ਸਾਧ ਦੇ ਭੇਸ ’ਚ ਬੁੱਕਲ ਦੇ ਸੱਪ ਦੇਖੇ

0
216

ਸਾਧ ਦੇ ਭੇਸ ’ਚ ਬੁੱਕਲ ਦੇ ਸੱਪ ਦੇਖੇ

ਪੁੱਤ ਵਾਰ ਕੇ ਬਣਾਏ ਸੀ ਪੁੱਤ ਜਿਹੜੇ, ਅੱਜ ਸਿੰਘ ਸਜਣ ਤੋਂ, ਕੰਨੀ ਕਤਰਾਂਵਦੇ ਨੇ।

ਬ੍ਰਹਮ ਗਿਆਨੀ ਜਾਂ, ਸਿੱਧੇ ਸੰਤ ਸਜ ਕੇ, ਸੰਤ ਸਮਾਜ ਹੀ ਵੱਖਰਾ ਬਣਾਂਵਦੇ ਨੇ।

ਹਜ਼ਾਰਾਂ ਸਾਧ ਪੰਜਾਬ ’ਚ, ਖੁੰਬਾਂ ਵਾਂਗ ਉਗਦੇ, ਬਰਾਬਰ ਗੁਰੂ ਘਰ ਦੇ, ਡੇਰੇ ਬਣਾਂਵਦੇ ਨੇ।

ਰਹਿਤ ਮਰਯਾਦਾ ਨਾ, ਡੇਰੇ ’ਚ ਵੜਨ ਦਿੰਦੇ, ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਂਵਦੇ ਨੇ।

