ਨਾਮ ਜਪਣ ਦੇ ਨਾਲ-ਨਾਲ ਕਿਰਤ ਕਰਨੀ ਤੇ ਵੰਡ ਛਕਣਾ ਵੀ ਗੁਰਮਤਿ ਅਨੁਸਾਰੀ ਹੀ ਹੈ

0
1256

ਨਾਮ ਜਪਣ ਦੇ ਨਾਲ-ਨਾਲ ਕਿਰਤ ਕਰਨੀ ਤੇ ਵੰਡ ਛਕਣਾ ਵੀ ਗੁਰਮਤਿ ਅਨੁਸਾਰੀ ਹੀ ਹੈ

 ਗੁਰਪ੍ਰੀਤ ਸਿੰਘ (U.S.A.)

ਗੁਰਬਾਣੀ ਵਿੱਚ ਕਿਰਤ, ਕਿਰਤੁ, ਕਿਰਤਿ ਸ਼ਬਦਾਂ ਦੇ ਭਿੰਨ-ਭਿੰਨ ਅਰਥ ਹਨ, ਪਰ ਭਾਵਾਰਥਾਂ ’ਚ ਕਾਫ਼ੀ ਸਮਾਨਤਾ ਵੀ ਹੈ; ਜਿਵੇਂ ਕਿ ਜੀਵਾਂ ਦੁਆਰਾ ਕੀਤੇ ਜਾਂਦੇ ‘ਕੰਮ’, ਜਿਨ੍ਹਾਂ ਰਾਹੀਂ ਬਣੇ ‘ਨਸੀਬ’ ਅਤੇ ਨਸੀਬਾਂ (ਭਾਗ) ਰਾਹੀਂ ਗੁਰੂ ਮਿਲਾਪ ਦੀ ਹੁੰਦੀ ‘ਬਖ਼ਸ਼ਸ਼’, ਆਦਿ ਭਾਵ ਕਿਰਤ ਦੇ ਅਰਥ ਕੰਮ, ਭਾਗ, ਮਿਹਰ, ਆਦਿ ਹਨ।

ਕਿਰਤਿ ਕਰਮ ਕੇ ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ ॥ (ਮ: ੫/੧੩੩) ਤੁਕ ਦੇ ਅਰਥ ਹਨ ਕਿ ਹੇ ਪ੍ਰਭੂ ! ਅਸੀਂ ਆਪਣੇ ਕਰਮਾਂ ਦੀ ਕਮਾਈ ਸਦਕਾ, ਤੈਥੋਂ ਵਿੱਛੁੜੇ ਹੋਏ ਹਾਂ। ਇਸ ਪੰਕਤੀ ’ਚ ਗੁਜ਼ਰਾਨ (ਵਸੀਲੇ) ਵਾਸਤੇ ਕੀਤੀ ਜਾਂਦੀ ‘ਕਿਰਤ’ ਦੀ ਗੱਲ ਨਹੀਂ ਹੋ ਰਹੀ, ਕਿਰਤ ਦਾ ਭਾਵ ‘ਕੀਤਾ ਹੋਇਆ ਕੰਮ’ ਅਥਵਾ ਜਨਮਾਂ-ਜਨਮਾਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ (ਨਸੀਬਾਂ) ਦਾ ਸਮੂਹ ਭਾਵ ਕਰਮ (ਭਾਗ) ਹੀ ਹੈ। ਹੇਠ ਲਿਖੇ ਗੁਰ-ਵਾਕਾਂ ਨੂੰ ਵਿਚਾਰਿਆਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ: ‘‘ਕਿਰਤੁ ਪਇਆ; ਨਹ ਮੇਟੈ ਕੋਇ ॥ (ਮ: ੧/੧੫੪), ਜੋ ਤਿਨਿ ਕੀਆ, ਸੋਈ ਹੋਆ; ਕਿਰਤੁ ਨ ਮੇਟਿਆ ਜਾਈ ਰੇ ॥’’ (ਮ: ੧/੧੫੬) ਭਾਵ ਕਿ ਕੀਤੇ ਹੋਏ ਕਰਮਾਂ ਅਨੁਸਾਰ ਜੋ ਲੇਖ ਲਿਖਿਆ ਹੈ, ਉਸ ਨੂੰ ਕੋਈ ਮੇਟ ਨਹੀਂ ਸਕਦਾ, ‘‘ਕਿਰਤੁ ਪਇਆ; ਦੋਸੁ ਕਾ ਕਉ ਦੀਜੈ  ? ’’ (ਮ: ੧/੯੦੫) ਭਾਵ ਪਿਛਲੇ ਕੀਤੇ ਹੋਏ ਕਰਮਾਂ ਦਾ ਪ੍ਰਭਾਵ (ਫਲ਼) ਮਨ ਨੂੰ ਹਾਲੇ ਵੀ ਗ਼ਲਤ ਰਸਤੇ ਵਲ ਹੀ ਪ੍ਰੇਰਨਾ ਕਰੀ ਜਾਂਦਾ ਹੈ, ਇਸ ਲਈ ਜੀਵ ਆਪਣੇ ਗੁਨਾਹਾਂ ਦਾ ਦੋਸ਼ ਕਿਸ ਨੂੰ ਦੇਵੇ ?

