ਗੁਰਬਾਣੀ ਦਾ ਸ਼ੁੱਧ ਉਚਾਰਨ
ਪ੍ਰਿੰਸੀਪਲ ਸਤਿਨਾਮ ਸਿੰਘ (ਚੰਡੀਗੜ)
ਪ੍ਰਿੰਸੀਪਲ ਹਰਿਭਜਨ ਸਿੰਘ ਨੇ ਆਪਣੀ ਸਾਰੀ ਹਯਾਤੀ ਪੂਰੀ ਤਨ ਦੇਹੀ ਨਾਲ ਇਸ ’ਤੇ ਜ਼ੋਰ ਦਿੱਤਾ ਕਿ ਗੁਰਬਾਣੀ ਦੀ ਸਹੀ ਤੇ ਗੁਰੂ ਆਸ਼ੇ ਅਨੁਸਾਰ ਵਿਆਖਿਆ ਤਾਂ ਹੀ ਸੰਭਵ ਹੈ ਜੇਕਰ ਸ਼ਬਦ ਦਾ ਉਚਾਰਨ ਸ਼ੁੱਧ ਤੇ ਅਰਥਾਂ ਅਨੁਸਾਰੀ ਹੋਵੇ। ਉਹਨਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵੀ ਲਗ, ਕੰਨਾ, ਮਾਤਰਾ, ਬਿੰਦੀ, ਟਿੱਪੀ, ਆਦਿ ਦਾ ਵਾਧਾ ਘਾਟਾ ਨਾ ਹੀ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸੰਭਵ ਹੈ। ਉਨ੍ਹਾਂ ਦੀ ਵੀਚਾਰ ਦਾ ਮਕਸਦ (ਮੰਤਵ) ਕੇਵਲ ਤੇ ਕੇਵਲ ਸਤਿਗੁਰਾਂ ਵੱਲੋਂ ਸੰਪਾਦਨ ਸਮੇਂ ਪੋਥੀ ਜੀ (ਆਦਿ ਸ੍ਰੀ ਗ੍ਰੰਥ ਜੀ) ਵਿੱਚ ਦਿੱਤੀਆਂ ਸੇਧਾਂ, ਗੁਰਬਾਣੀ ਅਰਥਾਂ, ਪੰਜਾਬੀ ਲਿਪੀ ਤੇ ਬੋਲੀ ਵਿੱਚ ਸਮੇਂ-ਸਮੇਂ ਹੋਏ ਸੁਧਾਰਾਂ ਤੇ ਵਾਧੇ ਦੇ ਅਧਾਰ ’ਤੇ ਸਤਿਗੁਰ ਆਸ਼ੇ ਅਧੀਨ ਗੁਰਬਾਣੀ ਦੇ ਅਰਥ ਭਾਵ ਅਨੁਸਾਰੀ ਸ਼ੁੱਧ ਉਚਾਰਨ ਤੋਂ ਹੀ ਹੈ। ਗੁਰਬਾਣੀ ਦਾ ਅਸ਼ੁੱਧ ਪਾਠ ਕਰਨਾ ਗੁਰਬਾਣੀ ਦੀ ਘੋਰ ਬੇਅਦਬੀ ਤੇ ਵੱਡਾ ਪਾਪ ਹੈ। ਆਪ ਜੀ ਅਨੁਸਾਰ ਸ਼ੁੱਧ ਪਾਠ ਬਿਨਾਂ ਅਰਥ ਸ਼ੁੱਧ ਨਹੀਂ ਹੋ ਸਕਦੇ ਤੇ ਸ਼ੁੱਧ ਅਰਥਾਂ ਬਿਨਾਂ ਨਿਰਮਲ ਗਿਆਨ ਨਹੀਂ ਮਿਲ ਸਕਦਾ ਅਤੇ ਜੇਕਰ ਅਰਥਾਂ ਅਨੁਸਾਰੀ ਪਾਠ ਨਾ ਕਰੀਏ ਤਾਂ ਅਰਥਾਂ ਦਾ ਅਨਰਥ ਹੋ ਜਾਂਦਾ ਹੈ, ਜਿਵੇਂ ਮੋਰੀ ਦਾ ਅਰਥ ਨਾਲੀ ਹੈ ਤੇ ਮੋਰੀਂ ਦਾ ਮੋਰਾਂ ਨੇ । ਗੁਰਵਾਕ ‘‘ਮੋਰੀ ਰੁਣ ਝੁਣ ਲਾਇਆ, ਭੈਣੇ ! ਸਾਵਣੁ ਆਇਆ ॥’’ (ਮ: ੧/੫੫੭) ਤੁਕ ਵਿੱਚ ‘ਮੋਰੀ’ ਦਾ ਅਰਥ ਹੈ: ‘ਮੋਰਾਂ ਨੇ’ ਰੁਣ ਝੁਣ ਲਾਇਆ। ਸੋ, ਪਾਠ ‘ਮੋਰੀਂ’ ਦਰੁਸਤ ਹੋਵੇਗਾ।
ਆਪ ਜੀ ਸ਼ੁੱਧ ਉਚਾਰਨ ਦੀ ਵਿਆਖਿਆ ਕਰਦੇ ਲਿਖਦੇ ਹਨ ਕਿ ਇਸ ਸੱਚ ਨੂੰ ਸਭ ਸਵੀਕਾਰਦੇ ਹਨ ਕਿ ਦਸ ਗੁਰੂ ਸਾਹਿਬਾਨ ਇੱਕ ਜੋਤ ਤੇ ਇੱਕ ਜੁਗਤ ਹੋ ਵਿਚਰੇ ਹਨ। ਉਨ੍ਹਾਂ ਵੱਲੋਂ ਕਿਸੇ ਜਾਮੇ ਵਿੱਚ ਕੀਤੇ ਕੌਤਕ ਤੇ ਪ੍ਰਗਟਾਏ ਸਿਧਾਂਤ, ਇੱਕ ਸਮਾਨ, ਸਾਰੇ ਗੁਰੂ-ਵਿਅਕਤੀਆਂ ਦੇ ਸਮਝਣ ਯੋਗ ਹਨ। ਜੇ ਗੁਰਬਾਣੀ ਵਿੱਚ ਅੱਧਕ, ਬਿੰਦੀ ਤੇ ਪੈਰ ਬਿੰਦੀ ਉਚਾਰਨ ਕਰਨੇ ਵਰਜਿਤ ਹੁੰਦੇ, ਤਾਂ ਗੁਰੂ ਨਾਨਕ ਜੋਤ ਗੁਰੂ ਅਰਜਨ ਦੇਵ ਜੀ ਤੇ ਦਸਮੇਸ਼ ਪਿਤਾ ਜੀ ਕਦਾਚਿਤ ਇਨ੍ਹਾਂ ਦੀ ਵਰਤੋਂ ਨਾ ਕਰਦੇ।
