ਬਾਬਾ ਸ਼ੇਖ਼ ਫ਼ਰੀਦ ਜੀ (ਜੀਵਨ, ਸ਼ਖ਼ਸੀਅਤ, ਫ਼ਲਸਫ਼ਾ)
ਕਿਰਪਾਲ ਸਿੰਘ (ਬਠਿੰਡਾ)- 98554-80797
ਬਾਬਾ ਫ਼ਰੀਦ ਜੀ ਦੇ ਵੰਸ਼ ਦੀ ਕਹਾਣੀ ਬੜੀ ਦਿਲਚਸਪ ਹੈ। ਫ਼ਰੀਦ ਜੀ ਦੀਆਂ ਜੜ੍ਹਾਂ ਜਿੱਥੇ ਮਜ਼੍ਹਬ ਦੇ ਵਿਹੜੇ ਵਿੱਚ ਡੂੰਘੀਆਂ ਲੱਗੀਆਂ ਹੋਈਆਂ ਸਨ ਉੱਥੇ ਸਮੇਂ ਦੇ ਮੁਸਲਮਾਨ ਬਾਦਸ਼ਾਹਾਂ ਨਾਲ ਵੀ ਉਨ੍ਹਾਂ ਦਾ ਕਰੀਬੀ ਰਿਸ਼ਤਾ ਰਿਹਾ ਸੀ। ਉਨ੍ਹਾਂ ਦੇ ਵਡੇਰੇ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੀ ਵੰਸ਼ ਵਿੱਚੋਂ ਸਨ। ਫ਼ਰੀਦ ਜੀ ਦੇ ਦਾਦਾ ਸ਼ੇਖ ਸ਼ਈਬ, ਗ਼ਜ਼ਨੀ ਦੇ ਬਾਦਸ਼ਾਹ ਦੇ ਭਰਾ ਸਨ ਜੋ ਗ਼ਜ਼ਨੀ ਤੇ ਕਾਬੁਲ ਦੀ ਆਪਸੀ ਹਿੰਸਕ ਗੜਬੜੀ ਤੋਂ ਤੰਗ ਆ ਕੇ 12ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਆ ਵੱਸੇ ਸਨ। ਸ਼ੇਖ ਸ਼ਈਬ, ਪਰਿਵਾਰ ਸਮੇਤ, ਪੰਜਾਬ ਦੇ ਕਸੂਰ, ਦੀਪਾਲਪੁਰ ਆਦਿ ਥਾਵਾਂ ’ਤੇ ਆਰਜ਼ੀ ਤੌਰ ’ਤੇ ਵਿਚਰਦੇ ਹੋਏ ਅੰਤ ਕੋਠੀਵਾਲ, ਜਿਸ ਨੂੰ ਹੁਣ ਚਾਵਲੀ ਮਸ਼ਾਇਖ਼ਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿੱਚ ਪੱਕੇ ਤੌਰ ’ਤੇ ਵੱਸ ਗਏ। ਪੇਸ਼ੇ ਵਜੋਂ ਉਹ ਮੌਲਵੀ ਸਨ। ਸ਼ੇਖ ਸ਼ਈਬ ਦੇ ਵੱਡੇ ਪੁੱਤ੍ਰ ਦਾ ਨਾਮ ਜਮਾਲਉੱਦੀਨ ਸੁਲੇਮਾਨ ਸੀ ਜਿਨ੍ਹਾਂ ਦੇ ਘਰ ਬਾਬਾ ਫ਼ਰੀਦ ਜੀ ਨੇ ਜਨਮ ਲਿਆ।
ਨਾਨਕਿਆਂ ਵੱਲੋਂ ਫ਼ਰੀਦ ਜੀ ਦੀ ਅੰਗਲੀ ਸੰਗਲੀ ਹਜ਼ਰਤ ਮੁਹੰਮਦ ਦੀ ਵੰਸ਼ ਨਾਲ ਜਾ ਜੁੜਦੀ ਹੈ। ਆਪ ਜੀ ਦੀ ਮਾਤਾ ਬੀਬੀ ਮਰੀਅਮ, ਹਜ਼ਰਤ ਅਲੀ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸੱਈਅਦ ਮੁਹੰਮਦ ਅਬਦੁੱਲਾ ਸ਼ਾਹ ਦੀ ਲੜਕੀ ਸੀ। ਹਜ਼ਰਤ ਮੁਹੰਮਦ ਦੇ ਚਾਚਾ ਹਜ਼ਰਤ ਅੱਬਾਸ ਦੀ ਵੰਸ਼ ਵਿੱਚੋਂ ਕਾਬੁਲ ਵਸਨੀਕ ਇੱਕ ਮੌਲਵੀ, ਜਿਸ ਦਾ ਨਾਮ ਵਜੀਹਉਦੀਨ ਸੀ, ਨੇ ਬੀਬੀ ਮਰਿਯਮ ਨੂੰ ਗੋਦ ਲਿਆ ਹੋਇਆ ਸੀ। ਰਾਜਸੀ ਉਥਲ-ਪੁਥਲ ਦੇ ਭੈੜੇ ਪ੍ਰਭਾਵ ਤੋਂ ਬਚ ਕੇ ਹਿੰਦੁਸਤਾਨ ਆਉਣ ਸਮੇਂ, ਮੌਲਵੀ ਵਜੀਹਉੱਦੀਨ ਮੁਤਬੰਨੀ ਬੇਟੀ ਬੀਬੀ ਮਰੀਅਮ ਨੂੰ ਵੀ ਨਾਲ ਹੀ ਲੈ ਆਏ। ਮੌਲਵੀ ਸਾਹਿਬ ਨੇ ਬੀਬੀ ਮਰੀਅਮ ਦੀ ਸ਼ਾਦੀ ਸ਼ੇਖ ਸ਼ਈਬ ਦੇ ਵੱਡੇ ਪੁੱਤ੍ਰ ਜਮਾਲਉੱਦੀਨ ਸੁਲੇਮਾਨ ਨਾਲ ਕਰ ਦਿੱਤੀ। ਇਸ ਦੰਪਤੀ ਦੇ ਘਰ ਤਿੰਨ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ। ਵਿਚਕਾਰਲੇ ਬੇਟੇ ਦਾ ਨਾਮ ਫ਼ਰੀਦਉੱਦੀਨ ਮਸਊਦ (ਬਾਬਾ ਫ਼ਰੀਦ) ਸੀ, ਜੋ 1173 ਈ. ਵਿੱਚ ਪੈਦਾ ਹੋਏ ਸਨ। ਬਾਲ ਅਵਸਥਾ ਵਿੱਚ ਆਪ ਜੀ ਨੇ ਆਪਣੇ ਮਾਪਿਆਂ ਨਾਲ ਮੱਕੇ ਦਾ ਹੱਜ ਕੀਤਾ। ਇਸ ਉਪਰੰਤ ਆਪ ਨੂੰ ਇਸਲਾਮੀ ਤਾਲੀਮ ਹਾਸਿਲ ਕਰਨ ਵਾਸਤੇ ਕਾਬੁਲ ਭੇਜਿਆ ਗਿਆ। ਕਾਬੁਲ ਤੋਂ ਵਾਪਸ ਆ ਕੇ ਇਨ੍ਹਾਂ ਨੇ ਮੁਲਤਾਨ ਵਿਖੇ ਸ਼ੇਖ਼ ਬਹਾਯੁੱਦੀਨ ਜ਼ਕਰੀਆ ਤੋਂ ਵੀ ਮਜ਼੍ਹਬੀ ਇਲਮ ਹਾਸਿਲ ਕੀਤਾ। ਇੱਥੇ ਆਪ ਨੇ ਦਿੱਲੀ ਵਾਲੇ ਖ਼੍ਵਾਜਾ ਕੁਤੁਬੁੱਦੀਨ ਬਖ਼ਤਿਆਰ ਕਾਕੀ ਨੂੰ ਪੀਰ ਧਾਰਨ ਕਰ ਲਿਆ। ਲਗਭਗ ਦੋ ਦਹਾਕੇ ਹਾਂਸੀ (ਹਿਸਾਰ) ਵਿਖੇ ਰਹਿ ਕੇ ਇਸਲਾਮੀ ਵਿੱਦਿਆ ਵਿੱਚ ਪਰਪੱਕਤਾ ਪ੍ਰਾਪਤ ਕੀਤੀ। ਮੁਰਸ਼ਦ ਦੇ ਫ਼ੌਤ ਹੋਣ ਉਪਰੰਤ ਫ਼ਰੀਦ ਜੀ ਅਜੋਧਣ (ਪਾਕਪਟਨ) ਆ ਗਏ। ਸੰਨ 1266 ਵਿੱਚ ਇੱਥੇ ਹੀ ਆਪ ਜੀ ਦਾ ਦੇਹਾਂਤ ਹੋ ਗਿਆ ਸੀ।
