ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਚੌਥਾ)
ਪਿਛਲੇ ਭਾਗ ਵਿੱਚ ਨਾਂਵ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਲੱਗੇ ਕੰਨੇ ਨੂੰ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਉਚਾਰਨ ਬਾਰੇ ਵੀਚਾਰ ਕੀਤੀ ਗਈ ਸੀ ਤੇ ਇਸ ਹਥਲੇ ਭਾਗ ਵਿੱਚ ਨਾਂਵ ਸ਼ਬਦਾਂ ਦੇ ਅੰਤਿਮ ਅੱਖਰ ਨੂੰ ਲੱਗੀ ਬਿਹਾਰੀ ਨੂੰ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਉਚਾਰਨ ਬਾਰੇ ਵਿਚਾਰ ਕੀਤੀ ਜਾਏਗੀ ।
ਪੰਜਾਬੀ ਵਿੱਚ ਕੁਝ ਇੱਕ-ਵਚਨ ਪੁਲਿੰਗ ਨਾਂਵ ਸ਼ਬਦ ਅੰਤ ਕੰਨੇ ਨਾਲ ਲਿਖੇ ਜਾਂਦੇ ਹਨ ਪਰ ਜੇ ਅੰਤਲੇ ਕੰਨੇ ਨੂੰ ਹਟਾ ਕੇ ਬਿਹਾਰੀ ਲੱਗ ਜਾਵੇ ਤਾਂ ਉਹ ਇਸਤ੍ਰੀ ਲਿੰਗ ਸ਼ਬਦ ਬਣ ਜਾਂਦੇ ਹਨ; ਜਿਵੇਂ ‘ਚਾਚਾ = ਚਾਚੀ, ਘੋੜਾ = ਘੋੜੀ, ਵੱਛਾ = ਵੱਛੀ’ ਆਦਿਕ ਪਰ ਗੁਰਬਾਣੀ ਵਿੱਚ ਜਦੋਂ ਬਹੁ-ਵਚਨ ਪੁਲਿੰਗ ਸ਼ਬਦਾਂ ਦੇ ਪਿਛੇਤਰ – ਨੇ, ਨੂੰ (ਲੁਪਤ) ਅਤੇ ‘ਨਾਲ, ਰਾਹੀਂ, ਵਿਚਿ, ਉਪਰਿ’ ਆਦਿਕ (ਪ੍ਰਗਟ ਤੌਰ ’ਤੇ) ਕਾਰਕੀ ਚਿੰਨ੍ਹ ਮਿਲਦੇ ਹੋਣ ਜਾਂ ਇਸ ਤਰ੍ਹਾਂ ਦੇ ਕਾਰਕੀ ਅਰਥ ਬਣਦੇ ਹੋਣ ਤਾਂ ਅੰਤ ਬਿੰਦੀ ਸਮੇਤ ਬਿਹਾਰੀ ਨਾਲ ਲਿਖੇ ਹੋਏ ਮਿਲਦੇ ਹਨ। ਕਈ ਥਾੲੀਂ ਓਹੀ ਅੰਤ ਬਿਹਾਰੀ ਵਾਲੇ ਸ਼ਬਦ ਬਿਨਾਂ ਬਿੰਦੀ ਤੋਂ ਵੀ ਲਿਖੇ ਗਏ ਹਨ, ਜਿਨ੍ਹਾਂ ਨੂੰ ਪ੍ਰਸੰਗ ਮੁਤਾਬਕ ਨਾਸਕੀ ਧੁਨੀ ਸਮੇਤ ਉਚਾਰਨਾ ਠੀਕ ਹੁੰਦਾ ਹੈ। ਅੰਤਲੇ ਅੱਖਰ ਨੂੰ ਲੱਗੀ ਬਿਹਾਰੀ ਵੇਖ ਕੇ ਇਨ੍ਹਾਂ ਸਾਰਿਆਂ ਨੂੰ ਇਸਤ੍ਰੀ ਲਿੰਗ ਵੀ ਨਹੀਂ ਸਮਝ ਲੈਣਾ ਚਾਹੀਦਾ ਕਿਉਂਕਿ ਇਨ੍ਹਾਂ ਵਿੱਚੋਂ ਕੁਝ ਪੁਲਿੰਗ ਸ਼ਬਦ ਵੀ ਹੁੰਦੇ ਹਨ। ਸੋ, ਚਲਦੇ ਪ੍ਰਸੰਗ ਅਨੁਸਾਰ ਅਰਥ ਭਰਪੂਰ ਤੇ ਉਚਾਰਨ ਪੱਖੋਂ ਧਿਆਨ ਰੱਖਣਾ ਅਤਿ ਜ਼ਰੂਰ ਹੁੰਦਾ ਹੈ; ਜਿਵੇਂ ਕਿ
(ੳ) ਕਰਤਾ ਕਾਰਕ: ਜਿਸ ਦਾ ਚਿੰਨ੍ਹ ਹੈ, ਨੇ ।
(1) ਏਨੀ ਠਗੀਂ, ਜਗੁ ਠਗਿਆ ; ਕਿਨੈ ਨ ਰਖੀ ਲਜ ॥ (ਮ: 1/1288) ਇਸ ਤੁਕ ਵਿੱਚ ‘ਠਗੀਂ’ ਸ਼ਬਦ ਬਿੰਦੀ ਸਹਿਤ ਲਿਖਿਆ ਹੋਇਆ ਹੈ; ਜਿਸ ਦਾ ਅਰਥ ਹੈ = ਠੱਗਾਂ ਨੇ। ਪੂਰੀ ਤੁਕ ਦਾ ਅਰਥ ਹੈ : ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ (ਜੋ ਭੀ ਇਹਨਾਂ ਦੇ ਢਹੇ ਚੜ੍ਹਿਆ, ਉਨ੍ਹਾਂ ’ਚੋਂ) ਕੋਈ ਵੀ (ਇਹਨਾਂ ਪਾਸੋਂ) ਆਪਣੀ ਇੱਜ਼ਤ ਨਾ ਬਚਾ ਸਕਿਆ।
(2) ਜਿਨੀ ਠਗੀ, ਜਗੁ ਠਗਿਆ ; ਸੇ ਤੁਧੁ ਮਾਰਿ ਨਿਵਾੜਾ ॥ (ਮ: 5/1097) ਅਰਥ ਹਨ : (ਹੇ ਪ੍ਰਭੂ !) ਜਿਨ੍ਹਾਂ (ਕਾਮਾਦਿਕ) ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ, ਉਹ ਸਭ ਤੈਂ (ਮੇਰੇ ਅੰਦਰੋਂ) ਮਾਰ ਕੇ ਭਜਾ ਦਿੱਤੇ ਹਨ। (ਇਸ ਤੁਕ ਵਿੱਚ ਆਇਆ ਸ਼ਬਦ ‘ਠੱਗੀ’ ਗੁਰਬਾਣੀ ਵਿੱਚ ਲਿਖਿਆ ਤਾਂ ਬਿਨਾਂ ਬਿੰਦੀ ਤੋਂ ਹੈ ਪਰ ਅਰਥ ਇਸ ਤੁਕ ਵਿੱਚ ਵੀ ‘ਠੱਗਾਂ ਨੇ’ (ਪਹਿਲੀ ਤੁਕ ਵਾਙ) ਹੀ ਬਹੁ ਵਚਨ ਤੇ ਕਰਤਾ ਕਾਰਕ ਨਿਕਲਦੇ ਹਨ, ਇਸ ਲਈ ਤੁਕ ਨੰ: (1) ਤੋਂ ਸੇਧ ਲੈ ਕੇ ਇੱਥੇ ਵੀ ਬਿੰਦੀ ਸਹਿਤ ‘ਠਗੀਂ’ ਉਚਾਰਨ ਠੀਕ ਹੋਏਗਾ।)
ਉਪਰੋਕਤ ਮਿਸਾਲ ਤੋਂ ਸਪਸ਼ਟ ਹੈ ਕਿ ਗੁਰਬਾਣੀ ਲਿਖਤ ਵਿੱਚ ਇੱਕ (ਬਿੰਦੀ ਰਹਿਤ) ਸ਼ਬਦ ਦੇ ਉਚਾਰਨ ਲਈ ਦੂਸਰੇ ਬਿੰਦੀ ਸਹਿਤ ਲਿਖਤੀ ਸਰੂਪ ਤੋਂ ਸੇਧ ਲੈਣੀ ਗ਼ਲਤ ਨਹੀਂ ਹੈ ਪਰ ਹਰ ਨਾਂਵ ਸ਼ਬਦ ਨੂੰ ਅੰਤ ਬਿਹਾਰੀ ਲੱਗੀ ਵੇਖ ਬਿੰਦੀ ਲਗਾਉਣਾ ਵੀ ਠੀਕ ਨਹੀਂ; ਜਿਵੇਂ ਕਿ
(3) ਕੂੜੁ ਠਗੀ ਗੁਝੀ ਨਾ ਰਹੈ ; ਮੁਲੰਮਾ ਪਾਜੁ ਲਹਿ ਜਾਇ ॥ (ਮ: 4/303) ਅਰਥ :- ਕੂੜ ਤੇ ਠੱਗੀ ਲੁਕੀ ਛਿਪੀ ਨਹੀਂ ਰਹਿ ਸਕਦੀ ਉਨ੍ਹਾਂ ਦਾ ਮੁਲੰਮਾ ਪਾਜ (ਦਿਖਾਵਾ) ਲਹਿ ਹੀ ਜਾਂਦਾ ਹੈ। (ਅਤੇ)
(4) ਜਿ ਠਗੀ ਆਵੈ, ਠਗੀ ਉਠਿ ਜਾਇ; ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥ (ਮ: 4/317) ਅਰਥ :- ਜੋ (ਠੱਗ), ਠੱਗੀ ਲਈ ਦੋਸਤੀ ਗੰਢਣ ਆਉਂਦਾ ਹੈ ਅਤੇ ਠੱਗੀ ਲਈ ਹੀ ਖੜ੍ਹਾ ਹੋ ਕੇ ਤੁਰ ਜਾਂਦਾ ਹੈ, ਉਸ ਦੇ ਲਾਗੇ ਗੁਰੂ ਦਾ ਸਿੱਖ ਉੱਕਾ ਹੀ ਨਹੀਂ ਠਹਿਰਦਾ ਭਾਵ ਉਸ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਤੋਂ ਨਹੀਂ ਪਤੀਜਦਾ।
ਉਪਰੋਕਤ ਤੁਕ ਨੰਬਰ 3 ਤੇ ਨੰਬਰ 4 ਵਿੱਚ ‘ਠਗੀ’ ਸ਼ਬਦ ਦਾ ਅਰਥ ਹੈ ‘ਠੱਗੀ’ (ਇਸਤ੍ਰੀ ਲਿੰਗ, ਇੱਕ ਵਚਨ), ਨਾ ਕਿ ਤੁਕ ਨੰਬਰ 1 ਤੇ 2 ਵਾਙ ‘ਠੱਗਾਂ ਨੇ’ ਭਾਵ ਬਹੁ ਵਚਨ ਤੇ ਕਰਤਾ ਕਾਰਕ, ਇਸ ਲਈ ਤੁਕ ਨੰਬਰ 3 ਤੇ 4 ’ਚ ‘ਠੱਗੀਂ’ (ਬਿੰਦੀ ਸਮੇਤ) ਉਚਾਰਨ ਗ਼ਲਤ ਹੋਏਗਾ ਤੇ ਸਹੀ ਉਚਾਰਨ ਹੈ : ‘ਠੱਗੀ’ (ਬਿਨਾਂ ਬਿੰਦੀ ਤੋਂ)।
