰੂ ਹਰਿਕ੍ਰਿਸ਼ਨ ਜੀ ਤੇ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਸਿੱਖ ਸਭ ਦਸਤਾਰਾਂ ਸਜਾਉਂਦੇ ਸਨ।

ਗੁਰੂ ਗੋਬਿੰਦ ਸਿੰਘ ਜੀ ਖੁਦ ਸੁੰਦਰ ਦਸਤਾਰ ਸਜਾਉਂਦੇ ਸਨ ਅਤੇ ਸੋਹਣੀ ਦਸਤਾਰ ਸਜਾਉਣ ਵਾਲਿਆਂ ਨੂੰ ਇਨਾਮ ਵੀ ਦਿੰਦੇ ਸਨ। 1699 ਈਸਵੀ ਵਿੱਚ ਖਾਲਸਾ ਪੰਥ ਦੀ ਸਥਾਪਨਾ ਉਪਰੰਤ ਖਾਲਸੇ ਨੂੰ ਜੋ ਰਹਿਤ ਮਰਯਾਦਾ ਦੱਸੀ ਉਸ ਵਿੱਚ ਦਸਤਾਰ ਨੂੰ ਸਿੱਖ ਰਹਿਤ ਦਾ ਅਟੁੱਟ ਅੰਗ ਦੱਸਿਆ।  ਭਾਈ ਨੰਦ ਲਾਲ ਜੀ ਰਹਿਤਨਾਮੇ ਵਿੱਚ ਜ਼ਿਕਰ ਕਰਦੇ ਹਨ :

ਕੰਘਾ ਦੋਨਉ ਵਕਤ ਕਰ, ਪਾਗ ਚੁਨਹਿ ਕਰ ਬਾਂਧਈ॥

ਭਾਈ ਦੇਸਾ ਸਿੰਘ ਜੀ ਲਿਖਦੇ ਹਨ :

ਕੰਘਾ ਕਰਦ ਦਸਤਾਰ ਸਜਾਵੇ। ਇਹੀ ਰਹਿਤ ਸਿੰਘ ਸੇ ਭਾਵੇ॥

ਭਾਈ ਰਤਨ ਸਿੰਘ ਜੀ ਭੰਗੂ ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਸਿੱਖ ਦੀ ਰਹਿਣੀ ਬਿਆਨ ਕਰਦੇ ਹੋਏ ਲਿਖਦੇ ਹਨ :

ਪਹਿਰ ਕਛਹਰੇ ਸਿਰ ਬੰਧਯੋ ਪਾਗ॥ ਗੁਰੂ ਗ੍ਰੰਥ ਬਚਨ ਪਰ ਰਹਯੋ ਲਾਗ॥

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਅਤੇ ਸਿੱਖ ਰਾਜ ਦੀ ਅਰੰਭਤਾ ਤੱਕ ਦਾ ਸਮਾਂ ਸਿੱਖਾਂ ਲਈ ਅਤਿ ਕਠਨ ਸਮਾਂ ਸੀ। ਅਜਿਹੇ ਕਠਨ ਸਮੇਂ ਵਿੱਚ ਵੀ ਸਿੱਖਾਂ ਨੇ ਦਸਤਾਰ ਦੀ ਆਨ ਤੇ ਸ਼ਾਨ ਕਾਇਮ ਰੱਖੀ ਤੇ ਅਖੀਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਸੰਨ 1801 ਵਿੱਚ ਸਿੱਖ ਰਾਜ ਕਾਇਮ ਹੋਇਆ।  50 ਸਾਲ ਦਾ ਇਹ ਸਮਾਂ ਸਿੱਖਾਂ ਲਈ ਚੜ੍ਹਦੀ ਕਲਾ ਵਾਲਾ ਸਮਾਂ ਸੀ। ਮਹਾਰਾਜਾ ਸਾਹਿਬ ਆਪ ਸੋਹਣੀ ਦਸਤਾਰ ਸਜਾਉਂਦੇ ਤੇ ਉਹਨਾਂ ਦੇ ਵਜੀਰ, ਦਰਬਾਰੀ ਤੇ ਫੌਜੀ ਵੀ ਦਸਤਾਰ ਦੇ ਪਾਬੰਦ ਸਨ।  ਮਹਾਰਾਜਾ ਸਾਹਿਬ ਸੋਹਣੀ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਉਂਦੇ ਤੇ ਉਹਨਾਂ ਨੂੰ ਇਨਾਮ ਦੇ ਕੇ ਨਿਵਾਜਦੇ ਵੀ ਸਨ। ਸਿੱਖ ਜਰਨੈਲਾਂ ਤੋਂ ਇਲਾਵਾ ਮੁਸਲਿਮ ਤੇ ਹਿੰਦੂ ਵਜੀਰ ਅਤੇ ਹੋਰ ਉੱਚ ਅਧਿਕਾਰੀ ਵੀ ਦਸਤਾਰ ਸਜਾਉਂਦੇ ਰਹੇ ਸਨ।