ਗੁਰਬਾਣੀ ਦੀ ਤੁੱਕ ‘‘ਅਖਰ ਲਿਖੇ ਸੇਈ ਗਾਵਾ, ਅਵਰ ਨ ਜਾਣਾ ਬਾਣੀ ॥’’ (ਮ: ੧/੧੧੭੧) ਵਾਕ ਦੇ ਗ਼ਲਤ ਤੇ ਮਨ ਮਰਜ਼ੀ ਦੇ ਅਰਥ ਕਰ ਜੋ ਲਿਖਿਆ ਹੈ ਤਿਵੇਂ ਪੜ੍ਹਨ ਵਾਲਿਆਂ ਨੂੰ ਪੁਸਤਕ ‘ਜੁਆਬ-ਉਲ-ਜੁਆਬ’ ਵਿੱਚ ਬੜੀ ਹੀ ਖੋਜ ਭਰਪੂਰ ਯੁਕਤੀ ਤੇ ਬਾਰੀਕੀ ਨਾਲ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਨੇ ਇਤਿਹਾਸ ਦੀ ਲੋਅ ਅਤੇ ਗੁਰਬਾਣੀ ਦੀ ਅਮੁਕ ਰੌਸ਼ਨੀ ਵਿੱਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਵਿਆਖਿਆ ਤੇ ਅਮੋਲਕ ਵਿਚਾਰ ਦਿੱਤੇ ਹਨ। ਉਹਨਾਂ ਦਾ ਮੰਤਵ ਕਦੀ ਵੀ ਕਿਸੇ ਨੂੰ ਨਿਰ-ਉੱਤਰ ਕਰਨ ਤੋਂ ਨਹੀਂ ਸੀ ਹੁੰਦਾ, ਭਾਵ ਸਿਰਫ ਪਏ ਭੁਲੇਖਿਆਂ ਨੂੰ ਹੀ ਦੂਰ ਕਰਨਾ ਹੁੰਦਾ ਸੀ।
ਹਰੇਕ ਸ਼ਬਦ ਜਿਵੇਂ ਲਿਖਿਆ ਦਿਸਦਾ ਹੈ, ਉਸ ਦਾ ਐਨ ਤਿਵੇਂ ਪਾਠ ਕਰਨ ਦੇ ਹਾਮੀ ਸੱਜਣ ਵੀ ਅਜਿਹਾ ਨਹੀਂ ਕਰਦੇ, ਜਾਂ ਨਹੀਂ ਕਰ ਸਕਦੇ। ਉਹ ਕਿਸੇ ਅੱਖਰ ਨਾਲ ਕੋਲੋਂ ਮਾਤਰਾਵਾਂ ਲਗਾ ਲੈਂਦੇ ਹਨ ਤੇ ਕਿਸੇ ਨੂੰ ਹੱਠ ਅਧੀਨ ਛੱਡ ਦੇਂਦੇ ਹਨ। ਪਵਿੱਤਰ ਬੀੜ ਜੀ ਵਿੱਚ ਸ਼ਬਦ ਮਹਲਾ, ਮਹਲੁ ਅਤੇ ਮ: ਅੰਕਿਤ ਹਨ ਅਤੇ ਨਾਲ ੧..੨..੩..੪..੫..੯ ਦੇ ਅੰਕ ਵੀ ਹਨ, ਪ੍ਰੰਤੂ ਇਹ ਸੱਜਣ ਇਸ ਨੂੰ ਉਚੇਚੇ ਤੌਰ ਉੱਤੇ ਅੱਧਕ ਲਗਾ ਕੇ ਮਹਲਾ ਨੂੰ ਮਹੱਲਾ, ਮਹਲੁ ਨੂੰ ਮਹੱਲ ਅਤੇ ਮ: ਨੂੰ ਮਹੱਲਾ ਉਚਾਰਦੇ ਹਨ ਅਤੇ ੧, ੨, ੩… ਆਦਿ ਨੂੰ ਗੁਰੂ ਆਸ਼ੇ ਅਨੁਸਾਰੀ ਪਹਿਲਾ, ਦੂਜਾ, ਤੀਜਾ…..ਉਚਾਰਦੇ ਹਨ । ਐਸਾ ਕਿਉਂ ? ਉਪ੍ਰੰਤ, ਇਸ ਨਾਲ ਅੰਕ ੫..੯..ਵੀ ਲਿਖਿਆ ਗਿਆ ਹੈ, ਜਿਵੇਂ- ਗਉੜੀ ਸੁਖਮਨੀ ਮ:੫। ਇਸ ਅੰਕ ੫ ਨੂੰ ਪਾਠੀ ਪਜਵਾ, ਪੰਜਵਾ ਜਾਂ ਪੰਜਵਾਂ ਤੇ ਅੰਕ ੯ ਨੂੰ ਨੋਵਾ, ਨੌਵਾ ਜਾਂ ਨਾਵਾਂ ਕਰ ਕੇ ਹੀ ਉਚਾਰਦੇ ਹਨ ਕਿਉਂਕਿ ਮਹਲਿਆਂ ਨਾਲ ਲੱਗੇ ਇਹ ੧..੨..੩..੪..੫ ਤੇ ੯ ਅੰਕ ਸੰਖਿਅਕ ਵਿਸ਼ੇਸ਼ਣ ਹਨ ।
ਐਸੇ ਸੱਜਣ ਮਹਲਾ ੧..੨..੩..੪ ਨੂੰ ਪਹਿਲਾ, ਦੂਜਾ, ਤੀਜਾ, ਚਉਥਾ ਉਚਾਰਨ ਦੀ ਖੁਲ੍ਹ ਤਾਂ ਲੈ ਲੈਂਦੇ ਹਨ, ਪ੍ਰੰਤੂ, ੫ ਤੇ ੯ ਦਾ ਦਰੁਸਤ ਉਚਾਰਨ, ਬਿੰਦੀ ਲਾ ਕੇ ਪੰਜਵਾਂ ਜਾਂ ਨਾਵਾਂ ਨਹੀਂ ਉਚਾਰਦੇ, ਬਲਕਿ ਪਜਵਾ ਤੇ ਨੋਵਾ ਉਚਾਰਦੇ ਹਨ। ਅਜੇਹੀ ਬੇਨਿਯਮੀ ਤੇ ਮਨਮਰਜ਼ੀ, ਮਨਮੱਤ ਹੈ ਜਾਂ ਗੁਰਮੱਤ ?
