ਕੇ ਪੀ ਐਸ ਗਿੱਲ ਬਨਾਮ ਰੂਪਨ ਦਿਓਲ ਬਜਾਜ

0
264

ਅੱਜ (28-5-2017) ਜਦੋਂ ਦਿੱਲੀ ਦੇ ਹੀਰੋ ਕੇ.ਪੀ.ਐਸ.ਗਿੱਲ ਦਾ ਅੰਤਮ ਸੰਸਕਾਰ ਹੈ, ਸੋਚਿਆ (ਦਿੱਲੀ ਦੇ ਹੀਰੋ ਅਤੇ ਪੰਜਾਬ ਦੀ ਅਣਖੀ ਧੀ ਦੀ ਕਹਾਣੀ, ਜਿਸ ਵਿੱਚ ਪੰਜਾਬ ਦੀ ਅਣਖੀ ਧੀ ਨੂੰ ਕਾਫੀ ਤਸੀਹੇ ਅਤੇ ਬਦਨਾਮੀ ਸਹਿਣ ਤੋਂ ਬਾਅਦ ਇਨਸਾਫ ਮਿਲਿਆ) ਇਹ ਕਹਾਣੀ ਬਿਆਨ ਕਰ ਦਿਆਂ……

20 ਜੁਲਾਈ 1988 ਨੂੰ ਉਸ ਵੇਲੇ ਦੇ ਪੁਲਿਸ ਮੁਖੀ ਕੇ ਪੀ ਐੱਸ ਗਿੱਲ ਦੇ ਸਨਮਾਨ ਵਿਚ ਪਾਰਟੀ ਦਿੱਤੀ ਜਾ ਰਹੀ ਸੀ ! ਚੰਡੀਗੜ੍ਹ ਤੇ ਪੰਜਾਬ ਦੀ ਟਾਪ ਕਲਾਸ ਪੁਲਿਸ ਤੇ ਸਿਵਿਲ ਅਫਸਰਸ਼ਾਹੀ ਓਥੇ ਮੌਜੂਦ ਸੀ ! ਰਾਤ ਦੇ 10 ਵਜੇ ਸ਼ਰਾਬ ਦੇ ਲੋਰ ਵਿਚ ਕੇ ਪੀ ਐਸ ਗਿੱਲ ਨੇ ਇੱਕ ਔਰਤ ਆਈ .ਏ .ਐਸ ਅਧਿਕਾਰੀ “ਰੂਪਨ ਦਿਓਲ ਬਜਾਜ” ਨੂੰ ਅਸ਼ਲੀਲ ਇਸ਼ਾਰਾ ਕੀਤਾ !  ਉਸ ਨੇ ਅੱਗੋਂ ਨਜਰ ਅੰਦਾਜ ਕਰ ਦਿੱਤਾ ! ਅੱਗੋਂ ਇਸ ਨੇ ਸ਼ਰੇਆਮ ਐਸੀ ਹਰਕਤ ਕਰ ਦਿੱਤੀ ਕਿ ਉਸ ਔਰਤ ਅਫਸਰ ਦੀ ਅੰਤਰ ਆਤਮਾ ਬੁਰੀ ਤਰਾਂ ਵਲੂੰਧਰੀ ਗਈ .! ਉਸ ਹੰਕਾਰੇ ਹੋਏ ਇਨਸਾਨ ਨੂੰ ਆਪਣੇ ਕੀਤੇ ਦੀ ਸਜਾ ਦੁਆਉਣ ਲਈ 28 ਜੁਲਾਈ ਨੂੰ ਪੁਲਿਸ ਕੇਸ ਦਰਜ ਕਰਵਾ ਦਿੱਤਾ ! ਓਨੀਂ ਦਿਨੀ “ਕੇ ਪੀ ਐਸ ਗਿੱਲ” ਨਾਮ ਦੇ ਇਸ ਇਨਸਾਨ ਨੂੰ ਦੇਸ਼ ਦੀ ਸਾਰੀ ਪ੍ਰੈਸ ,ਅਫਸਰਸ਼ਾਹੀ ,ਰਾਜਨੈਤਿਕ ਆਦਿ ਲੋਬੀ ਤੇ ਟੀ .ਵੀ ਚੈਨਲ ਰੱਬ ਦਾ ਦਰਜਾ ਦੇ ਚੁੱਕੇ ਸੀ !  