ਸੰਪੂਰਨ ਹੋਵੇਗੀ ਤੇਰੀ ਖੋਜ !
– ਗੁਰਪ੍ਰੀਤ ਸਿੰਘ, (U.S.A)
ਦੁਨੀਆ ਦੀ ਹਰ ਇੱਕ ਚੀਜ਼,
ਲੱਭਣ ਵਾਲਾ ਇਨਸਾਨ ਅੱਜ,
ਖੁਦ ਹੈ ਗੁਆਚਿਆ ਹੋਇਆ।
ਗੁਆਚਿਆ ਕਿਸੇ ਦਾ ਸੁੱਖ, ਗੈਰਤ
ਕਿਧਰੇ ਦੌਲਤ, ਕਿਸੇ ਦੀ ਇੱਜ਼ਤ
ਹਰ ਮਨੁੱਖ ਹੈ, ਤਿਹਾਇਆ ਹੋਇਆ।
ਕੌਣ ਕਰ ਸਕਦਾ ਅੱਜ ਦਾਅਵਾ ?
ਮੈ ਤਾਂ ਨਹੀਂ ਕੁਝ ਗੁਆਇਆ,
ਕਿੱਥੋਂ ਬੋਲੇ ਸੱਚ, ਸ਼ਰਮਾਇਆ ਹੋਇਆ।
ਗੁਆ ਤਾਂ ਆਇਆ ਹਰ ਕੋਈ,
ਮਾਂ ਦੇ ਪੇਟ ‘ਚੋਂ ਨਿਕਲਦੇ ਹੀ,
ਐਵੇਂ ਨਾ ਗੌਲ਼ੇ ਸੱਚ, ਤਜਾਇਆ ਹੋਇਆ।
ਉਹ ਸੀ ਨਗੀਨਾ, ਜਰੀਨਾ, ਖਜੀਨਾ,
ਕਿਸੇ ਦੀ ਭਾਵੇਂ ਨਾ ਮੰਨ,
ਤੇਰਾ ਵੀ ਸੀ, ਅਜ਼ਮਾਇਆ ਹੋਇਆ।
ਮਾਰੇ ਨਿੱਤ ਨਵੀਂ ਮੱਲ ਤੂੰ,
ਖੱਟੇ ਨਿੱਤ ਨਵੀਂ ਭੱਲ ਤੂੰ,
ਖੁਦ ਨੂੰ ਚਾਹੇ, ਹਰਾਇਆ ਹੋਇਆ।
ਤੂੰ ਕੋਈ ਨਿਰਮਾਤਾ ਤਾਂ ਨਹੀਂ,
ਤੂੰ ਤਾਂ ਹੈ ਕੇਵਲ ਖੋਜਿਆ,
ਕਰਤੇ ਜੋ ਹੈ, ਬਣਾਇਆ ਹੋਇਆ।
ਹੇ ਖੋਜੀ ਇਨਸਾਨ ! ਕੀ ਤੂੰ ?
ਕਦੀ ਆਪਣਾ ਆਪ ਵੀ ਖੋਜੇਂਗਾ ?
ਸੰਭਾਲ਼ੇਂਗਾ ਮੌਕਾ ਹੱਥ, ਆਇਆ ਹੋਇਆ ?
ਸੰਪੂਰਨ ਹੋਵੇਗੀ ਫਿਰ ਤੇਰੀ ਖੋਜ,
ਜੇ ਤੂੰ ਖੋਜੇਂਗਾ ਦਿਲ ਰੋਜ਼,
ਇਸ ਲਈ ਤੂੰ, ਪਠਾਇਆ ਹੋਇਆ।
ਸੱਚ ਦੇ ਹੀ ਰਾਹ ਤੁਰ,
ਸੱਚ ਦਾ ਹੀ ਰਾਗ ਸੁਣ,
ਕਰਤੇ ਜੋ ਹੈ, ਵਜਾਇਆ ਹੋਇਆ।
ਨਿੱਖਰੇਗਾ “ਪ੍ਰੀਤ” ਤੇਰਾ ਰੂਪ ਤਦ,
ਬਣੇਗਾ ਤੇਰਾ ਵੀ ਸਰੂਪ ਤਦ,
ਰੰਗ ਹੋਵੇਗਾ ਇੱਕ, ਛਾਇਆ ਹੋਇਆ।