Sohila (Part 2, Guru Granth Sahib)

0
660

‘ਸੋਹਿਲਾ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ-2)

ਰਾਗੁ ਧਨਾਸਰੀ, ਮਹਲਾ ੧ ॥

(ਨੋਟ: ਇਹ ਸ਼ਬਦ ਗੁਰਬਾਣੀ ’ਚ ਦੋ ਵਾਰ (ਪੰਨਾ 13 ਤੇ 663 ਉੱਤੇ) ਦਰਜ ਹੈ, ਜਿਸ ਰਾਹੀਂ ਕੁਦਰਤ ’ਚ ਨਿਰਵਿਘਨ ਵਾਪਰ ਰਹੀ ਸੁਗੰਧਿਤ (ਤਮਾਮ ਜੀਵਾਂ ਨੂੰ ਪ੍ਰਭਾਵਿਤ ਕਰਨ ਵਾਲ਼ੀ) ਕੁਦਰਤੀ ਸਮੱਗਰੀ ਦੇ ਮੁਕਾਬਲੇ ਕਿਸੇ ਖ਼ਾਸ ਸਥਾਨ ’ਤੇ (ਪੱਥਰ-ਮੂਰਤੀ ਅੱਗੇ) ਵਿਸ਼ੇਸ਼ ਯੁਕਤੀ ਨਾਲ਼ (ਭਾਵ ਪੈਰਾਂ ’ਤੇ 4 ਵਾਰ, ਨਾਭੀ ਉੱਤੇ 2 ਵਾਰ ਤੇ ਮੂੰਹ ਉੱਤੇ ਇੱਕ ਵਾਰ, ਉਪਰੰਤ ਸਾਰੇ ਸਰੀਰ ਉੱਤੇ 7 ਵਾਰ ਬਲ਼ਦੇ ਹੋਏ ਦੀਵੇ ਰੱਖ ਕੇ ਥਾਲ਼ ਨੂੰ ਘੁੰਮਾਉਣਾ) ਕੀਤੀ ਜਾ ਰਹੀ ਆਰਤੀ (ਸੁਗੰਧੀ) ਨੂੰ ਤੁੱਛ ਤੇ ਅਧਾਰਹੀਣ ਬਿਆਨਿਆ ਗਿਆ ਹੈ, ਜੋ ਕੁਦਰਤੀ ਸੁਗੰਧੀ ਵਾਙ ਲਗਾਤਾਰ ਰਹਿਣ ਦੀ ਬਜਾਏ ਕੁੱਝ ਸਮੇਂ ਉਪਰੰਤ ਸਮਾਪਤ ਵੀ ਹੋ ਜਾਂਦੀ ਹੈ।

ਇਸ ਸ਼ਬਦ (ਵਿਸ਼ੇ) ਦਾ ਦਾਇਰਾ ਕੇਵਲ ਥਾਲ਼ ’ਚ ਕੁੱਝ ਕੁ ਦੀਵੇ ਰੱਖ ਕੇ ਕੀਤੀ ਜਾ ਰਹੀ ਆਰਤੀ ਦਾ ਖੰਡਨ ਕਰਨਾ ਨਹੀਂ ਬਲਕਿ ਮਨੁੱਖਾ ਸੋਚ ਦੀਆਂ ਸੀਮਾਵਾਂ ਨੂੰ ਨਿਰਧਾਰਿਤ ਕਰਨਾ ਹੈ। ਇੱਕ ਉਹ ਸੋਚ ਹੈ ਜੋ ਨਿਰਾਕਾਰ ਤੇ ਸਰਬ ਵਿਆਪਕ ਦੇ ਹੁਕਮ ’ਚ ਵਿਚਰਦੀ ਹੋਈ ਕੁਦਰਤ ਵਿੱਚੋਂ ਹੀ ਆਰਤੀ (ਸੁਗੰਧੀ) ਦਾ ਅਨੰਦ ਮਾਣਦੀ ਹੈ ਤੇ ਦੂਸਰੀ ਉਹ ਸੋਚ ਹੈ ਜੋ ਹੁਨਰ ਰਾਹੀਂ ਆਕਾਰ ਰੂਪ ’ਚ ਬਣਾਏ ਗਏ ਪੱਥਰ-ਭਗਵਾਨ ਤੱਕ ਸੀਮਤ ਹੈ। ਦੋਵੇਂ ਸੁਰਤਾਂ (ਬਿਰਤੀਆਂ) ਮਨੁੱਖਾ ਜੂਨੀ ’ਚ ਹਨ ਤੇ ਧਾਰਮਿਕ (ਆਸਤਿਕ) ਅਖਵਾਉਂਦੀਆਂ ਹਨ। ਦੂਸਰੀ (ਨੀਵੀਂ, ਤੁੱਛ) ਸੁਰਤ ਪਹਿਲੀ (ਉੱਚੀ, ਵਿਆਪਕ) ਸੁਰਤ ਉੱਤੇ ਆਰਤੀ ’ਚ ਸ਼ਾਮਲ ਹੋਣ ਲਈ ਦਬਾਅ ਬਣਾਉਣਾ ਚਾਹੁੰਦੀ ਹੈ, ਜਿਸ ਦੇ ਜਵਾਬ ’ਚ ਇਹ ਸ਼ਬਦ ਉਚਾਰਨ ਕੀਤਾ ਗਿਆ।