ਇਸ ਨੂੰ ਹਰ ਗੁਨਾਹ, ਹਰ ਕਤਲ, ਹਰ ਬਦਤਮੀਜ਼ੀ, ਹਰ ਵਧੀਕੀ ਮੁਆਫ ਸੀ ! ਇਸ ਵੱਲੋਂ ਕਰਵਾਏ ਜਾਂਦੇ ਹਰ ਝੂਠੇ ਸੱਚੇ ਮੁਕਾਬਲੇ ਨੂੰ “ਅੱਤਵਾਦ ਦੇ ਖਿਲਾਫ ਮੁਹਿੰਮ” ਦੇ ਨਾਮ ਵਾਲੀ ਚਾਦਰ ਪਾ ਕੇ ਢੱਕ ਦਿੱਤਾ ਜਾਂਦਾ ਸੀ ! ਕਿਸੇ ਵੀ ਸਾਬਤ ਸੂਰਤ ਨੌਜੁਆਨ ਦੀ ਜਿੰਦਗੀ ਯਾ ਮੌਤ ਦਾ ਫੈਸਲਾ ਇਹ ਇਨਸਾਨ ਚੰਡੀਗੜ ਦੇ ਪੰਜ ਸਿਤਾਰਾ ਹੋਟਲ ਵਿਚ ਬੈਠਿਆਂ ਵਿਸਕੀ ਦੇ ਘੁੱਟ ਅੰਦਰ ਲੰਘਾਉਂਦਿਆ ਮਿੰਟਾਂ ਸਕਿੰਟਾਂ ਵਿਚ ਕਰ ਦਿਆ ਕਰਦਾ ਸੀ !  ਕਾਨੂੰਨ, ਅਦਾਲਤਾਂ, ਅਪੀਲ, ਦਲੀਲ, ਜੱਜ ਵਕੀਲ …..ਸਬ ਕੁਝ ਇਹ ਆਪ ਹੀ ਸੀ ! ਖੈਰ , ਸਾਰੀ ਅਫਸਰਸ਼ਾਹੀ ਹੱਥ ਧੋ ਕੇ ਰੂਪਨ ਦਿਓਲ ਬਜਾਜ ਦੇ ਮਗਰ ਪੈ ਗਈ ! ਮੁਕਦਮਾ ਵਾਪਸ ਲੈਣ ਲਈ ਚਾਰੇ ਪਾਸਿਓਂ ਜ਼ੋਰ ਪੈਣ ਲੱਗਾ ! ਪੈਰ ਪੈਰ ਤੇ ਜਲੀਲ ਕੀਤਾ ਜਾਣ ਲੱਗਾ …ਬਿਨ ਮੰਗੀਆਂ ਸਲਾਹਾਂ ਤੇ ਗੁੰਮਨਾਮ ਧਮਕੀਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ! ਅਫਸਰਾਂ ਦੀ ਟੈਲੀਫੋਨ ਲਿਸਟ ਵਿਚੋਂ ਇਸ ਔਰਤ ਅਫਸਰ ਦਾ ਨਾਮ ਕੱਟ ਦਿੱਤਾ …ਸਰਕਾਰੀ ਕੈਲੰਡਰ ਵਿਚੋਂ ਫੋਟੋ ਹਟਾ ਦਿੱਤੀ …ਵੱਡੇ ਅਹੁਦੇ ਤੋਂ ਹਟਾ ਕੇ ਮਾਮੂਲੀ ਜਿਹੀ ਪੋਸਟ ਦੇ ਦਿੱਤੀ !  ਜਗਾ ਜਗਾ ਮਜਾਕ ਦਾ ਪਾਤਰ ਬਣਨ ਲੱਗੀ !  ਮਾਨਸਿਕ ਰੂਪ ਵਿਚ ਪ੍ਰੇਸ਼ਾਨ ਕਰਨ ਲਈ ਪਤੀ ਬੀ .ਆਰ .ਬਜਾਜ (IAS ) ਤੇ ਵੀ ਦਬਾਅ ਪੈਣ ਲੱਗਾ ! ਪਰ ਫੌਜ ਦੇ ਰੀਟਾ. ਕਰਨਲ ਇਕ਼ਬਾਲ ਸਿੰਘ ਦਿਓਲ ਦੇ ਘਰ ਜਨਮੀ ਜਾਗਦੀ ਜਮੀਰ ਵਾਲੀ ਇਹ ਔਰਤ ਚੱਟਾਨ ਵਾਂਗ ਡਟੀ ਰਹੀ ! ਉਸ ਵੇਲੇ ਦਾ ਰਾਜਪਾਲ ਸਿਧਾਰਥ ਸ਼ੰਕਰ ਰੇਅ ਅਤੇ ਉਸ ਦਾ ਸਿਕਿਓਰਿਟੀ ਅਡਵਾਈਜ਼ਰ ਜੇ .ਐਫ .