ਪੰਜਾਬੀਓ, ਜ਼ਰਾ ਕੰਨ ਧਰਿਓ !

0
371

ਪੰਜਾਬੀਓ, ਜ਼ਰਾ ਕੰਨ ਧਰਿਓ !

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) ਫੋਨ ਨੰ: 0175-2216783

ਪਹਿਲਾਂ ਨਜ਼ਰ ਮਾਰੀਏ ਕਿ ਕਿਸੇ ਵੀ ਕੌਮ ਨੂੰ ਖ਼ਤਮ ਕਰਨ ਦੇ ਢੰਗ ਕੀ ਹੁੰਦੇ ਹਨ :-

  1. ਉਸ ਕੌਮ ਵਿਚਲੇ ਸਾਰੇ ਸਿਆਣੇ ਤੇ ਬਜ਼ੁਰਗ ਕਿਨਾਰੇ ਕਰ ਦਿੱਤੇ ਜਾਣ।
  2. ਛੋਟੇ ਬੱਚਿਆਂ ਨੂੰ ਧਮਕਾ ਕੇ ਭੈ-ਭੀਤ ਕਰ ਦਿੱਤਾ ਜਾਵੇ।
  3. ਨੌਜਵਾਨਾਂ ਨੂੰ ਆਰਥਿਕ ਪੱਖੋਂ ਨਿਤਾਣਾ ਕਰ ਦਿੱਤਾ ਜਾਵੇ ਤੇ ਨਸ਼ਿਆਂ ਵੱਲ ਧੱਕ ਦਿੱਤਾ ਜਾਵੇ।
  4. ਔਰਤਾਂ ਦੀ ਕੁੱਖ ਵਿਚ ਕਿਸੇ ਹੋਰ ਕੌਮ ਦਾ ਬੀਜ ਬੋ ਦਿੱਤਾ ਜਾਵੇ।
  5. ਜਿਸ ਥਾਂ ਨਾਲ ਕੌਮ ਦੀ ਪਛਾਣ ਜੁੜੀ ਹੋਵੇ, ਉਸ ਥਾਂ ਨੂੰ ਬੰਜਰ ਬਣਾ ਕੇ ਵਸੋਂ ਨੂੰ ਉੱਥੋਂ ਹੋਰ ਪਾਸੇ ਵੱਲ ਖਿੰਡਾ ਦਿੱਤਾ ਜਾਵੇ।
  6. ਜ਼ਬਾਨ ਤੇ ਸੱਭਿਆਚਾਰ ਉੱਤੇ ਮਾਰੂ ਟੱਕ ਲਾ ਦਿੱਤਾ ਜਾਵੇ। ਸਰਕਾਰੇ ਦਰਬਾਰੇ ਜ਼ਬਾਨ ਨੂੰ ਮਾਨਤਾ ਨਾ ਦਿੱਤੀ ਜਾਵੇ। ਇੰਜ ਉਸ ਕੌਮ ਦਾ ਸਾਹਿਤ ਮਰ ਮੁੱਕ ਜਾਂਦਾ ਹੈ।
  7. ਸਿਹਤ ਦਾ ਨਾਸ ਮਾਰ ਦਿੱਤਾ ਜਾਵੇ।

ਜੇ ਸਿਹਤ ਪੱਖੋਂ ਗੱਲ ਕਰੀਏ ਤਾਂ ਪੰਜਾਬੀ ਸੈਂਕੜੇ ਸਾਲਾਂ ਤੋਂ ਮੱਕੀ, ਬਾਜਰਾ, ਜੌਂ, ਸੱਤੂ, ਰਾਗੀ ਤੇ ਵੇਸਣ ਵਰਤਦੇ ਆਏ ਹਨ। ਇਨ੍ਹਾਂ ਵਿਚ ਸਿਹਤਮੰਦ ਰਹਿਣ ਦੇ ਗੁਰ ਲੁਕੇ ਹੋਏ ਹਨ। ਇਸੇ ਲਈ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ ਤੇ ਮੋਟਾਪਾ ਪੰਜਾਬੀਆਂ ਦੇ ਨੇੜੇ ਤੇੜੇ ਨਹੀਂ ਸੀ ਢੁੱਕਦਾ।

ਅੱਜ ਬਾਜਰੇ ਬਾਰੇ ਗੱਲ ਕਰੀਏ :-

ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਇਹ ਸਿਰਫ਼ ਫਾਇਦਾ ਹੀ ਪਹੁੰਚਾਉਂਦਾ ਹੈ। ਬਹੁਤ ਘੱਟ ਪਾਣੀ ਨਾਲ ਉੱਗਣ ਵਾਲਾ ਬਾਜਰਾ ਕਣਕ ਤੋਂ ਹੋ ਰਹੀ ਐਲਰਜੀ ਵਾਲਿਆਂ ਲਈ ਬਿਹਤਰੀਨ ਸਾਬਤ ਹੋ ਚੁੱਕਿਆ ਹੈ।