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜ ਪ੍ਰਕਾਰ ਦੇ ਮੰਗਲ 567/568 ਵਾਰ ਰਾਗਾਂ ਦੇ ਸਿਰਲੇਖਾਂ ਦੇ ਆਦਿ ਵਿੱਚ ਆਏ ਹਨ। ਪਵਿੱਤਰ ਬੀੜ ਵਿਚ ਕੁਝ ਕੁ ਥਾਈਂ ਸਪਸ਼ਟ ਤੌਰ ਉੱਤੇ ਇਹ ਸੰਕੇਤ ਦਿੱਤਾ ਗਿਆ ਹੈ ਕਿ ਮਹਲੇ ਨਾਲ ਆਏ ਅੰਕਾਂ ਦਾ ਉਚਾਰਨ ਪਹਿਲਾ, ਦੂਜਾ, ਤੀਜਾ ਆਦਿ ਕਰਨਾ ਹੈ । ਕੁਝ ਕੁ ਉਦਾਹਰਨਾਂ ਹਾਜ਼ਰ ਹਨ :
(ੳ) ਰਾਗੁ ਸਿਰੀ ਰਾਗੁ, ਮਹਲਾ ਪਹਿਲਾ ੧ ਘਰ ੧ (ਪੰਨਾ ੧੩)
(ਅ) ਸੋਰਠਿ ਮਹਲਾ ੧ ਪਹਿਲਾ ਦੁਤੁਕੀ (ਪੰਨਾ ੬੩੬)
(ੲ) ਗੁਜਰੀ ਮਹਲਾ ੩ ਤੀਜਾ (ਪੰਨਾ ੩੯੨)
(ਸ) ਵਡਹੰਸੁ ਮਹਲਾ ੩ ਮਹਲਾ ਤੀਜਾ । (ਪੰਨਾ ੫੮੨)
(ਹ) ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ। (ਪੰਨਾ ੧੬੩)
ਜਿਵੇਂ ਉਪ੍ਰੋਕਤ ਸੰਕੇਤ ਨੂੰ ਮੁੱਖ ਰੱਖ ਕੇ ਸਮੂਹ ਵਿਦਵਾਨ, ਪਾਠੀ-ਸੱਜਣ ਸਿਰਲੇਖਾਂ ਵਿਚ ਲਿਖੇ ਅੰਕਾਂ ਨੂੰ ੧, ੨, ੩ ਦੀ ਥਾਂ ਪਹਿਲਾ, ਦੂਜਾ, ਤੀਜਾ ਕਰਕੇ ਉਚਾਰਨਾਂ ਦਰੁਸਤ ਸਮਝਦੇ ਹਨ, ਐਨ ਏਵੇਂ ਹੀ ਪਾਵਨ ਬੀੜ ਵਿੱਚ ਕੋਈ 1813 ਥਾਈਂ ਬਿੰਦੀ ਦੀ ਵਰਤੋਂ ਕਰ ਕੇ ਸਤਿਗੁਰਾਂ ਵੱਲੋਂ ਇਹ ਸੰਕੇਤ ਦੇ ਦਿੱਤਾ ਗਿਆ ਹੈ ਕਿ ਹੋਰ ਥਾਂ ਵੀ, ਜਿੱਥੇ ਬਿੰਦੀ ਲਾਇਆਂ ਉਚਾਰਨ ਸ਼ੁੱਧ ਤੇ ਭਾਵ ਸਪਸ਼ਟ ਹੁੰਦਾ ਹੋਵੇ, ਓਥੇ ਇਸ ਦੀ ਵਰਤੋਂ ਕਰਨੀ ਚੰਗਾ ਹੈ ਅਥਵਾ ਵਰਜਿਤ ਨਹੀਂ। ਕਈ ਵਾਰ ਇੱਕੋ ਸ਼ਬਦ ਵਿੱਚ ਇੱਕ ਅੱਖਰ ਨਾਲ ਬਿੰਦੀ ਲੱਗੀ ਹੈ ਤੇ ਦੂਜੇ ਨਾਲ ਨਹੀਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ (ਪਵਿੱਤਰ) ਬੀੜ ਵਿੱਚ ਪੰਜਾਬੀ ਤੋਂ ਛੁੱਟ, ਫ਼ਾਰਸੀ, ਅਰਬੀ, ਹਿੰਦੀ, ਸੰਸਕ੍ਰਿਤ ਆਦਿ ਘੱਟ ਤੋਂ ਘੱਟ ਬਾਰ੍ਹਾਂ (12) ਬੋਲੀਆਂ ਦੇ ਸ਼ਬਦਾਂ ਦੀ ਵੀ ਭਰਮਾਰ ਹੈ। ਗੁਰਬਾਣੀ ਦੇ ਭਾਵਾਂ ਨੂੰ ਨਿਖੇੜਨ ਅਤੇ ਸਮਝਣ ਲਈ ਇਸ ਦੇ ਆਪਣੇ ਲਿਖਣ-ਨੇਮ ਹਨ ਅਤੇ ਆਪਣਾ ਵਿਆਕਰਨ। ਵਿਆਕਰਨ ਦਾ ਸੰਬੰਧ ਇਸ ਦੇ ‘ਵਰਣਾਤਮਕ ਰੂਪ’ (ਉਚਾਰਨਕ ਰੂਪ) ਨਾਲ ਹੈ; ਪ੍ਰੰਤੂ, ਬਾਣੀ ਦੇ ‘ਭਾਵਾਤਮਕ’ ਪੱਖ ਦਾ ਸੰਬੰਧ ਇਸ ਦੀ ਅਧਿਆਤਮਿਕ ਡੂੰਘਾਈ, ਅਗਾਧਤਾ, ਅਰਸ਼ੀ ਵਲਵਲੇ, ਪ੍ਰਭੂ ਗਿਆਨ ਤੇ ਰੱਬੀ ਇੱਕ-ਸੁਰਤਾ ਨਾਲ ਹੈ। ਸੋ, ਗੁਰਬਾਣੀ ਦੀ ਸਹੀ ਵਿਚਾਰ ਹੀ, ਇਸ ਦਾ ਆਧਾਰ, ਬੋਲੀ ਦੀ ਸੂਝ ਤੇ ਸਹੀ ਉਚਾਰਨ ਹੈ, ਜਗਿਆਸੂ ਨੂੰ ਪ੍ਰਭੂ-ਲੀਨਤਾ ਦੀ ਉਨਮਨ ਅਵਸਥਾ ਤਕ ਪਹੁੰਚਾ ਸਕਣ ਦੀ ਜ਼ਾਮਨ ਹੈ। ਸ੍ਰੀ ਜਪੁ ਸਾਹਿਬ ਦੇ ਅੰਤ ਵਿੱਚ ‘ਪਵਣ ਗੁਰੂ ਪਾਣੀ ਪਿਤਾ’ ਸਲੋਕ ਦਰਜ ਹੈ। ਇਸ ਵਿਚ ਪੰਜਵੀਂ ਤੁਕ ਹੈ :
ਜਿਨੀ ਨਾਮ ਧਿਆਇਆ, ਗਏ ਮਸਕਤਿ ਘਾਲਿ॥
ਇਸ ਤੁਕ ਵਿੱਚ ਆਇਆ ਪਦ ‘ਮਸਕਤਿ’ ਵਾਸਤਵ ਵਿੱਚ ਫ਼ਾਰਸੀ ਦਾ ਸ਼ਬਦ ‘ਮਸ਼ੱਕਤ’ ਹੈ ਅਤੇ ਇਸ ਦਾ ਸਹੀ ਉਚਾਰਨ ‘ਸ਼’ ਉੱਪਰ ਅੱਧਕ ਲਾ ਕੇ ਹੀ ਕੀਤਾ ਜਾ ਸਕਦਾ ਹੈ। ਹਾਂ, ‘ਮਸਕਤ’ ਸ਼ਬਦ ਅਰਬੀ ਜ਼ਬਾਨ ਵਿੱਚ ਜ਼ਰੂਰ ਆਉਂਦਾ ਹੈ, ਜਿੱਥੇ ਇਸ ਦੇ ਅਰਥ ਹਨ : ‘ਗਿਰਨੇ ਕੀ ਜਗਹ’,। ਇਸ ਤੋਂ ਅਰਬੀ ਦਾ ਸ਼ਬਦ ‘ਮਸਕਤ-ਅਲਰਾਸ’ ਬਣਿਆ ਹੈ, ਜਿਸ ਦੇ ਅਰਥ ਹਨ : ਜਾਏ ਪੈਦਾਇਸ਼, ਜਨਮ-ਭੂਮੀ, ਸਿਰ ਦੇ ਡਿੱਗਣ ਦੀ ਥਾਂ ਕਿਉਂਕਿ, ਬੱਚੇ ਦੇ ਪੈਦਾ ਹੋਣ ਸਮੇਂ ਉਸ ਦਾ ਸਿਰ ਪਹਿਲਾਂ ਹੇਠਾਂ ਧਰਤੀ ਉੱਤੇ ਆਉਂਦਾ ਹੈ, ਇਸ ਲਈ ਇਹ ਸ਼ਬਦ ਵਿਸ਼ੇਸ਼ ਕਰਕੇ ਜਨਮ-ਭੂਮੀ ਜਾਂ ਆਪਣੇ ਵਤਨ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ ।