ਇਤਿਹਾਸਕ ਸਚਾਈ ਹੈ ਕਿ ਉੜੀਸਾ ’ਚ ਸਥਿਤ ਇਸ ਜਗਨਾਥ ਪੁਰੀ (ਜਗਤ ਦੇ ਸਵਾਮੀ ‘ਕ੍ਰਿਸਨ’ ਜੀ ਦੀ ਨਗਰੀ) ਮੰਦਰ ’ਚ ਲੱਗੇ ਸੋਨੇ ਦੇ ਦਰਵਾਜ਼ੇ, ਜੋ 12ਵੀਂ ਸਦੀ ’ਚ ਰਾਜਾ ਅਨੰਤ ਵਰਮਾ ਦੁਆਰਾ ਬਣਵਾਏ ਗਏ ਸਨ, ਨੂੰ ਧਾੜਵੀ ਉਤਾਰ ਕੇ ਕਾਬਲ ਲੈ ਗਏ, ਜਿੱਥੋਂ ਸਿੱਖ ਜਰਨੈਲ ਹਰੀ ਸਿੰਘ ਨਲਵੇ ਨੇ ਵਾਪਸ ਲਿਆ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਲਗਾਏ ਸਨ।)

ਗਗਨਮੈ ਥਾਲੁ, ਰਵਿ ਚੰਦੁ ਦੀਪਕ ਬਨੇ ; ਤਾਰਿਕਾ ਮੰਡਲ, ਜਨਕ ਮੋਤੀ ॥

(ਨਿਰੰਤਰ ਹੋ ਰਹੀ ਕੁਦਰਤੀ ਆਰਤੀ ’ਚ) ਆਕਾਸ਼ਮਈ (ਆਕਾਸ਼ ਰੂਪ) ਥਾਲ ਹੈ, ਜਿਸ ਵਿੱਚ ਸੂਰਜ, ਚੰਦ੍ਰਮਾ ਆਦਿ ਦੀਵੇ ਹਨ ਤੇ ਤਾਰਿਆਂ ਦਾ ਸਮੂਹ ਮਾਨੋ (ਭਾਵ ਜਿਵੇਂ ਥਾਲ਼ ’ਚ ਰੱਖੇ) ਮੋਤੀ ਹਨ।

(ਨੋਟ: ਉਕਤ ਪੰਕਤੀ ’ਚ ਦਰਜ ਸ਼ਬਦ ‘ਗਗਨਮੈ’ ਨੂੰ ਪਦ ਛੇਦ (ਵੱਖਰਾ) ਕਰਨਾ ਦਰੁਸਤ ਨਹੀਂ ਜਾਪਦਾ ਕਿਉਂਕਿ ‘ਗਗਨ’ ਸ਼ਬਦ ਦੇ ਪਿਛੇਤਰ ਲੱਗਾ ‘ਮੈ’ ਸ਼ਬਦ ‘ਮਯ’ ਦਾ ਰੁਪਾਂਤਰ ਹੈ, ਜੋ ਕਿਸੇ ਸ਼ਬਦ ਦੇ ਪਿਛੇਤਰ ਲੱਗ ਕੇ ਹੀ ਦਰੁਸਤ ਅਰਥ ਦਿੰਦਾ ਹੈ; ਜਿਵੇਂ ‘ਅਨੰਦਮੈ’ ਸ਼ਬਦ ਨੂੰ ‘ਅਨੰਦਮਯ, ਅਨੰਦਮਈ, ਅਨੰਦ ਭਰਪੂਰ ਜਾਂ ਅਨੰਦ ਰੂਪ’ ਕਹਿ ਸਕਦੇ ਹਾਂ: ‘‘ਜਾ ਕੇ ਭਗਤ ਆਨੰਦਮੈ ॥ ਜਾ ਕੇ ਭਗਤ ਕਉ ਨਾਹੀ ਖੈ ॥’’ ਮ: ੫/੧੧੮੧) ਇਸ ਤਰ੍ਹਾਂ ‘ਗਗਨਮੈ’ ਸ਼ਬਦ ‘ਗਗਨਮਯ’ ਹੈ, ਜਿਸ ਦਾ ਉਚਾਰਨ ‘ਗਗਨਮੈਂ’ (ਅਨੁਨਾਸਕ, ਨਾਸਿਕੀ) ਕਰਨਾ ਅਸ਼ੁੱਧ ਹੈ।)

ਧੂਪੁ ਮਲਆਨਲੋ, ਪਵਣੁ ਚਵਰੋ ਕਰੇ ; ਸਗਲ ਬਨਰਾਇ, ਫੂਲੰਤ ਜੋਤੀ ॥੧॥

(ਭਾਰਤ ਦੇ ਦੱਖਣ ਮਦਰਾਸ ’ਚ ਸਥਿਤ) ਮਲਯ (ਚੰਦਨ) ਪਹਾੜਧਾਰਾ ਵੱਲੋਂ ਆਉਣ ਵਾਲ਼ੀ ਹਵਾ (ਮਾਨੋ) ਧੂਫ਼ (ਧੁਖਦੀ) ਹੈ, ਹਵਾ ਚੌਰ ਕਰਦੀ ਹੈ ਤੇ ਸਾਰੀ ਬਨਸਪਤੀ ਕੁਦਰਤ ਦੇ ਵਿਕਾਸ ’ਚ ਫਲ਼-ਫੁੱਲ ਦੇ ਕੇ ਖਿੜ ਰਹੀ ਹੈ, ਪ੍ਰਕਾਸ਼ ਕਰ ਰਹੀ ਹੈ ਭਾਵ ਰੱਬੀ ਹੋਂਦ ਨੂੰ ਪ੍ਰਤੱਖ ਜ਼ਾਹਰ ਕਰ ਰਹੀ ਹੈ।

ਕੈਸੀ ਆਰਤੀ ਹੋਇ  ! ॥ ਭਵ ਖੰਡਨਾ  ! ਤੇਰੀ ਆਰਤੀ ॥ ਅਨਹਤਾ ਸਬਦ, ਵਾਜੰਤ ਭੇਰੀ ॥੧॥ ਰਹਾਉ ॥

ਹੇ ਆਵਾਗਮਣ ਘੁੰਮਣ ਘੇਰੀ ’ਚੋਂ ਮੁਕਤ ਕਰਵਾਉਣ ਵਾਲ਼ੇ ਮਾਲਕ ! ਤੇਰੀ ਕੈਸੀ (ਕੁਦਰਤਮਈ ਅਦਭੁਤ) ਆਰਤੀ ਹੋ ਰਹੀ ਹੈ ! , ਜਿੱਥੇ ਇੱਕ ਰਸ ਨਗਾਰੇ ਆਵਾਜ਼ ਕੱਢਦੇ ਹਨ ਭਾਵ ਇਸ ਅਵਸਥਾ ’ਚ ਪਹੁੰਚਿਆਂ (ਜਾਂ ਆਰਤੀ ’ਚ ਸ਼ਾਮਲ ਹੋਇਆਂ) ਨਿਰੰਤਰ ਰੂਹਾਨੀਅਤ ਪ੍ਰਫੁਲਿਤ ਹੁੰਦੀ ਹੈ, ਇਸ ਲਈ ਇਸ ਪਦ ਦੀ ਤੁਲਨਾ ‘ਭਵ ਖੰਡਨਾ’ (ਆਵਾਗਮਣ ਚੱਕ੍ਰ ਤੋਂ ਮੁਕਤੀ ਕਰਵਾਉਣ ਵਾਲ਼ੇ) ਸ਼ਬਦਾਂ ਨਾਲ਼ ਕੀਤੀ ਗਈ, ਜਾਪਦੀ ਹੈ। ਇਸ ਪਦ ’ਤੇ ਬਿਰਾਜਮਾਨ ਨੂੰ ਕਰਤਾਰ ਕਣ-ਕਣ ’ਚ ਵਿਆਪਕ ਜਾਪਦਾ ਹੈ; ਜਿਵੇਂ:

ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ॥    ਉਚਾਰਨ : ਹੈਂ, ਤੋਹੀ।

ਹੇ ਭਵ ਖੰਡਨਾ ! ਤੇਰੇ (ਦ੍ਰਿਸ਼ਟ ਸਰੂਪ ’ਚ) ਹਜ਼ਾਰਾਂ ਨੇਤਰ ਹਨ ਪਰ (ਨਿਰਗੁਣ ਸਰੂਪ ’ਚ) ਤੇਰੇ ਲਈ ਕੋਈ ਅੱਖਾਂ ਨਹੀਂ ਹਨ। (ਸਰਗੁਣ ਸਰੂਪ ’ਚ) ਤੇਰੀਆਂ ਹਜ਼ਾਰਾਂ ਸ਼ਕਲਾਂ ਹਨ (ਪਰ ਅਦ੍ਰਿਸ਼ ਹੋਣ ਕਾਰਨ) ਤੇਰੀ ਇੱਕ ਵੀ ਸ਼ਕਲ ਨਹੀਂ।

ਸਹਸ ਪਦ ਬਿਮਲ, ਨਨ ਏਕ ਪਦ ; ਗੰਧ ਬਿਨੁ, ਸਹਸ ਤਵ ਗੰਧ ; ਇਵ ਚਲਤ ਮੋਹੀ ॥੨॥

(ਦ੍ਰਿਸ਼ਮਾਨ ’ਚ ਵਿਆਪਕ ਹੋਣ ਕਾਰਨ) ਤੇਰੇ ਹਜ਼ਾਰਾਂ ਪੈਰ ਹਨ ਪਰ (ਨਿਰਗੁਣ ਸਰੂਪ ਕਾਰਨ) ਤੇਰੇ ਇੱਕ ਵੀ ਪੈਰ ਨਹੀਂ, (ਜੀਵ ਰੂਪ ’ਚ) ਤੇਰੇ ਹਜ਼ਾਰਾਂ ਨੱਕ ਹਨ ਪਰ (ਨਿਰਾਕਾਰ ਸਰੂਪ ਕਾਰਨ) ਤੇਰੇ ਇੱਕ ਵੀ ਨੱਕ ਨਹੀਂ, ਅਜਿਹੇ (ਵਿਸਮਾਦਮਈ) ਕੌਤਕਾਂ ਨੇ (ਮੈਨੂੰ) ਆਕਰਸ਼ਿਤ (ਪ੍ਰਭਾਵਿਤ) ਕੀਤਾ ਹੋਇਆ ਹੈ।

ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥

ਤਮਾਮ ਲੁਕਾਈ ’ਚ ਉਸ ਦੀ ਹੀ ਜੋਤ (ਮੌਜੂਦਗੀ) ਹੈ, ਉਸ ਦੇ ਪ੍ਰਕਾਸ਼ (ਗਿਆਨ ਬਖ਼ਸ਼ਣ) ਨਾਲ਼ ਸਭ ਵਿੱਚ (ਵਿਆਪਕ ਹੋਂਦ ਨੂੰ ਸਵੀਕਾਰਨ ਵਾਲ਼ਾ) ਬੋਧ ਹੋ ਜਾਂਦਾ ਹੈ।