ਬਾਜਰੇ ਵਿਚਲੇ ਫਾਈਟਿਕ ਏਸਿਡ ਤੇ ਨਾਇਆਸਿਨ ਹੋਰ ਕਿਸੇ ਅੰਨ ਵਿਚ ਨਹੀਂ ਮਿਲਦੇ। ਪੋ੍ਰਟੀਨ ਤੇ ਫਾਈਬਰ ਭਰਪੂਰ ਬਾਜਰੇ ਵਿਚ ਫੌਸਫੋਰਸ ਤੇ ਜ਼ਿੰਕ ਵੀ ਭਰੇ ਪਏ ਹਨ। ਲੋਹ ਕਣਾਂ ਨਾਲ ਲਬਾਲਬ ਬਾਜਰਾ ਧਰਤੀ ਹੇਠਲਾ ਪਾਣੀ ਵੀ ਜ਼ਿਆਦਾ ਨਹੀਂ ਮੰਗਦਾ।

ਸਭ ਤੋਂ ਵੱਧ ਪ੍ਰੋਟੀਨ, ਮੈਗਨੀਸ਼ੀਅਮ, ਅਮਾਈਨੋ ਏਸਿਡ, ਵਿਟਾਮਿਨ ਹੋਣ ਸਦਕਾ ਇਹ ਸਰੀਰ ਲਈ ਅਤਿ ਦਾ ਲਾਹੇਵੰਦ ਹੈ।