(ਅ) ਅਧਿਕਰਣ ਕਾਰਕ: ਜਿਸ ਦਾ ਚਿੰਨ੍ਹ ਹੈ, ਵਿਚਿ, ਅੰਦਰਿ, ਬਾਹਰਿ, ਉਪਰਿ (ਉੱਤੇ ਜਾਂ ’ਤੇ), ਹੇਠਿ, ਇਤਿਆਦਿਕ ।
(1). ਰੂਖਂੀ ਬਿਰਖਂੀ ਊਡਉ, ਭੂਖਾ ; ਪੀਵਾ ਨਾਮੁ ਸੁਭਾਈ ॥ (ਮ: 1/1274) ਇਸ ਤੁਕ ਵਿੱਚ ‘ਰੂਖਂੀ’ ਅਤੇ ‘ ਬਿਰਖਂੀ’ ਸ਼ਬਦਾਂ ਵਿੱਚ ਬਿਹਾਰੀ ਤੋਂ ਪਹਿਲਾਂ ਬਿੰਦੀ ਲੱਗੀ ਹੋਈ ਹੈ; ਕ੍ਰਮਵਾਰ ਅਰਥ ਹਨ ‘ਰੁੱਖਾਂ ਉੱਪਰ, ਬਿਰਖਾਂ ਉੱਤੇ ਭਾਵ ਮੈਂ ਰੁੱਖਾਂ ਬਿਰਖਾਂ ’ਤੇ ਉੱਡ ਉੱਡ ਕੇ ਜਾਂਦਾ ਹਾਂ ਪਰ (ਸ੍ਵਾਂਤੀ ਬੂੰਦ ਤੋਂ ਸੱਖਣਾ) ਭੁੱਖਾ (ਪਿਆਸਾ) ਹੀ ਰਹਿੰਦਾ ਹਾਂ ! (ਬਬੀਹੇ ਦੀ ਅਜਿਹੀ ਵਿਲਕਣੀ ਵਾਙ ਹੁਣ ਮੈ ਵੀ ਮਾਇਆ ਦੀ ਆਸਾ ਮਨਸ਼ਾ ਮਗਰ ਦੌੜਦਾ ਨਹੀਂ ਬਲਕਿ) ਬੜੇ ਪਿਆਰ ਨਾਲ ਪਰਮਾਤਮਾ (ਪਤੀ) ਦਾ ਨਾਮ-ਅੰਮ੍ਰਿਤ ਪੀਂਦਾ ਹਾਂ।
(ਨੋਟ: ਅਜੋਕੀ ਪੰਜਾਬੀ ’ਚ ਬਿਹਾਰੀ ਤੋਂ ਪਹਿਲਾਂ (ਖੱਬੇ ਪਾਸੇ) ਬਿੰਦੀ ਜਾਂ ਟਿੱਪੀ ਅਤੇ ਬਿਹਾਰੀ ਤੋਂ ਬਾਅਦ (ਸੱਜੇ ਪਾਸੇ) ਟਿੱਪੀ ਲਗਾਉਣ ਦਾ ਰਿਵਾਜ ਨਹੀਂ ਜਦ ਕਿ ਗੁਰਬਾਣੀ ਵਿੱਚ ਇਸ ਨਿਯਮ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ ਉਪਰੋਕਤ ‘ਰੂਖਂੀ ਬਿਰਖਂੀ’ ਵਾਙ ਹੀ ਇਸ ਤੁਕ ‘ੲੰੀਧਨ’ ਤੇ ਬੈਸੰਤਰੁ ਭਾਗੈ ॥ ਮਾਟੀ ਕਉ, ਜਲੁ ਦਹ ਦਿਸ ਤਿਆਗੈ ॥ (ਮ: ੫/੯੦੦) ’ਚ ਦਰਜ ‘ੲੰੀਧਨ’ ਸ਼ਬਦ ਦੀ ਬਿਹਾਰੀ ਤੋਂ ਪਹਿਲਾਂ ਟਿੱਪੀ ਦੀ ਵੀ ਵਰਤੋਂ ਕੀਤੀ ਗਈ ਹੈ, ਜੋ ਕਿ ਅਜੋਕੀ ਪੰਜਾਬੀ ’ਚ ਪ੍ਰਚਲਿਤ ਨਹੀਂ।)
(2). ਨਾ ਸਤਿ ਰੁਖੀ, ਬਿਰਖੀ, ਪਥਰ ; ਆਪੁ ਤਛਾਵਹਿ ਦੁਖ ਸਹਹਿ ॥ (ਮ: 3/952) ਅਰਥ:- ਰੁੱਖਾਂ, ਬਿਰਖਾਂ ਤੇ ਪੱਥਰਾਂ ਦੀਆਂ ਗੁਫ਼ਾਵਾਂ ਵਿੱਚ ਵੀ ਸਿੱਧੀ ਨਹੀਂ ਹੈ ਭਾਵ ਇਨ੍ਹਾਂ ਦੀ ਟੇਕ ਲੈਣੀ ਵੀ ਨਿਰਮੂਲ ਹੈ। ਇਹ ਖ਼ੁਦ ਵੀ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ। (ਇਸ ਤੁਕ ਵਿੱਚ – ਰੁਖੀ, ਬਿਰਖੀ, ਬਿਨਾਂ ਬਿੰਦੀ ਤੋਂ ਲਿਖੇ ਹੋਏ ਹਨ ਪਰ ਅਰਥ ਤੁਕ ਨੰ: 1 ਵਾਲੇ ਅਧਿਕਰਣ ਕਾਰਕ ’ਚ ਹੀ ਹਨ, ਇਸ ਲਈ ਇਨ੍ਹਾਂ ਦਾ ਉਚਾਰਨ ਤੁਕ ਨੰ: 1 ਤੋਂ ਸੇਧ ਲੈ ਕੇ ਬਿੰਦੀ ਸਹਿਤ ਕਰਨਾ ਹੀ ਠੀਕ ਹੈ= ਰੁੱਖੀਂ, ਬਿਰਖੀਂ।)
