ਤੇ ਹੁਣ ਕਰੀਏ ਇਨ੍ਹਾਂ ਨੂੰ ਵੀ ਅਗਨ ਭੇਟ
ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719
ਹਰ ਸਾਲ ਅਸੀਂ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ (ਰਾਵਣ ਦਾ ਭਰਾ) ਅਤੇ ਮੇਘ ਨਾਥ (ਰਾਵਣ ਦਾ ਪੁੱਤ) ਦੇ ਪੁਤਲੇ ਸਾੜਦੇ ਹਾਂ ਅਤੇ ਇਸ ਨੂੰ ਬਦੀ ਉੱਪਰ ਨੇਕੀ ਦੀ ਜਿੱਤ ਐਲਾਨਦੇ ਹਾਂ, ਪਰ ਜੇਕਰ ਅਸੀਂ ਆਪਣੇ ਸਮਾਜਕ ਵਰਤਾਰਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਨ੍ਹਾਂ ਵਿੱਚ ਅਜੇ ਵੀ ਬਦੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਹੈ। ਕਹਿਣ ਨੂੰ ਤਾਂ ਅਸੀਂ ਇੱਕਵੀਂ ਸਦੀ ਵਿਚ ਵਿਚਰ ਰਹੇ ਹਾਂ ਪਰ ਮਾਨਸਿਕ ਪੱਖੋਂ ਅੱਜੇ ਵੀ ਡਾਵਾਂਡੋਲ ਹੀ ਹੋਏ ਫਿਰਦੇ ਹਾਂ। ਦੁਸਹਿਰੇ ਵਾਲੇ ਦਿਨ ਰਾਵਣ ਦੀ ਬੁਰਾਈ ਤਾਂ ਚਿੱਤਵ ਲੈਂਦੇ ਹਾਂ ਪਰ ਜਿਹੜੀਆਂ ਬੁਰਾਈਆਂ/ਬਦੀਆਂ ਅਸੀਂ ਸੁੱਤੇ-ਸਿੱਧ ਹੀ ਕਰ ਜਾਂਦੇ ਹਾਂ ਉਨ੍ਹਾਂ ਵੱਲੋਂ (ਜਾਣ-ਬੁੱਝ) ਬੇਧਿਆਨੇ ਹੋਏ ਰਹਿੰਦੇ ਹਾਂ। ਇੱਥੇ ਇੱਕ ਵਿਡੰਬਨਾ ਇਹ ਵੀ ਹੈ ਕਿ ਅਸੀਂ ਆਪਣੀ ਬੁਰਾਈ ਨੂੰ ਚੰਗਿਆਈ ਦੀ ਚਾਸ਼ਣੀ ਵਿਚ ਭਿਉਂ ਕੇ ਇਸ ਤਰ੍ਹਾਂ ਪੇਸ਼ ਕਰਦੇ/ਦਿਖਾਉਂਦੇ ਹਾਂ ਕਿ ਓਪਰੀ ਨਜ਼ਰੇ ਦੇਖਿਆਂ ਕਿਸੇ ਨੂੰ ਉਹ ਬੁਰਾਈ ਨਜ਼ਰ ਹੀ ਨਹੀਂ ਆਉਂਦੀ।
ਸਿਧਾਂਤਕ ਅਤੇ ਵਿਹਾਰਕ ਪੱਖੋਂ ਸਾਡਾ ਜੀਵਨ ਵਡੇਰੀਆਂ ਵਿੱਥਾਂ ਦਾ ਸ਼ਿਕਾਰ ਹੋਈ ਜਾ ਰਿਹਾ ਹੈ। ਸਾਡੇ ਵਿਚੋਂ ਬਹੁਤਿਆਂ ਦੀ ਹਯਾਤੀ ਦਾ ਅਮਲੀ ਪੱਖ ‘ਹਾਥੀ ਦੇ ਦੰਦਾਂ’ ਵਰਗਾ ਹੋਇਆ ਪਿਆ ਹੈ। ਅਸੀਂ ਜੋ ਕਹਿੰਦੇ ਹਾਂ ਕਰਦੇ ਨਹੀਂ ਅਤੇ ਜੋ ਕਰਦੇ ਹਾਂ ਉਹ ਛੇਤੀ ਕੀਤਿਆਂ ਕਿਸੇ ਨੂੰ ਦੱਸਦੇ ਨਹੀਂ। ਸੱਚੇ ਅਤੇ ਸੁੱਚੇ ਜੀਵਨ ਦੀ ਹਾਮੀ ਸਾਡੇ ਗੁਰੂਆਂ-ਪੀਰਾਂ ਨੇ ਖੁੱਲ੍ਹ ਕੇ ਭਰੀ ਹੈ, ਪਰ ਸਾਡੇ ਵੱਲੋਂ ਅਜੇ ਵੀ ਇਸ ਜੀਵਨ ਦੀ ਪੂਰਨ ਹਮਾਇਤ ਨਹੀਂ ਕੀਤੀ ਜਾ ਰਹੀ। ਆਪਣੇ ਨਿੱਜੀ ਅਤੇ ਪਰਿਵਾਰਕ ਹਿੱਤਾਂ ਨੂੰ ਪਿਆਰਦਿਆਂ ਅਸੀਂ ਅਕਸਰ ਹੀ ਝੂਠ ਅਤੇ ਜੂਠ ਦਾ ਸਹਾਰਾ ਲੈ ਲੈਂਦੇ ਹਾਂ ਅਤੇ ਮਹਾਂ ਪੁਰਖਾਂ ਦੇ ਬਚਨਾਂ ਤੋਂ ਬੇਮੁੱਖ ਹੋ ਜਾਂਦੇ ਹਾਂ।
ਸਾਡੇ ਰਹਿਬਰਾਂ ਨੇ ਹਉਮੈ (ਹੰਕਾਰ) ਨੂੰ ਦੀਰਘ ਰੋਗ ਕਹਿ ਕੇ ਇਸ ਤੋਂ ਬਚਣ ਲਈ ਉਪਦੇਸ਼ਿਆ ਹੈ ਪਰ ਅਸੀਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਸਿਰਫ ਸੁਣਨ-ਸੁਣਾਉਣ ਤੱਕ ਹੀ ਸੀਮਤ ਕਰ ਛੱਡਦੇ ਹਾਂ ਅਤੇ ਹਉਮੈ ਭਰਪੂਰ ਗਤੀ-ਵਿਧੀਆਂ ਦਾ ਪ੍ਰਗਟਾਵਾ ਕਰਕੇ ਅਥਾਹ ਮਾਣ ਮਹਿਸੂਸ ਕਰਦੇ ਹਾਂ। ਕਈ ਮਾਮਲਿਆਂ ਵਿਚ ਸਾਡੀ ਹਉਮੈ/ਹੰਕਾਰ ਦਾ ਕੱਦ ਰਾਵਣ ਦੇ ਹੰਕਾਰ ਤੋਂ ਕਿਤੇ ਵੱਡਾ ਨਿਕਲ ਜਾਂਦਾ ਹੈ ਅਤੇ ਸਾਡੀਆਂ ਬਦੀਆਂ ਉਸ ਤੋਂ ਵੀ ਕਈ ਗੁਣਾਂ ਭਾਰੀਆਂ ਸਾਬਤ ਹੁੰਦੀਆਂ ਹਨ।
ਕਿਸੇ ਦੇ ਦੁੱਖ ਨੂੰ ਵੰਡਾਉਣ ਜਾਂ ਘਟਾਉਣ ਦੀ ਭਾਵਨਾ ਸਾਡੇ ਵਿੱਚੋਂ ਕਾਫੀ ਹੱਦ ਤੱਕ ਮਨਫ਼ੀ ਹੋ ਚੁੱਕੀ ਹੈ। ਦੁੱਖ ਨੂੰ ਵੰਡਾਉਣਾ ਤਾਂ ਇੱਕ ਪਾਸੇ ਰਿਹਾ ਅਸੀਂ ਤਾਂ ਕਈ ਵਾਰ ਦੂਜਿਆਂ ਦੇ ਦੁੱਖ ਵਿਚ ਵੀ ਸੁੱਖ ਮਹਿਸੂਸਣ ਲੱਗ ਪੈਂਦੇ ਹਾਂ।
ਰਾਵਣ ਦੇ ਪੁਤਲਿਆਂ ਨੂੰ ਸਾੜਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਸਾਡੇ ਆਪਣੇ ਕਿਰਦਾਰਾਂ ਵਿਚ ਕਿਧਰੇ ਕੋਈ ਛੇਕ ਤਾਂ ਨਹੀਂ, ਜੇਕਰ ਹੈ ਤਾਂ ਫਿਰ ਸਾਡੀ ਸਾਂਝ ਛਾਣਨੀ ਨਾਲ ਜੁੜਦੀ ਹੈ, ਛੱਜ ਨਾਲ ਨਹੀਂ। ਛਾਣਨੀ ਵਰਗਾ ਕਿਰਦਾਰ ਲੈ ਕਿ ਅਸੀਂ ਛੱਜ ਵਰਗੀ ਆਵਾਜ਼ ਕੱਢਣ ਦਾ ਹੱਕ ਨਹੀਂ ਰੱਖਦੇ।