ਇਸੇ ਕਿਰਤ (ਨਸੀਬ) ਵਿਸ਼ੇ ਨਾਲ ਸੰਬੰਧਿਤ ਕੁਝ ਕੁ ਵਾਕ ਹੋਰ ਵਿਚਾਰਨਯੋਗ ਹਨ; ਜਿਵੇਂ ਕਿ

ਕੁੰਟ ਚਾਰਿ ਦਹ ਦਿਸਿ ਭ੍ਰਮੇ; ਕਰਮ ਕਿਰਤਿ ਕੀ ਰੇਖ ॥ (ਮ: ੫/੨੫੩), ਕਿਰਤ ਰੇਖ ਕਰਿ ਕਰਮਿਆ ॥ (ਮ: ੫/੧੧੯੩) ਭਾਵ ਕਿ ਮਨੁੱਖ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹੋ ਜਿਹੇ ਹੀ ਕਰਮ ਕਰੀ ਜਾਂਦਾ ਹੈ।

ਕਿਰਤ ਸੰਜੋਗੀ ਭਏ ਇਕਤ੍ਰਾ; ਕਰਤੇ ਭੋਗ ਬਿਲਾਸਾ ਹੇ ॥ (ਮ: ੫/੧੦੭੨) ਭਾਵ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਇਹ ਜੀਵਾਤਮਾ ਅਤੇ ਕਾਇਆਂ ਇਕੱਠੇ ਹੁੰਦੇ ਹਨ ਤੇ ਦੁਨੀਆਂ ਦੇ ਭੋਗ ਬਿਲਾਸ ਕਰਦੇ ਰਹਿੰਦੇ ਹਨ।

ਵਾਰੀ ਖਸਮੁ ਕਢਾਏ; ਕਿਰਤੁ ਕਮਾਵਣਾ ॥ (ਮ: ੧/੫੬੬) ਭਾਵ ਕਿ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ ਪ੍ਰਭੂ ਹਰ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਦਿੰਦਾ ਹੈ, ਆਦਿ।

ਉਕਤ ਸਾਰੇ ਗੁਰ-ਵਾਕਾਂ ਦੀ ਸੰਖੇਪ ਵਿਚਾਰ ਤੋਂ ਬਾਅਦ ਕਹਿ ਸਕਦੇ ਹਾਂ ਕਿ ਗੁਰਬਾਣੀ ’ਚ ਕਿਰਤ ਸ਼ਬਦ ਦਾ ਅਰਥ ਬਹੁਤਾਤ ਕਰ ਕੇ ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ‘ਸੁਭਾਅ’ ਹੀ ਹੁੰਦਾ ਹੈ, ਜਿਹੜਾ ਜੀਵਾਂ ਨੂੰ ਹੁਣ ਧੱਕ ਕੇ ਚਲਾ ਰਿਹਾ ਹੈ ਤੇ ਸੱਚ ਇਹ ਹੈ ਕਿ ਜਿੱਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ, ਉੱਥੇ ਖਾਣਾ ਪੈਂਦਾ ਹੈ: ‘‘ਨਕਿ ਨਥ, ਖਸਮ ਹਥ; ਕਿਰਤੁ ਧਕੇ ਦੇ ॥ ਜਹਾ ਦਾਣੇ, ਤਹਾਂ ਖਾਣੇ; ਨਾਨਕਾ ਸਚੁ ਹੇ ॥’’ (ਮ: ੨/੬੫੩)

ਗੁਰਮਤਿ ਵਿੱਚ ਗ੍ਰਹਿਸਤ ਨੂੰ ਪ੍ਰਧਾਨਤਾ ਬਖ਼ਸ਼ੀ ਗਈ ਹੈ ਤੇ ਗ੍ਰਹਿਸਤ ’ਚ ਵਿਚਰਦਿਆਂ ਹੋਇਆਂ ਵੀ ਸਤਿਗੁਰੂ ਦੀ ਹਜ਼ੂਰੀ ’ਚ ਰਹਿਣ ਅਤੇ ਗੁਰੂ ਦੇ ਦਰਸਾਏ ਮਾਰਗ ’ਤੇ ਤੁਰਨ ਨੂੰ, ਜਪ, ਤਪ ਤੇ ਸੰਜਮ ਵਜੋਂ ਪ੍ਰਵਾਨ ਕੀਤਾ ਗਿਆ ਹੈ:

ਐਸਾ ਜੋਗੁ; ਕਮਾਵਹੁ ਜੋਗੀ ! ॥ ਜਪ ਤਪ ਸੰਜਮੁ; ਗੁਰਮੁਖਿ ਭੋਗੀ ॥ (ਭਗਤ ਕਬੀਰ/੯੭੦)

ਸਤਿਗੁਰ ਕੀ, ਐਸੀ ਵਡਿਆਈ ॥ ਪੁਤ੍ਰ ਕਲਤ੍ਰ ਵਿਚੇ; ਗਤਿ ਪਾਈ ॥ (ਮ: ੧/੬੬੧), ਆਦਿ।

ਜਿਸ ਦੇਹੀ ਕਰ ਕੇ ਪ੍ਰਭੂ ਨੂੰ ਸਿਮਰਿਆ ਜਾਣਾ ਹੈ, ਉਸ ਦੀ ਸੰਭਾਲ਼ ਵੀ ਜ਼ਰੂਰੀ ਹੈੈ: ‘‘ਨਾਨਕ ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਮ: ੫/੫੫੪) ਅਤੇ ਦੇਹੀ ਨੂੰ ਪਾਲਣ ਲਈ ਹਰ ਹਾਲ ਉੱਦਮ ਕਰਨਾ ਪਵੇਗਾ, ਜਿਸ ਦੀ ਕਿ ਗੁਰੂ ਸਾਹਿਬ ਜੀ ਵੱਲੋਂ ਭਰਪੂਰ ਪ੍ਰੋੜਤਾ ਕੀਤੀ ਗਈ ਹੈ: ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ॥’’ (ਮ: ੫/੫੨੨)

ਗੁਰਸਿੱਖ ਦੂਸਰਿਆਂ ਉੱਪਰ ਕਦੀ ਵੀ ਭਾਰ ਬਣਨਾ ਨਹੀਂ ਲੋਚਦਾ ਬਲਕਿ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਅਤੇ ਰਿਸ਼ਤੇਦਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਵੀ ਇਹ ਸਮਝ ਲੈਂਦਾ ਹੈ ਕਿ ਜਿਸ ਤਰ੍ਹਾਂ ਨਾਮ ਤੋਂ ਬਿਨਾ ਖਾਣਾ-ਪੀਣਾ, ਸੌਣਾ, ਜੀਵਣਾ, ਆਦਿ ਵਿਅਰਥ ਹਨ, ਇਸੇ ਤਰ੍ਹਾਂ ਨਾਮ ਤੋਂ ਬਿਨਾ ਕੀਤੀ ਸਰੀਰ ਦੀ ਪਾਲਣਾ ਤੇ ਕਿਰਤ ਦਾ ਵੀ ਕੋਈ ਮਹੱਤਵ ਨਹੀਂ ਹੈ।