ਗੁਰ ਸਾਖੀ; ਜੋਤਿ ਪਰਗਟੁ ਹੋਇ ॥ ਜੋ, ਤਿਸੁ ਭਾਵੈ ; ਸੁ ਆਰਤੀ ਹੋਇ ॥੩॥

(ਪਰ) ਗੁਰੂ ਦੀ ਸਿੱਖਿਆ ਰਾਹੀਂ ਜੋਤ (ਜੀਵਾਤਮਾ) ਉੱਜਲ (ਨਿਰਮਲ) ਹੁੰਦਾ ਹੈ (ਭਾਵ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ॥’’ (ਮ: ੩/੬੫੧)ਉਤਰ ਜਾਂਦੀ ਹੈ, ਅੰਤਹਿਕਰਣ ਸਾਫ਼ ਹੋ ਜਾਂਦਾ ਹੈ), ਜੋ ਉਸ (ਕਰਤਾਰ) ਨੂੰ ਪਸੰਦ ਹੋਵੇ (ਉਹੀ ਕੁਦਰਤ ’ਚ ਵਾਪਰਦਾ ਹੈ, ਇਹ ਸਚਾਈ ਕਬੂਲਣਾ ਹੀ) ਉਹ ਆਰਤੀ ਹੈ, ਸੁਗੰਧੀ ਹੈ (ਜੋ ਜੀਵਾਂ ਨੂੰ ਪ੍ਰਭਾਵਿਤ ਕਰਦੀ ਹੈ)।

ਹਰਿ  ! ਚਰਣ ਕਵਲ ਮਕਰੰਦ, ਲੋਭਿਤ ਮਨੋ ; ਅਨਦਿਨੁੋ, ਮੋਹਿ ਆਹੀ ਪਿਆਸਾ ॥            

ਉਚਾਰਨ : ਅਨਦਿਨੋ (‘ਮੋਹਿ’ ਦੀ ਸਿਹਾਰੀ ਉਚਾਰਨ ਦਾ ਭਾਗ ਹੈ ਕਿਉਂਕਿ ‘ਮੋਹਿ’ ਪੜਨਾਂਵ ਹੈ, ਨਾ ਕਿ ‘ਮੋਹਿ’ ਭਾਵ ‘ਮਾਇਆ-ਮੋਹ ਵਿੱਚ’ ਅਧਿਕਰਣ ਕਾਰਕ ਨਾਂਵ)।

ਹੇ ਹਰੀ (ਮਾਲਕ) ! ਤੇਰੇ ਸੁੰਦਰ ਚਰਨ ਕਵਲ-ਫੁੱਲਾਂ (ਗੁਣਾਂ) ਨੇ ਮੇਰੇ ਮਨ ਨੂੰ ਮੋਹਿਤ ਕਰ ਦਿੱਤਾ ਹੈ, ਹੁਣ ਮੈਨੂੰ ਰੋਜ਼ਾਨਾ (ਇਨ੍ਹਾਂ ਨੂੰ ਗ੍ਰਹਿਣ ਕਰਨ ਦੀ) ਤਾਂਘਲੱਗੀ ਰਹਿੰਦੀ ਹੈ।

ਕ੍ਰਿਪਾ ਜਲੁ ਦੇਹਿ, ਨਾਨਕ ਸਾਰਿੰਗ ਕਉ ; ਹੋਇ ਜਾ ਤੇ, ਤੇਰੈ ਨਾਇ ਵਾਸਾ ॥੪॥੩॥        ਉਚਾਰਨ : ਦੇਹ, ਨਾਇਂ।

ਕਿਰਪਾ ਕਰਕੇ ਨਾਨਕ ਪਪੀਹੇ (ਬੰਬੀਹੇ) ਲਈ ਪ੍ਰਕਾਸ਼ਮਈ ਨਾਮ-ਜਲ ਬਖ਼ਸ਼ਸ਼ ਕਰ, ਜਿਸ ਨਾਲ਼ (ਭਾਵ ਤਾਂ ਜੋ) ਤੇਰੇ ਨਾਮ (ਰਜ਼ਾ) ਵਿੱਚ ਸਦੀਵੀ ਟਿਕਾਣਾ ਬਣ ਜਾਵੇ, ਵਿਸ਼ਵਾਸ ਬਣਿਆ ਰਹੇ ਭਾਵ ਤੇਰੀ ਆਰਤੀ ’ਚ ਸਦੀਵੀ ਸ਼ਾਮਲ ਰਹਾਂ।

ਰਾਗੁ ਗਉੜੀ, ਪੂਰਬੀ, ਮਹਲਾ ੪ ॥

(ਨੋਟ: ਉਕਤ ਸਿਰਲੇਖ ’ਚ ਦਰਜ ‘ਪੂਰਬੀ’; ‘ਰਾਗ ਗਉੜੀ’ ਦੀ ਹੀ ਇੱਕ ਕਿਸਮ ਹੈ, ਜੋ ਗੁਰਬਾਣੀ ਦੇ 24 ਸ਼ਬਦਾਂ ਦੇ ਸਿਰਲੇਖ ’ਚ ਦਰਜ ਹੈ, ਜਿਸ ਵਿੱਚ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੇ ਗਏ ‘ਕਰਹਲੇ’ ਤੇ ਭਗਤ ਕਬੀਰ ਜੀ ਦੀ ‘ਬਾਵਨ ਅਖਰੀ’ ਇਤਿਆਦਿਕ ਲੰਮੀਆਂ ਬਾਣੀਆਂ ਵੀ ਸ਼ਾਮਲ ਹਨ।