ਕੰਵਰ ਸ਼ੇਰ ਸਿੰਘ ਨੇ ਦਸਤਾਰ ਵੱਲ ਖਾਸ ਧਿਆਨ ਦੇਣਾ ਸ਼ੁਰੂ ਕੀਤਾ। ਕਿਹਾ ਜਾਂਦਾ ਹੈ ਕਿ ਪੇਚ ਬਣਾ ਕੇ ਗੁੱਠ ਵਾਲੀ ਦਸਤਾਰ ਸਜਾਉਣ ਦੀ ਪਹਿਲ ਕੰਵਰ ਸ਼ੇਰ ਸਿੰਘ ਨੇ ਹੀ ਕੀਤੀ।  ਜਦੋਂ ਉਹ ਇਸ ਤਰ੍ਹਾਂ ਦੀ ਦਸਤਾਰ ਸਜਾ ਕੇ ਤੇ ਦਾੜ੍ਹੀ ਨੂੰ ਸੁੰਦਰ ਤਰੀਕੇ ਨਾਲ ਸਜਾ ਕੇ ਤੇ ਮੁੱਛਾਂ ਖੁੰਢੀਆਂ ਕਰ ਕੇ ਦਰਬਾਰ ਵਿੱਚ ਦਾਖਲ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਬਹੁਤ ਪ੍ਰਭਾਵਤ ਹੋਏ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਨੇ ਇਸ ਪ੍ਰਕਾਰ ਦੀਆਂ ਸੁੰਦਰ ਦਸਤਾਰਾਂ ਵਾਲੀਆਂ ਤੇ ਸੁੰਦਰ ਦਿੱਖ ਵਾਲੀ ਇੱਕ ਫੌਜੀ ਪਲਟਨ ਤਿਆਰ ਕਰਨ ਦਾ ਹੁਕਮ ਦਿੱਤਾ ਤਾਂ ਜੋ ਸ਼ਾਹੀ ਦਰਬਾਰ ਵਿੱਚ ਖਾਸ ਸੱਦਿਆਂ ’ਤੇ ਪਹੁੰਚਣ ਵਾਲੇ ਮਹਿਮਾਨਾਂ ਦੇ ਸਾਹਮਣੇ ਆਪਣੇ ਸੁਹਜ ਦਾ ਪ੍ਰਗਟਾਵਾ ਕਰ ਕੇ ਸਿੱਖ ਫੌਜ ਦੀ ਚੜ੍ਹਦੀ ਕਲਾ ਅਤੇ ਸਲੀਕੇ ਦਾ ਪ੍ਰਦਰਸ਼ਨ ਕੀਤਾ ਜਾ ਸਕੇ। ਇਸ ਦੌਰ ਤੋਂ ਬਾਅਦ ਖਾਲਸਾਈ ਦਸਤਾਰਾਂ ਦੇ ਨਾਲ ਨਾਲ ਨੋਕ ਵਾਲੀ ਸੁੰਦਰ ਤੇ ਪ੍ਰਭਾਵਸ਼ਾਲੀ ਪੱਗ ਪ੍ਰਚਲਿਤ ਹੋ ਗਈ।

