ਸਿਮਰੌ ਸ੍ਰੀ ਹਰਿਰਾਇ
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,
ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)- 99155-15436
ਗੁਰੂ ਹਰਿਰਾਇ ਸਾਹਿਬ ਜੀ ਦੇ ਸਮੁੱਚੇ ਜੀਵਨ ਨੂੰ ਜੇ ਦੋ ਸ਼ਬਦਾਂ ਵਿੱਚ ਬਿਆਨ ਕਰਨਾ ਹੋਵੇ ਤਾਂ ਉਹਨਾਂ ਨੂੰ ‘ਨਿਰਭਉ ਤੇ ਨਿਰਵੈਰ’ ਹੀ ਕਿਹਾ ਜਾ ਸਕਦਾ ਹੈ। ਸਾਰੀ ਉਮਰ ਉਹਨਾਂ ਨੇ ਕਿਸੇ ਦਾ ਡਰ ਨਹੀਂ ਮੰਨਿਆ, ਕਿਸੇ ਨਾਲ ਵੈਰ ਨਹੀਂ ਕਮਾਇਆ, ਕਿਸੇ ਪ੍ਰਤੀ ਮਾੜਾ ਸ਼ਬਦ ਨਹੀਂ ਬੋਲਿਆ। ਵੱਡੇ ਭਰਾ ਧੀਰਮਲ ਨੇ ਡਰਾਵੇ ਵੀ ਦਿੱਤੇ, ਉਸ ਨੇ ਸਮੇਂ ਦੀ ਸਰਕਾਰ ਦਾ ਹੱਥ ਵੀ ਫੜਿਆ ਪਰ ਆਪ ਸ਼ਾਂਤ ਚਿੱਤ ਹੋ ਕੇ ਵਿਚਰਦੇ ਰਹੇ।
ਅਜਿਹੇ ਗੁਣਾਂ ਨਾਲ ਭਰਪੂਰ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਕੀਰਤਪੁਰ ਵਿਖੇ 16 ਜਨਵਰੀ ਸੰਨ 1630 ਨੂੰ ਪਿਤਾ ਗੁਰਦਿਤਾ ਜੀ ਅਤੇ ਮਾਤਾ ਰਾਜ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਕੀਰਤਪੁਰ ਨਗਰ ਵੀ ਬਾਬਾ ਗੁਰਦਿਤਾ ਜੀ ਨੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਵਸਾਇਆ ਸੀ। ਇਸੇ ਅਸਥਾਨ ’ਤੇ ਹੀ ਗੁਰੂ ਨਾਨਕ ਦੇਵ ਜੀ ਸਾਂਈ ਬੁੱਢਣ ਸ਼ਾਹ ਨੂੰ ਮਿਲੇ ਸਨ। ਜਨਮ ਸਮੇਂ ਆਪ ਦੇ ਦਾਦਾ ਗੁਰੂ ਹਰਿ ਗੋਬਿੰਦ ਜੀ ਅੰਮ੍ਰਿਤਸਰ ਵਿਖੇ ਸਨ। ਆਪ ਨੇ ਉਸ ਸਮੇਂ ਬਚਨ ਕੀਤਾ ਕਿ ‘ਵੱਡੀ ਚੀਜ ਦਾ ਗਾਹਕ ਆਇਆ ਹੈ।’ ਖਬਰ ਮਿਲਦਿਆਂ ਹੀ ਗੁਰੂ ਹਰਿ ਗੋਬਿੰਦ ਸਾਹਿਬ ਕੀਰਤਪੁਰ ਵੱਲ ਚੱਲ ਪਏ। ਬਾਲਕ ਨੂੰ ਗੋਦ ਵਿੱਚ ਲੈ ਕੇ ਅਸੀਸਾਂ ਦਿੱਤੀਆਂ ਤੇ ਨਾਮ ਹਰਿਰਾਇ ਰੱਖਿਆ ਅਤੇ ਫ਼ੁਰਮਾਇਆ ਕਿ ਇਹ ਧਰਤੀ ਦਾ ਭਾਰ ਹੌਲ਼ਾ ਕਰਨ ਲਈ ਹੀ ਸੰਸਾਰ ’ਤੇ ਆਏ ਹਨ। ਦੋ ਮਹੀਨੇ ਗੁਰੂ ਹਰਿ ਗੋਬਿੰਦ ਜੀ ਕੀਰਤਪੁਰ ਹੀ ਰਹੇ।
ਗੁਰੂ ਹਰਿ ਗੋਬਿੰਦ ਜੀ ਨੇ ਸਿੱਖ ਮੱਤ ਦੇ ਪ੍ਰਚਾਰ ਲਈ ਚਾਰ ਕੇਂਦਰ ਬਣਾਏ ਸਨ। ਇਹ ਚਾਰੇ ਕੇਂਦਰ ਬਾਬਾ ਗੁਰਦਿਤਾ ਜੀ ਦੀ ਰਹਿਨੁਮਾਈ ਹੇਠਾਂ ਪ੍ਰਚਾਰ ਕਰਦੇ ਰਹੇ ਸਨ। ਇਹਨਾਂ ਨੇ ਪਹਾੜੀ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਸਿੱਖ ਮੱਤ ਦਾ ਪ੍ਰਚਾਰ ਕੀਤਾ। ਇਸ ਪ੍ਰਚਾਰ ਸਦਕਾ ਲੋਕਾਂ ਵਿੱਚ ਐਸੀ ਜੁਰਅਤ (ਹਿੰਮਤ) ਪੈਦਾ ਹੋਈ ਕਿ ਸਭ ਨੇ ਦਿੱਲੀ ਵੱਲ ਵੇਖਣਾ ਹੀ ਛੱਡ ਦਿੱਤਾ। ਇੱਥੋਂ ਤੱਕ ਕਿ ਰਾਜੇ ਵੀ ਗੁਰੂ ਜੀ ਪਾਸ ਹੀ ਆਪਣੇ ਸਫ਼ੀਰ (ਏਲਚੀ) ਤੇ ਦੂਤ ਭੇਜਦੇ ਸਨ। ਬਾਬਾ ਗੁਰਦਿਤਾ ਜੀ ਨੇ ਪ੍ਰਚਾਰ ਦੇ ਕਾਰਜਾਂ ਨੂੰ ਇਤਨਾ ਸੰਗਠਿਤ ਕਰ ਦਿੱਤਾ ਸੀ ਕਿ ਪ੍ਰਚਾਰਕ ਵੀ ਜੁਰਅਤ ਦੀ ਮੂਰਤ ਤੇ ਸ਼ਰਧਾ ਵਿੱਚ ਭਿੱਜੇ ਹੋਏ ਰਹਿੰਦੇ ਸਨ।
