ਜਾਗੋ

0
587

ਜਾਗੋ

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫਤਿਹਾਬਾਦ)- 94662-66708, 97287-43287

ਸਿੱਖਾ ਜਾਗ ਬਈ ਉ, ਹੁਣ ‘ਜਾਗੋ’ ਆਈ ਐ…………………………….।

ਕਿਉਂ ਸਿੱਖੀ ਮਨੋ ਭੁਲਾਈ ਐ, ਬਈ ਹੁਣ ਜਾਗੋ ਆਈ ਐ…………………..।

ਸਿੱਖ ਕੌਮ ਬਿਪਤਾ ਨੇ ਘੇਰੀ, ਹਾਲੇ ਵੀ ਨੀਂਦ ਖੁਲ੍ਹੀ ਨਾ ਤੇਰੀ।

ਕਿਉਂ ਸੁਤੈਂ ਲੈ ਰਜ਼ਾਈ ਐ, ਬਈ ਹੁਣ ਜਾਗੋ ਆਈ ਐ………………………।

ਬਾਹਰੋਂ-ਅੰਦਰੋਂ ਖੱਤਰਾ ਸਿੱਖੀ ਨੂੰ, ਵਾਲੋਂ ਨਿੱਕੀ ਖੰਡਿਉਂ ਤਿੱਖੀ ਨੂੰ।

ਕਾਲੀ ਬੋਲੀ ਨ੍ਹੇਰੀ ਛਾਈ ਐ, ਬਈ ਹੁਣ ਜਾਗੋ ਆਈ ਐ……………………।

ਗੁਰੂ ਗ੍ਰੰਥ ਦੀ ਕੀਤੀ ਬੇ-ਅਦਬੀ, ਸਰਕਾਰ ਵੀ ਹੱਲ ਨਾ ਕੋਈ ਲੱਭਦੀ।

ਕਿਸ ਨੇ ਇਹ ਸਾਜਿਸ਼ ਰਚਾਈ ਐ, ਬਈ ਹੁਣ ਜਾਗੋ ਆਈ ਐ……………….।

ਬਰਗਾੜੀ ਕਾਂਡ ਦੇ ਦੋਸ਼ੀ ਫੜੇ ਨਾ, ਬਾਕੀ ਮਸਲੇ ਵੀ ਹੱਲ ਕਰੇ ਨਾ।

ਦੋਖੀਆਂ ਦੀ ਹਿੰਮਤ ਵਧਾਈ ਐ, ਬਈ ਹੁਣ ਜਾਗੋ ਆਈ ਐ…………………।

ਸਿੱਖੀ ਸਰੂਪ ਅਤੇ ਆਨ ’ਤੇ ਹਮਲੇ, ਸਤਿਗੁਰਾਂ ਦੀ ਸ਼ਾਨ ’ਤੇ ਹਮਲੇ।

ਫੇਸ-ਬੁੱਕ ਰਾਹੀਂ ਵੀ ਅੱਗ ਲਗਾਈ ਐ, ਬਈ ਹੁਣ ਜਾਗੋ ਆਈ ਐ………….।

ਵੱਡੀ ਬਿੱਪਤਾ ਪਤਿਤ ਪੁਣੇ ਦੀ, ਉਸ ਤੋਂ ਵੀ ਵੱਡੀ ਸਾਧ ਲਾਣੇ ਦੀ।

ਜੋ ਚਿੱਟੀ ਸਿਉਂਕ ਬਣ ਛਾਈ ਐ, ਬਈ ਹੁਣ ਜਾਗੋ ਆਈ ਐ………………..।

ਚਿੱਟੀ ਸਿਉਂਕ ਨੇ ਹਮਲਾ ਕੀਤਾ, ਸਿੱਖੀ ਸਿਧਾਂਤ ਜਿਨ੍ਹੇਂ ਚੱਟ ਕਰ ਲੀਤਾ।

