ਗੁਰਮਤਿ ਵਿੱਚ ਨਿਰਭਉ ਤੇ ਨਿਰਵੈਰ ਭਗਤੀ ਤੇ ਸ਼ਕਤੀ ਦਾ ਸੰਕਲਪ
ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)
ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਆਰਥਿਕ ਮਾਹੌਲ ਨੂੰ ਵੇਖਦਿਆਂ ਨਿਰਭਉ ਤੇ ਨਿਰਵੈਰ ਦਾ ਵਿਸ਼ੇਸ਼ ਰੂਪ ਪ੍ਰਮਾਤਮਾ ਨਾਲ ਸੰਬੰਧਤ ਕੀਤਾ, ਇਸ ਲਈ ਸਿੱਖ ਆਚਰਨ ਦੇ ਇਹ ਦੋ ਵਿਸ਼ੇਸ਼ ਗੁਣ ਬਣ ਗਏ ਹਨ। ਜਿਸ ਅਵਸਥਾ ਵਿੱਚੋਂ ਗੁਰੂ ਸਾਹਿਬਾਨ ਨੇ ਲੋਕਾਂ ਦੇ ਸਮਾਜਿਕ ਜੀਵਨ ਨੂੰ ਉੱਚਾ ਚੁੱਕਣਾ ਸੀ ਉਸ ਲਈ ਜ਼ਰੂਰੀ ਸੀ ਕਿ ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਨਿਰਭਉ, ਨਿਰਵੈਰ ਭਗਤੀ-ਸ਼ਕਤੀ (ਮੀਰੀ-ਪੀਰੀ) ਅਤੇ ਸੰਤ-ਸਿਪਾਹੀ ਦੇ ਗੁਣ ਪੈਦਾ ਹੋਣ ਪਰ ਇਹ ਗੁਣ ਕਿਸੇ ਕੌਮ ਜਾਂ ਮਨੁੱਖ ਅੰਦਰ ਤਦ ਹੀ ਪੈਦਾ ਹੋ ਸਕਦੇ ਹਨ ਜੇ ਇਹ ਗੁਣ ਪਹਿਲਾਂ ਰੱਬ ਜਾਂ ਇਸ਼ਟ ਵਿੱਚ ਮੰਨੇ ਜਾਣ ਜਿਸ ਦਾ ਉਹ ਪੂਜਕ ਹੈ ਕਿਉਂਕਿ ‘‘ਜੈਸਾ ਸੇਵੈ, ਤੈਸੋ ਹੋਇ ॥’’ (ਮ:੧/੨੨੩) ਦਾ ਨਿਯਮ ਬੜਾ ਅਟੱਲ ਹੈ। ਕੋਈ ਰਚਨਾ ਰੱਬ ਤੋਂ ਬਾਹਰ ਨਹੀਂ ਹੋ ਸਕਦੀ ‘‘ਹੁਕਮੀ ਹੋਵਨਿ ਆਕਾਰ … ॥ (ਜਪੁ) ਦਾ ਨਿਯਮ ਹੀ ਸਭ ਪਾਸੇ ਲਾਗੂ ਹੁੰਦਾ ਹੈ। ਦਿਸਦੀ-ਅਣਦਿਸਦੀ ਹਰ ਵਸਤੂ ਰੱਬ ਤੋਂ ਹੀ ਪੈਦਾ ਹੁੰਦੀ ਹੈ। ਹਰ ਗੁਣ ਰੱਬ ਵਿੱਚੋਂ ਉਸੇ ਤਰ੍ਹਾਂ ਦਿ੍ਰਸ਼ਟਮਾਨ ਹੋ ਰਿਹਾ ਹੈ ਜਿਵੇਂ ਸੂਰਜ ਤੋਂ ਪ੍ਰਕਾਸ਼ ਪੈਦਾ ਹੁੰਦਾ ਹੈ।
ਆਮ ਮਨੁੱਖਤਾ ਖ਼ਾਸ ਕਰ ਭਾਰਤੀਆਂ ਵਿੱਚ ਆਈ ਗਿਰਾਵਟ ਦੇ ਦੋ ਮੁੱਖ ਕਾਰਨ ਹਨ; ਲੋਕਾਂ ਦਾ ਕਮਜ਼ੋਰ ਦਿਲ ਹੋਣਾ ਤੇ ਜ਼ਬਰ ਤੋਂ ਡਰਨਾ ਭਾਵ ਮਨੁੱਖ, ਮਨੁੱਖ ਤੋਂ ਭੈ-ਭੀਤ ਸੀ। ਸਮਾਜ ਅੰਦਰ ਧਾਰਮਿਕ ਵੈਰ-ਵਿਰੋਧ, ਮੋਮਨ-ਕਾਫ਼ਰ ਦੇ ਝਗੜੇ ਦੋਹਾਂ ਕੌਮਾਂ (ਹਿੰਦੂ-ਮੁਸਲਿਮ) ਦੇ ਵੈਰ ਦਾ ਕਾਰਨ ਬਣੇ ਹੋਏ ਸਨ। ਰਾਜਸੀ ਤੌਰ ’ਤੇ ਵੀ ਹਰ ਤਰ੍ਹਾਂ ਦਾ ਪੱਖਪਾਤ ਸੀ। ਹਰ ਪਾਸੇ ਊਚ-ਨੀਚ ਦੇ ਵਿਤਕਰੇ ਮਨੁੱਖੀ ਹਿਰਦੇ ਵਿੱਚ ਘਰ ਕਰ ਚੁੱਕੇ ਸਨ। ਇਸ ਗਿਰਾਵਟ ਵਿੱਚ ਨਿਘਰੇ ਜੀਵਨ ਦਾ ਅਨੁਭਵ ਕਰਦਿਆਂ ਹੀ ਗੁਰੂ ਸਾਹਿਬ ਜੀ ਨੇ ਰੱਬ ਦੇ ਸਰੂਪ ਵਿੱਚ ਨਿਰਭਉ ਤੇ ਨਿਰਵੈਰ ਦੋ ਵਿਸ਼ੇਸ਼ ਗੁਣ ਪ੍ਰਚਾਰੇ ਤਾਂ ਕਿ ਮਨੁੱਖੀ ਜੀਵਨ ਵਿੱਚ ‘‘ਆਪਿ ਨ ਡਰਉ, ਨ ਅਵਰ ਡਰਾਵਉ ॥’’ (ਭਗਤ ਕਬੀਰ/੩੨੭) ਦਾ ਸੰਕਲਪ ਪੈਦਾ ਕੀਤਾ ਜਾ ਸਕੇ।