ਰਿਬਿਰੋ ਇਹਨਾਂ ਕੋਸ਼ਿਸ਼ਾਂ ਵਿਚ ਸਨ ਕਿ ਕਿਸੇ ਤਰਾਂ ਇਹ ਮੁਕੱਦਮਾ ਖਾਰਜ ਹੋ ਜਾਵੇ ! ਆਖਿਰ 2005 ਵਿਚ ਦੇਸ਼ ਦੀ ਸਰਵਉੱਚ ਅਦਾਲਤ ਨੇ ਨਿਚਲੀ ਅਦਾਲਤ ਵੱਲੋਂ ਸੁਣਾਈ 3 ਸਾਲ ਦੀ ਸਜਾ ਘਟਾ ਕੇ 2 ਮਹੀਨੇ ਕਰ ਦਿਤੀ ਤੇ ਮਗਰੋਂ ਇਹ ਪ੍ਰੋਬੇਸ਼ਨ ਵਿਚ ਬਦਲ ਦਿੱਤੀ !  ਅਦਾਲਤ ਵਲੋਂ ਮਿਲਿਆ 2 ਲੱਖ ਦਾ ਮੁਆਵਜਾ ਵੀ ਉਨਾਂ ਔਰਤਾਂ ਦੀ ਸੰਸਥਾ ਨੂੰ ਦਾਨ ਕਰ ਦਿੱਤਾ ਜਿਹੜਾ ਔਰਤਾਂ ਦੇ ਹਿੱਤਾਂ ਲਈ ਸੰਘਰਸ਼ੀਲ ਸੀ ! ਜਿਕਰਯੋਗ ਹੈ ਕਿ ਇਹ ਬਹਾਦਰ ਔਰਤ ਖੁਦ IAS ਅਧਿਕਾਰੀ ਸੀ …ਪਤੀ ਵੀ ਸੀਨੀਅਰ IAS ਅਫਸਰ , ਭਰਾ ਸ਼ਮਸ਼ੇਰ ਸਿੰਘ ਦਿਓਲ IPS (ਕਮਿਸ਼ਨਰ ਦਿੱਲੀ ਪੁਲਿਸ ) ਭਾਬੀ ਕੰਵਲਜੀਤ ਦਿਓਲ IPS (ਅਸਿਸਟੈਂਟ ਕਮਿਸ਼ਨਰ ਦਿੱਲੀ ਪੁਲਿਸ ) ਤੇ ਪਿਤਾ ਭਾਰਤੀ ਫੌਜ ਦਾ ਰਿਟਾਇਰਡ ਕਰਨਲ ਇਕਬਾਲ ਸਿੰਘ ਦਿਓਲ ! ਵਿਚਾਰਨ ਵਾਲੀ ਗੱਲ ਹੈ ਕਿ ਜੇ ਇਸ ਪੱਧਰ ਦੇ ਉੱਚ ਅਫਸਰਾਂ ਵਾਲੇ ਪਰਿਵਾਰ ਨਾਲ ਸਬੰਧਿਤ ਹੁੰਦਿਆਂ ਹੋਇਆ ਵੀ ਇੱਕ ਛੋਟਾ ਜਿਹਾ ਇਨਸਾਫ ਲੈਣ ਵਾਸਤੇ ਇੰਨਾ ਵੱਡਾ ਸੰਘਰਸ਼ ਕਰਨਾ ਪਿਆ ਤਾਂ ਉਸ ਵੇਲੇ ਓਹਨਾਂ ਆਮ ਪੇਂਡੂ ਗਰੀਬ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੋਵੇਗਾ ਜਿਨ੍ਹਾਂ ਦੇ ਪਰਿਵਾਰਿਕ ਜੀਅ ਅਤੇ ਨੌਜੁਆਨ ਔਲਾਦਾਂ ਪੁੱਛਗਿੱਛ ਦੇ ਬਹਾਨੇ ਦਿਨ ਦਿਹਾੜੇ ਚੁੱਕ ਲਈਆਂ ਜਾਂਦੀਆਂ ਸਨ ! ਘੱਟੇ ਮਿੱਟੀ ਨਾਲ ਭਰੀਆਂ ਹਨੇਰੇ ਕਮਰਿਆਂ ਵਿਚ ਸੁੱਟ ਦਿੱਤੀਆਂ ਇਤਿਹਾਸਿਕ ਫਾਈਲਾਂ ਦੇ ਕਿਸੇ ਅਣਗੌਲੇ ਪੰਨੇ ਦੀ ਅਣਗੌਲੀ ਘਟਨਾ ਨੂੰ ਸਾਂਝੇ ਕਰਨ ਦਾ ਮਕਸਦ ਸਿਰਫ ਤੇ ਸਿਰਫ ਇਹ ਹੈ ਕਿ ਓਹਨਾਂ ਲੋਕਾਂ ਦੀ ਹਕੀਕਤ ਅਜੋਕੀ ਪੀੜੀ ਨਾਲ ਸਾਂਝੀ ਕੀਤੀ ਜਾਵੇ, ਜਿਹੜੇ ਸਮੇਂ ਦੀਆਂ ਹਕੂਮਤਾਂ ਨੇ “ਹੀਰੋ’ ਬਣਾ ਕੇ ਪੇਸ਼ ਕੀਤੇ !