ਗੁਰਬਾਣੀ ਵਿਚ ਆਇਆ ‘ਮਸਕਤਿ’ ਪਦ ਕਿਸੇ ਤਰ੍ਹਾਂ ਵੀ ਅਰਬੀ ਸ਼ਬਦ ‘ਮਸਕਤ’ ਨਾਲ ਸੰਬੰਧਤ ਨਹੀਂ, ਨਾ ਹੀ ਇਹ ਉਸ ਦਾ ਵਿਗੜਿਆ ਰੂਪ ਹੈ ਅਤੇ ਨਾ ਹੀ ਉਪਰੋਕਤ ਅਰਥ ਏਥੇ, ਕਿਸੇ ਤਰ੍ਹਾਂ ਵੀ ਢੁੱਕਦੇ ਹਨ। ਜਪੁ ਜੀ ਦੇ ਇਸ ਸਲੋਕ ਵਿੱਚ ਆਏ ‘ਮਸਕਤਿ’ ਪਦ ਦਾ ਸਹੀ ਤੇ ਇੱਕੋ ਇੱਕ ਉਚਾਰਨ ਹੈ, ਮਸ਼ੱਕਤ; ਅਤੇ ਇਸ ਦੇ ਅਰਥ ਹਨ – ਘਾਲਿ, ਕਮਾਈ । ਚਲੋ ਜੇਕਰ ਇਹ ਮੰਨ ਲਿਆ ਜਾਵੇ ਕਿ ਅਸੀਂ ਇਥੇ ‘ਸ਼’ ਦਾ ਉਚਾਰਨ ਨਹੀਂ ਕਰਨਾ ਤੇ ਪਾਸੋਂ ਕੋਈ ਲਗ ਮਾਤਰ ਆਦਿ ਨਹੀਂ ਲਗਾਉਣੀ ਤਾਂ ਮਸਕਤਿ ਦਾ ਉਚਾਰਨ ਬਣੇਗਾ ਮਸਕਤ ਯਾਨੀ ਮਸ ਕਤ ਜਾਂ ਮ-ਸਕਤ, ਏਹ ਜੋ ਅਸੀਂ ਉਚਾਰਨ ਕਰਦੇ ਹਾਂ ਉਹ ‘ਸ’ ਉੱਪਰ ਅੱਧਕ ਲਗਾ ਕੇ ਹੀ ਮਸੱਕਤ ਬਣਦਾ ਹੈ। ਮਜ਼ੇਦਾਰ ਤਰਕ ਹੈ ਮਨਮਰਜ਼ੀ ਨਾਲ ਅੱਧਕ ਤਾਂ ਪਾਸੋਂ ਲਗਾ ਲੈਂਦੇ ਹਾਂ ਪਰ ਸ਼ੁੱਧ ਉਚਾਰਨ ਹਿੱਤ ‘ਸ਼’ ਦਾ ਉਚਾਰਨ ਕਰਕੇ ਸ਼ੁੱਧ ਉਚਾਰਨ ਮਸ਼ੱਕਤ ਨਹੀਂ ਕਰਨਾ ਚਾਹੁੰਦੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਾਰ ਸੂਹੀ, ਪੰਨਾ ੭੮੮ ਵਿਚ ਆਈ ਇਸ ਤੁਕ ਤੋਂ ਇਸ ਪਦ ਦੀ ਵਰਤੋਂ ਤੇ ਅਰਥ, ਹੋਰ ਵੀ ਸਪਸ਼ਟ ਹੋ ਜਾਂਦੇ ਹਨ :
‘‘ਮਸਕਤਿ ਲਹਹੁ ਮਜੂਰੀਆ; ਮੰਗਿ ਮੰਗਿ ਖਸਮ ਦਰਾਹੁ ॥’’ (ਮ: ੧/੭੮੮)
ਇਸ ਤੁਕ ਦਾ ਸ਼ੁੱਧ ਉਚਾਰਨ ਹੋਵੇਗਾ :
ਮਸ਼ੱਕਤ ਲਹੋ ਮਜ਼ੂਰੀਆਂ, ਮੰਗ ਮੰਗ ਖਸਮ ਦਰਾਹੁਂ॥
ਇੱਥੇ ‘ਮਸ਼ੱਕਤਿ’ ਨਾਂਵ ਹੈ। ਇਸ ਦੇ ‘ਤ’ ਨਾਲ ਸਿਹਾਰੀ ਹੈ। ਇਸ ਲਈ, ਇਹ ‘ਕਰਣ ਕਾਰਕ’ ਵਿਚ ਹੋਣ ਕਰਕੇ ਅਰਥ ਹੋਏ: ‘ਹੇ ਨਾਨਕ, ਖਸਮ (ਵਾਹਿਗੁਰੂ) ਦੇ ਦਰ ਤੋਂ ਮਿਹਨਤ ਵਾਲੀ ਕਮਾਈ ਦੁਆਰਾ, ਮੰਗ ਮੰਗ ਕੇ, ਮਜ਼ੂਰੀਆਂ (ਮਿਹਨਤਾਨਾ) ਲਈ ਦੀਆਂ ਹਨ ।’
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਇਸ ਪਦ ਦੀ ਵਰਤੋਂ ਉਪਰੋਕਤ ਅਰਥਾਂ ਵਿਚ ਹੀ ਕੀਤੀ ਹੈ :
ਸਾਧੂ ਸੰਗੁ ਮਸਕਤੇ; ਤੂਠੈ ਪਾਵਾ ਦੇਵ ! ॥ (ਮ: ੫/੪੪)
ਅਰਥ : ਮੈਂ, ਸਾਧ ਸੰਗਤ ਅਤੇ ਉਸ ਵਿਚ ਸੇਵਾ ਘਾਲਣ ਦੀ ਦਾਤ, ਹੇ ਪ੍ਰਕਾਸ਼ਮਾਨ ਵਾਹਿਗੁਰੂ ! ਤੇਰੀ ਮਿਹਰ ਨਾਲ ਹੀ ਪਾ ਸਕਦਾ ਹਾਂ।
ਡਾਕਟਰ ਇਕਬਾਲ ਨੇ ਵੀ ਇਸ ਪਦ ਦੀ ਵਰਤੋਂ, ਇਹਨਾਂ ਅਰਥਾਂ ਵਿਚ ਹੀ ਇਉਂ ਕੀਤੀ ਹੈ :
ਨਾਮੀ ਕੋਈ ਬਗੈਰ ਮਸ਼ੱਕਤ ਨਹੀਂ ਹੂਆ ।
ਸੌ ਬਾਰ ਜਬ ਅਕੀਕ (ਹੀਰਾ) ਕਟਾ, ਤੋਂ ਨਗੀਂ ਹੂਆ ।
ਉਪ੍ਰੋਕਤ ਸੰਖੇਪ ਜਿਹੀ ਵਿਆਖਿਆ ਉਪਰੰਤ ਕਿਸੇ ਪ੍ਰਕਾਰ ਦਾ ਸੰਸਾ ਨਹੀਂ ਰਹਿ ਜਾਂਦਾ ਕਿ ‘ਮਸਕਤਿ’ ਦਾ ਸ਼ੁੱਧ ਉਚਾਰਨ ਕੇਵਲ ‘ਮਸ਼ੱਕਤ’ ਹੈ ਅਤੇ ਇਸ ਦੇ ਅਰਥ ਹਨ : ਘਾਲ ਘਾਲਣਾ, ਕਰੜੀ ਕਮਾਈ, ਮਿਹਨਤ ।
ਗੁਰੂ ਅਰਜਨ ਦੇਵ ਜੀ ਪਾਸੋਂ, ਆਦਿ ਬੀੜ ਦੀ ਸੰਕਲਨਤਾ ਤੋਂ ਬਾਅਦ ਬਿੰਦੀਆਂ ਆਦਿ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਫੁਰਮਾਇਆ:-
‘ਇਸ ਸਰੂਪ ਵਿੱਚ ਹੁਣ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ ।
ਜੋ ਸਿੱਖ ਵਿਚਾਰ ਕੇ ਧਿਆਨ ਨਾਲ ਪੜ੍ਹਨਗੇ, ਉਹ ਬਿੰਦੀ ਸਹਿਤ ਸ਼ੁਧ ਪਾਠ ਕਰਨਗੇ ।’
ਮਹਲਾ ਉਚਾਰਨ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਮਹਲਾ’ ਸ਼ਬਦ ਚਹੁੰ ਅਰਥਾਂ ਵਿੱਚ ਵਰਤਿਆ ਗਿਆ ਹੈ ਜਿਸ ਦੀ ਵਿਆਖਿਆ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਇਉਂ ਕਰਦੇ ਹਨ :
(1) ਮਹਲ-ਇਸਤ੍ਰੀ
ਮਹਲ ਕੁਚਜੀ ਮੜਵੜੀ; ਕਾਲੀ ਮਨਹੁ ਕਸੁਧ ॥ (ਮਹਲਾ ੧, ਮਾਰੂ, ਪੰਨਾ ੧0੮੮)
(2) ਮਹਲੁ-ਘਰ, ਟਿਕਾਣਾ, ਨਿਵਾਸ-ਅਸਥਾਨ, ਉਹ ਅਵਸਥਾ ਜਿੱਥੋਂ ਅਕਾਲ ਪੁਰਖ ਸਾਖਿਆਤ ਹੋ ਜਾਂਦਾ ਹੈ ।
(ੳ) ਖੋਜਤ ਖੋਜਤ ਦੁਆਰੇ ਆਇਆ॥
ਤਾ ਨਾਨਕ ਜੋਗੀ ‘ਮਹਲੁ’ ਘਰੁ ਪਾਇਆ॥ (ਰਾਮਕਲੀ, ਮਹਲਾ ੫, ਪੰਨਾ ੯੯੬)
(ਅ) ਖੋਲਿ ਕਿਵਾਰਾ ਮਹਲਿ ਬੁਲਾਇਆ॥ (ਰਾਮਕਲੀ, ਮਹਲਾ ੫, ਪੰ ੮੮੭)
ਅਰਥ ਹਨ ‘ਮਹਲਿ’ – ਮਹਲ ਵਿੱਚ
(ੲ) ਗੁਰ ਪ੍ਰਸਾਦਿ, ਕੋ ਇਹੁ ਮਹਲੁ ਪਾਵੈ॥ (ਰਾਮਕਲੀ, ਮਹਲਾ ੫, ਪੰਨਾ ੮੮੯)
(3) ਮਹਲ, ਮਹਲਾ : ਵੱਡੀਆਂ ਵੱਡੀਆਂ ਇਮਾਰਤਾਂ, ਪੱਕੇ ਘਰ
(ੳ) ਦਾਤਾ ਦਾਨੁ ਕਰੇ, ਤਹ ਨਾਹੀ, ‘ਮਹਲ’ ਉਸਾਰਿ ਨ ਬੈਠਾ॥ (ਰਾਮਕਲੀ, ਪੰਨਾ ੭0੨)
(ਅ) ਗੜ ਮੰਦਰ ਮਹਲਾ ਕਹਾ ? ਜਿਉ ਬਾਜੀ ਦੀਬਾਣੁ॥ (ਦਖਣੀ ਓਅੰਕਾਰ, ਮਹਲਾ ੧ , ਪੰਨਾ ੯੩0)
(4) ਮਹਲਾ – ਕਾਇਆਂ
ਓਹੁ ਅਬਿਨਾਸੀ ਰਾਇਆ॥ ਨਿਰਭਉ ਸੰਗਿ ਤੁਮਾਰੈ, ਬਸਤੇ; ਇਹੁ ਡਰਨੁ ਕਹਾ ਤੇ ਆਇਆ ?॥੧॥ ਰਹਾਉ।।
ਏਕ ਮਹਲਿ ਤੂੰ ਹੋਹਿ ਅਫਾਰੋ; ਏਕ ਮਹਲਿ ਨਿਮਾਨੋ॥
ਏਕ ਮਹਲਿ ਤੂੰ ਆਪੇ ਆਪੇ; ਏਕ ਮਹਲਿ ਗਰੀਬਾਨੋ ॥
ਏਕ ਮਹਲਿ ਤੂੰ ਪੰਡਿਤੁ ਬਕਤਾ; ਏਕ ਮਹਲਿ ਖਲੁ ਹੋਤਾ॥
ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ; ਏਕ ਮਹਲਿ ਕਛੂ ਨ ਲੇਤਾ॥ (ਗਉੜੀ ਮਹਲਾ ੫, ਪੰਨਾ ੨0੬)
ਉੱਪਰ ਦਿੱਤੇ ਗਏ ਸਾਰੇ ਪ੍ਰਮਾਣਾਂ ਨੂੰ ਗਹੁ ਨਾਲ ਵਿਚਾਰਿਆਂ ਸ਼ਬਦ ‘ਮਹਲਾ’ ਦਾ ਅਰਥ ਸਾਫ਼ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਉਚਾਰੀ ਹੋਈ ਬਾਣੀ ਵਿੱਚ ਨਾਮ ਕੇਵਲ ਨਾਨਕ ਹੀ ਆਉਂਦਾ ਹੈ। ਇਹ ਨਿਰਣਾ ਕਰਨ ਲਈ ਕਿ ਅਮੁਕੀ ਬਾਣੀ ਕਿਸ ਗੁਰ-ਵਿਅਕਤੀ ਦੀ ਹੈ, ਸ਼ਬਦ ‘ਮਹਲ’ ਵਰਤਿਆ ਗਿਆ ਹੈ, ਜਿਸ ਦਾ ਅਰਥ ਹੈ ਵਿਅਕਤੀ, ਕਾਂਇਆਂ ……’
ਨਿਰਸੰਦੇਹ ਸਤਿਗੁਰਾਂ ਵਿੱਚ ਜੋਤ ਤਾਂ ਇੱਕੋ ਸੀ, ਕੇਵਲ ਕਾਂਇਆ ਹੀ ਬਦਲਦੀ ਰਹੀ :
(1) ਜੋਤਿ ਓਹਾ, ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ॥ (ਰਾਮਕਲੀ, ਪੰਨਾ ੯੬੬)
(2) ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗਬਿੰਦ ਸਵਾਰੀ॥ (ਭਾਈ ਗੁਰਦਾਸ ਜੀ)
ਗੁਰਬਾਣੀ ਵਿੱਚ ਤਿੰਨ ਵਾਰ ਸ਼ਬਦ ‘ਮਹਲੁ’ ਵੀ ਆਇਆ ਹੈ, ਜੋ ਇੱਕ ਵਚਨ, ਪੁਲਿੰਗ ਵਾਚਕ ਹੈ। ਇਸ ਦੇ ਅਰਥ ਇਸਤ੍ਰੀ ਨਹੀਂ ਹੋ ਸਕਦੇ। (ਵੇਖੋ ਸਿਰੀ ਰਾਗ, ਪੰਨਾ ੧੬, ੧੮ ਅਤੇ ਬਸੰਤ ਕੀ ਵਾਰ ਪੰਨਾ ੧੧੯੩)