ਸੰਨ 1849 ਵਿੱਚ ਪੰਜਾਬ ਅੰਗਰੇਜੀ ਹਕੂਮਤ ਦੇ ਅਧੀਨ ਹੋ ਗਿਆ।  ਫੌਜ ਵਿੱਚ ਭਰਤੀ ਹੋਣ ਵਾਲੇ ਸਿੱਖ ਸਿਪਾਹੀਆਂ ਲਈ ਇੱਕ ਵੱਖਰਾ ਵਰਦੀ ਦਾ ਕੋਡ ਨਿਰਧਾਰਿਤ ਕੀਤਾ ਗਿਆ ਤਾਂ ਅੰਗਰੇਜੀ ਸਰਕਾਰ ਨੇ ਪੱਗ ਬੰਨ੍ਹਣ ਦੇ ਢੰਗ ਵਿੱਚ ਵੀ ਤਬਦੀਲੀ ਲਿਆਂਦੀ ਗਈ। ਪੰਜ ਗਜ਼ ਪੱਗ ਦੀਆਂ ਚਾਰ ਤਹਿਆਂ ਲਾ ਕੇ ਪੇਚਾਂ ਵਾਲੀ ਸੁੰਦਰ ਅੰਦਾਜ਼ ਵਿੱਚ ਪੱਗ ਬੰਨ੍ਹਣ ਦਾ ਨਿਯਮ ਬਣਾਇਆ ਗਿਆ। ਇਸ ਤੋਂ ਇਲਾਵਾ ਇਸ ਪੱਗ ਦੇ ਥੱਲੇ ਢਾਈ ਗਜ ਦੀ ਛੋਟੀ ਪੱਗ (ਫਿਫਟੀ) ਜੋ ਕੇਸਾਂ ਨੂੰ ਪੂਰੀ ਤਰ੍ਹਾਂ ਢਕਦੀ ਸੀ, ਬੰਨ੍ਹਣੀ ਵੀ ਲਾਜ਼ਮੀ ਕੀਤੀ ਗਈ।  ਕੇਸਾਂ ਨੂੰ ਪੱਗ ਦੇ ਅੰਦਰ ਕਰਨ ਲਈ ਅੰਗਰੇਜਾਂ ਨੇ ਬੈਜ ਅੱਪ ਲਫਜ਼ ਵਰਤਿਆ ਅਤੇ ਇਸ ਮਨੋਰਥ ਲਈ ਇੱਕ ਧਾਤ ਦੀ ਸਲਾਈ ਹਰ ਸਿੱਖ ਫੌਜੀ ਨੂੰ ਦਿੱਤੀ ਜਾਂਦੀ ਸੀ ਜਿਸ ਨੂੰ ਬੈਜ ਕਹਿੰਦੇ ਸਨ।  ਫੌਜੀਆਂ ਨੇ ਇਸ ਨੂੰ ਬਾਜ ਕਹਿਣਾ ਸ਼ੁਰੂ ਕਰ ਦਿੱਤਾ।

1907 ਵਿੱਚ ਜਦੋਂ ਬ੍ਰਿਟਿਸ਼ ਸਰਕਾਰ ਨੇ ਵਾਹੀ ਯੋਗ ਜ਼ਮੀਨ ਲਈ ਕਿਸਾਨ ਵਿਰੋਧੀ ਚਾਰ ਬਿਲ ਪਾਸ ਕੀਤੇ ਤਾਂ ਕਿਸਾਨਾਂ ਨੇ ਇਸ ਵਿਰੁੱਧ ਰੋਸ ਪ੍ਰਗਟ ਕੀਤਾ। ਕੌਮੀ ਲੀਡਰ ਤੇ ਅਜ਼ਾਦੀ ਘੁਲਾਟੀਏ ਵੀ ਇਸ ਰੋਸ ਵਿੱਚ ਸ਼ਾਮਲ ਹੋਏ। ਪ੍ਰਸਿੱਧ ਇਨਕਲਾਬੀ ਸ਼ਾਇਰ ਬਾਂਕੇ ਦਿਆਲ ਨੇ – ‘‘ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ’’ ਕਵਿਤਾ ਪੜ੍ਹੀ। ਇਹ ਬੋਲ ਬੱਚੇ ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਏ। ਇਸ ਤਰ੍ਹਾਂ ਇਸ ਲਹਿਰ ਦਾ ਨਾਂ ਹੀ ‘ਪਗੜੀ ਸੰਭਾਲ ਜੱਟਾ’ ਲਹਿਰ ਪੈ ਗਿਆ।