ਬਾਜਰੇ ਦੀ ਰੋਟੀ ਰੈਗੂਲਰ ਤੌਰ ਉੱਤੇ ਖਾਣ ਵਾਲਿਆਂ ਨੂੰ :-

  1. ਤੇਜ਼ਾਬੀ ਮਾਦਾ ਨਹੀਂ ਵਧਦਾ ਤੇ ਢਿੱਡ ਵਿਚਲੇ ਅਲਸਰ ਨਹੀਂ ਬਣਦੇ ਕਿਉਂਕਿ ਇਹ ਤੇਜ਼ਾਬ ਘਟਾਉਂਦਾ ਹੈ।
  2. ਜੇ ਪੰਜਾਬੀਆਂ ਨੂੰ ਦਿਲ ਦੇ ਰੋਗਾਂ ਤੋਂ ਕੋਈ ਖ਼ੁਰਾਕ ਬਚਾਉਂਦੀ ਰਹੀ ਹੈ, ਤਾਂ ਉਹ ਹੈ ਬਾਜਰੇ ਦੀ ਰੋਟੀ। ਇਸ ਵਿਚਲਾ ਢੇਰਾਂ ਦਾ ਢੇਰ ਮੈਗਨੀਸ਼ੀਅਮ ਬਲੱਡ ਪ੍ਰੈੱਸ਼ਰ ਕਾਬੂ ਵਿਚ ਰੱਖਦਾ ਹੈ ਤੇ ਦਿਲ ਉੱਤੇ ਤਣਾਓ ਦਾ ਅਸਰ ਘਟਾਉਂਦਾ ਹੈ।
  3. ਮੈਗਨੀਸ਼ੀਅਮ ਸਦਕਾ ਹੀ ਸਾਹ ਦੀਆਂ ਬੀਮਾਰੀਆਂ ਘੱਟ ਹੁੰਦੀਆਂ ਹਨ ਤੇ ਦਮਾ ਵੀ ਘੱਟ ਹੁੰਦਾ ਹੈ। ਬਾਜਰਾ ਸਿਰ ਪੀੜ ਤੇ ਮਾਈਗਰੇਨ ਪੀੜ ਵੀ ਘਟਾ ਦਿੰਦਾ ਹੈ।
  4. ਬਾਜਰੇ ਵਿਚਲੇ ਫਾਸਫੋਰਸ ਨਾਲ ਜਿੱਥੇ ਹੱਡੀਆਂ ਤੰਦਰੁਸਤ ਰਹਿੰਦੀਆਂ ਹਨ, ਉੱਥੇ ਛੇਤੀ ਖ਼ੁਰਦੀਆਂ ਵੀ ਨਹੀਂ ਤੇ ਸਰੀਰ ਨੂੰ ਲੋੜੀਂਦੀ ਤਾਕਤ ਵੀ ਮਿਲਦੀ ਰਹਿੰਦੀ ਹੈ ਜਿਸ ਨਾਲ ਸਾਰਾ ਦਿਨ ਕੰਮ ਕਰ ਕੇ ਵੀ ਥਕਾਵਟ ਮਹਿਸੂਸ ਨਹੀਂ ਹੁੰਦੀ।
  5. ਕੈਂਸਰ ਹੋਣ ਦੇ ਆਸਾਰ ਕਾਫ਼ੀ ਘੱਟ ਹੋ ਜਾਂਦੇ ਹਨ। ਇਹ ਅਸਰ ਵੀ ਮੈਗਨੀਸ਼ੀਅਮ ਤੇ ਫਾਈਟੇਟ ਸਦਕਾ ਹੁੰਦਾ ਹੈ।
  6. ਬਾਜਰਾ ਖਾਣ ਨਾਲ ਮੋਟਾਪਾ ਨਹੀਂ ਹੁੰਦਾ। ਇਸ ਵਿਚਲਾ ਫਾਈਬਰ ਦੇਰ ਤੱਕ ਭਰੇ ਹੋਏ ਢਿੱਡ ਦਾ ਇਹਸਾਸ ਦਵਾਉਂਦਾ ਰਹਿੰਦਾ ਹੈ।
  7. ਜੇ ਪਹਿਲਾਂ ਪੰਜਾਬੀ ਸ਼ੱਕਰ ਰੋਗ ਤੋਂ ਬਚੇ ਰਹਿੰਦੇ ਸਨ ਤਾਂ ਉਹ ਸਿਰਫ਼ ਬਾਜਰੇ ਦੀਆਂ ਰੋਟੀਆਂ ਸਦਕਾ ਹੀ ਸੀ। ਸ਼ੱਕਰ ਦੀ ਮਾਤਰਾ ਲਹੂ ਵਿਚ ਦੇਰ ਤੱਕ ਸਹਿਜ ਰੱਖਣਾ ਬਾਜਰੇ ਸਦਕਾ ਹੀ ਸੰਭਵ ਹੋ ਸਕਿਆ ਹੈ।
  8. ਕਣਕ ਤੇ ਚੌਲ ਖਾਣ ਵਾਲਿਆਂ ਨੂੰ ਆਮ ਹੀ ਕਣਕ ਤੋਂ ਹੋ ਰਹੀ ਐਲਰਜੀ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਲਈ ਬਾਜਰੇ ਅਤੇ ਰਾਗੀ ਤੋਂ ਵਧੀਆ ਹੋਰ ਕੋਈ ਅੰਨ ਨਹੀਂ। ਜਦੋਂ ਪਿੰਡਾਂ ਵਿਚ ਬਾਜਰੇ ਅਤੇ ਰਾਗੀ ਦੀਆਂ ਮੋਟੀਆਂ ਰੋਟੀਆਂ ਖਾਧੀਆਂ ਜਾਂਦੀਆਂ ਸਨ, ਉਦੋਂ ਕਣਕ ਦੀ ਐਲਰਜੀ ਦੀ ਬੀਮਾਰੀ ਬਾਰੇ ਕਦੇ ਕਿਸੇ ਨੇ ਸੁਣਿਆ ਵੀ ਨਹੀਂ ਸੀ। ਜਦੋਂ ਤੋਂ ਖਾਣ ਪੀਣ ਦੀਆਂ ਆਦਤਾਂ ਬਦਲ ਕੇ ਪੱਛਮੀ ਸੱਭਿਅਤਾ ਨੂੰ ਅਪਣਾਉਣਾ ਸ਼ੁਰੂ ਕੀਤਾ ਹੈ, ਪੰਜਾਬੀਆਂ ਦੀਆਂ ਅੰਤੜੀਆਂ ਦਾ ਤੇ ਸਰੀਰ ਦਾ ਨਾਸ ਵੱਜ ਗਿਆ ਹੈ। ਕਣਕ ਤੇ ਚੌਲਾਂ ਲਈ ਧਰਤੀ ਹੇਠੋਂ ਪਾਣੀ ਮੁਕਾ ਕੇ, ਸਰੀਰ ਨੂੰ ਨਿਰੀ ਰੋਗਾਂ ਦੀ ਪੰਡ ਬਣਾ ਕੇ, ਕੈਂਸਰ, ਸ਼ੱਕਰ ਰੋਗ, ਮੋਟਾਪਾ, ਬਲੱਡ ਪ੍ਰੈੱਸ਼ਰ, ਹਾਰਟ ਅਟੈਕ ਤੇ ਤਣਾਓ ਨਾਲ ਉਮਰ ਛੋਟੀ ਕਰ ਕੇ, ਆਪਣੇ ਜੁੱਸੇ ਦਾ ਨਾਸ ਮਾਰ ਲਿਆ ਹੈ। ਕਮਜ਼ੋਰ ਹੱਡੀਆਂ, ਘੱਟਦੀ ਲੰਬਾਈ, ਛਲਣੀ ਸਰੀਰ, ਘਟਦੀ ਯਾਦਾਸ਼ਤ, ਸਰੀਰਕ ਕਮਜ਼ੋਰੀ ਤੇ ਸ਼ਕਰਾਣੂਆਂ ਦੀ ਕਮੀ ਨਾਲ ਜੂਝਦੇ ਪੰਜਾਬੀਆਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਬਾਜਰੇ ਨੂੰ ਤਿਆਗ ਕੇ ਕਣਕ, ਚੌਲ ਖਾਣ ਨਾਲ ਉਹ ਕਿਵੇਂ ਹੌਲੀ-ਹੌਲੀ ਪੂਰੀ ਕੌਮ ਨੂੰ ਤਬਾਹੀ ਵੱਲ ਤੋਰ ਰਹੇ ਹਨ।
  9. ਕੋਲੈਸਟਰੋਲ ਦੀਆਂ ਬੀਮਾਰੀਆਂ ਕਦੇ ਹੱਟੇ ਕੱਟੇ ਪੰਜਾਬੀਆਂ ਵਿਚ ਹੁੰਦੀਆਂ ਹੀ ਨਹੀਂ ਸਨ ਕਿਉਂਕਿ ਬਾਜਰੇ ਵਿਚਲੇ ਫਾਈਟਿਕ ਏਸਿਡ ਦਾ ਕੰਮ ਹੀ ਕੋਲੈਸਟਰੋਲ ਨੂੰ ਖੋਰਨਾ ਹੈ।
  10. ਬਾਜਰੇ ਵਿਚ ਸਰੀਰ ਨੂੰ ਲੋੜੀਂਦੇ ਸਾਰੇ ਹੀ ਅਮਾਈਨੋ ਏਸਿਡ ਹਨ, ਜੋ ਅੱਜ ਮਹਿੰਗੀਆਂ ਦਵਾਈਆਂ ਰਾਹੀਂ ਖਾਧੇ ਜਾ ਰਹੇ ਹਨ।
  11. ਪੰਜਾਬੀਆਂ ਵਿਚ ਥੈਲਾਸੀਮੀਆ ਜੀਨ ਪ੍ਰਚਲਿਤ ਹੈ, ਜਿਸ ਵਿਚ ਸਾਰੀ ਉਮਰ ਲਹੂ ਚੜ੍ਹਾਉਣਾ ਪੈਂਦਾ ਹੈ ਤੇ ਪਿੱਤੇ ਵਿਚ ਪਥਰੀਆਂ ਵੀ ਬਣ ਜਾਂਦੀਆਂ ਹਨ। ਇਨ੍ਹਾਂ ਪਥਰੀਆਂ ਨੂੰ ਸਿਰਫ਼ ਅਪਰੇਸ਼ਨ ਰਾਹੀਂ ਹੀ ਕੱਢਣਾ ਪੈਂਦਾ ਹੈ।

