(ਕਾਵਿ-ਵਿਅੰਗ)
ਠੰਢ ਰੱਖਿਆਂ ਹੁੰਦੇ ਨੇ ਹੱਲ ਮਸਲੇ
ਰੋਟੀ ਚੋਪੜੀ ਘਣੇ ਹੈ ਦੁੱਖ ਦਿੰਦੀ,
ਫਿਰ ਵੀ ਖਾਣ ਤੋਂ ਆਉਂਦੇ ਨਾ ਬਾਜ ਬਹੁਤੇ।
ਠੰਢ ਰੱਖਿਆਂ ਹੁੰਦੇ ਨੇ ਹੱਲ ਮਸਲੇ,
ਗਰਮੀ ਖਾਧਿਆਂ ਵਿਗੜਦੇ ਨੇ ਕਾਜ ਬੁਹਤੇ।
ਉੱਥੇ ਸੁਰ ਤੇ ਤਾਲ ਦਾ ਮੇਲ਼ ਕੋਈ ਨਾ,
ਵੱਜਦੇ ਆਪ ਮੁਹਾਰੇ ਜਿੱਥੇ ਸਾਜ ਬਹੁਤੇ।
ਜੋ ਆਏ ਜ਼ੁਬਾਨ ’ਤੇ ਕਹਿ ਦਿੰਦਾ,
ਤਾਂ ਹੀ ‘ਚੋਹਲੇ’ ਨਾਲ ਰਹਿਣ ਨਰਾਜ਼ ਬਹੁਤੇ।
——————————————————————————————————
ਜਿਸ ਬੰਦੇ ਦੀ ਹੋਵੇ ਔਲਾਦ ਮਾੜੀ
ਸੱਚੇ ਬੰਦੇ ਦੀ ਸਦਾ ਹੀ ਜਿੱਤ ਹੁੰਦੀ,
ਬੇੜਾ ਝੂਠੇ ਦਾ ਹੁੰਦਾ ਹੈ ਗਰਕ ਮੀਆਂ।
ਬਿਨਾਂ ਕੀਤਿਆਂ ਕਦੇ ਨਾ ਕੁੱਝ ਹੋਵੇ,
ਤਰਕਸ਼ੀਲਾਂ ਦਾ ਹੁੰਦਾ ਇਹ ਤਰਕ ਮੀਆਂ।
ਜਿਸ ਬੰਦੇ ਦੀ ਹੋਵੇ ਔਲਾਦ ਮਾੜੀ,
ਉਹ ਤਾਂ ਭੋਗਦਾ ਇੱਥੇ ਹੀ ਨਰਕ ਮੀਆਂ।
ਨਿੰਦਦੇ ਭੰਡਦੇ ‘ਚੋਹਲੇ’ ਨੂੰ ਲੋਕ ਭਾਵੇਂ,
ਪੈਂਦਾ ਉਸ ਨੂੰ ਕਦੇ ਨਾ ਫ਼ਰਕ ਮੀਆਂ।
ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719