(3). ਹੁਣ ਜੇ ‘ਮਹਲਾ’ ਦਾ ਪਾਠ ‘ਮਹੱਲਾ’ ਹੋਵੇ ਤਾਂ ਏਥੇ ਵੀ ਪਾਠ ਮਹੱਲੁ ਪੜ੍ਹਨਾ ਪਵੇਗਾ, ਜੋ ਕਿਸੇ ਤਰ੍ਹਾਂ ਵੀ ਸ਼ੁੱਧ ਨਹੀਂ ਤੇ ਨਾ ਹੀ ਕਦੇ ਕਿਸੇ ਪਾਠੀ ਨੇ ਅਜਿਹਾ ਪਾਠ ਕੀਤਾ ਹੈ। ਏਥੇ ਮਹਲੁ ਇੱਕ ਵਚਨ ਪੁਲਿੰਗ ਵਾਚਕ ਹੈ, ਇਸਤਰੀ ਲਿੰਗ ਵਾਚਕ ਨਹੀਂ।
ਇਹ ਵੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਸਿਰਲੇਖਾਂ ਵਿੱਚ ਸ਼ਬਦ ‘ਮਹਲਾ’ ਨਾਲ ਪਹਿਲਾ, ਦੂਜਾ, ਤੀਜਾ (ਪੁਲਿੰਗ ਵਾਚਕ) ਆਇਆ ਹੈ, ਪਹਿਲੀ, ਦੂਜੀ, ਤੀਜੀ (ਇਸਤ੍ਰੀ ਵਾਚਕ) ਨਹੀਂ। ਇਸ ਲਈ ‘ਮਹਲਾ’ ਸ਼ਬਦ ਪੁਲਿੰਗ ਵਾਚਕ ਹੋਇਆ, ਨਾ ਕਿ ਇਸਤਰੀ ਵਾਚਕ।
ਬ-ਜ਼ਾਹਰ ਵਾਧੂ ਲੱਗੀਆਂ ਲਗਾਂ ਮਾਤ੍ਰਾਂ :
ਪ੍ਰਿੰਸੀਪਲ ਹਰਿਭਜਨ ਸਿੰਘ ਜੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਵਿੱਚ ਆਈਆਂ ਲਗਾਂ ਮਾਤਰਾਂ, ਵਿਸ਼ੇਸ਼ ਕਰਕੇ ਸ਼ਬਦਾਂ ਦੇ ਅੰਤ ਵਿੱਚ ਆਈ ਸਿਹਾਰੀ ਤੇ ਔਂਕੜ, ਬਹੁਤ ਵਾਰ, ਉਚਾਰਨ ਵਿੱਚ ਆਉਣ ਦੀ ਥਾਂ, ਅਰਥ ਭਾਵ ਸਪਸ਼ਟ ਕਰਨ ਹਿਤ ਲਾਈਆਂ ਗਈਆਂ ਹਨ । ਪਾਵਨ ਬੀੜ ਦੇ ਪੰਨਾ ੯੬੫ ਉੱਤੇ ਪੰਜਵੇਂ ਗੁਰਦੇਵ ਜੀ ਦਾ, ਵੰਨਗੀ ਮਾਤਰ ਲਿਆ ਕੇਵਲ ਇੱਕ ਫੁਰਮਾਨ, ਇਸ ਨੁਕਤੇ ਨੂੰ ਵਧੇਰੇ ਸਪਸ਼ਟ ਕਰ ਦੇਵੇਗਾ :
ਆਹਰ ਸਭਿ ਕਰਦਾ ਫਿਰੈ; ਆਹਰੁ ਇਕੁ ਨ ਹੋਇ ॥ ਨਾਨਕ ! ਜਿਤੁ ਆਹਰਿ ਜਗੁ ਉਧਰੈ; ਵਿਰਲਾ ਬੂਝੈ ਕੋਇ ॥ (ਮ: ੫/੯੬੫)
ਉਪਰੋਕਤ ਸਲੋਕ ਵਿੱਚ ਪਦ ‘ਆਹਰ’ (ਨਾਂਵ) ਤਿੰਨਾਂ ਰੂਪਾਂ ਵਿੱਚ ਵਰਤਿਆ ਗਿਆ ਹੈ। ਇਸ ਦਾ ਅਰਥ ਹੈ ਉੱਦਮ, ਧੰਧਾ ਤੇ ਉਚਾਰਨ ਸਭ ਦਾ ਇੱਕੋ ਹੈ, ਪ੍ਰੰਤੂ ‘ਵਚਨ’ ਤੇ ‘ਕਾਰਕ’ (Case) ਵੱਖ ਵੱਖ ਹੋਣ ਕਰਕੇ ਵਰਤੋਂ ਇੱਕ ਸਮਾਨ ਨਹੀਂ। ਪਹਿਲੇ ‘ਆਹਰ’ ਦੇ ਬਾਅਦ ‘ਸਭਿ’ (ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ) ਆਇਆ ਹੈ। ਇਸ ਲਈ ਇਹ ਬਹੁ-ਵਚਨ ਹੈ ਅਤੇ ਇਸ ਦਾ ‘ਰ’ ਮੁਕਤਾ ਅੰਤ ਹੈ। ਅਰਥ ਹੈ-ਸਾਰੇ ਧੰਧੇ। ਦੂਜੀ ਵਾਰ ਲਿਖੇ ‘ਆਹਰੁ’ ਦੇ ‘ਰ’ ਹੇਠ ਔਂਕੜ ਤੋਂ ਬਾਅਦ ਵਿੱਚ ਇਕੁ (ਸੰਖਿਅਕ ਵਿਸ਼ੇਸ਼ਣ) ਹੋਣ ਕਰਕੇ, ਇਹ ਇਕ ਵਚਨ ਹੈ। ਅਰਥ ਹੈ-ਇੱਕ ਧੰਧਾ, ਇੱਕ ਕੰਮ (ਵਾਹਿਗੁਰੂ ਨਾਮ ਜਪਣ ਦਾ ਧੰਧਾ) ਤੀਜੇ ‘ਆਹਰਿ’ ਦੇ ‘ਰ’ ਨੂੰ ਸਿਹਾਰੀ ਹੈ। ਇਹ ਇੱਕ ਵਚਨ, ਕਰਣ ਕਾਰਕ ਹੈ ਅਤੇ ਅਰਥ ਹੈ-ਜਿਸ ਆਹਰ ਰਾਹੀਂ ਜਾਂ ਦੁਆਰਾ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀਆਂ ਲਗਾਂ ਮਾਤ੍ਰਾਂ ਬਾਰੇ ਵਰਤੇ ਨੇਮ ਇਤਨੇ ਸਪਸ਼ਟ ਤੇ ਭਾਵਪੂਰਨ ਹਨ ਕਿ ਸਾਦਕ ਤੇ ਸੂਝਵਾਨ ਸੱਜਣ ਅੱਸ਼ ਅੱਸ਼ ਕਰ ਉੱਠਦਾ ਹੈ ਤੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ ਹੈ। ਸੰਖੇਪ ਵਜੋਂ ਇਹ ਕੁਝ ਕੁ ਉਦਾਹਰਨਾਂ ਹੀ ਇਸ ਖੂਬਸੂਰਤੀ ਨੂੰ ਉਜਾਗਰ ਕਰਨ ਲਈ ਕਾਫੀ ਹਨ :
- ਕਾਮਣ/ਕਾਮਣਿ
ਸਾਰੀ ਪਾਵਨ ਬੀੜ ਵਿੱਚ ਜਦ ‘ਕਾਮਣਿ’ ਪਦ ਦੇ ‘ਣ’ ਨਾਲ ਸਿਹਾਰੀ ਆਈ ਹੈ ਤਾਂ ਅਰਥ ਹੈ-ਇਸਤ੍ਰੀ; ਪ੍ਰੰਤੂ ਜਦ ਇਹ ਸਿਹਾਰੀ ਰਹਿਤ, ਕਾਮਣ ਹੈ, ਤਾਂ ਅਰਥ ਹੈ-ਟੂਣੇ ।