ਪਿੱਤੇ ਦੀਆਂ ਪਥਰੀਆਂ ਦਾ ਰੋਗ ਪੇਂਡੂ ਰਿਹਾਇਸ਼ ਵਾਲਿਆਂ ਵਿਚ ਨਾ ਬਰਾਬਰ ਹੁੰਦਾ ਸੀ। ਟੈਸਟ ਕਰ ਕੇ ਪਤਾ ਲੱਗਿਆ ਹੈ ਕਿ ਬਾਜਰੇ ਵਿਚਲਾ ਫਾਈਬਰ ਵਾਧੂ ਬਾਈਲ ਰਸ ਬਣਨ ਹੀ ਨਹੀਂ ਦਿੰਦਾ ਤੇ ਇਹੀ ਕਾਰਨ ਹੈ ਕਿ ਪੰਜਾਬੀਆਂ ਵਿਚ ਪਹਿਲਾਂ ਪਿੱਤੇ ਦੀਆਂ ਪਥਰੀਆਂ ਘੱਟ ਬਣਦੀਆਂ ਸਨ। ਹੁਣ ਕਣਕ, ਚੌਲ ਦੇ ਚੱਕਰ ਨੇ ਹਰ ਪੰਜਵੇਂ, ਛੇਵੇਂ ਪੰਜਾਬੀ ਨੂੰ ਪਿੱਤੇ ਦੀ ਪਥਰੀ ਦਾ ਰੋਗੀ ਬਣਾ ਦਿੱਤਾ ਹੈ।