ਫ਼ਰੀਦ ਜੀ ਦੇ ਪੰਜ ਪੁੱਤਰ ਤੇ ਤਿੰਨ ਪੁੱਤਰੀਆਂ ਸਨ। ਵੱਡੇ ਪੁੱਤਰ ਦਾ ਨਾਮ ਬਦਰੁੱਦੀਨ ਸੁਲੇਮਾਨ ਸੀ ਜੋ ਆਪ ਤੋਂ ਬਾਅਦ ਗੱਦੀ ’ਤੇ ਵਿਰਾਜਮਾਨ ਹੋਇਆ। ਭਾਈ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਬਾਬਾ ਫ਼ਰੀਦ ਜੀ ਦੀ ਬੰਸਾਵਲੀ ਇਸ ਤਰ੍ਹਾਂ ਹੈ :-
- ਬਾਬਾ ਫ਼ਰੀਦੁੱਦੀਨ ਮਸਊਦ ਸ਼ੱਕਰਗੰਜ਼ (ਬਾਬਾ ਫ਼ਰੀਦ)
- ਦੀਵਾਨ ਬਦਰੁੱਦੀਨ ਸੁਲੈਮਾਨ
- ਖ਼੍ਵਾਜਾ ਦੀਵਾਨ ਪੀਰ ਅਲਾਉੱਦੀਨ
- ਖ਼੍ਵਾਜਾ ਦੀਵਾਨ ਪੀਰ ਮੁਇਜ਼ੁੱਦੀਨ
- ਖ਼੍ਵਾਜਾ ਦੀਵਾਨ ਪੀਰਫ਼ਜ਼ਲ
- ਖ਼੍ਵਾਜਾ ਮੁਨੱਵਰਸ਼ਾਹ
- ਦੀਵਾਨ ਪੀਰ ਬਹਾਉੱਦੀਨ (ਹਾਰੂੰ)
- ਦੀਵਾਨੇ ਸ਼ੇਖ਼ ਅਹਿਮਦ ਸ਼ਾਹ
- ਦੀਵਾਨ ਪੀਰ ਅਤਾਉੱਲਾ
- ਖ਼੍ਵਾਜਾ ਸ਼ੇਖ਼ ਮੁਹੰਮਦ
- ਸ਼ੇਖ਼ ਬ੍ਰਹਮ (ਇਬਰਾਹੀਮ)
ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਫ਼ਰੀਦ ਜੀ ਦੀ ਗੱਦੀ ਉੱਤੇ ਬੈਠੇ ਗਿਆਰਵੇਂ ਗੱਦੀ-ਨਸ਼ੀਨ ਸ਼ੇਖ਼ ਬ੍ਰਹਮ (ਜਿਨ੍ਹਾਂ ਦੇ ਕੁਝ ਨਾਮ ਸ਼ੇਖ਼ ਇਬਰਾਹੀਮ, ਫ਼ਰੀਦ ਸਾਨੀ, ਬਲਰਾਜਾ, ਸਾਲਿਸ ਫ਼ਰੀਦ ਆਦਿਕ ਸਨ) ਜੀ ਨਾਲ ਦੋ ਵਾਰ ਹੋਈ। ਪੁਰਾਣੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਵਿੱਚ ਵੀ ਨਾਮ ‘ਸ਼ੇਖ਼ ਬ੍ਰਹਮ’ ਹੀ ਆਉਂਦਾ ਹੈ। ਇਸੇ ਤੋਂ ਹੀ ਗੁਰੂ ਜੀ ਨੇ ਫ਼ਰੀਦ ਜੀ ਦੀ ਬਾਣੀ ਹਾਸਿਲ ਕੀਤੀ ਹੈ।
ਫ਼ਰੀਦ ਜੀ ਆਪਣੇ ਜੀਵਨ-ਕਾਲ ਵਿੱਚ ਆਰਜ਼ੀ ਤੌਰ ’ਤੇ ਕਈ ਥਾਈਂ ਵਿਚਰੇ। ਕੁੱਝ ਸਮਾਂ ਆਪ ਫ਼ਰੀਦਕੋਟ ਵਿੱਚ ਵੀ ਰਹੇ। ਫ਼ਰੀਦਕੋਟ ਦਾ ਅਸਲੀ ਨਾਮ ਮੋਕਲਪੁਰ ਜਾਂ ਮੋਕਲ ਨਗਰ ਸੀ। ਇਹ ਸ਼ਹਿਰ 12ਵੀਂ ਸਦੀ ਦੇ ਪਹਿਲੇ ਅੱਧ ਵਿੱਚ ਰਾਜਾ ਮੋਕਲ ਭੱਟੀ ਨੇ ਆਬਾਦ ਕੀਤਾ ਸੀ। ਇਹ ਰਾਜਾ ਫ਼ਰੀਦ ਜੀ ਦੀ ਰੂਹਾਨੀਅਤ ਤੋਂ ਅਜਿਹਾ ਪ੍ਰਭਾਵਿਤ ਹੋਇਆ ਕਿ ਉਹ ਉਨ੍ਹਾਂ ਦਾ ਮੁਰੀਦ ਹੋ ਗਿਆ ਅਤੇ ਉਨ੍ਹਾਂ ਪ੍ਰਤੀ ਅਥਾਹ ਸ਼ਰਧਾ-ਵਸ ਉਸ ਨੇ ਇਸ ਸ਼ਹਿਰ ਦਾਂ ਨਾਮ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ। ਫ਼ਰੀਦ ਜੀ ਦੇ ਨਾਮ ’ਤੇ ਫ਼ਰੀਦਕੋਟ ਅਤੇ ਇਸ ਦੇ ਇਰਦ-ਗਿਰਦ ਕਈ ਗੁਰਦੁਆਰੇ ਉਸਾਰੇ ਹੋਏ ਹਨ; ਇਨ੍ਹਾਂ ਵਿੱਚੋਂ ਪ੍ਰਸਿੱਧ ਹਨ: ਟਿੱਲਾ/ਚਿੱਲਾ ਬਾਬਾ ਫ਼ਰੀਦ ਅਤੇ ਗੋਦੜੀ ‘ਸਾਹਿਬ’, ਜੋ ਕਿ 1980ਵਿਆਂ ਵਿੱਚ ਕੋਟਕਪੂਰਾ ਮਾਰਗ ਉੱਤੇ ਉਸਾਰਿਆ ਗਿਆ ਸੀ। ਫ਼ਰੀਦਕੋਟ ਵਿਖੇ ਹਰ ਸਾਲ ਸਤੰਬਰ ਦੇ ਮਹੀਨੇ ਫ਼ਰੀਦ ਜੀ ਦੀ ਯਾਦ ਵਿੱਚ ਨੌਂ ਰੋਜ਼ਾ ਮੇਲਾ ਲੱਗਦਾ ਹੈ ਜਿਸ ਨੂੰ ‘ਆਗਮਨ ਪੁਰਬ’ ਜਾਂ ‘ਫ਼ਰੀਦ ਮੇਲਾ’ ਕਹਿੰਦੇ ਹਨ। ਦੂਸਰੇ ਦੁਨਿਆਵੀ ਮਜ਼੍ਹਬਾਂ ਨਾਲ ਸੰਬੰਧ ਰੱਖਣ ਵਾਲੇ ਲੱਖਾਂ ਸ਼ਰਧਾਲੂ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫ਼ਰੀਦ ਜੀ ਦੇ ਕੇਵਲ ਚਾਰ ਸ਼ਬਦ (ਦੋ ਆਸਾ ਰਾਗ ਵਿੱਚ ਅਤੇ ਦੋ ਸੂਹੀ ਰਾਗ ਵਿੱਚ) ਅਤੇ ਪਾਵਨ ਅੰਕ 1377 ਤੋਂ ਲੈ ਕੇ 1384 ਤੱਕ ‘ਸਲੋਕ ਸੇਖ ਫਰੀਦ ਕੇ’ ਸਿਰਲੇਖ ਹੇਠ 130 ਸਲੋਕ ਦਰਜ ਹਨ ਜਿਨ੍ਹਾਂ ਵਿੱਚੋਂ 4 ਸਲੋਕ (ਨੰ: 32, 113, 120, 124) ਗੁਰੂ ਨਾਨਕ ਸਾਹਿਬ ਜੀ ਦੇ; 5 ਸਲੋਕ (ਨੰ: 13, 52, 104, 122, 123) ਗੁਰੂ ਅਮਰਦਾਸ ਜੀ ਦੇ; 1 ਸਲੋਕ (ਨੰ: 121) ਗੁਰੂ ਰਾਮਦਾਸ ਜੀ ਦਾ ਅਤੇ 8 ਸਲੋਕ (ਨੰ: 75, 82, 83, 105, 108 ਤੋਂ 111) ਗੁਰੂ ਅਰਜੁਨ ਸਾਹਿਬ ਜੀ ਦੇ ਹੋਣ ਕਰਕੇ ਬਾਕੀ ਦੇ 112 ਸਲੋਕ ਬਾਬਾ ਸ਼ੇਖ਼ ਫ਼ਰੀਦ ਜੀ ਦੇ ਹਨ। ਬਾਬਾ ਫ਼ਰੀਦ ਜੀ ਦੇ ਸਲੋਕਾਂ ਦੇ ਵਿੱਚ, ਜਿੱਥੇ ਕੁਝ ਹੋਰ ਵਿਸਥਾਰ ਦੇਣ ਦੀ ਜ਼ਰੂਰਤ ਜਾਪੀ, ਚਾਰੇ ਗੁਰੂ ਸਾਹਿਬਾਨਾਂ ਦੇ ਸਲੋਕ ਦਰਜ ਕੀਤੇ ਗਏ, ਇਨ੍ਹਾਂ ਦੇ ਦਰਜ ਹੋਣ ਨਾਲ ਇਹ ਇਤਿਹਾਸਕ ਪੱਖ ਵੀ ਨਿੱਖਰ ਕੇ ਸਾਹਮਣੇ ਆ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਚਾਰਕ ਦੌਰਿਆਂ (ਉਦਾਸੀਆਂ) ਦੌਰਾਨ ਭਗਤ ਸਾਹਿਬਾਨ ਦੀ ਬਾਣੀ ਖ਼ੁਦ ਇਕੱਤਰ ਕੀਤੀ ਸੀ ਅਤੇ ਆਪਣੇ ਉਤਰਾਧਿਕਾਰੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣ ਸਮੇਂ ਆਪਣੀ ਬਾਣੀ ਸਮੇਤ ਅੱਗੇ ਸੌਂਪਦੇ ਗਏ ਭਾਵ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ, ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਬਾਣੀ ਖ਼ਜ਼ਾਨਾ ਸੌਂਪਿਆ ਜਾਂਦਾ ਰਿਹਾ। ਭਗਤ ਸਾਹਿਬਾਨ ਦੀ ਬਾਣੀ ਹਰ ਇਕ ਗੁਰੂ ਸਾਹਿਬਾਨ ਕੋਲ ਮੌਜੂਦ ਹੋਣ ਕਾਰਨ ਹੀ ਜਿੱਥੇ-ਜਿੱਥੇ ਉਨ੍ਹਾਂ ਮਹਿਸੂਸ ਕੀਤਾ, ਆਪਣੇ ਵੱਲੋਂ ਵਿਸ਼ੇ ਦੀ ਵਧੀਕ ਸਪਸ਼ਟਤਾ ਲਈ ਸਲੋਕ ਉਚਾਰੇ ਗਏ ਤੇ ਗੁਰੂ ਅਰਜੁਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਉਨ੍ਹਾਂ ਨੂੰ ਯੋਗ ਥਾਂ ’ਤੇ ਦਰਜ ਕਰਵਾ ਦਿੱਤਾ। ਇਸ ਇਤਿਹਾਸਕ ਪ੍ਰਮਾਣ ਉਪਰੰਤ ਉਨ੍ਹਾਂ ਲੋਕਾਂ ਦੀਆਂ ਦਲੀਲਾਂ ਨਿਰਮੂਲ ਸਿੱਧ ਹੋ ਜਾਂਦੀਆਂ ਹਨ ਜੋ ਕਹਿੰਦੇ ਹਨ ਕਿ ਗੁਰਬਾਣੀ ਦੀ ਸੰਪਾਦਨਾ ਕਰਨ ਸਮੇਂ ਭਗਤ ਸਾਹਿਬਾਨਾਂ ਦੀਆਂ ਰੂਹਾਂ ਖ਼ੁਦ ਆਕਾਸ਼ ’ਚੋਂ ਹੇਠਾਂ ਉੱਤਰ ਕੇ ਆਈਆਂ ਜੋ ਨਾਲ ਦੇ ਤੰਬੂ ਵਿੱਚ ਬੈਠ ਕੇ ਬਾਣੀ ਉਚਾਰਦੇ ਗਏ ਤੇ ਭਾਈ ਗੁਰਦਾਸ ਜੀ ਨਾਲੋ ਨਾਲ ਲਿਖਦੇ ਗਏ ਜਾਂ ਗੁਰੂ ਅਰਜੁਨ ਸਾਹਿਬ ਜੀ ਨੇ ਅਰਸ਼ਾਂ ਤੋਂ ਭਗਤ ਸਾਹਿਬਾਨ ਦੀ ਖ਼ੁਦ ਬਾਣੀ ਸੁਣ ਕੇ ਨਾਲੋ ਨਾਲ ਲਿਖਾਉਂਦੇ ਗਏ, ਆਦਿ।
ਭਗਤੀ-ਮਾਰਗ ਦੇ ਮਿਸ਼ਾਲਚੀ ਬਾਬਾ ਫ਼ਰੀਦ ਜੀ ਦਾ ਜੀਵਨ-ਬਿਰਤਾਂਤ ਵੀ, ਹੋਰ ਮਹਾਂਪੁਰਖਾਂ ਦੇ ਇਤਿਹਾਸ ਵਾਂਗ, ਪਾਖੰਡੀ ਪੁਜਾਰੀਆਂ, ਧਰਮ ਦੇ ਧਾੜਵੀਆਂ, ਮਾਇਆ ਦੇ ਮੁਰੀਦਾਂ ਅਤੇ ਇਨ੍ਹਾਂ ਦੇ ਮਗਰ ਲੱਗੇ ਅਗਿਆਨੀ ਤੇ ਅੰਧਵਿਸ਼ਵਾਸੀ ਸ਼ਰਧਾਲੂਆਂ ਦੁਆਰਾ ਅਜਿਹਾ ਵਿਗਾੜਿਆ ਜਾ ਚੁੱਕਿਆ ਹੈ ਕਿ ਉਨ੍ਹਾਂ ਦੀ ਜੀਵਨ-ਗਾਥਾ ਨੂੰ ਇਤਿਹਾਸ ਨਾ ਰਹਿ ਕੇ ਮਿਥਿਹਾਸ ਬਣਾ ਦਿੱਤਾ ਗਿਆ। ਦੋਖੀਆਂ ਨੇ ਫ਼ਰੀਦ ਜੀ ਦੇ ਜਲਾਲੀ ਚਿਹਰੇ ਉੱਤੇ ਵੀ ਪਾਖੰਡ ਤੇ ਝੂਠ ਦਾ ਅਜਿਹਾ ਕੁਸੰਭੜੀ ਰੰਗ ਚੜ੍ਹਾਇਆ ਕਿ ਉਨ੍ਹਾਂ ਦਾ ਅਸਲੀ ਮਜੀਠੀ ਚਿਹਰਾ ਨਜ਼ਰ ਨਹੀਂ ਆਉਂਦਾ। ਜਿਸ ਬਾਬਾ ਫ਼ਰੀਦ ਜੀ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ ਗਏ ਸਲੋਕ ਰਾਹੀਂ; ਰੱਬ ਦੀ ਭਾਲ ਵਿੱਚ ਜੰਗਲਾਂ ਵਿੱਚ ਜਾ ਕੇ ਕਠਿਨ ਤਪ ਸਾਧਨ ਵਾਲੇ ਸਾਧੂਆਂ ਤੋਂ ਉਨ੍ਹਾਂ ਦੀ ਅਖੌਤੀ ਭਗਤੀ ਸੰਬੰਧੀ ਸਵਾਲ ਕੀਤੇ ਕਿ ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ ? ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ ? :
‘‘ਫਰੀਦਾ ! ਜੰਗਲੁ ਜੰਗਲੁ ਕਿਆ ਭਵਹਿ ? ਵਣਿ ਕੰਡਾ ਮੋੜੇਹਿ ॥ ਵਸੀ ਰਬੁ, ਹਿਆਲੀਐ; ਜੰਗਲੁ ਕਿਆ ਢੂਢੇਹਿ ? ॥19॥’’