ਸ੍ਰਿਸ਼ਟੀ ’ਤੇ ਮਨੁੱਖ ਦੀ ਘਾੜਤ ਘੜਨ ਵੇਲੇ ਮਿਹਰਵਾਨ ਅਕਾਲ ਪੁਰਖ ਨੇ ਕਿਰਤ ਕਰਨ ਵਾਸਤੇ ਮਨੁੱਖ ਨੂੰ ਹੱਥਾਂ ਪੈਰਾਂ ਦੀ ਦਾਤ ਦੇ ਨਾਲ, ਗੁਰੂ ਦੇ ਸ਼ਬਦ ਨੂੰ ਸੁਣਨ ਵਾਸਤੇ ਬੁੱਧ ਵੀ ਪ੍ਰਦਾਨ ਕੀਤੀ ਹੈ :

ਹਥ ਪੈਰ ਦੇ ਦਾਤਿ ਕਰਿ; ਸਬਦ ਸੁਰਤਿ ਸੁਭ ਦਿਸਟਿ ਦੁਆਰੇ।

ਕਿਰਤਿ ਵਿਰਤਿ ਪਰਕਿਰਤਿ ਬਹੁ; ਸਾਸਿ ਗਿਰਾਸਿ ਨਿਵਾਸੁ ਸੰਜਾਰੇ। (ਭਾਈ ਗੁਰਦਾਸ ਜੀ /ਵਾਰ ੧੮ ਪਉੜੀ ੩)

“Akal Purakh bestowed hands and feet, ears and consciousness for listening to the word and eye for beholding goodness. For earning of the livelihood and other works, he infused life into body.” ਗੁਰਸਿੱਖ ਦਾ ਕਿਰਦਾਰ, ਕਿਹੋ ਜਿਹਾ ਹੋਵੇ! ਇਸ ਪਰਥਾਏ ਭਾਈ ਗੁਰਦਾਸ ਜੀ ਦੇ ਬਚਨ ਇੰਞ ਮਾਰਗ ਦਰਸ਼ਨ ਕਰਦੇ ਹਨ:

ਹਥੀ ਕਾਰ ਕਮਾਵਣੀ; ਪੈਰੀ ਚਲਿ ਸਤਿਸੰਗਿ ਮਿਲੇਹੀ।

ਕਿਰਤਿ ਵਿਰਤਿ ਕਰਿ ਧਰਮ ਦੀ; ਖਟਿ ਖਵਾਲਣੁ ਕਾਰਿ ਕਰੇਹੀ। (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩)

ਕਿਰਤਿ ਵਿਰਤਿ ਕਰਿ ਧਰਮ ਦੀ; ਹਥਹੁ ਦੇ ਕੈ ਭਲਾ ਮਨਾਵੈ। (ਭਾਈ ਗੁਰਦਾਸ ਜੀ /ਵਾਰ ੬ ਪਉੜੀ ੧੨)

ਗੁਰਬਾਣੀ ਰਾਹੀਂ ਸਾਰਾ ਕੁਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਸਾਧ ਲਾਣੇ ਨਾਲ ਸੰਬੰਧਿਤ ਕੁਝ ਕੱਚੜ-ਪਿੱਲੜ ਪ੍ਰਚਾਰਕ ਕਈ ਵਾਰੀ ਗੁਰਮਤਿ ਵਿਰੋਧੀ ਸਿਧਾਂਤ (ਸਿਰਫ਼ ਨਾਮ ਜਪੋ- ਬਾਕੀ ਸਭ ਤਜੋ) ਪ੍ਰਚਾਰਨ ਲਈ (ਸ਼ਾਇਦ ਹੁਣ ਇਹਨਾਂ ਨੂੰ ਸਿੱਖਾਂ ਦਾ ਕਿਰਤ ਕਰਨਾ ਵੀ ਰੜਕਣ ਲੱਗਾ ਹੈ! ) ਗੁਰਬਾਣੀ ਦੀਆਂ ਤੁਕਾਂ ਦੇ ਮਨਘੜਤ ਅਰਥ ਕਰਦੇ ਹਨ ਤਾਂ ਕਿ ਸਿੱਖ ਸੰਗਤ ਨੂੰ ਦੁਬਿਧਾ ’ਚ ਪਾ ਕੇ ਗੁਮਰਾਹ ਕੀਤਾ ਜਾ ਸਕੇ, ਜਿਵੇਂ ਕਿ

ਅਵਰਿ ਕਾਜ; ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥ (ਸੋ ਪੁਰਖੁ/ਮ: ੫/੧੨) ਭਾਵ ਅਰਥ ਕਿ ‘ਹੇ ਮਨੁੱਖ ! ਸਾਰੇ ਹੀਲੇ-ਵਸੀਲੇ ਤੇ ਹੋਰ ਸਾਰੇ ਕੰਮ (ਕਰਮਕਾਂਡ) ਤੇਰੇ ਕਿਸੇ ਵੀ ਅਰਥ ਨਹੀਂ, ਭਾਵ ਇਨ੍ਹਾਂ ਰਾਹੀਂ ਤੇਰੀ ਜਿੰਦ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ, ਇਸ ਵਾਸਤੇ ਸਾਧ ਸੰਗਤ ’ਚ ਮਿਲ ਬੈਠ ਕਰ ਪ੍ਰਭੂ ਦੀ ਸਿਫ਼ਤ-ਸਲਾਹ ਕਰਨਾ ਹੀ ਲਾਭਦਾਇਕ ਹੈ, ‘‘ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥’’ (ਮ: ੫/੧੦)