  1. ਐਲਰਜੀਆਂ ਅੱਗੇ ਕਦੇ ਕਦਾਈਂ ਹੀ ਵੇਖਣ ਵਿਚ ਆਉਂਦੀਆਂ ਸਨ ਜਦੋਂ ਸਾਰੇ ਬਾਜਰਾ ਖਾਂਦੇ ਹੁੰਦੇ ਸਨ।

ਬਾਜਰੇ ਦਾ ਦਲੀਆ ਤੇ ਖੀਰ ਬਹੁਤ ਸੁਆਦਲੇ ਹੁੰਦੇ ਸਨ। ਇਸ ਦੇ ਏਨੇ ਫ਼ਾਇਦੇ ਵੇਖਦੇ ਹੋਏ ਪੱਛਮੀ ਲੋਕਾਂ ਨੇ ਹੌਲੀ-ਹੌਲੀ ਬਾਜਰੇ ਦੇ ਬਿਸਕੁਟ, ਬਰੈੱਡ, ਕੇਕ, ਮੱਫਿਨ, ਆਦਿ ਬਣਾ ਕੇ ਆਪਣੇ ਲੋਕਾਂ ਨੂੰ ਬਾਜਰਾ ਖਾਣ ਲਈ ਪ੍ਰੋਤਸਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਅਸੀਂ, ਪੰਜਾਬੀਆਂ ਨੇ ਚੰਗੇ ਭਲੇ ਬਾਜਰੇ ਦੀ ਵਰਤੋਂ ਛੱਡ ਕੇ, ਆਪਣੇ ਆਪ ਨੂੰ ਅਗਾਂਹਵਧੂ ਸਾਬਤ ਕਰਨ ਲਈ ਕਣਕ, ਮੈਦੇ, ਚੌਲਾਂ ਵਿਚ ਰੋਲ ਲਿਆ ਹੈ ਤੇ ਸਰੀਰਾਂ ਨੂੰ ਰੋਗਾਂ ਦੀ ਪੰਡ ਵਿਚ ਤਬਦੀਲ ਕਰ ਲਿਆ ਹੈ। ਇਉਂ ਨਾ ਸਿਰਫ਼ ਸਰੀਰ ਦਾ ਬਲਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਕਣਕਾਂ, ਚੌਲਾਂ ਵਿਚ ਮੁਕਾ ਕੇ ਸੱਭਿਆਚਾਰ ਦੇ ਖ਼ਾਤਮੇ ਵੱਲ ਵੀ ਚਾਲੇ ਪਾ ਲਏ ਹਨ ਕਿਉਂਕਿ ਬੰਜਰ ਜ਼ਮੀਨ ਉੱਤੇ ਕੋਈ ਕੌਮ ਪਨਪ ਹੀ ਨਹੀਂ ਸਕਦੀ।