1921 ਨੂੰ ਸਾਕਾ ਨਨਕਾਣਾ ਸਾਹਿਬ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਇੱਕ ਪੰਥਕ ਸਮਾਗਮ ਕੀਤਾ ਗਿਆ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਰੋਸ ਵਜੋਂ ਸਾਰੇ ਸਿੱਖ ਜਿੱਥੇ ਵੀ ਹੋਣ ਕਾਲੀਆਂ ਦਸਤਾਰਾਂ ਸਜਾਉਣ।  ਡਾ. ਗੰਡਾ ਸਿੰਘ ਜੀ ਲਿਖਦੇ ਹਨ ਕਿ ਬਸਰਾ ਤੇ ਇਰਾਕ ਵਿੱਚ ਸਿੰਘਾਂ ਵਿੱਚ ਅਥਾਹ ਜੋਸ਼ ਸੀ ਤੇ ਇੱਕ ਦਿਨ ਵਿੱਚ ਹੀ ਇੱਕ ਲੱਖ ਪੰਜ ਹਜ਼ਾਰ ਗਜ਼ ਕਾਲੀਆਂ ਪੱਗਾਂ ਵਿਕ ਗਈਆਂ। ਅੰਗਰੇਜ਼ ਸਰਕਾਰ ਡਰ ਗਈ ਤੇ ਉਸ ਨੇ ਕਾਲੀ ਪੱਗ ਬੰਨ੍ਹਣ ’ਤੇ ਪਾਬੰਦੀ ਲਾ ਦਿੱਤੀ ਪ੍ਰੰਤੂ ਸਿੱਖਾਂ ਨੇ ਇਸ ਦੀ ਪ੍ਰਵਾਹ ਨਾ ਕੀਤੀ ਤੇ ਜ਼ੁਲਮ ਸਹਿ ਕੇ ਵੀ ਕਾਲੀ ਪੱਗ ਬੰਨ੍ਹਣੀ ਬਰਕਰਾਰ ਰੱਖੀ।

ਦੂਜੇ ਵਿਸ਼ਵ ਯੁੱਧ ਵਿੱਚ ਅੰਗਰੇਜ਼ ਸਰਕਾਰ ਨੇ ਹਿਫਾਜ਼ਤ ਲਈ ਸਿੱਖ ਫੌਜੀਆਂ ਨੂੰ ਦਸਤਾਰ ਦੀ ਥਾਂ ਲੋਹ ਟੋਪ ਪਾਉਣ ਲਈ ਕਿਹਾ ਪਰ ਸਿੱਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਹੈਲਮਟ ਦੀ ਥਾਂ ਦਸਤਾਰ ਸਜਾ ਕੇ ਹੀ ਯੁੱਧ ਵਿੱਚ ਹਿੱਸਾ ਲਿਆ। ਇਸ ਤਰ੍ਹਾਂ ਸਿੱਖਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਗੁਰੂ ਹੁਕਮਾਂ ’ਤੇ ਪਹਿਰਾ ਦਿੱਤਾ।