ਗੁਰੂ ਹਰਿ ਗੋਬਿੰਦ ਸਾਹਿਬ; ਹਰਿ ਰਾਇ ਜੀ ਨੂੰ ਹਰ ਵਕਤ ਆਪਦੇ ਨਾਲ ਰੱਖਦੇ ਤੇ ਆਪ ਹੀ ਉਹਨਾਂ ਨੂੰ ਪੜ੍ਹਾਈ ਲਿਖਾਈ, ਸ਼ਸਤਰ ਵਿੱਦਿਆ, ਘੋੜ ਸਵਾਰੀ ਆਦਿ ਦੀ ਸਿਖਲਾਈ ਦਿੰਦੇ। ਜਦੋਂ ਕੀਰਤਨ ਹੁੰਦਾ, ਵਾਰਾਂ ਗਾਈਆਂ ਜਾਂਦੀਆਂ ਜਾਂ ਕਥਾ ਵਿਚਾਰਾਂ ਹੁੰਦੀਆਂ ਤਾਂ ਉਹਨਾਂ ਨੂੰ ਕੋਲ ਹੀ ਬਿਠਾਉਂਦੇ। ਹਰਿ ਰਾਇ ਜੀ ਹਰ ਵਕਤ ਸੇਵਾ ਲਈ ਤੱਤਪਰ ਰਹਿੰਦੇ। ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਨਿਮਰਤਾ, ਦਲੇਰੀ, ਸਿੱਖਾਂ ਨਾਲ ਪਿਆਰ ਤੇ ਸੰਜਮ ਦੀ ਛਾਪ ਹਰ ਸਮੇਂ (ਗੁਰੂ) ਹਰਿ ਰਾਇ ਜੀ ’ਤੇ ਪੈ ਰਹੀ ਸੀ। ਆਪ ਗੁਰੂ ਜੀ ਦੇ ਹਰ ਬਚਨ ਉੱਤੇ ਪਹਿਰਾ ਦਿੰਦੇ। ਇੱਕ ਸਮੇਂ ਆਪ ਗੁਰੂ ਜੀ ਨਾਲ ਬਾਗਾਂ ਦੀ ਸੈਰ ਨੂੰ ਜਾ ਰਹੇ ਸਨ, ਇੱਕ ਖਿੜਿਆ ਹੋਇਆ ਖ਼ੂਬਸੂਰਤ ਫੁੱਲ ਆਪ ਜੀ ਦੇ ਦਾਮਨ ਨਾਲ ਅੜ ਕੇ ਡਿੱਗ ਪਿਆ। ਦਾਦਾ ਗੁਰੂ ਹਰਿ ਗੋਬਿੰਦ ਜੀ ਨੇ ਸਮਝਾਇਆ ‘ਦਾਮਨ ਸੰਕੋਚ ਕੇ ਚੱਲੋ । ਜੇ ਜਾਮਾ ਵੱਡਾ ਪਹਿਨਿਆ ਹੋਵੇ ਤਾਂ ਸੰਭਲ ਕੇ ਚੱਲੋ’ ਭਾਵ ਇਹ ਵੀ ਸੀ ਕਿ ਜੋ ਕੁੱਝ ਪ੍ਰਾਪਤ ਹੋ ਜਾਵੇ ਤਾਂ ਉਸ ਨੂੰ ਜਰਨਾ ਸਿੱਖੋ। ਇਹ ਬਚਨ ਆਪ ਨੇ ਸਾਰੀ ਉਮਰ ਪੱਲੇ ਬੰਨ੍ਹ ਲਿਆ ਅਤੇ ਸੰਜਮੀ ਜੀਵਨ ਧਾਰੀ ਰੱਖਿਆ।
ਗੁਰੂ ਹਰਿ ਗੋਬਿੰਦ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਉਣ ’ਤੇ ਸੰਗਤਾਂ ਦੇ ਦੀਵਾਨ ਵਿੱਚ ਹੀ ਜੋਤੀ ਜੋਤ ਸਮਾਉਣ ਦੀ ਗੱਲ ਕਹੀ ਤੇ ਨਾਲ ਹੀ ਹੁਕਮ ਕੀਤਾ – ‘ਧਰਹੁ ਅਨੰਦ, ਨ ਕੀਜਹਿ ਸ਼ੋਕ’। ਗੁਰਿਆਈ ਦੀ ਜੁੰਮੇਵਾਰੀ ਆਪਣੇ ਛੋਟੇ ਪੋਤਰੇ ਗੁਰੂ ਹਰਿਰਾਇ ਜੀ ਨੂੰ 3 ਮਾਰਚ 1644 ਨੂੰ ਦਿੱਤੀ ਗਈ। ਉਸ ਵਕਤ ਆਪ ਦੀ ਉਮਰ 14 ਵਰ੍ਹੇ 2 ਮਹੀਨੇ ਤੇ 13 ਦਿਨ ਸੀ ਭਾਵੇਂ ਕਿ ਆਪ ਅੰਦਰ ਖ਼ੂਬੀਆਂ ਵੇਖ ਕੇ ਜ਼ਿੰਮੇਵਾਰੀ ਦੇਣ ਦਾ ਇਹ ਫ਼ੈਸਲਾ ਗੁਰੂ ਹਰਿਗੋਬਿੰਦ ਸਾਹਿਬ ਜੀ ਤਿੰਨ ਸਾਲ ਪਹਿਲਾਂ 27 ਫ਼ਰਵਰੀ 1641 ਨੂੰ ਹੀ ਕਰ ਚੁੱਕੇ ਸਨ।
ਗੁਰਗੱਦੀ ’ਤੇ ਬਿਰਾਜਮਾਨ ਹੋਣ ਉਪਰੰਤ ਆਪ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਯਕੀਨ ਦੇ ਘਰ ਰਹੋ। ਸਤਿਨਾਮ ਜੱਪੋ। ਕਾਮ ਕ੍ਰੋਧ ਲੋਭ ਨੂੰ ਨੇੜੇ ਨਾ ਆਉਣ ਦਿਉ। ਸ਼ੁਭ ਕਰਮ ਕਰੋ ਤੇ ਮਾੜੇ ਕਰਮਾਂ ਨੂੰ ਨੇੜੇ ਨਾ ਆਉਣ ਦਿਉ। ਸੱਚੀ ਤੇ ਸੁੱਚੀ ਕਿਰਤ ਕਰੋ।, ਨਿੱਕੀ ਨਿੱਕੀ ਗੱਲ ’ਤੇ ਝਗੜੇ ਨਾ ਕਰੋ।, ਮਾਂ ਬਾਪ ਦੀ ਸੇਵਾ ਵੀ ਭਗਤੀ ਦਾ ਰੂਪ ਹੈ।, ਘਰ ਵਿੱਚ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ।, ਮਨੁੱਖਾ ਦੇਹੀ ਦੁਰਲੱਭ ਹੈ।, ਵਿਸ਼ੇ ਵਿਕਾਰਾਂ ਵਿੱਚ ਪੈ ਕੇ ਜੀਵਨ ਦੀ ਬਾਜ਼ੀ ਨਾ ਹਾਰੋ।, ਨਾਮ ਜਪਣਾ ਤੇ ਗਿਆਨ ਪ੍ਰਾਪਤ ਕਰਨਾ; ਧਰਮ ਦੇ ਮੁੱਖ ਅੰਗ ਹਨ।, ਕ੍ਰਿਤ ਵਿੱਚੋਂ ਦਸਵੰਧ ਜ਼ਰੂਰ ਕੱਢੋ। ਇਸ ਤਰ੍ਹਾਂ ਜੀਵਨ ਸੁਖੀ ਬਤੀਤ ਹੋਵੇਗਾ ਅਤੇ ਸਫਲ ਹੋਵੇਗਾ।