ਕੇਵਲ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ‘ਰਾਗ ਗਉੜੀ’ ਦੀ ‘ਪੂਰਬੀ’ ਤੇ ‘ਦੀਪਕੀ’ ਸੰਯੁਕਤ ਕਿਸਮ ’ਚ ਵੀ ਦਰਜ ਹੈ; ਜਿਵੇਂ ਕਿ: ‘‘ਗਉੜੀ, ਪੂਰਬੀ, ਦੀਪਕੀ, ਮਹਲਾ ੧, ਜੈ ਘਰਿ, ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥’’)

ਕਾਮਿ, ਕਰੋਧਿ, ਨਗਰੁ ਬਹੁ ਭਰਿਆ ; ਮਿਲਿ ਸਾਧੂ, ਖੰਡਲ ਖੰਡਾ ਹੇ ॥

ਸੈਕਸ-ਵਾਸ਼ਨਾ ਨਾਲ਼, ਕਰੋਧ ਬਿਰਤੀ (ਆਦਿ ਵਿਕਾਰੀ ਭਾਵਨਾ ਜਾਂ ਹਵਾ) ਨਾਲ਼ ਨਕਾ-ਨੱਕ ਭਰਿਆ (ਸਰੀਰ) ਸ਼ਹਿਰ ਗੁਰੂ ਨੂੰ ਮਿਲ ਕੇ ਛੇਦਿਆ ਜਾ ਸਕਦਾ ਹੈ।

ਪੂਰਬਿ ਲਿਖਤ ਲਿਖੇ, ਗੁਰੁ ਪਾਇਆ ; ਮਨਿ ਹਰਿ ਲਿਵ, ਮੰਡਲ ਮੰਡਾ ਹੇ ॥੧॥

(ਪਰ) ਪੂਰਬਲੇ ਨਸੀਬ ਲਿਖੇ ਮੁਤਾਬਕ ਗੁਰੂ ਮਿਲਦਾ ਹੈ, ਜੋ (ਮਨੁੱਖਾ) ਮਨ ਵਿੱਚ ਹਰੀ ਪ੍ਰਤਿ ਲਗਨ (ਸ਼ੌਕ) ਭਰ ਦਿੰਦਾ ਹੈ।

ਕਰਿ ਸਾਧੂ ਅੰਜੁਲੀ, ਪੁਨੁ ਵਡਾ ਹੇ ॥ ਕਰਿ ਡੰਡਉਤ, ਪੁਨੁ ਵਡਾ ਹੇ ॥੧॥ ਰਹਾਉ ॥      ਉਚਾਰਨ : ਵੱਡਾ।

(ਤਾਂ ਤੇ) ਗੁਰੂ ਅੱਗੇ ਹੱਥ ਜੋੜਣੇ ਬੜਾ ਲਾਭਕਾਰੀ ਹੈ, (ਗੁਰੂ ਸਿੱਖਿਆ ਨੂੰ) ਬਿਨਾਂ ਸ਼ੰਕਾ-ਸੰਦੇਹ ਨਮਸਕਾਰ (ਪ੍ਰਵਾਨ) ਕਰਨਾ, ਹੋਰ ਵੀ ਗੁਣਕਾਰੀ ਹੈ।

ਸਾਕਤ, ਹਰਿ ਰਸ ਸਾਦੁ ਨ ਜਾਣਿਆ ; ਤਿਨ ਅੰਤਰਿ, ਹਉਮੈ ਕੰਡਾ ਹੇ ॥     ਉਚਾਰਨ : ਤਿਨ੍ਹ।

ਸੰਸਾਰਕ ਪਦਾਰਥਾਂ ਤੱਕ ਰੁਚੀ ਰੱਖਣ ਵਾਲ਼ਿਆਂ ਨੇ ਹਰੀ ਮਿਲਾਪ ਰਸ (ਭਾਵ ਰੱਬੀ ਮਿਲਾਪ ਰੂਪ ਮਹੱਤਵ) ਦੇ ਅਨੰਦ ਬਾਰੇ ਨਹੀਂ ਸਮਝਿਆ (ਕਿਉਂਕਿ) ਉਨ੍ਹਾਂ ਅੰਦਰ (ਤੂੰ ਤੂੰ ਸਵੀਕਾਰਨ ਦੀ ਬਜਾਏ) ਮੈਂ ਮੈਂ ਵਾਲ਼ਾ ਕਾਂਟਾ ਚੁਭਿਆ ਹੁੰਦਾ ਹੈ।

ਜਿਉ ਜਿਉ ਚਲਹਿ, ਚੁਭੈ, ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥    ਉਚਾਰਨ : ਜਿਉਂ ਜਿਉਂ, ਚਲਹਿਂ, ਪਾਵੈਂ, ਸਹੈਂ।