(ੳ) ਕਾਮਣਿ (ਇਸਤਰੀ) ਤਉ ਸੀਗਾਰੁ ਕਰਿ, ਜਾ (ਜਾਂ) ਪਹਿਲਾਂ ਕੰਤੁ ਮਨਾਇ॥ (ਮਹਲਾ ੩, ਪੰਨਾ ੭੮੮)
(ਅ) ਆਉ ਸਖੀ ! ਗੁਣ ਕਾਮਣ (ਟੂਣਾ) ਕਰੀਹਾ ਜੀਉ॥ (ਮਹਲਾ ੩, ਪੰਨਾ ੯੫)
- ਪ੍ਰਸਾਦੁ / ਪ੍ਰਸਾਦਿ
(ੳ) ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ॥
ਨਾਨਕ ! ਪ੍ਰਭ ਸਰਣਾਗਤੀ, ਕਰਿ ਪ੍ਰਸਾਦੁ, ਗੁਰਦੇਵ॥ (ਸੁਖਮਨੀ ਸਾਹਿਬ)
ਪ੍ਰਸਾਦ ਨਾਂਵ, ਇੱਕ ਵਚਨ ਪੁਲਿੰਗ, ਕਰਮ ਕਾਰਕ (Nominative Case) ਹੈ ਤੇ ਅਰਥ ਹਨ ‘ਕ੍ਰਿਪਾ’।
(ਅ) ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥
ਇੱਥੇ ‘ਪ੍ਰਸਾਦਿ’ ਨਾਂਵ, ਇੱਕ ਵਚਨ ਪੁਲਿੰਗ, ਕਰਣ ਕਾਰਕ (Instrumental Case) ਹੈ ਤੇ ਅਰਥ ਹਨ -ਕਿਰਪਾ ਦੁਆਰਾ ।
- ਇਕ, ਇਕੁ, ਇਕਿ –
‘ਇੱਕ’ ਇਸਤਰੀ ਲਿੰਗ ਹੈ ਤੇ ‘ਇਕੁ’ ਇੱਕ ਵਚਨ ਪੁਲਿੰਗ, ਸਾਧਾਰਨ ਸੰਖਿਅਕ ਵਿਸ਼ੇਸ਼ਣ ਹੈ; ਪ੍ਰੰਤੂ ‘ਇਕਿ’ ਸਾਰੇ ਥਾਈਂ ਬਹੁ ਵਚਨ ਸੰਖਿਅਕ ਵਿਸ਼ੇਸ਼ਣ ਕਰਕੇ ਵਰਤਿਆ ਗਿਆ ਹੈ ।
ਇਕੁ ਦੇਖਿਆ ਇਕੁ ਮੰਨਿਆ ॥ (ਮਹਲਾ ੪)
ਇਕੁ ਖਿਨੁ ਤਿਸੁ ਬਿਨੁ ਜੀਵਣਾ ॥ (ਮਾਝ ਬਾਰਹ ਮਾਹ)
ਇਕਿ ਆਵਹਿ ਇਕਿ ਜਾਹਿ ਉਠਿ.. ॥ (ਮਹਲਾ ੧)
- ਓਅੰਕਾਰੁ/ਓਅੰਕਾਰਿ
ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ (ਰਾਮਕਲੀ ਦੱਖਣੀ, ਪੰਨਾ ੯੨੯)
(ੳ) ਓਅੰਕਾਰਿ – ਵਾਹਿਗੁਰੂ ਤੋਂ, ਰਾਹੀਂ
(ਅ) ਓਅੰਕਾਰੁ – ਵਾਹਿਗੁਰੂ ਨੂੰ ।
ਅਰਥ ਹੋਏ -ਓਅੰਕਾਰ ਦੁਆਰਾ ਹੀ ਬ੍ਰਹਮਾ ਪੈਦਾ ਹੋਇਆ; ਜਿਸ ਨੇ ਓਅੰਕਾਰ ਨੂੰ ਚਿਤ ਵਿੱਚ ਧਾਰਨ ਕੀਤਾ।
ਪਦ-ਛੇਦ ਤੇ ਵਿਸਰਾਮ ਚਿੰਨ੍ਹ
ਪ੍ਰਿੰਸੀਪਲ ਹਰਿਭਜਨ ਸਿੰਘ ਜੀ ਅਨੁਸਾਰ ਸ਼ੁੱਧ ਪਾਠ ਲਈ ਇਹ ਜ਼ਰੂਰੀ ਹੈ ਕਿ ਸ਼ਬਦ ਦੇ ਹਰ ਪਦ ਨੂੰ ਨਿਖੇੜ ਕੇ, ਪਦ-ਛੇਦ ਕਰ ਕੇ ਸਪਸ਼ਟ ਪੜ੍ਹਿਆ ਜਾਏ ਤੇ ਅਰਥ ਅਤੇ ਭਾਵ ਨੂੰ ਨਿਖੇੜਨ ਲਈ ਤੁਕਾਂ ਵਿੱਚ ਲੋੜੀਂਦੀਆਂ ਥਾਵਾਂ ਉੱਤੇ ਵਿਸਰਾਮ ਚਿੰਨ੍ਹ ਲਾਏ ਜਾਣ। ਸੁਭਾਗ ਦੀ ਗੱਲ ਹੈ ਕਿ ਹੁਣ ਬਹੁਤ ਸਾਰੀਆਂ ਸੰਪ੍ਰਦਾਵਾਂ, ਟਕਸਾਲਾਂ ਤੇ ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਛਾਪਣ ਜਾਂ ਵੈਸੇ ਗੁਰਬਾਣੀ ਦੇ ਹਵਾਲੇ ਦੇਣ ਸਮੇਂ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਕਰਨ ਦਾ ਉਪਕਾਰ ਕੀਤਾ ਹੈ। ਸਤਿਗੁਰਾਂ ਨੇ ਆਪ ਹੀ ਗੁਰਬਾਣੀ ਦੀਆਂ ਤੁਕਾਂ ਨੂੰ ਪੂਰਨ ਵਿਸਰਾਮ ਚਿੰਨ੍ਹਾਂ ਦੁਆਰਾ ਵੱਖ ਵੱਖ ਲਿਖਵਾ ਕੇ ਹੋਰ ਵਿਸਰਾਮ ਚਿੰਨ੍ਹ ਲਾ ਲਏ ਜਾਣ ਦਾ ਸੰਕੇਤ ਕੀਤਾ ਹੋਇਆ ਹੈ। ਵ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨੇ ਗੁਰਮਤਿ ਮਾਰਤੰਡ ਗ੍ਰੰਥ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਵਿੱਚ ਇਹਨਾਂ ਦੀ ਬੜੀ ਖੁੱਲ੍ਹੀ ਤੇ ਸੁਚੱਜੀ ਵਰਤੋਂ ਕੀਤੀ ਹੈ।