ਗੁਰੂ ਹਰਿਰਾਇ ਸਾਹਿਬ ਦਾ ਨਿਤ ਕਰਮ ਹੀ ਸਾਰਿਆਂ ਲਈ ਪ੍ਰੇਰਣਾ ਸਰੋਤ ਸੀ। ਆਪ ਪਹਿਰ ਰਹਿੰਦੀ ਰਾਤ ਉੱਠਦੇ, ਇਸ਼ਨਾਨ ਕਰਦੇ ਤੇ ਫਿਰ ਨਿਤਨੇਮ ਤੇ ਸਿਮਰਨ ਵਿੱਚ ਮਨ ਜੋੜਦੇ। ਫਿਰ ਸੰਗਤ ਵਿੱਚ ਆ ਕੇ ਰਬਾਬੀਆਂ ਪਾਸੋਂ ਕੀਰਤਨ ਸਰਵਣ ਕਰਦੇ, ਅਰਦਾਸ ਹੁੰਦੀ ਤੇ ਫਿਰ ਲੰਗਰ ਵਿੱਚ ਪੁੱਜਦੇ। ਪਹਿਲਾਂ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾਉਂਦੇ ਤੇ ਫਿਰ ਆਪ ਛਕਦੇ। ਕੁੱਝ ਸਮਾਂ ਅਰਾਮ ਕਰਦੇ ਤੇ ਫਿਰ ਸ਼ਿਕਾਰ ਲਈ ਜਾਂਦੇ। ਸ਼ਿਕਾਰ ਜਿਉਂਦਾ ਹੀ ਫੜ ਕੇ ਲਿਆਉਂਦੇ, ਜੇ ਕੋਈ ਜਖ਼ਮੀ ਵੀ ਹੋ ਜਾਂਦਾ ਤਾਂ ਉਸ ਦਾ ਇਲਾਜ ਵੀ ਕਰਦੇ। ਫਿਰ ਸ਼ਾਮ ਨੂੰ ਕਥਾ ਵਿਚਾਰਾਂ ਹੁੰਦੀਆਂ। ਵੱਡੇ-ਵੱਡੇ ਵਿਦਵਾਨ ਵੀ ਆਪ ਦੇ ਦਰਬਾਰ ਵਿੱਚ ਆਉਂਦੇ। ਗਿਆਨ ਅੰਮ੍ਰਿਤ ਦੀ ਵਰਖਾ ਹੁੰਦੀ। ਫਿਰ ਬਾਗਾਂ ਵਿੱਚ ਸੈਰ ਕਰਨ ਜਾਂਦੇ। ਬੱਚਿਆਂ ਨੂੰ ਇਕੱਠਿਆਂ ਕਰ ਕੇ ਉਪਦੇਸ਼ ਦਿੰਦੇ। ਰੱਖ (ਜੰਗਲ) ਵਿੱਚ ਜਾ ਕੇ ਪੰਛੀਆਂ ਨੂੰ ਚੋਗਾ ਆਦਿ ਪਾਉਂਦੇ ਤੇ ਸਾਂਭ ਸੰਭਾਲ਼ ਕਰਦੇ। ਉਪਰੰਤ ਸ਼ਫ਼ਾਖਾਨੇ (ਹਸਪਤਾਲ) ਵਿੱਚ ਜਾਂਦੇ ਤੇ ਰੋਗੀਆਂ ਨੂੰ ਦਵਾਦਾਰੂ ਦਿੰਦੇ।
ਗੁਰੂ ਹਰਿਰਾਇ ਸਾਹਿਬ ਦੇ ਦਵਾਖ਼ਾਨੇ ਵਿੱਚ ਬਹੁਤ ਕੀਮਤੀ ਤੇ ਦੁਰਲੱਭ ਦਵਾਈਆਂ ਮੌਜੂਦ ਸਨ। ਜਦੋਂ ਸ਼ਾਹ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਕਿਸੇ ਨੇ ਖਾਣੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਖੁਆ ਦਿੱਤਾ ਤਾਂ ਉਹ ਬਹੁਤ ਤੜਫਨ ਲੱਗਾ। ਜੋ ਕੀਮਤੀ ਦਵਾਈਆਂ ਸ਼ਾਹੀ ਹਕੀਮਾਂ ਨੇ ਲਿਖ ਕੇ ਦਿੱਤੀਆਂ ਉਹ ਕਿਤੋਂ ਨਾ ਮਿਲੀਆਂ। ਸ਼ਾਹ ਜਹਾਨ ਨੇ ਆਪਣੇ ਏਲਚੀ ਗੁਰੂ ਹਰਿਰਾਇ ਸਾਹਿਬ ਕੋਲ ਭੇਜੇ। ਗੁਰੂ ਸਾਹਿਬ ਨੇ ਉਹ ਸਾਰੀਆਂ ਦਵਾਈਆਂ ਜੋ ਸ਼ਾਹੀ ਹਕੀਮਾਂ ਨੇ ਲਿਖ ਕੇ ਦਿੱਤੀਆਂ, ਭੇਜ ਦਿੱਤੀਆਂ। ਦਾਰਾ ਸ਼ਿਕੋਹ ਨੇ ਉਹ ਦਵਾਈਆਂ ਲਈਆਂ ਤੇ ਨੌ ਬਰ ਨੌ ਹੋ ਗਿਆ। ਉਸ ਦੇ ਮਨ ਵਿੱਚ ਗੁਰੂ ਸਾਹਿਬ ਲਈ ਸਤਿਕਾਰ ਪਹਿਲਾਂ ਨਾਲੋਂ ਵੀ ਵਧ ਗਿਆ।
ਸੰਨ 1646 ਵਿੱਚ ਪੰਜਾਬ ਦੇ ਵਿੱਚ ਅਜਿਹਾ ਕਾਲ ਪਿਆ ਕਿ ਲੋਕ ਇੱਕ ਇੱਕ ਬੁਰਕੀ ਤੋਂ ਆਤਰ (ਦੁਖੀ) ਹੋਣ ਲੱਗੇ। ਗੁਰੂ ਹਰਿ ਰਾਇ ਸਾਹਿਬ ਨੇ ਸੰਗਤਾਂ ਨੂੰ ਹੁਕਮ ਭੇਜੇ ਕਿ ਘਰ ਘਰ ਲੰਗਰ ਲਗਾ ਦਿਉ। ਜਿੱਥੇ ਵੀ ਧਰਮਸ਼ਾਲਾ ਕਾਇਮ ਸੀ, ਲੰਗਰ ਲਗਾਉਣ ਦਾ ਹੁਕਮ ਦੇ ਦਿੱਤਾ ਗਿਆ। ਲੰਗਰ ਸਬੰਧੀ ਆਪ ਦਾ ਉਚੇਚਾ ਹੁਕਮ ਸੀ ਕਿ ਕੇਵਲ ਸਮੇਂ ਸਿਰ ਜਾਂ ਦੋ ਵਕਤ ਹੀ ਪ੍ਰਸ਼ਾਦਾ ਨਹੀਂ ਦੇਣਾ ਸਗੋਂ ਜਦੋਂ ਵੀ ਕੋਈ ਆ ਜਾਵੇ ਉਸ ਨੂੰ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਜਾਵੇ। ਆਪ ਜੀ ਨੇ ਲੰਗਰ ਵਰਤਾਉਣ ਤੋਂ ਪਹਿਲਾਂ ਨਗਾਰਾ ਵਜਾਉਣ ਦੀ ਮਰਯਾਦਾ ਵੀ ਚਲਾਈ ਤਾਂ ਜੋ ਦੂਰ ਬੈਠੇ ਲੋਕ ਵੀ ਨਗਾਰਾ ਸੁਣ ਕੇ ਲੰਗਰ ਛਕਣ ਆ ਸਕਣ। ਆਪ ਜੀ ਨੇ ਇਹ ਵੀ ਹੁਕਮ ਕੀਤਾ ਕਿ ਹਰ ਸਿੱਖ ਆਪਣੇ ਵਿੱਤ ਅਨੁਸਾਰ ਲੰਗਰ ਵਿੱਚ ਅੰਨ, ਧਨ ਜਾਂ ਕੋਈ ਵੀ ਰਸਦ ਜ਼ਰੂਰ ਪਾਵੇ। ਆਪ ਨੇ ਇਹ ਵੀ ਹੁਕਮ ਦੇ ਰੱਖਿਆ ਸੀ ਕਿ ਜੇਕਰ ਕੋਈ ਮਸੰਦ ਦਸਵੰਧ ਦੀ ਪੂਰੀ ਰਕਮ ਹੀ ਲੰਗਰ ’ਤੇ ਜਾਂ ਲੋੜਵੰਦਾਂ ’ਤੇ ਖਰਚ ਕਰ ਦੇਵੇਗਾ ਤਾਂ ਉਹ ਦਸਵੰਧ ਵੀ ਸਿੱਧਾ ਸਾਨੂੰ ਪਹੁੰਚਿਆ ਹੀ ਸਮਝਿਆ ਜਾਵੇਗਾ। ਆਪ ਨੇ ਦਸਵੰਧ ਦੀ ਰਕਮ ਵਿੱਚੋਂ ਹੀ ਕਈ ਖੂਹ, ਸਰੋਵਰ ਤੇ ਤਲਾਬ ਲਗਵਾਏ ਤਾਂ ਜੋ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।
ਸਮੇਂ ਦੇ ਨਾਲ ਨਾਲ ਦੇਸ਼ ਦੇ ਰਾਜਸੀ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ। ਔਰੰਗਜ਼ੇਬ ਨੇ ਆਪਣੇ ਬਾਪ ਨੂੰ ਤੇ ਭਰਾਵਾਂ ਨੂੰ ਮਾਰ ਮੁਕਾਉਣ ਮਗਰੋਂ ਤਖ਼ਤ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ। ਉਸ ਨੇ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਅਤੇ ਹਿੰਦੋਸਤਾਨ ਨੂੰ ਇਸਲਾਮੀ ਸ਼ਰਹ ਦਾ ਘਰ ਬਣਾਉਣ ਦਾ ਐਲਾਨ ਕੀਤਾ। ਔਰੰਗਜ਼ੇਬ ਨੇ ਅਜੇ ਤਖ਼ਤ ਸੰਭਾਲਿਆ ਹੀ ਸੀ ਕਿ ਗੁਰੂ ਹਰਿਰਾਇ ਸਾਹਿਬ ਦੇ ਵੱਡੇ ਭਰਾ ਧੀਰਮਲ ਨੇ ਸ਼ਿਕਾਇਤ ਕੀਤੀ ਕਿ ਮੈਂ ਵੱਡਾ ਭਰਾ ਹਾਂ, ਗੁਰਗੱਦੀ ਤੇ ਮੇਰਾ ਹੱਕ ਬਣਦਾ ਹੈ ਤੇ ਮੈਨੂੰ ਮੇਰਾ ਹੱਕ ਦਿਵਾਇਆ ਜਾਵੇ। ਫਿਰ ਦਾਰਾ ਸ਼ਿਕੋਹ ਦੀ ਮਦਦ ਦਾ ਇਲਜਾਮ ਲਾ ਕੇ ਗੁਰੂ ਪ੍ਰਤੀ ਸ਼ਿਕਾਇਤ ਵੀ ਕੀਤੀ। ਔਰੰਗਜ਼ੇਬ ਨੇ ਆਪਣੇ ਏਲਚੀ ਰਾਹੀਂ ਪੱਤਰ ਭੇਜ ਕੇ ਗੁਰੂ ਸਾਹਿਬ ਨੂੰ ਦਿੱਲੀ ਦਰਬਾਰ ਵਿਖੇ ਪੇਸ਼ ਹੋਣ ਦਾ ਹੁਕਮ ਕੀਤਾ। ਸੰਗਤ ਵਿੱਚ ਇਸ ਪੱਤਰ ’ਤੇ ਵਿਚਾਰ ਕਰਨ ਉਪਰੰਤ ਆਏ ਹੋਏ ਏਲਚੀ ਨੂੰ ਦਿੱਲੀ ਨਾ ਜਾਣ ਦਾ ਫ਼ੈਸਲਾ ਸੁਣਾ ਦਿੱਤਾ। ਇਸ ਨਾਲ ਬਾਦਸ਼ਾਹ ਬੜਾ ਕ੍ਰੋਧਿਤ ਹੋਇਆ। ਅਖੀਰ ਰਾਜਾ ਜੈ ਸਿੰਘ ਦੀ ਸਲਾਹ ਨਾਲ ਨਿਮ੍ਰਤਾ ਭਰਿਆ ਪੱਤਰ ਲਿਖਿਆ। ਗੁਰੂ ਸਾਹਿਬ ਨੇ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਇ ਨੂੰ ਦਿੱਲੀ ਭੇਜਣ ਦਾ ਫ਼ੈਸਲਾ ਕੀਤਾ। ਕੁੱਝ ਵਿਦਵਾਨ ਮਸੰਦ ਅਤੇ 25 ਕੁ ਘੋੜ ਸਵਾਰ ਵੀ ਨਾਲ ਭੇਜੇ ਗਏ ਅਤੇ ਤਾਕੀਦ ਕੀਤੀ ਕਿ ਉੱਥੇ ਜਾ ਕੇ ਕੇਵਲ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਨਾਂ ਹੀ ਰੌਸ਼ਨ ਕਰਨਾ। ਅਕਾਲ ਪੁਰਖ ਤੋਂ ਛੁੱਟ ਕਿਸੇ ਹੋਰ ਦਾ ਓਟ ਆਸਰਾ ਨਹੀਂ ਲੈਣਾ।