ਜੈਸੇ ਜੈਸੇ (ਉਹ, ਮੈਂ ਮੈਂ ਅਧੀਨ ਪਦਾਰਥ ਇਕੱਤਰ ਕਰਨ ਵੱਲ) ਚੱਲਦੇ ਹਨ (ਹਉਮੈ ਰੂਪ ਕਾਂਟਾ ਹੋਰ) ਚੁਭਦਾ ਹੈ ਤੇ ਦੁੱਖ ਪਾਉਂਦੇ ਹਨ, ਆਪਣੇ ਸਿਰ ਉੱਤੇ ਮਾਨਸਿਕ ਵਿਕਾਰ (ਕਾਮ, ਕਰੋਧ, ਲੋਭ, ਮੋਹ, ਹੰਕਾਰ) ਰੂਪ ਡੰਡਾ ਸਹਾਰਦੇ ਹਨ।

ਹਰਿ ਜਨ, ਹਰਿ ਹਰਿ ਨਾਮਿ ਸਮਾਣੇ ; ਦੁਖੁ ਜਨਮ ਮਰਣ, ਭਵ ਖੰਡਾ ਹੇ ॥

(ਪਰ ਦੂਸਰੇ ਪਾਸੇ) ਹਰੀ ਦੇ ਸੇਵਕ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਹਨ। ਉਨ੍ਹਾਂ ਅੰਦਰੋਂ ਆਵਾਗਵਨ ਦਾ ਦੁੱਖ (ਭਾਵ ਰੱਬੀ ਵਿਛੋੜਾ) ਤੇ ਸੰਸਾਰਕ (ਪਦਾਰਥਾਂ) ਦਾ ਮੋਹ ਮੁਕ (ਕੱਟਿਆ) ਜਾਂਦਾ ਹੈ।

(ਨੋਟ: ਗੁਰਬਾਣੀ ਲਿਖਤ ਮੁਤਾਬਕ ਜ਼ਿਆਦਾਤਰ ‘ਦੁਖੁ’ (ਇੱਕ ਵਚਨ) ਸ਼ਬਦ ਰੱਬੀ ਵਿਛੋੜੇ ਵੱਲ ਤੇ ‘ਦੁਖ’ (ਬਹੁ ਵਚਨ) ਦੁਨਿਆਵੀ ਦੁੱਖਾਂ ਵੱਲ ਸੰਕੇਤ ਕਰਦਾ ਹੈ, ਇਸ ਲਈ ‘‘ਦੁਖੁ ਜਨਮ ਮਰਣ’’ (ਇੱਕ ਵਚਨ ‘ਦੁਖੁ’) ਦਾ ਮਤਲਬ ‘ਰੱਬੀ ਵਿਛੋੜਾ’ ਦਰੁਸਤ ਜਾਪਦਾ ਹੈ।)

ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥       ਉਚਾਰਨ : ਅਬਿਨਾਸ਼ੀ।

(ਗੁਰੂ ਮਦਦ ਨਾਲ਼ ਜਿਨ੍ਹਾਂ) ਸਦੀਵੀ ਸੱਚ (ਆਦਿ ਸਚੁ, ਜੁਗਾਦਿ ਸਚੁ..॥) ਸਰਬ ਵਿਆਪਕ, ਸਰਬੋਤਮ ਈਸ਼ਵਰ ਨੂੰ ਪਾ ਲਿਆ ਉਨ੍ਹਾਂ ਦੀ ਲੋਕ-ਪ੍ਰਲੋਕ ’ਚ ਬੜੀ ਸ਼ੋਭਾ ਹੁੰਦੀ ਹੈ।

ਹਮ ਗਰੀਬ, ਮਸਕੀਨ ਪ੍ਰਭ  ! ਤੇਰੇ ; ਹਰਿ  ! ਰਾਖੁ ਰਾਖੁ, ਵਡ ਵਡਾ ਹੇ ॥

ਹੇ ਪ੍ਰਭੂ ! ਹੇ ਹਰੀ ! ਤੂੰ ਬਹੁਤ ਵੱਡਾ ਹੈਂ, ਤੇਰੇ (ਗੁਣਾਂ ਦੇ ਮੁਕਾਬਲੇ) ਅਸੀਂ ਲਾਚਾਰ, ਨਿਮਾਣੇ, ਬੇਵੱਸ ਹਾਂ ਪਰ ਤੇਰੇ (ਸੇਵਕ ਅਖਵਾਉਂਦੇ ਹਾਂ, ਕਿਰਪਾ ਕਰ ਕੇ ਸਾਨੂੰ ਕਾਮਾਦਿਕਾਂ ਤੋਂ) ਬਚਾਅ ਲੈ, ਬਚਾਅ ਲੈ।

ਜਨ ਨਾਨਕ  ! ਨਾਮੁ ਅਧਾਰੁ ਟੇਕ ਹੈ ; ਹਰਿ ਨਾਮੇ ਹੀ, ਸੁਖੁ ਮੰਡਾ ਹੇ ॥੪॥੪॥

ਹੇ ਹਰੀ  ! ਤੇਰੇ ਦਾਸ ਨਾਨਕ ਲਈ (ਤੇਰਾ) ਨਾਮ ਹੀ ਆਸਰਾ ਹੈ, ਸਹਾਰਾ ਹੈ (ਕਿਉਂਕਿ ਵਿਕਾਰ ਰੂਪ ਅਸ਼ਾਂਤੀ ’ਚੋਂ) ਤੇਰੇ ਨਾਮ ਰਾਹੀਂ ਹੀ ਅਨੰਦ (ਸਕੂਨ, ਟਿਕਾਅ) ਮਿਲਦਾ ਹੈ।