ਉਸੇ ਬਾਬਾ ਫ਼ਰੀਦ ਜੀ ਦੇ ਕੁਝ ਹੋਰ ਸਲੋਕਾਂ ਦੇ ਗਲਤ ਅਰਥ ਨਿਕਾਲ ਕੇ ਕਹਾਣੀ ਜੋੜ ਦਿੱਤੀ ਗਈ ਕਿ ਉਨ੍ਹਾਂ ਨੇ ਰੱਬ ਦੀ ਭਾਲ ਵਿੱਚ ਦੂਰ ਜੰਗਲਾਂ ਵਿੱਚ ਜਾ ਕੇ ਪੁੱਠੇ ਲਟਕ ਕੇ ਤਪ ਕੀਤਾ, ਅੰਨ-ਪਾਣੀ ਦਾ ਪੂਰਨ ਤੌਰ ’ਤੇ ਤਿਆਗ ਕੀਤਾ ਅਤੇ ਭੁੱਖ ਲੱਗਣ ’ਤੇ ਲੱਕੜ ਦੀ ਬਣਾਈ ਰੋਟੀ ’ਤੇ ਦੰਦੀ ਵੱਢ ਕੇ ਭੁੱਖ ਦੂਰ ਕਰਨ ਵਾਲੇ ਬਾਬੇ ਫ਼ਰੀਦ ਜੀ ਦਾ ਸਰੀਰ ਇਤਨਾ ਨਿਰਬਲ ਹੋ ਗਿਆ ਕਿ ਕਾਂ ਵੱਲੋਂ ਉਨ੍ਹਾਂ ਦੇ ਸਰੀਰ ਨੂੰ ਚੂੰਡ ਕੇ ਖਾ ਜਾਣ ਉਪਰੰਤ ਜਦੋਂ ਅੱਖ ਵਿੱਚ ਠੁੰਗ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਬਾ ਫ਼ਰੀਦ ਜੀ ਨੇ ਪ੍ਰਭੂ ਪਤੀ ਦੇ ਦਰਸ਼ਨ ਕਰਨ ਦੀ ਆਸ ਦਾ ਤਰਲਾ ਪਾ ਕੇ ਦੋ ਅੱਖਾਂ ਨੂੰ ਨਾ ਛੋਹਣ ਲਈ ਕਾਂ ਅੱਗੇ ਬੇਨਤੀ ਕੀਤੀ। ਆਪਣੀ ਇਸ ਮਨਮਤੀ ਕਹਾਣੀ ਨੂੰ ਸਹੀ ਠਹਿਰਾਉਣ ਲਈ ਉਹ ਇਨ੍ਹਾਂ ਸਲੋਕਾਂ ਦੇ ਅੱਖਰੀ ਅਰਥਾਂ ਦੇ ਭੁਲੇਖੇ ਦਾ ਸਹਾਰਾ ਲੈਣ ਦਾ ਨਿਰਾਰਥਕ ਯਤਨ ਕਰਦੇ ਹਨ:-
‘‘ਫਰੀਦਾ ! ਰੋਟੀ ਮੇਰੀ ਕਾਠ ਕੀ; ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ; ਘਣੇ ਸਹਨਿਗੇ ਦੁਖ ॥28॥’’ (1379)
‘‘ਕਾਗਾ ! ਕਰੰਗ ਢਢੋਲਿਆ ; ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ ; ਪਿਰ ਦੇਖਨ ਕੀ ਆਸ ॥91॥’’ (1382)
ਇੱਥੇ ‘ਕਾਠ’ ਤੋਂ ਭਾਵ ਲੱਕੜ ਨਹੀਂ ਬਲਕਿ ਆਪਣੀ ਮਿਹਨਤ ਦੀ ਕਮਾਈ ਨਾਲ ਕਮਾਈ ਹੋਈ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ ਜੋ ਕਿ ਚੋਪੜੀ ਨਾ ਹੋਣ ਕਰਕੇ ਸੁੱਕ ਕੇ ਲੱਕੜੀ ਵਰਗੀ ਬਣੀ ਹੋਵੇ ਅਤੇ ‘ਲਾਵਣੁ’ ਦਾ ਅਰਥ ਭੁੱਖ ਲਾਹੁਣ ਤੋਂ ਨਹੀਂ ਬਲਕਿ ਉਹ ਦਾਲ ਸਬਜ਼ੀ, ਆਚਾਰ, ਚਟਨੀ ਆਦਿਕ ਸਲੂਣਾ ਹੈ ਜਿਸ ਨਾਲ ਲਾ ਕੇ ਰੋਟੀ ਖਾਧੀ ਜਾ ਸਕੇ। ਚੇਤੇ ਰਹੇ ਕਿ ਇਕੱਲੀ ਰੋਟੀ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ ਬਣੀ ਹੋਵੇ, ਬਿਨਾਂ ਸਲੂਣੇ ਦੇ ਗਲੇ ’ਚੋਂ ਲੰਘਾਉਣੀ ਔਖੀ ਹੁੰਦੀ ਹੈ ਪਰ ਜਦੋਂ ਭੁੱਖ ਇਤਨੀ ਡਾਢੀ ਲੱਗੀ ਹੋਵੇ ਤਾਂ ਕਈ ਵਾਰ ਬਿਨਾਂ ਸਲੂਣੇ ਦੇ ਹੀ ਰੁੱਖੀ ਰੋਟੀ ਵੀ ਬਹੁਤ ਸੁਆਦਲੀ ਲਗਦੀ ਹੈ। ਸੋ ਬਾਬਾ ਫ਼ਰੀਦ ਜੀ ਦੇ ਕਹਿਣ ਦਾ ਭਾਵ ਹੈ ਕਿ ਮੇਰੀ ਮਿਹਨਤ ਦੀ ਥਕਾਵਟ ਅਤੇ ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ। ਜੋ ਲੋਕ ਦੂਸਰਿਆਂ ਦੀ ਕਮਾਈ ਦੇ ਆਸਰੇ ਚੰਗੀ-ਚੋਪੜੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ ਆਪਣੀ ਕਮਾਈ ਦੀ ਸਾਦੀ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਹੀ ਕਰਦੇ ਹਨ)। 28।
ਇਸੇ ਤਰ੍ਹਾਂ ਸਲੋਕ ਨੰ: 91 ਦੇ ਇਹ ਅਰਥ ਕਰਨੇ ਵੀ ਸਰਾਸਰ ਗਲਤ ਹਨ ਕਿ ਫ਼ਰੀਦ ਜੀ ਵੱਲੋਂ ਜੰਗਲਾਂ ਵਿੱਚ ਬਹੁਤ ਹੀ ਕਠਿਨ ਤਪੱਸਿਆ ਕੀਤੇ ਜਾਣ ਅਤੇ ਭੁੱਖੇ ਰਹਿਣ ਸਦਕਾ ਉਨ੍ਹਾਂ ਦਾ ਸਰੀਰ ਇਤਨਾ ਨਿਰਬਲ ਹੋ ਗਿਆ ਕਿ ਉਨ੍ਹਾਂ ਵਿੱਚ ਆਪਣਾ ਮਾਸ ਚੂੰਡ ਰਹੇ ਕਾਂ ਨੂੰ ਉਡਾਉਣ ਦੀ ਹਿੰਮਤ ਵੀ ਨਾ ਰਹੀ ਜਿਸ ਕਾਰਨ ਕਾਂ ਨੇ ਉਨ੍ਹਾਂ ਦੇ ਕਰੰਗ (ਸਰੀਰ ਪਿੰਜਰ) ਨੂੰ ਫਰੋਲ ਕੇ ਉਸ ਦਾ ਸਾਰਾ ਮਾਸ ਖਾ ਲਿਆ ਤੇ ਅੰਤ ਜਦੋਂ ਅੱਖਾਂ ਵਿੱਚ ਠੁੰਗ ਮਾਰਨ ਲੱਗਾ ਤਾਂ ਉਨ੍ਹਾਂ ਨੇ ਕਾਂ ਅੱਗੇ ਤਰਲਾ ਕੀਤਾ ਕਿ ਇਹ ਦੋ ਅੱਖਾਂ ਨਾ ਛੋਹੀਆਂ ਜਾਣ ਕਿਉਂਕਿ ਇਨ੍ਹਾਂ ਅੱਖਾਂ ਨਾਲ ਹਾਲੀ ਵੀ ਰੱਬ ਨੂੰ ਦੇਖਣ ਦੀ ਉਮੀਦ ਬਾਕੀ ਹੈ। ਅਜੇਹੀਆਂ ਮਨਘੜਤ ਸਾਖੀਆਂ ਸੁਣਾਉਣ ਵਾਲਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਰੱਬ ਕੋਈ ਐਸੀ ਸਥੂਲ ਵਸਤੂ ਨਹੀਂ, ਜਿਸ ਨੂੰ ਇਨ੍ਹਾਂ ਅੱਖਾਂ ਨਾਲ ਵੇਖਿਆ ਜਾ ਸਕੇ। ਗੁਰਮਤਿ ਸਿਧਾਂਤ ਹੈ ਕਿ ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਣਾ ਹੁੰਦਾ ਹੈ, ਉਹ ਅੱਖਾਂ ਹੋਰ ਕਿਸਮ ਦੀਆਂ ਹੀ ਹੁੰਦੀਆਂ ਹਨ (ਭਾਵ ਰੱਬੀ ਹਸਤੀ ਨੂੰ ਮਹਿਸੂਸ ਕਰਨ ਤੋਂ ਹੈ, ਨਾ ਕਿ ਸਰੀਰਕ ਮੋਹ ਰਾਹੀਂ ਦੁਨੀਆ ਦੇ ਹੋਰ ਪਦਾਰਥ ਭੋਗਣ ਦੀ ਲਾਲਸਾ ਕਾਇਮ ਰੱਖਣਾ) :