ਇਸ ਵਾਕ ਰਾਹੀਂ ਭੀ ਗੁਰੂ ਸਾਹਿਬ ਜੀ ਨੇ ਸਾਨੂੰ ਕਿਸੇ ਉੱਦਮ ਤੋਂ ਨਹੀਂ ਬਲਕਿ ਚਿੰਤਾ ਤੋਂ ਵਰਜਿਆ ਹੈ ਭਾਵ ਕਿ ਪ੍ਰਭੂ ਆਪ ਹੀ ਸਾਡੀ ਸੰਭਾਲ ਕਰਨ ’ਚ ਲੱਗਾ ਹੋਇਆ ਹੈ, ਫਿਰ ਸਾਨੂੰ ਫ਼ਿਕਰ ਕਰਨ ਦੀ ਜਾਂ ਫ਼ਿਕਰ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਹੈ।

ਪੰਚਮ ਪਿਤਾ ਦਾ ਹੀ ਫੁਰਮਾਨ ਹੈ, ‘‘ਤੂ ਕਾਹੇ ਡੋਲਹਿ ਪ੍ਰਾਣੀਆ ! ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ; ਸੋਈ ਦੇਇ ਆਧਾਰੁ ॥’’ (ਮ: ੫/੭੨੪) ਭਾਵ ਕਿ ਹੇ ਜੀਵ ! ਤੂੰ ਕਿਉਂ ਚਿੰਤਾ ਕਰਦਾ ਹੈਂ ? ਜਿਸ ਪ੍ਰਭੁ ਨੇ ਤੈਨੂੰ ਪੈਦਾ ਕੀਤਾ ਹੈ, ਉਹ ਜ਼ਰੂਰ ਤੇਰੀ ਰੱਖਿਆ ਵੀ ਕਰੇਗਾ। ਜਿਸ ਮਾਲਕ ਨੇ ਤੈਨੂੰ ਪੈਦਾ ਕੀਤਾ ਹੈ, ਉਹੀ ਸਾਰੀ ਸ੍ਰਿਸ਼ਟੀ ਨੂੰ ਆਸਰਾ ਦਿੰਦਾ ਹੈ।

ਸੋ, ਗੁਰਸਿੱਖ ਨੇ ਉੱਦਮ ਚਿਤਵਨ ਅਤੇ ਉੱਦਮ ਕਰਨ ਵਿਚਲੇ ਨਿਖੇੜੇ ਨੂੰ ਹਮੇਸ਼ਾਂ ਚੇਤੇ ਰੱਖਣਾ ਹੈ,

It is worth remembering that Sikh Gurus not only preached the core principles of Sikhism but demonstrated them masterfully, every day and in every way.

ਗੁਰੂ ਸਾਹਿਬਾਨ ਨੇ ਗੁਰਬਾਣੀ ’ਚ ਪੂੰਜੀਵਾਦ ਦੀ ਕਿਧਰੇ ਵੀ ਪ੍ਰੋੜਤਾ ਨਹੀਂ ਕੀਤੀ ਬਲਕਿ ਧਨ ਨੂੰ ਗੁਜ਼ਰਾਨ ਵਜੋਂ ਕਮਾਉਣ ਲਈ ਹੱਥੀਂ ਕਿਰਤ ਕਰਨ ਨੂੰ ਸਲਾਹਿਆ ਹੈ। ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨੂੰ ਪਹਾੜਾਂ ਦੀਆਂ ਕੰਦਰਾਂ ’ਚੋਂ ਬਾਹਰ ਨਿਕਲ ਆਉਣ ਦਾ ਨਿਰਾ ਉਪਦੇਸ਼ ਹੀ ਨਹੀਂ ਦਿੱਤਾ ਸਗੋਂ ਪਹਿਲਾਂ ਮੋਦੀਖਾਨੇ ’ਚ ਨੌਕਰੀ ਤੇ ਫਿਰ ਉਮਰ ਦੇ ਅਖ਼ੀਰਲੇ ਸਾਲਾਂ ’ਚ ਹੱਥੀਂ ਖੇਤੀ ਕਰ ਕੇ, ਸਾਰੀ ਲੋਕਾਈ ਦਾ ਮਾਰਗ ਦਰਸ਼ਨ ਵੀ ਕੀਤਾ। ਭਾਈ ਲਾਲੋ ਜੀ ਵਰਗੇ ਸੱਚੇ ਕਿਰਤੀ ਨੂੰ ਸਤਿਕਾਰ ਦੇ ਕੇ ਸਮਾਜ ਨੂੰ ਹਲੂਣਿਆਂ ਤੇ ਹੱਥੀਂ ਕਿਰਤ ਕਰਨ ਨੂੰ ਉਤਸ਼ਾਹਿਤ ਕੀਤਾ। ਗੁਰੂ ਰਾਮਦਾਸ ਜੀ ਨੇ ਘੁੰਗਣੀਆਂ ਵੇਚ ਕੇ ਜਗਤ ਨੂੰ ਨਿਰਮੋਲਕ ਜੀਵਨ ਜਾਚ ਸਿਖਾਈ ਕਿ ਕਿਰਤ ਭਾਵੇਂ ਕੋਈ ਵੀ ਹੋਵੇ, ਆਪਣੀ ਰੁਜ਼ਾਨਾ ਦੀ ਕਿਰਤ ਜੇਕਰ, ਖ਼ਲਕਤ ਦੀ ਸੇਵਾ ਸਮਝ ਕੇ ਕਰੋਗੇ ਤਾਂ ਸਾਰੇ ਦਿਨ ਦਾ ਕੰਮ-ਕਾਰ ਸੁਖਾਲਾ ਤੇ ਸੁਖਾਂਵਾਂ ਲੱਗੇਗਾ ‘‘ਸੋ ਕੰਮੁ ਸੁਹੇਲਾ; ਜੋ ਤੇਰੀ ਘਾਲੀ ॥’’ (ਮ: ੫/੯੭)