ਇਹ ਦੋ ਵਿਸ਼ੇਸ਼ ਗੁਣ ਇਸ ਲਈ ਪੈਦਾ ਕੀਤੇ ਤਾਂ ਕਿ ਕੌਮ ਦਾ ਕਲਿਆਣ ਹੋ ਸਕੇ ਭਾਵ ਸਿੱਖ ਕਿਸੇ ਤੋਂ ਡਰੇਗਾ ਨਹੀਂ ਕਿਉਂਕਿ ਨਿਰਭਉ ਦਾ ਸੇਵਕ ਹੈ। ਕਿਸੇ ਨੂੰ ਡਰਾਏਗਾ ਨਹੀਂ ਕਿਉਂਕਿ ਨਿਰਵੈਰ ਰੱਬ ਦਾ ਮੰਨਣਹਾਰ ਹੈ। ਇਸੇ ਸੋਚ ਨੂੰ ਨੌਵੇਂ ਜਾਮੇ ਵਿੱਚ ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ, ਸੁਨਿ ਰੇ ਮਨਾ! ਗਿਆਨੀ ਤਾਹਿ ਬਖਾਨਿ॥’’ (ਮ: ੯/੧੪੨੭) ਕਹਿ ਕੇ ਪ੍ਰਚਾਰਿਆ।
ਹੋਰ ਧਰਮਾਂ ਨੇ ਭੀ ਰੱਬ ਨੂੰ ਨਿਰਭਉ ਤੇ ਨਿਰਵੈਰ ਮੰਨਿਆ ਹੋਵੇਗਾ ਪਰ ਉਨ੍ਹਾਂ ਇਸ ਤਰ੍ਹਾਂ ਬੁਨਿਆਦੀ ਤੌਰ ’ਤੇ ਮੂਲ ਮੰਤਰ ਜਾਂ ਮੁੱਢਲੇ ਸਿਧਾਂਤ ਵਿੱਚ ਇਹ ਸੰਕਲਪ ਦਰਜ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਇਹ ਦੋਨੋਂ ਵਿਸ਼ੇਸ਼ ਗੁਣ ਮੂਲ ਮੰਤਰ ਵਿੱਚ ਰੱਖ ਕੇ ਕਿ੍ਰਪਾ-ਦਿ੍ਰਸ਼ਟੀ ਕੀਤੀ ਹੈ ਤਾਂ ਕਿ ਮਨੁੱਖ ਭਾਈਚਾਰਾ ਨਿਰਭਉ ਤੇ ਨਿਰਵੈਰ ਜੀਵਨ ਜੀ ਕੇ ਕੌਮੀ ਹਾਲਾਤ ਨੂੰ ਸੁਖਾਵਾਂ, ਚੰਗੇਰਾ ਤੇ ਸਦਾਚਾਰੀ ਬਣਾ ਸਕੇ। ਸੁਖਾਵਾਂ ਜੀਵਨ ਜੀਣ ਲਈ ਨਿਰਭਉ ਤੇ ਨਿਰਵੈਰ, ਮੀਰੀ ਤੇ ਪੀਰੀ, ਸੰਤ ਤੇ ਸਿਪਾਹੀ, ਦੇਗ਼ ਤੇਗ ਦੀ ਫ਼ਤਿਹ ਦਾ ਹੋਣਾ ਜ਼ਰੂਰੀ ਹੈ। ਰੱਬੀ ਰਚਨਾ ਦੇ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਤਾਂ ਉਸ ਅਕਾਲ ਪੁਰਖ ਨੇ ਵਿਰੋਧੀ ਤੱਤਾਂ ਨੂੰ ਇੱਕੋਂ ਥਾਂ ਸਮੇਟਿਆ ਹੋਇਆ ਹੈ। ਗੁਰੂ ਰਾਮਦਾਸ ਸਾਹਿਬ ਜੀ ਨੇ ਕ੍ਰਿਪਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਹੀ ਰਾਗ ਅੰਦਰ ਪੰਨਾ 735 ’ਤੇ ਇਹ ਪਾਵਨ ਬਚਨ ਬਖ਼ਸ਼ਿਸ਼ ਕੀਤੇ ਹਨ: ‘‘ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂ ਸਾਹਿਬ ਗੁਣੀ ਨਿਧਾਨਾ ॥’’ ਵਾਲੇ ਸ਼ਬਦ ਦੇ ਤੀਸਰੇ ਪਦੇ ਵਿੱਚ ਇਸ ਆਸ਼ੇ ਨੂੰ ਇੰਜ ਅੰਕਤ ਕੀਤਾ ਹੈ ‘‘ਵਿਚੇ ਧਰਤੀ ਵਿਚੇ ਪਾਣੀ, ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘੁ ਇਕਤੈ ਥਾਇ ਰਾਖੇ, ਮਨ! ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥’’ (ਮ: ੪/੭੩੫)