‘‘ਨਾਨਕ ! ਸੇ ਅਖੜੀਆ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’
ਸੋ ਇੱਥੇ ਫ਼ਰੀਦ ਜੀ ਦਾ ‘ਕਾਗਾ’ ਤੋਂ ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਿਕਾਰ ਰੂਪੀ ਵਾਸ਼ਨਾ ਤੋਂ ਹੈ। ਇਸ ਵਿਕਾਰ ਰੂਪੀ ਵਾਸ਼ਨਾ ਨੂੰ ਹਿਦਾਇਤ ਕੀਤੀ ਹੈ ਕਿ ਮੇਰੀ ਦ੍ਰਿਸ਼ਟੀ ਵਿੱਚ ਆਪਣਾ ਪ੍ਰਭਾਵ ਨਾ ਪਾਵੋ ਕਿਉਂਕਿ ਮੈਂ ਆਪਣੀ ਦ੍ਰਿਸ਼ਟੀ ਨੂੰ ਵਿਕਾਰਾਂ ਤੋਂ ਪਾਕ ਪਵਿੱਤਰ ਰੱਖ ਕੇ ਕੇਵਲ ਪ੍ਰਭੂ ਦੇ ਸਦ ਗੁਣਾਂ ਨੂੰ ਵੇਖਣ ਦੀ ਹੀ ਉਮੀਦ ਲਾਈ ਹੋਈ ਹੈ। ਜਦੋਂ ਅਸੀਂ ਬਾਬਾ ਫ਼ਰੀਦ ਜੀ ਦੀ ਸਮੁਚੀ ਬਾਣੀ ਪੜ੍ਹਦੇ ਹਾਂ ਤਾਂ ਮਨ ਵਿੱਚ ਖ਼ਿਆਲ ਆਉਂਦਾ ਹੈ ਕਿ ਸੁਣਾਈਆਂ ਜਾਣੀਆਂ ਉਕਤ ਸਾਖੀਆਂ ਮਨਘੜਤ ਹਨ, ਜੋ ਨਾ ਹੀ ਉਨ੍ਹਾਂ ਦੀ ਆਪਣੀ ਬਾਣੀ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁਚੀ ਵਿਚਾਰਧਾਰਾ ਦੇ ਅਨੁਕੂਲ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 488 ਉੱਪਰ ਆਸਾ ਰਾਗ ਵਿੱਚ ਦਰਜ ਪਹਿਲੇ ਸ਼ਬਦ ਵਿੱਚ ਬਾਬਾ ਫ਼ਰੀਦ ਜੀ ਫ਼ੁਰਮਾਨ ਕਰਦੇ ਹਨ ਕਿ ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਕ ਹਨ; ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾ ਸਕਦੇ ਹਨ। ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, ਉਹੀ ਅਸਲ ਮਨੁੱਖ ਹਨ; ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਬਣੇ ਹੋਏ ਹਨ। ਉਹੀ ਮਨੁੱਖ ਰੱਬ ਦੇ ਦਰਵੇਸ਼ ਮੰਨੇ ਜਾਂਦੇ ਹਨ, ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ; ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੋਇਆ ਹੈ, ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ ਜਗਤ ਵਿਚ ਆਉਣਾ ਮੁਬਾਰਕ ਹੈ। ਹੇ ਪਾਲਣਹਾਰ ! ਹੇ ਬੇਅੰਤ ! ਹੇ ਅਪਹੁੰਚ ਖ਼ੁਦਾ ! ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ। ਹੇ ਖ਼ੁਦਾ ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ; ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ:
‘‘ਦਿਲਹੁ ਮੁਹਬਤਿ ਜਿੰਨ੍ਹ੍ਹ ; ਸੇਈ ਸਚਿਆ ॥ ਜਿਨ੍ਹ੍ਹ ਮਨਿ ਹੋਰੁ , ਮੁਖਿ ਹੋਰੁ ; ਸਿ ਕਾਂਢੇ ਕਚਿਆ ॥੧॥ ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ਹ੍ਹ ਨਾਮੁ ; ਤੇ, ਭੁਇ ਭਾਰੁ ਥੀਏ ॥੧॥ ਰਹਾਉ ॥ ਆਪਿ, ਲੀਏ ਲੜਿ ਲਾਇ ; ਦਰਿ ਦਰਵੇਸ ਸੇ ॥ ਤਿਨ, ਧੰਨੁ ਜਣੇਦੀ ਮਾਉ ; ਆਏ ਸਫਲੁ ਸੇ ॥੨॥ ਪਰਵਦਗਾਰ ! ਅਪਾਰ ! ਅਗਮ ! ਬੇਅੰਤ ਤੂ ॥ ਜਿਨਾ, ਪਛਾਤਾ ਸਚੁ ; ਚੁੰਮਾ ਪੈਰ, ਮੂੰ ॥੩॥ ਤੇਰੀ ਪਨਹ ਖੁਦਾਇ ! ਤੂ ਬਖਸੰਦਗੀ ॥ ਸੇਖ ਫਰੀਦੈ ; ਖੈਰੁ ਦੀਜੈ, ਬੰਦਗੀ ॥੪॥੧॥’’ ਸੋਚਣਾ ਬਣਦਾ ਹੈ ਕਿ ਅਜਿਹੀ ਰੂਹ ਕਾਂ ਨੂੰ ਉਡਾਉਣ ਵਾਲ਼ੀ ਕਾਲਪਨਿਕ ਸਾਖੀ ਰਾਹੀਂ ਨਿਰਬਲ ਕਿਵੇਂ ਕਹੀ ਜਾ ਸਕਦੀ ਹੈ ?
ਇਸ ਤੋਂ ਅਗਲੇ ਸ਼ਬਦ ਵਿੱਚ ਸ਼ੇਖ਼ ਫ਼ਰੀਦ ਜੀ ਬੰਦੇ ਨੂੰ ਸੰਬੋਧਨ ਕਰਦੇ ਹੋਏ ਵਚਨ ਕਰਦੇ ਹਨ ਕਿ ਹੇ ਪਿਆਰੇ ! (ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ਇਸ ਲਈ ਰੱਬ ਦੇ ਚਰਨਾਂ ਵਿਚ ਜੁੜ। ਹੇ ਭਾਈ ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ) ਮਨ ਨੂੰ ਮਚਾਉਣ ਵਾਲੀਆਂ ਇਹਨਾਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ। ਸੱਚ ਅਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ, ਜੋ ਰਸਤਾ ਗੁਰੂ ਦੱਸੇ ਉਸ ਉੱਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ। ਉਦਾਹਰਨਾਂ ਦਿੰਦੇ ਹੋਏ ਬਾਬਾ ਜੀ ਵਚਨ ਕਰਦੇ ਹਨ ਕਿ ਜਿਸ ਤਰ੍ਹਾਂ ਕਿਸੇ ਦਰਿਆ ਤੋਂ ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ ਹੌਸਲਾ ਫੜ ਲੈਂਦਾ ਹੈ ਤੇ ਲੰਘਣ ਦਾ ਇਰਾਦਾ ਬਣਾ ਲੈਂਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ’ਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਦਾ ਭੀ ਹੌਸਲਾ ਬਣ ਜਾਂਦਾ ਹੈ, ਤਾਂ ਤੇ ਹੇ ਮਨ ! ਤੂੰ ਸੰਤ ਜਨਾਂ ਦੀ ਸੰਗਤ ਕਰ ! ਵੇਖ, ਜਿਹੜੇ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ ਮਾਇਆ ਜੋੜਨ ਵੱਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ ਬਹੁਤ ਦੁੱਖੀ ਜੀਵਨ ਬਤੀਤ ਕਰਦੇ ਹਨ)। (ਵੇਖ), ਜਗਤ ਵਿਚ ਕੋਈ ਸਦਾ ਲਈ ਜੀਵਤ ਨਹੀਂ ਰਹਿ ਸਕਿਆ; ਜਿਸ ਧਰਤੀ ਭਾਵ ਇਸ ਥਾਂ ’ਤੇ ਅਸੀਂ ਹੁਣ ਬੈਠੇ ਹਾਂ ਇੱਥੇ ਕਈ ਬਹਿ ਕੇ ਚਲੇ ਗਏ; ਜਿਵੇਂ ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ), ਸਿਆਲ ਵਿਚ (ਇਸਤ੍ਰੀਆਂ ਦੀਆਂ) ਸੋਹਣੀਆਂ ਬਾਹਾਂ (ਆਪਣੇ) ਪਤੀ ਦੇ ਗਲ ਵਿਚ ਸ਼ੋਭਦੀਆਂ ਹਨ ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇਂ ਮੁਤਾਬਕ ਇੱਥੋਂ ਤੁਰੀ ਜਾ ਰਹੀ ਹੈ; ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾਂ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ ! ਵਿਚਾਰ ਕੇ ਵੇਖ, ਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ। ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇੱਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ। ਸਰੀਰ ਤਾਂ ਕਬਰਾਂ ਵਿਚ ਗਲ ਰਹੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜ਼ਿੰਦ ਸਹਾਰਦੀ ਹੈ :
‘‘ਬੋਲੈ ਸੇਖ ਫਰੀਦੁ, ਪਿਆਰੇ ! ਅਲਹ ਲਗੇ ॥ ਇਹੁ ਤਨੁ ਹੋਸੀ ਖਾਕ ; ਨਿਮਾਣੀ ਗੋਰ ਘਰੇ ॥੧॥ ਆਜੁ ਮਿਲਾਵਾ, ਸੇਖ ਫਰੀਦ ! ਟਾਕਿਮ ਕੂੰਜੜੀਆ, ਮਨਹੁ ਮਚਿੰਦੜੀਆ ॥੧॥ ਰਹਾਉ ॥ ਜੇ ਜਾਣਾ ; ਮਰਿ ਜਾਈਐ, ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ; ਨ ਆਪੁ ਵਞਾਈਐ ॥੨॥ ਬੋਲੀਐ ਸਚੁ ਧਰਮੁ ; ਝੂਠੁ ਨ ਬੋਲੀਐ ॥ ਜੋ, ਗੁਰੁ ਦਸੈ ਵਾਟ ; ਮੁਰੀਦਾ ਜੋਲੀਐ ॥੩॥ ਛੈਲ ਲੰਘੰਦੇ ਪਾਰਿ ; ਗੋਰੀ ਮਨੁ ਧੀਰਿਆ ॥ ਕੰਚਨ ਵੰਨੇ ਪਾਸੇ; ਕਲਵਤਿ ਚੀਰਿਆ ॥੪॥ ਸੇਖ ! ਹੈਯਾਤੀ ਜਗਿ, ਨ ਕੋਈ ਥਿਰੁ ਰਹਿਆ ॥ ਜਿਸੁ ਆਸਣਿ, ਹਮ ਬੈਠੇ, ਕੇਤੇ ਬੈਸਿ ਗਇਆ ॥੫॥ ਕਤਿਕ ਕੂੰਜਾਂ, ਚੇਤਿ ਡਉ, ਸਾਵਣਿ ਬਿਜੁਲੀਆਂ ॥ ਸੀਆਲੇ ਸੋਹੰਦੀਆਂ; ਪਿਰ ਗਲਿ ਬਾਹੜੀਆਂ ॥੬॥ ਚਲੇ ਚਲਣਹਾਰ; ਵਿਚਾਰਾ ਲੇਇ ਮਨੋ ! ॥ ਗੰਢੇਦਿਆਂ ਛਿਅ ਮਾਹ; ਤੁੜੰਦਿਆ ਹਿਕੁ ਖਿਨੋ ॥੭॥ ਜਿਮੀ ਪੁਛੈ ਅਸਮਾਨ, ਫਰੀਦਾ ! ਖੇਵਟ ਕਿੰਨਿ ਗਏ ? ॥ ਜਾਲਣ ਗੋਰਾਂ ਨਾਲਿ, ਉਲਾਮੇ ਜੀਅ ਸਹੇ ॥੪॥੨॥’’
ਪਾਵਨ ਅੰਕ ਨੰਬਰ 794 ਉਪਰ ਸੂਹੀ ਰਾਗ ਵਿੱਚ ਦਰਜ ਪਹਿਲੇ ਸ਼ਬਦ ਵਿੱਚ ਬਾਬਾ ਫ਼ਰੀਦ ਜੀ ਫੁਰਮਾਨ ਕਰਦੇ ਹਨ ਕਿ ਬੜੀ ਦੁਖੀ ਹੋ ਕੇ, ਬੜੀ ਤੜਫ ਕੇ, ਮੈਂ ਹੁਣ ਹੱਥ ਮਲ ਰਹੀ ਹਾਂ ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ। ਹੇ ਖਸਮ-ਪ੍ਰਭੂ ! (ਮੇਰੀ ਇਸ ਭੈੜੀ ਹਾਲਤ ਬਾਰੇ) ਤੇਰਾ ਕੋਈ ਦੋਸ਼ ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ, ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸ ਕੀਤਾ। ਹੇ ਮੇਰੇ ਮਾਲਿਕ ! ਮੈਂ ਤੇਰੀ ਕਦਰ ਨਾ ਜਾਣੀ, ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ। (ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ) ਹੇ ਕਾਲੀ ਕੋਇਲ ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ ? (ਕੋਇਲ ਭੀ ਇਹੀ ਉੱਤਰ ਦੇਂਦੀ ਹੈ ਕਿ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ। ਖਸਮ ਤੋਂ ਵਿਛੁੜ ਕੇ ਕਿੱਥੇ ਕੋਈ ਸੁਖੀ ਰਹਿ ਸਕਦੀ ਹੈ ?