ਗੁਰੂ ਗੋਬਿੰਦ ਸਿੰਘ ਜੀ ਦਾ ਕੂਲ਼ੇ (ਨਰਮ) ਹੱਥਾਂ ਵਾਲੇ ਸਿੱਖ ਕੋਲੋਂ ਪਾਣੀ ਦਾ ਕੌਲ (ਛੰਨਾ) ਲੈਣ ਤੋਂ ਇਨਕਾਰ ਕਰਨਾ ਅਸਲ ’ਚ ਸਿੱਖ ਨੂੰ ਕਿਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਤੇ ਹੱਥੀਂ ਕਾਰ ਕਰਨ ਦੀ ਅਹਿਮੀਅਤ ਨੂੰ ਦ੍ਰਿੜ੍ਹਾਉਣਾ ਹੀ ਸੀ। ਗੁਰਸਿੱਖ ਦਾ ਕਿਰਦਾਰ ਭੋਰਿਆਂ ਦੀ ਭਗਤੀ ਨਹੀਂ ਬਲਕਿ ‘‘ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ (ਭਗਤ ਕਬੀਰ/੧੩੭੬) ਵਾਲਾ ਹੀ ਹੁੰਦਾ ਹੈ।

ਭਗਤ ਰਵਿਦਾਸ ਜੀ ਦਾ ਰੁਜ਼ਾਨਾ ਢੋਰ (ਮ੍ਰਿਤਕ ਪਸ਼ੂ) ਢੋਣਾ, ਭਗਤ ਕਬੀਰ ਜੀ ਦਾ ਜੁਲਾਹੇ ਤੇ ਭਗਤ ਸੈਨ ਜੀ ਦਾ ਨਾਈ ਵੱਜੋਂ ਲੋਕਾਂ ਦੀਆਂ ਬੁੱਤੀਆਂ (ਬੁਤਕਾਰੀਆ, ਛੋਟੇ-ਮੋਟੇ ਕੰਮ ਕਰਨਾ) ਕੱਢ ਕੇ ਕਿਰਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰਮਤਿ ਅਨੁਸਾਰ ਕੋਈ ਵੀ ਕਿਰਤ ਛੋਟੀ ਜਾਂ ਵੱਡੀ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਜਦ ਮਨੁੱਖ ਪ੍ਰਭੂ ਦੀ ਯਾਦ ’ਚ ਜੁੜਿਆਂ ਕਾਰ -ਵਿਹਾਰ ਕਰਦਾ ਹੈ ਤਾਂ ਸਾਦਾ ਕਰਮ ਵੀ ਸ਼ੁੱਭ-ਕਰਮ (ਸੁਕ੍ਰਿਤ) ਬਣ ਜਾਂਦਾ ਹੈ। ਗੁਰੂ ਦੁਆਰਾ ਜਾਂ ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ, ਹਿਰਦੇ ’ਚ ਪਰਗਟ ਹੋ ਜਾਂਦਾ ਹੈ: ਗੁਰਮੁਖਿ ਕਾਰ ਕਮਾਵਣੀ; ਸਚੁ ਘਟਿ ਪਰਗਟੁ ਹੋਇ॥ ( ਮ:੧/੨੭) ਗੁਰੂ ਸਾਹਿਬ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ ਤੇ ਜੇ ਇਹ ਮਨੁੱਖਾ ਜਨਮ ਗਵਾ ਲਿਆ ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ, ‘‘ਸੁਕ੍ਰਿਤ ਕੀਤਾ ਰਹਸੀ ਮੇਰੇ ਜੀਅੜੇ! ਬਹੁੜਿ ਨ ਆਵੈ ਵਾਰੀ॥’’ (ਮ:੧/੧੫੪) ਜਦ ਮਨੁੱਖ ਇਸ ਸਿਫ਼ਤ ਸਲਾਹ ਦੀ ਨੇਕ ਕਮਾਈ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦਾ ਹੈ ਤਾਂ ਫਿਰ ਵਿਕਾਰਾਂ ਨਾਲ ਲੜਨਾ ਅਤੇ ਨਿਸ਼ਕਾਮ ਰਹਿਣਾ ਸਹਿਜੇ ਹੀ ਸੰਭਵ ਹੋ ਜਾਂਦਾ ਹੈ ਤੇ ਨਾਮ ਦੀ ਬਰਕਤ ਨਾਲ ਜੀਵ ਚੰਗੀ ਕਰਣੀ ਵਾਲੇ ਤੇ ਚੰਗੀ ਅਕਲ ਵਾਲੇ ਹੋ ਜਾਂਦੇ ਹਨ:

ਸੁਕ੍ਰਿਤੁ ਕੀਜੈ ਨਾਮੁ ਲੀਜੈ; ਨਰਕਿ ਮੂਲਿ ਨ ਜਾਈਐ ॥ (ਮ:੫/੪੬੧)

ਭਨਤਿ ਨਾਮਦੇਉ; ਸੁਕ੍ਰਿਤ ਸੁਮਤਿ ਭਏ ॥ (ਭਗਤ ਨਾਮਦੇਵ ਜੀ/੭੧੮)

However, Sikhism’s core principles of making an honest living, meditation and sharing the blessings are interwoven all together. The recitation of God’s name alone might be fruitful but certainly not acceptable as the only single-minded approach to live one’s life.

 ‘ਵਾਹਿਗੁਰੂ’ ਗੁਰ-ਮੰਤਰ ਦਾ ਜਾਪ ਵੀ ਤਾਂ ਹੀ ਲਾਹੇਵੰਦ ਹੋ ਸਕਦਾ ਹੈ ਜੇਕਰ ਹਿਰਦੇ ’ਚ (ਜੀਵਨ ’ਚ ) ਸ਼ੁੱਭ ਗੁਣ