ਸੱਚ ਖੰਡ ਵਾਸੀ ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਜਥਾ ਭਿੰਡਰਾਂ ਵਾਲਿਆਂ ਤੋਂ ਵਰੋਸਾਇ ਉਤ੍ਰਾਧਿਕਾਰੀ ਸੰਤ ਕਰਤਾਰ ਸਿੰਘ ਖਾਲਸਾ ਨੇ ਸ੍ਰੀ ਜਪੁ ਜੀ ਸਾਹਿਬ, ਰਹਰਾਸਿ ਤੇ ਸੋਹਿਲਾ ਸਾਹਿਬ ਦਾ ਟੀਕਾ ਪ੍ਰਕਾਸ਼ਤ ਕੀਤਾ ਹੈ। ਇਸ ਵੱਡ ਆਕਾਰੀ ਟੀਕੇ (988 ਪੰਨੇ) ਵਿੱਚ ਆਪ ਜੀ ਨੇ ਉਚਾਰਨ ਤੇ ਵਿਸਰਾਮ ਚਿੰਨ੍ਹਾਂ ਦੀਆਂ ਸੇਧਾਂ ਦਿੱਤੀਆਂ ਹਨ, ਜਿਵੇਂ- ਮਸਕਤਿ ਦੇ ਉਚਾਰਨ ਬਾਰੇ ਲਿਖਦੇ ਹਨ -ਮਿਹਨਤਾਂ ਘਾਲ ਕਮਾਈ – ਇਹ ਫ਼ਾਰਸੀ ਦਾ ਲਫ਼ਜ਼ ਮੁਸ਼ੱਕਤ ਹੈ ।
ਵੰਨਗੀ ਵਜੋਂ ਕੁਝ ਕੁ ਵਿਸਰਾਮ ਸੇਧਾਂ ਇੰਝ ਹਨ –
(ੳ) ਸੁਣਿਐ; ਸਤੁ ਸੰਤੋਖੁ ਗਿਆਨ॥ ਸੁਣਿਐ; ਅਠਸਠਿ ਕਾ ਇਸਨਾਨੁ ॥
(ਅ) ਕਿਵ ਕਰਿ ਆਖਾ, ਕਿਵ ਸਲਾਹੀ; ਕਿਉ ਵਰਨੀ, ਕਿਵ ਜਾਣਾ॥
(ੲ) ਬਾਬਾ, ਜੈ ਘਰਿ; ਕਰਤੇ ਕੀਰਤਿ ਹੋਇ ॥
ਗੁਰਬਾਣੀ ਪਾਠ ਦਰਪਣ (ਕੁਲ ਪੰਨੇ 686) ਪ੍ਰਕਾਸ਼ਕ ਬਾਬਾ ਠਾਕੁਰ ਸਿੰਘ ਖਾਲਸਾ ਵਿੱਚੋਂ –
(ੳ) ਸਭ ਕੀਮਤਿ ਮਿਲਿ; ‘ਕੀਮਤਿ’ ਪਾਈ॥
(ਅ) ਤਿਤੁ ਸਰਵਰੜੈ, ‘ਭਈ-ਲੇ’ ਨਿਵਾਸਾ;…… (ਸੇਧ ਭਈ-ਲੇ ਬੋਲੋ)
(ੲ) ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ॥ (ਸੇਧ – ਕੁਫੱਕੜੇ ਬੋਲੋ)
(ਸ) ਮਨ ਮੇਰੇ, ਅਪਨਾ ਹਰਿ ਸੇਵਿ ਦਿਨੁ ਰਾਤੀ;
ਜੋ ਤੁਧੁ ਉਪਕਰੈ ਦੂਖਿ ਸੁਖਾਸਾ॥ (ਸੇਧ – ‘ਉਪੱਕਰੈ’ ਬੋਲੋ ਪਰ ਅਧਿਕ ਲਿਖਣੀ ਨਹੀਂ)
ਨੋਟ : (ਪੱੜਈਐ, ਕੱੜਈਐ, ਛੱਡਈਐ ਇਤਿਆਦਿਕ, ਇਸ ਸਾਰੇ ਸ਼ਬਦਾਂ ਵਿੱਚ ਅੱਧਕ ਲਾ ਕੇ ਬੋਲੋ)
(ਹ) ਪੁਤ੍ਰੀ ਕਉਲੁ ਨ ਪਾਲਿਓ; ਕਰਿ ਪੀਰਹੁ ਕੰਨ ਮੁਰਟੀਐ ॥ (ਸੇਧ – ਪੁਤ੍ਰੀਂ ਤੇ ਮੁਰੱਟੀਐ ਬੋਲੋ)
ਪੁਰਾਣੇ ਸਮਿਆਂ ਵਿੱਚ ਸਣੇ ਸਣੇ ਹੋਰ ਪੋਥੀਆਂ ਤੋਂ ਸੰਥਾ ਲੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖਿਆ ਜਾਂਦਾ ਸੀ। ਅੱਜ ਰਫਤਾਰ ਦਾ ਜੁੱਗ ਹੈ। ਇਨਸਾਨ ਹਰ ਕੰਮ ਲਈ ਕਾਹਲਾ ਹੈ। ਸਾਡੀ ਪੁਜੀਸ਼ਨ ਕਿਤਨੀ ਹਾਸੋ-ਹੀਣੀ ਹੈ ਕਿ ਅਸੀਂ ਪਾਠ ਤਾਂ ਪਦਾਂ ਨੂੰ ਵੱਖ ਵੱਖ ਉਚਾਰ ਕੇ ਕਰਦੇ ਹਾਂ; ਪ੍ਰੰਤੂ, ਅਰਥ ਅਨੁਸਾਰ ਉਚਾਰਨ ਵਰਜਿਤ ਸਮਝਦੇ ਹਾਂ। ਅਜਿਹੀ ਆਪਾ-ਵਿਰੋਧੀ ਮਨੌਤ ਤੇ ਵਰਤੋਂ, ਸ਼ਾਇਦ ਹੀ, ਕਿਸੇ ਹੋਰ ਸਭਯ, ਪ੍ਰਗਤੀ-ਸ਼ੀਲ ਪ੍ਰਚਾਰਕ-ਧਰਮ ਵਿੱਚ ਹੋਵੇ।
ਬਾਣੀ ਬਿਰਲਉ ਬੀਚਾਰਸੀ; ਜੇ ਕੋ ਗੁਰਮੁਖਿ ਹੋਇ ॥ (ਰਾਮਕਲੀ ਓਅੰਕਾਰ/ਮ: ੧/੯੩੫)
ਵਿਚਾਰਹੀਣ ਪਠਨ-ਪਾਠ ਨੂੰ ਤਾਂ ਸਤਿਗੁਰਾਂ ਨੇ ਪਾਣੀ ਰਿੜਕਣ ਅਤੇ ਹਉਮੈ ਨੂੰ ਹੋਰ ਪੱਠੇ ਪਾਉਣ ਤੁੱਲ ਕਿਹਾ ਹੈ। ਗੁਰਬਾਣੀ ਦੀ ਵਿਚਾਰ ਕਿਉਂਕਿ ਅੱਖਰਾਂ ਤੇ ਬੋਲੀ ਵਿੱਚ ਅੰਕਤ ਹੋਈ ਗੁਰਬਾਣੀ ਰਾਹੀਂ ਪ੍ਰਾਪਤ ਹੋਈ ਹੈ, ਇਸ ਲਈ ਗੁਰੂ ਦੇ ਸਿੱਖ ਨਿਤਾਪ੍ਰਤਿ ਅਨੇਕਾਂ ਵਾਰ ਅਰਦਾਸ ਵਿੱਚ ਬਜਾਅ ਤੌਰ ਉੱਤੇ ਅਰਜੋਈ ਕਰਦੇ ਹਨ ਕਿ ‘ਹੇ ਸੱਚੇ ਪਿਤਾ ਵਾਹਿਗੁਰੂ ! ਅੱਖਰ ਵਾਧਾ-ਘਾਟਾ, ਭੁੱਲ-ਚੁੱਕ ਮਾਫ਼ ਕਰਨੀ ਤੇ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਬਲ ਬਖਸ਼ਣਾ’ ਪਰ ਕੈਸੇ ਗੁਰੂ ਬਾਬੇ ਦੇ ਸਪੁੱਤਰ ਹਾਂ, ਗ਼ਲਤੀ ਕਰਦੇ ਹਾਂ-ਮਾਫ਼ੀ ਮੰਗਦੇ ਹਾਂ, ਫਿਰ ਗ਼ਲਤੀ ਕਰਦੇ ਹਾਂ, ਫਿਰ ਮਾਫ਼ੀ ਮੰਗ ਲੈਂਦੇ ਹਾਂ ਤੇ ਫੇਰ ਗ਼ਲਤੀ-ਫੇਰ ਮਾਫ਼ੀ। ਸਿਲਸਿਲਾ ਬ-ਦਸਤੂਰ ਚਲ ਰਿਹਾ ਹੈ।