ਸਾਡੇ ਸਮਾਜ ਵਿੱਚ ਪੱਗ ਨਾਲ ਜੁੜੇ ਹੋਏ ਕਈ ਸੰਸਕਾਰ ਬਣ ਚੁੱਕੇ ਹਨ।  ਜਵਾਨ ਲੜਕੇ ਨੂੰ ਉਸ ਦੀ ਜੁੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਬਰਾਦਰੀ ਦੇ ਇਕੱਠ ਦੇ ਸਾਹਮਣੇ ਦਸਤਾਰ ਦਾ  ਸਜਾਉਣਾ।  ਘਰ ਵਿੱਚ ਜਦੋਂ ਕੋਈ ਬਜੁਰਗ ਚੜ੍ਹਾਈ ਕਰ ਜਾਵੇ ਤਾਂ ਭੋਗ ਸਮੇਂ ਵੱਡੇ ਪੁੱਤਰ ਨੂੰ ਪੱਗ ਦੇਣੀ।  ਸਾਡੇ ਸਮਾਜ ਵਿੱਚ ਇਹ ਵੀ ਗੱਲ ਪ੍ਰਚਲਿਤ ਰਹੀ ਹੈ ਕਿ ਨੰਗੇ ਸਿਰ ਆਉਣਾ ਇਸ ਗੱਲ ਦਾ ਸੂਚਕ ਹੈ ਕਿ ਘਰ ਵਿੱਚ ਕੋਈ ਚੜ੍ਹਾਈ ਕਰ ਗਿਆ ਹੈ। ਭਾਈ ਗੁਰਦਾਸ ਜੀ ਨੇ ਆਪਣੀ 32ਵੀਂ ਵਾਰ ਦੀ 19ਵੀਂ ਪਉੜੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕੋਈ ਵਿਅਕਤੀ ਪਿੰਡੋਂ ਬਾਹਰ ਖੂਹ ਦੇ ਠੰਡੇ ਪਾਣੀ ਨਾਲ ਇਸ਼ਨਾਨ ਕਰਨ ਉਪਰੰਤ ਸੁਭਾਵਕ ਹੀ ਆਪਣੀ ਪੱਗ ਭੁੱਲ ਆਇਆ ਤੇ ਨੰਗੇ ਸਿਰ ਘਰ ਆ ਗਿਆ। ਉਸ ਨੂੰ ਨੰਗੇ ਸਿਰ ਵੇਖ ਕੇ ਘਰ ਦੀਆਂ ਔਰਤਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਰੋਂਦਿਆਂ ਦੇਖ ਕੇ ਆਂਢ ਗੁਆਂਢ ਇਕੱਠਾ ਹੋਇਆ ਤੇ ਰੋਣ ਲੱਗ ਪਿਆ। ਪਿੰਡ ਵਿੱਚ ਪਤਾ ਲੱਗਣ ’ਤੇ ਵੈਣ ਪਾਉਣ ਲਈ ਨੈਣ ਵੀ ਆ ਗਈ ਤੇ ਪੁੱਛਣ ਲੱਗੀ ਕੌਣ ਮਰਿਆ ਹੈ ਜਿਸ ਦੇ ਨਾਂ ਦੇ ਵੈਣ ਪਾਵਾਂ।  ਨੂੰਹ ਨੇ ਆਪਣੇ ਸਹੁਰੇ ਵੱਲ ਇਸ਼ਾਰਾ ਕੀਤਾ ਸਾਰੀ ਪੁੱਛ – ਗਿੱਛ ਤੋਂ ਪਤਾ ਲੱਗਾ ਕਿ ਸਹੁਰਾ ਸੁਭਾਵਕ ਹੀ ਖੂਹ ’ਤੇ ਪੱਗ ਭੁੱਲ ਆਇਆ ਸੀ।  ਭਾਈ ਗੁਰਦਾਸ ਜੀ ਫੁਰਮਾਉਂਦੇ ਹਨ :

