ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
-ਰਮੇਸ਼ ਬੱਗਾ ਚੋਹਲਾ ਡਬਲ ਐਮ. ਏ, ਐਮ. ਐਡ. 1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719
ਰਿਸ਼ੀ ਮੁਨੀ ਕਈ ਮੰਨਦੇ ਰਹੇ, ਬੁਰਿਆਈ ਔਰਤ ਨੂੰ।
ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
ਕਿਸੇ ਕਿਹਾ ਬਘਿਆੜੀ ਇਸ ਨੂੰ, ਕਿਸੇ ਨੇ ਜੁੱਤੀ ਪੈਰਾਂ ਦੀ,
ਇਸ ਦੇ ਹੱਕ ਵਿਚ ਕਲਮ ਕਦੇ ਨਾ, ਭੁਗਤੀ ਸ਼ਾਇਰਾਂ ਦੀ,
ਬਖਸ਼ੀ ਨਹੀਂ ਵਿਦਵਾਨਾਂ ਨੇ, ਚੰਗਿਆਈ ਔਰਤ ਨੂੰ।
ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
ਸਮਝਦੇ ਕਈ ਖਿਡੌਣਾ ਇਸ ਨੂੰ, ਮਨ ਪ੍ਰਚਾਵੇ ਦਾ,
ਲੈਂਦੇ ਸੀ ਕਈ ਕੰਮ ਇਸ ਤੋਂ, ਲੋਕ ਦਿਖਾਵੇ ਦਾ,
ਠੱਗਿਆ ਕਈ ਚਲਾਕਾਂ ਨਾਲ, ਚਤਰਾਈ ਔਰਤ ਨੂੰ।
ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
ਇਸ ਦੀ ਕੁੱਖ ’ਚੋਂ ਜਨਮ ਲਿਆ, ਰਾਜੇ ਮਹਾਂ ਰਾਜਿਆਂ ਨੇ,
ਫਿਰ ਵੀ ਲਿਹਾਜ਼ ਨਾ ਕੀਤਾ, ਇਸ ਦਾ ਬੇਲਿਹਾਜ਼ਿਆਂ ਨੇ,
ਨਫ਼ਰਤ ਕਰਦੀ ਰਹੀ ਹੈ, ਕੁੱਝ ਲੁਕਾਈ ਔਰਤ ਨੂੰ।
ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
ਬੀਰ, ਬਹਾਦਰ ਆਪਣੀ ਗੋਦ ਖਿਡਾਏ ਔਰਤ ਨੇ,
ਬੰਦੇ ਤਾਈਂ ਜਿਉਣ ਦੇ ਵੱਲ, ਸਿਖਾਏ ਔਰਤ ਨੇ,
ਮਿਲਦੀ ਫਿਰ ਵੀ ਇੱਜ਼ਤ ਨਾ, ਮਨ ਚਾਹੀ ਔਰਤ ਨੂੰ।
ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
ਘਰ ਪਰਿਵਾਰ ਦਾ ਭਲਾ ਹਮੇਸ਼ਾਂ, ਚਾਹਿਆ ਔਰਤ ਨੇ,
ਭੁੱਖੀ ਰਹਿ ਕੇ ਟੱਬਰ ਤਾਈਂ, ਰਜਾਇਆ ਔਰਤ ਨੇ,
ਅਕਾਲ ਪੁਰਖ ਨੇ ਭੇਜਿਆ, ਕਰਨ ਭਲਾਈ ਔਰਤ ਨੂੰ।
ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
ਬਹੁਤੇ ਵਲ-ਛਲ ਕਰਨੇ ਨਹੀਂ ਹਨ, ਆਉਂਦੇ ਔਰਤ ਨੂੰ,
ਦਗੇਬਾਜ਼ ਫ਼ਰੇਬੀ ਕਦੇ ਨਹੀਂ, ਜੇ ਭਾਉਂਦੇ ਔਰਤ ਨੂੰ,
ਚੰਗੀ ਲੱਗਦੀ ਹੁੰਦੀ, ਸਿਰਫ਼ ਸਚਾਈ ਔਰਤ ਨੂੰ।
ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
ਕਿਹਾ ਬਾਬੇ ਨੇ ਮੰਦੇ ਬੋਲ ਨਾ, ਬੋਲੋ ਇਨ੍ਹਾਂ ਨੂੰ,
ਢੋਰ ਗਵਾਰਾਂ ਨਾਲ ਕਦੇ ਨਾ, ਤੋਲੋ ਇਨ੍ਹਾਂ ਨੂੰ,
ਮਾਂ ਭੈਣ ਜਿਹੀ ਜਾਣੋ, ਦੇਖ ਪਰਾਈ ਔਰਤ ਨੂੰ।
ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
ਜਿਸ ਘਰ ਦੇ ਵਿਚ ਔਰਤ ਦਾ ਸਤਿਕਾਰ ਨਹੀਂ ਹੁੰਦਾ,
‘ਬੱਗਾ’ ਕਹਿੰਦਾ ਉਸ ਘਰ ਦੇ ਵਿਚ ਪਿਆਰ ਨਹੀਂ ਹੁੰਦਾ,
‘ਚੋਹਲੇ’ ਵਾਲਾ ਜਾਵੇ, ਸੀਸ ਝੁਕਾਈ ਔਰਤ ਨੂੰ।
ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।
—-0—-