(ਮੂੜੇ ! ਰਾਮੁ ਜਪਹੁ ਗੁਣ ਸਾਰਿ ॥ ਮ :੧/੧੯) ਜਿਵੇਂ ਕਿ ਨਿਮਰਤਾ, ਭਉ, ਉੱਚੀ ਮਤਿ, ਆਤਮਿਕ ਜੀਵਨ ਦੀ ਸੂਝ, ਮਿਠ ਬੋਲੜਾ, ਧੀਰਜ, ਜਤ, ਆਦਿ ਧਾਰਨ ਕੀਤੇ ਜਾਣਗੇ: ‘‘ਸੁਕ੍ਰਿਤ ਕਰਣੀ ਸਾਰੁ ਜਪਮਾਲੀ ॥ ਹਿਰਦੇ ਫੇਰਿ ਚਲੈ ਤੁਧੁ ਨਾਲੀ ॥’’ (ਮ:੫/੧੧੩੪) ਸ਼ੁੱਭ ਗੁਣਾਂ ਦੇ ਧਾਰਨੀ ਸੰਤੋਖੀ ਮਨੁੱਖ ਇੱਕ ਪ੍ਰਭੂ ਨੂੰ ਸਿਮਰਦਿਆਂ ਕਦੇ ਵੀ ਮੰਦੇ ਕਰਮ ਦੇ ਨੇੜੇ ਨਹੀਂ ਜਾਂਦੇ; ਭਲਾ ਕੰਮ ਕਰਦੇ ਹਨ ਤੇ ਧਰਮ-ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ:

ਸੇਵ ਕੀਤੀ ਸੰਤੋਖੀਂਈ; ਜਿਨੀ ਸਚੋ ਸਚੁ ਧਿਆਇਆ॥ ਓਨੀ ਮੰਦੇ ਪੈਰੁ ਨ ਰਖਿਓ; ਕਰਿ ਸੁਕ੍ਰਿਤ ਧਰਮੁ ਕਮਾਇਆ॥ ( ਮ:੨/੪੬੭)

ਅਜਿਹੇ ਗੁਰਸਿੱਖਾਂ ਦੀ ਕਿਰਤ ਅਤੇ ਕੀਰਤੀ ਉੱਪਰ ਅਕਾਲ ਪੁਰਖ ਰੀਝ ਉੱਠਦਾ ਹੈ ਤੇ ਅਜਿਹੀ ਸੇਵਾ ਕਮਾਉਣ ਵਾਲੇ ਸੇਵਕ ਨੂੰ ਜਿੱਥੇ ਵੀ ਕੋਈ ਕੰਮ-ਕਾਰ ਪਏ, ਉੱਥੇ ਹੀ ਖੁਦ ਉਸ ਦਾ ਕਾਰਜ ਸਵਾਰਨ ਲਈ, ਉਸੇ ਵੇਲੇ ਜਾ ਪਹੁੰਚਦਾ ਹੈ:

ਜਹ ਜਹ ਕਾਜ ਕਿਰਤਿ ਸੇਵਕ ਕੀ; ਤਹਾ ਤਹਾ ਉਠਿ ਧਾਵੈ॥ ( ਮ:੫/੪੦੩)

ਗੁਰੂ ਸਾਹਿਬ ਜੀ ਨੇ ਕਮਲ ਦੇ ਫੁੱਲ ਤੇ ਮੁਰਗਾਈ ਦੀ ਉਦਾਹਰਨ ਦੇ ਕੇ ਗੁਰਸਿੱਖ ਨੂੰ ਸੰਸਾਰ ਦੀਆਂ ਆਸਾਂ ਵਲੋਂ ਨਿਰਾਸ ਰਹਿਣ ਦੀ ਜੁਗਤ ਵੀ ਸਿਖਾਈ ਹੈ: ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ, ਨਾਨਕ ਨਾਮੁ ਵਖਾਣੈ॥’’ (ਮ:੧/੯੩੮) ਭਾਵ ਕਿ ਦੁਨੀਆਂ ਦੀ ਮਾਇਆ ਖਾਤਰ ਸੰਸਾਰ ’ਚ ਐਨਾ ਵੀ ਖਚਿਤ ਨਾ ਹੋ ਜਾਵੋ ਕਿ ਇਸ ਦੁਨੀਆਂ ਕਾਰਨ ਤੁਹਾਡਾ ਦੀਨ ਹੀ ਜਾਂਦਾ ਰਹੇ: ‘‘ਦੁਨੀਆ ਕਾਰਣਿ ਦੀਨੁ ਗਵਾਇਆ॥’’ (ਮ:੧/੧੪੧੦)

ਗੁਰਸਿੱਖ ਦਾ ਕਿਰਦਾਰ ਤਾਂ ਸਗੋਂ ‘‘ਦੁਨੀਆ ਵਿਚਿ ਪਰਾਹੁਣਾ; ਦਾਵਾ ਛਡਿ, ਰਹੈ ਲਾ ਦਾਵੈ॥’’ (ਭਾਈ ਗੁਰਦਾਸ ਜੀ/ਵਾਰ ੨੯) ਵਾਲਾ ਹੀ ਹੋਣਾ ਚਾਹੀਦਾ ਹੈ, ਕਿਉਂਕਿ ਉਸ ਦਾ ਮਕਸਦ ਗ਼ਲਤ ਤਰੀਕਿਆਂ ਰਾਹੀਂ ਧਨ ਇਕੱਤਰ ਕਰਨ ਦਾ ਨਹੀਂ ਬਲਕਿ ਵਰਤਮਾਨ ’ਚ ਰਹਿੰਦਿਆਂ ਗੁਜ਼ਰਾਨ ਵਾਸਤੇ ਧਨ ਪ੍ਰਾਪਤੀ ਲਈ ਸੱਚੀ-ਸੁੱਚੀ ਕਿਰਤ ਕਰਨਾ ਹੀ ਹੁੰਦਾ ਹੈ।

ਸੋ, ਧਰਮ ਦੀ ਕਿਰਤ ਕਰਨ ਵਾਲੇ ਗੁਰਸਿੱਖ ਉੱਤੇ ਗੁਰਬਾਣੀ ਦੇ ਇਹ ਬੋਲ ਕਦੀ ਵੀ ਲਾਗੂ ਨਹੀਂ ਹੁੰਦੇ: ‘‘ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ; ਬਹੁ ਰੋਲ ਘਚੋਲਾ ॥’’ (ਮ: ੩/੩੧੩)