ਬਾਬਾ ਰਾਮ ਰਾਇ ਜੀ ਦੇ ਦਿੱਲੀ ਪਹੁੰਚਣ ’ਤੇ ਬਾਦਸ਼ਾਹ ਨੇ ਆਦਰ ਮਾਨ ਕੀਤਾ। ਬਾਦਸ਼ਾਹ ਦੇ ਸਾਰੇ ਸ਼ੰਕਿਆਂ ਦਾ ਉਤਰ ਬਾਬਾ ਰਾਮ ਰਾਇ ਨੇ ਬਾਖ਼ੂਬੀ ਦਿੱਤਾ। ਬਾਦਸ਼ਾਹ ਉੱਤੇ ਰਾਮ ਰਾਇ ਦੀ ਵਿਦਵਤਾ ਦਾ ਬੜਾ ਡੂੰਘਾ ਅਸਰ ਪਿਆ। ਬਹੁਤ ਸਾਰੇ ਵਿਦਵਾਨ ਕਾਜ਼ੀ ਤੇ ਮੁੱਲਾਂ ਮੌਲਾਨੇ ਵੀ ਹਾਜ਼ਰ ਸਨ। ਬਾਦਸ਼ਾਹ ਨੇ ਕਰਾਮਾਤਾਂ ਦਿਖਾਉਣ ਲਈ ਕਿਹਾ ਤਾਂ ਬਾਬਾ ਰਾਮ ਰਾਇ ਜੀ ਗੁਰੂ ਆਸ਼ੇ ਤੋਂ ਥਿੜਕ ਗਏ ਅਤੇ ਕਰਾਮਾਤਾਂ ਦਿਖਾ ਕੇ ਬਾਦਸ਼ਾਹ ਨੂੰ ਖੁਸ਼ ਕਰਨ ਵਿੱਚ ਲੱਗੇ ਰਹੇ। ਸਿੱਖ ਇਤਿਹਾਸ ਨੇ 72 ਕਰਾਮਾਤਾਂ ਦਾ ਜ਼ਿਕਰ ਕੀਤਾ ਹੈ। ਅਖੀਰ ਔਰੰਗਜ਼ੇਬ ਨੇ ਗੁਰੂ ਨਾਨਕ ਦੇਵ ਜੀ ਦੀ ਆਸਾ ਕੀ ਵਾਰ ਦੀ ਬਾਣੀ ਦੇ ਇੱਕ ਸਲੋਕ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ ॥’’ (ਮ: ੧/੪੬੬) ਦੇ ਅਰਥ ਪੁੱਛੇ। ਬਾਬਾ ਰਾਮ ਰਾਇ ਵਰਗੇ ਵਿਦਵਾਨ ਲਈ ਅਰਥ ਸਮਝਾਉਣੇ ਕੋਈ ਮੁਸ਼ਕਲ ਕੰਮ ਨਹੀਂ ਸੀ ਪਰ ਬਾਦਸ਼ਾਹ ਨਾਲ ਬਣਿਆ ਆਪਣਾ ਅਸਰ ਰਸੂਖ਼ ਕਾਇਮ ਰੱਖਣ ਲਈ ਆਪ ਨੇ ਇਹ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੇ ਤਾਂ ‘ਮਿਟੀ ਬੇਈਮਾਨ ਕੀ ……।’ ਲਿਖਿਆ ਹੈ ਪਰ ਲਿਖਾਰੀ ਦੀ ਗ਼ਲਤੀ ਨਾਲ ਮੁਸਲਮਾਨ ਲਿਖਿਆ ਗਿਆ ਹੈ। ਇਹ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ। ਜਦੋਂ ਗੁਰੂ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਹੁਕਮ ਭੇਜ ਦਿੱਤਾ ਕਿ ਅੱਜ ਤੋਂ ਬਾਅਦ ਰਾਮ ਰਾਇ ਸਾਡੇ ਮੱਥੇ ਨਾ ਲੱਗੇ ਜਿੱਧਰ ਮੂੰਹ ਹੈ ਉਧਰ ਹੀ ਚਲਾ ਜਾਵੇ। ਇਹ ਸੁਣ ਕੇ ਔਰੰਗਜ਼ੇਬ ਖੁਸ਼ ਹੋਇਆ ਕਿ ਘਰ ਵਿੱਚ ਫੁੱਟ ਪੈ ਗਈ ਹੈ ਤੇ ਇਸ ਫੁੱਟ ਨੂੰ ਹੋਰ ਪੱਕਾ ਕਰਨ ਲਈ ਉਸ ਨੇ ਰਾਮ ਰਾਇ ਨੂੰ ਦੂਨ ਦੇ ਇਲਾਕੇ ਵਿੱਚ ਇੱਕ ਵੱਡੀ ਜਗੀਰ ਦੇ ਦਿੱਤੀ ਤੇ ਆਪਣਾ ਵੱਖਰਾ ਡੇਰਾ ਬਣਾਉਣ ਲਈ ਕਿਹਾ। ਜਿਸ ਨੂੰ ਅੱਜ ਕੱਲ ‘ਡੇਹਰਾਦੂਨ’ ਆਖਦੇ ਹਨ।
ਰਾਮ ਰਾਇ ਹੁਣ ਇਸ ਕੋਸ਼ਿਸ਼ ਵਿੱਚ ਸੀ ਕਿ ਕਿਸੇ ਤਰ੍ਹਾਂ ਸ਼ਾਹੀ ਰੋਹਬ ਦੀ ਮਦਦ ਨਾਲ ਮੈਂ ਗੁਰਿਆਈ ਦੀ ਗੱਦੀ ਸੰਭਾਲ਼ ਲਵਾਂਗਾ। ਔਰੰਗਜ਼ੇਬ ਵੀ ਇਸ ਤਾਕ ਵਿੱਚ ਸੀ ਕਿ ਮੈਂ ਰਾਮ ਰਾਇ ਨੂੰ ਗੱਦੀ ’ਤੇ ਬਿਠਾ ਕੇ ਆਪਣਾ ਹੱਥ ਠੋਕਾ ਬਣਾ ਲਵਾਂਗਾ ਅਤੇ ਇਸ ਤਰੀਕੇ ਨਾਲ ਪੰਜਾਬ ਦੇ ਹਿੰਦੂ ਤੇ ਸਿੱਖਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਵਾਂਗਾ। ਇਹਨਾਂ ਸਾਰੇ ਹਾਲਾਤਾਂ ਨੂੰ ਧਿਆਨ ’ਚ ਰੱਖ ਕੇ ਗੁਰੂ ਹਰਿ ਰਾਇ ਸਾਹਿਬ ਨੇ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰ ਦਿੱਤਾ ਤਾਂ ਜੋ ਸੰਗਤਾਂ ਨੂੰ ਔਰੰਗਜ਼ੇਬ ਦੀਆਂ ਸਾਜ਼ਸ਼ਾਂ ਤੋਂ ਜਾਣੂ ਕਰਵਾਇਆ ਜਾ ਸਕੇ। ਆਪ ਨੇ ਕੀਰਤਪੁਰ ਤੋਂ ਦੁਆਬੇ ਰਾਹੀਂ ਹੋ ਕੇ ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ ਤੇ ਸ਼੍ਰੀ ਗੋਬਿੰਦਪੁਰ ਆਦਿ ਇਲਾਕਿਆਂ ਵਿੱਚ ਗੁਰਮਤਿ ਪ੍ਰਚਾਰ ਕਰ ਕੇ ਸਿੱਖਾਂ ਵਿੱਚ ਉਤਸ਼ਾਹ ਪੈਦਾ ਕੀਤਾ। ਭਾਈ ਫੇਰੂ ਜੀ ਨੇ ਵੀ ਇਹਨਾਂ ਇਲਾਕਿਆਂ ਵਿੱਚ ਡੱਟ ਕੇ ਪ੍ਰਚਾਰ ਕੀਤਾ।
ਇਸ ਤੋਂ ਬਾਅਦ ਆਪ ਨੇ ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰਕ ਦੌਰੇ ਸ਼ੁਰੂ ਕੀਤੇ। ਇੱਥੇ ਭਾਈ ਬਹਿਲੋ, ਭਾਈ ਭਗਤੂ, ਭਾਈ ਪੰਜਾਬਾ ਤੇ ਭਾਈ ਭੂੰਦੜ ਆਦਿ ਮੁੱਖੀ ਸਿੱਖਾਂ ਨੇ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ। ਇਸ ਇਲਾਕੇ ਵਿੱਚ ਫੂਲ ਤੇ ਸੰਦਲੀ, ਜੋ ਚੌਧਰੀ ਕਾਲੇ ਦੇ ਭਤੀਜੇ ਸਨ, ਨੂੰ ਪ੍ਰਚਾਰ ਵਿੱਚ ਲਾਇਆ ਗਿਆ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਫੁੱਲ ਵਾਂਗ ਟਹਿਕਣ ਤੇ ਸੰਦਲ ਵਾਂਗ ਮਹਿਕਣ ਲਈ ਕਿਹਾ। ਬਾਅਦ ਵਿੱਚ ਗੁਰੂ ਸਾਹਿਬ ਦੀ ਬਖ਼ਸ਼ਸ਼ ਨਾਲ ਇਹਨਾਂ ਦੀ ਸੰਤਾਨ ਨੇ ਵੀ ਰਾਜ ਕੀਤਾ। ਇਸੇ ਤਰ੍ਹਾਂ ਭਾਈ ਭਗਤੂ ਦੇ ਪੁੱਤਰ ਜੀਵਨ ਤੇ ਗੌਰਾ ਨੇ ਬਠਿੰਡੇ ਦੇ ਇਲਾਕੇ ਵਿੱਚ ਸਿੱਖੀ ਦੀ ਮਹਿਕ ਨੂੰ ਫੈਲਾਇਆ।
ਪੋਠਾਹਾਰ ਵੱਲ ਕਾਬਲ ਤੋਂ ਘੋੜਿਆਂ ’ਤੇ ਮੇਵਿਆਂ ਦਾ ਵਾਪਾਰ ਕਰਨ ਵਾਲੇ ਸਿੱਖ ਵੀ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਵੀ ਭਗਤ ਭਗਵਾਨ ਤੇ ਸੁਥਰੇ ਸ਼ਾਹ ਵਰਗੇ ਮਸੰਦ ਸਿੱਖ ਜੱਥੇਬੰਦੀ ਨੂੰ ਮਜਬੂਤ ਕਰ ਰਹੇ ਸਨ। ਇਸ ਤਰ੍ਹਾਂ ਸਿੱਖੀ ਦੀ ਲਹਿਰ ਪੂਰੇ ਹਿੰਦੋਸਤਾਨ ਵਿੱਚ ਫੈਲਦੀ ਜਾ ਰਹੀ ਸੀ, ਜਿਸ ਦਾ ਕੇਂਦਰ ਪੰਜਾਬ ਰਿਹਾ ਸੀ।
ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪ ਨੇ ਤਿੰਨ ਬਖ਼ਸ਼ਸ਼ਾਂ ਭਾਵ ਪ੍ਰਚਾਰਕ ਕੇਂਦਰ ਕਾਇਮ ਕੀਤੇ। ਹਰ ਇੱਕ ਬਖ਼ਸ਼ਸ਼ ਇੱਕ ਪ੍ਰਸਿੱਧ ਉਦਾਸੀ ਸਿੱਖ ਦੀ ਨਿਗਰਾਨੀ ਹੇਠ ਸੀ। ਇਹ ਗੁਰਸਿੱਖ ਸਨ ‘ਭਾਈ ਸੁਥਰੇ ਸ਼ਾਹ, ਭਾਈ ਭਗਤ ਭਗਵਾਨ ਤੇ ਭਾਈ ਫੇਰੂ ਜੀ’।
ਗੁਰੂ ਹਰਿਰਾਏ ਸਾਹਿਬ ਨੇ ਆਪਣਾ ਅੰਤਮ ਸਮਾਂ ਨੇੜੇ ਵੇਖ ਕੇ ਆਪਣੀ ਥਾਂ ਆਪਣੇ ਛੋਟੇ ਸਾਹਿਬਜ਼ਾਦੇ (ਗੁਰੂ) ਹਰਿ ਕ੍ਰਿਸ਼ਨ ਸਾਹਿਬ ਨੂੰ ਸਾਰੀ ਸੰਗਤ ਦੇ ਸਾਹਮਣੇ 6 ਅਕਤੂਬਰ 1661 ਨੂੰ ਗੁਰਿਆਈ ਬਖ਼ਸ਼ਸ਼ ਕਰ ਦਿੱਤੀ। ਉਸ ਸਮੇਂ ਆਪ ਦੀ ਉਮਰ ਸਵਾ ਪੰਜ ਕੁ ਸਾਲ ਦੀ ਸੀ।