  1. ਬੱਚਿਆਂ ਦੀ ਲਿਸ਼ਕਦੀ ਚਮੜੀ ਤੇ ਲਹਿ ਲਹਾਉਂਦੇ ਲੰਮੇ ਵਾਲਾਂ ਲਈ ਬਾਜਰਾ ਬਹੁਤ ਗੁਣਕਾਰੀ ਹੈ। ਦੇਰ ਤੱਕ ਚਮੜੀ ਉੱਤੇ ਝੁਰੜੀਆਂ ਤੋਂ ਬਚਾਓ ਲਈ ਬਾਜਰਾ ਬਾਕਮਾਲ ਹੈ।
  2. ਮਾਂ ਦਾ ਦੁੱਧ ਵਧਾਉਣ ਲਈ ਬਾਜਰਾ ਉੱਤਮ ਹੈ ਤੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਵਿਕਾਸ ਲਈ ਵੀ।
  3. ਹੁਣ ਤਾਂ ਇਹ ਸਾਬਤ ਹੋ ਚੁੱਕਿਆ ਹੈ ਕਿ ਸ਼ੱਕਰ ਰੋਗ ਤੋਂ ਬਚਾਓ ਵਾਸਤੇ ਬਾਜਰਾ ਨੰਬਰ ਵੰਨ ਹੈ। ਜੇ ਸ਼ੱਕਰ ਰੋਗ ਹੋ ਚੁੱਕਿਆ ਹੈ ਤਾਂ ਵੀ ਦਵਾਈਆਂ ਤੇ ਟੀਕਿਆਂ ਦੀ ਮਾਤਰਾ ਘਟਾਉਣ ਲਈ ਰੋਜ਼ ਬਾਜਰੇ ਦੀ ਰੋਟੀ ਖਾਣੀ ਚਾਹੀਦੀ ਹੈ।
  4. ਅਮਰੀਕਾ ਦੇ ਚੋਟੀ ਦੇ ਗੈਸਟਰੋਐਨਟਰੌਲੋਜੀ ਜਰਨਲ ਵਿਚ 16 ਸਾਲ ਵਿਚ 69,000 ਔਰਤਾਂ ਉੱਤੇ ਖੋਜ ਕਰਨ ਬਾਅਦ ਇਹ ਗੱਲ ਸਾਹਮਣੇ ਆਈ ਕਿ ਬਾਜਰਾ ਖਾਣ ਵਾਲਿਆਂ ਨੂੰ ਪਿੱਤੇ ਦੀ ਪੱਥਰੀ ਨਹੀਂ ਬਣਦੀ।
  5. ਇਹ ਵੀ ਤੱਥ ਸਾਹਮਣੇ ਆਇਆ ਕਿ ਬਾਜਰੇ ਵਿਚਲੇ ਮੈਗਨੀਸ਼ੀਅਮ ਤੇ ਮਿਨਰਲ ਸਰੀਰ ਅੰਦਰਲੇ 300 ਰਸ ਬਣਾਉਣ ਵਿਚ ਮਦਦ ਕਰਦੇ ਹਨ ਜਿਨ੍ਹਾਂ ਵਿਚ ਗਲੂਕੋਜ਼ ਤੇ ਇਨਸੂਲਿਨ ਵੀ ਹਨ। ਇਹੀ ਕਾਰਨ ਹੈ ਕਿ ਬਾਜਰਾ ਖਾਣ ਵਾਲੇ ਸ਼ੱਕਰ ਰੋਗ ਹੋਣ ਤੋਂ ਬਚ ਜਾਂਦੇ ਹਨ ਤੇ ਜਿਨ੍ਹਾਂ ਨੂੰ ਸ਼ੱਕਰ ਰੋਗ ਹੋ ਚੁੱਕਿਆ ਹੈ, ਉਨ੍ਹਾਂ ਨੂੰ ਵੀ ਲੋੜੀਂਦੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਮਿਲ ਜਾਣ ਸਦਕਾ ਦਿਲ ਦੇ ਰੋਗ ਨਹੀਂ ਹੁੰਦੇ।
  6. ਖੋਜ ਰਾਹੀਂ ਸਾਹਮਣੇ ਆਏ ਤੱਥਾਂ ਵਿੱਚੋਂ ਪਤਾ ਲੱਗਿਆ ਹੈ ਕਿ ਔਰਤਾਂ ਵਿਚ ਛਾਤੀ ਦੇ ਕੈਂਸਰ ਹੋਣ ਤੋਂ ਬਚਾਓ ਵਿਚ ਵੀ 52 ਫੀਸਦੀ ਫਾਇਦਾ ਦਿਸਿਆ ਤੇ ਮੰਨ ਲਿਆ ਗਿਆ ਕਿ ਜਿਹੜੀਆਂ ਔਰਤਾਂ ਰੈਗੂਲਰ ਤੌਰ ਉੱਤੇ ਬਾਜਰਾ ਖਾਂਦੀਆਂ ਰਹਿਣ, ਉਨ੍ਹਾਂ ਨੂੰ ਛਾਤੀ ਦਾ ਕੈਂਸਰ ਨਹੀਂ ਹੁੰਦਾ। ਜੇ ਸ਼ੁਰੂ ਹੋ ਗਿਆ ਹੈ, ਤਾਂ ਵੀ ਇਲਾਜ ਦੇ ਨਾਲ ਬਾਜਰਾ ਖਾਂਦੇ ਰਹਿਣ ਨਾਲ ਬਚਣ ਦੇ ਆਸਾਰ ਵੱਧ ਜਾਂਦੇ ਹਨ।
  7. ਕਬਜ਼ ਤੋਂ ਆਰਾਮ ਤਾਂ ਮਿਲਦਾ ਹੀ ਹੈ, ਪਰ ਇਸ ਵਿਚਲਾ ਵਿਟਾਮਿਨ ਬੀ ਦਿਮਾਗ਼ ਦੇ ਕੰਮ ਕਾਰ ਨੂੰ ਵੀ ਲੰਮੇ ਸਮੇਂ ਤੱਕ ਠੀਕ ਠਾਕ ਰੱਖਦਾ ਹੈ ਤੇ ਸੱਤਰਿਆ ਬਹੱਤਰਿਆ ਹੋਣ ਤੋਂ ਵੀ ਬਚਾਉਂਦਾ ਹੈ। ਬਾਜਰੇ ਵਿਚਲਾ ਫਾਸਫੋਰਸ ਥਿੰਦੇ ਨੂੰ ਖੋਰਨ ਦਾ ਕੰਮ ਕਰਦਾ ਹੈ।
  8. ਪੁਰਾਣੇ ਜ਼ਖ਼ਮਾਂ ਦੇ ਬਣੇ ਨਿਸ਼ਾਨ ਵੀ ਲਗਾਤਾਰ ਬਾਜਰਾ ਖਾਂਦੇ ਰਹਿਣ ਨਾਲ ਫਿੱਕੇ ਪੈਣ ਲੱਗ ਜਾਂਦੇ ਹਨ ਜੋ ਕਿ ਇਸ ਵਿਚਲੇ ਏਲੀਅਮ ਸਦਕਾ ਹੈ। ਬਾਜਰੇ ਵਿਚਲੇ ਅਮਾਈਨੋ ਏਸਿਡ ਕੋਲਾਜਨ ਤੇ ਈਲਾਸਟਿਨ ਬਣਾ ਦਿੰਦੇ ਹਨ ਜੋ ਝੁਰੜੀਆਂ ਨਹੀਂ ਪੈਣ ਦਿੰਦੇ ਤੇ ਬਣ ਚੁੱਕੀਆਂ ਹਲਕੀਆਂ ਝੁਰੜੀਆਂ ਨੂੰ ਵੀ ਠੀਕ ਕਰ ਦਿੰਦੇ ਹਨ।
  9. ਬਾਜਰੇ ਵਿਚ ਸੀਲੀਨੀਅਮ, ਵਿਟਾਮਿਨ ਈ ਤੇ ਸੀ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦੇ ਹਨ ਤੇ ਰੰਗ ਵੀ ਸਾਫ਼ ਕਰ ਦਿੰਦੇ ਹਨ। ਇਸ ਵਿਚਲੇ ਲਾਈਪੌਇਕ ਏਸਿਡ ਸਦਕਾ ਕਿੱਲ-ਮੁਹਾਂਸੇ ਵੀ ਨਹੀਂ ਹੁੰਦੇ।
  10. ਐਗਜ਼ੀਮਾ ਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਵੀ ਰੈਗੂਲਰ ਤੌਰ ਉੱਤੇ ਬਾਜਰਾ ਖਾਣ ਵਾਲਿਆਂ ਨੂੰ ਨਹੀਂ ਹੁੰਦੀਆਂ।
  11. ਬਾਜਰੇ ਵਿਚਲੇ ਲਿਗਨੈਨ ਉੱਤੇ ਹੋਈ ਖੋਜ ਰਾਹੀਂ ਪਤਾ ਲੱਗਿਆ ਕਿ ਇਨ੍ਹਾਂ ਸਦਕਾ ਹੀ ਛਾਤੀ ਦਾ ਕੈਂਸਰ ਨਹੀਂ ਹੁੰਦਾ ਤੇ ਦਿਲ ਦੇ ਰੋਗ ਵੀ ਵਡੇਰੀ ਉਮਰ ਤੱਕ ਨਹੀਂ ਹੁੰਦੇ। ਇਹੀ ਲਿਗਨੈਨ ਹਰੀਆਂ ਸਬਜ਼ੀਆਂ, ਫਲਾਂ, ਬੈਰੀਜ਼ ਤੇ ਸੁੱਕੇ ਮੇਵਿਆਂ ਵਿਚ ਵੀ ਹੁੰਦੇ ਹਨ।