A gursikh truly understands that he is a guest in this world, thus lives without making any claim for himself. ਗੁਰੂ ਦੇ ਪਿਆਰੇ ਗੁਰਸਿੱਖ ਨੇ ਇਹ ਵੀ ਸਮਝ ਲਿਆ ਹੁੰਦਾ ਹੈ ਕਿ ਇਸ ਧਨ ਕਾਰਨ ਬਹੁਤੀ ਲੋਕਾਈ ਖ਼ੁਆਰ ਹੁੰਦੀ ਹੈ ਤੇ ਪਾਪ, ਜ਼ੁਲਮ ਕਰਨ ਤੋਂ ਬਿਨਾ ਦੌਲਤ ਇਕੱਠੀ ਨਹੀਂ ਹੋ ਸਕਦੀ ਤੇ ਮਰਨ ਵੇਲੇ ਇਹ ਨਾਲ ਨਹੀਂ ਜਾਂਦੀ, ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ ( ਮ:੧/੪੧੭)

ਵੇਖੋ ! ਗੁਰੂ ਨਾਨਕ ਦੇ ਘਰ ਦੀ ਵਡਿਆਈ ਕਿ ਗੁਰੂ ਆਪਣੇ ਸਿੱਖ ਨੂੰ ਸੰਸਾਰ ’ਚ ਵਿਚਰਨ ਲਈ ਸਰਬ-ਉੱਚ ਸੰਸਾਰੀ ਜੀਵਨ ਜਾਚ ਸਿਖਾਉਣ ਦੇ ਨਾਲ ਹੀ ਅਧਿਆਤਮਿਕ ਜੀਵਨ ਲਈ ਮਾਰਗ ਦਰਸ਼ਨ ਤੇ ਅਗਾਂਹ ਦੀ ਸੋਝੀ ਵੀ ਪ੍ਰਦਾਨ ਕਰਦਾ ਹੈ ਤਾਂ ਕਿ ਗੁਰਸਿੱਖ ਦੇ ਲੋਕ ਅਤੇ ਪਰਲੋਕ ਦੋਵੇਂ ਹੀ ਸੁਧਰ ਜਾਣ (ਹਲਤੁ ਪਲਤੁ ਦੁਇ ਲੇਹੁ ਸਵਾਰਿ॥ ਮ: ੫/੨੯੩) ਗੁਰੂ ਨਾਨਕ ਦੇ ਨਿਆਰੇ ਮਤ ਦਾ ਮਕਸਦ ਸਿੱਖ ਨੂੰ ‘‘ਜੀਵਤਿਆ ਮਰਿ ਰਹੀਐ॥’’ ਦੀ ਜੁਗਤਿ ਸਿਖਾਉਣਾ ਹੈ ਜਦ ਕਿ ਕੁਝ ਹੋਰ ਅਨਮਤਾਂ ’ਚ ਉਸ ਦੇ ਅਨੁਯਾਈਆਂ ਨੂੰ ਮਰਨ ਤੋਂ ਬਾਅਦ ਵੀ ਵੱਡੀ ਪੱਧਰ ਤੇ ਭੋਗ ਬਿਲਾਸ ਮਾਣੇ ਜਾ ਸਕਣ ਦਾ ਭਰੋਸਾ ਦਿੱਤਾ ਜਾਂਦਾ ਹੈ। ਗੁਰੂ ਦੇ ਲੜ ਲਗਿਆ ਗੁਰਸਿੱਖ ਸਹਿਜੇ ਹੀ ਸਮਝ ਲੈਂਦਾ ਹੈ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ ॥’’ ( ਮ:੩/੬੫੧) ਦਾ ਅਸਲ ਕਾਰਨ, ਮਨ ਦਾ ਅਨਿਕ ਪ੍ਰਕਾਰ ਦੇ ਵਿਸ਼ੇ-ਵਿਕਾਰਾਂ ਪ੍ਰਤੀ ਖਿੱਚ ਹੈ। ਕਈ ਯਤਨ ਕਰਨ ਦੇ ਬਾਵਜੂਦ ਵੀ ਇਹ ਮਨ ਮੁੜ-ਮੁੜ ਵਿਸ਼ਿਆਂ ਦੀ ਵਾਸ਼ਨਾ ਨੂੰ ਜਾ ਚੰਬੜਦਾ ਹੈ, ਜਿਸ ਸਦਕਾ ਜੀਵ-ਆਤਮਾ ਦਾ ਆਵਾਗਉਣ ਚਲਦਾ ਰਹਿੰਦਾ ਹੈ:

ਬਿਖੈ ਬਿਖੈ ਕੀ ਬਾਸਨਾ; ਤਜੀਅ ਨਹ ਜਾਈ ॥ ਅਨਿਕ ਜਤਨ ਕਰਿ ਰਾਖੀਐ; ਫਿਰਿ ਫਿਰਿ ਲਪਟਾਈ ॥ (ਭਗਤ ਕਬੀਰ ਜੀ/੮੫੫)

ਅਕਾਲ ਪੁਰਖ ਨਾਲ ਡੂੰਘੀ ਸਾਂਝ ਪਾਉਣ ਦੀ ਤਾਂਘ ਰੱਖਣ ਵਾਲਾ ਗੁਰੂ ਦਾ ਪਿਆਰਾ ਸਿੱਖ, ਅਕਾਲ ਪੁਰਖ ਨੂੰ ਹਿਰਦੇ ’ਚ ਵਸਾ ਕੇ, ਮਿਹਨਤ ਨਾਲ ਰੋਜ਼ੀ ਕਮਾਉਂਦਿਆਂ ਹੋਇਆਂ ਹੁਣ ਵੰਡ ਛਕਣਾ ਵੀ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਜੋਤ-ਸਰੂਪੀ ਮਨ ਨੂੰ ਲੋਭ, ਮੋਹ ਤੇ ਹੋਰ ਵਿਸ਼ੇ-ਵਿਕਾਰਾਂ ਦੇ ਬੰਧਨ ਤੋਂ ਅਜ਼ਾਦ ਕਰਵਾ ਕੇ, ਮੁੜ ਨਿਰਲੇਪਤਾ ਦੀ ਜਾਚ ਸਿਖਾਈ ਜਾ ਸਕੇ:

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ! ਰਾਹੁ ਪਛਾਣਹਿ ਸੇਇ ॥ (ਮ:੧/੧੨੪੫)

ਇੰਞ, ਗੁਰੂ ਦਾ ਸਿੱਖ ਸੱਚੇ ਸਾਈਂ ਦੀ ਯਾਦ ’ਚ ਧਰਮ ਦੀ ਕਿਰਤ ਕਰਦਿਆਂ ਹੋਇਆਂ ਦਸਵੰਧ ਦੇ ਸੁਨਹਿਰੇ ਸਿਧਾਂਤ ਨੂੰ ਵੀ ਬਹੁਤ ਖੁਸ਼ੀ ਨਾਲ ਅਪਣਾਉਂਦਾ ਹੈ ਤਾਂ ਕਿ ਸ਼ਖ਼ਸੀ ਜੀਵਨ ਦੀ ਥਾਂ ਭਾਈਚਾਰਿਕ ਜੀਵਨ ਬਸਰ ਕੀਤਾ ਜਾ ਸਕੇ:

ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ॥ (ਮ: ੪/੬੪੮)

Gursikh now understands that sharing is the essence of life and truly the purest form of unconditional love, so he shares the earnings unconditionally thus teaching himself the art of detachment.

ਸਾਨੂੰ ਸੰਗਤ ਵਜੋਂ ਹਮੇਸ਼ਾਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਸਿੱਖੀ ਪਹਿਰਾਵੇ ’ਚ ਸੱਜ ਕੇ ਹਰ ਕੋਈ ਗੁਰਮਤਿ ਸਿਧਾਂਤ ਹੀ ਪ੍ਰਚਾਰਦਾ ਹੁੰਦਾ ਹੈ। ਜਿਹੜਾ ਕੋਈ ਇਹ ਪ੍ਰਚਾਰੇ ਕਿ ਸਿੱਖ ਲਈ ਕਿਰਤ ਕਰਨਾ ਜ਼ਰੂਰੀ ਨਹੀਂ, ਉਸ ਨੂੰ ਗੁਰਮਤਿ ਦੇ ਕਟਹਿਰੇ ’ਚ ਖੜ੍ਹਾ ਕਰ ਕੇ ਜ਼ਰੂਰ ਸਵਾਲ ਕਰੋ ਕਿ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਜੀਵਨ ਨਿਰਬਾਹ ਕਿਵੇਂ ਸੰਭਵ ਹੋ ਰਿਹਾ ਹੈ ? ਸ਼ਾਇਦ ਇਹ ਉਹੀ ਲੋਕ ਹਨ ਜਿਹੜੇ ਸਿੱਖਾਂ ਨੂੰ ਭੋਰਿਆਂ ’ਚ ਬੈਠਿਆਂ ਵੇਖਣਾ ਚਾਹੁੰਦੇ ਹਨ ਤਾਂ ਕਿ ਸਿੱਖ ਆਪਣੀ ਸਾਰੀ ਸ਼ਕਤੀ ਕਿਸੇ ਕਾਲਪਨਿਕ ਨਾਮ ਦੀ ਧੁਨੀ (ਜਾਂ ਫਿਰ ਨਾੜੀਆਂ ਦੀ ਘੂੰ-ਘੂੰ) ਸੁਣਨ ’ਤੇ ਹੀ ਬਰਬਾਦ ਕਰ ਦੇਣ ਤੇ ਆਰਥਿਕ ਪੱਖ ਤੋਂ ਕਮਜ਼ੋਰ ਹੋ ਜਾਣ, ਪਰ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਜਿਸ ਨਿਰਮਲ ਪੰਥ ਨੂੰ ਚਲਾਉਣ ਵਾਲੇ ਨੇ ਖੁਦ ਹੱਥੀਂ ਕਿਰਤ ਕਰ ਕੇ ਇਸ ਕੁਦਰਤੀ ਸਿਧਾਂਤ ਨੂੰ ਆਪਣੇ ਸਿੱਖਾਂ ਦੀ ਹੱਡੀਂ ਰਚਾ ਦਿੱਤਾ ਹੋਵੇ, ਉਹ ਕੌਮ ਰਹਿੰਦੀ ਦੁਨੀਆਂ ਤੱਕ ਸੱਚੀ-ਸੁੱਚੀ ਕਿਰਤ ਕਰ ਕੇ ਤਰੱਕੀ ਦੀ ਬੁਲੰਦੀ ਨੂੰ ਛੂੰਹਦੀ ਹੀ ਰਹੇਗੀ।

ਵਿਸ਼ੇ ਨੂੰ ਸਮਾਪਤ ਕਰਦਿਆਂ ਸਾਰ-ਅੰਸ਼ ਵਜੋਂ ਯਾਦ ਰੱਖੀਏ ਕਿ ਨਾਨਕ-ਗੋਬਿੰਦ ਦਾ ਗੁਰਸਿੱਖ, ਗੁਰਮਤਿ ਅਨੁਸਾਰੀ ਹੋ ਕਿਰਤ ਕਰਦਿਆਂ, ਨਾਮ ਜਪਦਿਆਂ (ਗੁਰਬਾਣੀ ਅਧਿਐਨ ਕਰਦਿਆਂ) ਤੇ ਵੰਡ ਛਕਦਿਆਂ ਹੋਇਆਂ, ਸੰਸਾਰ ’ਚ ਆਉਣ ਦਾ ਮਕਸਦ ਸਹਿਜੇ ਹੀ ਪੂਰਾ ਕਰ ਜਾਂਦਾ ਹੈ:

ਨਾਨਕ ! ਸਤਿਗੁਰਿ ਭੇਟਿਐ; ਪੂਰੀ ਹੋਵੈ ਜੁਗਤਿ ॥

ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥ (ਮ: ੫/੫੨੨)