ਉਪਰੋਕਤ ਸ਼ਬਦਾਂ ਵਾਙ ਹੀ ਕੁਝ ਕਾਰਕੀ ਤੇ ਬਹੁ ਵਚਨ ਸ਼ਬਦਾਂ ਦੀ ਬਿੰਦੀ ਸਹਿਤ ਵਿਚਾਰ ਹੇਠਾਂ ਕੀਤੀ ਜਾ ਰਹੀ ਹੈ :
(3). ਗਿਆਨ ਅੰਜਨੁ, ਜਾ ਕੀ ਨੇਤ੍ਰੀ ਪੜਿਆ; ਤਾ ਕਉ ਸਰਬ ਪ੍ਰਗਾਸਾ ॥ (ਮ: 5/610) ਭਾਵ ਹੇ ਭਾਈ ! ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ, ਉਸ ਨੂੰ ਸਾਰੀ ਸਮਝ ਪੈ ਜਾਂਦੀ ਹੈ। (ਇਸ ਤੁਕ ਵਿੱਚ ‘ਨੇਤ੍ਰੀ’ (ਇਸਤ੍ਰੀ ਲਿੰਗ, ਬਹੁ ਵਚਨ) ਦਾ ਅਰਥ ਹੈ= ‘ਅੱਖਾਂ ਵਿੱਚ’ (ਅਧਿਕਰਣ ਕਾਰਕ) ਅਤੇ ਉਚਾਰਨ ਬਿੰਦੀ ਸਹਿਤ ਹੈ= ਨੇਤ੍ਰੀਂ।)
(4). ਨਾਰੀ ਅੰਦਰਿ ਸੋਹਣੀ ; ਮਸਤਕਿ ਮਣੀ ਪਿਆਰੁ ॥ (ਮ: 1/54) ਭਾਵ ਇਸਤ੍ਰੀਆਂ ਵਿੱਚ ਉਹੀ ਸੁੰਦਰ ਹੈ ਜਿਸ ਨੇ ਆਪਣੇ ਮੱਥੇ ਉੱਤੇ ਪ੍ਰਭੂ ਦੇ ਪਿਆਰ ਵਾਲਾ ਟਿੱਕਾ ਲਾਇਆ ਹੋਇਆ ਹੈ। (ਇਸ ਤੁਕ ਵਿੱਚ ‘ਨਾਰੀ’ ਇਸਤ੍ਰੀ ਲਿੰਗ ਬਹੁ-ਵਚਨ ਤੇ ਅਧਿਕਰਣ ਕਾਰਕ ਹੈ, ਜਿਸ ਦਾ ਅਰਥ ਹੈ= ਇਸਤ੍ਰੀਆਂ ਵਿੱਚ, ਤਾਂ ਤੇ ਉਚਾਰਨ ਹੋਏਗਾ ਬਿੰਦੀ ਸਹਿਤ= ਨਾਰੀਂ।)
ਧਿਆਨ ਰਹੇ ਕਿ ਗੁਰਬਾਣੀ ’ਚ ‘ਨਾਰੀ’ ਦਾ ਅਰਥ ‘ਔਰਤ’ (ਇੱਕ ਵਚਨ, ਕਾਰਕ ਰਹਿਤ) ਵੀ ਹੈ, ਜਿਸ ਦਾ ਅਰਥ ਹੈ, ‘ਇਸਤ੍ਰੀ’, ਨਾ ਕਿ ‘ਇਸਤ੍ਰੀਆਂ ਨੇ ਜਾਂ ਇਸਤ੍ਰੀਆਂ ਵਿੱਚ’, ਆਦਿ ਕਾਰਕੀ ਤੇ ਬਹੁ ਵਚਨ ਅਰਥ; ਜਿਵੇਂ ਕਿ
ਜੋ ਤਨੁ ਤੈ ਅਪਨੋ ਕਰਿ ਮਾਨਿਓ; ਅਰੁ ਸੁੰਦਰ ਗ੍ਰਿਹ ‘ਨਾਰੀ’ ॥ (ਮ: ੯/੨੨੦) ਤੁਕ ’ਚ ਦਰਜ ‘ਨਾਰੀ’ ਇੱਕ ਵਚਨ ਹੈ ਤੇ ਉਚਾਰਨ ਹੋਏਗਾ ‘ਨਾਰੀ’ (ਬਿੰਦੀ ਰਹਿਤ), ਇਸੇ ਤਰ੍ਹਾਂ ਕੁਝ ਅੰਤ ਬਿਹਾਰੀ ਤੇ ਬਿੰਦੀ ਰਹਿਤ ਸ਼ਬਦ ਹੇਠਾਂ ਦਿੱਤੇ ਜਾ ਰਹੇ ਹਨ ਤਾਂ ਜੋ ਕਾਰਕੀ, ਬਹੁ ਵਚਨ ਤੇ ਇੱਕ ਵਚਨ, ਕਾਰਕ ਰਹਿਤ ਸ਼ਬਦਾਂ ਦਾ ਅੰਤਰ ਸਮਝਿਆ ਜਾ ਸਕੇ :
ਰੁਖੀ ਸੁਖੀ ਖਾਇ ਕੈ ; ਠੰਢਾ ਪਾਣੀ ਪੀਉ ॥ (ਬਾਬਾ ਫਰੀਦ ਜੀ/1379) ਭਾਵ ਹੇ ਫਰੀਦ ! (ਮਿਹਨਤ ਵਾਲੀ ਕਮਾਈ ਦੀ) ਰੁੱਖੀ-ਮਿੱਸੀ (ਰੋਟੀ) ਖਾ ਕੇ ਠੰਢਾ ਪਾਣੀ ਪੀ ਲੈ। (ਇਸ ਤੁਕ ਵਿੱਚ ‘ਰੁਖੀ’ ਪੁਲਿੰਗ ਸ਼ਬਦ ‘ਰੁੱਖ’ ਦਾ ਬਹੁ ਵਚਨ ਨਹੀਂ ਹੈ ਬਲਕਿ ਇਸਤ੍ਰੀ ਲਿੰਗ (ਇੱਕ ਵਚਨ) ਸ਼ਬਦ ਰੋਟੀ ਦਾ ਵਿਸ਼ੇਸ਼ਣ ਹੈ ਇਸ ਲਈ ਇੱਥੇ ਬਿੰਦੀ ਲਾ ਕੇ ਪਾਠ ਕਰਨਾ ਗ਼ਲਤ ਹੋਵੇਗਾ; ਸਹੀ ਪਾਠ ਹੈ= ਰੁੱਖੀ-ਸੁੱਖੀ।)
(ੲ) ਕਰਣ ਕਾਰਕ : ਜਿਸ ਦਾ ਚਿਨ੍ਹ ਹੈ, ‘ਨਾਲ, ਦੁਆਰਾ, ਰਾਹੀਂ’।