ਹੁਣ ਕੋਈ ਸਮਝਾਏ ਕਿ ਵਿਟਾਮਿਨ ਬੀ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਲੋੜੀਂਦਾ ਥਿੰਦਾ, ਸਟਾਰਚ, ਬਾਇਓਟਿਨ, ਕੋਲੀਨ, ਫੋਲੇਟ, ਪੈਂਟੋਥੀਨਿਕ ਏਸਿਡ, ਰੈਟੀਨਾਇਡ, ਕੈਰੋਟੀਨਾਇਡ, ਵਿਟਾਮਿਨ ਸੀ, ਬੀਟਾ ਕੈਰੋਟੀਨ, ਲਾਈਕੋਪੀਨ, ਲਿਊਸੀਨ, ਵਿਟਾਮਿਨ ਡੀ, ਕੇ, ਈ, ਸੀਲੀਨੀਅਮ, ਫਾਸਫੋਰਸ, ਸੋਡੀਅਮ, ਆਇਓਡੀਨ, ਕੌਪਰ, ਕਰੋਮੀਅਮ, ਕੈਲਸ਼ੀਅਮ, ਬੋਰੋਨ, ਫਲੋਰਾਈਡ, ਓਮੇਗਾ ਤਿੰਨ ਤੇ ਛੇ ਫੈਟੀ ਏਸਿਡ, ਲਿਨੋਲਿਨੀਕ ਏਸਿਡ, ਓਲੀਕ ਏਸਿਡ ਨਾਲ ਲਬਾਲਬ ਬਾਜਰਾ ਜੇ ਢੇਰਾਂ ਦੇ ਢੇਰ ਰੋਗਾਂ ਤੋਂ ਬਚਾ ਕੇ ਲੰਮੀ ਤੇ ਸਿਹਤਮੰਦ ਜ਼ਿੰਦਗੀ ਦੇ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਬਚਾ ਰਿਹਾ ਹੈ ਤਾਂ ਕਿਸ ਕਰ ਕੇ ਪੰਜਾਬੀ ਕਣਕਾਂ, ਚੌਲਾਂ ਦੇ ਚੱਕਰ ਵਿਚ ਫਸ ਕੇ ਨਾ ਸਿਰਫ਼ ਰੋਗੀ ਸਰੀਰਾਂ ਦਾ ਢੇਰ ਲਾ ਰਹੇ ਹਨ, ਬਲਕਿ ਖ਼ੁਦਕੁਸ਼ੀਆਂ ਵੀ ਕਰ ਰਹੇ ਹਨ ਤੇ ਜ਼ਮੀਨ ਵੀ ਬੰਜਰ ਬਣਾ ਰਹੇ ਹਨ ?