ਕਰਤਾਰ ਦੀ ਕੁਦਰਤ ਵਿੱਚ ਅਚਰਜ ਖੇਡ ਨਜ਼ਰ ਆਉਂਦੀ ਹੈ ਕਿ ਗੁਲਾਬ ਦੇ ਬੂਟੇ ਨੂੰ ਵੇਖੋ, ਇੱਕੋ ਡਾਲੀ ਵਿੱਚ ਸੁਗੰਧੀ, ਕੋਮਲਤਾ ਭਰਿਆ ਫੁਲ ਵੀ ਲੱਗਾ ਹੁੰਦਾ ਹੈ ਤੇ ਉਸੇ ਡਾਲੀ ਨੂੰ ਕੰਡੇ ਵੀ ਲੱਗੇ ਹੁੰਦੇ ਹਨ ਭਾਈ ਵੀਰ ਸਿੰਘ ਜੀ ਨੇ ਇਸ ਬਾਰੇ ਆਪਣੀ ਰਚਨਾ ਵਿੱਚ ਵੀਚਾਰ ਇਸ ਤਰ੍ਹਾਂ ਅੰਕਤ ਕੀਤੇ ਹਨ:‘ਫੁੱਲ ਗੁਲਾਬ ਤੋਂ ਕਿਸੇ ਪੁਛਿਆ, ਅਵੇ ਕੋਮਲਤਾ ਦੇ ਸਾਈਂ! ਇਸ ਸੁਹਪਣ ਇਸ ਸੁਹਲ ਸੁਹਜ ਨੂੰ, ਹੈ ਕਿਉਂ ਕੰਡਿਆਂ ਬਜ ਲਾਈ? ਮਸਤ ਅਲਮਸਤੀ ਸੁਰ ਵਿਚ ਸੁਹਣੇ ਹੱਸ ਕਿਹਾ, ਪਤਾ ਨਹੀਂ ਹੈ ਮੈਨੂੰ; ਤੋੜ ਨਾਹੀਂ ਦੀ ਫੱਟੀ ਭਾਵੇਂ, ਮੇਰੇ ਮੌਲਾ ਨੇ ਲਾਈ।’
ਹੋਰ ਵੇਖੋ ਬੱਦਲ, ਵਰਖਾ ਰਾਹੀਂ ਧਰਤੀ ਜਾਂ ਕਾਇਨਾਤ ਨੂੰ ਕਿਵੇਂ ਹਰਾ ਭਰਾ ਕਰ ਦਿੰਦੇ ਹਨ ਪਰ ਜਦੋਂ ਆਪਸੀ ਟੱਕਰ ਮਾਰ ਕੇ ਅਸਮਾਨੀ ਬਿਜਲੀ ਦਾ ਭਿਆਨਕ ਰੂਪ ਧਾਰਦੇ ਹਨ ਤਾਂ ਸਾੜ ਕੇ ਸੁਆਹ ਵੀ ਕਰ ਦਿੰਦੇ ਹਨ। ਮਨੁੱਖ ਅੰਦਰ ਵੀ ਇਹੋ ਦੋਵੇਂ ਸ਼ਕਤੀਆਂ ਮੌਜੂਦ ਹਨ ਕਠੋਰਤਾ ਤੇ ਕੋਮਲਤਾ। ਸਖ਼ਤੀ (ਕਠੋਰਤਾ) ਤੋਂ ਬਹਾਦਰੀ ਪੈਦਾ ਹੁੰਦੀ ਹੈ ਤੇ ਕੋਮਲਤਾ ਤੋਂ ਦਇਆ, ਪਿਆਰ, ਸੰਤੋਖ, ਸੀਲਤਾ ਆਦਿ ਦੈਵੀ ਗੁਣ ਪੈਦਾ ਹੁੰਦੇ ਹਨ। ਇਹ ਦੋਵੇਂ ਤਾਕਤਾਂ ਜ਼ਰੂਰੀ ਹਨ ਇਨ੍ਹਾਂ ਦੋਵਾਂ ਦੇ ਇਕੱਠੇ ਰਹਿਣ ਵਿੱਚ ਹੀ ਮਨੁੱਖਤਾ ਦੀ ਭਲਾਈ ਹੈ। ਜੇ ਕਦੇ ਕਿਸੇ ਇੱਕ ਗੁਣ ਵਲ ਜ਼ਿਆਦਾ ਝੁਕਾਉ ਹੋ ਜਾਏ ਤਾਂ ਦੂਜਾ ਪੱਖ ਕਮਜ਼ੋਰ ਹੋ ਜਾਂਦਾ ਹੈ ਫਿਰ ਜੀਵਨ ਆਦਰਸ਼ਕ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਕੀਤਾ ਹੈ ਕਿ ‘‘ਸੋ ਉਦਾਸੀ, ਜਿ ਪਾਲੇ ਉਦਾਸੁ ॥ ਅਰਧ ਉਰਧ ਕਰੇ ਨਿਰੰਜਨ ਵਾਸੁ ॥ ਚੰਦ ਸੂਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ਪੜੈ ਨ ਕੰਧੁ ॥’’ (ਮ: ੧/੯੫੨)
ਸੂਰਜ; ਗਿਆਨ, ਚਾਨਣ ਤੇ ਤਪਸ਼ ਦਾ ਪ੍ਰਤੀਕ ਹੈ। ਚੰਦ੍ਰਮਾ, ਜਿੱਥੇ ਚਾਨਣ ਦਾ ਪ੍ਰਤੀਕ ਹੈ ਉੱਥੇ ਸੀਤਲਤਾ (ਠੰਢਕ) ਦਾ ਸੋਮਾ ਮੰਨਦੇ ਹੋਏ ਸ਼ਾਂਤੀ ਦਾ ਪ੍ਰਤੀਕ ਹੈ। ਗੁਰੂ ਸਾਹਿਬ ਜੀ ਨੇ ਉਦਾਸੀ (ਵਿਕਾਰਾਂ ਤੋਂ ਨਿਰਲੇਪ) ਜੀਵਨ ਲਈ ‘‘ਚੰਦ ਸੂਰਜ ਕੀ ਪਾਏ ਗੰਢਿ ॥’’ ਦਾ ਸੰਕਲਪ ਇਕੱਠਾ ਕੀਤਾ ਹੈ ਕਿ ਬੀਰ ਰਸ (ਬਹਾਦਰੀ) ਤੇ ਸ਼ਾਂਤੀ (ਸੇਵਾ ਭਾਵ) ਦੋਨੋਂ ਇਕੱਠੇ ਹੋਣੇ ਚਾਹੀਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1171 ’ਤੇ ਬਸੰਤ ਰਾਗ ਵਿੱਚ ਇਹ ਵਿਸ਼ੇਸ਼ ਵੀਚਾਰ ਦਰਜ ਕੀਤੀ ਹੈ ‘‘ਸੁਆਮੀ ਪੰਡਿਤਾ! ਤੁਮ੍ ਦੇਹੁ ਮਤੀ ॥ ਕਿਨ ਬਿਧਿ ਪਾਵਉ ਪ੍ਰਾਨਪਤੀ? ॥੧॥ ਰਹਾਉ ॥ ਭੀਤਰਿ ਅਗਨਿ ਬਨਾਸਪਤਿ ਮਉਲੀ, ਸਾਗਰੁ ਪੰਡੈ ਪਾਇਆ ॥ ਚੰਦੁ ਸੂਰਜੁ ਦੁਇ ਘਰ ਹੀ ਭੀਤਰਿ, ਐਸਾ ਗਿਆਨੁ ਨ ਪਾਇਆ ॥੨॥’’ (ਮ: ੧/੧੧੭੧)
ਸਿੱਖ ਵਿਚਾਰਧਾਰਾ ਕਿਸੇ ਫਿਰਕੇ, ਧਰਮ ਜਾਂ ਮਜ਼੍ਹਬ ਦਾ ਵਿਰੋਧੀ ਨਹੀਂ ਪਰ ਹਾਂ ਅਧਰਮ ਦੇ ਹਰ ਰੂਪ ਦਾ ਵਿਰੋਧੀ ਹੈ ਭਾਵੇਂ ਉਹ ਕਿਸੇ ਭੇਸ ਜਾਂ ਬੁਰਕੇ ਵਿੱਚ ਹੋਵੇ, ਦਾ ਵਿਰੋਧੀ ਹੈ ਤੇ ਕੱਟੜ ਵਿਰੋਧੀ ਹੈ। ਸਿੱਖ ਕਦੇ ਵੀ ਅਧਰਮ ਨਾਲ, ਨਾ ਕਦੇ ਆਪ ਸਮਝੌਤਾ ਕਰ ਸਕਦਾ ਹੈ ਅਤੇ ਨਾ ਹੀ ਇਹ ਸਮਝੋਤਾ ਹੋਰ ਕਿਸੇ ਧਰਮ ਵਿੱਚ ਜਰ ਸਕਦਾ ਹੈ ਕਿਉਂਕਿ ਉਹ ਆਪਣੇ ਨਿਜ ਤੋਂ ਪਰੇ ਹੋ, ਸਮੁੱਚੀ ਮਾਨਵਤਾ ਦੇ ਭਲੇ ਤੇ ਅਗਵਾਈ ਦਾ ਆਦਰਸ਼ ਆਪਣੇ ਸਾਹਮਣੇ ਰੱਖਦਾ ਹੈ। ਗੁਰਮਤਿ ਵਿਚਾਰਧਾਰਾ ਨੇ ਇਹ ਬੜਾ ਸਪਸ਼ਟ ਕੀਤਾ ਹੈ ਕਿ ਅਧਰਮ, ਸਦਾ ਧਰਮ ਦੇ ਬੁਰਕੇ ਵਿੱਚ ਹੀ ਫਿਰਦਾ ਹੁੰਦਾ ਹੈ ਕਿਉਂਕਿ ਅਧਰਮ ਲਈ ਸੱਚ ਦਾ ਸਾਹਮਣਾ ਕਰਨ ਜਾਂ ਖੁਲੇ ਵਿਚਰਨ ਦੀ ਕੋਈ ਜੁਰਅਤ ਨਹੀਂ ਹੁੰਦੀ। ਸੱਚ ਸਦਾ ਸਪਸ਼ਟ ਰਹਿੰਦਾ ਹੈ, ਨੰਗਾ ਰਹਿੰਦਾ ਹੈ ਜਿਸ ਕਾਰਨ ਝੂਠ ਨੇ ਸੱਚ ਦੇ ਬਸਤ੍ਰ ਚੁਰਾ ਲਏ ਹੁੰਦੇ ਹਨ ਭਾਵ ਅਧਰਮ, ਧਰਮ ਦਾ ਬੁਰਕਾ ਪਾ ਲੈਂਦਾ ਹੈ ਅਤੇ ਭੋਲੀ ਭਾਲੀ ਲੋਕਾਈ ਅਧਰਮ ਨੂੰ ਹੀ ਧਰਮ ਮੰਨ ਕੇ ਟਪਲਾ ਖਾ ਜਾਂਦੀ ਹੈ ਤੇ ਸੱਚੇ ਧਰਮ ਦਾ ਵਿਰੋਧ ਕਰਨ ਲੱਗ ਜਾਂਦਾ ਹੈ। ਇਸ ਅਧਰਮ ਤੋਂ ਮੁਕਤੀ ਦੇਣ ਲਈ ਸਤਿਗੁਰੂ ਜੀ ਨੇ ਸਾਨੂੰ ਭਗਤੀ ਤੇ ਸ਼ਕਤੀ ਦਾ ਸਰੋਤ ਨਿਰਭਉ ਤੇ ਨਿਰਵੈਰ ਰੂਪ ਸੁਮੇਲ ਕਰਵਾਇਆ ਤਾਂ ਕਿ ਹਰ ਮਾਨਵ ਮਾਤ੍ਰ ਜੀਵਨ ਦੀ ਸੁਤੰਤਰਤਾ ਮਾਣ ਸਕੇ।