(1). ਤੂ ‘ਨੇਤ੍ਰੀ’ ਦੇਖਿ ; ਚਲਿਆ ਮਾਇਆ ਬਿਉਹਾਰੀ ਰਾਮ ॥ (ਮ: 5/547) ਭਾਵ ਹੇ ਭਾਈ ! ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇੱਥੋਂ ਖ਼ਾਲੀ ਹੱਥ ਹੀ) ਤੁਰ ਪੈਂਦਾ ਹੈ। (ਇਸ ਤੁਕ ਵਿੱਚ ‘ਨੇਤ੍ਰੀ’ ਦਾ ਅਰਥ ਹੈ= ਅੱਖਾਂ ਨਾਲ ਤੇ ਉਚਾਰਨ ਹੋਏਗਾ= ਬਿੰਦੀ ਸਹਿਤ= ਨੇਤ੍ਰੀਂ (ਅੱਖਾਂ ਨਾਲ)।
(2). ਲਖ ਲਸਕਰ, ਲਖ ਵਾਜੇ ਨੇਜੇ ; ਲਖੀ ‘ਘੋੜੀ’ ਪਾਤਿਸਾਹ ॥ (ਮ: 1/12870) ਭਾਵ ਲੱਖਾਂ ਸਿਪਾਹੀਆਂ ਦੀਆਂ ਫ਼ੌਜਾਂ ਹੋਣ, ਉਨ੍ਹਾਂ ਅੱਗੇ ਲੱਖਾਂ ਹੀ ਵਾਜੇ ਵੱਜਦੇ ਹੋਣ, ਲੱਖਾਂ ਹੀ ਨੇਜ਼ੇ-ਬਰਦਾਰ ਹੋਣ, ਲੱਖਾਂ ਘੋੜਿਆਂ ਵਾਲੇ ਮਾਲਕ ਬਾਦਸ਼ਾਹ ਹੋਣ। (ਇਸ ਤੁਕ ਵਿੱਚ ‘ਘੋੜੀ’ ਇਸਤ੍ਰੀ ਲਿੰਗ ਨਹੀਂ ਬਲਕਿ ਪੁਲਿੰਗ ਬਹੁ ਵਚਨ ਤੇ ਸਬੰਧ ਕਾਰਕੀ ਹੈ, ਜਿਸ ਦਾ ਅਰਥ ਹੈ, ‘ਲੱਖਾਂ ਘੋੜਿਆਂ ਦੇ ਪਾਤਿਸ਼ਾਹ। ਉਚਾਰਨ ਹੋਏਗਾ= ਬਿੰਦੀ ਸਹਿਤ- ‘ਘੋੜੀਂ’। (ਪਰ)
(3) ਦੇਹ ‘ਘੋੜੀ’ ਜੀ ! ਜਿਤੁ, ਹਰਿ ਪਾਇਆ ਰਾਮ ॥ (ਮ: 4/576) ਭਾਵ ਹੇ ਭਾਈ ! ਸਰੀਰ ਇਕ ਘੋੜੀ ਹੈ, ਜਿਸ ’ਤੇ ਚੜ੍ਹ ਕੇ ਪਰਮਾਤਮਾ ਦਾ ਮਿਲਾਪ ਹਾਸਲ ਹੁੰਦਾ ਹੈ । (ਇਸ ਤੁਕ ਵਿੱਚ ‘ਘੋੜੀ’ ਇੱਕ ਵਚਨ ਇਸਤ੍ਰੀ ਲਿੰਗ ਹੈ, ਇਸ ਲਈ ਉਚਾਰਨ ਹੋਏਗਾ ‘ਘੋੜੀ’ (ਬਿਨਾਂ ਬਿੰਦੀ ਤੋਂ)।
(ਸ) ਕਰਮ ਕਾਰਕ : ਜਿਸ ਦਾ ਚਿੰਨ੍ਹ ਹੈ, ‘ਨੂੰ’।
(1). ਮੰਤ੍ਰੀ ਹੋਇ ਅਠੂਹਿਆ ; ਨਾਗੀ ਲਗੈ ਜਾਇ ॥ (ਮ: 1/148) ਭਾਵ ਅਠੂਹਿਆਂ ਦਾ ਮਾਂਦਰੀ ਹੋ ਕੇ (ਜੋ ਮਨੁੱਖ) ਸੱਪਾਂ ਨੂੰ ਜਾ ਹੱਥ ਪਾਂਦਾ ਹੈ। (ਇਸ ਤੁਕ ਵਿੱਚ ‘ਨਾਗੀ’ ਬਹੁ ਵਚਨ ਕਾਰਕੀ ਹੈ ਤੇ ਅਰਥ ਹਨ = ਨਾਗਾਂ ਨੂੰ, ਸੱਪਾਂ ਨੂੰ, ਇਸ ਲਈ ਉਚਾਰਨ ਹੋਏਗਾ= ਨਾਗੀਂ।)
(2). ਤਗੁ ਨ ਇੰਦ੍ਰੀ, ਤਗੁ ਨ ਨਾਰੀ ॥ (ਮ: 1/471) ਭਾਵ (ਪੰਡਤ ਨੇ ਆਪਣੇ) ਇੰਦਰਿਆਂ ਤੇ ਨਾੜੀਆਂ ਨੂੰ (ਇਹੋ ਜਿਹਾ) ਜਨੇਊ ਨਹੀਂ ਪਾਇਆ (ਕਿ ਉਹ ਇੰਦ੍ਰੇ ਵਿਕਾਰਾਂ ਵੱਲ ਨਾ ਜਾਣ)। (ਇਸ ਤੁਕ ਵਿੱਚ ਸ਼ਬਦ ‘ਇੰਦ੍ਰੀ’ ਅਤੇ ‘ਨਾਰੀ’ ਬਹੁ ਵਚਨ ਅਤੇ ਕਰਮ ਕਾਰਕ ਹਨ, ਇਨ੍ਹਾਂ ਦੇ ਅਰਥਾਂ ਹਨ, ‘ਇੰਦਰਿਆਂ ਨੂੰ’ ਉਚਾਰਨ ਹੈ= ਇੰਦ੍ਰੀਂ ਅਤੇ ‘ਨਾਰੀ’ ਦਾ ਅਰਥ ਹੈ= ਨਾੜੀਆਂ ਨੂੰ, ਉਚਾਰਨ ਹੈ= ਨਾਰੀਂ। (ਪਰ)