ਇਸ ਕੌਮ ਨੂੰ ਪੀਹਣ ਵਿਚ ਪਾ ਕੇ ਆਖਰ ਕੌਣ ਪੰਜਾਬੀਆਂ ਨੂੰ ਤਬਾਹ ਕਰਨ ਉੱਤੇ ਤੁਲਿਆ ਹੋਇਆ ਹੈ ?

ਕੀ ਅਸੀਂ ਆਪ ਹੀ ਆਪਣੇ ਪੈਰਾਂ ਉੱਤੇ ਕੁਹਾੜਾ ਮਾਰ ਰਹੇ ਹਾਂ ? ਕਣਕਾਂ, ਚੌਲਾਂ ਨਾਲ ਤਾਂ ਸਰੀਰ ਗਲਿਆ ਹੀ ਹੈ ਪਰ ਹੁਣ ਸਪਰੇਆਂ ਨਾਲ ਵੀ ਨਸਲਾਂ ਤਬਾਹ ਕਰ ਰਹੇ ਹਾਂ।

ਹਾਲੇ ਵੀ ਵੇਲਾ ਹੈ। ਸੰਭਲ ਜਾਈਏ। ਬਰੈੱਡ, ਪਿਜ਼ਾ, ਬਰਗਰ, ਠੰਡੇ ਛੱਡ ਕੇ ਨਾਸ਼ਤੇ ਵਿਚ ਸੱਤੂ ਤੇ ਸ਼ਕਰਕੰਦੀ ਖਾਣੀ ਸ਼ੁਰੂ ਕਰੀਏ। ਦੁਪਹਿਰੇ ਬਾਜਰੇ ਦੀ ਰੋਟੀ, ਦਹੀਂ ਤੇ ਹਰੀ ਸਬਜ਼ੀ। ਰਾਤ ਨੂੰ ਰਾਗੀ ਦੀ ਰੋਟੀ ਤੇ ਛੋਲਿਆਂ ਦੀ ਦਾਲ, ਕਾਲੇ ਛੋਲੇ, ਰਾਜਮਾਂਹ, ਰੌਂਗੀ ਜਾਂ ਸੋਇਆਬੀਨ! ਫੇਰ ਵੇਖੋ ਦੁਬਾਰਾ ਪੰਜਾਬ ਵਿਚ ਲਹਿ ਲਹਾਉਂਦੇ ਖੇਤ, ਖ਼ੁਦਕੁਸ਼ੀਆਂ ਤੋਂ ਬਚੇ ਕਿਸਾਨ, ਸਿਹਤਮੰਦ ਤੇ ਤਗੜੇ ਜੁੱਸੇ ਵਾਲੇ ਪੰਜਾਬੀ, ਜੋ ਭਰੀ ਕਣਕ ਦੀ ਬੋਰੀ ਅਸਾਨੀ ਨਾਲ ਪਿੱਠ ਉੱਤੇ ਚੁੱਕ ਸਕਣਗੇ ਤੇ ਭੰਗੜੇ ਪਾਉਂਦੇ 60 ਸਾਲਾਂ ਦੇ ਨੌਜਵਾਨਾਂ ਨਾਲ 55 ਵਰ੍ਹਿਆਂ ਦੀਆਂ ਗੁਟਕਦੀਆਂ ਮੁਟਿਆਰਾਂ ਦਾ ਗਿੱਧਾ ਵੇਖਣ ਨੂੰ ਮਿਲੇਗਾ।

ਸੰਤੁਲਿਤ ਖ਼ੁਰਾਕ ਹੀ ਹੈ ਲੰਮੀ ਤੇ ਸਿਹਤਮੰਦ ਜ਼ਿੰਦਗੀ ਦਾ ਰਾਜ਼, ਕਿਸਾਨ ਵੀਰੋ ! ਤੁਹਾਡੀ ਬੰਦ ਮੁੱਠੀ ਵਿਚ ਆਉਣ ਵਾਲੀ ਕੌਮ ਦੀ ਸਿਹਤ ਲੁਕੀ ਜੇ। ਬਚਾ ਸਕਦੇ ਹੋ ਤਾਂ ਬਚਾ ਲਓ! ਕਣਕ ਤੇ ਚੌਲ ਦੇ ਚੱਕਰਵਿਊ ਵਿੱਚੋਂ ਜਿੰਨੀ ਛੇਤੀ ਨਿਕਲ ਸਕਦੇ ਹੋ, ਨਿਕਲ ਜਾਓ!