ਦੁਸਹਿਰੇ ਵਾਲੇ ਦਿਨ ਰਾਵਣ ਅਤੇ ਉਸ ਦੇ ਸਹਿਯੋਗੀਆਂ ਦੇ ਵੱਡੇ-ਵੱਡੇ ਪੁਤਲਿਆਂ ਨੂੰ ਸਾੜ ਕੇ ਬਦੀ ਉੱਪਰ ਨੇਕੀ ਨੂੰ ਭਾਰੂ ਹੁੰਦੀ ਤਾਂ ਦਿਖਾ ਦਿੰਦੇ ਹਾਂ ਪਰ ਆਪਣੇ ਅੰਦਰਲੇ ਰਾਵਣਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਿ) ਨੂੰ ਅਗਨ-ਭੇਟ ਨਹੀਂ ਹੋਣ ਦਿੰਦੇ ਕਿਉਂਕਿ ਇਨ੍ਹਾਂ ਨੂੰ ਅਸੀਂ ਮੁੱਢ ਤੋਂ ਹੀ ਆਪਣੇ ਹਿੱਤਕਾਰੀ ਮੰਨਦੇ ਆ ਰਹੇ ਹਾਂ ਅਤੇ ਆਪਣੇ ਸੁਆਰਥਾਂ ਦੀ ਸਿੱਧੀ ਤੱਕ ਮੰਨਦੇ ਰਹਾਂਗੇ।
ਰਾਵਣ ਦੇ ਪੁਤਲਿਆਂ ਨੂੰ ਸਾੜਨ ਵਾਲੇ ਭਾਈਚਾਰੇ ਵਿੱਚੋਂ ਕਈਆਂ ਦੀਆਂ ਆਪਣੀਆਂ ਬਦੀਆਂ ਦੇ ਬੋਹਲ ਵੀ ਕਾਫੀ ਉੱਚੇ ਹੁੰਦੇ ਹਨ ਪਰ ਅੱਗ ਦੇਣ ਵਿਚ ਉਹ ਆਪਣਾ ਮੋਹਰੀ ਰੋਲ ਅਦਾ ਕਰ ਰਹੇ ਹੁੰਦੇ ਹਨ।
ਸਦੀਆਂ ਤੋਂ ਚੱਲਦੀ ਆ ਰਹੀ ਇਸ ਰਿਵਾਇਤ ਨੂੰ ਮੋਢਾ ਦੇਈ ਰੱਖਣ ਨਾਲੋਂ ਸਾਨੂੰ ਆਪਣੇ ਕਾਰ-ਵਿਹਾਰ ਨੂੰ ਤਰਕ ਸੰਗਤ ਬਣਾਉਣਾ ਚਾਹੀਦਾ ਹੈ ਅਤੇ ਲੋਕ ਦਿਖਾਵੇ ਦੀ ਸਾੜ-ਫੂਕ ਨਾਲੋਂ ਸਾਨੂੰ ਆਪਣੇ ਸਮਾਜ ਵਿਚਲੀਆਂ ਬੁਰਾਈਆਂ/ਬਦੀਆਂ ਜਿਵੇਂ ਭਿ੍ਰਸ਼ਟਾਚਾਰ, ਭਰੂਣ-ਹੱਤਿਆ, ਗ਼ਰੀਬੀ, ਅਨਪੜ੍ਹਤਾ, ਰਿਸ਼ਵਤਖ਼ੋਰੀ ਅਤੇ ਬਲਾਤਕਾਰ ਆਦਿ ਨੂੰ ਸਾੜਨ/ਖ਼ਤਮ ਕਰਨ ਲਈ ਤੀਲੀ ਤਿਆਰ ਰੱਖਣੀ ਚਾਹੀਦੀ ਹੈ ਤਾਂ ਜੋ ਸਹੀ ਅਰਥਾਂ ਵਿਚ ਅਸੀਂ ਇਨ੍ਹਾਂ ਰਾਵਣ ਰੂਪੀ ਵਿਕਰਾਲ ਬਿਮਾਰੀਆਂ ਉਰਫ਼ ਬੁਰਾਈਆਂ ਤੋਂ ਦੇਸ਼ ਦੇ ਆਮ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰ ਸਕੀਏ ਅਤੇ ਦੁਸਹਿਰੇ ਦਾ ਅਸਲੀ ਆਨੰਦ ਲੈ ਸਕੀਏ।
—–੦—-