ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ
ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ
ਕਾਜ਼ੀ ਆਖਿਆ, ‘ਜੋਗੀਆ ਕਰ ਤੌਬਾ, ਕੁਫ਼ਰ ਛੱਡ ਈਮਾਨ ਦੀ ਗੱਲ ਕਰ ਤੂੰ ।
ਤੈਨੂੰ ਬਹਿਸ਼ਤਾਂ ਵਿਚ ਵਾਸਾ ਮਿਲ ਜਾਣਾ, ਕੇਰਾਂ ਮੂੰਹ ਮਸੀਤ ਦੇ ਵੱਲ ਕਰ ਤੂੰ ।
ਕਾਹਤੋਂ ਲਿਖ ਲਿਖ ਕਾਲੇ ਕਰੇਂ ਕਾਗ਼ਜ਼, ਐਵੇਂ ਕਾਫ਼ਰਾਂ ਦੇ ਸੋਹਿਲੇ ਗਾਈ ਜਾਂਦਾ ।
ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ, ਕਿਉਂ ਤੂੰ ਦੋਜ਼ਖ਼ਾਂ ਵੱਲ ਨੂੰ ਜਾਈ ਜਾਂਦਾ ।’
‘ਕਾਜ਼ੀ ! ਕੁਫ਼ਰ ਕੀ ਏ ਅਤੇ ਈਮਾਨ ਕੀ ਏ, ਇਹਦਾ ਤੂੰ ਕੋਈ ਫ਼ਰਕ ਨਹੀਂ ਕਰ ਸਕਦਾ ।
ਸਾਗਰ ਵਹਿਦਤ ਦੇ ਉੱਭੀਆਂ ਮੈਂ ਲਾਵਾਂ, ਤੇਰੇ ਜਿਹਾ ਅਣਜਾਣ ਨਹੀਂ ਤਰ ਸਕਦਾ ।
ਪੱਲਾ ਸੱਚ ਦਾ ਫੜਿਆ ਮੈਂ ਸੱਚ ਲਿਖਿਆ, ਤੇਰੇ ਵਰਗਿਆਂ ਨੂੰ ਕੁਫ਼ਰ ਲੱਗਦਾ ਏ ।
ਮੇਰੇ ਅੰਦਰ ਗੁਰੂ ਦੇ ਨਾਂ ਵਾਲਾ, ਸਾਗਰ ਵੇਖ ਕਿੰਨਾਂ ਸੁਹਣਾ ਵਗਦਾ ਏ ।
ਮੈਂ ਜਦੋਂ ਵੀ ਵਿੱਚ ਧਿਆਨ ਤੱਕਾਂ, ਅੰਗ ਸੰਗ ਹੀ ਜਾਪਣ ਹਮੇਸ਼ ਸਤਿਗੁਰ ।
ਅੱਡ ਬਾਹਾਂ ਗਲਵੱਕੜੀ ਪਾਣ ਲਈ, ਮੈਨੂੰ ਉਡੀਕਦੇ ਪਏ ਦਸਮੇਸ਼ ਸਤਿਗੁਰ ।’