(ਕੋਇਲ ਦੀ ਭਾਵਨਾ ਦੀ ਮਿਸਾਲ ਦਿੰਦਿਆਂ ਬਾਬਾ ਫ਼ਰੀਦ ਜੀ ਨੇ ਆਪਣੇ ਵਿਸ਼ੇ ਦੀ ਸਮਾਪਤੀ ਰੱਬ ਅੱਗੇ ਅਰਦਾਸ ਦੀ ਅਹਿਮੀਅਤ ਨੂੰ ਬਿਆਨ ਕਰਦਿਆਂ ਵਚਨ ਕੀਤੇ ਕਿ ਕੋਇਲ ਵਾਂਗ ਅੰਦਰੋਂ ਵਿਕਾਰਾਂ ਨਾਲ ਕਾਲੀ ਹੋਈ ਜੀਵ-ਇਸਤ੍ਰੀ ਦੇ ਵੱਸ ਦੀ ਵੀ ਗੱਲ ਨਹੀਂ ਹੁੰਦੀ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ। (ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇੱਥੇ ਰੱਬ ਤੋਂ ਬਿਨਾਂ) ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਸਦਾ ਲਈ ਮਦਦਗਾਰ ਨਹੀਂ। ਹੁਣ ਜਦੋਂ ਪ੍ਰਭੂ ਨੇ ਮਿਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾ ਲਿਆ, (ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ, ਮਹਿਸੂਸ ਕਰਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਵਿਖਾਈ ਦਿੰਦਾ ਹੈ। ਹੇ ਭਾਈ ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ, ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ; ਇਸ ਦੇ ਉੱਤੋਂ ਦੀ ਅਸਾਂ ਲੰਘਣਾ ਹੈ। ਇਸ ਵਾਸਤੇ ਹੇ ਫਰੀਦ ! ਸਵੇਰੇ ਸਵੇਰੇ ਰਸਤਾ ਸੰਭਾਲ ਲੈ :
‘‘ਤਪਿ ਤਪਿ, ਲੁਹਿ ਲੁਹਿ ; ਹਾਥ ਮਰੋਰਉ ॥ ਬਾਵਲਿ ਹੋਈ, ਸੋ ਸਹੁ ਲੋਰਉ ॥ ਤੈ ਸਹਿ, ਮਨ ਮਹਿ ਕੀਆ ਰੋਸੁ ॥ ਮੁਝੁ ਅਵਗਨ, ਸਹ ਨਾਹੀ ਦੋਸੁ ॥੧॥ ਤੈ ਸਾਹਿਬ ਕੀ, ਮੈ ਸਾਰ ਨ ਜਾਨੀ ॥ ਜੋਬਨੁ ਖੋਇ, ਪਾਛੈ ਪਛੁਤਾਨੀ ॥੧॥ ਰਹਾਉ ॥ ਕਾਲੀ ਕੋਇਲ ! ਤੂ ਕਿਤ ਗੁਨ ਕਾਲੀ ? ॥ ਅਪਨੇ ਪ੍ਰੀਤਮ ਕੇ, ਹਉ, ਬਿਰਹੈ ਜਾਲੀ ॥ ਪਿਰਹਿ ਬਿਹੂਨ, ਕਤਹਿ ਸੁਖੁ ਪਾਏ ?॥ ਜਾ, ਹੋਇ ਕ੍ਰਿਪਾਲੁ; ਤਾ ਪ੍ਰਭੂ ਮਿਲਾਏ ॥੨॥ ਵਿਧਣ ਖੂਹੀ, ਮੁੰਧ ਇਕੇਲੀ ॥ ਨਾ ਕੋ ਸਾਥੀ, ਨਾ ਕੋ ਬੇਲੀ ॥ ਕਰਿ ਕਿਰਪਾ, ਪ੍ਰਭਿ, ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ, ਤਾ ਮੇਰਾ ਅਲਹੁ ਬੇਲੀ ॥੩॥ ਵਾਟ ਹਮਾਰੀ, ਖਰੀ ਉਡੀਣੀ ॥ ਖੰਨਿਅਹੁ ਤਿਖੀ, ਬਹੁਤੁ ਪਿਈਣੀ ॥ ਉਸੁ ਊਪਰਿ; ਹੈ ਮਾਰਗੁ ਮੇਰਾ ॥ ਸੇਖ ਫਰੀਦਾ ! ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥’’
(ਨੋਟ: ਉਕਤ ਸ਼ਬਦ ਦੀ ਵਿਚਰ ਉਪਰੰਤ ਸਪੱਸ਼ਟ ਹੋ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ ਨੂੰ ਅੱਲਾ ਦਾ ਦੀਦਾਰ; ਸੰਤਸੰਗ ਵਿੱਚੋਂ ਹੋਇਆ, ਇਸ ਲਈ ਕਾਂ ਨੂੰ ਸੰਬੋਧਨ ਕਰਨ ਵਾਲੀ ਸਾਖੀ ਕਾਲਪਨਿਕ ਤੇ ਬਾਬਾ ਜੀ ਦੀ ਪ੍ਰਸਿੱਧੀ ਨੂੰ ਘਟਾ ਕੇ ਬਿਆਨ ਕਰਨ ਵਾਲੀ, ਕਿਸੇ ਦੋਖੀ ਦੀ ਸ਼ਰਾਰਤ ਦਾ ਨਤੀਜਾ ਹੈ ਕਿਉਂਕਿ ਭਾਰਤ ’ਚ ਪੰਡਿਤ ਵਰਗ ਵੱਲੋਂ ਇਹ ਬੋਲਿਆ ਜਾਂਦਾ ਰਿਹਾ ਹੈ ਕਿ ਕੋਈ ਵੀ ਗ਼ੈਰ ਹਿੰਦੂ ਉੱਚੇ ਮੁਕਾਮ ਨੂੰ ਹਾਸਲ ਨਹੀਂ ਕਰ ਸਕਦਾ। ਇਸ ਸੋਚ ਦਾ ਨਤੀਜਾ ਹੈ ਕਿ ਨੇਕ ਦਿਲ ਰਾਜਾ ਅਕਬਰ ਨੂੰ ਬਦਨਾਮ ਕਰਨ ਲਈ ਬੀਰਬਲ ਪੰਡਿਤ ਰਾਹੀਂ ਚੁਟਕਲਿਆਂ ਦੇ ਰੂਪ ’ਚ ਹੁਣ ਵੀ ਬਦਨਾਮ ਕੀਤਾ ਜਾਂਦਾ ਹੈ।)
ਬਾਬਾ ਫ਼ਰੀਦ ਜੀ ਇਸ ਤੋਂ ਅਗਲੇ ਸ਼ਬਦ ’ਚ ਉਦਾਹਰਨ ਦਿੰਦੇ ਹਨ ਕਿ (ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ) ਉਹ (ਬੇੜਾ) ਤਿਆਰ ਕਰਨ ਵਾਲੀ ਉਮਰੇ, ਨਾਮ-ਰੂਪ ਬੇੜਾ ਤਿਆਰ ਨਾ ਕਰ ਸਕਿਆ ਅਤੇ ਜਦੋਂ ਸਰੋਵਰ (ਨਕਾ ਨਕ ਵਿਕਾਰਾਂ ਨਾਲ) ਭਰ ਕੇ (ਬਾਹਰ) ਉਛਲਣ ਲੱਗ ਪਿਆ ਤਦੋਂ ਇਸ ਵਿਚ ਤੈਰਨਾ ਔਖਾ ਹੋ ਜਾਂਦਾ ਹੈ (ਭਾਵ ਜਦੋਂ ਮਨੁੱਖ ਵਿਕਾਰ ਕਾਫ਼ੀ ਕਮਾ ਲੈਂਦਾ ਹੈ ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ਇਸ ਲਈ ਹੇ ਮਿੱਤਰ ! ਕਸੁੰਭੇ-ਰੂਪ ਮਾਇਆ ਨੂੰ ਹੱਥ ਨਾ ਲਾ, ਇਹ ਕਸੁੰਭਾ ਸੜ ਜਾਏਗਾ ਭਾਵ ਇਹ ਮਾਇਆ ਦਾ ਸਾਥ ਛੇਤੀ ਨਸ਼ਟ ਹੋਣ ਵਾਲਾ ਹੈ। ਜੋ ਜੀਵ-ਇਸਤ੍ਰੀਆਂ (ਮਾਇਆ ਨਾਲੋਂ ਮੋਹ ਪਾਉਣ ਕਰਕੇ) ਆਪਣੇ ਆਪ ਹੀ ਆਤਮਿਕ ਕਮਜ਼ੋਰ ਕਰ ਲੈਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ; ਉਹਨਾਂ ਉੱਤੇ ਪਤੀ-ਮਿਲਾਪ ਦੀ ਅਵਸਥਾ ਨਹੀਂ ਆਉਂਦੀ ਤੇ ਮਨੁੱਖਾ ਜਨਮ ਦਾ ਸਮਾਂ ਖੁੰਝਣ ’ਤੇ (ਜਦੋਂ ਵਿਕਾਰਾਂ ਦੀ ਕਮਾਈ ਘੱਟ ਸੀ ਤੇ ਨਾਮ-ਸਿਮਰਨ ਰੂਪ ਬੇੜਾ ਤਿਆਰ ਹੋ ਸਕਦਾ ਸੀ) ਪ੍ਰਭੂ ਨਾਲ ਮੇਲ ਨਹੀਂ ਕੀਤਾ ਗਿਆ। ਬਾਬਾ ਫ਼ਰੀਦ ਸਾਹਿਬ ਆਖਦੇ ਹਨ-ਹੇ ਸਹੇਲੀਓ ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ, ਤਾਂ (ਕੇਵਲ ਮਾਇਆ ’ਚ ਗ੍ਰਸੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਇੱਥੋਂ) ਤੁਰੇਗਾ (ਭਾਵ ਮਾਇਆ ਨੂੰ ਛੱਡਣਾ ਨਹੀਂ ਚਾਹੇਗਾ) ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ :
‘‘ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ ॥ ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ॥੧॥ ਹਥੁ ਨ ਲਾਇ ਕਸੁੰਭੜੈ; ਜਲਿ ਜਾਸੀ ਢੋਲਾ ॥੧॥ ਰਹਾਉ ॥ ਇਕ, ਆਪੀਨ੍ਹ੍ਹੈ ਪਤਲੀ, ਸਹ ਕੇਰੇ ਬੋਲਾ ॥ ਦੁਧਾ ਥਣੀ ਨ ਆਵਈ; ਫਿਰਿ ਹੋਇ ਨ ਮੇਲਾ ॥੨॥ ਕਹੈ ਫਰੀਦੁ, ਸਹੇਲੀਹੋ ! ਸਹੁ ਅਲਾਏਸੀ ॥ ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥੩॥੨॥’’
ਵਹਦਤ ਅਥਵਾ ਅਦ੍ਵੈਤਵਾਦ (ਭਾਵ ਕਰਤਾਰ ਤੋਂ ਬਿਨਾਂ ਕੁਝ ਵੀ ਨਹੀਂ) ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਫ਼ਰੀਦ ਜੀ ਦੀ ਬਾਣੀ ਵਿੱਚ ਇਸ ਸਿਧਾਂਤ ਦੀ ਪਾਲਣਾ ਬੜੀ ਸਿਰੜਤਾ ਨਾਲ ਕੀਤੀ ਗਈ ਹੈ। ਫ਼ਰੀਦ ਜੀ ਨੇ ਇੱਕ ਅੱਲ੍ਹਾ ਅੱਗੇ ਅਰਦਾਸ ਕਰਨ ਦੀ ਹੀ ਪ੍ਰੇਰਣਾ ਦਿੱਤੀ ਹੈ: ‘‘ਤੇਰੀ ਪਨਹਿ ਖੁਦਾਇ ! ਤੂੰ ਬਖ਼ਸ਼ੰਦਗੀ॥’’ ਉਨ੍ਹਾਂ ਨੇ ਆਪਣੀ ਸਾਰੀ ਬਾਣੀ ਵਿੱਚ ਕਿਤੇ ਵੀ ਰੱਬ ਤੋਂ ਬਿਨਾਂ ਕਿਸੇ ਹੋਰ ਹੋਂਦ/ਹਸਤੀ ਅੱਗੇ ਝੁਕਣ ਵਾਸਤੇ ਨਹੀਂ ਕਿਹਾ। ਫ਼ਰੀਦ ਜੀ ਦੀ ਬਾਣੀ ਵਿੱਚ ਵਹਦਤ ਅਥਵਾ ਇਕ-ਈਸ਼ਵਰਵਾਦ ਤੋਂ ਬਿਨਾਂ ਗੁਰਮਤਿ ਦੇ ਨਿਯਮਾਂ: ਗੁਰ ਪ੍ਰਸਾਦਿ, ਗੁਰੂ, ਸੰਗਤ ਅਤੇ ਨਾਮ-ਸਿਮਰਨ, ਆਦਿ ਦਾ ਵਰਣਨ ਵੀ ਕੀਤਾ ਹੈ। ਇਸ ਤੋਂ ਬਿਨਾਂ ਫ਼ਰੀਦ ਜੀ ਨੇ ਜੀਵਨ-ਮੁਕਤ ਹੋਣ ਵਾਸਤੇ ਸਦਗੁਣਾਂ ਨੂੰ ਧਾਰਨ ਕਰਨ ਅਤੇ ਮਨ ਨੂੰ ਮਲੀਨ ਕਰਨ ਵਾਲੇ ਵਿਕਾਰਾਂ ਨੂੰ ਤਿਆਗਣਾ ‘‘ਟਾਕਿਮ ਕੂੰਜੜੀਆਂ’’ ਵਾਲੇ ਵਚਨ ਉਚਾਰਨ ਕੀਤੇ।
ਜੀਵਨ-ਮੁਕਤ ਹੋਣ ਵਾਸਤੇ ਦਰਵੇਸ਼ ਨੂੰ ਦੈਵੀ ਗਿਆਨ ਦੀ ਲੋੜ ਹੈ; ਇਹ ਗਿਆਨ ਹਾਸਿਲ ਕਰਨ ਵਾਸਤੇ ਰੱਬ ਦੀ ਬਖ਼ਸ਼ਿਸ਼ ਦੀ ਜ਼ਰੂਰਤ ਹੈ ‘‘ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ॥’’ ਇਹੋ ਹੀ ‘‘ਗੁਰ ਪ੍ਰਸਾਦਿ’’ ਦਾ ਸਿਧਾਂਤ ਹੈ। ਰੱਬ ਮਿਹਰ ਕਰਕੇ ਗੁਰੂ / ਪੀਰ ਦੀ ਸੰਗਤ ਨਾਲ ਜੋੜਦਾ ਹੈ ‘‘ਕਰਿ ਕਿਰਪਾ, ਪ੍ਰਭਿ, ਸਾਧਸੰਗਿ ਮੇਲੀ॥’’ ਸੰਗਤ ਵਿੱਚ ਵਿਚਰਦਿਆਂ ਮੁਰੀਦ ਨੂੰ ਸੱਚ-ਸਿਮਰਨ ਅਥਵਾ ਬੰਦਗੀ (ਇਸ਼ਕ ਹਕੀਕੀ) ਦੀ ਚੇਟਕ ਲੱਗਦੀ ਹੈ ‘‘ਜਾ, ਫਿਰਿ ਦੇਖਾ; ਤਾ ਮੇਰਾ ਅਲਹੁ ਬੇਲੀ॥’’ ਅਤੇ ਉਹ ਮੋਹ-ਮਾਇਆ, ਪਾਪਾਂ, ਵਿਕਾਰਾਂ ਅਤੇ ਔਗੁਣਾਂ ਆਦਿ ਤੋਂ ਤੋਬਾ ਕਰਕੇ ਰੱਬ ਦੀ ਬੰਦਗੀ ਕਰਦਾ ਹੋਇਆ ਸਦਗੁਣਾਂ (ਸਤੁ, ਸੰਤੋਖ, ਦਯਾ, ਧਰਮ ਤੇ ਧੀਰਜ ਆਦਿ) ਦੀ ਪਾਲਣਾ ਕਰਕੇ ਰੱਬ ਦੇ ਰਾਹ ਦਾ ਪਾਂਧੀ ਬਣ ਜਾਂਦਾ ਹੈ। ਸੱਚਾ ਮੁਰੀਦ / ਸਿੱਖ ਉਹ ਹੈ ਜੋ ਗੁਰੂ ਦੇ ਦੱਸੇ ਰਾਹ ’ਤੇ ਹੀ ਚੱਲਦਾ ਹੈ ‘‘ਜੋ, ਗੁਰੁ ਦਸੈ ਵਾਟ; ਮੁਰੀਦਾ ਜੋਲੀਐ॥’’ ਬਾਬਾ ਫ਼ਰੀਦ ਜੀ ਜੀਵਨ ਦੇ ਝੂਠ ‘‘ਝੂਠੀ ਦੁਨੀਆ’’ ਦੀ ਨਿਰਾਰਥਕਤਾ ਤੇ ਮੌਤ ਦੇ ਸੱਚ ਨੂੰ ਬਾਰ ਬਾਰ ਦ੍ਰਿੜ੍ਹਾ ਕੇ ਕੁਕਰਮਾਂ ਤੋਂ ਬਚਣ ਦੀ ਪ੍ਰੇਰਨਾ ਦਿੰਦੇ ਹਨ।
ਬਾਬਾ ਫ਼ਰੀਦ ਜੀ ਧਾਰਮਿਕ ਭੇਖ ਦੇ ਪਾਜ ਓਹਲੇ ਭਰਿਸ਼ਟ ਸ਼ਖ਼ਸੀਅਤ ਨੂੰ ਛੁਪਾ ਕੇ ਲੋਕਾਂ ਨੂੰ ਲੁੱਟਣ ਦੇ ਸਖ਼ਤ ਵਿਰੋਧੀ ਸਨ:
‘‘ਫਰੀਦਾ ! ਕੰਨਿ ਮੁਸਲਾ, ਸੂਫੁ ਗਲਿ; ਦਿਲਿ ਕਾਤੀ, ਗੁੜੁ ਵਾਤਿ॥ ਬਾਹਰਿ ਦਿਸੈ ਚਾਨਣਾ; ਦਿਲਿ ਅੰਧਿਆਰੀ ਰਾਤਿ॥ ੫੦॥, ਫਰੀਦਾ ! ਕਾਲੇ ਮੈਂਡੇ ਕਪੜੇ, ਕਾਲਾ ਮੈਡਾ ਵੇਸੁ॥ ਗੁਨਹੀ ਭਰਿਆ ਮੈ ਫਿਰਾ ; ਲੋਕੁ ਕਹੈ ਦਰਵੇਸੁ॥ ੬੧॥’’