(3). ਜਿਹਵਾ ਇੰਦ੍ਰੀ, ਏਕੁ ਸੁਆਉ ॥ (ਮ: 1/153) ਭਾਵ ਜੀਭ ਸਮੇਤ ਹਰੇਕ ਇੰਦ੍ਰੀ ਨੂੰ ਆਪੋ ਆਪਣਾ (ਭਾਵ ਭਿੰਨ-ਭਿੰਨ) ਚਸਕਾ ਹੈ। (ਇੱਥੇ ‘ਇੰਦ੍ਰੀ’ ਇੱਕ ਵਚਨ ਇਸਤ੍ਰੀ ਲਿੰਗ ਹੈ ਤੇ ਉਚਾਰਨ ਹੋਏਗਾ= ਬਿਨਾਂ ਬਿੰਦੀ ਤੋਂ ‘ਇੰਦ੍ਰੀ’)
(ਹ) ਸਬੰਧ ਕਾਰਕ : ਇਸ ਦਾ ਚਿੰਨ੍ਹ ਹੈ, ‘ਦਾ, ਦੀ, ਦੈ, ਕਾ, ਕੀ, ਕੇ, ਕੈ, ਕੋ’ ।
(1). ਮਾਟੀ ਕੇ ਕਰਿ ਦੇਵੀ ਦੇਵਾ ; ਤਿਸੁ ਆਗੈ ਜੀਉ ਦੇਹੀ ॥ (ਭਗਤ ਕਬੀਰ ਜੀ/332) ਭਾਵ ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਦੇਵੀ-ਦੇਵਤਿਆਂ ਅੱਗੇ ਜੀਉਂਦੇ ਜੀਵਾਂ (ਮੁਰਗੇ, ਬੱਕਰੇ ਆਦਿਕ) ਦੀ ਕੁਰਬਾਨੀ ਦੇਂਦੇ ਹਨ। (ਇੱਥੇ ‘ਮਾਟੀ’ ਇੱਕ ਵਚਨ ਇਸਤ੍ਰੀ ਲਿੰਗ ਹੈ ਅਤੇ ਇਸ ਦੇ ਪਿੱਛੇ ਸਬੰਧਕੀ ਚਿੰਨ੍ਹ ‘ਕੇ’ ਆਉਣ ਕਰ ਕੇ, ਸਬੰਧ ਕਾਰਕੀ ਅਰਥ ਵਿੱਚ ਹੈ। ਉਚਾਰਨ ਹੋਏਗਾ, ਬਿਨਾਂ ਬਿੰਦੀ ਤੋਂ= ‘ਮਾਟੀ’।)
(3). ਅਖਂੀ ਪਰਣੈ ਜੇ ਫਿਰਾਂ ; ਦੇਖਾਂ ਸਭੁ ਆਕਾਰੁ ॥ (ਮ: 4/1241) ਭਾਵ ਜੇਕਰ ਮੈਂ ਅੱਖਾਂ ਦੇ ਭਾਰ ਹੋ ਕੇ ਫਿਰਾਂ ਤੇ ਸਾਰਾ ਜਗਤ (ਫਿਰ ਕੇ) ਵੇਖ ਲਵਾਂ ਭਾਵ ਸਿਰ ਨੀਵਾਂ ਰੱਖਾਂ। (ਇਸ ਤੁਕ ਵਿੱਚ ਭਾਵੇਂ ਪ੍ਰਤੱਖ ਤੌਰ ’ਤੇ ਕੋਈ ਸਬੰਧਕੀ ਪਦ ਨਹੀਂ ਆਇਆ ਪਰ ‘ ਅਖਂੀ ਪਰਣੈ’ ਦਾ ਸੰਯੁਕਤ ਅਰਥ ਹੈ= ਅੱਖਾਂ ਦੇ ਭਾਰ; ਜੋ ਕਿ ਸਬੰਧ ਚਿੰਨ੍ਹ ‘ਦੇ/ਕੇ’ ਦੇਂਦਾ ਹੈ, ਜਿਸ ਕਾਰਨ ਬਿਹਾਰੀ ਤੋਂ ਪਹਿਲਾਂ ਬਿੰਦੀ ਸਮੇਤ ਲਿਖਿਆ ਗਿਆ ਹੈ।)
(ਕ) ਅਪਾਦਾਨ ਕਾਰਕ : ਜਿਸ ਦਾ ਚਿੰਨ੍ਹ ਹੈ, ‘ਤੋਂ, ਪਾਸੋਂ, ਉੱਪਰੋਂ’।
(1). ਅਖੀ ਬਾਝਹੁ ਵੇਖਣਾ ; ਵਿਣੁ ਕੰਨਾ ਸੁਨਣਾ ॥ (ਮ: 1/139) ਭਾਵ ਜੇ ਅੱਖਾਂ ਬਿਨਾਂ ਵੇਖੀਏ (ਭਾਵ ਪਰਾਇਆ ਰੂਪ ਤੱਕਣ ਦੀ ਵਾਦੀ ਵੱਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾਂ ਸੁਣੀਏ (ਭਾਵ ਨਿੰਦਾ ਜਾਂ ਦੂਸਰੇ ਦੇ ਗੁਣਾਂ ਨੂੰ ਘਟਾ ਕੇ ਬਿਆਨ ਕਰਨ ਵਾਲੇ ਪਾਸੋਂ ਦੂਰ ਰਹੀਏ)। (ਇਸ ਤੁਕ ਵਿੱਚ ‘ਅਖੀ ਬਾਝਹੁ’ ਦਾ ਅਰਥ ਹੈ= ਅੱਖਾਂ ਤੋਂ ਬਿਨਾਂ ਤੇ ਉਚਾਰਨ ਹੋਏਗਾ, ਬਿੰਦੀ ਸਮੇਤ= ਅੱਖੀਂ (ਭਾਵੇਂ ਕਿ ਗੁਰਬਾਣੀ ’ਚ ਬਿੰਦੀ ਲੱਗੀ ਹੋਈ ਨਹੀਂ ਹੈ)।
(ਖ) ਸੰਬੋਧਨ ਕਾਰਕ: ਜਿਸ ਦਾ ਚਿੰਨ੍ਹ ਹੈ, ‘ਹੇ !, ਰੇ !, ਰੀ !’।