ਸੁਤੰਤਰਤਾ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਆਤਮਿਕ ਸੁਤੰਤਰਤਾ ਦੂਜੀ ਸਮਾਜਿਕ ਜਾਂ ਸੰਸਾਰਕ ਸੁਤੰਤਰਤਾ। ਆਤਮਿਕ ਸੁਤੰਤਰਤਾ; ਭਰਮ, ਵਹਿਮ, ਅਗਿਆਨਤਾ ਦੀ ਨਿਰਵਿਰਤੀ ਤੋਂ ਮਿਲਦੀ ਹੈ। ਗੁਰਬਾਣੀ ਇਸ ਨੂੰ ਜੀਵਨ ਦੀ ਮੁਕਤੀ ਅਥਵਾ ਬੰਧਨ ਮੁਕਤ ਹੋਣਾ ਮੰਨਦੀ ਹੈ ‘‘ਬੰਧਨ ਕਾਟਿ, ਮੁਕਤਿ ਗੁਰਿ ਕੀਨਾ ॥’’ (ਮ: ੫/੮੦੪), ‘‘ਫੂਟੋ ਆਂਡਾ ਭਰਮ ਕਾ, ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ, ਗੁਰਿ ਕੀਨੀ ਬੰਦਿ ਖਲਾਸੁ ॥’’ (ਮ: ੫/੧੦੦੨)
ਸਮਾਜਿਕ ਜਾਂ ਸੰਸਾਰਕ ਆਜ਼ਾਦੀ (ਭਾਵ ਸੁਤੰਤਰਤਾ) ਪ੍ਰਾਪਤ ਤਾਂ ਹੁੰਦੀ ਹੈ ਜਦੋਂ ਮਨੁੱਖੀ ਜ਼ਿੰਦਗੀ ਵਿੱਚ ਏਕਤਾ, ਵਿਦਿਆ ਹੁਨਰ (ਕਲਾ), ਸ੍ਵੈ ਸਤਿਕਾਰ ਅਤੇ ਆਤਮ ਵਿਸਵਾਸ਼ ਹੋਵੇ। ਜਿਸ ਕੌਮ, ਜਿਸ ਸਮਾਜ ਜਾਂ ਜਿਸ ਦੇਸ਼ ਨੂੰ ਸ੍ਵਤੰਤਰਤਾ ਪ੍ਰਾਪਤ ਹੋਵੇਗੀ ਜਾਂ ਹੈ ਉਹ ਹੀ ਪੂਰਨ ਉੱਨਤੀ ਕਰ ਸਕਦਾ ਹੈ। ਉਹ ਸਭ ਲਈ ਸਰਬ ਪਿ੍ਰਅ ਤੇ ਸਰਬ ਹਿਤਦਾਇਕ ਨਿਯਮ ਸਥਾਪਤ ਕਰ ਸਕਦਾ ਹੈ।
ਸੁਤੰਤਰਤਾ ਦਾ ਇਹ ਅਰਥ ਨਹੀਂ ਕਿ ਹਰੇਕ ਆਦਮੀ ਮਨ ਮਰਜ਼ੀ ਕਰੇ ਅਤੇ ਸਮਾਜ ਤੇ ਦੇਸ਼ ਦੇ ਅਮਨ ਸ਼ਾਂਤੀ ਨੂੰ ਵਿਗਾੜੇ ਜਾਂ ਆਪਣੇ ਮਨ ਇੰਦ੍ਰੀਆਂ ਨੂੰ ਬੇਕਾਬੂ ਕਰਕੇ ਵਿਸ਼ੇ ਵਿਕਾਰਾਂ ਦਾ ਸ਼ਿਕਾਰ ਹੋ ਜਾਵੇ, ਅਜਿਹੇ ਸ੍ਵਤੰਤਰ ਹੋਣ ਵਾਲੇ ਸੁਤੰਤਰ ਹੋ ਕੇ ਵੀ ਬਿਪਤਾ ਦਾ ਸ਼ਿਕਾਰ ਹੀ ਬਣਦੇ ਹਨ ਅਤੇ ਦੇਸ਼ ਕੌਮ ਤੇ ਲੋਕਾਈ ਲਈ ਦੁਖਾਂ ਕਲੇਸਾਂ ਦਾ ਕਾਰਨ ਹੀ ਬਣਦੇ ਹਨ। ਪੁਰਾਤਨ ਵਿਚਾਰਧਾਰਾ ਭਗਤੀ- ਸ਼ਕਤੀ, ਮੀਰੀ-ਪੀਰੀ,, ਨਿਰਭਉ-ਨਿਰਵੈਰ, ਦੇਗ-ਤੇਗ਼, ਸੰਤ-ਸਿਪਾਹੀ ਵਿੱਚੋਂ ਕੇਵਲ ਇੱਕ ਸ਼ਕਤੀ ਹੀ ਪ੍ਰਵਾਨ ਕਰਦੀ ਸੀ। ਸਨਾਤਨੀ ਢਾਂਚੇ ਵਿੱਚ ਘੜਿਆ ਮਨੁੱਖ ਕਿਸੇ ਦਾ ਹੁਕਮ ਮੰਨਣ ਤੇ ਆਪਣਾ ਮਨਾਉਣ ਵਾਲਾ ਹੋਣ ਕਰਕੇ ਸ਼ਕਤੀ ’ਤੇ ਹੀ ਵਧੇਰੇ ਨਿਸ਼ਚਾ ਕਰਦੇ ਸੀ। ਉਨ੍ਹਾਂ ਦੀ ਜ਼ੁਬਾਨਤੇ ਤਲਵਾਰ ਹੀ ਚੜ੍ਹੀ ਰਹਿੰਦੀ ਸੀ, ਉਹ ਹਕੂਮਤ ਨੂੰ ਸ਼ਕਤੀ ਦੀ ਧੀ (ਜਾਈ) ਆਖਦੇ ਸਨ ਉਨ੍ਹਾਂ ਦੇ ਖ਼ਿਆਲ ਨੂੰ ਭਾਰਤ ਵਰਸ ਦੇ ਇਤਿਹਾਸ ਵਿੱਚ ਨਾਦਰਸ਼ਾਹ ਦੇ ਮੂੰਹੋਂ ਅਖਵਾਇਆ ਗਿਆ ਹੈ ਕਿ ਜਦੋਂ ਉਸ ਦੇ ਪੁੱਤਰ ਨਾਸਰ ਸ਼ਾਹ ਦੀ ਸ਼ਾਦੀ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਹੋਣੀ ਤੈਅ ਹੋਈ ਤਦੋਂ ਦਿੱਲੀ ਮਹਿਲਾਂ ਵਿੱਚ ਲੜਕੀਆਂ ਨੇ ਉਸ ਦਾ ਵੰਸ ਜਾਂ ਕੁਰਸੀਨਾਮਾ ਪੁੱਛਿਆ ਉਹ ਬੜਾ ਸ਼ਰਮਿਦਾ ਹੋਇਆ ਕਿਉਂਕਿ ਨਾਦਰਸ਼ਾਹ ਤਾਂ ਆਜੜੀ ਦਾ ਪੁੱਤਰ ਸੀ। ਵਾਪਿਸ ਆ ਕੇ ਜਦੋਂ ਨਾਸਰ ਨੇ ਆਪਣੇ ਪਿਉ ਨਾਲ ਗੱਲ ਕੀਤੀ ਤਾਂ ਉਸ ਨੇ ਤਲਵਾਰ ਨੂੰ ਸ਼ਕਤੀ ਮੰਨਦਿਆਂ ਆਖਿਆ ‘ਮਨਮ ਨਾਸਰ ਪਿਸਰਿ ਨਾਦਰ ਵ ਨਾਦਰ ਪਿਸਰਿ ਸ਼ਮਸ਼ੇਰ।’ ਭਾਵ ਆਖੀਂ ਕਿ ਨਾਸਰ ਨਾਦਰਸ਼ਾਹ ਦਾ ਪੁੱਤਰ ਹਾਂ ਤੇ ਨਾਦਰ ਤਲਵਾਰ ਦਾ ਪੁੱਤਰ ਹੈ।
ਪਰ ਦੂਸਰੇ ਪਾਸੇ ਜੋਗੀਆਂ, ਸੰਨਿਆਸੀਆਂ, ਗ੍ਰਿਹਸਤ ਤੋਂ ਭਗੌੜੇ ਲੋਕਾਂ ਦੀ ਘਾੜਤ ਵਿੱਚੋਂ ਨਿਕਲਿਆ ਮਨੁੱਖ ਦਾ ਚੱਲਨ, ਨਿਰਾਸਤਾ ਦੇ ਅਧੀਨ ਸ਼ਾਂਤੀ-ਸ਼ਾਂਤੀ ਪੁਕਾਰਦਾ ਸੀ। ਇਸ ਵਧੀ ਹੋਈ ਸ਼ਾਂਤੀ-ਸ਼ਾਂਤੀ ਦੇ ਕਾਰਨ ਕੌਮ ਕਰਮ ਯੋਗ ਤੋਂ ਡਿਗ ਪਈ ਤੇ ਮੁਰਦਾ ਵਿਰਤੀ ਬਣ ਗਈ।
ਮਰਦਿਕਾਮਲ ਗੁਰੂ ਨਾਨਕ ਸਾਹਿਬ ਜੀ ਨੇ ਮਾਯੂਸੀਆਂ ਵਿੱਚ ਡੁੱਬੀ ਗਰਕ ਹੋਈ ਮਾਨਵਤਾ ਨੂੰ ਹਲੂਣਿਆ ਤੇ ਫ਼ੁਰਮਾਇਆ ‘‘ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ! ਅਵਰੁ ਨ ਜੀਵੈ ਕੋਇ ॥ ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ ਰਾਜਿ ਰੰਗੁ ਮਾਲਿ ਰੰਗੁ ॥ ਰੰਗਿ ਰਤਾ ਨਚੈ ਨੰਗੁ ॥ ਨਾਨਕ ਠਗਿਆ ਮੁਠਾ ਜਾਇ ॥ ਵਿਣੁ ਨਾਵੈ ਪਤਿ ਗਇਆ ਗਵਾਇ ॥’’ (ਮ: ੧/੧੪੨) ਇਹ ਅਣਖੀ ਜੀਵਨ ਸਿਰਜਣ ਦੀ ਲਹਿਰ ਅੱਗੇ ਨਿਰੰਤਰ ਵਧਦੀ ਗਈ। ਭਾਈ ਗੁਰਦਾਸ ਜੀ ਨੇ ਇਸ ਸਿਧਾਂਤ ਨੂੰ ਵਾਰ ਨੰਬਰ 24 ਦੀ ਪਉੜੀ ਨੰਬਰ 25 ਵਿੱਚ ਇੰਜ ਅੰਕਤ ਕੀਤਾ ਹੈ ‘‘ਨਿਰੰਕਾਰੁ ਨਾਨਕ ਦੇਉ, ਨਿਰੰਕਾਰਿ ਆਕਾਰ ਬਣਾਇਆ। ਗੁਰੁ ਅੰਗਦੁ ਗੁਰੁ ਅੰਗ ਤੇ, ਗੰਗਹੁ ਜਾਣੁ ਤਰੰਗ ਉਠਾਇਆ। ਅਮਰਦਾਸੁ ਗੁਰੁ ਅੰਗਦਹੁ, ਜੋਤਿ ਸਰੂਪ ਚਲਤੁ ਵਰਤਾਇਆ। ਗੁਰੁ ਅਮਰਹੁ ਗੁਰੁ ਰਾਮਦਾਸੁ, ਅਨਹਦ ਨਾਦਹੁ ਸਬਦੁ ਸੁਣਾਇਆ। ਰਾਮਦਾਸਹੁ ਅਰਜਨੁ ਗੁਰੂ, ਦਰਸਨੁ ਦਰਪਨਿ ਵਿਚਿ ਦਿਖਾਇਆ। ਹਰਿ ਗੋਬਿੰਦ ਗੁਰ ਅਰਜਨਹੁ, ਗੁਰੁ ਗੋਬਿੰਦੁ ਨਾਉਂ ਸਦਵਾਇਆ। ’’ (ਭਾਈ ਗੁਰਦਾਸ ਜੀ /ਵਾਰ ੨੪ ਪਉੜੀ ੨੫) ਅੱਜ ਵੀ ਇਹ ਲਹਿਰ ਪ੍ਰਕਾਸ਼ਮਾਨ ਹੈ ਕਿਉਂਕਿ ਇਸ ਪਉੜੀ ਦੀ ਅਖ਼ੀਰਲੀਆਂ ਪੰਕਤੀਆਂ ਬੜੀਆਂ ਮਹੱਤਵ ਪੂਰਨ ਹਨ ਕਿ ‘‘ਗੁਰ ਮੂਰਤਿ ਗੁਰ ਸਬਦੁ ਹੈ, ਸਾਧਸੰਗਤਿ ਵਿਚਿ ਪਰਗਟੀ ਆਇਆ। ਪੈਰੀ ਪਾਇ, ਸਭ ਜਗਤੁ ਤਰਾਇਆ।’’ ੨੫/੨੪॥