ਧਰਮ ਦੇ ਨਾਂ ਤੇ, ਭਰਮਾਂ ’ਚ ਪਾ ਲੈਂਦੇ, ਭਗਵਾਂ ਸਿੱਖੀ ਨੂੰ ਰੰਗ ਚੜ੍ਹਾਂਵਦੇ ਨੇ।

ਗੁਰੂ ਗ੍ਰੰਥ ਜੀ, ਡੇਰੇ ਪ੍ਰਕਾਸ਼ ਕਰਕੇ, ਆਪ ਗੱਦੀਆਂ ਲਾ ਕੇ, ਮੱਥੇ ਟਿਕਾਂਵਦੇ ਨੇ।

ਬਿਪਰਵਾਦੀ ਰੀਤ, ਜਹਾਨ ਦੀ ਨਹੀਂ ਛੱਡਦੇ, ਗੁਰੂ ਦੀ ਹਜ਼ੂਰੀ ’ਚ ਸਭ ਕਰਵਾਂਵਦੇ ਨੇ।

ਖੰਡਨ ਜਿਸ ਗੁਰਾਂ ਨੇ, ਕੀਤਾ ਸੀ ਆਰਤੀ ਦਾ, ਥਾਲ ਦੀਵਿਆਂ ਦਾ, ਉਸ ਅੱਗੇ ਘੁਮਾਂਵਦੇ ਨੇ।

ਸਾਧ ਦੇ ਭੇਸ ’ਚ, ਬੁੱਕਲ ਦੇ ਸੱਪ ਦੇਖੇ, ਜੋ ਸਿੱਖੀ ਸਿਧਾਂਤ ’ਤੇ ਡੰਗ ਚਲਾਂਵਦੇ ਨੇ।

ਵਿਚਾਰ ਬਾਣੀ ਦੀ, ਗੁਰੂ ਘਰ ਅੰਦਰ, ਪ੍ਰਚਾਰਕ ਸੰਗਤ ਨੂੰ, ਜਦੋਂ ਸੁਣਾਂਵਦੇ ਨੇ।

ਆ ਕੇ ਸਟੇਜ ’ਤੇ, ਬਰਾਬਰ ਡੇਰੇਦਾਰ ਬਾਬੇ, ਇਲਾਕਾ ਲੀਡਰਾਂ ਤੋਂ, ਮੱਥੇ ਟਿਕਾਂਵਦੇ ਨੇ।

ਸੱਚ ਇਹਨਾਂ ਦੇ, ਗਲੇ ’ਚ ਫਸ ਜਾਂਦਾ, ਬਚਨ ਮੂਲ ਨਾ ਬਾਣੀ ਦੇ ਭਾਂਵਦੇ ਨੇ।

ਪ੍ਰਚਾਰਕ ਵੀਰ ਜਦੋਂ, ਸੱਚ ਬਿਆਨ ਕਰਦਾ, ਚੇਲੇ ਚੇਲੀਆਂ ਸਣੇ, ਕੂੜੇ ਜਲ ਜਾਂਵਦੇ ਨੇ।

ਗੱਲ ਦਲੀਲ ਨਾਲ, ਪ੍ਰਚਾਰਕ ਦੇ ਨਹੀਂ ਕਰਦੇ, ਸਗੋਂ ਗੁੰਡਿਆਂ ਤੋਂ, ਹਮਲਾ ਕਰਵਾਂਵਦੇ ਨੇ।

ਕੀਤੇ ਲਹੂ ਲੁਹਾਣ, ਨਰੈਣੂ ਦੇ ਵਾਰਸਾਂ ਨੇ, ਕਕਾਰ ਦਸਤਾਰ ਵੀ, ਸਿੱਖਾਂ ਦੀ ਲਾਂਵਦੇ ਨੇ।

ਪ੍ਰਚਾਰ ਆਪਣੇ ਘਰ, ਜਾਂ ਗੁਰੂ ਘਰਾਂ ਅੰਦਰ, ਗੁਰਮਤਿ ਪ੍ਰਚਾਰਕਾਂ ਤੋਂ, ਸਿੱਖੀ ਕਰਾਵਣਾ ਏ।

ਫਸੇ ਡੇਰੇਦਾਰਾਂ ਦੇ ਭਰਮਜਾਲ ਵਿਚੋਂ, ਗੁਰੂ ਦੇ ਗਿਆਨ ਨੇ ਬਾਹਰ ਕਢਾਵਣਾ ਏ।

ਬੱਚਿਆਂ ਦੇ ਮੂੰਹ ’ਚੋਂ ਦੁੱਧ ਘਿਓ ਖੋਹ ਕੇ, ਮਨਮਤੀ ਸਾਧਾਂ ਨੂੰ ਨਾ ਚੜ੍ਹਾਓ ਸਿੱਖੋ

ਸ਼ਰਧਾ ਗਿਆਨ ਵਿਹੂਣੀ, ਕੌਡੀ ਦੇ ਕੰਮ ਨਹੀਉਂ, ਸਾਂਝ ਬਾਣੀ ਨਾਲ, ਅੱਜ ਤੋਂ ਪਾਓ ਸਿੱਖੋ।

ਛੱਡ ਕੇ ਡੇਰੇਦਾਰਾਂ ਨੂੰ ਗੁਰੂ ਦੇ ਪੁੱਤ ਬਣ ਜੋ, ਸਿੱਧੇ ਗੁਰੂ ਦੇ ਦਰ ਤੇ ਆ ਜਾਓ ਸਿੱਖੋ।

ਬਾਣੀ ਆਪ ਪੜ੍ਹ ਕੇ, ਸਮਝ ਵਿਚਾਰ ਕਰੀਏ, ‘ਕਰਮਜੀਤ’ ਬੱਚਿਆਂ ਨੂੰ ਵੀ, ਬਾਣੀ ਪੜ੍ਹਾਓ ਸਿੱਖੋ।

ਕਰਮਜੀਤ ਸਿੰਘ ਬਿੰਜਲ, ਮੋਬਾ: 9876574960, ਜਿਲ੍ਹਾ ਜਥੇਦਾਰ, ਏਕ ਨੂਰ ਖ਼ਾਲਸਾ ਫੌਜ, ਲੁਧਿਆਣਾ