ਗੁਰੂ ਹਰਿਰਾਏ ਸਾਹਿਬ ਨੇ ਭਾਵੇਂ ਆਪ ਬਾਣੀ ਦੀ ਰਚਨਾ ਨਹੀਂ ਕੀਤੀ ਪਰ ਆਪਣੇ ਜੀਵਨ ਕਾਲ ਵਿੱਚ ਉਹਨਾਂ ਨੇ ਜੋ ਉਪਦੇਸ਼ ਦਿੱਤੇ ਜਾਂ ਜੋ ਸਾਖੀਆਂ ਮਿਲਦੀਆਂ ਹਨ ਉਹਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ ਨੂੰ ਪਰਫੁਲਿਤ ਕਰਨ ਲਈ ਉਹਨਾਂ ਨੇ ਕੀ ਕੁੱਝ ਕੀਤਾ। ਗੁਰੂ ਪਾਤਸ਼ਾਹ ਨੇ ਜੋ ਉਪਦੇਸ਼ ਉਸ ਸਮੇਂ ਦੇ ਰਾਜਿਆਂ ਨੂੰ ਦਿੱਤਾ ਉਸ ਦਾ ਵਰਣਨ ਕਰਦਾ ਹੋਇਆ ਮੈਕਾਲਫ ਲਿਖਦਾ ਹੈ ਕਿ ਗੁਰੂ ਸਾਹਿਬ ਨੇ ਸਮਝਾਇਆ ਕਿ ਰਾਜਾ ਹੋ ਕੇ ਕਿਸੇ ਨੂੰ ਰੋਹਬ ਨਾ ਦਿਖਾਉ। ਰਾਜੇ ਦਾ ਵਿਲਾਸੀ (ਭੋਗ-ਵਿਲਾਸ ਕਰਨ ਵਾਲ਼ਾ) ਹੋਣਾ ਰਾਜ ਦੀ ਤਬਾਹੀ ਦਾ ਕਾਰਨ ਬਣਦਾ ਹੈ। ਰਾਜ ਦੀ ਆਮਦਨ ਲੋਕ ਭਲਾਈ ਦੇ ਕਾਰਜਾਂ ਲਈ ਵਰਤੀ ਜਾਵੇ। ਰਾਜਿਆਂ ਨੇ ਗੁਰੂ ਪਾਤਸ਼ਾਹ ਅੱਗੇ ਸੀਸ ਨਿਵਾਇਆ। ਇਹਨਾਂ ਰਾਜਿਆਂ ਵਿੱਚ ਰਾਜਾ ਤਾਰਾ ਚੰਦ ਅਤੇ ਰਾਜਾ ਦੀਪ ਚੰਦ ਵੀ ਸ਼ਾਮਲ ਸਨ।
ਭਾਈ ਪੂੰਗਰ, ਜੋ ਗ਼ਰੀਬ ਸਿੱਖ ਸੀ ਪਰ ਆਏ ਗਏ ਦੀ ਆਪਣੇ ਵਿੱਤ ਅਨੁਸਾਰ ਫਿਰ ਵੀ ਸੇਵਾ ਕਰਦਾ ਸੀ, ਉਨ੍ਹਾਂ ਕੋਲ ਇੱਕ ਵਾਰ ਇੱਕ ਸਾਧੂਆਂ ਦੀ ਟੋਲੀ ਆਈ ਤੇ ਭਾਈ ਪੂੰਗਰ ਦੀ ਸੇਵਾ ਤੋਂ ਬਹੁਤ ਪ੍ਰਭਾਵਤ ਹੋਈ। ਉਹਨਾਂ ਦੇ ਕੋਲ ਇੱਕ ਰਸਾਇਣ ਦੀ ਡੱਬੀ ਸੀ, ਜਿਸ ਨਾਲ ਸੋਨਾ ਬਣਾਇਆ ਜਾ ਸਕਦਾ ਸੀ। ਉਹਨਾਂ ਨੇ ਇਹ ਡੱਬੀ ਭਾਈ ਪੂੰਗਰ ਜੀ ਨੂੰ ਦੇ ਦਿੱਤੀ ਤੇ ਕਿਹਾ ਕਿ ਤੇਰਾ ਜੀਵਨ ਸੌਖਾ ਹੋ ਜਾਵੇਗਾ ਪਰ ਭਾਈ ਪੂੰਗਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਸੱਚੀ ਤੇ ਸੁੱਚੀ ਕਿਰਤ ਨਾਲ ਹੀ ਗੁਜਾਰਾ ਕਰਨਾ ਹੈ।
ਜਦੋਂ ਸੰਗਤਾਂ ਦਾ ਦੀਵਾਨ ਲੱਗਦਾ ਤਾਂ ਗੁਰੂ ਸਾਹਿਬ ਉਹਨਾਂ ਦੇ ਸ਼ੰਕਿਆਂ (ਵਹਿਮ-ਭਰਮ) ਦੀ ਨਵਿਰਤ ਵੀ ਕਰਦੇ। ਸਿੱਖਾਂ ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਸੋਹਣਾ ਕੌਣ ਹੈ ਤੇ ਕਸੋਹਣਾ ਕੌਣ ਹੈ ? ਗੁਰੂ ਜੀ ਕਹਿਣ ਲੱਗੇ ਜਿਸ ਪਾਸ ਸ਼ੀਤਲਤਾ ਹੈ, ਹਿਰਦੇ ਦੀ ਠੰਡਕ ਹੈ ਤੇ ਸ਼ਾਂਤ ਚਿਤ ਹੈ ਉਹ ਸੋਹਣਾ ਹੈ ਅਤੇ ਜੋ ਸਦਾ ਉਤੇਜਿਤ (ਭੜਕਿਆ) ਰਹਿੰਦਾ ਹੈ ਤੇ ਸਾਜ਼ਸ਼ਾਂ ਘੜਦਾ ਹੈ ਉਹ ਕਸੋਹਣਾ ਹੈ।
ਮੁਕਤਾ ਕੌਣ ਹੈ ? ਪੁੱਛਣ ਤੇ ਮਹਾਰਾਜ ਨੇ ਕਿਹਾ ਜਿਸ ਨੂੰ ਦੁੱਖ ਸੁੱਖ ਵਿੱਚ ਪ੍ਰਮਾਤਮਾ ਯਾਦ ਰਹੇ, ਉਹ ਮੁਕਤਾ ਹੈ। ਜਦੋਂ ਸਿੱਖਾਂ ਨੇ ਪੁੱਛਿਆ ਕਿ ਪਾਪਾਂ ਦਾ ਮੂਲ ਕੀ ਹੈ ? ਤਾਂ ਆਪ ਨੇ ਫ਼ੁਰਮਾਇਆ ਕਿ ਲੋਭ ਹੀ ਪਾਪਾਂ ਦਾ ਮੂਲ ਹੈ। ਸਿੱਖਾਂ ਨੇ ਪੁੱਛਿਆ ਕਿ ਕਿਹੜੀ ਅਰਦਾਸ ਕਬੂਲ ਹੁੰਦੀ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੋ ਅਰਦਾਸ ਸ਼ੁੱਧ ਹਿਰਦੇ ਨਾਲ ਕੀਤੀ ਜਾਵੇ ਤੇ ਸਭ ਦੇ ਭਲੇ ਲਈ ਹੋਵੇ, ਉਹੀ ਥਾਈਂ ਪੈਂਦੀ ਹੈ। ਯਾਤਰਾ ਦੇ ਅਸੂਲ ਦ੍ਰਿੜ੍ਹਾਉਂਦੇ ਹੋਏ ਆਪ ਨੇ ਸੰਗਤਾਂ ਨੂੰ ਫ਼ੁਰਮਾਇਆ ਕਿ ਸਫ਼ਰ ’ਤੇ ਚਲਦਿਆਂ ਕੀਰਤਨ ਕਰਦੇ ਜਾਓ, ਗੁਰੂ ਜਸ ਗਾਓ। ਹਾਸਾ ਠੱਠਾ ਨਾ ਕਰੋ, ਪੜਾਅ ਕਰਦਿਆਂ ਦੀਵਾਨ ਸਜਾਓ ਅਤੇ ਗੁਰੂ ਉਪਦੇਸ਼ ਤੇ ਬਾਣੀ ਨੂੰ ਸੁਣੋ।