ਰਾਗੁ ਗਉੜੀ, ਪੂਰਬੀ, ਮਹਲਾ ੫ ॥

ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ  ! ਸੰਤ ਟਹਲ ਕੀ ਬੇਲਾ ॥     ਉਚਾਰਨ : ਕਰਉਂ (ਕਰੌਂ), ਬੇਲ਼ਾ।

ਹੇ ਮੇਰੇ ਸਤਿਸੰਗੀ ਮਿੱਤਰ ਜਨੋ  ! ਮੈ ਬੇਨਤੀ ਕਰਦਾ ਹਾਂ (ਧਿਆਨ ਨਾਲ਼) ਸੁਣੋ ਕਿ (ਇਹ ਕੀਮਤੀ ਮਨੁੱਖਾ ਜਨਮ) ਗੁਰੂ ਸੰਤ ਦੀ (ਦਰਸਾਈ ਗਈ) ਸੇਵਾ-ਭਗਤੀਕਰਨ ਦਾ ਸਮਾਂ (ਵਕਤ) ਹੈ।

ਈਹਾ, ਖਾਟਿ ਚਲਹੁ ਹਰਿ ਲਾਹਾ ; ਆਗੈ ਬਸਨੁ ਸੁਹੇਲਾ ॥੧॥      ਉਚਾਰਨ : ਈਹਾਂ।

ਇੱਥੇ (ਇਸ ਮਨੁੱਖਾ ਜਨਮ ’ਚ) ਹਰੀ ਨਾਮ ਰੂਪ ਲਾਭ ਪ੍ਰਾਪਤ ਕਰਕੇ ਅਗਾਂਹ (ਬਾਕੀ ਬਚੇ ਜੀਵਨ ਤੇ ਪ੍ਰਲੋਕ ’ਚ) ਸੁਖਦਾਈ ਵਸੇਬਾ (ਟਿਕਾਣਾ) ਹੋਵੇਗਾ।

ਅਉਧ ਘਟੈ, ਦਿਨਸੁ ਰੈਣਾਰੇ ॥ ਮਨ ! ਗੁਰ ਮਿਲਿ, ਕਾਜ ਸਵਾਰੇ ॥੧॥ ਰਹਾਉ ॥      ਉਚਾਰਨ : ਰੈਣਾ+ਰੇ।

(ਇਸ ਲਈ ਸੁਚੇਤ ਹੋ ਕੇ ਮਨ ਨੂੰ ਪ੍ਰੇਰੋ ਕਿ) ਹੇ ਮਨ ! ਉਮਰ ਦਿਨ-ਰਾਤ ਕਰਕੇ ਘਟ ਰਹੀ ਹੈ, ਗੁਰੂ ਨੂੰ ਮਿਲ ਕੇ (ਜੀਵਨ ਦੇ ਅਸਲ) ਕਾਰਜ ਮੁਕੰਮਲ ਕਰ ਲੈ।

ਇਹੁ ਸੰਸਾਰੁ, ਬਿਕਾਰੁ ਸੰਸੇ ਮਹਿ ; ਤਰਿਓ ਬ੍ਰਹਮ ਗਿਆਨੀ ॥        ਉਚਾਰਨ : ਇਹ।

ਇਹ ਜਗਤ (ਲੁਕਾਈ) ਵਿਕਾਰ ਰੂਪ ਭਰਮ-ਜਾਲ ਵਿੱਚ ਹੈ, (ਇਸ ਦੁਬਿਧਾ ਜਾਂ ਗ਼ਲਤ ਵਹਿਮੀ ਵਿੱਚੋਂ, ਕਿ ਕੋਈ ਰੱਬੀ ਸ਼ਕਤੀ ਨਹੀਂ) ਅਕਾਲ ਪੁਰਖ ਦੀ ਹੋਂਦ ਉੱਤੇ ਵਿਸ਼ਵਾਸ ਰੱਖਣ ਵਾਲ਼ਾ ਹੀ ਤਰਿਆ ਹੈ।

ਜਿਸਹਿ ਜਗਾਇ, ਪੀਆਵੈ ਇਹੁ ਰਸੁ ; ਅਕਥ ਕਥਾ, ਤਿਨਿ ਜਾਨੀ ॥੨॥     ਉਚਾਰਨ : ਜਿਸ੍ਹੈ, ਇਹ, ਅਕੱਥ, ਤਿਨ੍ਹ।

(ਪਰ) ਜਿਸ ਨੂੰ (ਕਰਤਾਰ ਆਪ, ਇਸ ਗਾਫ਼ਲਪਣ ਵਿੱਚੋਂ) ਜਗਾ ਕੇ ਇਹ ਨਾਮ-ਰਸ (ਜਾਂ ਵਿਸ਼ਵਾਸ-ਰਸ) ਪਿਲਾਉਂਦਾ ਹੈ, ਉਸ ਨੇ ਹੀ ਵਰਣਨ ਰਹਿਤ ਪਦ ਜਾਂ ਰੁਤਬੇ (ਦੀ ਅਹਿਮੀਅਤ) ਨੂੰ ਜਾਣਿਆ ਹੈ।

ਜਾ ਕਉ ਆਏ, ਸੋਈ ਬਿਹਾਝਹੁ ; ਹਰਿ, ਗੁਰ ਤੇ ਮਨਹਿ ਬਸੇਰਾ ॥        ਉਚਾਰਨ : ਮਨ੍ਹੈ ‘ਬਿੰਦੀ ਰਹਿਤ’।