ਠੰਢੇ ਖੂਹਹੁੰ ਨ੍ਹਾਇ ਕੈ, ਪਗ ਵਿਸਾਰਿ, ਆਇਆ ਸਿਰਿ ਨੰਗੈ।

ਘਰ ਵਿਚਿ ਰੰਨਾ ਕਮਲੀਆਂ,  ਧੁਸੀ ਲੀਤੀ ਦੇਖਿ ਕੁਢੰਗੈ।

ਰੰਨਾ ਦੇਖਿ ਪਿਟੰਦੀਆ, ਢਾਹਾਂ ਮਾਰੈਂ ਹੋਇ ਨਿਸੰਗੈ।

ਲੋਕ ਸਿਆਪੇ ਆਇਆ, ਰੰਨਾ ਪੁਰਸ ਜੁੜੇ ਲੈ ਪੰਗੈ।

ਨਾਇਣ ਪੁਛਦੀ ਪਿਟਦੀਆਂ, ਕਿਸ ਦੈ ਨਾਇ ਅਲ੍ਹਾਣੀ ਅੰਗੈ  ?।

ਸਹੁਰੇ ਪੁਛਹ ਜਾਇ ਕੈ, ਕਉਣ ਮੁਆ ਨੂਹ ਉਤਰੁ ਮੰਗੈ  ?।

ਕਾਵਾਂ ਰੌਲਾ ਮੂਰਖੁ ਸੰਗੈ ॥੧੯॥ (ਭਾਈ ਗੁਰਦਾਸ ਜੀ/ਵਾਰ ੩੨ ਪਉੜੀ ੧੯)

ਸਿੱਖ ਕੇਵਲ ਆਪਣੀ ਹੀ ਦਸਤਾਰ ਦਾ ਸਤਿਕਾਰ ਨਹੀਂ ਕਰਦੇ ਸਗੋਂ ਹਰ ਇੱਕ ਦੀ ਦਸਤਾਰ ਦਾ ਸਤਿਕਾਰ ਕਰਦੇ ਹਨ।  ਦਬਿਸਤਾਨ ਏ ਮੁਜ਼ਾਹਿਬ ਦਾ ਲਿਖਾਰੀ ਲਿਖਦਾ ਹੈ ਕਿ ਜੰਗ ਦੇ ਮੈਦਾਨ ਵਿੱਚ ਸਿੱਖ ਕਿਸੇ ਦੀ ਦਸਤਾਰ ਨਹੀਂ ਉਤਾਰਦੇ ਸਨ।  ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਵਿੱਚ ਜੇਕਰ ਜੰਗ ਦੇ ਮੈਦਾਨ ਵਿੱਚ ਕਿਸੇ ਦੀ ਦਸਤਾਰ ਉਤਰ ਜਾਂਦੀ ਤਾਂ ਗੁਰੂ ਸਾਹਿਬ ਆਪਣੀ ਤਲਵਾਰ ਦਾ ਵਾਰ ਰੋਕ ਕੇ ਦਸਤਾਰ ਸੰਭਾਲਣ ਲਈ ਕਹਿੰਦੇ। ਕਾਜ਼ੀ ਨੂਰ ਮੁਹੰਮਦ ਜੰਗਨਾਮਾ ਵਿੱਚ ਲਿਖਦਾ ਹੈ ਕਿ ਸਿੱਖ ਕਿਸੇ ਦੁਸ਼ਮਣ ਦੀ ਪੱਗ ਨੂੰ ਵੀ ਹੱਥ ਨਹੀਂ ਸਨ ਪਾਉਂਦੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸ: ਚੜ੍ਹਤ ਸਿੰਘ ਸ਼ੁਕਰਚਕੀਆ ਦੀ ਅਗਵਾਈ ਹੇਠ ਸਿੱਖਾਂ ਨੇ ਜਦੋਂ ਸਰ ਬੁਲੰਦ ਨੂੰ ਹਰਾ ਦਿੱਤਾ ਤਾਂ ਉਹ ਗੋਡੇ ਟੇਕ ਕੇ ਸ: ਚੜ੍ਹਤ ਸਿੰਘ ਦੇ ਪੈਰਾਂ ਵਿੱਚ ਆਪਣੀ ਤਲਵਾਰ ਰੱਖਣ ਉਪਰੰਤ ਆਪਣੀ ਦਸਤਾਰ ਲਾਹ ਕੇ ਰੱਖਣ ਲੱਗਾ ਤਾਂ ਸ: ਚੜ੍ਹਤ ਸਿੰਘ ਨੇ ਉਸ ਦੇ ਦੋਵੇਂ ਹੱਥ ਫੜ ਲਏ ਤੇ ਕਿਹਾ – ਖਾਲਸਾ ਕਿਸੇ ਦੀ ਦਸਤਾਰ ਨਹੀਂ ਲਾਹੁੰਦਾ ਭਾਵੇਂ ਉਹ ਜੰਗ ਵਿੱਚ ਹਾਰਿਆ ਹੋਇਆ ਦੁਸ਼ਮਣ ਹੀ ਕਿਉਂ ਨਾ ਹੋਵੇ।  ਬੰਗਲਾ ਦੇਸ਼ ਦੀ ਲੜਾਈ ਸਮੇਂ ਮੁਸਲਮਾਨ ਸਿਪਾਹੀਆਂ ਹੱਥੋਂ ਬੇਇੱਜ਼ਤ ਹੋਈਆਂ ਔਰਤਾਂ ਦੀ ਪੱਤ ਢੱਕਣ ਲਈ ਸਿੱਖ ਸਿਪਾਹੀਆਂ ਨੇ ਆਪਣੀਆਂ ਦਸਤਾਰਾਂ ਦੀ ਵਰਤੋਂ ਕੀਤੀ ਸੀ।

