ਕਬਿੱਤ ਨੰਬਰ 13 (ਭਾਈ ਗੁਰਦਾਸ ਜੀ)
ਪ੍ਰੀਤਮ ਸਿੰਘ, ਕਰਨਾਲ- 94164-05173
ਨਾਨਾ ਮਿਸਟਾਨ ਪਾਨ ਬਹੁ ਬਿੰਜਨਾਦਿ ਸ੍ਵਾਦ, ਸੀਚਤ ਸਰਬ ਰਸ ਰਸਨਾ ਕਹਾਈ ਹੈ।
ਦ੍ਰਿਸਟਿ ਦਰਸ ਅਰੁ ਸਬਦ ਸੁਰਤਿ ਲਿਵ, ਗਿਆਨ ਧਿਆਨ ਸਿਮਰਨ ਅਮਿਤ ਬਡਾਈ ਹੈ।
ਸਕਲ ਸੁਰਤਿ ਅਸਪਰਸ ਅਉ ਰਾਗ ਨਾਦ, ਬੁਧਿ ਬਲ ਬਚਨ ਬਿਬੇਕ ਟੇਕ ਪਾਈ ਹੈ।
ਗੁਰਮਤਿ ਸਤਿਨਾਮ ਸਿਮਰਤ ਸਫਲ ਹੁਇ, ਬੋਲਤ ਮਧੁਰ ਧੁਨਿ ਸੁੰਨ ਸੁਖਦਾਈ ਹੈ॥੧੩॥
ਸ਼ਬਦ ਅਰਥ: ਨਾਨਾ=ਬਹੁਤੇ, ਬਿੰਜਨਾਦਿ=ਕਈ ਤਰ੍ਹਾਂ ਦੇ ਭੋਜਨ, ਅ+ਸਪਰਸ=ਵਿਰਕਤ, ਤਿਆਗੀ।
ਅਰਥ: ਕਈ ਪ੍ਰਕਾਰ ਦੇ ਭੋਜਨਾ ਦੇ ਸੁਆਦ ਅਰ ਖੱਟੇ ਮਿੱਠੇ ਰਸਾਂ ਦੇ ਸੁਆਦ ਲੈਣ ਤੇ ਮਾਣਨ ਵਾਲੀ ਨੂੰ ਜੀਭ ਕਿਹਾ ਜਾਂਦਾ ਹੈ। ਅੱਖਾਂ ਗੁਰੂ ਦਰਸ਼ਨ ਕਰਨ, ਕੰਨ ਸ਼ਬਦ ਵਿਚ ਸੁਰਤਿ ਜੋੜ ਕੇ ਧਿਆਨ ਨਾਲ ਗੁਰੂ ਦਾ ਸ਼ਬਦ ਸੁਣਨ ਤੇ ਸਿਮਰਨ ਕੀਤਾ ਜਾਵੇ ਤਾਂ ਬਹੁਤ ਵਡਿਆਈ ਵਾਲੀ ਗੱਲ ਹੈ। ਹੋਰ ਹੋਰ ਰਾਗਾਂ ਨਾਦਾਂ ਵਿਚ ਮਸਤ ਹੋਣ ਦੀ ਬਜਾਇ ਸਾਰਾ ਤਾਣ ਲਾ ਕੇ ਗੁਰੂ ਦੇ ਸ਼ਬਦ (ਉਪਦੇਸ਼) ਵਿਚ ਸੁਰਤਿ ਜੋੜੀ ਜਾਏ ਤਾਂ ਲਾਭਕਾਰੀ ਹੈ। ਗੁਰੂ ਦੀ ਮਤਿ ਅਨੁਸਾਰ ਸਿਮਰਨ ਕੀਤਾ ਜਾਏਅਤੇ ਜੀਭ ਰਾਹੀਂ ਪ੍ਰਭੂ ਦੀ ਮਿਠੀ ਮਿਠੀ ਸਿਫਤ ਸਾਲਾਹ ਕੀਤੀ ਜਾਵੇ ਤਾਂ ਉਹ ਅੰਤਰ ਆਤਮੇ ਸੁੱਖ ਦੇਣ ਵਾਲੀ ਮਨੋਬ੍ਰਿਤੀ ਬਣ ਜਾਂਦੀ ਹੈ।
ਇਹ ਜੋ ਸਾਡੇ ਗਿਆਨ ਇੰਦਰੇ (ਅੱਖਾਂ, ਜੀਭ, ਕੰਨ ਆਦਿ) ਹਨ, ਇਹ ਵਿਕਾਰਾਂ ਵਿਚ ਖੱਚਤ ਹਨ। ਅੱਖਾਂ ਰੂਪ ਵੇਖਣ ਦੀਆਂ ਸਦਾ ਹੀ ਇਛੁੱਕ ਰਹਿੰਦੀਆਂ ਹਨ।