ਗੁਰਬਾਣੀ ਦੇ ਸਤਿਕਾਰ ਪ੍ਰਤੀ ਆਪ ਕਿੰਨੇ ਤਤਪਰ ਸਨ ਇਸ ਗੱਲ ਦਾ ਪਤਾ ਇਸ ਘਟਨਾ ਤੋਂ ਲੱਗਦਾ ਹੈ ਕਿ ਇੱਕ ਦਿਨ ਲੌਢੇ ਪਹਿਰ (ਦੁਪਹਿਰ ਤੋਂ ਬਾਅਦ ਤੇ ਸ਼ਾਮ ਤੋਂ ਪਹਿਲਾਂ) ਮੰਜੇ ’ਤੇ ਅਰਾਮ ਕਰ ਰਹੇ ਸਨ ਕਿ ਇੱਕ ਜੱਥਾ ਸ਼ਬਦ ਕੀਰਤਨ ਕਰਦਾ ਹੋਇਆ ਗੁਰੂ ਦਰਸ਼ਨਾਂ ਲਈ ਆ ਰਿਹਾ ਸੀ। ਜਿਸ ਵੇਲੇ ਆਪ ਦੇ ਕੰਨਾਂ ਵਿੱਚ ਸ਼ਬਦ ਦੀ ਆਵਾਜ਼ ਪਈ ਤਾਂ ਆਪ ਕਾਹਲੀ ਨਾਲ ਉੱਠੇ ਤੇ ਮੰਜੇ ਤੋਂ ਉੱਤਰਨ ਵੇਲੇ ਗੋਡੇ ’ਤੇ ਸੱਟ ਲੱਗ ਗਈ ਅਤੇ ਅੱਗੇ ਤੋਂ ਦਿਨ ਵੇਲੇ ਆਰਾਮ ਕਰਨਾ ਹੀ ਬੰਦ ਕਰ ਦਿੱਤਾ ਤੇ ਕਿਹਾ ਕਿ ਇਸ ਤਰ੍ਹਾਂ ਸ਼ਬਦ ਦੀ ਨਿਰਾਦਰੀ ਹੁੰਦੀ ਹੈ।
ਗੁਰੂ ਸਾਹਿਬ ਦੇ ਸਮੇਂ ਹੀ ਕੀਰਤਪੁਰ ਨਿਆਸਰਿਆਂ ਦਾ ਆਸਰਾ ਬਣ ਗਿਆ ਸੀ। ਸਿੱਖ ਜੀਵਨ ਦਾਨ ਦੇ ਕੇ ਜਵਾਨੀਆਂ ਭੇਟ ਕਰਦੇ ਤੇ ਆਪਣੇ ਬੱਚਿਆਂ ਨੂੰ ਗੁਰੂ ਦਰ ’ਤੇ ਸੇਵਾ ਲਈ ਅਰਪਣ ਕਰ ਜਾਂਦੇ। ਇਹਨਾਂ ਵਿੱਚੋਂ ਹੀ ਇੱਕ ਬੱਚੀ ‘ਰੂਪ ਕੌਰ’ ਸੀ, ਜਿਸ ਨੂੰ ਗੁਰ ਹਰਿਰਾਇ ਜੀ ਨੇ ਆਪਣੇ ਹੱਥੀਂ ਪਾਲਿਆ। ਉਸ ਨੇ ਸਤਿਗੁਰੂ ਜੀ ਦੇ ਮੂੰਹੋਂ ਨਿੱਕਲੇ ਬਚਨਾਂ ਅਤੇ ਸਾਖੀਆਂ ਨੂੰ ਲਿਖਤੀ ਰੂਪ ਦਿੱਤਾ। ਅਸਲ ਵਿੱਚ ਸਿੱਖ ਧਰਮ ਦੀ ਪਹਿਲੀ ਇਤਿਹਾਸਕਾਰ ਬੀਬੀ ਰੂਪ ਕੌਰ ਹੀ ਹੋ ਨਿੱਬੜੀ। ਇਹ ਬਚਨ ਇਤਨੇ ਬਹੁਮੁੱਲੇ ਹਨ ਕਿ ਇਹਨਾਂ ’ਤੇ ਚੱਲ ਕੇ ਜੀਵਨ ਉੱਚਾ ਤੇ ਸੁੱਚਾ ਹੋ ਜਾਂਦਾ ਹੈ।
ਭਾਈ ਗੁਰਦਾਸ ਜੀ ਦੂਜੇ ਨੇ ਆਪ ਦੀ ਮਹਿਮਾ ਕਰਦਿਆਂ ਲਿਖਿਆ ਹੈ ਕਿ ਉਹਨਾਂ ਨੇ ਐਸੀ ਕਮਾਈ ਕਰ ਲਈ ਸੀ ਕਿ ਸਦਾ ਹੀ ਨਾਮ ਬਾਣੀ ਨਾਲ ਜੁੜੇ ਰਹਿੰਦੇ ਤੇ ਸੇਵਾ ਲਈ ਤਤਪਰ ਰਹਿੰਦੇ। ਏਨੀਆਂ ਸ਼ਕਤੀਆਂ ਦੇ ਮਾਲਕ ਹੋ ਕੇ ਵੀ ਕਦੀ ਆਪਾ ਨਾ ਜਤਾਉਂਦੇ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ ਕਿ ਜਿਹੜੀ ਗੱਲ ਉਹਨਾਂ ਦੀ ਅੰਤਰ ਆਤਮਾ ਮੰਨਦੀ ਸੀ ਅਤੇ ਦੂਜਿਆ ਨੂੰ ਕਹਿਣੀ ਜ਼ਰੂਰੀ ਹੁੰਦੀ ਸੀ, ਪਹਿਲਾਂ ਉਸ ਨੂੰ ਆਪਣੇ ’ਤੇ ਫ਼ੌਜੀ ਜ਼ਾਬਤੇ (ਦਸਤੂਰ) ਵਾਂਗੂ ਲਾਗੂ ਕਰਦੇ। ਉਹ ਕਰਤਾ ਸਨ। ਉਹਨਾਂ ਨੇ ਸਾਰੀ ਜਿੰਦਗੀ ਕੋਈ ਫੁੱਲ ਨਹੀਂ ਪੁੱਟਿਆ ਸਗੋਂ ਫੁੱਲ ਲਗਾਉਂਦੇ ਹੀ ਰਹੇ। ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਗੁਰੂ ਹਰਿਰਾਇ ਜੀ ਸੱਚ ਦੇ ਪਾਲਣਹਾਰ ਵੀ ਹਨ ਤੇ ਸੱਚ ਦੇ ਧਾਰਨੀ ਵੀ ਹਨ। ਉਹ ਲੋਕ ਤੇ ਪਰਲੋਕ (ਦੋਹਾਂ) ਜਹਾਨਾਂ ਦੇ ਮਾਲਕ ਹਨ।