ਭਗਤੀ-ਸ਼ਕਤੀ, ਮੀਰੀ-ਪੀਰੀ, ਨਿਰਭਉ-ਨਿਰਵੈਰ; ਸਿੱਖ-ਸੂਰਮੇ ਦੀ ਤਸਵੀਰ ਵਿਦਵਾਨ ਕਵੀ ਸੱਜਣ ਨੇ ਇਸ ਤਰ੍ਹਾਂ ਅੰਕਤ ਕੀਤੀ ‘ਲੈ ਕਰ ਦੁਤਾਰਾ ਗਾਵੈ ਸੰਗਤਿ ਮੇਂ ਵਾਰ ਆਸਾ। ਪਕੜ ਦੁਧਾਰਾ ਬਾਹੈ ਸ਼ਤ੍ਰ ਸਿਰ ਆਰਾ ਹੈ। ਕੜਛਾ ਲੈ ਹਾਥ ਬਰਤਾਵਤ ਅਤੁਟ ਦੇਗ਼, ਕਠਿਨ ਕੋ ਦੰਡ ਬਾਣ ਵੰਧ ਕਰੈ ਪਾਰਾ ਹੈ। ਭਗਤਿ ਗਯਾਨ ਪ੍ਰੇਮ ਔਰ ਵੈਰਾਗ ਕੀ ਸੁਣਾਵੈ ਕਥਾ, ਚੜ ਕੈ ਤੁਰੰਗ ਜੰਗ ਲਲਕਾਰਾ ਹੈ। ਤਤ੍ਵ ਗਯਾਨੀ ਦਾਨੀ ਯੋਧਾ ਗਿ੍ਰਹੀ ਤਯਾਗੀ ਗੁਰੂ ਚੇਲਾ, ਵਾਹੁ ਵਾਹੁ ਧੰਨ-ਧੰਨ ਜਨਕ ਹਮਾਰਾ ਹੈ।’
ਨਿਰਭਉ-ਨਿਰਵੈਰ, ਭਗਤੀ-ਸ਼ਕਤੀ, ਦੇਗ਼-ਤੇਗ਼ ਪੰਥ ਕੀ ਜੀਤ ਆਦਿ ਕਥਨ ਸ੍ਵੈ ਸਤਿਕਾਰ (Self Respect ) ਦੇ ਪ੍ਰਤੀਕ ਹਨ। ਸ੍ਵੈ ਸਤਿਕਾਰ ਨੂੰ ਅਹੰਕਾਰ ਜਾਂ ਮਾਣ ਵਿੱਚ ਨਹੀਂ ਗਿਣਿਆ ਜਾ ਸਕਦਾ, ਸ੍ਵੈ ਮਾਣ ਇੱਕ ਖ਼ਾਸ ਗੁਣ ਹੁੰਦਾ ਹੈ ਜਿਸ ਤੋਂ ਬਿਨਾ ਸ੍ਵੈ ਵਿਸ਼ਵਾਸ ਉਤਪੰਨ ਨਹੀਂ ਹੋ ਸਕਦਾ। ਗੁਰਮਤਿ ਵਿੱਚ ‘‘ਆਪੁ ਪਛਾਣੈ, ਸੋ ਸਭਿ ਗੁਣ ਜਾਣੈ ॥’’ (ਮ: ੩/੧੦੫੬) ਦਾ ਸਿਧਾਂਤ ਪ੍ਰਚੱਲਤ ਹੈ ਇਹੀ ਕਾਰਨ ਹੈ ਕਿ ਸ੍ਵੈ ਮਾਣ ਵਾਲੇ ਗੁਰਮੁਖਾਂ ਨੇ ਅਨੇਕ ਕਸ਼ਟ ਸਹਾਰ ਕੇ ਵੀ ਅਣਖ ਗ਼ੈਰਤ ਜਾਂ ਸ੍ਵੈ ਮਾਣ ਨਹੀਂ ਤਿਆਗਿਆ। ਇਨ੍ਹਾਂ ਗੁਣਾਂ ਦੇ ਧਾਰਨ ਕਾਰਨ ਵਾਲਿਆਂ ਨੇ ਹੀ ਵਿਕਾਰਾਂ ਦੇ ਅਧੀਨ ਹੋ ਕਦੇ ਆਪਣੇ ਆਪ ਨੂੰ ਨੀਵਾਂ ਨਹੀਂ ਕੀਤਾ। ਸ੍ਵੈ ਸਤਿਕਾਰ ਵਾਲੇ ਨਿਰਭਉ-ਨਿਰਵੈਰ ਤੇ ਭਗਤੀ-ਸ਼ਕਤੀ ਦੇ ਸੁਮੇਲ ਵਿੱਚ ਵਿਸ਼ਵਾਸ ਰੱਖਣ ਵਾਲੇ ਕਦੇ ਕਿਸੇ ਲਾਲਚ ਵਸ ਹੋ ਕੇ ਦਯਾਨਤਦਾਰੀ ਦਾ ਧਰਮ ਨਹੀਂ ਤਿਆਗਦੇ, ਉਹ ਜਾਣਦੇ ਹਨ ਕਿ ਮਨੁੱਖ-ਪਦਵੀ, ਗੁਰਸਿੱਖੀ, ਦੇਸ਼-ਭਗਤੀ ਆਦਿਕ ਸਾਰੇ ਹੀ ਸ੍ਵੈ ਸਤਿਕਾਰ ਦੇ ਕੇਂਦਰ ਹਨ।
ਸ੍ਵੈ ਸਤਿਕਾਰ ਵਾਲੇ ਨਿਰਭਉ-ਨਿਰਵੈਰ ਰਹਿਣ ਵਾਲੇ ਮਾਨਵਤਾ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਿੰਦੇ ਹਨ। ਉਹ ਜੂਠੇ ਭਾਂਡੇ ਮਾਂਜ ਕੇ, ਸੰਗਤ ਦੇ ਜੋੜੇ ਸਾਫ਼ ਕਰਕੇ, ਪੱਖਾ ਝੱਲ ਕੇ, ਪਾਣੀ ਢੋਹ ਕੇ ਆਪਣਾ ਸਤਿਕਾਰ ਅਧਿਕ ਪੈਦਾ ਕਰ ਲੈਂਦੇ ਹਨ। ਜਿਨ੍ਹਾਂ ਦੇ ਮੁਕਾਬਲੇ ਅਹੰਕਾਰੀ, ਅਗਿਆਨੀ ਅਤੇ ਵਿਕਾਰੀ ਲੋਕ ਉਚ ਸਿੰਘਾਸਨਾਂ ’ਤੇ ਬੈਠੇ ਵੀ ਇਸ ਸ਼ੁਭ ਗੁਣ ਤੋਂ ਖ਼ਾਲੀ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਢਾਡੀ ਨੱਥ ਮਲ ਤੇ ਅਬਦੁਲਾ ਨੇ ਸਮੇਂ ਦੀ ਹਕੂਮਤ ਤੇ ਗੁਰੂ ਦਰਬਾਰ ਮੀਰੀ-ਪੀਰੀ ਦੇ ਸੱਚੇ ਪਾਤਿਸ਼ਾਹ ਦਾ ਨਿਰੂਪਣ ਇੰਜ ਕੀਤਾ ‘ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ। ਹਿਮਤਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਖ਼ ਬਖ਼ੀਰ ਦੀ। ਨਾਲ ਸਿਪਾਹੀ ਨਾਲ ਨੀਲ, ਮਾਰ ਦੁਸ਼ਟਾਂ ਕਰੇ ਤਗੀਰ ਦੀ। ਪਗ ਤੇਰੀ ਕੀ ਜਹਾਂਗੀਰ ਦੀ। ’
ਇਸ ਸਾਰੀ ਵੀਚਾਰ ਦਾ ਸਿੱਟਾ ਹੈ ਕਿ ਸਾਰੇ ਗੁਰੂ ਸਾਹਿਬਾਨਾਂ ਨੇ ਮਾਨਵਤਾ, ਖਾਸ ਕਰ ਭਾਰਤ ਵਾਸੀਆਂ ਸਾਹਮਣੇ ਇਹ ਵੀਚਾਰ ਰੱਖੇ:
(1). ਕੀ ਤੁਸੀਂ ਮਨੁੱਖਤਾ ਦੀ ਬਰਾਬਰੀ ਚਾਹੁੰਦੇ ਹੋ ਜਾਂ ਜਾਤਪਾਤ ਰਾਹੀਂ ਮਨੁੱਖਤਾ ਦੀਆਂ ਵੰਡੀਆਂ ਤੇ ਇਕ ਸ਼੍ਰੇਣੀ ਦਾ ਦੂਜੀ ਸ਼੍ਰੇਣੀ ਨਾਲ ਅਨਿਆਏ, ਧੱਕਾ ਚਾਹੁੰਦੇ ਹੋ?
(2). ਕੀ ਤੁਸੀਂ ਆਪਣੇ ਦੇਸ਼ ਦਾ ਰਾਜਸੀ ਪ੍ਰਬੰਧ ਆਪਣੇ ਹੱਥ ਵਿੱਚ ਚਾਹੁੰਦੇ ਹੋ ਜਾਂ ਪਰਾਧੀਨ ਰਹਿਣਾ ਚਾਹੁੰਦੇ ਹੈ?
(3). ਕੀ ਤੁਸੀਂ ਆਪਣੀ ਖੁਸ਼ੀ ਦੇ ਸਾਧਨ ਤਿ੍ਰਸ਼ਨਾ ਜਾਲ ਤੇ ਕਪਟਜਾਲ, ਪਰ ਇਸਤ੍ਰੀ ਸੰਗ, ਸ਼ਰਾਬ, ਤੰਬਾਕੂ, ਫੈਸ਼ਨ ਪ੍ਰਸਤੀ ਨੂੰ ਸਮਝਦੇ ਹੋ ਜਾਂ ਆਪਣੇ ਆਪ ਨੂੰ ਇੱਕ ਅਨੋਖੇ ਜ਼ਬਤ ਵਿੱਚ ਰੱਖਣਾ ਚਾਹੁੰਦੇ ਹੋ?
(4). ਕੀ ਤੁਸੀਂ ਅਕਾਲ ਪੁਰਖ ਜੀ ਨਾਲ ਸਿੱਧਾ ਸੰਬੰਧ ਰੱਖਣਾ ਚਾਹੁੰਦੋ ਹੋ ਜਾਂ ਆਪਣੇ ਤੇ ਉਸ ਦੇ ਵਿਚਕਾਰ ਸੈਂਕੜੇ ਵਿਚੋਲੇ ਰੱਖਣੇ ਚਾਹੁੰਦੇ ਹੋ?
(5). ਕੀ ਧਰਮ ਦਾ ਆਸ਼ਾ ਮਨੁੱਖ ਦਾ ਮਨੁੱਖ ਨਾਲ ਆਦਰਸ਼ਕ ਸਮਾਜਕ ਸੰਬੰਧ ਹੈ ਜਾਂ ਇਕਾਂਤ ਸਮਾਧੀ, ਮਨੁੱਖੀ ਵਤੀਰਾ ਹੈ ਜਾਂ ਕੇਵਲ ਸਾਧਨਾ? ਕੀ ਸਾਰੀ ਮਨੁੱਖਤਾ ਨਾਲ ਸੁਖਾਵਾਂ ਸੰਬੰਧ ਬਣਾਉਣਾ ਚਾਹੁੰਦੇ ਹੋ? ਜਾਂ ਤੰਗ ਨਜ਼ਰੀ ਦਾ ਸ਼ਿਕਾਰ ਰਹਿਣਾ ਚਾਹੁੰਦੇ ਹੋ?
ਆਉ, ਇਨ੍ਹਾਂ ਨੁਕਤਿਆਂ ਵਲ ਧਿਆਨ ਦੇਈਏ ਤਾਂ ਕਿ ਅੱਜ ਵੀ ਮਾਨਵਤਾ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਿੱਤੇ ਸੰਕਲਪ ਨਿਰਭਉ-ਨਿਰਵੈਰ, ਮੀਰੀ-ਪੀਰੀ, ਭਗਤੀ-ਸ਼ਕਤੀ ਨੂੰ ਧਾਰਨ ਕਰਕੇ ਸ੍ਵੈ ਸਤਿਕਾਰ ਤੇ ਸ੍ਵੈ ਮਾਣ ਦੀ ਜ਼ਿੰਦਗੀ ਜੀ ਸਕੀਏ।