ਜੀਭ ਚੰਗੇ ਚੰਗੇ ਸੁਆਦਲੇ ਭੋਜਨਾਂ ਦੀ ਰਸੀਲੀ ਹੈ। ਇਸੇ ਤਰ੍ਹਾਂ ਕੰਨ ਵੀ ਨਿੰਦਿਆ, ਮੰਦੇ ਬਚਨ ਆਦਿ ਸੁਣਨ ਦੇ ਚਸਕਾ ਭਰਪੂਰ ਸਰੋਤ ਹਨ। ਇਨ੍ਹਾਂ ਦੇ ਕੰਮਾਂਕਰਕੇ ਬੁੱਧੀ ਵਿਚ ਵੀ ਵਿਗਾੜ ਪੈਦਾ ਹੁੰਦਾ ਹੈ ਜਿਸ ਕਾਰਨ ਸੁਰਤਿ ਟਿਕਾਣੇ (ਸਥਿਰ) ਨਹੀਂ ਰਹਿੰਦੀ: ‘‘ਬਹੁਤੁ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤਿ ਨਹੀ ਪਾਈ ॥’’ (ਮ: ੯/੬੩੨)
ਇਨ੍ਹਾਂ ਇੰਦਰਿਆਂ ਨੂੰ ਅਗਰ ਗੁਰੂ ਅਨੁਸਾਰੀ ਕਰ ਲਿਆ ਜਾਵੇ ਤਾਂ ਮਨੁੱਖ ਪਰਮ ਸੁੱਖ ਦੀ ਪ੍ਰਾਪਤੀ ਕਰ ਸਕਦਾ ਹੈ। ਗੁਰੂ ਅਮਰਦਾਸ ਜੀ ਨੇ ਹਰੇਕ ਗਿਆਨ ਇੰਦ੍ਰੇ ਲਈ ਅਨੰਦ ਸਾਹਿਬ ਦੀ ਬਾਣੀ ਵਿਚ ਉਪਦੇਸ਼ ਕੀਤਾ ਹੈ। ਅਖਾਂ ਲਈ: ‘‘ਏ ਨੇਤ੍ਰਹੁ ਮੇਰਿਹੋ! ਹਰਿ ਤੁਮ ਮਹਿ ਜੋਤਿ ਧਰੀ; ਹਰਿ ਬਿਨੁ ਅਵਰੁ ਨ ਦੇਖਹੁ ਕੋਈ॥…..ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ; ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ॥’’ (ਮ:੩/ਅੰਕ ੯੨੨), ਜੀਭ ਲਈ: ‘‘ਏ ਰਸਨਾ ! ਤੂੰ ਅਨ ਰਸਿ ਰਾਚਿ ਰਹੀ, ਤੇਰੀ ਪਿਆਸ ਨ ਜਾਇ॥……ਕਹੈ ਨਾਨਕੁ ਹੋਰਿ ਅਨ ਰਸਿ ਸਭਿ ਵੀਸਰੇ, ਜਾ ਹਰਿ ਵਸੈ ਮਨਿ ਆਇ॥’’ (ਮ:੩/ਅੰਕ ੯੨੧), ਕੰਨਾਂ ਲਈ, ‘‘ਏ ਸ੍ਰਵਣਹੁ ਮੇਰਿਹੋ ! ਸਾਚੈ ਸੁਨਣੈ ਨੋ ਪਠਾਏ॥…..ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ, ਪਵਿਤ੍ਰ ਹੋਵਹੁ; ਸਾਚੈ ਸੁਨਣੈ ਨੋ ਪਠਾਏ॥’’ (ਮ:੩/ਅੰਕ ੯੨੨) ਆਦਿ, ਪਰਇੰਦਰਿਆਂ ਨੂੰ ਤਾਂ ਰਸ ਕਸ ਚਾਹੀਦੇ ਹਨ, ਚੰਗੇ ਜਾਂ ਮੰਦੇ। ਗੁਰੂ ਜੀ ਇਨ੍ਹਾਂ ਇੰਦਰਿਆਂ ਨੂੰ ਭਲੇ ਪਾਸੇ ਲਾਉਣ ਦਾ ਉਪਦੇਸ਼ ਕਰਦੇ ਹਨ। ਗੁਰਬਾਣੀ ਫੁਰਮਾਨ ਹੈ: ‘‘ਹਰਿ ਰਸ ਕਾ ਤੂੰ ਚਾਖਹਿ ਸਾਦੁ॥ ਚਾਖਤ ਹੋਇ ਰਹਹਿ ਬਿਸਮਾਦੁ॥’’ (ਮ:੫/ ਅੰਕ ੧੮੦) ਜੇ ਜਿਹਵਾ ਨੂੰ ਰਾਮ ਨਾਮ ਦੇ ਰਸ ਵਿਚ ਲਾਇਆ ਜਾਵੇ ਤਾਂ ਹੋਰ ਸਭ ਰਸ ਭੁਲ ਜਾਵੇਗੀ ਜਿਵੇਂ ਕਬੀਰ ਸਾਹਿਬ ਫੁਰਮਾਂਦੇ ਹਨ: ‘‘ਰਾਮ ਰਸੁ ਪੀਆ ਰੇ॥ ਜਿਹ ਰਸ ਬਿਸਰਿ ਗਏ ਰਸ ਅਉਰ॥’’ (੩੩੭), ‘‘ਰਾਰਾ ਰਸੁ ਨਿਰਸ ਕਰਿ ਜਾਨਿਆ॥ ਹੋਇ ਨਿਰਸ, ਸੁ ਰਸੁ ਪਹਿਚਾਨਿਆ॥ ਇਹ ਰਸ ਛਾਡੇ, ਉਹ ਰਸੁ ਆਵਾ॥ ਉਹ ਰਸੁ ਪੀਆ, ਇਹ ਰਸੁ ਨਹੀ ਭਾਵਾ॥’’ (ਭਗਤ ਕਬੀਰ ਜੀ/ਅੰਕ ੩੪੨) ਭਾਵ ਕਿ ਅੱਖਾਂ ਗੁਰੂ ਦੇ ਦਰਸ਼ਨ ਕਰਨ, ਜਿਹਵਾ ਪ੍ਰਭੂ ਦੇ ਗੁਣ ਗਾਵੇ, ਕੰਨ ਗੁਰੂ ਦੀ ਬਾਣੀ ਸੁਣਨ ਤਾਂ ਜੀਵ ਅੰਤਰ ਆਤਮੇ ਸੁੱਖੀ ਹੋ ਜਾਂਦਾ ਹੈ। ਜਦੋਂ ਪ੍ਰਮਾਤਮਾ ਦੇ ਨਾਮ ਦਾ ਰਸ ਜੀਵ ਨੂੰ ਆਉਣ ਲਗ ਜਾਂਦਾ ਹੈ ਤਾਂ ਉਸ ਨੂੰ ਤਮਾਮ ਦੁਨੀਆਵੀ ਰਸ ਫਿਕੇ ਲਗਣ ਲਗ ਪੈਂਦੇ ਹਨ। ਗੁਰੂ ਅਰਜੁਨ ਦੇਵ ਜੀ ਮਹਾਰਾਜ ਵੀ ਫੁਰਮਾਨ ਕਰਦੇ ਹਨ ‘‘ਅੰਤਰਿ ਗੁਰੁ ਆਰਾਧਣਾ, ਜਿਹਵਾ ਜਪਿ ਗੁਰ ਨਾਉ॥ ਨੇਤ੍ਰੀ ਸਤਿਗੁਰੁ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ॥’’ (ਮ:੫/ਅੰਕ ੫੧੭)ਫਿਰ ਕੀ ਹੋਇਗਾ ? ਇਸ ਜਵਾਬ ਦਾ ਵੀ ਜ਼ਿਕਰ ਕਰਦੇ ਹਨ ‘‘ਸਤਿਗੁਰ ਸੇਤੀ ਰਤਿਆ, ਦਰਗਹ ਪਾਈਐ ਠਾਉ॥’’ (ਮ:੫/ਅੰਕ ੫੧੭) ਭਾਈ ਗੁਰਦਾਸ ਜੀ ਦਾ ਵੀ ਮਕਸਦ ਹੈ ਕਿ ਆਪਣੇ ਇੰਦਰਿਆਂ ਨੂੰ ਪ੍ਰਭੂ ਦੇ ਨਾਮ ਰਸ ਵਿਚ ਜੋੜਨਾ ਚਾਹੀਦਾ ਹੈ ਇਸੇ ਵਿਚ ਹੀ ਮਨੁਖ ਦਾ ਕਲਿਆਣ ਹੈ ਭਾਵ ਮਨੁੱਖਾ ਜੀਵਨ ਦੇ ਮਨੋਰਥ ਦੀ ਪ੍ਰਾਪਤੀ ਹੀ ਇਹੋ ਹੈ।