ਅੰਤਰਰਾਸ਼ਟਰੀ ਪੱਧਰ ’ਤੇ ਵੀ ਸਿੱਖਾਂ ਨੂੰ ਦਸਤਾਰ ਸਬੰਧੀ ਪੇਸ਼ ਆਉਂਦੀਆਂ ਮੁਸ਼ਕਿਲਾਂ ਲਈ ਭਾਰੀ ਜਦੋ ਜਹਿਦ ਕਰਨੀ ਪੈਂਦੀ ਹੈ। ਇੰਗਲੈਂਡ ਵਿੱਚ ਜਦੋਂ ਦੋ ਪਹੀਆ ਵੈਨ ਚਲਾਉਣ ਲਈ ਹੈਲਮਟ ਪਹਿਨਣਾ ਜਰੂਰੀ ਕੀਤਾ ਤਾਂ ਸਿੱਖਾਂ ਦੀ ਹਮਾਇਤ ’ਤੇ ਉਥੋਂ ਦੇ ਪਾਰਲੀਮੈਂਟ ਮੈਂਬਰ ਮਿਸਟਰ ਚਰਚਿਲ, ਮਿਸਟਰ ਸਿਡਨੀ ਬਿਡਵਿਲ ਅਤੇ ਲਾਰਡ ਮੋਬਰੇ ਨੇ ਸਿੱਖਾਂ ਦੀ ਡੱਟ ਕੇ ਹਮਾਇਤ ਕੀਤੀ ਅਤੇ ਸਰਕਾਰ ਨੇ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇ ਦਿੱਤੀ। ਇਸੇ ਤਰ੍ਹਾਂ ਇੰਗਲੈਂਡ ਵਿਖੇ 1977 ਵਿੱਚ ਇੱਕ ਸਿੱਖ ਬੱਚੇ ਕੁਲਵਿੰਦਰ ਸਿੰਘ ਨੂੰ ਜਦੋਂ ਪ੍ਰਿੰਸੀਪਲ ਨੇ ਪੱਗ ਬੰਨ੍ਹਣ ਕਰ ਕੇ ਸਕੂਲੋਂ ਕੱਢ ਦਿੱਤਾ ਤਾਂ ਉਸ ਇਕੱਲੇ ਬੱਚੇ ਨੇ ਆਪਣੇ ਤਰੀਕੇ ਨਾਲ ਸਕੂਲ ਦੇ ਬਾਹਰ ਖੜ੍ਹੇ ਹੋ ਕੇ ਰੋਸ ਪ੍ਰਗਟ ਕੀਤਾ ਪਤਾ ਲੱਗਣ ਤੇ ਉਥੋਂ ਦੇ ਅੰਗਰੇਜ਼ ਉਚ-ਸਿੱਖਿਆ ਅਧਿਕਾਰੀ ਪਹੁੰਚੇ ਅਤੇ ਉਹਨਾਂ ਨੇ ਬੱਚੇ ਨੂੰ ਆਪ ਸਕੂਲ ਵਿੱਚ ਦਾਖਲ ਕਰਵਾਇਆ ਅਤੇ ਉਥੋਂ ਦੇ ਹੈਡ ਮਾਸਰ ਨੂੰ ਤਾੜਨਾ ਵੀ ਕੀਤੀ।