(1). ਨਾਮੇ ਚੇ ਸੁਆਮੀ ! ਬਖਸੰਦ ਤੂੰ, ਹਰੀ ! ॥ (ਭਗਤ ਨਾਮਦੇਵ ਜੀ/727) ਭਾਵ ਹੇ ਨਾਮਦੇਵ ਦੇ ਮਾਲਕ ! ਹੇ ਹਰੀ ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ।
(2). ਸੁਨਿ ਰੀ ਸਖੀ ! ਇਹ ਹਮਰੀ ਘਾਲ ॥ ਪ੍ਰਭਿ ਆਪਿ ਸੀਗਾਰਿ ਸਵਾਰਨਹਾਰ ॥ (ਮ: 5/384) ਭਾਵ ਹੇ ਸਹੇਲੀ ! ਤੂੰ ਧਿਆਨ ਨਾਲ ਸੁਣ ਜੋ ਸਾਡੀ ਅਸਲ ਮਿਹਨਤ (ਕਮਾਈ) ਹੈ, ਮਾਲਕ ਸਵਾਰਨਯੋਗ ਨੇ ਆਪਣੀ ਮਿਹਰ ਕਰ ਕੇ ਸਾਨੂੰ (ਮਨੁੱਖਾ ਜੂਨੀ ਤੇ ਗੁਰੂ ਰਾਹੀਂ ਗੁਣਾਂ ਨਾਲ) ਸ਼ਿੰਗਾਰਿਆ ਹੈ।
ਇਨ੍ਹਾਂ ਦੋਵੇਂ ਤੁਕਾਂ ਵਿੱਚ ‘ਸੁਆਮੀ ! , ਹਰੀ !, ਰੀ ਸਖੀ !’ (ਤਿੰਨੇ) ਸ਼ਬਦ ਹੀ ਸੰਬੋਧਨ ਕਾਰਕ ਵਿੱਚ ਹਨ। ਸੰਬੋਧਨ ਕਾਰਕ ਦਾ ਇਹ ਨਿਯਮ ਹੈ ਕਿ ਸ਼ਬਦ ਦਾ ਅੰਤਲਾ ਅੱਖਰ ਭਾਵੇਂ ਮੁਕਤਾ ਹੋਵੇ ਭਾਵੇਂ ਅੰਤ ਵਿੱਚ ਕੰਨਾ, ਸਿਹਾਰੀ, ਬਿਹਾਰੀ, ਲਾਂ, ਹੋੜਾ ਜਾਂ ਔਂਕੜ (ਹੁ) ਲੱਗਿਆ ਹੋਵੇ, ਕਿਸੇ ਵੀ ਲਗ ਨਾਲ ਬਿੰਦੀ ਨਹੀਂ ਲੱਗਦੀ ਤਾਂ ਤੇ ਇਨ੍ਹਾਂ ਸਾਰੇ ਸ਼ਬਦਾਂ ਦੀ ਅੰਤਲੀ ਬਿਹਾਰੀ, ਬਿਨਾਂ ਬਿੰਦੀ ਤੋਂ ਹੀ ਉਚਾਰਨ ਹੋਵੇਗੀ।
(ਗ) ਆਮ ਪੰਜਾਬੀ ਬੋਲੀ :
‘ਅੱਖ’ ਇੱਕ ਵਚਨ ਇਸਤ੍ਰੀ ਲਿੰਗ ਦਾ ਬਹੁ ਵਚਨ ‘ਅੱਖਾਂ’ ਹੁੰਦਾ ਹੈ ਭਾਵ ‘ਖਾਂ’ ਦੇ ਕੰਨੇ ਉੱਤੇ ਬਿੰਦੀ ਕਿਸੇ ਸਬੰਧਕੀ ਚਿਨ੍ਹ ਤੋਂ ਬਿਨਾਂ ਹੀ ਆ ਜਾਂਦੀ ਹੈ ਪਰ ਇੱਕ ਵਚਨ ਪੁਲਿੰਗ ‘ਸਿਰ’ ਦਾ ਬਹੁ ਵਚਨ ‘ਸਿਰਾਂ’ ਨਹੀਂ ਹੋ ਸਕਦਾ ਜਦ ਤੱਕ ਇਸ ਨਾਲ਼ ਕੋਈ ਸਬੰਧਕੀ ਚਿੰਨ੍ਹ ਨਾ ਹੋਵੇ ਭਾਵ ਬਹੁ ਵਚਨ ਪੁਲਿੰਗ ਦੇ ਅੰਤ ’ਚ ਨਾਸਿਕੀ ਧੁਨੀ ਪ੍ਰਗਟ ਕਰਨ ਲਈ ਸੰਬੰਧਕੀ ਚਿੰਨ੍ਹ ਦਾ ਹੋਣ ਅਤਿ ਜ਼ਰੂਰੀ ਹੁੰਦਾ ਹੈ; ਜਿਵੇਂ ਕਿ ‘ਸਿਰਾਂ ਦੇ ਮੁੱਲ ਪੈਂਦੇ ਹਨ।’ ਵਾਕ ’ਚ ‘ਦੇ’ ਸਬੰਧਕੀ ਚਿੰਨ੍ਹ ਨੇ ‘ਸਿਰਾਂ’ ਸ਼ਬਦ ਦੇ ਅੰਤਿਮ ਕੰਨੇ (ਲਗ) ਧੁਨੀ ਨੂੰ ਨਾਸਿਕੀ ਕਰ ਦਿੱਤਾ ਹੈ, ਇਸੇ ਤਰ੍ਹਾਂ ‘ਭਗਤ’ ਦਾ ਬਹੁ ਵਚਨ ਤੇ ਨਾਸਿਕੀ ਧੁਨੀ ਕਿਸੇ ਸਬੰਧਕੀ ਚਿੰਨ੍ਹ ਲੁਪਤ ਜਾਂ ਪ੍ਰਗਟ ਨਾਲ ਇਉਂ ਬਣਦੀ ਹੈ, ‘ਨਾਨਕ ! ਭਗਤਾ (ਭਗਤਾਂ ਦੇ ਅੰਦਰਿ) ਸਦਾ ਵਿਗਾਸੁ॥’’ ਤੁਕ ’ਚ ‘ਦੇ’ ਲੁਪਤ ਨੇ ‘ਭਗਤਾ’ ਨੂੰ ‘ਭਗਤਾਂ’ ਬਣਾ ਦਿੱਤਾ, ਇਸੇ ਲਈ ਸਿਰਲੇਖ ‘‘ਰਾਗੁ ਆਸਾ ਬਾਣੀ ਭਗਤਾ ਕੀ ॥’’ ਜਾਂ ‘‘ਤਿਲੰਗ ਬਾਣੀ ਭਗਤਾ ਕੀ ਕਬੀਰ ਜੀ’’ ਨਾਲ ਸਬੰਧਕੀ ‘ਕੀ’ ਲਿਖਿਆ ਗਿਆ ਤਾਂ ਜੋ ‘ਭਗਤਾਂ’ ਪੜਿਆ ਜਾ ਸਕੇ, ਨਾ ਕਿ ‘ਭਗਤਾ’ ਜਦ ਕਿ ਇਸਤ੍ਰੀ ਲਿੰਗ ਸ਼ਬਦ ਬਿਨਾਂ ਸਬੰਧਕੀ ਅਤੇ ਅੰਤ ਬਿਹਾਰੀ ਵੀ ਨਾਸਿਕੀ ਹੋ ਜਾਂਦੇ ਹਨ; ਜਿਵੇਂ ਕਿ
(1). ਨਾਨਕ, ਜਿਨਿ ‘ਅਖੀ’ ਲੀਤੀਆ ; ਸੋਈ ਸਚਾ ਦੇਇ ॥ (ਮ: 4/83) ਭਾਵ ਹੇ ਨਾਨਕ ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ (ਸਮਝ ਵਾਲੀਆਂ) ਅੱਖਾਂ ਲੈ ਲਈਆਂ ਸਨ ਭਾਵ ਅੰਨ੍ਹਾ ਕੀਤਾ ਸੀ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ।
(2). ‘ਅਖੀ’ ਮੀਟਿ ਚਲਿਆ ਅੰਧਿਆਰਾ ; ਘਰੁ ਦਰੁ ਦਿਸੈ ਨ ਭਾਈ ! ॥ (ਮ: 1/596) ਭਾਵ ਹੇ ਭਾਈ ! ਉਹ ਬੰਦਾ ਆਪਣੇ ਨੇਤਰ ਬੰਦ ਕਰ ਕੇ ਹਨ੍ਹੇਰੇ (ਅਗਿਆਨਤਾ) ਵਿੱਚ ਤੁਰਦਾ ਹੈ, ਜਿਸ ਕਾਰਨ ਉਸ ਨੂੰ ਆਪਣਾ ਅਸਲ ਘਰ-ਬਾਰ (ਰੱਬੀ ਆਸਰਾ) ਨਹੀਂ ਦਿੱਸਦਾ।
(3) ਜਿਨਿ ਕਨ ਕੀਤੇ ‘ਅਖੀ’ ਨਾਕੁ ॥ (ਮ: 1/661) ਭਾਵ ਜਿਸ (ਪ੍ਰਭੂ) ਨੇ ਕੰਨ, ਅੱਖਾਂ, ਨੱਕ, ਆਦਿ ਦਿੱਤਾ।
ਉਪਰੋਕਤ ਤਿੰਨੇ ਹੀ ਤੁਕਾਂ ਵਿੱਚ ‘ਅੱਖੀ’ (ਇਸਤ੍ਰੀ ਲਿੰਗ, ਬਹੁ ਵਚਨ) ਦਾ ਉਚਾਰਨ ਹੈ, ਬਿੰਦੀ ਸਹਿਤ= ਅੱਖੀਂ।
ਉਕਤ ਸਾਰੀ ਵਿਚਾਰ ਰਾਹੀਂ ਗੁਰਬਾਣੀ ਲਿਖਤ ਦੇ ਹੇਠ ਲਿਖੇ ਤਿੰਨ ਨਿਯਮ ਸਪਸ਼ਟ ਹੋ ਜਾਂਦੇ ਹਨ :-
(1). ਅੰਤ ਬਿਹਾਰੀ ਵਾਲੇ ਬਹੁ ਵਚਨ ਸ਼ਬਦਾਂ ਉਪਰੰਤ ਲੁਪਤ ਜਾਂ ਪ੍ਰਗਟ ਕੋਈ ਸਬੰਧਕੀ ਜਾਂ ਕਾਰਕੀ ਚਿੰਨ੍ਹ ‘ਨੇ, ਨੂੰ, ਦਾ, ਦੀ, ਦੈ, ਕਾ, ਕੀ, ਕੇ, ਕੈ, ਕਉ, ਵਿਚਿ, ਅੰਦਰਿ, ਉਪਰਿ, ਹੇਠਿ, ਆਦਿ ਮਿਲਦੇ ਹੋਣ ਤਾਂ ਬੇਸ਼ਕ ਉਹ ਬਹੁ ਵਚਨ ਪੁਲਿੰਗ ਹੋਣ ਜਾਂ ਬਹੁ ਵਚਨ ਇਸਤ੍ਰੀ ਲਿੰਗ, ਉਨ੍ਹਾਂ ਸ਼ਬਦਾਂ ਨੂੰ ਲੱਗੀ ਅੰਤ ਬਿਹਾਰੀ, ਬਿੰਦੀ ਸਹਿਤ ਹੀ ਉਚਾਰੀ ਜਾਵੇਗੀ।
(2). ਅੰਤ ਬਿਹਾਰੀ ਵਾਲੇ ਇੱਕ ਵਚਨ ਪੁਲਿੰਗ ਅਤੇ ਇੱਕ ਵਚਨ ਇਸਤ੍ਰੀ ਲਿੰਗ ਸ਼ਬਦਾਂ ਦੀ ਅੰਤ ਬਿਹਾਰੀ ਬਿੰਦੀ ਤੋਂ ਬਿਨਾਂ ਉਚਾਰੀ ਜਾਵੇਗੀ।
(3). ਅੰਤ ਬਿਹਾਰੀ ਵਾਲੇ ਬਹੁ ਵਚਨ ਇਸਤ੍ਰੀ ਲਿੰਗ ਸ਼ਬਦਾਂ ਉਪਰੰਤ ਕੋਈ ਸਬੰਧਕੀ (ਜਾਂ ਕਾਰਕੀ) ਹੋਵੇ ਜਾਂ ਨਾ ਹੋਵੇ ਉਚਾਰਨ ਬਿੰਦੀ ਸਮੇਤ ਹੀ ਹੋਵੇਗਾ।
——–ਚਲਦਾ ———–
Nice
Nice
Comments are closed.