(ਹੇ ‘‘ਇਕ ਦੂ ਇਕੁ ਸਿਆਣਾ ॥’’ ਲੋਕੋ !) ਜਿਸ ਵਣਜ-ਵਪਾਰ ਲਈ (ਜਗਤ ’ਚ) ਆਏ ਹੋ, ਉਹੀ ਖਰੀਦੋ (ਇਸ ਵਣਜ ਪ੍ਰਤਿ) ਮਨ ਵਿੱਚ ਲਗਾਅ ਹਰੀ ਤੇ ਗੁਰੂ ਦੀ (ਸੰਯੁਕਤ) ਕਿਰਪਾ ਨਾਲ਼ ਪੈਦਾ ਹੁੰਦਾ ਹੈ (ਇਸ ਉਪਰੰਤ)

ਨਿਜ ਘਰਿ ਮਹਲੁ ਪਾਵਹੁ, ਸੁਖ ਸਹਜੇ ; ਬਹੁਰਿ ਨ ਹੋਇਗੋ ਫੇਰਾ ॥੩॥

ਆਪਣੇ ਅਸਲ ਘਰ ਵਿੱਚੋਂ ਭਾਵ ਅੰਦਰੋਂ ਹੀ ਰੱਬੀ ਨਿਵਾਸ-ਸਥਾਨ ਸਹਿਜੇ ਹੀ ਲੱਭ ਲਵੋਗੇ, ਫਿਰ ਘੜੀ ਮੁੜੀ (ਵਾਰ ਵਾਰ) ਆਵਾਗਮਣ ਦਾ ਚੱਕ੍ਰ ਨਹੀਂ ਲੱਗੇਗਾ (ਤਾਂ ਤੇ ਬੇਨਤੀ ਕਰੋ ਕਿ)

ਅੰਤਰਜਾਮੀ  ! ਪੁਰਖ ਬਿਧਾਤੇ  ! ਸਰਧਾ ਮਨ ਕੀ ਪੂਰੇ ॥         ਉਚਾਰਨ : ਸ਼ਰਧਾ।

ਹੇ ਸਾਡੇ ਕਿਰਦਾਰ ਨੂੰ ਜਾਣਨਹਾਰੇ  ! ਹੇ ਮਨੁੱਖਾ ਜੂਨੀ ਨੂੰ ਸਿਰਜਣਹਾਰੇ  ! (ਤੇਰੇ ਦੁਆਰਾ ਬਖ਼ਸ਼ੀ ਜਾਗਰੂਕਤਾ ਉਪਰੰਤ) ਸਾਡੇ ਮਨ ਦੀ ਤਾਂਘ (ਗੁਰੂ ਦੀ ਰਾਹੀਂ) ਸਿਰੇ ਚਾੜ੍ਹ।

ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ, ਸੰਤਨ ਕੀ ਧੂਰੇ ॥੪॥੫॥       ਉਚਾਰਨ : ਮਾਂਗੈ।

ਨਾਨਕ (ਤੇਰਾ) ਦਾਸ ਇਹੀ ਅਨੰਦਮਈ ਦਾਤ ਮੰਗਦਾ ਹੈ ਕਿ ਮੈਨੂੰ ਸੱਚ ’ਤੇ ਪਹਿਰਾ ਦੇਣ ਵਾਲ਼ੇ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਣਾ ਦਿਓ (ਭਾਵ ਰੱਬੀ ਭਗਤਾਂ ਦਾ ਮਿਲਾਪ ਕਰਵਾਉਂਦੇ ਰਹੋ ਜੋ ਸੁਖਦਾਈ ਹੈ ਤੇ ਮਨ ’ਚ ਅਹੰਕਾਰ ਪੈਦਾ ਨਾ ਹੋਵੇ)।

(ਨੋਟ: ਉਕਤ ਸ਼ਬਦ ਜਿੱਥੇ ਸੋਹਿਲਾ ਬਾਣੀ ’ਚ ਦਰਜ ਅੰਤਲਾ ਤੇ ਪੰਨਾ 13 ਦਾ ਅਖੀਰਲਾ ਸ਼ਬਦ ਹੈ, ਉੱਥੇ ਇੱਕ ਦਿਨ ਦੀ ਸਮਾਪਤੀ ਉਪਰੰਤ ਗਾਉਣ ਦਾ ਪ੍ਰਤੀਕ ਵੀ ਹੈ। ਇਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 205 ’ਤੇ ‘ਗਉੜੀ ਰਾਗ’ ’ਚ ਦੁਬਾਰਾ ਦਰਜ ਹੈ, ਜਿਸ ਉਪਰੰਤ ‘‘ਰਾਖੁ ਪਿਤਾ ਪ੍ਰਭ  ! ਮੇਰੇ ॥ ਮੋਹਿ ਨਿਰਗੁਨੁ; ਸਭ ਗੁਨ ਤੇਰੇ ॥੧॥ ਰਹਾਉ ॥’’ (ਮ: ੫/੨੦੫) ਸ਼ਬਦ ਦਰਜ ਹੈ, ਜੋ ਬੇਨਤੀ ਭਾਵਨਾ ਨੂੰ ਦਰਸਾਉਂਦਾ ਹੈ ਭਾਵ ਦਿਨ ਦੀ ਆਰੰਭਤਾ ਤੇ ਸਮਾਪਤੀ ਬੇਨਤੀ ਭਾਵਨਾ ਨਾਲ਼ ਹੀ ਕਰਨੀ ਲਾਭਕਾਰੀ ਹੈ।)