ਜਗਤ ਦੀ ਖੇਡ
ਰੰਗ-ਬਿਰੰਗਾ ਜਗ ਤਮਾਸ਼ਾ, ਜਿਸ ਦਾ ਹੁੰਦਾ ਜ਼ਿਕਰ ਉਲੇਖ ।
ਸੂਰਜ, ਰੁੱਤਾਂ, ਤਪਣ ਮਹੀਨੇ, ਤਨ ਮਨ ਸੜਿਆ ਮਾਰੇ ਸੇਕ ।
ਕਾਜ਼ੀ, ਹਾਜੀ, ਗੁਰੂ ਅਨੇਕਾਂ, ਮੋਨੀ, ਜੋਗੀ, ਮੁੱਲਾਂ, ਸ਼ੇਖ ।
ਕਾਲੇ, ਪੀਲੇ, ਭਗਵੇ ਚੋਲ਼ੇ, ਧਾਰ ਲਏ ਨੇ ਰੂਪ ਅਨੇਕ ।
ਚੋਰ ਉਚੱਕੇ, ਠੱਗ ਲੁਟੇਰੇ, ਪਾਪੀ ਦੰਭੀ ਸਾਧੂ ਭੇਖ ।
ਪੈਰਾਂ ਦੇ ਵਿਚ ਸੂਲ਼ਾਂ ਕੰਡੇ, ਵਿਚ ਕਲੇਜੇ ਖੁੱਭੇ ਮੇਖ ।
ਸੂਲ਼ਾਂ ਵਰਗੇ ਬੋਲ ਸੁਣੀਦੇ, ਹਿਰਦੇ ਅੰਦਰ ਪਾਉਂਦੇ ਛੇਕ ।
ਆਪੂੰ ਸੁੱਤੇ, ਲੋਕ ਜਗਾਵਣ, ਰੋਲ਼ਾ ਪਾਉਂਦੇ ਲਾ ਲਾ ਹੇਕ ।
ਸਭਨਾ ਉੱਪਰ ਏਕੋ ਸੱਚਾ, ਸ਼ਰਨ ਇੱਕ ਦੀ ਰੱਖੀਂ ਟੇਕ ।
ਛੱਡ ਦੇ ਭਰਮ ਭੁਲੇਖੇ ਭਟਕਣ, ਸੋਈ ਪ੍ਰਾਪਤ ਲਿਖਿਆ ਲੇਖ ।
ਅੱਖਾਂ ਖੁੱਲ਼ੀਆਂ ਕੁੱਝ ਨਾ ਬੋਲੀਂ, ਖੜ੍ਹ ਕੇ ‘ਸਹਿਜ’ ਤਮਾਸ਼ਾ ਦੇਖ ।
ਸਾਰੀ ਦੁਨੀਆ ਡੋਬਣਹਾਰੀ, ਆਪੇ ਲਾਜ ਰੱਖੇਗਾ ਏਕ ।
ਐਚ. ਐਸ. ਸਹਿਜ