ਇਨ੍ਹਾਂ ਦੁੱਧ ਵਿਚ ਕਾਂਜੀ ਪਾਈ ਐ, ਬਈ ਹੁਣ ਜਾਗੋ ਆਈ ਐ……………….।

ਨਸ਼ਿਆਂ ਕੌਮ ਨੂੰ ਘੇਰਾ ਪਾਇਆ, ਗੌਰਮਿੰਟ ਘਰ-ਘਰ ਪਹੁੰਚਾਇਆ।

ਸਮੈਕ ਭੁੱਕੀ ਦੀ ‘ਹੋਮ-ਸਪਲਾਈ’ ਐ, ਬਈ ਹੁਣ ਜਾਗੋ ਆਈ ਐ…………….।

ਨੌਂਜਵਾਨ ਸਾਰੇ ਪਤਿਤ ਹੋਈ ਜਾਂਦੇ, ਬੁਢੇ ਵੀ ਸਿੱਖੀ ਤੋਂ ਦੂਰ ਹੋਈ ਜਾਂਦੇ।

ਬਚਿਆਂ ’ਤੇ ਹੀ ਆਸ ਲਗਾਈ ਐ, ਬਈ ਹੁਣ ਜਾਗੋ ਆਈ ਐ……………….।

ਕੌਮ ਦੇ ਆਗੂ ਗੱਦਾਰ ਨੇ ਬਹੁਤੇ, ਬਿਨਾਂ ਪਾਣੀ ਤੋਂ ਬੇੜੇ ਡਬੋਤੇ।

ਅਸੀਂ ਕੌਮ ਦੀ ਵਾਗ ਫੜਾਈ ਐ, ਬਈ ਹੁਣ ਜਾਗੋ ਆਈ ਐ………………..।

ਮਨੀ ਸਿੰਘ ਨੂੰ ਯਾਦ ਤੂੰ ਕਰ ਲੈ, ਤਾਰੂ ਸਿੰਘ ਦਾ ਧਿਆਨ ਤੂੰ ਧਰ ਲੈ।

ਬੰਦ-ਬੰਦ ਕਟਵਾਏ ਤੇ ਖੋਪਰੀ ਲੁਹਾਈ ਐ, ਬਈ ਹੁਣ ਜਾਗੋ ਆਈ ਐ……….।

ਗੀਤ ਸਿੱਖੀ ਦੇ ਜਾਗੋ ਗਾਵੇ, ਸੁਤਿਆਂ ਨੂੰ ਵਾਜਾਂ ਮਾਰ ਜਗਾਵੇ।

ਗੁਰਮਤਿ ਪ੍ਰਚਾਰਕਾਂ ਸਿਰ ’ਤੇ ਉਠਾਈ ਐ, ਬਈ ਹੁਣ ਜਾਗੋ ਆਈ ਐ………..।

ਸ਼ਰਣ ਪਏ ਨੂੰ ਸਤਿਗੁਰ ਤਾਰੇ, ਹਲਤ-ਪਲਤ ਸਦਾ ਹੋਏ ਰਖਵਾਰੇ।

ਜਿਸ ਸਤਿਗੁਰਾਂ ਦੀ ਓਟ ਟਿਕਾਈ ਐ, ਬਈ ਹੁਣ ਜਾਗੋ ਆਈ ਐ……………।

ਜੀਵਨ ਸਿੱਖ ਲੈ ਰਹਿਤ ’ਚ ਰਹਿਣਾ, ਗੁਰਬਾਣੀ ਦਾ ਮੰਨ ਕੇ ਕਹਿਣਾ।

ਜੋ ‘ਧੁਰ ਕੀ ਬਾਣੀ’ ਆਈ ਐ, ਬਈ ਹੁਣ ਜਾਗੋ ਆਈ ਐ…………………..।

ਵਹਿਮ ਭਰਮ ਤੂੰ ਛੱਡ ਦੇ ਸਾਰੇ,‘ਸਿੰਘ ਸੁਰਿੰਦਰ’ ਅਰਜ਼ ਗੁਜ਼ਾਰੇ।

ਕਿਉਂ ਤੈਨੂੰ ਸਮਝ ਨਾ ਆਈ ਐ, ਬਈ ਹੁਣ ਜਾਗੋ ਆਈ ਐ…………………।