ਫਰਾਂਸ ਵਿੱਚ ਅੱਜੇ ਵੀ ਦਸਤਾਰ ਦੀ ਬਹਾਲੀ ਲਈ ਜੱਦੋ ਜਹਿਦ ਜਾਰੀ ਹੈ। ਅੰਤਰਰਾਸ਼ਟਰੀ ਪੱਧਰ ’ਤੇ ਵੀ ਕਈ ਮੁਸ਼ਕਿਲਾਂ ਆ ਰਹੀਆਂ ਹਨ।  ਹਵਾਈ ਅੱਡਿਆਂ ਤੇ ਵੀ ਦਸਤਾਰਾਂ ਦੀ ਤਲਾਸ਼ੀ ਲਈ ਜਾਂਦੀ ਹੈ, ਜੋ ਚਿੰਤਾ ਦਾ ਵਿਸ਼ਾ ਹੈ।

ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਸਿੱਖ ਨੌਜਵਾਨ ਕੇਸਾਂ ਨੂੰ ਤਿਲਾਂਜਲੀ ਦੇ ਕੇ ਦਸਤਾਰ ਸੱਭਿਆਚਾਰ ਨੂੰ ਭਾਰੀ ਠੇਸ ਪਹੁੰਚਾ ਰਹੇ ਹਨ। ਇਹ ਗੱਲ ਸਾਰੇ ਮੰਨਦੇ ਹਨ ਕਿ ਬਾਹਰਲੀ ਦਿੱਖ ਅੰਦਰੂਨੀ ਸ਼ਖ਼ਸੀਅਤ ਨੂੰ ਪ੍ਰਗਟ ਕਰਦੀ ਹੈ। ਫਾਰਸੀਦਾਨਾ ਨੇ ਇਹ ਤੱਤ ਕੱਢਿਆ ਹੈ ਕਿ ਮਨੁੱਖ ਦੇ ਕਿਰਦਾਰ ਦੀ ਪਛਾਣ, ਗੁਫਤਾਰ, ਦਸਤਾਰ ਅਤੇ ਰਫਤਾਰ ਤੋਂ ਹੁੰਦੀ ਹੈ। ਦਸਤਾਰ ਕੇਵਲ ਪਹਿਰਾਵੇ ਦਾ ਅੰਗ ਹੀ ਨਹੀਂ ਸਗੋਂ ਸਿੱਖ ਸੱਭਿਆਚਾਰ ਦਾ ਵਿਸ਼ੇਸ਼ ਚਿੰਨ੍ਹ ਹੈ।  ਸੀਸ ਦਾ ਰਿਸ਼ਤਾ ਕੇਸਾਂ ਨਾਲ ਹੈ ਤੇ ਕੇਸਾਂ ਦਾ ਦਸਤਾਰ ਨਾਲ। ਇਹ ਦੋਵੇਂ ਸਿੱਖ ਸੱਭਿਆਚਾਰ ਦੇ ਮਹਾਨ ਚੋਬਦਾਰ ਤੇ ਸਨਮਾਨਿਤ ਸ਼ਾਹਕਾਰ ਹਨ। ਇਸ ਪਛਾਣ ਕਰ ਕੇ ਹੀ ਸਾਰੇ ਸੰਸਾਰ ਵਿੱਚ ਸਿੱਖ ਨੂੰ ਆਪਣੀ ਪਛਾਣ ਦੱਸਣ ਦੀ ਲੋੜ ਨਹੀਂ ਪੈਂਦੀ। ਜਿਵੇਂ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੀ ਹੋਂਦ ਦਾ ਸੂਚਕ ਹੈ ਇਸੇ ਤਰ੍ਹਾਂ ਦਸਤਾਰ ਸਿੱਖ ਸੱਭਿਆਚਾਰ ਦਾ ਦੂਰੋਂ ਨਜਰ ਆ ਰਿਹਾ ਉੱਚਾ ਮੀਨਾਰ ਹੈ।